ਪੰਜਾਬੀ ਮਨ ਦੀ ਤਹਿ ‘ਚ ਬੈਠੇ ਬੰਦੇ ਦੇ ਗਲਪ ਦਾ ‘ਢਾਹਾਂ ਸਨਮਾਨ’

ਦੇਸ ਰਾਜ ਕਾਲੀ
ਪੰਜਾਬੀ ਸਭਿਆਚਾਰ/ਮਾਂ ਬੋਲੀ ਨੂੰ ਸੀਨੇ ‘ਚ ਸਾਂਭੀ ਬੈਠੇ ਕੈਨੇਡਾ ਵੱਸਦੇ ਬਾਰਜ ਢਾਹਾਂ ਵੱਲੋਂ 2013-14 ਤੋਂ ਸ਼ੁਰੂ ਕੀਤੇ ਢਾਹਾਂ ਸਾਹਿਤ ਸਨਮਾਨ ‘ਚ ਇਸ ਵਾਰ ਪੰਜਾਬੀ ਗਲਪਕਾਰ ਕੇਸਰਾ ਰਾਮ ਨੇ ਬਾਜ਼ੀ ਮਾਰੀ ਹੈ। ਉਸ ਦੀ ਕਥਾ-ਪੁਸਤਕ ‘ਜਨਾਨੀ ਪੌਦ’ ਨੂੰ 25,000 ਕੈਨੇਡੀਅਨ ਡਾਲਰ ਦਾ ਇਹ ਢਾਹਾਂ ਸਨਮਾਨ ਦਿੱਤਾ ਗਿਆ ਹੈ। ਦੂਜੇ ਦੋ ਸਨਮਾਨ ਕ੍ਰਮਵਾਰ ਗਲਪਕਾਰਾ ਹਰਕੀਰਤ ਕੌਰ ਚਹਿਲ ਅਤੇ ਕਥਾਕਾਰ ਜ਼ੁਬੈਰ ਅਹਿਮਦ ਦੀਆਂ ਕਿਤਾਬਾਂ ‘ਆਦਮ-ਗ੍ਰਹਿਣ’ ਅਤੇ ‘ਪਾਣੀ ਦੀ ਕੰਧ’ ਨੂੰ ਦਿੱਤੇ ਗਏ ਹਨ।

ਇਨ੍ਹਾਂ ਸਨਮਾਨਾਂ ‘ਚ ਰਾਸ਼ੀ 10,000 ਡਾਲਰ ਪ੍ਰਤੀ ਸਨਮਾਨ ਹੈ। ਢਾਹਾਂ ਸਨਮਾਨ ਸਿਰਫ ਪੈਸੇ ਦੇ ਮੁੱਲ ਕਰ ਕੇ ਹੀ ਧਿਆਨ ਨਹੀਂ ਖਿੱਚ ਰਿਹਾ, ਸਗੋਂ ਦੋਹਾਂ ਪੰਜਾਬਾਂ ਦੀਆਂ ਉਸ ਸਾਲ ਦੀਆਂ ਕੁਝ ਚੰਗੀਆਂ ਕਿਤਾਬਾਂ ਦੀ ਨਿਸ਼ਾਨਦੇਹੀ ਵੀ ਹੋ ਜਾਂਦੀ ਹੈ, ਜੋ ਪਾਠਕ ਨੂੰ ਇੱਕ ਸੇਧ ਵੀ ਦੇ ਜਾਂਦੀ ਹੈ।
ਸਾਲ 2020 ਦੇ ਇਸ ਸਨਮਾਨ ਲਈ ਕੇਸਰਾ ਰਾਮ ਨੂੰ ਜੇ ਦੇਖਦੇ ਹਾਂ ਤਾਂ ਪੰਜਾਬ ਦੇ ਇੱਕ ਕੋਨੇ ‘ਚ ਹਰਿਆਣਾ ਦੇ ਸ਼ਹਿਰ ਸਿਰਸਾ ‘ਚ ਬੈਠਾ ਇਹ ਗਲਪਕਾਰ ਚੁੱਪਚਾਪ ਕਈ ਵਰ੍ਹਿਆਂ ਤੋਂ ਕਹਾਣੀ ਲਿਖਦਾ ਤੁਰਿਆ ਆ ਰਿਹਾ ਹੈ। ਮਸਤ ਚਾਲੇ, ਪਰ ਲਗਾਤਾਰ। ਇਹਦੀ ਕਹਾਣੀ ਕਦੇ ਲਿਫਦੀ ਨਹੀਂ ਲੱਭੀ। ਉਹਨੇ ਜਿਸ ਪਿੱਚ ‘ਤੇ ਲਿਖਣਾ ਸ਼ੁਰੂ ਕੀਤਾ, ਉਸ ਨੂੰ ਦਹਾਕਿਆਂ ਤੋਂ ਕਾਇਮ ਰੱਖਿਆ ਹੋਇਆ ਹੈ। ਮੌਜੂਦਾ ਸਿਸਟਮ ‘ਤੇ ਪ੍ਰਹਾਰ ਕਰਦੀਆਂ ਉਹਦੀਆਂ ਤਿੱਖੀਆਂ ਕਹਾਣੀਆਂ ਭਾਵੇਂ ਪੰਜਾਬੀ ਆਲੋਚਕ ਦੀ ਨਜ਼ਰੇ ਘੱਟ ਹੀ ਪਈਆਂ ਨੇ, ਪਰ ਪੰਜਾਬੀ ਪਾਠਕ ਨੇ ਕੇਸਰਾ ਰਾਮ ‘ਚ ਭਰੋਸਾ ਬਣਾਇਆ ਹੋਇਆ ਹੈ। ਏਡਾ ਸਿਆਸੀ ਲੇਖਕ ਪੰਜਾਬੀ ‘ਚ ਘੱਟ ਹੀ ਨਜ਼ਰ ਆਉਂਦਾ ਹੈ। ਕੇਸਰਾ ਰਾਮ ਦੇ ਗਲਪ ਦੀ ਸਿਫਤ ਇਹ ਹੈ ਕਿ ਉਹਨੇ ਸਿਸਟਮੀ ਪਹੁੰਚ ਦੇ ਵਿਰੋਧ ‘ਚ ਅਤੇ ਲੋਕਾਈ ਨਾਲ ਜੁੜੇ ਮਸਲਿਆ ਦੇ ਪੱਖ ‘ਚ ਕਲਮ ਚਲਾਈ। ਉਹ ਸਿੱਧਾ ਪੁਲਿਟੀਕਲ ਕੁਮੈਂਟੇਟਰ ਹੈ ਆਪਣੇ ਗਲਪ ‘ਚ। ਉਹ ਪੁਲਿਸ ਤੰਤਰ ਨੂੰ ਨੰਗਿਆਂ ਕਰਦਾ ਹੈ, ਨਿਆਂ ਤੰਤਰ ਨੂੰ ਨੰਗਿਆਂ ਕਰਦਾ ਹੈ, ਸਿਸਟਮੀ ਘੋਲ ‘ਚ ਪਿਸ ਰਹੇ ਬੰਦੇ ਦੀ ਹੋਣੀ ਉਸ ਦੀ ਪਹਿਲ ਹੈ। ਉਹ ਨਾਰੀ ਦਰਦ ਦਾ ਕਹਾਣੀਕਾਰ ਵੀ ਹੈ। ਬੰਦੇ ਦੇ ਮਨ-ਮਸਤਕ ‘ਤੇ ਕਿਵੇਂ ਹੈਜਮੌਨਿਕ ਦਾਬਾ ਅਸਰ ਕਰਦਾ ਹੈ, ਕੇਸਰਾ ਰਾਮ ਜਾਣਦਾ ਹੈ ਤੇ ਉਸ ਉੱਤੇ ਪ੍ਰਹਾਰ ਕਰਦਾ ਹੈ। ਉਹ ਹੁਣ ਤੱਕ ‘ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ’, ‘ਪੁਲਸੀਆ ਕਿਉਂ ਮਾਰਦਾ ਹੈ’, ‘ਬੁਲਬੁਲਿਆਂ ਦੀ ਕਾਸ਼ਤ’ ਅਤੇ ‘ਥੈਂਕਸ ਏ ਲੌਟ ਪੁੱਤਰਾ’ ਕਹਾਣੀ-ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁਕਾ ਹੈ। ਕੇਸਰਾ ਰਾਮ ਦੀ ਕਥਾ ਸ਼ੈਲੀ ‘ਤੇ ਰਾਜਸਥਾਨੀ ਪ੍ਰਭਾਵ ਦੇਖਿਆ ਜਾ ਸਕਦਾ ਹੈ। ਇਨਾਮ ਪ੍ਰਾਪਤ ਕਹਾਣੀ-ਸੰਗ੍ਰਹਿ ‘ਜਨਾਨੀ ਪੌਦ’ ਦੀ ਟਾਈਟਲ ਕਹਾਣੀ ਸਮਾਜਕ ਦਾਬੇ ‘ਚ ਅਉਧ ਹੰਢਾ ਰਹੀਆਂ ਦੋ ਔਰਤ ਪਾਤਰਾਂ ਦੇ ਦੁਖਾਂਤ ਦੀ ਕਹਾਣੀ ਹੈ।
ਹਰਕੀਰਤ ਕੌਰ ਚਹਿਲ ਨੇ ਆਪਣੇ ਕਹਾਣੀ-ਸੰਗ੍ਰਹਿ ‘ਪਰੀਆਂ ਸੰਗ ਸੰਵਾਦ’ ਅਤੇ ਨਾਵਲਾਂ ‘ਤੇਰੇ ਬਾਝੋਂ’, ‘ਥੋਹਰਾਂ ਦੇ ਫੁੱਲ’ ਨਾਲ ਪੰਜਾਬੀ ਪਾਠਕਾਂ ਦਾ ਭਰਪੂਰ ਪਿਆਰ ਬਟੋਰਿਆ। ਉਹ ਪੰਜਾਬੀ ਧਰਾਤਲ ਦੇ ਤਰਲ ਮਨ ਦੀ ਬਾਤ ਪਾਉਣ ਵਾਲੀ ਤੇ ਗਹਿਰੇ ਕਿਤੇ ਨਾਰੀ-ਸੰਵੇਦਨਾ ਦੀ ਥਾਹ ਪਾਉਣ ਵਾਲੀ ਗਲਪਕਾਰ ਹੈ। ਉਹ ਯਥਾਰਥਵਾਦੀ ਗਲਪ ਦੀ ਵਾਹਕ ਹੈ। ਉਹਦਾ ਨਾਵਲ ‘ਆਦਮ ਗ੍ਰਹਿਣ’ ਉਨ੍ਹਾਂ ਸਮਾਜ ਦੇ ਵਿਯੋਗ ਦਾ ਦੁੱਖ ਜ਼ਰ ਰਹੇ ਪਾਤਰਾਂ (ਕਿੰਨਰਾਂ) ਬਾਰੇ ਹੈ, ਜਿਨ੍ਹਾਂ ਨੂੰ ਉਹ ‘ਰੱਬ ਦੀ ਨਸਲ’ ਦੇ ਬੰਦੇ ਕਹਿੰਦੀ ਹੈ। ਉਹਦੀ ਖੋਜ ਤੇ ਸੰਵੇਦਨਾ ਦਾ ਜੋੜ ਇਹ ਨਾਵਲ ਪੰਜਾਬੀ ਪਾਠਕ ਨੂੰ ਤਰਲ ਕਰ ਦਿੰਦਾ ਹੈ। ਮਨ ਵਹਿ ਤੁਰਦਾ ਹੈ, ਇਹਦੇ ਪਾਤਰਾਂ ਦੀ ਵੇਦਨਾ ਮਹਿਸੂਸ ਕਰਦਿਆਂ। ਚਹਿਲ ਕੋਲ ਸ਼ੈਲੀ ਬਹੁਤ ਹੀ ਅਸਰਦਾਰ ਹੈ। ਪੰਜਾਬੀ ਵਾਕ ਬਣਤਰ ਰਾਹੀਂ ਉਹ ਦ੍ਰਿਸ਼ ਪੈਦਾ ਕਰਦੀ ਹੈ। ਉਹਦੇ ਨਾਵਲਾਂ ‘ਚ ਪੇਂਡੂ ਮਾਹੌਲ ਬੱਝਵਾਂ ਪ੍ਰਭਾਵ ਸਿਰਜਦਾ ਹੈ। ਕੈਨੇਡਾ ਰਹਿ ਕੇ ਵੀ ਉਹਦਾ ਦਿਲ ਪੰਜਾਬ ‘ਚ ਹੀ ਧੜਕਦਾ ਹੈ।
ਜ਼ੂਬੈਰ ਅਹਿਮਦ ਨੂੰ ਇਹ ਸਨਮਾਨ ਦੂਜੀ ਵਾਰ ਮਿਲਿਆ ਹੈ। ਪਹਿਲਾਂ 2014 ‘ਚ ਉਨ੍ਹਾਂ ਦੇ ਕਥਾ-ਸੰਗ੍ਰਹਿ ‘ਕਬੂਤਰ ਬਨੇਰੇ ਤੇ ਗਲੀਆਂ’ ਨੂੰ ਇਹ ਸਨਮਾਨ ਮਿਲ ਚੁਕਾ ਹੈ। ਇਸ ਵਾਰ ਉਨ੍ਹਾਂ ਦੇ ਕਥਾ-ਸੰਗ੍ਰਹਿ ‘ਪਾਣੀ ਦੀ ਕੰਧ’ ਨੂੰ ਇਸ ਸਨਮਾਨ ਨਾਲ ਨਿਵਾਜਿਆ ਗਿਆ ਹੈ। ਲਾਹੌਰ ਦੀ ਮਹਿਕ ਨਾਲ ਭਰੀਆਂ ਜ਼ੂਬੈਰ ਦੀਆਂ ਕਹਾਣੀਆਂ ਮਨੁੱਖੀ ਮਨ ਦੇ ਹਨੇਰੇ ਕੋਨਿਆਂ ‘ਚੋਂ ਕਿਤੇ ਖੌਫ ਦੀ ਨਿਸ਼ਾਨਦੇਹੀ ਕਰਦੀਆਂ ਹਨ, ਕਿਤੇ ਸਿਸਟਮ ਦੇ ਦਾਬੇ ਦੀ ਤਹਿ ਫਰੋਲਦੀਆਂ ਹਨ, ਕਿਤੇ ਇਤਿਹਾਸ ‘ਚੋਂ ਕੁਝ ਫਰੋਲਦੀਆਂ ਹਨ ਤੇ ਕਿਤੇ ਵੰਡ ਤੋਂ ਬਾਦ ਦੇ ਸਭਿਆਚਾਰ ਨੂੰ ਸਮਝਣ ਦੇ ਰਾਹ ਤੁਰਦੀਆਂ ਹਨ। ਇਹ ਆਤਮਿਕ ਸਾਂਝਾਂ ਦਾ ਕਹਾਣੀਕਾਰ ਹੈ। ਉਸ ਦੀ ਸ਼ੈਲੀ ‘ਚ ਲਾਹੌਰ ਬੋਲਦਾ ਹੈ। ਲਾਹੌਰ ਦੀ ਵਾਸ਼ਨਾ ਨਾਲ ਭਰੀਆਂ ਹਨ, ਉਸ ਦੀਆਂ ਕਹਾਣੀਆਂ। ਉਹ ‘ਕਿਤਾਬ ਤ੍ਰਿੰਜਣ’ ਨਾਮ ਨਾਲ ਕਿਤਾਬ ਘਰ ਵੀ ਚਲਾ ਰਹੇ ਹਨ। ਪੰਜਾਬੀ ਪਾਠਕ ਦੇ ਮਨ ‘ਚ ਉਨ੍ਹਾਂ ਦਾ ਪ੍ਰਭਾਵ ਹੈ।
ਇਨ੍ਹਾਂ ਤਿੰਨੇ ਗਲਪਕਾਰਾਂ ਦਾ ਸਵਾਗਤ ਅਤੇ ਬਾਰਜ ਢਾਹਾਂ ਅਤੇ ਢਾਹਾਂ ਸਨਮਾਨ ਦੇ ਚੇਅਰਮੈਨ ਪ੍ਰੇਮ ਮਾਨ ਦਾ ਸ਼ੁਕਰੀਆ, ਗਲਪ ਨੂੰ ਸਨਮਾਨਣ ਵਾਸਤੇ।