ਸਿੱਖ ਧਰਮ ਵਿਚ ਪਰਸਪਰ ਵਿਰੋਧ ਕਿਉਂ ਹੈ?

ਹਾਕਮ ਸਿੰਘ
ਹਿੰਦੂ ਧਰਮ ਜਾਤ-ਪਾਤ ‘ਤੇ ਆਧਾਰਤ ਹੈ। ਸਿੱਖ ਸਮਾਜ ਵਿਚ ਵੀ ਜਾਤ-ਪਾਤ ਦਾ ਬੋਲ ਬਾਲਾ ਹੈ। ਸਮਾਜਕ ਪੱਧਰ ‘ਤੇ ਸਿੱਖ ਧਰਮ ਦੀ ਹਿੰਦੂ ਧਰਮ ਨਾਲ ਬਹੁਤ ਸਾਂਝ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਿੰਦੂ ਸਮਾਜ ਵਿਚ ਪ੍ਰਚਲਤ ਜਾਤ-ਪਾਤ, ਬੁੱਤ ਪੂਜਾ ਅਤੇ ਪਖੰਡਵਾਦ ਦਾ ਖੰਡਨ ਕਰਦੀ ਹੈ; ਪਰ ਸਿੱਖ ਆਪਣੇ ਜੀਵਨ ਵਿਚ ਗੁਰਬਾਣੀ ਦੇ ਇਨ੍ਹਾਂ ਵਿਚਾਰਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ, ਕਿਉਂਕਿ ਸਿੱਖ ਧਾਰਮਿਕ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ‘ਤੇ ਆਧਾਰਤ ਨਹੀਂ ਹੈ, ਸਿੱਖ ਰਹਿਤ ਮਰਯਾਦਾ ‘ਤੇ ਆਧਾਰਤ ਹੈ।

ਸਿੱਖ ਰਹਿਤ ਮਰਯਾਦਾ ਗੁਰਬਾਣੀ ਨਹੀਂ ਹੈ, ਉਦਾਸੀਆਂ ਵਲੋਂ ਬਣਾਈਆਂ ਰਹਿਤ ਮਰਯਾਦਾਵਾਂ ਤੋਂ ਵਿਕਸਿਤ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਵਾਣਿਤ ਧਾਰਮਿਕ ਵਿਹਾਰ ਦੀ ਨੇਮਾਵਲੀ ਹੈ। ਇਸ ਦਾ ਤਜਵੀਜ਼ ਕੀਤਾ ਵਿਹਾਰ ਗੁਰਬਾਣੀ ਵਿਚ ਦੱਸੇ ਜੀਵਨ ਢੰਗ ਨਾਲ ਮੇਲ ਨਹੀਂ ਖਾਂਦਾ। ਮਿਸਾਲ ਵਜੋਂ ਗੁਰਬਾਣੀ ਵਿਚ ਪ੍ਰਭੂ ਲਈ ਰਾਮ ਅਤੇ ਹਰਿ ਸ਼ਬਦਾਂ ਦੀ ਬਹੁਤ ਵਰਤੋਂ ਕੀਤੀ ਗਈ ਹੈ, ਪਰ ਸਿੱਖ ਇਹ ਸ਼ਬਦ ਨਹੀਂ ਵਰਤਦੇ। ਇਨ੍ਹਾਂ ਦੀ ਥਾਂ ਵਾਹਿਗੁਰੂ ਸ਼ਬਦ ਵਰਤਦੇ ਹਨ, ਜੋ ਕਿਸੇ ਵੀ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਨਹੀਂ ਵਰਤਿਆ, ਸਿਰਫ ਭੱਟਾਂ ਨੇ ਗੁਰੂ ਸਾਹਿਬਾਨ ਦੀ ਮਹਿਮਾ ਵਿਚ ਲਿਖੇ ਸਵੱਯੀਆਂ ਵਿਚ ਹੀ ਵਰਤਿਆ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਾਂ ਮੰਨਦੇ ਹਨ, ਪਰ ਬਹੁਤੇ ਉਸ ਤੋਂ ਸਿਖਿਆ ਲੈਣੀ ਜ਼ਰੂਰੀ ਨਹੀਂ ਸਮਝਦੇ। ਸਿੱਖ ਧਰਮ ਦੀ ਬਹੁਤੀ ਸਿਖਿਆ ਉਦਾਸੀ ਅਤੇ ਨਿਰਮਲੇ ਸਾਧੂਆਂ ਦੀਆਂ ਰਚਨਾਵਾਂ ਤੋਂ ਲਈ ਜਾਂਦੀ ਹੈ। ਕਈ ਸਿੱਖ ਗੁਰੂ ਤੋਂ ਜੀਵਨ ਵਿਚ ਸਫਲਤਾ ਅਤੇ ਪ੍ਰਸਿੱਧੀ ਲਈ ਅਰਦਾਸਾਂ ਕਰਨ ਜਾਂ ਪੁਜਾਰੀਆਂ ਤੋਂ ਅਰਦਾਸਾਂ ਕਰਵਾਉਣ ਨੂੰ ਧਾਰਮਿਕ ਕਿਰਿਆ ਮੰਨਦੇ ਹਨ, ਜਦੋਂ ਕਿ ਗੁਰਬਾਣੀ ਦੁਨਿਆਵੀ ਲਾਭ ਲਈ ਅਰਦਾਸ ਨੂੰ ਢੌਂਗ ਦੱਸਦੀ ਹੈ,
ਕਿਆ ਮੁਹੁ ਲੈ ਕੀਚੈ ਅਰਦਾਸਿ॥
ਪਾਪੁ ਪੁੰਨੁ ਦੋਇ ਸਾਖੀ ਪਾਸਿ॥ (ਪੰਨਾ 351)
ਸਿੱਖ ਧਰਮ ਵਿਚ ਐਸੇ ਬਹੁਤ ਸਾਰੇ ਪਰਸਪਰ ਵਿਰੋਧੀ ਅਤੇ ਅਸੰਗਤ ਵਿਚਾਰ ਅਤੇ ਵਿਹਾਰ ਪ੍ਰਚਲਤ ਹਨ।
ਸਿੱਖ ਜਗਤ ਵਿਚ ਸਿੱਖ ਰਹਿਤ ਮਰਯਾਦਾ ਨੂੰ ਹੀ ਸਿੱਖ ਰਿਲੀਜਨ (੍ਰeਲਗਿਨ), ਮਜ਼੍ਹਬ ਅਤੇ ਧਰਮ ਸਮਝਿਆ ਜਾਂਦਾ ਹੈ। ਅਸਲ ਵਿਚ ਧਰਮ ਨਿੱਜੀ ਧਾਰਮਿਕ ਵਿਸ਼ਵਾਸ ਹੁੰਦਾ ਹੈ। ਇਹ ਮੂਲ ਰੂਪ ਵਿਚ ਆਪਣੇ ਆਪ, ਆਪਣੇ ਨਿੱਜ ਨਾਲ ਸਬੰਧ ਦੀ ਕਿਰਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧਰਮ ਨੂੰ ਵਿਸ਼ਵਾਸ ‘ਤੇ ਆਧਾਰਤ ਕਿਰਿਆ ਮੰਨਦੀ ਹੈ ਅਤੇ ਉਸ ਨੂੰ “ਸਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ॥” (ਪੰਨਾ 351) ਆਖਦੀ ਹੈ। ਉਸ ਨੂੰ ਜੀਵਨ ਸਾਧਣ ਵਾਲੇ ਗੁਣਾਂ ਵਲ ਧਿਆਨ ਦਿਵਾਉਣ ਵਾਲਾ ਜਨੇਊ ਆਖਦੀ ਹੈ, “ਦਇਆ ਕਪਾਹੁ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤਾ ਪਾਡੇ ਘਤੁ॥” (ਪੰਨਾ 471) ਸੱਚੀ ਕਿਰਿਆ, ਸੱਚ, ਸੰਤੋਖ, ਦਇਆ ਅਤੇ ਜਤ (ਇੰਦ੍ਰੀਆਂ ਨੂੰ ਕਾਬੂ ਵਿਚ ਰਖਣਾ) ਧਰਮ ਦੇ ਗੁਣ ਹਨ।
ਗੁਰਬਾਣੀ ਅਨੁਸਾਰ ਧਰਮ ਨੇ ਹੀ ਧੌਲ ਬੈਲ ਬਣ ਕੇ ਸੰਤੋਖ ਦੇ ਆਸਰੇ ਸੰਸਾਰ ਨੂੰ ਵਿਨਾਸ਼ ਤੋਂ ਬਚਾਇਆ ਹੋਇਆ ਹੈ, “ਧੌਲੁ ਧਰਮੁ ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥” (ਪੰਨਾ 3) ਧਰਮ ਨਿਰੀ ਸੋਚ, ਵਿਚਾਰ ਅਤੇ ਵਿਸ਼ਵਾਸ ਹੀ ਨਹੀਂ, ਇਹ ਉਸ ਕਿਰਿਆ ਦੇ ਪੇੜ ਦਾ ਫੁੱਲ ਹੈ, ਜਿਸ ਨੂੰ ਗਿਆਨ ਦਾ ਫਲ ਲਗਦਾ ਹੈ, “ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨ॥” (ਪੰਨਾ 1168) ਇਹ ਗਿਆਨ ਪ੍ਰਾਪਤੀ ਦਾ ਮਾਰਗ ਹੈ। ਧਰਮ ਵਿਚਾਰ ਅਤੇ ਗਿਆਨ ਨੂੰ ਪ੍ਰਥਮਕਤਾ ਦਿੰਦਾ ਹੈ ਅਤੇ ਵਿਹਾਰ ਨੂੰ ਵਿਚਾਰ ਦੇ ਅਨੁਕੂਲ ਰੱਖਣ ਦਾ ਉਪਦੇਸ਼ ਕਰਦਾ ਹੈ। ਗੁਰਬਾਣੀ ਅਨੁਸਾਰ ਧਰਮ ਦਾ ਦੂਜਿਆਂ ਅਤੇ ਸਮਾਜ ਨਾਲ ਕੋਈ ਵਾਸਤਾ ਨਹੀਂ ਹੁੰਦਾ ਅਤੇ ਨਾ ਹੀ ਧਰਮ ਕੋਈ ਸਮਾਜ, ਸੰਸਥਾ, ਅਨੁਸ਼ਾਸਨ ਜਾਂ ਸਭਿਆਚਾਰ ਹੈ। ਧਰਮ ਅਸਥਾਈ ਸੰਸਾਰ ਨੂੰ ਆਮ ਸੋਚ ਨਾਲੋਂ ਵਖਰੀ ਅਪ੍ਰਤੱਖ ਅਸਲੀਅਤ (ੀਮਪeਰਚeਪਟਬਿਲe ਅਲਟeਰਨਅਟਵਿe ਰeਅਲਟੇ) ਵਜੋਂ ਦੇਖਦਾ ਹੈ।
ਗੁਰਬਾਣੀ ਵਿਚ ਬਿਆਨ ਕੀਤੇ ਧਰਮ ਦੇ ਗੁਣਾਂ ਬਾਰੇ ਸਿੱਖ ਜਗਤ ਵਿਚ ਵਿਆਪਕ ਅਗਿਆਨਤਾ ਹੈ। ਆਮ ਸਿੱਖ ਤੇ ਰਹਿਤ ਮਰਯਾਦਾ ਦੇ ਧਾਰਮਿਕ ਵਿਹਾਰ ਨੂੰ ਹੀ ਧਰਮ ਮੰਨਦੇ ਹਨ ਅਤੇ ਉਸ ਰਹਿਤ ਦਾ ਗੁਰਬਾਣੀ ਵਿਚਾਰਧਾਰਾ ਦੇ ਅਨੁਕੂਲ ਹੋਣਾ ਜ਼ਰੂਰੀ ਨਹੀਂ ਸਮਝਦੇ। ਸਿੱਖ ਰਹਿਤ ਮਰਯਾਦਾ ਗੁਰਮਤਿ ਨੂੰ ਇੱਕ ਨਿਵੇਕਲੇ ਕਰਮ ਕਾਂਡ ਵਜੋਂ ਬਿਆਨ ਕਰਦੀ ਹੈ। ਰਹਿਤ ਮਰਯਾਦਾ ‘ਤੇ ਆਧਾਰਤ ਸਿੱਖ ਧਰਮ ਵਿਸ਼ੇਸ਼ ਧਾਰਮਿਕ ਸੋਚ ਦੇ ਧਾਰਨੀਆਂ ਦਾ ਸੰਗਠਨ ਹੈ। ਇਹ ਇੱਕ ਵਖਰਾ ਸਭਿਆਚਾਰ ਹੈ, ਜਿਸ ਦੇ ਧਾਰਨੀਆਂ ਲਈ ਨਿੱਤ ਨੇਮ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨਾ/ਸੁਣਨਾ, ਮਨ ਨੀਵਾਂ ਤੇ ਮਤ ਉਚੀ ਰੱਖਣਾ, ਅੰਮ੍ਰਿਤ ਪਾਨ ਅਤੇ ਰਹਿਤ ਵਾਲਾ ਜੀਵਨ ਧਾਰਨ ਕਰਨਾ ਜ਼ਰੂਰੀ ਮੰਨਿਆ ਗਿਆ ਹੈ। ਇਹ ਸਿੱਖ ਧਰਮ ਉਦਾਸੀ ਮੱਤ ਦੀ ਮੱਧਕਾਲੀ ਸੋਚ ‘ਤੇ ਆਧਾਰਤ ਸਿੱਖ ਰਹਿਤ ਮਰਯਾਦਾ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਮੰਨਣ ਵਾਲੀਆਂ ਸਿੱਖ ਸੰਪਰਦਾਵਾਂ ਦੇ ਵਿਚਾਰਾਂ ਤੇ ਵਿਹਾਰਾਂ ਦਾ ਮਿਸ਼ਰਨ ਹੈ, ਜਿਸ ਨੂੰ ਹੁਣ ਇੱਕ ਸਿੱਖ ਧਾਰਮਿਕ ਸੰਸਥਾਪਨ ਪ੍ਰਚਾਰਦਾ ਅਤੇ ਉਸ ਦੀ ਰਾਖੀ ਕਰਦਾ ਹੈ। ਧਰਮ ਸ਼ਾਸਤਰੀ ਅਤੇ ਵਿਦਵਾਨ ਵੀ ਗੁਰਬਾਣੀ ਦੀ ਵਿਆਖਿਆ ਤੇ ਟੀਕੇ ਉਸੇ ਧਾਰਮਿਕ ਸੰਸਥਾਪਨ ਵਲੋਂ ਪ੍ਰਵਾਣਿਤ ਦ੍ਰਿਸ਼ਟੀਕੋਣ ਤੋਂ ਕਰਦੇ ਹਨ। ਸਿੱਖ ਧਰਮ ਦਾ ਇਤਿਹਾਸ ਵੀ ਸੰਸਥਾਪਨ ਦੇ ਵਿਚਾਰਾਂ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਲਿਖਿਆ ਜਾਂਦਾ ਹੈ ਅਤੇ ਧਰਮ ਬਾਰੇ ਰੂੜ੍ਹੀਮੁਕਤ ਵਿਚਾਰਾਂ ਅਤੇ 21ਵੀਂ ਸਦੀ ਦੀ ਵਿਗਿਆਨਕ ਸੋਚ ਨੂੰ ਅਣਡਿਠ ਕਰਨ ਦਾ ਦਸਤੂਰ ਹੈ; ਪਰ ਸਿੱਖ ਧਰਮ ਦਾ ਰਖਿਅਕ ਸੰਸਥਾਪਨ ਸਵੈਧੀਨ ਨਹੀਂ ਹੈ। ਉਹ ਭਾਰਤੀ ਕਾਨੂੰਨ ਦੀ ਉਪਜ ਤੇ ਕਿਰਤ ਹੈ ਅਤੇ ਉਸ ‘ਤੇ ਆਸ਼ਰਿਤ ਹੈ। “ਸਿਖੀ ਸਿਖਿਆ ਗੁਰ ਵਿਚਾਰਿ” ਤੋਂ ਸ਼ੁਰੂ ਹੋਏ ਸਿੱਖ ਧਰਮ ਦੀ ਪ੍ਰਤੀਨਿਧਤਾ ਹੁਣ ਭਾਰਤੀ ਕਾਨੂੰਨ ਦਾ ਸਿਰਜਿਆ ਧਾਰਮਿਕ ਸੰਸਥਾਪਨ ਕਰਦਾ ਹੈ। ਸਿੱਖ ਧਰਮ ਦੇ ਸਫਰ ਦੀ ਗਾਥਾ ‘ਤੇ ਸਰਸਰੀ ਨਜ਼ਰ ਮਾਰਨ ਦਾ ਯਤਨ ਕਰਦੇ ਹਾਂ।
ਗੁਰੂ ਨਾਨਕ ਸਾਹਿਬ ਨੇ ਪ੍ਰਕਿਰਤੀ ਦਾ ਨਿਰੀਖਣ, ਧਰਮ ਦਾ ਡੂੰਘਾ ਅਧਿਐਨ ਅਤੇ ਜਗਤ ਦੇ ਪ੍ਰਸਿਧ ਭਗਤਾਂ, ਧਰਮ ਸ਼ਾਸਤਰੀਆਂ ਤੇ ਵਿਦਵਾਨਾਂ ਨਾਲ ਵਿਚਾਰ-ਵਟਾਂਦਰੇ ਕਰਕੇ ਅਧਿਆਤਮਕ ਗਿਆਨ ਅਤੇ ਮਨੁੱਖੀ ਆਜ਼ਾਦੀ ਤੇ ਬਰਾਬਰੀ ਦੀ ਧਾਰਕ (ਫਰੋਪੋਨeਨਟ) ਨਾਨਕ ਵਿਚਾਰਧਾਰਾ ਸਿਰਜੀ ਸੀ। ਉਨ੍ਹਾਂ ਦੀ ਵਿਚਾਰਧਾਰਾ ਦਾ ਹਿੰਦੂ ਧਰਮ ਅਤੇ ਜੋਗੀ ਮੱਤ ਦੇ ਉਪਾਸ਼ਕਾਂ ਵਲੋਂ ਵਿਰੋਧ ਹੋਣਾ ਸੁਭਾਵਿਕ ਸੀ, ਪਰ ਉਨ੍ਹਾਂ ਦਾ ਆਪਣਾ ਪੁੱਤਰ, ਸ੍ਰੀ ਚੰਦ ਵੀ ਵਿਰੋਧ ਕਰਨ ਲੱਗ ਪਿਆ। ਸੱਤਾ ਬਲਵੰਡ ਆਪਣੀ ਵਾਰ ਵਿਚ ਲਿਖਦੇ ਹਨ, “ਪੁੱਤਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ॥” (ਪੰਨਾ 967) ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਪਰਿਵਾਰਕ ਵਿਅਕਤੀਆਂ ਵਲੋਂ ਗੁਰੂ ਸਾਹਿਬਾਨ ਦੀ ਵਿਰੋਧਤਾ ਸਮਾਂ ਪੈਣ ਨਾਲ ਹਿੰਸਾਤਮਕ ਹੋ ਗਈ। ਗੁਰੂ ਸਾਹਿਬਾਨ ਦੇ ਪਰਿਵਾਰਕ ਵਿਰੋਧੀ ਪ੍ਰਚਲਤ ਪ੍ਰਥਾ ਅਨੁਸਾਰ ਵਿਅਕਤੀ ਨੂੰ ਗੁਰੂ ਅਤੇ ਗੁਰੂ ਦੇ ਵੱਡੇ ਪੁੱਤਰ ਨੂੰ ਗੁਰਗੱਦੀ ਦਾ ਹੱਕਦਾਰ ਮੰਨਦੇ ਸਨ, ਪਰ ਗੁਰਬਾਣੀ ਇਸ ਪ੍ਰਥਾ ਦਾ ਖੰਡਨ ਕਰਦੀ ਸੀ ਅਤੇ ਇਸ ਦੇ ਵਿਰੁਧ ਸ਼ਬਦ ਨੂੰ ਗੁਰੂ ਮੰਨਦੀ ਸੀ, ਕਿਉਂਕਿ ਸ਼ਬਦ ਹੀ ਸਿਖਿਆ ਪ੍ਰਦਾਨ ਕਰਨ ਦਾ ਇਕੋ ਇੱਕ ਸਾਧਨ ਹੈ। ਗੁਰੂ ਸਾਹਿਬਾਨ ਦੇ ਪਰਿਵਾਰਕ ਵਿਰੋਧੀ ਸ਼ਬਦ ਅਤੇ ਗਿਆਨ ਨੂੰ ਗੁਰੂ ਮੰਨਣ ਤੋਂ ਇਨਕਾਰੀ ਸਨ। ਉਹ ਤਾਂ ਗੁਰਬਾਣੀ ਨਾਲੋਂ ਗੱਦੀ ਨੂੰ ਅਹਿਮ ਅਤੇ ਗੁਰਬਾਣੀ ਨੂੰ ਵਿਰਸੇ ਵਿਚ ਮਿਲਣ ਵਾਲੀ ਗੱਦੀ ਦਾ ਭਾਗ ਮੰਨਦੇ ਸਨ। ਜਨਮ ‘ਤੇ ਆਧਾਰਤ ਹੋਣ ਕਾਰਨ ਗੁਰਗੱਦੀ ਨਿਰੋਲ ਹਿੰਦੂ ਜਾਤ-ਪਾਤ ਦਾ ਸੰਕਲਪ ਸੀ, ਜਿਸ ਨੂੰ ਗੁਰਬਾਣੀ ਪ੍ਰਵਾਨ ਨਹੀਂ ਸੀ ਕਰਦੀ। ਇਸ ਲਈ ਗੁਰੂ ਸਾਹਿਬਾਨ ਗੁਰੂ ਵਿਅਕਤੀ ਦਾ ਗਿਆਨਵਾਨ ਹੋਣਾ ਜ਼ਰੂਰੀ ਸਮਝਦੇ ਸਨ। ਇਸ ਸਿਧਾਂਤ ਨੂੰ ਮੁੱਖ ਰਖਦਿਆਂ ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਉਣ ਸਮੇਂ ਗੁਰਬਾਣੀ ਸੰਚਾਰ ਦੀ ਜ਼ਿੰਮੇਵਾਰੀ ਭਾਈ ਲਹਿਣਾ ਯਾਨਿ ਗੁਰੂ ਅੰਗਦ ਸਾਹਿਬ ਨੂੰ ਸੌਂਪੀ। ਗੁਰੂ ਅੰਗਦ ਸਾਹਿਬ ਨੂੰ ਕਰਤਾਰਪੁਰ ਛੱਡ ਕੇ ਆਪਣਾ ਟਿਕਾਣਾ ਖਡੂਰ ਸਾਹਿਬ ਬਣਾਉਣਾ ਪਿਆ।
ਗੁਰੂ ਅੰਗਦ ਸਾਹਿਬ ਨੇ ਸੰਸਾਰ ਤੋਂ ਵਿਦਾਇਗੀ ਸਮੇਂ ਗੁਰਬਾਣੀ ਸੰਚਾਰ ਦੀ ਜ਼ਿੰਮੇਵਾਰੀ ਗੁਰੂ ਅਮਰਦਾਸ ਜੀ ਨੂੰ ਸੌਂਪੀ, ਜਿਸ ‘ਤੇ ਉਨ੍ਹਾਂ ਦਾ ਵੱਡਾ ਪੁੱਤਰ ਦਾਤੂ ਜੀ, ਜੋ ਗੁਰਗੱਦੀ ‘ਤੇ ਆਪਣਾ ਹੱਕ ਸਮਝਦਾ ਸੀ, ਬਹੁਤ ਨਾਰਾਜ਼ ਹੋ ਗਿਆ ਅਤੇ ਗੁਰੂ ਅਮਰਦਾਸ ਜੀ ਨਾਲ ਦੁਰਵਿਹਾਰ ਕਰਨ ਲੱਗ ਪਿਆ। ਗੁਰੂ ਅਮਰਦਾਸ ਜੀ ਨੂੰ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਸਾਹਿਬ ਨੂੰ ਗੁਰਬਾਣੀ ਸੰਚਾਰ ਦਾ ਕੇਂਦਰ ਬਣਾਉਣਾ ਪਿਆ। ਗੁਰੂ ਅਮਰਦਾਸ ਜੀ ਨੇ ਨਾਨਕ ਵਿਚਾਰਧਾਰਾ ਦੇ ਸੰਚਾਰ ਦੀ ਜ਼ਿੰਮੇਵਾਰੀ, ਭਾਈ ਜੇਠਾ ਜੀ, ਗੁਰੂ ਰਾਮਦਾਸ ਜੀ ਨੂੰ ਸੌਂਪੀ, ਜਿਸ ‘ਤੇ ਉਨ੍ਹਾਂ ਦਾ ਪੁੱਤਰ ਬਾਬਾ ਮੋਹਨ ਨਾਰਾਜ਼ ਹੋ ਗਿਆ। ਗੁਰੂ ਰਾਮ ਦਾਸ ਜੀ ਨੂੰ ਗੋਇੰਦਵਾਲ ਸਾਹਿਬ ਛੱਡ ਕੇ ਰਾਮਦਾਸਪੁਰ (ਅੰਮ੍ਰਿਤਸਰ) ਵਸਾਉਣਾ ਪਿਆ। ਗੁਰਮਤਿ ਦੀ ਵਧ ਰਹੀ ਮਾਨਤਾ ਅਤੇ ਪ੍ਰਭਾਵ ਨੇ ਬਾਬਾ ਸ੍ਰੀ ਚੰਦ ਨੂੰ ਆਪਣੇ ਉਦਾਸੀ ਮੱਤ ਨੂੰ ਗੁਰਮਤਿ ਪ੍ਰਚਾਰ ਦਾ ਸਹਿਯੋਗੀ ਬਣਾਉਣ ਦੀ ਪੇਸ਼ਕਸ਼ ਕਰ ਦਿੱਤੀ, ਜੋ ਗੁਰੂ ਜੀ ਨੇ ਪ੍ਰਵਾਨ ਕਰ ਲਈ। ਗੁਰੂ ਜੀ ਨੇ ਜੋਤੀ ਜੋਤ ਸਮਾਉਣ ਸਮੇਂ ਗੁਰਬਾਣੀ ਸੰਚਾਰ ਦੀ ਜ਼ਿੰਮੇਵਾਰੀ ਆਪਣੇ ਛੋਟੇ ਪੁੱਤਰ, ਅਰਜਨ ਦੇਵ ਜੀ ਨੂੰ ਸੌਂਪ ਦਿੱਤੀ, ਜਿਸ ‘ਤੇ ਉਨ੍ਹਾਂ ਦਾ ਵੱਡਾ ਪੁੱਤਰ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਜਾਨੀ ਦੁਸ਼ਮਣ ਬਣ ਗਿਆ। ਇਸ ਦੁਸ਼ਮਣੀ ਨੇ ਗੁਰੂ ਅਰਜਨ ਸਾਹਿਬ ਦੇ ਜੀਵਨ ਅਤੇ ਸਿੱਖ ਧਰਮ ਨੂੰ ਬਹੁਤ ਪ੍ਰਭਾਵਿਤ ਕੀਤਾ। ਵੱਡਾ ਪੁੱਤਰ ਹੋਣ ਕਾਰਨ ਪ੍ਰਿਥੀ ਚੰਦ ਗੁਰੂ ਪਦਵੀ ਅਤੇ ਦਰਬਾਰ ਸਾਹਿਬ ਦੀ ਜਾਇਦਾਦ ‘ਤੇ ਆਪਣਾ ਹੱਕ ਜਤਾਉਂਦਾ ਸੀ। ਪ੍ਰਿਥੀ ਚੰਦ ਦੇ ਪੁੱਤਰ, ਮੇਹਰਬਾਨ ਨੇ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਗੁਰੂ ਸਾਹਿਬਾਨ ਦੀ ਬਾਣੀ ਵਿਚ ਆਪਣੀਆਂ ਰਚਨਾਵਾਂ ਮਿਲਾ ਕੇ ਇੱਕ ਗ੍ਰੰਥ ਵੀ ਤਿਆਰ ਕਰ ਲਿਆ ਸੀ। ਗੁਰੂ ਅਰਜਨ ਸਾਹਿਬ ਨੇ ਵੀ ਨਾਨਕ ਬਾਣੀ ਅਤੇ ਚੋਣਵੇਂ ਭਗਤਾਂ ਦੀ ਬਾਣੀ ਦਾ ਗ੍ਰੰਥ ਤਿਆਰ ਕੀਤਾ, ਜੋ ਪੋਥੀ ਸਾਹਿਬ ਦੇ ਨਾਂ ਨਾਲ ਜਾਣਿਆ ਗਿਆ। ਗੁਰੂ ਅਰਜਨ ਸਾਹਿਬ ਦੇ ਸਮੇਂ ਗੁਰਮਤਿ ਪ੍ਰਚਾਰ ਬਹੁਤ ਪ੍ਰਫੁਲਤ ਹੋਇਆ, ਪਰ ਜਹਾਂਗੀਰ ਬਾਦਸ਼ਾਹ ਗੁਰੂ ਸਾਹਿਬ ਦੇ ਧਰਮ ਪ੍ਰਚਾਰ ਦਾ ਵਿਰੋਧੀ ਹੋ ਗਿਆ ਅਤੇ ਅਮੀਰ ਖੁਸਰੋ ਦੀ ਬਗਾਵਤ ਸਮੇਂ ਉਸ ਦੇ ਗੁਰੂ ਸਾਹਿਬ ਨਾਲ ਮੁਲਾਕਾਤ ਬਾਰੇ ਸ਼ਿਕਾਇਤ ਮਿਲਣ ‘ਤੇ ਮੁਗਲ ਸ਼ਾਸਨ ਨੇ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ।
ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਉਪਰੰਤ ਦਰਬਾਰ ਸਾਹਿਬ ‘ਤੇ ਪ੍ਰਿਥੀ ਚੰਦ ਦਾ ਕਬਜ਼ਾ ਹੋ ਗਿਆ। ਗੁਰੂ ਹਰਿਗੋਬਿੰਦ ਸਾਹਿਬ ਅਕਾਲ ਬੁੰਗਾ ਵਰਤਣ ਲੱਗ ਪਏ। ਗੁਰੂ ਸਾਹਿਬ ਦੇ ਰਿਸ਼ਤੇਦਾਰਾਂ ਵਲੋਂ ਮੁਰਤਜ਼ਾ ਖਾਨ ਨੂੰ ਅਕਾਲ ਬੁੰਗੇ ਦੀ ਕਿਲਾਬੰਦੀ ਕਰਨ ਦੀਆਂ ਸ਼ਿਕਾਇਤਾਂ ਮਿਲਣ ‘ਤੇ ਉਨ੍ਹਾਂ ਨੂੰ ਜਹਾਂਗੀਰ ਨੇ 7 ਸਾਲ ਗਵਾਲੀਆਰ ਕਿਲੇ ਵਿਚ ਕੈਦ ਰਖਿਆ। ਕੈਦ ਤੋਂ ਰਿਹਾ ਹੋਣ ‘ਤੇ ਵਿਰੋਧੀਆਂ ਨੇ ਉਨ੍ਹਾਂ ਨੂੰ ਫਜ਼ੂਲ ਜੰਗਾਂ ਵਿਚ ਉਲਝਾ ਲਿਆ ਤਾਂ ਜੋ ਗੁਰਮਤਿ ਦਾ ਪ੍ਰਚਾਰ ਬੰਦ ਕਰਵਾ ਕੇ ਗੁਰੂ ਪਦਵੀ ਨੂੰ ਹੀ ਵੰਗਾਰਿਆ ਜਾ ਸਕੇ, ਪਰ ਗੁਰੂ ਸਾਹਿਬ ਦਾ ਜੀਵਨ ਗੁਰਮਤਿ ਪ੍ਰਸਾਰ ਨੂੰ ਸਮਰਪਿਤ ਸੀ। ਉਨ੍ਹਾਂ ਜੰਗਾਂ ਤੋਂ ਕਿਨਾਰਾ ਕਰ ਲਿਆ ਅਤੇ ਯੋਜਨਾਬੱਧ ਢੰਗ ਨਾਲ ਗੁਰਮਤਿ ਪ੍ਰਚਾਰ ਅਰੰਭ ਦਿੱਤਾ, ਜਿਸ ‘ਤੇ ਗੁਰਮਤਿ ਦੇ ਸ਼ਰਧਾਲੂਆਂ ਵਿਚ ਬਹੁਤ ਵਾਧਾ ਹੋਇਆ। ਪ੍ਰਿਥੀ ਚੰਦ ਅਤੇ ਮੁਗਲ ਸ਼ਾਸਨ ਦੀ ਵਿਰੋਧਤਾ ਕਾਰਨ ਗੁਰੂ ਸਾਹਿਬ ਨੂੰ ਅੰਮ੍ਰਿਤਸਰ ਛੱਡਣਾ ਪਿਆ ਅਤੇ ਉਨ੍ਹਾਂ ਕੀਰਤਪੁਰ ਸਾਹਿਬ ਨੂੰ ਆਪਣਾ ਟਿਕਾਣਾ ਬਣਾ ਲਿਆ।
ਜੋਤੀ ਜੋਤ ਸਮਾਉਣ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਲਈ ਆਪਣੇ ਪੁੱਤਰਾਂ ਵਿਚੋਂ ਵਿਅਕਤੀ ਗੁਰੂ ਦੀ ਚੋਣ ਕਰਨੀ ਔਖੀ ਹੋ ਗਈ ਸੀ। ਸੂਰਜ ਮੱਲ ਦੇ ਵੱਡੇ ਪੁੱਤਰ ਧੀਰ ਮੱਲ ਨੇ ਪੋਥੀ ਸਾਹਿਬ ‘ਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਉਹ ਆਪਣੇ ਆਪ ਨੂੰ ਗੁਰੂ ਪਦਵੀ ਦਾ ਹੱਕਦਾਰ ਦੱਸਦਾ ਸੀ, ਪਰ ਗੁਰੂ ਜੀ ਨੇ ਉਦਾਸੀ ਮਤ ਦੇ ਵਿਸ਼ਵਾਸੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਹਰਿ ਰਾਏ ਜੀ ਨੂੰ ਗੁਰੂ ਥਾਪ ਦਿੱਤਾ। ਹਰਿ ਰਾਏ ਜੀ ਉਦਾਸੀ ਪਰਿਵਾਰ ਵਿਚੋਂ ਸਨ। ਗੁਰੂ ਹਰਿ ਰਾਏ ਜੀ ਨੇ ਜੋਤੀ ਜੋਤ ਸਮਾਉਣ ਸਮੇਂ ਆਪਣੇ ਛੋਟੇ ਪੁੱਤਰ, ਹਰਿ ਕਿਸ਼ਨ ਜੀ ਨੂੰ 5 ਸਾਲ ਦੀ ਉਮਰ ਵਿਚ ਗੁਰੂ ਥਾਪ ਦਿੱਤਾ। ਗੁਰੂ ਹਰਿ ਕਿਸ਼ਨ ਜੀ ਵੀ 3 ਸਾਲ ਬਾਅਦ ਜੋਤੀ ਜੋਤ ਸਮਾ ਗਏ ਅਤੇ ਗੁਰੂ ਦੀ ਚੋਣ ਸਿੱਖ ਸੰਗਤ ਨੂੰ ਕਰਨੀ ਪਈ। 22 ਸੋਢੀ ਗੁਰੂ ਪਦਵੀ ‘ਤੇ ਆਪਣਾ ਹੱਕ ਜਤਾਉਂਦੇ ਸਨ, ਪਰ ਸਿੱਖ ਸੰਗਤ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਤੇਗ ਬਹਾਦਰ ਜੀ ਨੂੰ ਗੁਰੂ ਚੁਣ ਲਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਬਣਨ ‘ਤੇ ਧੀਰ ਮੱਲ ਗੁਰੂ ਸਾਹਿਬ ਦਾ ਦੁਸ਼ਮਣ ਬਣ ਗਿਆ। ਧੀਰ ਮੱਲ ਨੇ ਆਪਣੇ ਮਸੰਦ, ਸੀਂਹੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਰਨ ਲਈ ਗੋਲੀ ਚਲਵਾਈ। ਗੁਰੂ ਸਾਹਿਬ ਦੇ ਸ਼ਰਧਾਲੂਆਂ ਨੇ ਵੀ ਬਦਲਾ ਲੈਣ ਲਈ ਧੀਰ ਮੱਲ ‘ਤੇ ਹਮਲਾ ਕਰ ਦਿੱਤਾ। ਗੁਰਗੱਦੀ ਦੇ ਦਾਅਵੇਦਾਰਾਂ ਦੀਆਂ ਗੁਰੂ ਤੇਗ ਬਹਾਦਰ ਸਾਹਿਬ ਵਿਰੁਧ ਮੁਗਲ ਸ਼ਾਸਨ ਨੂੰ ਸ਼ਿਕਾਇਤਾਂ ਉਨ੍ਹਾਂ ਦੀ ਸ਼ਹੀਦੀ ਦਾ ਕਾਰਨ ਬਣ ਗਈਆਂ। ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸਾਜ਼ਿਸ਼ਾਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਦੋਂ ਤਕ ਜੰਗਾਂ ਵਿਚ ਉਲਝਾਈ ਰਖਿਆ, ਜਦੋਂ ਤਕ ਗੁਰਗੱਦੀ ਦੇ ਵਾਰਸ ਸਮਝੇ ਜਾਂਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾ ਹੋਈ। ਮੁਗਲ ਸ਼ਾਸਨ ਨਿਰਪੱਖ ਸੀ, ਪਰ ਗੁਰੂ ਸਾਹਿਬਾਨ ਦੇ ਪਰਿਵਾਰਕ ਵਿਰੋਧੀ ਗੁਰੂ ਸਾਹਿਬਾਨ ਦੀ ਵਧਦੀ ਪ੍ਰਸਿੱਧੀ ਨੂੰ ਮੁਗਲ ਸ਼ਾਸਨ ਲਈ ਖਤਰਾ ਦੱਸ ਕੇ ਸ਼ਾਸਨ ਨੂੰ ਗੁਰੂ ਸਾਹਿਬਾਨ ਦੇ ਵਿਰੁਧ ਕਰਨ ਵਿਚ ਸਫਲ ਹੋ ਗਏ ਸਨ। ਉਨ੍ਹਾਂ ਦੀਆਂ ਗੰਭੀਰ ਸ਼ਿਕਾਇਤਾਂ ਅਤੇ ਸਾਜ਼ਿਸ਼ਾਂ ਨੇ ਹੀ ਪਹਾੜੀ ਰਾਜਿਆਂ ਤੇ ਮੁਗਲ ਸ਼ਾਸਨ ਨੂੰ ਗੁਰੂ ਜੀ ਨਾਲ ਜੰਗਾਂ ਛੇੜਨ ਲਈ ਉਤਸ਼ਾਹਤ ਕੀਤਾ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਸ਼ਹੀਦੀ ਉਪਰੰਤ ਉਨ੍ਹਾਂ ਵਿਰੁਧ ਜੰਗ ਵੀ ਖਤਮ ਹੋ ਗਈ। ਗੁਰੂ ਸਾਹਿਬ ਨਿਪੁੰਨ ਫੌਜੀ ਕਮਾਂਡਰ ਅਤੇ ਸੰਗਠਕ ਹੁੰਦੇ ਹੋਏ ਗੁਰੂ ਪਦਵੀ ਨੂੰ ਸਭ ਤੋਂ ਅਹਿਮ ਸਮਝਦੇ ਸਨ ਅਤੇ ਗੁਰਮਤਿ ਗਿਆਨ ਦੀ ਸਿਖਿਆ ਦੇਣ ਅਤੇ ਉਸ ਦਾ ਪ੍ਰਸਾਰ ਕਰਨ ਨੂੰ ਆਪਣੇ ਜੀਵਨ ਦਾ ਮਨੋਰਥ ਮੰਨਦੇ ਸਨ। ਇਸੇ ਲਈ ਜੰਗ ਤੋਂ ਸੁਰਖਰੂ ਹੁੰਦੇ ਹੀ ਉਨ੍ਹਾਂ ਦਮਦਮੀ ਬੀੜ ਸੰਪਾਦਿਤ ਕਰਕੇ ਉਸ ਦੀ ਬਾਣੀ ਨੂੰ ਅਧਿਆਤਮਕ ਗਿਆਨ ਦੀ ਸਿਖਿਆ ਦੇਣ ਵਾਲਾ ਗੁਰੂ ਥਾਪ ਦਿੱਤਾ।
ਸਮਾਂ ਪੈਣ ਨਾਲ ਔਰੰਗਜ਼ੇਬ ਨੂੰ ਵੀ ਅਹਿਸਾਸ ਹੋ ਗਿਆ ਕਿ ਉਸ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਕਰਨੀ ਸਹੀ ਨਹੀਂ ਸੀ। ਉਸ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਨਾਲ ਉਨ੍ਹਾਂ ਨੂੰ ਅਹਿਮਦ ਨਗਰ ਸੱਦਿਆ, ਪਰ ਗੁਰੂ ਸਾਹਿਬ ਨਾਲ ਮਿਲਣ ਤੋਂ ਪਹਿਲੋਂ ਹੀ ਉਸ ਦੀ ਮੌਤ ਹੋ ਗਈ। ਨੰਦੇੜ ਵਿਚ ਗੁਰੂ ਜੀ ਦੀ ਮੁਲਾਕਾਤ ਬੰਦਾ ਬਹਾਦਰ ਨਾਲ ਹੋਈ। ਇਹ ਸਮਝਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਬੰਦਾ ਬਹਾਦਰ ਨੂੰ ਮੁਗਲਾਂ ਤੋਂ ਬਦਲਾ ਲੈਣ ਲਈ ਪੰਜਾਬ ‘ਤੇ ਹਮਲਾ ਕਰਨ ਲਈ ਆਖਿਆ ਸੀ। ਜੇ ਗੁਰੂ ਜੀ ਮੁਗਲਾਂ ਤੋਂ ਬਦਲਾ ਲੈਣਾ ਚਾਹੁੰਦੇ ਤਾਂ ਉਨ੍ਹਾਂ ਆਪ ਮੁਗਲਾਂ ‘ਤੇ ਹਮਲਾ ਕਰ ਦੇਣਾ ਸੀ, ਕਿਸੇ ਹੋਰ ਨੂੰ ਕਿਉਂ ਕਹਿਣਾ ਸੀ? ਗੁਰੂ ਸਾਹਿਬ ਨੇ ਉਸੇ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਦਮਦਮੀ ਬੀੜ ਦੀ ਸੰਪਾਦਨਾ ਕੀਤੀ ਸੀ, ਜਿਸ ਦੀ ਬਾਣੀ ਬਦਲੇ ਦੀ ਭਾਵਨਾ ਦਾ ਖੰਡਨ ਕਰਦੀ ਹੈ। ਕੀ ਉਨ੍ਹਾਂ ਗੁਰਬਾਣੀ ਉਪਦੇਸ਼ ਨੂੰ ਨਜ਼ਰ ਅੰਦਾਜ਼ ਕਰਕੇ ਮੁਗਲਾਂ ਤੋਂ ਬਦਲਾ ਲੈਣ ਲਈ ਆਖਿਆ ਹੋਵੇਗਾ? ਉਹ ਤੇ ਮੁਗਲ ਸ਼ਾਸਨ ਨਾਲ ਸੁਲ੍ਹਾ ਕਰਨ ਲਈ ਔਰੰਗਜ਼ੇਬ ਨੂੰ ਮਿਲਣ ਅਹਿਮਦ ਨਗਰ ਜਾਣ ਦਾ ਨਿਰਣਾ ਲੈ ਚੁਕੇ ਸਨ ਤਾਂ ਉਨ੍ਹਾਂ ਬੰਦਾ ਬਹਾਦਰ ਨੂੰ ਉਸੇ ਸ਼ਾਸਨ ‘ਤੇ ਹਮਲਾ ਕਰਨ ਲਈ ਕਿਉਂ ਕਹਿਣਾ ਸੀ? ਗੁਰੂ ਸਾਹਿਬ ਦਾ ਉਪਾਸ਼ਕ ਭਾਈ ਨੰਦ ਲਾਲ ਗੋਯਾ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦਾ ਉਸਤਾਦ ਸੀ। ਗੁਰੂ ਸਾਹਿਬ ਦੇ ਬਹਾਦਰ ਸ਼ਾਹ ਨਾਲ ਬਹੁਤ ਅੱਛੇ ਤਅਲੁਕਾਤ ਸਨ।
ਬੰਦਾ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਾਫੀ ਅਰਸੇ ਬਾਅਦ ਪੰਜਾਬ ਪਹੁੰਚਿਆ ਸੀ। ਉਸ ਨੇ ਪੰਜਾਬ ਵਿਚ ਮੁਗਲ ਫੌਜਾਂ ਨੂੰ ਕਈ ਥਾਂਵਾਂ ‘ਤੇ ਹਰਾਇਆ, ਪਰ ਅੰਤ ਵਿਚ ਉਸ ਦੀ ਹਾਰ ਹੋ ਗਈ ਅਤੇ ਉਸ ਨੂੰ ਬੰਦੀ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ। ਬੰਦਾ ਬਹਾਦਰ ਦੀ ਸ਼ਹੀਦੀ ਉਪਰੰਤ ਮੁਗਲ ਸ਼ਾਸਨ ਨੇ ਗੁਰਮਤਿ ਦੇ ਉਪਾਸ਼ਕਾਂ ਦੀ ਨਸਲਕੁਸ਼ੀ ਦਾ ਐਲਾਨ ਕਰ ਦਿੱਤਾ, ਪਰ ਉਹ ਐਲਾਨ ਗੁਰੂ ਸਾਹਿਬਾਨ ਦੇ ਵਿਰੋਧੀਆਂ, ਉਦਾਸੀਆਂ ਅਤੇ ਨਿਰਮਲਿਆਂ ‘ਤੇ ਲਾਗੂ ਨਹੀਂ ਸੀ ਹੁੰਦਾ, ਕਿਉਂਕਿ ਮੁਗਲ ਸ਼ਾਸਨ ਉਨ੍ਹਾਂ ਨੂੰ ਗੁਰਮਤਿ ਦੇ ਧਾਰਨੀ ਨਹੀਂ ਸਮਝਦਾ ਸੀ। ਦਰਬਾਰ ਸਾਹਿਬ ਤੇ ਅਕਾਲ ਬੁੰਗਾ ਉਤੇ ਗੁਰੂ ਸਾਹਿਬਾਨ ਦੇ ਵਿਰੋਧੀ ਤੇ ਉਦਾਸੀਏ ਕਬਜ਼ੇ ਸਨ, ਜੋ ਬਰਕਰਾਰ ਰਹੇ। ਉਦਾਸੀਆਂ ਅਤੇ ਨਿਰਮਲਿਆਂ ਨੇ ਗੁਰੂ ਸਾਹਿਬਾਨ ਵਲੋਂ ਸਥਾਪਤ ਧਰਮਸ਼ਾਲਾਵਾਂ ‘ਤੇ ਕਬਜ਼ੇ ਕਰ ਲਏ, ਉਨ੍ਹਾਂ ਨੂੰ ਗੁਰਦੁਆਰੇ ਬਣਾ ਦਿੱਤਾ ਅਤੇ ਮੁਗਲ ਸ਼ਾਸਨ ਦੀ ਹਮਾਇਤ ਕਰਨ ਲੱਗ ਪਏ। ਧਰਮਸ਼ਾਲਾਵਾਂ ਬੰਦ ਹੋਣ ਨਾਲ ਗੁਰੂ ਨਾਨਕ ਸਾਹਿਬ ਵਲੋਂ ਸ਼ੁਰੂ ਕੀਤਾ ਗੁਰਮਤਿ ਪ੍ਰਚਾਰ ਬੰਦ ਹੋ ਗਿਆ। ਗੁਰਮਤਿ ਦਾ ਪ੍ਰਚਾਰ ਬੰਦ ਹੋਣ ਨਾਲ ਉਦਾਸੀਆਂ ਨੇ ਗ੍ਰਹਿਸਥੀਆਂ ਨੂੰ ਵੀ ਆਪਣੇ ਮੱਤ ਵਿਚ ਸ਼ਾਮਲ ਕਰ ਲਿਆ ਅਤੇ ਗ੍ਰਹਿਸਥੀ ਉਦਾਸੀ ਮਤ ਨੂੰ ਸਿੱਖ ਧਰਮ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਉਦਾਸੀਆਂ ਨੇ ਗੁਰੂ ਨਾਨਕ ਸਾਹਿਬ ਦਾ ਇਹ ਮੰਤਰ (ਮਾਤ੍ਰਾ) ਘੜ ਲਿਆ, “ਪ੍ਰਿਥਮ ਗੁਰੂ ਕੋ ਨਮਸਕਾਰ। ਸਗਲ ਜਗਤ ਜਾ ਕੇ ਆਧਾਰ। ਓਅੰਕਾਰ ਕੀ ਰਾਹ ਚਲਾਈ। ਸਤਿਗੁਰੁ ਹੋਏ ਆਪ ਸਹਾਈ। ਓਅੰ ਆਦਿ ਉਦਾਸੀ ਆਇ। ਉਦਾਸ ਧਰਮ ਕੀ ਰਾਹ ਚਲਾਏ…।” ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜ ਸਮੇਂ ਲਗਭਗ ਦੋ ਸੌ ਸਾਲ ਗੁਰਦੁਆਰਿਆਂ ਵਿਚ ਉਦਾਸੀਆਂ ਦੇ ਸਿੱਖ ਧਰਮ ਦਾ ਪ੍ਰਚਾਰ ਹੁੰਦਾ ਰਿਹਾ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ।
ਅੰਗਰੇਜ਼ਾਂ ਦੇ ਰਾਜ ਸਮੇਂ ਪੜ੍ਹੇ-ਲਿਖੇ ਸਿੱਖ ਉਦਾਸੀ ਮੱਤ ਦੀ ਸਨਾਤਨੀ ਸਿੱਖੀ ਤੋਂ ਸੰਤੁਸ਼ਟ ਨਹੀਂ ਸਨ। ਸਾਧਸਰਣ ਸਿੱਖ ਈਸਾਈ ਧਰਮ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਰਹੇ ਸਨ। ਆਰੀਆ ਸਮਾਜ ਵੀ ਆਪਣੇ ਧਰਮ ਦਾ ਜ਼ੋਰਦਾਰ ਪ੍ਰਚਾਰ ਕਰ ਰਿਹਾ ਸੀ। ਸਮੇਂ ਦੀ ਲੋੜ ਨੂੰ ਮੁੱਖ ਰਖਦਿਆਂ ਪੜ੍ਹੇ-ਲਿਖੇ ਸਿੱਖਾਂ ਨੇ ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ ਦਾ ਯੋਗ ਪ੍ਰਬੰਧ ਕਰਨ ਲਈ ਸ਼ਹਿਰਾਂ ਵਿਚ ਸਿੰਘ ਸਭਾਵਾਂ ਕਾਇਮ ਕਰਨ ਦਾ ਫੈਸਲਾ ਕਰ ਲਿਆ। ਲਾਹੌਰ ਅਤੇ ਅੰਮ੍ਰਿਤਸਰ ਵਿਚ ਸਿੰਘ ਸਭਾਵਾਂ ਦੇ ਵੱਡੇ ਕੇਂਦਰ ਸਥਾਪਤ ਹੋ ਗਏ। ਮਾਲਵੇ ਵਿਚ ਭਸੌੜ ਸਿੰਘ ਸਭਾ ਬਣ ਗਈ। ਸਿੰਘ ਸਭਾਵਾਂ ਦੇ ਨਾਲ ਚੀਫ ਖਾਲਸਾ ਦੀਵਾਨ ਵੀ ਸਥਾਪਤ ਹੋ ਗਏ, ਜਿਨ੍ਹਾਂ ਸਿਖਿਆ ਦੇ ਖੇਤਰ ਵਿਚ ਭਾਰੀ ਯੋਗਦਾਨ ਪਾਇਆ। ਭਾਵੇਂ ਸਿੰਘ ਸਭਾਵਾਂ ਦੀ ਕੋਈ ਇੱਕ ਸੰਯੁਕਤ ਸੰਸਥਾ ਨਾ ਬਣ ਸਕੀ, ਪਰ ਉਨ੍ਹਾਂ ਅਤੇ ਚੀਫ ਖਾਲਸਾ ਦੀਵਾਨਾਂ ਦੀਆਂ ਸੂਝਵਾਨ ਸੇਵਾਵਾਂ ਤੇ ਪ੍ਰਚਾਰ ਨੇ ਸਿੱਖਾਂ ਵਿਚ ਗੁਰਮਤਿ ਵਿਚਾਰਧਾਰਾ ਬਾਰੇ ਜਾਗ੍ਰਿਤੀ ਲੈ ਆਂਦੀ। ਭਟਕਣ ਵਿਚ ਪਏ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨ ਲੱਗ ਪਏ। ਧਰਮਸ਼ਾਲਾਵਾਂ ਤੋਂ ਬਣੇ ਗੁਰਦੁਅਰਿਆਂ ਵਿਚ ਉਦਾਸੀ ਮੱਤ ਦੇ ਗੁਰਮਤਿ ਵਿਰੋਧੀ ਮਹੰਤਾਂ ਦੇ ਕਬਜ਼ੇ ਸਨ ਅਤੇ ਉਥੇ ਉਦਾਸੀ ਮੱਤ ਦੇ ਪ੍ਰਚਾਰ ਦੇ ਨਾਲ ਨਾਲ ਨਾਜਾਇਜ਼ ਕਾਰਵਾਈਆਂ ਵੀ ਹੁੰਦੀਆਂ ਸਨ, ਜਿਸ ਤੋਂ ਸੂਝਵਾਨ ਸਿੱਖ ਬਹੁਤ ਦੁਖੀ ਸਨ। ਨਨਕਾਣਾ ਸਾਹਿਬ ਦੀ ਦੁਰਘਟਨਾ ਵਾਪਰਨ ‘ਤੇ ਗੁਰਦੁਆਰਿਆਂ ਵਿਚ ਸੁਧਾਰ ਲਿਆਉਣ ਦੀ ਲਹਿਰ ਜ਼ੋਰ ਫੜ ਗਈ। ਗੁਰਦੁਆਰਾ ਸੁਧਾਰ ਲਹਿਰ ਉਦਾਸੀ ਮਹੰਤਾਂ ਦੇ ਵਿਰੁਧ ਸੀ, ਪਰ ਅੰਗਰੇਜ਼ ਸਰਕਾਰ ਮਹੰਤਾਂ ਦੀ ਹਮਾਇਤ ਵਿਚ ਸਿੱਖਾਂ ਦੇ ਸ਼ਾਂਤੀਪੂਰਵਕ ਰੋਸ ‘ਤੇ ਤਸ਼ੱਦਦ ਕਰਨ ਲੱਗ ਪਈ।
ਮਹੰਤਾਂ ਦੀਆਂ ਜ਼ਿਆਦਤੀਆਂ ਅਤੇ ਸਰਕਾਰੀ ਤਸ਼ੱਦਦ ਦੇ ਬਾਵਜੂਦ ਸਿਦਕੀ ਸਿੱਖਾਂ ਵਲੋਂ ਅਰੰਭੀ ਗੁਰਦੁਆਰਾ ਸੁਧਾਰ ਲਹਿਰ ਸਫਲ ਹੋਈ। ਗੁਰਦੁਆਰਾ ਲਹਿਰ ਦਾ ਮਨੋਰਥ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਕੇ ਗੁਰਮਤਿ ਪ੍ਰਚਾਰ ਦੇ ਕੇਂਦਰ ਬਣਾਉਣਾ ਸੀ, ਪਰ ਸਿੱਖ ਲੀਡਰਾਂ ਨੇ ਗੁਰਦੁਆਰਿਆਂ ਵਿਚ ਸੁਧਾਰ ਲਿਆਉਣ ਦੀ ਥਾਂ ਗੁਰਦੁਆਰਾ ਕਾਨੂੰਨ ਬਣਾਉਣ ਲਈ ਸਹਿਮਤੀ ਬਣਾ ਲਈ। ਪੰਜਾਬ ਸਰਕਾਰ ਨੇ ਗੁਰਦੁਆਰਾਜ਼ ਐਕਟ 1925 ਪਾਸ ਕਰ ਦਿੱਤਾ ਅਤੇ ਸਾਰੇ ਇਤਿਹਾਸਕ ਗੁਰਦੁਆਰੇ ਸਰਕਾਰੀ ਕਾਨੂੰਨ ਦੇ ਅਧੀਨ ਹੋ ਗਏ। ਮਹੰਤ ਹਟਾ ਦਿੱਤੇ ਗਏ ਅਤੇ ਐਕਟ ਵਿਚ ਸਿੱਖਾਂ ਦੀਆਂ ਵੋਟਾਂ ਨਾਲ ਚੁਣੇ ਗੁਰਦੁਆਰਾ ਪ੍ਰਬੰਧਕਾਂ ਦੇ ਬੋਰਡ ਦੀ ਵਿਵਸਥਾ ਕਰ ਦਿੱਤੀ ਗਈ। ਐਕਟ ਨੇ ਗੁਰਦੁਆਰਾ ਪ੍ਰਬੰਧ ਦੇ ਕਰਤੱਵ ਅਤੇ ਨਿਯਮ ਨਿਰਧਾਰਤ ਕਰ ਦਿੱਤੇ। ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਵਲੋਂ ਚੁਣੇ ਬੋਰਡ ਦੇ ਅਧੀਨ ਹੋ ਗਿਆ, ਜਿਸ ਨੇ ਆਪਣਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖ ਲਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਗੁਰਦੁਆਰਾ ਕਾਨੂੰਨ ਦੀ ਉਪਜ ਹੈ। ਗੁਰਦੁਆਰਾ ਕਾਨੂੰਨ ਨਾਲ ਸਬੰਧਤ ਕੁਝ ਐਸੇ ਤੱਥ ਵੀ ਹਨ, ਜਿਨ੍ਹਾਂ ਬਾਰੇ ਸਿੱਖ ਜਗਤ ਵਿਚ ਜਾਣਕਾਰੀ ਦੀ ਘਾਟ ਹੈ। ਉਨ੍ਹਾਂ ਤੱਥਾਂ ਨੂੰ ਵਿਚਾਰਨ ਦੀ ਲੋੜ ਹੈ। ਉਨ੍ਹਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ:
(1) ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੀ ਪ੍ਰਬੰਧਕ ਹੈ, ਗੁਰਮਤਿ ਗਿਆਨ ਦਾ ਪ੍ਰਸਾਰ ਕਰਨ ਵਾਲੀ ਸੰਸਥਾ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਮਤਿ ਦੇ ਵਿਦਵਾਨ ਜਾਂ ਵਿਸ਼ੇਸ਼ਗ ਨਹੀਂ ਹਨ। ਪ੍ਰਬੰਧ ਗੁਰਮਤਿ ਨਹੀਂ ਹੈ। ਇਹ ਇੱਕ ਕਿੱਤਾ ਹੈ, ਜਿਸ ਦੀ ਯੂਨੀਵਰਸਿਟੀਆਂ ਵਿਚ ਸਿਖਿਆ ਦਿੱਤੀ ਜਾਂਦੀ ਹੈ। ਪ੍ਰਬੰਧ ਦੀ ਗੁਰਮਤਿ ਗਿਆਨ ਨਾਲ ਕੋਈ ਸਾਂਝ ਨਹੀਂ ਹੈ।
(2) ਸਿੱਖਾਂ ਨੂੰ ਵੋਟਾਂ ਪਾ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣਨ ਦਾ ਅਧਿਕਾਰ ਹੈ, ਪਰ ਉਸ ਦੇ ਕਰਤਵ ਅਤੇ ਅਧਿਕਾਰ ਨਿਰਧਾਰਤ ਕਰਨ ਦਾ ਹੱਕ ਨਹੀਂ ਹੈ। ਕਮੇਟੀ ਨੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਕੀ ਕਰਨਾ ਹੈ ਅਤੇ ਕਿਵੇਂ ਕਰਨਾ ਹੈ, ਇਹ ਸਰਕਾਰ ਦੇ ਕਾਨੂੰਨ ਨੇ ਨਿਰਧਾਰਤ ਕਰਨਾ ਹੈ।
(3) ਗੁਰੂ ਸਾਹਿਬਾਨ ਨੇ ਗੁਰਮਤਿ ਵਿਚਾਰਧਾਰਾ ਦੇ ਵਿਚਾਰ, ਸਿਖਿਆ ਅਤੇ ਪ੍ਰਸਾਰ ਲਈ ਧਰਮਸ਼ਾਲਾਵਾਂ ਸਥਾਪਤ ਕੀਤੀਆਂ ਸਨ। ਉਹ ਸੰਗਤ ਦੇ ਜੁੜ ਬੈਠਣ ਲਈ ਸੁਤੰਤਰ ਸਥਾਨ ਸਨ, ਗੁਰਦੁਆਰਿਆਂ ਵਾਂਗ ਸੰਸਥਾਗਤ ਸੰਸਥਾਵਾਂ ਨਹੀਂ ਸਨ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਿਆਂ ਦੇ ਢਾਂਚੇ ਨੂੰ ਬਦਲ ਕੇ ਗੁਰਮਤਿ ਵਿਚਾਰ, ਸਿਖਿਆ ਅਤੇ ਪ੍ਰਸਾਰ ਦੀਆਂ ਧਰਮਸ਼ਾਲਾਵਾਂ ਬਣਾਉਣ ਦੀ ਥਾਂ ਗੁਰਦਆਰਿਆਂ ਵਿਚੋਂ ਮੂਰਤੀਆਂ ਹਟਾਉਣ, ਆਰਤੀਆਂ ਅਤੇ ਨਿਰੋਲ ਹਿੰਦੂ ਧਰਮ ਦੇ ਕਰਮ ਕਾਂਡ ਬੰਦ ਕਰਨ ਨੂੰ ਗੁਰਦੁਆਰਾ ਸੁਧਾਰ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ, ਪਾਠ ਅਤੇ ਕੀਰਤਨ ਕਰਨ ਅਤੇ ਸ਼ਰਧਾਲੂਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੀਆਂ ਸੰਸਥਾਵਾਂ ਹੀ ਬਣੇ ਰਹੇ।
(4) ਗੁਰਦੁਆਰਿਆਂ ਦੇ ਪ੍ਰਬੰਧ ਅਤੇ ਸੇਵਾਵਾਂ ਲਈ ਨਿਯੁਕਤ ਕੀਤੇ ਕਰਮਚਾਰੀਆਂ, ਪਾਠੀਆਂ, ਗ੍ਰੰਥੀਆਂ ਅਤੇ ਜਥੇਦਾਰਾਂ ਦੀਆਂ ਯੋਗਤਾਵਾਂ ਗੁਰਮਤਿ ਦੇ ਵਿਦਵਾਨਾਂ ਵਾਲੀਆਂ ਯੋਗਤਾਵਾਂ ਨਹੀਂ ਹਨ, ਉਨ੍ਹਾਂ ਨੂੰ ਗੁਰਮਤਿ ਦਾ ਗਿਆਨ ਨਹੀਂ ਹੈ।
(5) ਅਕਾਲ ਤਖਤ ਗੁਰਦੁਆਰਾ ਕਾਨੂੰਨ ਦੀ ਸੂਚੀ ਵਿਚ ਦਰਜ ਇੱਕ ਗੁਰਦੁਆਰਾ ਹੈ, ਜਿਸ ਦੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਨਿਯੁਕਤ ਕਰਦੀ ਹੈ। ਉਹ ਸਰਕਾਰੀ ਕਾਨੂੰਨ ਅਧੀਨ ਕੰਮ ਕਰ ਰਹੀ ਕਮੇਟੀ ਦਾ ਕਰਮਚਾਰੀ ਹੈ।
(6) ਚੋਣ ਪ੍ਰਣਾਲੀ ਨੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਰੰਗ ਚਾੜ੍ਹ ਦਿੱਤਾ ਹੈ, ਜਿਸ ਦੇ ਫਲਸਰੂਪ ਕਮੇਟੀ ਦੇ ਮੈਂਬਰਾਂ ਵਿਚ ਸਿਆਸਤ ਵਿਚ ਭਾਗ ਲੈਣ ਦੀ ਰੁਚੀ ਵਧ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕ ਦਲੀਲ ਪੇਸ਼ ਕਰ ਸਕਦੇ ਹਨ ਕਿ ਆਰਿਆ ਧਰਮ ਅਤੇ ਹਿੰਦੂਤਵ ਨੂੰ ਸਮਰਪਿਤ ਸਰਕਾਰਾਂ ਦੇ ਕਾਨੂੰਨ ਅਧੀਨ ਹੁੰਦੇ ਹੋਏ ਵੀ ਕਮੇਟੀ ਨੇ ਸਿੱਖ ਪੰਥ ਵਿਚ ਏਕਤਾ ਬਰਕਰਾਰ ਰੱਖੀ, ਸਿੱਖਾਂ ਦੀ ਗਿਣਤੀ ਵਿਚ ਬਹੁਤ ਵਾਧਾ ਕੀਤਾ ਅਤੇ ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਤੀ ਸ਼ਰਧਾ ਵਧਾਈ; ਪਰ ਜਿਸ ਸਿੱਖ ਧਰਮ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਖਿਅਕ ਹੋਣ ਦਾ ਦਾਅਵਾ ਕਰ ਰਹੀ ਹੈ, ਉਸ ਦਾ ਆਧਾਰ ਗੁਰਮਤਿ ਨਹੀਂ, ਸਿੱਖ ਮਿਸਲਾਂ ਦੇ ਸਮੇਂ ਤੋਂ ਚਲੀ ਆ ਰਹੀ ਉਦਾਸੀਆਂ ਵਲੋਂ ਗ੍ਰਹਿਸਥੀਆਂ ਲਈ ਘੜੀ ਵਿਚਾਰਧਾਰਾ ਅਤੇ ਵਿਹਾਰ ਹੈ।
ਗੁਰਮਤਿ ਅਤੇ ਉਦਾਸੀਆਂ ਦੇ ਗ੍ਰਹਿਸਥੀ ਸਿੱਖ ਮੱਤ ਵਿਚ ਬਹੁਤ ਅੰਤਰ ਹੈ:
(1) ਗੁਰਮਤਿ ਗਿਆਨ ਹੈ ਅਤੇ ਉਦਾਸੀ ਮੱਤ ਵਿਹਾਰ ਹੈ।
(2) ਗੁਰਮਤਿ ਸ਼ਬਦ/ਗਿਆਨ ਨੂੰ ਗੁਰੂ ਮੰਨਦੀ ਹੈ, ਉਦਾਸੀ ਮੱਤ ਵਿਅਕਤੀ ਨੂੰ ਗੁਰੂ ਮੰਨਦਾ ਹੈ।
(3) ਗੁਰਮਤਿ ਅਧਿਆਤਮਕ ਗਿਆਨ ਦਾ ਵਿਚਾਰ, ਸਿਖਿਆ ਅਤੇ ਪ੍ਰਸਾਰ ਹੈ, ਜਦੋਂ ਕਿ ਉਦਾਸੀ ਮੱਤ ਉਨ੍ਹਾਂ ਦੀ ਬਣਾਈ ਧਾਰਮਿਕ ਰਹਿਤ ਦੀ ਪਾਲਣਾ ਕਰਨ ਵਾਲਾ ਅਨੁਸ਼ਾਸਨ ਹੈ।
(4) ਗੁਰਮਤਿ ਮਨ ਨੂੰ ਸ਼ਬਦ (ਗਿਆਨ) ਦੁਆਰਾ ਵਸ ਕਰਨ ਵਿਚ ਵਿਸ਼ਵਾਸ ਰੱਖਦੀ ਹੈ, ਉਦਾਸੀ ਮੱਤ ਪੁਰਾਤਨ ਕਾਲ ਤੋਂ ਚਲੀ ਆ ਰਹੀ ਪ੍ਰਥਾ ਅਨੁਸਾਰ ਸਰੀਰ ਦੇ ਅਨੁਸ਼ਾਸਨ ਨਾਲ ਮਨ ਸਾਧਣ ਵਿਚ ਵਿਸ਼ਵਾਸ ਰਖਦਾ ਹੈ।
(5) ਗੁਰਮਤਿ ਮਨੁੱਖ ਨੂੰ ਆਜ਼ਾਦ ਵਿਅਕਤੀ ਮੰਨਦੀ ਹੈ ਅਤੇ ਮਨੁੱਖਾਂ ਵਿਚ ਬਰਾਬਰੀ ਦੀ ਸਮਰਥਕ ਹੈ। ਉਦਾਸੀ ਮੱਤ ਹਿੰਦੂ ਧਰਮ ਦੀ ਜਾਤ-ਪਾਤ ਦਾ ਵਿਸ਼ਵਾਸੀ ਹੈ।
(6) ਗੁਰਮਤਿ ਗੁਰੂ ਨਾਨਕ ਦੀ ਵਿਚਾਰਧਾਰਾ ਹੈ, ਉਦਾਸੀ ਮੱਤ ਬ੍ਰਹਮਾ ਨੂੰ ਮੱਤ ਦਾ ਜਨਮਦਾਤਾ ਅਤੇ ਸਨਕਾਦਕ ਨੂੰ ਪਹਿਲਾ ਰਿਸ਼ੀ ਮੰਨਦਾ ਹੈ। ਸਿੱਖ ਧਰਮ ਵਿਚ ਬਾਬਾ ਸ੍ਰੀ ਚੰਦ ਨੂੰ ਉਦਾਸੀ ਮੱਤ ਦਾ ਜਨਮਦਾਤਾ ਮੰਨਿਆ ਜਾਂਦਾ ਹੈ।
(7) ਉਦਾਸੀਆਂ ਨੇ ਹਿੰਦੂ ਧਰਮ ਦੇ ਕਈ ਕਰਮ ਕਾਂਡਾਂ ਨੂੰ ਉਨ੍ਹਾਂ ਦੇ ਰੂਪ ਅਤੇ ਨਾਂ ਬਦਲ ਕੇ ਵਰਤਣ ਦੀ ਪ੍ਰਥਾ ਪਾ ਦਿੱਤੀ ਸੀ, ਜੋ ਹੁਣ ਤਕ ਪ੍ਰਚਲਤ ਹੈ।
(8) ਗੁਰਦੁਆਰਾ ਗੁਰਬਾਣੀ ਵਿਚ ਬਿਆਨ ਕੀਤੀ ਧਰਮ ਦਾ ਪ੍ਰਚਾਰ ਕਰਨ ਵਾਲੀ ਧਰਮਸ਼ਾਲਾ ਨਹੀਂ ਹੈ, ਇੱਕ ਸੰਗਠਕ ਸੰਸਥਾ ਹੈ। ਗੁਰਬਾਣੀ ਕਿਸੇ ਵੀ ਸੰਸਥਾ ਦੀ ਸਮਰਥਕ ਨਹੀਂ ਹੈ, ਮਨੁੱਖ ਦੀ ਨਿੱਜੀ ਆਜ਼ਾਦੀ ਦੀ ਹਾਮੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਖ ਧਰਮ ਨਾਲ ਗੁਰਦੁਆਰਾ ਪ੍ਰਬੰਧਕਾਂ ਵਾਲਾ ਰਿਸ਼ਤਾ ਹੈ, ਪਰ ਉਹ ਆਪਣੇ ਆਪ ਨੂੰ ਸਿੱਖ ਧਰਮ ਦੀ ਰਖਿਅਕ ਸਮਝਦੀ ਹੈ। ਸਿੱਖ ਧਰਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਗਿਆਨ ‘ਤੇ ਆਧਾਰਤ ਹੈ। ਗੁਰਬਾਣੀ ਦੇ ਗਿਆਨ ਦੀ ਖੋਜ, ਸਿਖਿਆ, ਪ੍ਰਾਪਤੀ ਅਤੇ ਪ੍ਰਚਾਰ ਸਿੱਖ ਧਰਮ ਦੇ ਵਿਦਵਾਨਾਂ, ਧਰਮ ਸ਼ਾਸਤਰੀਆਂ, ਸੰਤਾਂ, ਭਗਤਾਂ ਅਤੇ ਗਿਆਨੀਆਂ ਦਾ ਕਾਰਜ ਖੇਤਰ ਹੈ। ਉਹ ਹੀ ਗੁਰਮਤਿ ਦਾ ਸਹੀ ਗਿਆਨ ਪ੍ਰਦਾਨ ਕਰਨ ਦੇ ਯੋਗ ਹੁੰਦੇ ਹਨ, ਪਰ ਗੁਰਮਤਿ ਦੇ ਵਿਦਵਾਨਾਂ ਦੀ ਆਜ਼ਾਦੀ ਅਤੇ ਪ੍ਰਸਿੱਧੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਰਾਸ ਨਹੀਂ ਆਉਂਦੀ। ਇਸ ਲਈ ਯੋਗਤਾ ਨਾ ਹੁੰਦੇ ਹੋਏ ਵੀ ਉਨ੍ਹਾਂ ਨੇ ਆਪਣੇ ਪ੍ਰਬੰਧਕੀ ਅਧਿਕਾਰਾਂ ਦੇ ਬਲ ਤੇ ਗੁਰਮਤਿ ਗਿਆਨ ਦੇ ਖੇਤਰ ‘ਤੇ ਕਬਜ਼ਾ ਕਰ ਕੇ ਵਿਦਵਾਨਾਂ ਨੂੰ ਪੰਥ ਵਿਚੋਂ ਛੇਕਣ ਜਾਂ ਹਮਲਿਆਂ ਦੇ ਡਰਾਬੇ ਦੇ ਕੇ ਉਨ੍ਹਾਂ ਵਿਚ ਸਹਿਮ ਪੈਦਾ ਕੀਤਾ ਹੋਇਆ ਹੈ। ਸਿੱਖ ਮਿਸ਼ਨਰੀ ਸੰਸਥਾਵਾਂ ਨਾਲ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਵਿਹਾਰ ਸਹੀ ਨਹੀਂ ਹੈ। ਗੁਰਬਾਣੀ ਨੇ ਤਾਂ ਪ੍ਰਬੰਧਕਾਂ ਦੇ ਧਰਮ ਪ੍ਰਤੀ ਵਤੀਰੇ ਬਾਰੇ ਪਹਿਲੋਂ ਹੀ ਬਚਨ ਕਰ ਦਿੱਤਾ ਸੀ, “ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ॥” (ਪੰਨਾ 1124) ਪਰ ਸਿੱਖਾਂ ਨੇ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਐਸੇ ਮਾਹੌਲ ਵਿਚ ਕਮੇਟੀ ਵਲੋਂ ਮਾਨਤਾ ਪ੍ਰਾਪਤ ਰਵਾਇਤੀ ਸੰਤ ਪ੍ਰਥਾ ਪ੍ਰਫੁਲਤ ਹੋ ਰਹੀ ਹੈ।
ਜਿਹੜਾ ਧਰਮ ਦੋ ਵਖਰੀਆਂ ਵਿਚਾਰਧਾਰਾਵਾਂ ‘ਤੇ ਟਿਕਿਆ ਹੋਵੇ, ਉਸ ਵਿਚ ਪਰਸਪਰ ਵਿਰੋਧ ਹੋਣਾ ਕੁਦਰਤੀ ਹੈ।