ਹਰਦਿੱਤ ਸਿੰਘ ਮਲਿਕ

ਹਰਪਾਲ ਸਿੰਘ ਪੰਨੂ
ਫੋਨ: 91-94642-51454
23 ਨਵੰਬਰ 1894 ਨੂੰ ਹਰਦਿੱਤ ਸਿੰਘ ਮਲਿਕ ਖੁਸ਼ਹਾਲ ਮਾਪਿਆਂ ਘਰ ਰੌਣਕਾਂ ਭਰੇ ਸ਼ਹਿਰ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਚ ਜਨਮਿਆ। ਪਿਤਾ ਸਣੇ ਤਿੰਨ ਚਾਚਿਆਂ ਦੇ ਪਰਿਵਾਰ, ਨੌਕਰ-ਚਾਕਰ ਵੱਡੀ ਹਵੇਲੀ ਵਿਚ ਰਿਹਾ ਕਰਦੇ। ਹਰਦਿੱਤ ਦਾ ਪਿਤਾ ਰੇਲਵੇ ਲਾਈਨਾਂ ਵਿਛਾਉਣ ਦੇ ਠੇਕੇ ਲਿਆ ਕਰਦਾ, ਪੁਲ ਬਣਾਉਂਦਾ; ਕਾਰੋਬਾਰ ਵਧੀਆ ਚਲਣ ਸਦਕਾ ਇਲਾਕੇ ਦਾ ਤਕੜਾ ਜ਼ਿਮੀਂਦਾਰ ਹੋ ਗਿਆ। ਹਰਦਿੱਤ ਉਪਰ ਪਿਤਾ ਦਾ ਅਸਰ ਸਾਰਿਆਂ ਤੋਂ ਵਧੀਕ ਸੀ।

ਪਰਿਵਾਰ ਕਿਹਾ ਕਰਦਾ, ਪਿਤਾ ਦਾ ਏਨਾ ਲਾਡ ਇਸ ਮੁੰਡੇ ਨੂੰ ਵਿਗਾੜ ਦਏਗਾ, ਕਿਉਂਕਿ ਜੋ ਮੰਗ ਮੂੰਹੋਂ ਕੱਢਦਾ, ਪਿਤਾ ਪੂਰੀ ਕਰ ਦਿੰਦਾ। ਮਾਂ ਨੂੰ ਸਵਾਲ ਪਾਉਂਦਾ ਵੀ ਨਾ, ਕਿਉਂਕਿ ਮਾਂ ਘੂਰ ਕੇ ਰੱਖਦੀ। ਉਹ ਨਿਤਨੇਮਣ ਬੀਬੀ ਸੀ, ਚਾਹੁੰਦੀ ਸੀ ਕਿ ਹਰਦਿੱਤ ਸਿੱਖ ਵਿਰਸੇ ਤੋਂ ਵਾਕਿਫ ਹੋਵੇ, ਸੰਜਮ ਨਾਲ ਰਹੇ। ਮਾਂ ਵਲੋਂ ਮਿਲਿਆ ਇਹ ਸੁਭਾਅ ਉਸ ਦੇ ਉਦੋਂ ਕੰਮ ਆਇਆ, ਜਦ ਪਰਦੇਸਾਂ ਵਿਚ ਇਕੱਲੇ ਨੂੰ ਵਕਤ ਬਤੀਤ ਕਰਨਾ ਪਿਆ। ਭਾਈ ਜੀ ਨੇ ਉਸ ਨੂੰ ਕੜਾ ਪਹਿਨਾਇਆ, ਜੋ ਉਸ ਨੇ ਸਾਰੀ ਉਮਰ ਵੱਖ ਨਹੀਂ ਕੀਤਾ, ਪਹਿਲੇ ਵਿਸ਼ਵ ਯੁੱਧ ਸਮੇਂ ਜੰਗੀ ਜਹਾਜ ਚਲਾਉਂਦਿਆਂ ਵੀ ਨਹੀਂ।
ਪਹਿਲਾਂ ਆਮ ਜਿਹੇ ਸਰਕਾਰੀ ਸਕੂਲ ਵਿਚ ਦਾਖਲ ਕਰਵਾਇਆ, ਪਰ ਪਿਤਾ ਨੇ ਜਲਦੀ ਐਂਗਲੋ ਇੰਡੀਅਨ ਮੋਰਿਸ ਜੋੜੇ ਵਲੋਂ ਖੋਲ੍ਹੇ ਸਕੂਲ ਵਿਚ ਭੇਜ ਦਿਤਾ। ਪਿਤਾ ਨੇ ਅੰਗਰੇਜ਼ੀ ਅਤੇ ਗਣਿਤ ਦੀ ਟਿਊਸ਼ਨ ਪੜ੍ਹਾਉਣ ਵਾਲੇ ਸਥਾਨਕ ਗੋਰਡਨ ਮਿਸ਼ਨ ਸਕੂਲ ਦੇ ਦੋ ਪ੍ਰੋਫੈਸਰ ਰੱਖ ਦਿਤੇ। ਪੜ੍ਹਾਈ ਦੇ ਨਾਲ ਨਾਲ ਮਾਪਿਆਂ ਨੇ ਹੱਥੀਂ ਕਿਰਤ ਕਰਨ ਦਾ ਮਹੱਤਵ ਸਮਝਾਇਆ ਤੇ ਦੱਸਿਆ ਆਤਮ ਸਨਮਾਨ ਰੱਖਣ ਵਾਸਤੇ ਕਿਰਤ ਜ਼ਰੂਰੀ ਹੈ। ਸਕੂਲ ਵਿਚ ਉਸ ਨੇ ਸੈਲਫ-ਹੈਲਪ ਨਾਂ ਦੀ ਅੰਗਰੇਜ਼ੀ ਕਿਤਾਬ ਏਨੀ ਵਾਰ ਪੜ੍ਹੀ ਕਿ ਜ਼ਬਾਨੀ ਯਾਦ ਹੋ ਗਈ। ਲਾਡ ਪਿਆਰ ਵਿਚ ਪਲਿਆ ਇਹ ਬੱਚਾ ਮਜ਼ਬੂਤ ਇਰਾਦੇ ਵਾਲਾ ਸਾਬਤ ਹੋਇਆ, ਹਾਲਾਂਕਿ ਸਾਰੇ ਉਸ ਨੂੰ ਵਿਗੜਿਆ ਤਿਗੜਿਆ ਛੋਕਰਾ ਸਮਝਦੇ।
ਪਿਤਾ ਨੇ ਦੇਖਿਆ, ਬੱਚੇ ਦੀ ਰੁਚੀ ਖੇਡਾਂ ਵਲ ਵੀ ਹੈ, ਕ੍ਰਿਕਟ ਅਤੇ ਟੈਨਿਸ ਦੀ ਕੋਚਿੰਗ ਦਾ ਪ੍ਰਬੰਧ ਕਰ ਦਿਤਾ। ਸਕੂਲ ਵਿਚ ਖੇਡਾਂ ਦਾ ਬੰਦੋਬਸਤ ਨਾ ਹੋਣ ਕਰਕੇ ਉਹ ਇਲਾਕੇ ਦੇ ਮੁੰਡੇ ਇਕੱਠੇ ਕਰਕੇ ਹਾਕੀ, ਕ੍ਰਿਕਟ, ਫੁੱਟਬਾਲ ਦੀਆਂ ਟੀਮਾਂ ਬਣਾ ਕੇ ਮੁਕਾਬਲੇ ਕਰਵਾਉਂਦਾ। ਸਾਰੀ ਉਮਰ ਦੇਸ਼-ਵਿਦੇਸ਼ ਵਿਚ ਖੇਡਾਂ ਨਾਲੋਂ ਉਸ ਦਾ ਨਾਤਾ ਨਹੀਂ ਟੁੱਟਾ। ਵਿਹਲੇ ਵਕਤ ਪਤੰਗਬਾਜ਼ੀ ਕਰਦਾ ਹੁੰਦਾ। ਦੂਜੇ ਦਾ ਪਤੰਗ ਕੱਟਣ ਵਾਸਤੇ ਬੜੀ ਮੁਸ਼ਤੈਦੀ ਵਰਤਣੀ ਪੈਂਦੀ। ਬਚਪਨ ਦੀਆਂ ਇਹ ਖੇਡਾਂ ਵਿਸ਼ਵ ਯੁੱਧ ਦੌਰਾਨ ਜਹਾਜ ਦੇ ਜੰਗੀ ਦਾਅ-ਪੇਚਾਂ ਵਕਤ ਸਹਾਈ ਹੋਈਆਂ।
ਨਿੱਕੇ ਹਰਦਿੱਤ ਦਾ ਮਨ ਕਰਦਾ ਇੰਗਲੈਂਡ ਜਾਵਾਂ। ਮਾਪਿਆਂ ਨੂੰ ਮਨਾਉਣ ਵਾਸਤੇ ਬੜਾ ਜ਼ੋਰ ਲੱਗਾ। 1908 ਵਿਚ ਚੌਦਾਂ ਸਾਲ ਦਾ ਹਰਦਿੱਤ ਰਾਵਲਪਿੰਡੀ ਤੋਂ ਇੰਗਲੈਂਡ ਪੁੱਜ ਗਿਆ, ਜਿੱਥੇ ਰਹਿੰਦਾ ਵੱਡਾ ਭਰਾ ਤੇਜਾ ਸਿੰਘ ਲੈਣ ਪੁੱਜਾ ਹੋਇਆ ਸੀ। ਤਿੰਨ ਸਾਲ ਉਸ ਨੇ ਸਕੂਲ ਦੀ ਪੜ੍ਹਾਈ ਕੀਤੀ, ਕ੍ਰਿਕਟ ਖੇਡੀ ਅਤੇ ਮੋਟਰ ਸਾਈਕਲ ਉੱਤੇ ਗੇੜੀਆਂ ਲਾਈਆਂ। ਇੰਗਲੈਂਡ ਪੜ੍ਹਨ ਗਏ ਨੂੰ ਰੈਗਿੰਗ ਕਰਦੀ ਫਿਰਦੀ ਗੋਰੇ ਛੋਕਰਿਆਂ ਦੀ ਟੋਲੀ ਨੇ ਘੇਰ ਲਿਆ। ਇਕ ਕਹਿੰਦਾ, “ਆਹ ਪਗੜੀ ਹੇਠ ਕੀ ਲੁਕਾਇਆ ਹੋਇਆ ਹੈ, ਪਗੜੀ ਉਤਾਰ ਕੇ ਦਿਖਾ।” ਮਲਿਕ ਨੇ ਕਿਹਾ, “ਸਿੱਖ ਕਿਸੇ ਦੇ ਮਜਬੂਰ ਕਰਨ ‘ਤੇ ਦਸਤਾਰ ਨਹੀਂ ਉਤਾਰਿਆ ਕਰਦਾ। ਤੁਸੀਂ ਹੁਣ ਬਹੁਤੀ ਗਿਣਤੀ ਵਿਚ ਹੋ, ਸੋ ਕੁਝ ਨਹੀਂ ਕਰ ਸਕਦਾ। ਇਹ ਦੱਸ ਦਿੰਨਾਂ ਕਿ ਜਿਸ ਕਿਸੇ ਨੇ ਮੇਰੀ ਦਸਤਾਰ ਵੱਲ ਪਹਿਲਾਂ ਹੱਥ ਵਧਾਇਆ, ਸਮਾਂ ਮਿਲਣ ‘ਤੇ ਉਸ ਦਾ ਕਤਲ ਕਰਾਂਗਾ।” ਭੀੜ ਖਿੰਡ ਗਈ।
1912 ਵਿਚ ਆਕਸਫੋਰਡ ਦੇ ਬਲੀਓਲ ਕਾਲਜ ਵਿਚ ਦਾਖਲਾ ਲੈ ਲਿਆ। ਯੂਨਾਨੀ ਅਤੇ ਲਾਤੀਨੀ ਪੜ੍ਹੀਆਂ, ਫਿਰ ਯੂਰਪ ਦਾ ਆਧੁਨਿਕ ਇਤਿਹਾਸ ਪੜ੍ਹਿਆ। ਪੜ੍ਹਨ ਅਤੇ ਖੇਡਣ-ਦੋਹਾਂ ਵਿਚ ਨਿਪੁੰਨ।
1914 ਵਿਚ ਵਿਸ਼ਵ ਯੁੱਧ ਛਿੜ ਪਿਆ। ਆਕਸਫੋਰਡ ਦੇ ਬਹੁਤ ਸਾਰੇ ਵਿਦਿਆਰਥੀ ਆਪਣੇ ਆਪ ਨੂੰ ਯੁੱਧਕਾਲੀ ਸੇਵਕਾਂ ਵਜੋਂ ਪੇਸ਼ ਕਰਨ ਲੱਗੇ। ਪਹਿਲੀ ਸਰਵਿਸ ਉਸ ਨੂੰ ਐਂਬੂਲੈਂਸ ਦੀ ਮਿਲੀ ਅਤੇ ਸਾਊਥੈਂਪਟਨ ਜਾਣ ਲਈ ਕਿਹਾ। ਇਕ ਸਾਲ ਮੈਡੀਕਲ ਸੇਵਾਵਾਂ ਦੇਣ ਲਈ ਫਰਾਂਸ ਵਿਚ ਰਿਹਾ। ਉਹ ਨੇ ਫਰਾਂਸ ਦੇ ਏਅਰ ਫੋਰਸ ਅਫਸਰਾਂ ਪਾਸ ਦਰਖਾਸਤ ਦਿਤੀ ਕਿ ਮੈਂ ਫਾਈਟਰ ਪਾਇਲਟ ਬਣਨ ਦਾ ਇੱਛੁਕ ਹਾਂ। ਉਸ ਦੀ ਅਰਜ਼ੀ ਮਨਜ਼ੂਰ ਹੋ ਗਈ। ਇੰਗਲੈਂਡ ਸਰਕਾਰ ਪਾਸੋਂ ਫਰਾਂਸੀਸੀ ਏਅਰਫੋਰਸ ਜੁਆਇਨ ਕਰਨ ਲਈ ਇਜਾਜ਼ਤ ਲੈਣ ਵਾਸਤੇ ਅਰਜ਼ੀ ਭੇਜੀ। ਏਅਰਫੋਰਸ ਨੇ ਕਿਹਾ, ਹਰਦਿੱਤ ਜੇ ਫਰਾਂਸ ਵਾਸਤੇ ਵਧੀਆ ਪਾਇਲਟ ਹੈ ਤਾਂ ਇੰਗਲੈਂਡ ਵਾਸਤੇ ਮਾੜਾ ਕਿਵੇਂ ਹੋਇਆ? ਜਰਨੈਲ ਹੈਂਡਰਸਨ ਨੇ ਇੰਟਰਵਿਊ ਲਈ ਅਤੇ 5 ਅਪਰੈਲ 1917 ਨੂੰ ਸੈਕੰਡ ਲੈਫਟੀਨੈਂਟ ਵਜੋਂ ਚੁਣਿਆ ਗਿਆ। ਉਹ ਪਹਿਲਾ ਭਾਰਤੀ ਅਫਸਰ ਤਾਂ ਨਿਯੁਕਤ ਹੋਇਆ ਹੀ, ਕੇਸਾਂ ਅਤੇ ਦਸਤਾਰਧਾਰੀ ਸਰਦਾਰ ਵਜੋਂ ਵੀ ਇਹ ਪਹਿਲਾ ਪਾਇਲਟ ਸੀ। ਉਸ ਦੀ ਬਹਾਦਰੀ ਅਤੇ ਸ਼ਕਲ ਵੱਖਰੀ ਤਰ੍ਹਾਂ ਦੀ ਹੋਣ ਕਰਕੇ ਉਸ ਦਾ ਨਾਮ ਉਡਣਾ-ਦੈਂਤ ਪੈ ਗਿਆ ਸੀ। ਸਿਰਫ ਢਾਈ ਘੰਟਿਆਂ ਦੀ ਟ੍ਰੇਨਿੰਗ ਪਿਛੋਂ ਉਸ ਨੂੰ ਸੋਲੋ ਭੇਜ ਦਿਤਾ, ਭਾਵ ਇਕੱਲੇ ਨੇ ਉਡਾਣ ਭਰੀ। ਇਕ ਮਹੀਨੇ ਦੇ ਅਭਿਆਸ ਬਾਅਦ ਉਹ ਹਵਾਈ ਹਮਲੇ ਕਰਨ ਲੱਗਾ।
ਮਲਿਕ ਦਾ ਫਲਾਈਟ ਕਮਾਂਡਰ ਕੈਨੇਡੀਅਨ ਮੇਜਰ ਵਿਲੀਅਮ ਬਾਰਕਰ ਸੀ, ਜਿਸ ਨੂੰ ਸ਼ਾਨਦਾਰ ਬਹਾਦਰੀ ਸਕਦਾ ਵਿਕਟੋਰੀਆ ਕ੍ਰਾਸ ਮਿਲਿਆ। ਜਿਹੋ ਜਿਹਾ ਮੁਰਸ਼ਦ, ਉਹੋ ਜਿਹਾ ਮੁਰੀਦ। ਹਰਦਿੱਤ ਨੇ ਜਰਮਨ ਫੋਕਰੈਂਡ ਜਹਾਜ ਫੁੰਡੇ। ਛੱਬੀ ਅਕਤੂਰ 1917 ਨੂੰ ਬਾਰਕਰ ਅਤੇ ਹਰਦਿੱਤ ਇਕੱਠੇ ਹਮਲਾ ਕਰਨ ਉਡੇ। ਮੌਸਮ ਖਰਾਬ ਸੀ, ਜਰਮਨ ਜੰਗੀ ਜਹਾਜਾਂ ਨੇ ਘੇਰ ਲਏ। ਹਰਦਿੱਤ ਨੇ ਇਕ ਜਹਾਜ ਫੁੰਡ ਲਿਆ, ਪਰ ਦੁਸ਼ਮਣ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿਤਾ, ਜਹਾਜ ਦੇ 450 ਗੋਲੀਆਂ ਲੱਗੀਆਂ, ਦੋ ਗੋਲੀਆਂ ਹਰਦਿੱਤ ਦੀ ਲੱਤ ਵਿੰਨ੍ਹ ਗਈਆਂ। ਇਕ ਗੋਲੀ ਪੈਟਰੋਲ ਟੈਂਕ ਵਿਚ ਲੱਗੀ, ਜਿਸ ਕਰਕੇ ਧਾਰ ਹੇਠਾਂ ਵਗਣ ਲੱਗੀ। ਫਰਾਂਸ ਵਿਚ ਜਦੋਂ ਕ੍ਰੈਸ਼ ਲੈਂਡਿੰਗ ਕੀਤੀ, ਉਹ ਲਹੂ ਲੁਹਾਣ ਹੋਇਆ ਪਿਆ ਸੀ, ਨੱਕ ਦੀ ਹੱਡੀ ਟੁੱਟ ਗਈ ਸੀ। ਜਲਦੀ ਰਾਜ਼ੀ ਹੋ ਕੇ ਫਿਰ ਅਸਮਾਨ ਵਿਚ ਦਹਾੜਨ ਲੱਗਾ। ਆਖਰ ਯੁੱਧ ਖਤਮ ਹੋਇਆ।
ਅਰਜ਼ੀ ਦਿਤੀ ਕਿ ਭਾਰਤ ਜਾਣ ਵਾਸਤੇ ਛੁੱਟੀ ਦਿਉ ਅਤੇ ਭਾਰਤ ਵਿਚ ਰੌਇਲ ਏਅਰ ਫੋਰਸ ਵਿਚ ਬਦਲੀ ਕਰੋ। ਗਿਆਰਾਂ ਸਾਲ ਵਿਦੇਸ਼ ਵਿਚ ਬਿਤਾਉਣ ਬਾਅਦ ਅੱਠ ਮਹੀਨਿਆਂ ਦੀ ਛੁੱਟੀ ਲੈ ਕੇ ਵਾਪਸ ਪਰਤਿਆ। ਰਾਵਲਪਿੰਡੀ ਸ਼ਹਿਰ ਨੇ ਹੁੰਮਹੁਮਾ ਕੇ ਆਪਣੇ ਹੀਰੋ ਦਾ ਸੁਆਗਤ ਕੀਤਾ।
ਸਹੁਰਿਆਂ ਦੇ ਜ਼ੋਰ ਪਾਉਣ ਕਾਰਨ ਏਅਰਫੋਰਸ ਦੀ ਨੌਕਰੀ ਛੱਡ ਦਿਤੀ ਤੇ ਸਿਵਿਲ ਸਰਵਿਸ ਵਿਚ ਆ ਗਿਆ। ਕੈਨੇਡਾ ਵਿਚ ਆਜ਼ਾਦ ਭਾਰਤ ਦਾ ਪਹਿਲਾ ਸਫੀਰ ਨਿਯੁਕਤ ਹੋਇਆ, ਫਿਰ ਪਟਿਆਲਾ ਸਟੇਟ ਦਾ ਪ੍ਰਧਾਨ ਮੰਤਰੀ ਲੱਗਾ। ਸਾਲ 1956 ਵਿਚ ਰਿਟਾਇਰ ਹੋ ਕੇ ਮਨਪਸੰਦ ਖੇਡ ਗੌਲਫ ਖੇਡਣ ਲੱਗਾ। ਦਿੱਲੀ ਵਿਚ 31 ਅਕਤੂਬਰ 1985 ਨੂੰ ਉਹ ਫਾਨੀ ਸੰਸਾਰ ਤੋਂ 91 ਸਾਲ ਦੀ ਉਮਰ ਵਿਚ ਕੂਚ ਕਰ ਗਿਆ।