ਸੁਰਿੰਦਰ ਸਿੰਘ ਨੂੰ ਯਾਦ ਕਰਦਿਆਂ

ਮਨਮੋਹਨ ਪੂਨੀ, ਨਿਊ ਯਾਰਕ
ਫੋਨ: 347-753-5940
ਪਿਛਲੇ ਸਾਲ ਅਕਤੂਬਰ ਮਹੀਨੇ 10 ਤਾਰੀਖ ਨੂੰ ਮੈਂ ਤੇ ਮੇਰੀ ਜੀਵਨ ਸਾਥਣ ਅਟਲਾਂਟਾ ਸ਼ਹਿਰ ਐਸ਼ ਪੀ. ਸਿੰਘ ਨੂੰ ਮਿਲਣ ਗਏ। ਮੈਂ ਉਨ੍ਹਾਂ ਨੂੰ ਪਹਿਲਾਂ ਹੀ ਫੋਨ ਕਰਕੇ ਦੱਸਿਆ ਕਿ ਅਸੀਂ ਤੁਹਾਨੂੰ ਮਿਲਣ ਆ ਰਹੇ ਹਾਂ। ਫਲਾਈਟ ਪਹੁੰਚਣ ਦਾ ਉਨ੍ਹਾਂ ਨੂੰ ਪਤਾ ਹੋਣ ਕਰਕੇ ਜਦੋਂ ਹੀ ਅਸੀਂ ਏਅਰ ਪੋਰਟ ਪਹੁੰਚੇ ਤਾਂ ਫੋਨ ਆ ਗਿਆ ਕਿ ਕਿੱਥੇ ਹੋ? ਅਸੀਂ ਲੰਚ ਇਕੱਠਿਆਂ ਖਾਣਾ ਹੈ, ਛੇਤੀ ਆ ਜਾਵੋ। ਸਾਨੂੰ ਏਅਰ ਪੋਰਟ ‘ਤੇ ਰੈਂਟਲ ਕਾਰ ਲੈਂਦਿਆਂ ਦੇਰ ਹੋ ਗਈ। ਪਤਾ ਨਹੀਂ ਕਿੰਨੀ ਵਾਰ ਉਨ੍ਹਾਂ ਫੋਨ ਕੀਤਾ! ਕਾਰ ਮਿਲਣ ਉਪਰੰਤ ਅਸੀਂ ਉਨ੍ਹਾਂ ਦੇ ਘਰ ਪਹੁੰਚ ਗਏ। ਬੈੱਲ ਕੀਤੀ ਤਾਂ ਐਸ਼ ਪੀ. ਸਿੰਘ ਦੀ ਧਰਮ ਪਤਨੀ ਡਾ. ਰਘਬੀਰ ਕੌਰ ਨੇ ਦਰਵਾਜਾ ਖੋਲ੍ਹਿਆ। ਭਾਅ ਜੀ ਨੂੰ ਇੰਨੀ ਖੁਸ਼ੀ ਹੋਈ ਕਿ ਉਹ ਆਪਣੀ ਬੀਮਾਰੀ ਭੁੱਲ ਕੇ ਸਾਡੇ ਕੋਲ ਆ ਕੇ ਬੈਠ ਗਏ। ਮੈਂ ਵੀ ਬਹੁਤ ਖੁਸ਼ ਸਾਂ।

ਪਾਣੀ ਵਗੈਰਾ ਲਿਆ ਤੇ ਗੱਲ੍ਹਾਂ ਸ਼ੁਰੂ ਹੋ ਗਈਆਂ। ਭਾਅ ਜੀ ਐਸ਼ ਪੀ. ਸਿੰਘ ਨੂੰ ਮਿਲ ਕੇ ਗਦਰ ਲਹਿਰ ਦੇ ਅਹਿਮ ਆਗੂ ਗਿਆਨੀ ਭਗਵਾਨ ਸਿੰਘ ‘ਪ੍ਰੀਤਮ’ ਦੇ ਅਣਖੀ ਇਤਿਹਾਸ ਦਾ ਜ਼ਿਕਰ ਹੋਣਾ ਸੁਭਾਵਿਕ ਹੀ ਸੀ। ਭਾਅ ਜੀ ਦੇ ਨਾਨਾ ਜੀ ਸਨ ਗਿਆਨੀ ਪ੍ਰੀਤਮ, ਜਿਨ੍ਹਾਂ ਨੇ ‘ਗਦਰ ਦੀਆਂ ਗੂੰਜਾਂ’ ਦੀਆਂ ਅਨੇਕ ਕਵਿਤਾਵਾਂ ਲਿਖ ਕੇ ਹਿੰਦੋਸਤਾਨੀਆਂ ਨੂੰ ਅੰਗਰੇਜ਼ ਰਾਜ ਵਿਰੁੱਧ ਸੁੱਤਿਆਂ ਨੂੰ ਜਗਾਇਆ ਹੀ ਨਹੀਂ, ਸਗੋਂ ਸੰਘਰਸ਼ ਦੇ ਰਸਤੇ ਵੀ ਦੱਸੇ।
ਅਸੀਂ ਸਾਰੇ ਦੁਪਹਿਰ ਦਾ ਖਾਣਾ ਖਾਣ ਲਈ ਆਪਣੀ ਆਪਣੀ ਕੁਰਸੀ ਉਤੇ ਬੈਠੇ, ਪਰ ਸੁਰਿੰਦਰ ਭਾਅ ਜੀ ਦੀ ਸਿਹਤ ਬਾਹਲੀ ਚੰਗੀ ਨਾ ਹੋਣ ਕਰਕੇ ਵੀ ਮੇਰੇ ਲਈ ਖਾਣਾ ਪਰੋਸਣ ਦਾ ਯਤਨ ਕਰਦੇ ਰਹੇ। ਖਾਣੇ ‘ਚ ਕਈ ਕਿਸਮ ਦੇ ਪਕਵਾਨ ਸਨ, ਪਰ ਅਸੀਂ ਕਿੰਨਾ ਕੁ ਖਾ ਸਕਣਾ ਸੀ! ਅਜੇ ਦੋ-ਤਿੰਨ ਘੰਟੇ ਪਹਿਲਾਂ ਨਿਊ ਯਾਰਕ ਤੋਂ ਖਾ ਕੇ ਤੁਰੇ ਸਾਂ।
ਖਾਣਾ ਖਾਧਾ ਅਤੇ ਫਿਰ ਸਾਡੇ ਨਾਲ ਹੀ ਭਾਅ ਜੀ ਸੋਫੇ ‘ਤੇ ਬੈਠ ਗਏ। ਭਾਈ ਭਗਵਾਨ ਸਿੰਘ ਦੀਆਂ ਲਿਖਤਾਂ ਬਾਰੇ ਉਨ੍ਹਾਂ ਦੇ ਜੀਵਨ ਪ੍ਰਤੀ ਦੱਸਣ ਲੱਗ ਪਏ। ਗਦਰ ਪਾਰਟੀ ‘ਚ ਪਾਏ ਯੋਗਦਾਨ ਅੱਧੀ ਸਦੀ ਦੇ ਇਤਿਹਾਸ ਨੂੰ ਘੰਟਿਆਂ ‘ਚ ਬਿਆਨ ਕਰਨਾ ਸੌਖਾ ਨਹੀਂ ਹੁੰਦਾ, ਪਰ ਭਾਅ ਜੀ ਨੇ ਬਹੁਤ ਕੁਝ ਦੱਸਿਆ ਅਤੇ ਅਣਛਪੇ ਡਾਕੂਮੈਂਟਸ ਤੇ ਰਚਨਾਵਾਂ ਦੇ ਖਰੜੇ ਵੀ ਦਿਖਾਏ, ਜਿਨ੍ਹਾਂ ਬਾਰੇ ਮੇਰੇ ਸਾਹਮਣੇ ਡਾ. ਗੁਰੂਮੇਲ ਸਿੱਧੂ ਨਾਲ ਫੋਨ ‘ਤੇ ਗੱਲਬਾਤ ਵੀ ਕੀਤੀ ਕਿ ਤੁਹਾਡੀ ਜ਼ਿੰਮੇਵਾਰੀ ਹੈ, ਗਿਆਨੀ ਜੀ ਵਲੋਂ ਲਿਖੀਆਂ ਲਿਖਤਾਂ ਨੂੰ ਛਾਪ ਕੇ ਸੰਘਰਸ਼ ਕਰ ਰਹੇ ਲੋਕਾਂ ਦੇ ਹੱਥਾਂ ‘ਚ ਪਹੁੰਚਾਉਣਾ।
ਮੈਨੂੰ ਆਪਣੇ ਪੜ੍ਹਨ ਵਾਲੇ ਕਮਰੇ ‘ਚ ਲੈ ਗਏ ਤੇ ਨਾਲ ਚਾਹ ਬਣਾਉਣ ਲਈ ਭੈਣ ਜੀ ਨੂੰ ਕਿਹਾ। ਮੈਨੂੰ ਕਿਤਾਬਾਂ ਦਿਖਾਈ ਜਾਣ ਤੇ ਨਾਲ ਹੀ ਕਹੀ ਜਾਣ, ‘ਤੂੰ ਲੈ ਜਾਹ ਜਿਹੜੀ ਵੀ ਕਿਤਾਬ ਤੈਨੂੰ ਚੰਗੀ ਲੱਗਦੀ, ਲੈ ਜਾਹ।’ ਮੈਂ ਇੱਕ ਕਿਤਾਬ, ਜੋ ‘ਗਦਰ ਲਹਿਰ ਦੀ ਕਵਿਤਾ’ ਸ਼ ਕੇਸਰ ਸਿੰਘ ਨਾਵਲਕਾਰ ਵਲੋਂ ਸੰਗ੍ਰਹਿ ਕੀਤੀ ਹੋਈ ਹੈ, ਰੱਖ ਲਈ। ਉਸ ਉਪਰ ਉਨ੍ਹਾਂ ਵਲੋਂ ਲਿਖੇ ਹੋਏ ਸ਼ਬਦ ਮੇਰੇ ਨਾਲ ਨੇੜਤਾ ਅਤੇ ਪਿਆਰ ਦੀ ਝਲਕ ਹੈ।
ਅਸੀਂ ਚਾਹ ਪੀਣ ਲਈ ਬੈਠ ਗਏ, ਗੱਲਾਂ ਕਰਦੇ ਸਮੇਂ ਕਸ਼ਮੀਰ ਕਾਂਗਣਾ ਨੂੰ ਯਾਦ ਕੀਤਾ ਕਿ ਉਹ ਵੀ ਗਦਰੀਆਂ ਤੇ ਗਦਰ ਲਹਿਰ ਦੇ ਇਤਿਹਾਸ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਤਤਪਰ ਰਹਿੰਦਾ ਹੈ। ਸ਼ ਗੁਰਦੀਪ ਸਿੰਘ ਅਣਖੀ ਨੂੰ ਯਾਦ ਕਰਦਿਆਂ ਕਹਿਣ ਲੱਗੇ ਕਿ ਉਨ੍ਹਾਂ ਵੀ ਸਾਰਾ ਜੀਵਨ ਲੋਕ ਸੰਘਰਸ਼ ਹਵਾਲੇ ਕੀਤਾ। ਐਸ਼ ਪੀ. ਭਾਅ ਜੀ ਦਾ ਕਹਿਣਾ ਸੀ ਕਿ ਮੈਂ ਇਨ੍ਹਾਂ ਸਭ ਨੂੰ ਬਹੁਤ ਪਸੰਦ ਕਰਦਾ ਹਾਂ।
ਅਸੀਂ ਚਾਰ ਕੁ ਘੰਟੇ ਦਾ ਸਮਾਂ ਬੀਤਾ ਕੇ ਆਪਣੇ ਹੋਟਲ ਨੂੰ ਜਾਣ ਦੀ ਇਜਾਜ਼ਤ ਮੰਗੀ ਤਾਂ ਭੈਣ ਜੀ ਤੇ ਭਾਅ ਜੀ ਕਹਿੰਦੇ, “ਇੱਥੇ ਹੀ ਠਹਿਰਨਾ ਹੈ, ਤੁਹਾਡੇ ਵਾਸਤੇ ਕਮਰਾ ਹੈ।” ਪਰ ਅਸੀਂ ਤਾਂ ਪਹਿਲਾਂ ਹੀ ਹੋਟਲ ‘ਚ ਕਮਰਾ ਬੁੱਕ ਕਰਵਾਇਆ ਹੋਇਆ ਸੀ। ਸ਼ਾਮ ਨੂੰ ਫਿਰ ਮੁੜ ਮਿਲਣ ਲਈ ਵਿਦਿਆ ਲੈ ਕੇ ਅਸੀਂ ਹੋਟਲ ਆ ਗਏ।
11 ਅਕਤੂਬਰ 2019 ਨੂੰ ਅਸੀਂ ਕੈਲੀਫੋਰਨੀਆ ਜਾਣਾ ਸੀ। ਅਜੇ ਸੁੱਤੇ ਉਠੇ ਸਾਂ ਕਿ ਭੈਣ ਜੀ ਦਾ ਫੋਨ ਆ ਗਿਆ ਕਿ ਤੁਹਾਡੇ ਭਾਅ ਜੀ ਬਹੁਤ ਯਾਦ ਕਰ ਰਹੇ ਹਨ, ਤੁਸੀਂ ਆ ਜਾਵੋ। ਅਸੀਂ ਹੋਟਲ ਦਾ ਪੇਪਰ ਵਰਕ ਮੁਕਾ ਕੇ ਬਾਹਰ ਆ ਗਏ। ਹੋਟਲ ਦੇ ਕੋਲ ਰੈਸਟੋਰੈਂਟ ‘ਚ ਬਰੇਕ ਫਾਸਟ ਕੀਤਾ ਤੇ ਸੁਰਿੰਦਰ ਭਾਅ ਜੀ ਕੋਲ ਪਹੁੰਚ ਗਏ। ਉਹ ਦਵਾਈ ਲੈ ਕੇ ਅਰਾਮ ਕਰ ਰਹੇ ਸਨ, ਪਰ ਮੇਰੀ ਧੀਮੀ ਅਵਾਜ਼ ਨੇ ਵੀ ਉਨ੍ਹਾਂ ਨੂੰ ਉਠਾ ਦਿੱਤਾ। ਅਸੀਂ ਥੋੜ੍ਹਾ ਸਮਾਂ ਹੋਰ ਭਾਅ ਜੀ ਤੇ ਭੈਣ ਜੀ ਕੋਲ ਠਹਿਰੇ ਅਤੇ ਯਾਦਾਂ ਦੀਆਂ ਗੰਢਾਂ ਲੈ ਕੇ ਕੈਲੀਫੋਰਨੀਆ ਜਾਣ ਲਈ ਅਟਲਾਂਟਾ ਏਅਰ ਪੋਰਟ ਪਹੁੰਚ ਗਏ।
ਹਫਤੇ ਕੁ ਪਿਛੋਂ ਨਿਊ ਯਾਰਕ ਵਾਪਿਸ ਆ ਕੇ ਐਸ .ਪੀ. ਭਾਅ ਜੀ ਨੂੰ ਫੋਨ ਕੀਤਾ, ਪਰ ਫੋਨ ਉਨ੍ਹਾਂ ਦੀ ਪਤਨੀ ਨੇ ਚੁੱਕਿਆ। ਪਤਾ ਲੱਗਾ ਕਿ ਸਿਹਤ ਠੀਕ ਨਾ ਹੋਣ ਕਾਰਨ ਭਾਅ ਜੀ ਹਸਪਤਾਲ ਹਨ। ਚਿੰਤਾ ਸੀ, ਕੁਝ ਦਿਨ ਬਾਅਦ ਫਿਰ ਮੁੜ ਰਾਜੀ ਖੁਸ਼ੀ ਪੁੱਛਣ ਦਾ ਯਤਨ ਕੀਤਾ ਤਾਂ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ। ਮੈਂ ਮੈਸੇਜ਼ ਛੱਡ ਦਿੱਤਾ। ਦੋ ਕੁ ਦਿਨ ਬਾਅਦ ਯਾਨਿ 26 ਅਕਤੂਬਰ 2019 ਨੂੰ ਇਸ ਦੁੱਖ ਭਰੀ ਖਬਰ ਦਾ ਪਤਾ ਲੱਗਾ ਕਿ ਸੁਰਿੰਦਰ ਭਾਅ ਜੀ ਸਦੀਵੀ ਵਿਛੋੜਾ ਦੇ ਗਏ ਹਨ। ਇਹ ਖਬਰ ਸੁਣਨ ਪਿਛੋਂ ਸੱਚਮੁਚ ਹੀ ਬਹੁਤ ਦੁੱਖ ਹੋਇਆ।
ਮੇਰੇ ਨਾਲ ਭਾਅ ਜੀ ਐਸ਼ ਪੀ. ਸਿੰਘ ਉਰਫ ਸੁਰਿੰਦਰ ਸਿੰਘ ਦਾ ਰਿਸ਼ਤਾ ਇੱਕ ਲੋਕ ਪੱਖੀ ਸਾਂਝੀ ਸੋਚ ਦਾ ਸੀ, ਜੋ ਕਦੀ ਵੀ ਖਤਮ ਨਹੀਂ ਹੁੰਦਾ। ਉਹ ਸਾਡੇ ਕੋਲੋਂ ਜਿਸਮਾਨੀ ਤੌਰ ‘ਤੇ ਦੂਰ ਹਨ, ਪਰ ਉਨ੍ਹਾਂ ਦੇ ਲੋਕ ਹਿਤੈਸ਼ੀ ਵਿਚਾਰ ਸਾਡੇ ਨਾਲ ਹੀ ਨਹੀਂ, ਸਗੋਂ ਸਾਡੇ ਤੋਂ ਬਾਅਦ ਵੀ ਜਿਉਂਦੇ ਰਹਿਣਗੇ। “ਉਚੇ, ਸੁੱਚੇ ਤੇ ਉਸਾਰੂ ਵਿਚਾਰਾਂ ਵਾਲੇ ਇਨਸਾਨ ਸਬੰਧਤ ਦੋਸਤਾਂ-ਮਿੱਤਰਾਂ ਅਤੇ ਪਰਿਵਾਰ ਦੇ ਮੈਂਬਰਾਂ ਲਈ ਸਿਰ ਚੁੱਕ ਕੇ ਜਿਉਣ ਦਾ ਮਾਣ ਹੁੰਦੇ ਹਨ।” ਅਮਰ ਵਿਚਾਰਾਂ ਦੇ ਮਾਲਕ ਨੂੰ ਸੱਚੀ ਸ਼ਰਧਾਂਜਲੀ ਪੇਸ਼ ਕਰਦੇ ਹਾਂ।