ਕੇਂਦਰ ਦੇ ਖੇਤੀ ਐਕਟਾਂ ਪ੍ਰਤੀ ਪੰਜਾਬ ਦਾ ਪ੍ਰਤੀਕਰਮ

ਗੁਲਜ਼ਾਰ ਸਿੰਘ ਸੰਧੂ
ਸਮੇਂ ਤੇ ਸਿਆਸਤ ਦੀ ਸਿਤਮਜ਼ਰੀਫੀ ਨੇ ਪਸ਼ਾਵਰ ਤੋਂ ਪਲਵਲ ਤੱਕ ਫੈਲੇ ਪੰਜਾਬ ਨੂੰ ਰਾਵੀ ਤੇ ਘੱਗਰ ਦੇ ਪਾਣੀਆਂ ਤੱਕ ਸੀਮਤ ਕਰਕੇ ਰੱਖ ਦਿੱਤਾ ਹੈ, ਪਰ ਪੰਜਾਬੀਆਂ ਦੀ ਸ਼ਕਤੀਸ਼ਾਲੀ ਤੇ ਉਦਮੀ ਪਹੁੰਚ ਪਹਿਲਾਂ ਵਾਂਗ ਹੀ ਕਾਇਮ ਹੈ। ਕੇਂਦਰ ਸਰਕਾਰ ਵਲੋਂ ਕਰੋਨਾ ਦੀ ਤਾਲਾਬੰਦੀ ਦਾ ਫਾਇਦਾ ਚੁੱਕ ਕੇ ਕਿਸਾਨਾਂ ਦੀ ਖੂਨ ਪਸੀਨਾ ਇੱਕ ਕਰਕੇ ਪ੍ਰਾਪਤ ਕੀਤੀ ਉਪਜ ਨੂੰ ਵੱਡੇ ਵਪਾਰੀਆਂ ਦੀ ਝੋਲੀ ਪਾਉਣ ਵਾਲੇ ਕਾਨੂੰਨਾਂ ਦਾ ਇਕਜੁਟ ਹੋ ਕੇ ਸਾਹਮਣਾ ਕਰਨਾ ਇਸ ਦਾ ਪ੍ਰਮਾਣ ਹੈ। ਪੰਜਾਬ ਵਿਧਾਨ ਸਭਾ ਵਲੋਂ ਸਰਬਸੰਮਤੀ ਨਾਲ ਪਾਸ ਕੀਤੇ ਕਿਸਾਨ ਪੱਖੀ ਬਿੱਲ ਬੱਚੇ ਬੱਚੇ ਦੀ ਜ਼ੁਬਾਨ ਉਤੇ ਹਨ।

ਪੰਜਾਬ ਦੇ ਇਸ ਅਮਲ ਨੇ ਕਿਸਾਨ ਜਥੇਬੰਦੀਆਂ ਦੇ ਯਤਨਾਂ ਦੀ ਪਿੱਠ ਥਾਪੜਨ ਦੇ ਨਾਲ ਨਾਲ ਭਾਰਤ ਦੇ ਦੂਜੇ ਰਾਜਾਂ ਨੂੰ ਵੀ ਚੇਤੰਨ ਕੀਤਾ ਹੈ; ਖਾਸ ਕਰਕੇ ਹਰਿਆਣਾ ਨੂੰ। ਇਨ੍ਹਾਂ ਬਿਲਾਂ ਦੇ ਪਾਸ ਹੋਣ ਦਾ ਸਿਹਰਾ ਕੋਈ ਵੀ ਬੰਨ੍ਹੇ, ਇਨ੍ਹਾਂ ਨਾਲ ਸਮੁੱਚੇ ਭਾਰਤ ਦੀ ਕਿਸਾਨੀ ਦੇ ਮਨਾਂ ਵਿਚ ਫੂਕੀ ਰੂਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਖਾਸ ਕਰਕੇ ਕਣਕ ਤੇ ਧਾਨ ਦੇ ਘੱਟੋ ਘੱਟ ਸਮਰਥਨ ਮੁੱਲ ਨਾਲ ਸਬੰਧਤ ਮੱਦ ਦੀ ਧਾਰਨਾ ਤੋਂ, ਜਿਸ ਨੇ ਬਾਕੀ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦਾ ਵੀ ਰਾਹ ਖੋਲ੍ਹ ਦਿੱਤਾ ਹੈ। ਕੌਣ ਨਹੀਂ ਜਾਣਦਾ ਕਿ ਕੇਂਦਰੀ ਕਾਨੂੰਨ ਰਾਜ ਸਰਕਾਰਾਂ ਦੇ ਸੰਵਿਧਾਨਕ ਹੱਕਾਂ ਨਾਲ ਧੱਕਾ ਹਨ।
ਇਨ੍ਹਾਂ ਕਾਨੂੰਨਾਂ ਨੇ ਮੈਨੂੰ ਪਿਛਲੀ ਸਦੀ ਦੇ ਪਹਿਲੇ ਅੱਧ ਦੀ ਕਿਸਾਨ ਜਾਗ੍ਰਤੀ ਚੇਤੇ ਕਰਵਾ ਦਿੱਤੀ ਹੈ, ਜਿਸ ਨੂੰ ਜਨਮ ਦੇਣ ਵਾਲਾ ਹਰਿਆਣਾ ਦਾ ਜੰਮਪਲ ਸਰ ਛੋਟੂ ਰਾਮ ਸੀ। ਉਸ ਨੇ 1930 ਤੋਂ 1942 ਤੱਕ ਦੇ 13 ਸਾਲਾਂ ਵਿਚ ਗੋਰੀ ਸਰਕਾਰ ਨਾਲ ਆਢਾ ਲੈ ਕੇ 22 ਬਿਲ ਪਾਸ ਕਰਵਾਏ ਸਨ। ਸਰ ਛੋਟੂ ਰਾਮ ਦੀਆਂ ਕਿਸਾਨ ਪੱਖੀ ਜਿੱਤਾਂ ਲਿਖਣ ਲੱਗੀਏ ਤਾਂ ਕਲਮ ਥੱਕ ਜਾਂਦੀ ਹੈ। ਇਥੇ ਸਿਰਫ ਉਸ ਏਕਟ ਦਾ ਸਾਰ ਦੇਣਾ ਕਾਫੀ ਹੈ, ਜਿਸ ਦਾ ਸਬੰਧ ਕਿਸਾਨਾਂ ਦੀ ਉਪਜ ਦੇ ਮੰਡੀ ਵਿਚ ਪੈਣ ਵਾਲੇ ਮੁੱਲ ਨਾਲ ਹੈ।
ਦੂਜੇ ਵਿਸ਼ਵ ਯੁੱਧ ਸਮੇਂ ਤਤਕਾਲੀ ਵਾਇਰਸਾਇ ਲਾਰਡ ਵੇਵਲ ਨੇ ਬੰਗਾਲ ਤੋਂ ਧੱਕੇ ਨਾਲ ਬੰਗਾਲ ਦੇ ਚੌਲ ਸਸਤੇ ਭਾਅ ਖਰੀਦ ਕੇ ਵਿਦੇਸ਼ਾਂ ਨੂੰ ਭਿਜਵਾਉਣ ਪਿਛੋਂ ਪੰਜਾਬ ਦੀ ਕਣਕ ਵੀ ਸਿਰਫ ਛੇ ਰੁਪਏ ਮਣ ਖਰੀਦ ਕੇ ਬਾਹਰ ਭੇਜਣ ਦੀ ਤਜਵੀਜ਼ ਦਿੱਤੀ ਤਾਂ ਸਰ ਛੋਟੂ ਰਾਮ ਨੇ ਸਾਫ ਸਾਫ ਕਹਿ ਦਿੱਤਾ ਕਿ ਇਸ ਦਾ ਘੱਟੋ ਘੱਟ ਮੁੱਲ 10 ਰੁਪਏ ਮਣ ਹੋਣਾ ਚਾਹੀਦਾ ਹੈ, ਜੋ ਮੰਡੀ ਦਾ ਰੇਟ ਸੀ। ਵਾਇਸਰਾਇ ਨੇ ਬੰਗਾਲ ਦੀ ਮਿਸਾਲ ਦਿੱਤੀ ਤਾਂ ਛੋਟੂ ਰਾਮ ਹੋਰ ਵੀ ਸਖਤ ਹੋ ਕੇ ਬੋਲੇ ਕਿ ਉਹ ਕਣਕ ਦਾ ਇੱਕ ਵੀ ਦਾਣਾ ਦੱਸ ਰੁਪਏ ਮਣ ਤੋਂ ਘੱਟ ਮੁੱਲ ਉਤੇ ਵਿਦੇਸ਼ ਨਹੀਂ ਜਾਣ ਦੇਵੇਗਾ। ਧੱਕਾ ਕੀਤਾ ਗਿਆ ਤਾਂ ਖੜੀ ਫਸਲ ਨੂੰ ਅੱਗ ਲਵਾ ਦੇਵੇਗਾ। ਵਾਇਸਰਾਇ ਨੇ ਗੁੱਸੇ ਵਿਚ ਆ ਕੇ ਪੰਜਾਬ ਦੇ ਗਵਰਨਰ ਨੂੰ ਕਿਹਾ ਕਿ ਛੋਟੂ ਰਾਮ ਨੂੰ ਮੰਤਰੀ ਮੰਡਲ ਵਿਚੋਂ ਕੱਢ ਦੇਵੇ। ਗਵਰਨਰ ਪੰਜਾਬੀ ਸੁਭਾਅ ਤੋਂ ਜਾਣੂ ਸੀ, ਉਸ ਨੇ ਵਾਇਸਰਾਇ ਨੂੰ ਸਮਝਾਇਆ ਕਿ ਅਜਿਹਾ ਕੀਤਿਆਂ ਸਾਰੇ ਪੰਜਾਬ ਵਿਚ ਭਾਂਬੜ ਮੱਚ ਜਾਵੇਗਾ। ਅੰਤ ਗੋਰੀ ਸਰਕਾਰ ਨੂੰ ਪੰਜਾਬ ਦੀ ਕਣਕ 10 ਰੁਪਏ ਮਣ ਖਰੀਦਣੀ ਪਈ ਤੇ ਸਰ ਛੋਟੂ ਰਾਮ ਦੀ ਬੱਲੇ ਬੱਲੇ ਹੋ ਗਈ। ਵਾਜਬ ਮੱਤ ਅਜਾਈਂ ਨਹੀਂ ਜਾਇਆ ਕਰਦੇ। ਦੇਸ਼ ਵਾਸੀਓ!
ਚਲੋ ਚਲੀ ਵਾਰਦਾਤਾਂ: ਲੰਘੇ ਦਿਨਾਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਜੋਗਿੰਦਰ ਸਿੰਘ ਪੁਆਰ, ਵਿਗਿਆਨਕ ਵਿਸ਼ਿਆਂ ਉਤੇ ਲਗਾਤਾਰ ਲਿਖਣ ਵਾਲੇ ਇਸ ਯੂਨੀਵਰਸਿਟੀ ਦੇ ਰਹਿ ਚੁਕੇ ਡੀਨ ਕੁਲਦੀਪ ਸਿੰਘ ਧੀਰ, ਚਾਚਾ ਚੰਡੀਗੜ੍ਹੀਆ ਦੀ ਪਤਨੀ ਤੇ ਬੱਬੂ ਤੀਰ ਦੇ ਮਾਤਾ ਜੀ ਤਰਲੋਚਨ ਕੌਰ ਅਤੇ ਅਤਿਵਾਦੀ ਤਾਕਤਾਂ ਦਾ ਡੱਟ ਕੇ ਵਿਰੋਧ ਕਰਨ ਵਾਲੇ ਭਿੱਖੀਵਿੰਡ ਨਿਵਾਸੀ ਕਾਮਰੇਡ ਬਲਵਿੰਦਰ ਸਿੰਘ ਤੇ ਬਿਆਸ ਦੇ ਨਾਟਕਕਾਰ ਹੰਸਾ ਸਿੰਘ ਦੇ ਅਕਾਲ ਚਲਾਣੇ ਨੇ ਪੰਜਾਬੀਆਂ ਨੂੰ ਸੋਗ ਦੀ ਲਹਿਰ ਵਿਚ ਡੋਬ ਛਡਿਆ ਹੈ।
ਮੈਂ ਨਿੱਜੀ ਤੌਰ ‘ਤੇ ਸ਼ ਪੁਆਰ ਨੂੰ ਨੇੜਿਉਂ ਜਾਣਦਾ ਸਾਂ। ਮੇਰੇ ਪੰਜਾਬੀ ਯੂਨੀਵਰਸਿਟੀ ਵਿਚ ਪੱਤਰਕਾਰੀ ਤੇ ਜਨ ਸੰਚਾਰ ਦੇ ਮੁਖੀ ਹੁੰਦਿਆਂ ਉਹ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੀ ਤੇ ਮੇਰੀ ‘ਦੇਸ਼ ਸੇਵਕ’ ਚੰਡੀਗੜ੍ਹ ਦੀ ਸੰਪਾਦਕੀ ਤੋਂ ਪਿਛੇ ਇਸ ਪਰਚੇ ਦਾ ਮੈਨੇਜਿੰਗ ਐਡੀਟਰ। ਬੰਦਾ ਪਾਬੰਦੀ ਨੂੰ ਪ੍ਰਨਾਇਆ ਹੋਇਆ ਸੀ-ਸਮਾਜਕ, ਅਕਾਦਮਿਕ ਅਤੇ ਅਗਾਂਹ ਵਧੂ ਲਹਿਰਾਂ ਤੇ ਗਤੀਵਿਧੀਆਂ ਵਿਚ ਡੂੰਘੀ ਦਿਲਚਸਪੀ ਰੱਖਦਾ ਹੋਇਆ। ਉਪਰ ਵਾਲਾ ਸਭਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ!
ਅੰਤਿਕਾ: ਸਰ ਛੋਟੂ ਰਾਮ ਦੇ ਪਸੰਦੀਦਾ ਸ਼ਿਅਰ
1. ਜਿਸ ਖੇਤ ਸੇ ਦਹਿਕਾਂ ਕੋ ਮੁਯੱਸਰ ਨਹੀਂ ਰੋਟੀ,
ਉਸ ਖੇਤ ਕੇ ਹਰ ਖੋਸ਼ਾਏ-ਗੰਦੁਮ ਕੋ ਜਲਾ ਦੋ।

2. ਯਹੀ ਆਈਨ-ਏ-ਕੁਦਰਤ ਹੈ
ਯਹੀ ਅਸਲੂਬ-ਏ-ਫਿਤਰਤ ਹੈ,
ਜੋ ਹੈ ਰਾਹ-ਏ-ਅਮਲ ਮੇਂ ਗਾਮਜਨ
ਮਹਿਬੂਬ-ਏ-ਫਿਤਰਤ ਹੈ।

3. ਚਮਨ ਜਾਰੇ ਸਿਆਸਤ ਮੇਂ
ਖਾਮੋਸ਼ੀ ਮੌਤ ਹੈ ਬੁਲਬੁਲ,
ਯਹਾਂ ਕੀ ਜ਼ਿੰਦਗੀ
ਪਾਬੰਦੀ-ਏ-ਰਸਮ-ਏਂ-ਫੁਗਾਂ ਤੱਕ ਹੈਂ।
-ਸਰ ਮੁਹੰਮਦ ਇਕਬਾਲ