ਗੁਰੂ ਘਰਾਂ ਵਿਚ ਚੱਲਦਾ ਡਾਂਗ-ਸੋਟਾ

ਰਵਿੰਦਰ ਸਿੰਘ ਸੋਢੀ
ਪਟਿਆਲਾ ਸ਼ਹਿਰ ਦੀਆਂ ਕਈ ਯਾਦਾਂ ਅਜੇ ਵੀ ਜ਼ਹਿਨ ਵਿਚ ਘੁੰਮਦੀਆਂ ਰਹਿੰਦੀਆਂ ਹਨ। ਇਕ ਸਿਧਰਾ ਜਿਹਾ ਮੁੰਡਾ ਤੁਤਲਾ ਕੇ ਬੋਲਦਾ ਸੀ। ਉਹ ਹਮੇਸ਼ਾ ਆਪਣੀ ਪੱਗ ਕੱਛ ਵਿਚ ਮਾਰੀ ਰੱਖਦਾ। ਉਸ ਦੇ ਹਮ-ਉਮਰ ਉਸ ਨੂੰ ਬਹੁਤ ਛੇੜਦੇ। ਬਿਨਾ ਪੱਗ ਵਾਲਿਆਂ ਨੂੰ ਤਾਂ ਉਹ ਪਟਿਆਂ ਤੋਂ ਫੜ ਲੈਂਦਾ ਅਤੇ ਪੱਗ ਵਾਲਿਆਂ ਨੂੰ ਅੱਖਾਂ ਕੱਢਦਾ ਹੋਇਆ ਆਪਣੀ ਤੋਤਲੀ ਜੁਬਾਨ ਵਿਚ ਕਹਿੰਦਾ, “ਦੇਥ ਮੇਲੀ ਪਦ ਤਾਂ ਲਈ ਹੋਈ ਆ, ਤੇਲੀ ਲਾ ਦੂ” (ਦੇਖ ਮੇਰੀ ਪੱਗ ਤਾਂ ਲਹੀ ਹੋਈ ਹੈ ਤੇਰੀ ਲਾਹ ਦਿਆਂਗਾ)।

ਇਹੀ ਹਾਲ ਵਿਦੇਸ਼ਾਂ ਵਿਚਲੇ ਕਈ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਹੈ। ਪ੍ਰਧਾਨਗੀਆਂ, ਸਕੱਤਰੀਆਂ, ਖਜਾਨਚੀ ਜਿਹੀਆਂ ਅਹੁਦੇਦਾਰੀਆਂ ਦੇ ਭੁੱਖੇ ਉਸ ਤੁਤਲੇ ਵਰਗੇ ਹੀ ਹਨ, ਜਿਨ੍ਹਾਂ ਨੇ ਆਪਣੀ ਪੱਗ ਤਾਂ ਕੱਛ ‘ਚ ਮਾਰੀ ਹੁੰਦੀ ਹੈ, ਪਰ ਉਹ ਦੂਜਿਆਂ ਦੀ ਇੱਜਤ ਨੂੰ ਹੱਥ ਪਾਉਣ ਤੋਂ ਗੁਰੇਜ ਨਹੀਂ ਕਰਦੇ।
ਧਾਰਮਿਕ ਸਥਾਨ ਕਿਸੇ ਵੀ ਧਰਮ ਵਾਲਿਆਂ ਦਾ ਹੋਵੇ, ਉਸ ਧਰਮ ਦੇ ਮੰਨਣ ਵਾਲਿਆਂ ਲਈ ਰੱਬ ਦਾ ਘਰ ਹੁੰਦਾ ਹੈ। ਉਹ ਉਥੇ ਇਬਾਦਤ ਲਈ ਜਾਣ, ਭਾਵੇਂ ਦਿਖਾਵੇ ਦੇ ਤੌਰ ‘ਤੇ, ਉਸ ਥਾਂ ਹੁੰਦੇ ਕਰਮ-ਕਾਂਡਾਂ ਵਿਚ ਉਨ੍ਹਾਂ ਦਾ ਵਿਸ਼ਵਾਸ ਹੋਵੇ ਜਾਂ ਦੂਜਿਆਂ ਦੀ ਦੇਖਾ-ਦੇਖੀ ਹੀ ਕਰ ਰਹੇ ਹੋਣ, ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ; ਪਰ ਕੁਝ ਘੜੰਮ ਚੌਧਰੀ ਅਜਿਹੇ ਮਾਮਲਿਆਂ ਵਿਚ ਵੀ ਦਖਲ-ਅੰਦਾਜ਼ੀ ਕਰਨ ਤੋਂ ਨਹੀਂ ਟਲਦੇ। ਪਹਿਲਾਂ ਤਾਂ ਉਹ ਆਪਣੀਆਂ ਲੂੰਬੜ ਚਾਲਾਂ ਨਾਲ ਧਾਰਮਿਕ ਸਥਾਨ ਦੀ ਪ੍ਰਬੰਧਕੀ ਕਮੇਟੀ ਵਿਚ ਕੋਈ ਵੱਡਾ ਅਹੁਦਾ ਲੈਣ ਲਈ ਗੋਂਦਾ ਗੁੰਦਦੇ ਹਨ। ਜੇ ਸਫਲ ਹੋ ਗਏ ਤਾਂ ‘ਮੁਕੱਦਰ ਦੇ ਸਿਕੰਦਰ’, ਪਰ ਜੇ ਦਾਅ ਨਾ ਲੱਗੇ ਤਾਂ ਮੈਂਬਰੀ ਵੀ ਕਬੂਲ ਕਰਦੇ ਹਨ। ਹੌਲੀ ਹੌਲੀ ਅੱਗੇ ਵਧਦੇ ਹੋਏ ਧਾਰਮਿਕ ਸਥਾਨ ਦੇ ਕਰਤਾ-ਧਰਤਾ ਬਣ ਜਾਂਦੇ ਹਨ। ਇਸ ਪਿਛੋਂ ਸ਼ੁਰੂ ਹੁੰਦਾ ਹੈ, ਉਨ੍ਹਾਂ ਦਾ ਨਾਦਰਸ਼ਾਹੀ ਹੁਕਮ ਚਲਾਉਣ ਦਾ ਕੰਮ। ਉਹ ਆਪਣੇ ਹੀ ਨਵੇਂ ਨਿਯਮ ਘੜਦੇ ਹਨ। ਆਪਣੇ ਵਰਗੇ ਦੋ-ਚਾਰ ਨੂੰ ਆਪਣੇ ਨਾਲ ਰਲਾ ਕੇ ਧਾਂਦਲੀਆਂ ਦਾ ਕੰਮ ਸ਼ੁਰੂ ਹੁੰਦਾ ਹੈ।
ਇਹ ਲਿਖਣ ਵਿਚ ਸਾਨੂੰ ਕੋਈ ਦਿੱਕਤ ਨਹੀਂ ਕਿ ਦੂਜੇ ਧਰਮਾਂ ਦੇ ਮੁਕਾਬਲੇ ਸਿੱਖਾਂ ਦੇ ਗੁਰੂ ਘਰਾਂ ਵਿਚ ਚੜ੍ਹਾਵਾ ਵੱਧ ਚੜ੍ਹਦਾ ਹੈ (ਭਾਰਤ ਦੇ ਕੁਝ ਮੰਦਿਰਾਂ ਨੂੰ ਛੱਡ ਕੇ)। ਚੜ੍ਹਾਵੇ ਦੇ ਨਾਲ ਨਾਲ ਕੁਝ ਹੋਰ ਖਾਸੀਅਤ ਵੀ ਹਨ, ਮਸਲਨ ਲੰਗਰ ਵਿਚ ਕੋਈ ਵੀ ਆ ਕੇ ਪ੍ਰਸ਼ਾਦੇ ਛਕ ਸਕਦਾ ਹੈ, ਲੋੜ ਵੇਲੇ ਰਾਤ ਕੱਟਣ ਲਈ ਕਮਰਾ ਵੀ ਮਿਲ ਜਾਂਦਾ ਹੈ, ਪਰ ਨਾਲ ਇਹ ਵੀ ਹਕੀਕਤ ਹੈ ਕਿ ਅੰਦਰੋ ਗਤੀ ਪ੍ਰਬੰਧਕਾਂ ਦੀ ਆਪਸੀ ਖਿਚੋਤਾਣ ਅਤੇ ਵਿਰੋਧੀਆਂ ਨਾਲ ਠੰਡੀ ਜੰਗ ਵੀ ਚਲਦੀ ਰਹਿੰਦੀ ਹੈ। ਇਹ ਵਰਤਾਰਾ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਦੇਖਣ ਨੂੰ ਵੀ ਮਿਲਦਾ ਹੈ। ਕਈ ਵਾਰ ਬੋਲ-ਬੁਲਾਰੇ ਤੋਂ ਗੱਲ ਵਧਦੀ ਵਧਦੀ ਹੱਥੋ ਪਾਈ ‘ਤੇ ਪਹੁੰਚ ਜਾਂਦੀ ਹੈ ਅਤੇ ਕਿਰਪਾਨਾਂ ਵੀ ਚੱਲ ਪੈਂਦੀਆਂ ਹਨ।
ਪਿੱਛੇ ਜਿਹੇ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਕੁਝ ਹਥਿਆਰਬੰਦ ਕਾਰਕੁਨਾਂ ਨੇ ਪੱਤਰਕਾਰਾਂ ਅਤੇ ਵਿਰੋਧ ਜਤਾ ਰਹੀ ਸੰਗਤ ‘ਤੇ ਹਮਲਾ ਕਰ ਦਿੱਤਾ ਸੀ। ਅਕਾਲ ਤਖਤ ਦੇ ਬਾਹਰ ਵੀ ਵਿਰੋਧੀ ਧੜੇਬੰਦੀਆਂ ਦੀਆਂ ਤਲਵਾਰਾਂ ਨੇ ਵੀ ਕਈ ਵਾਰ ਲਿਸ਼ਕਾਰੇ ਮਾਰੇ ਹਨ। ਵਿਦੇਸ਼ਾਂ ਵਿਚ ਵੀ ਕਈ ਵਾਰ ਅਜਿਹੀਆਂ ਸ਼ਰਮਨਾਕ ਘਟਨਾਵਾਂ ਆਮ ਹੀ ਵਾਪਰ ਜਾਂਦੀਆਂ ਹਨ। ਇਹ ਸਾਰਾ ਕੁਝ ਚੌਧਰ ਦੇ ਲਾਲਚੀ, ਹਉਮੈ ਵਿਚ ਗ੍ਰਸਤ ਵਿਅਕਤੀਆਂ ਦੀ ਮਾਨਸਿਕਤਾ ਕਰਕੇ ਅਤੇ ਨਿਜੀ ਮੁਫਾਦ ਨੂੰ ਪਹਿਲ ਦੇਣ ਕਾਰਨ ਵਾਪਰਦਾ ਹੈ। ਅਜਿਹੇ ਇਨਸਾਨ ਇਹ ਨਹੀਂ ਸੋਚਦੇ ਕਿ ਗੁਰੂ ਘਰ ਰੱਬੀ ਬਾਣੀ ਦਾ ਸੁਨੇਹਾ ਦੇਣ ਵਾਲੇ ਅਤਿ ਪਵਿੱਤਰ ਸਥਾਨ ਹੁੰਦੇ ਹਨ; ਨਿਆਸਰੇ ਨੂੰ ਆਸਰਾ ਦੇਣ ਵਾਲੇ; ਲੋੜ ਸਮੇਂ ਢਿੱਡ ਦੀ ਭੁੱਖ ਸ਼ਾਂਤ ਕਰਨ ਵਾਲੇ; ਰਾਹੀਆਂ ਨੂੰ ਆਪਣੀ ਥਕਾਨ ਦੂਰ ਕਰਨ ਲਈ ਘਰ ਜਿਹਾ ਮਾਹੌਲ ਦੇਣ ਲਈ; ਸਮਾਜਕ ਇਕੱਠਾਂ ਲਈ (ਵਿਦੇਸ਼ਾਂ ਵਿਚ ਰਹਿਣ ਵਾਲੇ ਸਿੱਖ ਆਪਣੇ ਪਰਿਵਾਰਕ ਸਮਾਗਮ ਗੁਰਦੁਆਰਾ ਸਾਹਿਬ ਵਿਚ ਹੀ ਕਰਦੇ ਹਨ) ਹੁੰਦੇ ਹਨ; ਪਰ ਚੌਧਰ ਦੇ ਭੁੱਖਿਆਂ ਲਈ ਅਜਿਹੀਆਂ ਗੱਲਾਂ ਦਾ ਕੋਈ ਮਹੱਤਵ ਨਹੀਂ। ਉਹ ਤਾਂ ਮੌਕੇ ਦੀ ਤਲਾਸ਼ ਵਿਚ ਹੁੰਦੇ ਹਨ ਕਿ ਕੁਰਸੀ ‘ਤੇ ਬੈਠਿਆਂ ਨੂੰ ਕਿਵੇਂ ਠਿੱਬੀ ਲਾਈ ਜਾਵੇ ਤੇ ਆਪ ਕੁਰਸੀ ਨੂੰ ਹੜੱਪ ਕੀਤਾ ਜਾਵੇ। ਵਿਰੋਧੀਆਂ ਵਲੋਂ ਸਭ ਤੋਂ ਵੱਡਾ ਦੋਸ਼ ਪੈਸੇ-ਧੇਲੇ ਦੀ ਹੇਰਾ-ਫੇਰੀ ਦਾ ਹੁੰਦਾ ਹੈ (ਝੂਠਾ ਭਾਵੇਂ ਸੱਚਾ)। ਪ੍ਰਬੰਧਕਾਂ ਵੱਲੋਂ ਅਜਿਹੇ ਦੋਸ਼ਾਂ ਨੂੰ ਹਮੇਸ਼ਾ ਹੀ ਮਨਘੜਤ ਦੱਸਿਆ ਜਾਂਦਾ ਹੈ (ਭਾਵੇਂ ਸੱਚੇ ਹੀ ਹੋਣ)।
ਆਮ ਤੌਰ ‘ਤੇ ਪ੍ਰਬੰਧਕ ਬਣੇ ਸੱਜਣ ਇਹ ਕਹਿੰਦੇ ਹਨ ਕਿ ਉਨ੍ਹਾਂ ਨੇ ਤਾਂ ਗੁਰੂ ਘਰ ਦੀ ਸੇਵਾ ਕਰਨ ਲਈ ਇਹ ਜ਼ਿੰਮੇਵਾਰੀ ਲਈ ਹੈ, ਪਰ ਕੁਝ ਦੋਖੀਆਂ ਨੂੰ ਹਜਮ ਨਹੀਂ ਹੋ ਰਿਹਾ। ਅਜਿਹੇ ਮਹਾ-ਪੁਰਸ਼ਾਂ ਤੋਂ ਇਕ ਗੱਲ ਪੁੱਛੀ ਜਾ ਸਕਦੀ ਹੈ ਕਿ ਗੁਰੂ ਘਰ ਦੀ ਸੇਵਾ ਲਈ ਕੀ ਪ੍ਰਧਾਨ, ਸਕੱਤਰ ਜਾਂ ਖਜਾਨਚੀ ਬਣਨਾ ਹੀ ਜ਼ਰੂਰੀ ਹੈ? ਕੀ ਗੁਰੂ ਘਰ ਆ ਕੇ ਸਾਫ-ਸਫਾਈ ਕਰਨੀ, ਲੰਗਰ ਵਿਚ ਲੰਗਰ ਵਰਤਾਉਣਾ ਜਾਂ ਬਰਤਨ ਸਾਫ ਕਰਨਾ ਜਾਂ ਹੋਰ ਕੋਈ ਅਜਿਹਾ ਕੰਮ ਕਰਨਾ ਸੇਵਾ ਨਹੀਂ? ਅਜਿਹੇ ਸਵਾਲਾਂ ‘ਤੇ ਉਹ ਅੱਗ-ਬਬੂਲਾ ਹੋ ਜਾਣਗੇ।
ਜਦੋਂ ਸੰਗਤਾਂ ਦੇ ਜ਼ੋਰ ਦੇਣ ‘ਤੇ ਜਾਂ ਵਿਰੋਧੀਆਂ ਦੇ ਜ਼ਿਆਦਾ ਰੌਲੇ ਕਾਰਨ ਪ੍ਰਬੰਧਕੀ ਕਮੇਟੀ ਦੀ ਇਕੱਤਰਤਾ ਕਰਨੀ ਪਵੇ ਤਾਂ ਦੋਵੇਂ ਧਿਰਾਂ ਪੂਰੀਆਂ ਲੈਸ ਹੋ ਕੇ ਆਉਂਦੀਆਂ ਹਨ, ਜਿਵੇਂ ਲਾਮ ਲਈ ਜਾ ਰਹੀਆਂ ਹੋਣ। ਮੀਟਿੰਗ ਦੌਰਾਨ ਹੀ ਅਸਭਿਅਕ ਭਾਸ਼ਾ ਦੀ ਵਰਤੋਂ ਤੋਂ ਗੱਲ ਵਧਦੀ ਹੋਈ ਹੱਥੋ ਪਾਈ ‘ਤੇ ਪਹੁੰਚ ਜਾਂਦੀ ਹੈ ਅਤੇ ਬੇਸ-ਬਾਲ ਦੇ ਬੈਟ, ਹਾਕੀਆਂ ਜਾਂ ਹੋਰ ਅਜਿਹਾ ਕੁਝ ਕਦੋਂ ਨਿੱਕਲ ਆਵੇ, ਪਤਾ ਨਹੀਂ ਲੱਗਦਾ। ਸਿੱਖਾਂ ਦੇ ਸਿਰਾਂ ਦੀ ਸ਼ਾਨ ਪੱਗਾਂ ਇਕ ਦੂਜੇ ਦੇ ਪੈਰਾਂ ‘ਚ ਰੁਲਦੀਆਂ ਹਨ। ਧੰਨ ਹੈ, ਇਹੋ ਜਿਹੀ ਸੇਵਾ! ਖਬਰ ਮਿਲਦਿਆਂ ਹੀ ਪੁਲਿਸ ਵੀ ਪਹੁੰਚ ਜਾਂਦੀ ਹੈ।
ਪਿਛਲੇ ਦਿਨੀਂ ਸਿਅਟਲ (ਵਾਸ਼ਿੰਗਟਨ) ਦੇ ਇਕ ਗੁਰੂ ਘਰ ਵਿਚ ਜੋ ਵਾਪਰਿਆ, ਉਹ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਦੋ ਧਿਰਾਂ ਦੀ ਟੱਕਰ ਹੋਈ। ਅਮਰੀਕਾ ਦੇ ਹੋਰਨਾਂ ਗੁਰੂ ਘਰਾਂ ਸਮੇਤ ਇੰਗਲੈਂਡ ਦੇ ਗੁਰੂ ਘਰਾਂ ਵਿਚ ਵੀ ਅਜਿਹੇ ਝਗੜੇ ਹੁੰਦੇ ਹੀ ਰਹਿੰਦੇ ਹਨ। ਕੈਨੇਡਾ ਦੇ ਐਬਟਸਫੋਰਡ ਸ਼ਹਿਰ ਦੇ ਇਕ ਗੁਰਦੁਆਰੇ ਵਿਚ ਹੋਏ ਝਗੜੇ ਦੀ ਵੀ ਚਰਚਾ ਕਾਫੀ ਹੋਈ। ਇੰਗਲੈਂਡ ਵਿਚ ਝਗੜੇ ਕਰਕੇ ਇਕ ਗੁਰਦੁਆਰਾ ਤਾਂ ਕਈ ਸਾਲ ਬੰਦ ਰਿਹਾ। ਕੈਨੇਡਾ ਦੇ ਇਕ ਅਖਬਾਰ ਦੀ ਖਬਰ ਅਨੁਸਾਰ ਬਹੁਤੇ ਗੁਰੂ ਘਰਾਂ ਦੀ ਆਮਦਨ ਦਾ ਅੱਧਾ ਹਿੱਸਾ ਵਕੀਲਾਂ ਦੀਆਂ ਜੇਬਾਂ ਵਿਚ ਚਲਾ ਜਾਂਦਾ ਹੈ। ਜੇ ਇਹ ਕਥਨ ਅੱਧ-ਪੱਧਰ ਵੀ ਸੱਚ ਹੋਵੇ ਤਾਂ ਵੀ ਵਿਚਾਰ ਕਰਨਯੋਗ ਹੈ। ਜੇ ਇਸ ਸਬੰਧੀ ਠੰਡੇ ਦਿਮਾਗ ਨਾਲ ਸੋਚਿਆ ਜਾਵੇ ਕਿ ਇਸ ਪੈਸੇ ਨੂੰ ਵਕੀਲਾਂ ਦੀ ਫੀਸ ਵਜੋਂ ਵਰਤਣ ਦੀ ਥਾਂ ਜੇ ਕੈਨੇਡਾ ਵਿਚ ਨਵੇਂ ਆਏ ਪੰਜਾਬੀ ਪਰਿਵਾਰਾਂ, ਵਿਦਿਆਰਥੀਆਂ ਲਈ ਜਾਂ ਹੋਰ ਲੋੜਵੰਦ ਵਿਅਕਤੀਆਂ ਜਾਂ ਸੰਸਥਾਵਾਂ ਲਈ ਵਰਤਿਆ ਜਾਵੇ ਤਾਂ ਇਸ ਨਾਲ ਸਿੱਖ ਧਰਮ ਦੀ ਸ਼ੋਭਾ ਵੀ ਵਧੇਗੀ ਅਤੇ ਲੋੜਵੰਦਾਂ ਦੀ ਮਦਦ ਵੀ ਹੋਵੇਗੀ; ਪਰ ਇਹ ਤਾਂ ਹੀ ਹੋ ਸਕਦਾ ਹੈ, ਜੇ ਵਿਅਕਤੀਗਤ ਹਉਮੈ ਨੂੰ ਦੂਰ ਰਖਿਆ ਜਾਵੇ।
ਧਾਰਮਿਕ ਸਥਾਨ ‘ਤੇ ਚੌਧਰ ਦੀ ਇਕ ਹੋਰ ਦਿਲਚਸਪ ਘਟਨਾ ਯਾਦ ਆ ਗਈ। 2005 ਵਿਚ ਮੈਂ ਅਤੇ ਸ੍ਰੀਮਤੀ ਬੇਟੀਆਂ ਕੋਲ ਅਮੀਰਕਾ ਗਏ ਹੋਏ ਸਾਂ। ਕੈਲੀਫੋਰਨੀਆ ਵਿਚ ਰਹਿੰਦੇ ਸਾਡੇ ਸਕੂਲ ਦੇ ਸਾਬਕਾ ਵਿਦਿਆਰਥੀਆਂ ਦੀ ਸਾਲਾਨਾ ਇਕੱਤਰਤਾ ਸੀ। ਉਨ੍ਹਾਂ ਨੇ ਸਾਨੂੰ ਉਸ ਇਕੱਤਰਤਾ ਵਿਚ ਸ਼ਿਰਕਤ ਕਰਨ ਦੀ ਬੇਨਤੀ ਕੀਤੀ। ਸੈਕਰਾਮੈਂਟੋ ਰਹਿੰਦੀ ਮੇਰੀ ਇਕ ਵਿਦਿਆਰਥਣ ਅਤੇ ਉਸ ਦੇ ਪਤੀ ਦੇਵ ਨੇ ਸਾਨੂੰ ਜੋਰ ਪਾਇਆ ਕਿ ਮੀਟਿੰਗ ਤੋਂ ਦੋ-ਤਿੰਨ ਦਿਨ ਪਹਿਲਾਂ ਅਸੀਂ ਉਨ੍ਹਾਂ ਕੋਲ ਰਹੀਏ। ਅਸੀਂ ਉਨ੍ਹਾਂ ਦਾ ਪਿਆਰ ਭਰਿਆ ਸੱਦਾ ਸਵੀਕਾਰ ਕਰ ਲਿਆ। ਦੋ ਦਿਨ ਉਨ੍ਹਾਂ ਨੇ ਸਾਡੀ ਬਹੁਤ ਖਾਤਰਦਾਰੀ ਕੀਤੀ ਅਤੇ ਘੁਮਾਇਆ। ਇਕ ਦਿਨ ਅਸੀਂ ਕਿਤੇ ਜਾ ਰਹੇ ਸਾਂ ਕਿ ਸਾਡੇ ਮੇਜ਼ਬਾਨ ਨੇ ਇਕ ਇਮਾਰਤ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਉਹ ਗੁਰਦੁਆਰਾ ਹੈ, ਪਰ ਉਸ ‘ਤੇ ਨਿਸ਼ਾਨ ਸਾਹਿਬ ਨਹੀਂ ਲੱਗਿਆ ਹੋਇਆ। ਕਾਰਨ ਇਹ ਦੱਸਿਆ ਕਿ ਕਿਸੇ ਹੋਰ ਮੁਲਕ ਵਿਚ ਵਸੇ ਹੋਏ ਸਿੱਖਾਂ ਦੇ ਕੁਝ ਪਰਿਵਾਰ ਉਸ ਸ਼ਹਿਰ ਵਿਚ ਰਹਿਣ ਲੱਗੇ। ਪੈਸਾ ਕਾਫੀ ਸੀ। ਆਪਣੇ ਨੇੜੇ ਹੀ ਇਕ ਘਰ ਖਰੀਦ ਕੇ ਗੁਰਦੁਆਰਾ ਬਣਾ ਲਿਆ। ਉਸ ਸ਼ਹਿਰ ਵਿਚ ਰਹਿਣ ਵਾਲੇ ਹੋਰ ਸਿੱਖ ਵੀ ਉਥੇ ਆਉਣ ਲੱਗ ਪਏ। ਗੁਰਦੁਆਰੇ ਦੀ ਦੇਖ-ਰੇਖ ਲਈ ਕਮੇਟੀ ਬਣ ਗਈ। ਹੌਲੀ ਹੌਲੀ ਉਸ ਗੁਰੂ ਘਰ ਦੀ ਵਾਗਡੋਰ ਪੰਜਾਬ ਤੋਂ ਗਏ ਸਿੱਖਾਂ ਨੇ ਸਾਂਭ ਲਈ। ਜਿਨ੍ਹਾਂ ਨੇ ਗੁਰਦੁਆਰਾ ਬਣਾਇਆ ਸੀ, ਉਹ ਬਾਹਰ ਹੀ ਕਰ ਦਿੱਤੇ। ਦੁਖੀ ਹੋ ਕੇ ਉਨ੍ਹਾਂ ਨੇ ਨਵਾਂ ਗੁਰਦੁਆਰਾ ਬਣਾ ਲਿਆ। ਦੋ-ਤਿੰਨ ਸਾਲਾਂ ਵਿਚ ਫਿਰ ਪੁਰਾਣੀ ਕਹਾਣੀ ਦੁਹਰਾਈ ਗਈ। ਤੀਜੀ ਵਾਰ ਉਨ੍ਹਾਂ ਨੇ ਇਕ ਨਵਾਂ ਘਰ ਲੈ ਕੇ ਉਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ, ਪਰ ਬਾਹਰ ਨਿਸ਼ਾਨ ਸਾਹਿਬ ਨਾ ਲਾਇਆ।
ਇਹ ਨਹੀਂ ਕਿ ਹਰ ਗੁਰੂ ਘਰ ਦੇ ਪ੍ਰਬੰਧਕ ਚੌਧਰ ਦੇ ਭੁੱਖੇ ਹਨ। ਗੁਰਦੁਆਰਿਆਂ ਵਿਚ ਕਮੇਟੀਆਂ ਦੇ ਹੁੰਦੇ ਝਗੜਿਆਂ ਕਾਰਨ ਕਈ ਇਹ ਕਹਿ ਦਿੰਦੇ ਹਨ ਕਿ ਜੇ ਗੁਰਦੁਆਰਿਆਂ ਵਿਚੋਂ ਗੋਲਕਾਂ ਚੱਕ ਦਿਉ, ਸਾਰੇ ਝਗੜੇ ਆਪ ਹੀ ਖਤਮ ਹੋ ਜਾਣਗੇ; ਪਰ ਇਹ ਵੀ ਕੋਈ ਪਾਏਦਾਰ ਹੱਲ ਨਹੀਂ। ਗੋਲਕ ਦਾ ਪੈਸਾ ਗੁਰੂ ਘਰ ਦੀ ਸਾਂਭ-ਸੰਭਾਲ ਲਈ ਵੀ ਚਾਹੀਦਾ ਹੁੰਦਾ ਹੈ। ਲੋੜ ਹੈ, ਹਰ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਸਬੰਧੀ ਅਜਿਹੇ ਨਿਯਮ ਬਣਾਉਣ ਦੀ ਕਿ ਕੋਈ ਵੀ ਅਹੁਦੇਦਾਰ ਸਾਲ ਜਾਂ ਦੋ ਸਾਲ ਤੋਂ ਬਾਅਦ ਉਸ ਅਹੁਦੇ ‘ਤੇ ਮੁੜ ਜਲਦੀ ਨਾ ਚੁਣਿਆ ਜਾਵੇ।
ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਦੁਨੀਆਂ ਵਿਚ ਆਪਣੀ ਨਿਆਰੀ ਪਛਾਣ ਬਣਾ ਚੁਕੇ ਸਿੱਖ ਧਰਮ ਦੇ ਪੈਰੋਕਾਰ ਆਪਣੇ ਗੁਰੂ ਘਰਾਂ ਦੀ ਸਾਂਭ-ਸੰਭਾਲ ਸਮੇਂ ਨਿਜੀ ਮੁਫਾਦ ਨੂੰ ਦੂਰ ਰੱਖਣ ਅਤੇ ਲੜਾਈ ਝਗੜੇ ਕਰਕੇ ਆਪਣੇ ਧਰਮ ਨੂੰ ਬਦਨਾਮ ਨਾ ਕਰਨ।
ਵਿਦੇਸ਼ਾਂ ਵਿਚ ਅਣਗਿਣਤ ਗੁਰੂ ਘਰ ਮੌਜੂਦ ਹਨ, ਉਨ੍ਹਾਂ ਵਿਚੋਂ ਕੁਝ ਕੁ ਦੇ ਅਹੁਦੇਦਾਰਾਂ ਦੀਆਂ ਮਨਮਰਜ਼ੀਆਂ ਕਰਕੇ ਹੀ ਗੁਰੂ ਘਰ ਅਤੇ ਸਿੱਖ ਧਰਮ ਦੀ ਬਦਨਾਮੀ ਹੁੰਦੀ ਹੈ, ਜਦੋਂ ਕਿ ਕਿਸੇ ਕੁਦਰਤੀ ਆਫਤ ਸਮੇਂ ਸੰਗਤ ਦੇ ਸਹਿਯੋਗ ਨਾਲ ਕਰੀਬ ਸਾਰੇ ਗੁਰੂ ਘਰ ਹੀ ਲੋੜਵੰਦਾਂ ਦੀ ਮਦਦ ਲਈ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਹਨ। ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਤੋਂ ਕੋਈ ਆਸ ਨਾ ਰੱਖੋ।