ਪੰਜਾਬੀ ਹੋਣ ਤੇ ਪੰਜਾਬ ‘ਚ ਰਹਿਣ ਦਾ ਫਿਕਰ

ਅਵਤਾਰ ਸਿੰਘ
ਫੋਨ: 91-94175-18384
ਜਿਹੜੇ ਲੋਕ ਵੀ ਪੰਜਾਬੀ ਹਨ ਤੇ ਪੰਜਾਬੀ ਹੋਣ ਅਤੇ ਪੰਜਾਬ ਦੇ ਰਹਿਣ ਸਹਿਣ ਨੂੰ ਕਾਦਰ ਤੇ ਕੁਦਰਤ ਦੀ ਵੱਡੀ ਨਿਆਮਤ ਸਮਝਦੇ ਹਨ, ਉਹ ਲੋਕ ਬੜੇ ਫਿਕਰ ਅਤੇ ਚਿੰਤਾ ਵਿਚ ਹਨ ਕਿ ਪੰਜਾਬ ਵਿਚ ਹੁੰਦੇ ਤੇ ਰਹਿੰਦੇ ਹੋਏ ਹੀ ਉਨ੍ਹਾਂ ਕੋਲੋਂ ਇਹ ਵੱਡੀ ਨਿਆਮਤ ਕਿਤੇ ਖੁੱਸ ਤਾਂ ਨਹੀਂ ਰਹੀ ਜਾਂ ਕਿਤੇ ਖੁੱਸ ਤਾਂ ਨਹੀਂ ਜਾਵੇਗੀ?

ਚਿੰਤਾ ਦਾ ਸਵਾਲ ਉੱਠਣਾ ਇਸ ਲਈ ਸੁਭਾਵਕ ਹੈ ਕਿ ਪੰਜਾਬੀਆਂ ਨੇ ਆਪਣਾ ਮੂੰਹ ਅਮਰੀਕਾ-ਕੈਨੇਡਾ ਤੇ ਹੋਰ ਮੁਲਕਾਂ ਵੱਲ ਕਰ ਲਿਆ ਹੈ। ਕਿਹੜਾ ਹੈ, ਜੋ ਨਹੀਂ ਚਾਹੁੰਦਾ ਕਿ ਜਿਵੇਂ ਕਿਵੇਂ ਵੀ ਪਹਿਲਾਂ ਉਹਦੇ ਬੱਚੇ ਕੈਨੇਡਾ ਚਲੇ ਜਾਣ ਤੇ ਫਿਰ ਉਨ੍ਹਾਂ ਦੇ ਮਗਰ ਖੁਦ ਬਾਹਰ ਨਿਕਲ ਜਾਵੇ।
ਇਹ ਸਵਾਲ ਅਤੇ ਫਿਕਰ ਕਿਸੇ ਧਾਰਮਿਕ ਪਛਾਣ ਨਾਲ ਸਬੰਧਤ ਨਹੀਂ ਹੈ। ਇਹ ਸਵਾਲ ਪੰਜਾਬ ਦੀ ਪ੍ਰਕ੍ਰਿਤਕ ਹੋਂਦ, ਕਿਰਦਾਰ ਅਤੇ ਪਛਾਣ ਦਾ ਹੈ। ਪੰਜਾਬੀਅਤ ਦੀ ਪਛਾਣ ਨਾ ਕਿਸੇ ਨੂੰ ਦੱਸੀ ਜਾ ਸਕਦੀ ਹੈ ਤੇ ਨਾ ਪੁੱਛੀ ਜਾ ਸਕਦੀ ਹੈ। ਫਿਰ ਇਹ ਹੈ ਕੀ?
ਦਰਅਸਲ, ਇਹ ਅਕੱਥ ਜਿਹੀ ਸ਼ੈਅ ਸਿਰਫ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਸਾਡੇ ਸਾਹ ਹਨ, ਧਰਤੀ, ਪੌਣ-ਪਾਣੀ, ਆਬੋ-ਹਵਾ ਤੇ ਸਾਡਾ ਜੀਣ-ਮਰਨ ਹੈ। ਇਹ ਸਿਰਫ ਸਾਡੇ ਤੱਕ ਹੀ ਸੀਮਤ ਨਹੀਂ, ਸਗੋਂ ਸਾਡੇ ਪਸੂ-ਪੰਛੀ, ਕੁੱਤੇ-ਬਿੱਲੀਆਂ, ਰੁੱਖ, ਫੁੱਲ, ਫਲ, ਘਾਹ, ਨਦੀਆਂ, ਨਾਲੇ, ਚੋਅ, ਘਰ, ਵਿਹੜੇ, ਸਰਦਲ, ਦਰਵਾਜੇ, ਛੱਤਾਂ, ਖੱਲਾਂ-ਖੂੰਜੇ, ਖਿੜਕੀਆਂ, ਕੰਧਾਂ, ਕੋਠੀਆਂ, ਆਲੇ- ਕੌਲ਼ੇ, ਚੁੱਲ੍ਹੇ-ਚੌਂਕੇ, ਰਿੰਨ੍ਹਣ-ਪਕਾਉਣ, ਖਾਣ-ਪੀਣ, ਭਾਂਡੇ-ਟੀਂਡੇ, ਸਜਣ-ਫੱਬਣ, ਉੱਠਣ-ਬਹਿਣ, ਖਲੋਣ, ਪਹਿਨਣ-ਲਾਹੁਣ, ਭਾਉਣ, ਨਾਹੁਣ, ਸਾਉਣ, ਸੋਚ-ਵਿਚਾਰ, ਅਚਾਰ, ਰੋਣ-ਧੋਣ, ਚੁੱਪ ਅਤੇ ਬੋਲ ਆਦਿ ਸਾਰੇ ਕਾਸੇ ਵਿਚ ਹੈ।
ਬਾਹਰ ਨਿਕਲ ਗਏ ਜਾਂ ਨੱਠ ਗਏ ਪੰਜਾਬੀਆਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਬਾਹਰ ਨਿਕਲ ਜਾਣ ਕਾਰਨ ਪੰਜਾਬ ਵਿਚਾਰਾ ਹਰ ਰੋਜ ਛਿਣ ਛਿਣ ਕਰਕੇ ਇਸ ਤਰ੍ਹਾਂ ਘਟ ਰਿਹਾ ਹੈ, ਜਿਵੇਂ ਕਿਤੇ ਇਹਦੀ ਅਉਧ ਬੀਤ ਰਹੀ ਹੋਵੇ।
ਪੰਜਾਬ ਛੱਡ ਗਏ ਪੰਜਾਬੀਆਂ ਦੇ ਅੰਦਰ ਕੀ ਕੁਝ ਮਰ ਮੁੱਕ ਜਾਂਦਾ ਹੈ, ਸ਼ਾਇਦ ਉਨ੍ਹਾਂ ਨੂੰ ਉਮਰ ਭਰ ਇਲਮ ਨਹੀਂ ਹੁੰਦਾ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਹੈ ਕਿ ਉਹ ਜਾਣ ਸਮੇਂ ਇੱਧਰ ਰਹਿ ਗਏ ਆਪਣੇ ਸਕੇ-ਸੰਬੰਧੀਆਂ ਤੇ ਦੋਸਤ-ਮਿੱਤਰਾਂ ਵਿਚੋਂ ਕਿੰਨਾ ਕੁਝ ਮਾਰ ਜਾਂਦੇ ਹਨ। ਮਰ ਜਾਣਾ ਜਾਂ ਮਾਰ ਜਾਣਾ, ਝੜ ਜਾਣਾ ਜਾਂ ਝਾੜ ਜਾਣਾ ਇੱਕੋ ਗੱਲ ਹੈ।
ਇਹਦਾ ਅਰਥ ਇਹ ਨਹੀਂ ਕਿ ਜੇ ਪੰਜਾਬ ਪੰਜਾਬ ਨਾ ਰਿਹਾ ਤਾਂ ਇਹ ਕੁਝ ਵੀ ਨਹੀਂ ਰਹੇਗਾ, ਕਿਉਂਕਿ ਪ੍ਰਕਿਰਤੀ ਦਾ ਅਸੂਲ ਹੈ ਕਿ ਸੰਸਾਰ ਦੀ ਕੋਈ ਵੀ ਸ਼ੈਅ ਕਦੀ ਵੀ ਖਤਮ ਨਹੀਂ ਹੁੰਦੀ, ਸਿਰਫ ਆਪਣਾ ਰੂਪ ਬਦਲਦੀ ਹੈ।
ਸਾਡਾ ਲਗਾਉ ਕਿਸੇ ਚੀਜ਼ ਨਾਲ ਨਹੀਂ, ਉਹਦੇ ਰੂਪ ਨਾਲ ਹੀ ਹੁੰਦਾ ਹੈ। ਕਿਸੇ ਚੀਜ਼ ਦਾ ਰੂਪ ਬਦਲਣ ਨਾਲ ਹੀ ਸਾਡੇ ਮਨ ਵਿਚ ਹੇਰਵੇ ਦੇ ਭਾਵ ਪਣਪ ਪੈਂਦੇ ਹਨ। ਜਿਵੇਂ ਬੁੱਢੇ ਬਾਰੇ ਕੋਈ ਕਿਤੇ ਮਰ ਥੋੜ੍ਹੀ ਗਿਆ ਹੁੰਦਾ ਹੈ, ਪਰ ਹਰ ਕੋਈ ਆਪਣੇ ਜੁਆਨੀ ਵਾਲੇ ਰੂਪ ਨੂੰ ਚੇਤੇ ਕਰ ਕਰ ਝੂਰਦਾ ਰਹਿੰਦਾ ਹੈ। ਉਹ ਝੁਰੇਵਾਂ ਜੀਣ ਜਾਂ ਹੋਣ ਦਾ ਨਹੀਂ ਹੁੰਦਾ, ਸਗੋਂ ਉਸ ਰੂਪ ਦੇ ਨਾ ਰਹਿਣ ਜਾਂ ਬਦਲ ਜਾਣ ਦਾ ਹੁੰਦਾ ਹੈ।
ਇਹ ਬਦਲਾਉ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਜਿਵੇਂ ਬਾਲਪਣ, ਜੁਆਨੀ ਤੇ ਬੁਢੇਪਾ ਆਦਿ ਪ੍ਰਕਿਰਤਕ ਬਦਲਾਉ ਹਨ, ਜਿਨ੍ਹਾਂ ਨੂੰ ਕੋਈ ਵੀ ਮਾਈ ਦਾ ਲਾਲ ਜਾਂ ਕੋਈ ਰਾਣੀ ਖਾਂ ਦਾ ਸਾਲਾ ਵੀ ਕਿਸੇ ਕੀਮਤ ‘ਤੇ ਰੋਕ ਨਹੀਂ ਸਕਦਾ।
ਕਈ ਬਦਲਾਉ ਅਜਿਹੇ ਹਨ, ਜਿਹੜੇ ਕੁਦਰਤੀ ਨਹੀਂ, ਸਗੋਂ ਗੈਰ ਕੁਦਰਤੀ ਜਾਂ ਅਪ੍ਰਕਿਰਤਕ ਹੁੰਦੇ ਹਨ, ਜਿਨ੍ਹਾਂ ਦਾ ਹੇਰਵਾ ਕੁਦਰਤੀ ਬਦਲਾਉ ਦੀ ਨਿਸਬਤ ਵਧੇਰੇ ਹੁੰਦਾ ਹੈ, ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਵੇਲੇ ਸਿਰ ਰੋਕਿਆ ਜਾ ਸਕਦਾ ਸੀ।
ਪਰ ਅਸੀਂ ਸਮਝਦਾਰੀ ਤੇ ਸੰਵੇਦਨਸ਼ੀਲਤਾ ਤੋਂ ਕੰਮ ਨਹੀਂ ਲਿਆ ਹੁੰਦਾ ਤੇ ਸਾਡੇ ਦੇਖਦੇ ਦੇਖਦੇ ਉਹ ਕੁਝ ਵਾਪਰ ਜਾਂਦਾ ਹੈ, ਜਿਹਦਾ ਖਿਆਲ ਤੱਕ ਸਾਨੂੰ ਚਿੰਤਾ ਦੀ ਖੱਡ ਵਿਚ ਸੁੱਟ ਦਿੰਦਾ ਹੈ।
ਅੱਜ ਕਲ ਅਜਿਹੀ ਹੀ ਚਿੰਤਾ ਦੀ ਖੱਡ, ਹੇਰਵੇ ਦੇ ਦਰਿਆ ਜਾਂ ਝੁਰੇਵਿਆਂ ਦੇ ਹੜ੍ਹ ਨੇ ਸੰਵੇਦਨਸ਼ੀਲ ਅਤੇ ਸੋਚਵਾਨ ਪੰਜਾਬੀ ਮਨ ਨੂੰ ਘੇਰਿਆ ਹੋਇਆ ਹੈ ਕਿ ਬਾਹਰਲੇ ਮੁਲਕਾਂ ਵਿਚ ਜਾ ਵਸੇ ਪੰਜਾਬੀ ਲੋਕ ਉਥੇ ਆਪਣੀ ਵਧ ਰਹੀ ਗਿਣਤੀ ਦੇਖ ਕੇ ਮਨੋ ਮਨੀ ਫੁੱਲੇ ਨਹੀਂ ਸਮਾਉਂਦੇ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਮੁਲਕ ਹੁਣ ਹੌਲੀ ਹੌਲੀ ਪੰਜਾਬ ਬਣਦੇ ਜਾ ਰਹੇ ਹਨ।
ਖੁਸ਼ ਹੋਣ ਵਾਲੇ ਉਨ੍ਹਾਂ ਪੰਜਾਬੀਆਂ ਨੂੰ ਇਹ ਨਹੀਂ ਪਤਾ ਕਿ ਉਹ ਕਿਸੇ ਇਕ ਮੁਲਕ ਵਿਚ ਨਹੀਂ ਜਾ ਰਹੇ, ਜਿਹਨੂੰ ਉਹ ਪੰਜਾਬ ਬਣਾ ਲੈਣਗੇ। ਇਹ ਉਨ੍ਹਾਂ ਦੀ ਗਲਤ ਫਹਿਮੀ ਹੈ ਕਿ ਉਹ ਵਿਸ਼ਵ ਦੇ ਤਮਾਮ ਮੁਲਕਾਂ ਨੂੰ ਪੰਜਾਬ ਬਣਾ ਲੈਣਗੇ ਤੇ ਉਨ੍ਹਾਂ ਮੁਲਕਾਂ ਵਿਚ ਵੀ ਉਹ ਪੰਜਾਬੀ ਹੋਣ ਅਤੇ ਰਹਿਣ ਦਾ ਗੌਰਵ ਤੇ ਲੁਤਫ ਲੈਂਦੇ ਰਹਿਣਗੇ। ਅਜਿਹਾ ਕਤਈ ਨਹੀਂ ਹੋ ਸਕਦਾ।
ਹੋਣਾ ਇਹ ਹੈ ਕਿ ਬਾਹਰਲੇ ਮੁਲਕਾਂ ਵਿਚ ਜਾ ਵੱਸਣ ਵਾਲੇ ਪੰਜਾਬੀ ਇਕ ਨਾ ਇਕ ਦਿਨ ਆਪਣੀ ਪਛਾਣ ਭੁੱਲ ਜਾਣਗੇ ਜਾਂ ਗੁਆ ਲੈਣਗੇ ਤੇ ਉਹ ਉਨ੍ਹਾਂ ਮੁਲਕਾਂ ਦੇ ਧਰਮਾਂ ਅਤੇ ਸੱਭਿਆਚਾਰਾਂ ਦੀ ਘਸੀ-ਪਿਟੀ ਜਿਹੀ ਨਕਲ ਬਣ ਕੇ ਰਹਿ ਜਾਣਗੇ। ਇਹ ਚਿੰਤਾ ਅਤੇ ਦੁੱਖ ਦੀ ਗੱਲ ਤਾਂ ਹੈ, ਪਰ ਐਡੀ ਨਹੀਂ; ਕਿਉਂਕਿ ਕਹਿੰਦੇ ਹਨ ਕਿ ਜੋ ਗਿਆ, ਸੋ ਗਿਆ। ਫਿਕਰ ਕਾਹਦਾ, ਚਿੰਤਾ ਕੈਸੀ!
ਵੱਡਾ ਫਿਕਰ ਅਤੇ ਚਿੰਤਾ ਇਸ ਗੱਲ ਦੀ ਹੈ ਕਿ ਪੰਜਾਬ ਵਿਚ ਰਹਿਣ ਵਾਲੇ ਸੋਚਵਾਨ ਤੇ ਸੰਵੇਦਨਸ਼ੀਲ ਲੋਕ ਵੀ ਆਪਣੇ ਪੰਜਾਬੀ ਹੋਣ ਦੇ ਗੌਰਵ ਅਤੇ ਲੁਤਫ ਤੋਂ ਹੱਥ ਧੋਹ ਲੈਣਗੇ। ਕਿਉਂਕਿ ਜਿਵੇਂ ਜਿਵੇਂ ਪੰਜਾਬ ਨੂੰ ਪੰਜਾਬੀ ਖਾਲੀ ਕਰਦੇ ਜਾ ਰਹੇ ਹਨ, ਉਵੇਂ ਉਵੇਂ ਪੰਜਾਬ ਨੂੰ ਕੋਈ ਭਰਦਾ ਵੀ ਜਾ ਰਿਹਾ ਹੈ।
ਦੇਖਣ ਵਾਲੀ ਗੱਲ ਹੈ ਕਿ ਪੰਜਾਬ ਨੂੰ ਖਾਲੀ ਕਰਨ ਵਾਲੇ ਲੋਕ ਕੌਣ ਹਨ ਤੇ ਇਹਨੂੰ ਭਰਨ ਵਾਲੇ ਲੋਕ ਕਿਹੜੇ ਹਨ। ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਪੰਜਾਬ ਨੂੰ ਖਾਲੀ ਕਰਨ ਵਾਲੇ ਲੋਕ ਬਹੁਤ ਚੰਗੇ ਹਨ ਤੇ ਇਹਨੂੰ ਭਰਨ ਵਾਲੇ ਲੋਕ ਬਹੁਤ ਬੁਰੇ ਹਨ। ਮੇਰਾ ਮਤਲਬ ਅਤੇ ਫਿਕਰ ਸਿਰਫ ਇੰਨਾ ਹੈ ਕਿ ਪੰਜਾਬ ਨੂੰ ਖਾਲੀ ਕਰਕੇ ਵਿਦੇਸ਼ਾਂ ਵਿਚ ਜਾ ਵੱਸਣ ਵਾਲੇ ਲੋਕ ਪੰਜਾਬੀ ਹਨ, ਪਰ ਪੰਜਾਬ ਦੇ ਉਸ ਖਾਲੀਪਣ ਨੂੰ ਭਰਨ ਵਾਲੇ ਲੋਕ ਨਾ ਪੰਜਾਬੀ ਹਨ ਤੇ ਨਾ ਕਦੇ ਹੋਣਗੇ। ਇਹ ਜ਼ਰੂਰ ਹੋ ਸਕਦਾ ਹੈ ਕਿ ਉਨ੍ਹਾਂ ਦੀ ਦੇਖਾ ਦੇਖੀ ਅਤੇ ਲਾਗ ਨਾਲ ਇੱਥੇ ਰਹਿਣ ਵਾਲੇ ਸੰਵੇਦਨਸ਼ੀਲ ਅਤੇ ਸੋਚਵਾਨ ਪੰਜਾਬੀ ਵੀ ਇਕ ਨਾ ਇਕ ਦਿਨ ਪੰਜਾਬੀ ਨਹੀਂ ਰਹਿਣਗੇ।
ਪੰਜਾਬ ਦਾ ਸਿਰਫ ਨਾਂ ਹੀ ਪੰਜਾਬ ਰਹੇਗਾ, ਪਰ ਇਸ ਨਾਮਧਰੀਕ ਪੰਜਾਬ ਵਿਚ ਰਹਿਣ ਵਾਲੇ ਲੋਕ ਕੀ ਹੋਣਗੇ? ਸਮਝਦਾਰਾਂ ਲਈ ਇਸ਼ਾਰਾ ਹੀ ਕਾਫੀ ਹੈ। ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ!