‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ’

ਸੰਪਾਦਕ ਜੀ,
ਸ਼ ਅਮਰਜੀਤ ਸਿੰਘ ਮੁਲਤਾਨੀ ਨੇ ਲੇਖਾਂ ਦੀ ਲੜੀ ਵਿਚੋਂ ਇੱਕ ਲੇਖ ਅਲੱਗ ਕਰਕੇ ਪ੍ਰਤੀਕਰਮ ਕਰ ਦਿੱਤਾ ਹੈ, ਮੁਬਾਰਕ! ਕਿਸੇ ਨੇ ਕਿਵੇਂ ਸੋਚਣਾ ਹੈ ਜਾਂ ਕਿਸ ਗੱਲ ਨੂੰ ਕਿਵੇਂ ਲੈਣਾ ਹੈ, ਪਰਸੀਵ ਕਰਨਾ ਹੈ, ਆਪੋ ਆਪਣੀ ਸਮਝ ਹੈ। ਇਹ ਸਲੋਕ ਗੁਰੂ ਅਮਰਦਾਸ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 951 ‘ਤੇ ਦਰਜ ਹੈ, ਜਿਸ ਦੇ ਅਰਥ ਵੀ ਗੁਰੂ ਗ੍ਰੰਥ ਸਾਹਿਬ ਦੀ ਸ਼ਬਦਾਰਥ ਦੀ ਤੀਜੀ ਪੋਥੀ ਵਿਚ ਨਾਲ ਹੀ ਦਿੱਤੇ ਹਨ,

ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥
ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ॥
ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ
ਨਾਰਦ ਬਚਨ ਸਭ ਸ੍ਰਿਸਟਿ ਕਰੇਨਿ॥
ਸਚੈ ਲਾਇ ਸਚਿ ਲਗੇ ਸਦਾ ਸਚੁ ਸਮਾਲੇਨਿ॥
ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ॥੧॥
ਸ਼ਬਦਾਰਥ ਦੇ ਅਰਥਾਂ ਵਾਲੇ ਪੰਨੇ ‘ਤੇ ਨੀਚੇ ਨੋਟ ਲਿਖਿਆ ਹੈ, “ਜਿਹੜੀ ਚੰਗੀ ਔਲਾਦ ਹੁੰਦੀ ਹੈ, ਉਹ ਆਪਣੇ ਵੱਡਿਆਂ ਦੀਆਂ ਰਵਾਇਤਾਂ, ਜੋ ਗੁਰੂ ਆਸ਼ੇ ਅਨੁਕੂਲ ਹੋਣ, ਦੁਹਰਾਉਂਦੀ ਰਹਿੰਦੀ ਹੈ, ਪਰ ਜਿਹੜੇ ਮਾੜੇ ਪੁਰਸ਼ ਹੁੰਦੇ ਹਨ, ਉਹ ਆਪਣੀ ਮਤ ‘ਤੇ ਹੀ ਚਲਦੇ ਹਨ ਅਤੇ ਝੂਠੇ ਕੁਸੱਤ ਵਿਚ ਪਏ ਹੋਏ ਆਪ ਵੀ ਡੁੱਬਦੇ ਹਨ ਤੇ ਆਪਣੇ ਸਾਕਾਂ-ਸਬੰਧੀਆਂ ਨੂੰ ਵੀ ਡੋਬਦੇ ਹਨ।” ਇਹ ਮੈਂ ਆਪਣੇ ਕੋਲੋਂ ਨਹੀਂ ਕਿਹਾ, ਸ਼ਬਦ ਗੁਰੂ ਅਮਰਦਾਸ ਜੀ ਦਾ ਹੈ ਅਤੇ ਅਰਥ ਸ਼ਬਦਾਰਥ ਦੀ ਪੋਥੀ ਤਿੰਨ ਵਿਚ ਸ਼ਬਦ ਦੇ ਨਾਲ ਹੀ ਦਿੱਤੇ ਹਨ।
5 ਅਗਸਤ 2020 ਨੂੰ ਰਾਮ ਮੰਦਿਰ ਦੀ ਨੀਂਹ ਰੱਖਣ ਦੇ ਸਮਾਗਮ ‘ਤੇ ਬੋਲਦਿਆਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਸੀ ਕਿ ਅਸੀਂ (ਸਿੱਖ) ਲਵ-ਕੁਸ਼ ਦੀ ਔਲਾਦ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਰਮਾਇਣ ਦੀ ਰਚਨਾ ਕੀਤੀ। ਮੈਂ ਵਿਦਵਾਨ ਹੋਣ ਦਾ ਕਦੇ ਦਾਅਵਾ ਨਹੀਂ ਕੀਤਾ; ਮੈਂ ਸਿੱਖ ਧਰਮ ਦੀ ਵਿਦਿਆਰਥਣ ਹਾਂ ਤੇ ਰਹਾਂਗੀ ਅਤੇ ਵਿਦਿਆਰਥਣ ਹੋਣ ਦੇ ਨਾਤੇ ਮੈਨੂੰ ਇਹ ਦੋਵੇਂ ਬਿਆਨ ਹਜ਼ਮ ਨਹੀਂ ਹੋਏ। ਜਦੋਂ ਮੈਂ ‘ਰੀਜ਼ਨ ਐਂਡ ਰੇਵੈਲੇਸ਼ਨ ਇਨ ਸਿਖਿਜ਼ਮ’ ਤੇ ਪੀਐਚ.ਡੀ ਦੀ ਡਿਗਰੀ ਲਈ ਸੀ, ਉਸ ਦਿਨ ਤੋਂ ਮੰਨ ਲਿਆ ਸੀ ਕਿ ਸਿੱਖ ਧਰਮ ਨੂੰ ਵਿਚਾਰ ਰਾਹੀਂ ਸਮਝਣ ਦੀ ਕੋਸ਼ਿਸ਼ ਹੁਣ ਸ਼ੁਰੂ ਹੋਈ ਹੈ। ਮੇਰੇ ਲਈ ਪੀਐਚ.ਡੀ ਅੰਤ ਨਹੀਂ, ਸ਼ੁਰੂਆਤ ਸੀ, ਜੋ ਅੱਜ ਵੀ ਜਾਰੀ ਹੈ। ਸਾਡਾ ਪ੍ਰਾਇਮਰੀ ਸਰੋਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਅਤੇ ਗੌਣ ਸਰੋਤਾਂ ਵਿਚ ਭਾਈ ਗੁਰਦਾਸ ਨੂੰ ਮੈਂ ਸਿੱਖ ਧਰਮ ਦੇ ਪਹਿਲੇ ਥਿਆਲੋਜੀਅਨ ਮੰਨਦੀ ਹਾਂ। ਇਨ੍ਹਾਂ ਦੋਹਾਂ ਦਾ ਆਸਰਾ ਲੈ ਕੇ ਮੈਂ ਲੜੀਵਾਰ ਪੰਜ ਲੇਖਾਂ ‘ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ’, ‘ਸਿੱਖ ਧਰਮ ਤੇ ਅਵਤਾਰਵਾਦ’, ‘ਜੈਸਾ ਸੇਵੈ ਤੈਸੋ ਹੋਇ’, ‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ’, ‘ਸਭੈ ਸਾਝੀਵਾਲ ਸਦਾਇਨ’ ਰਾਹੀਂ ਇਸ ਤੱਥ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਲਵ-ਕੁਸ਼ ਦੀ ਔਲਾਦ ਨਹੀਂ ਹਾਂ ਅਤੇ ਗੁਰੂ ਸਾਹਿਬਾਨ ਨੇ ਕਿਤੇ ਵੀ ਆਪਣੇ ਆਪ ਨੂੰ ਜਾਤ ਤੇ ਗੋਤ ਨਾਲ ਜੋੜ ਕੇ ਨਹੀਂ ਦੇਖਿਆ; ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਤਾਂ ਨਹੀਂ। ਗੁਰੂ ਗੋਬਿੰਦ ਸਿੰਘ ਜਿਸ ਵਿਰਾਸਤ ਨੂੰ ਅੱਗੇ ਲੈ ਕੇ ਜਾਂਦੇ ਹਨ, ਉਹ ਉਨ੍ਹਾਂ ਨੂੰ ਗੁਰੂ ਨਾਨਕ ਪਾਤਿਸ਼ਾਹ ਪਾਸੋਂ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ, ਗੁਰੂ ਹਰਿਰਾਇ, ਗੁਰੂ ਹਰਕ੍ਰਿਸ਼ਨ ਤੋਂ ਹੁੰਦੀ ਹੋਈ ਗੁਰੂ ਤੇਗ ਬਹਾਦਰ ਰਾਹੀਂ ਮਿਲੀ, ਜਿਸ ‘ਤੇ “ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ” ਵਚਨ ਸਹੀ ਢੁਕਦਾ ਹੈ।
ਇਸ ਨਾਤੇ (ਜਿਸ ਦਾ ਹਵਾਲਾ ਸਤੇ ਬਲਵੰਡ ਦੀ ਰਾਗੁ ਰਾਮਕਲੀ ਵਿਚ ਦਿੱਤੀ ਵਾਰ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਵਿਚੋਂ ਦਿੱਤਾ ਹੈ) ਇਸ ਵਿਰਾਸਤ ਵਿਚ ਗੁਰੂ ਅੰਗਦ ਦੇਵ ਗੁਰੂ ਨਾਨਕ ਦੇ ਪੁੱਤਰ ਹਨ ਅਤੇ ਗੁਰੂ ਅਮਰਦਾਸ ਗੁਰੂ ਅੰਗਦ ਦੇ ਪੁੱਤਰ ਤੇ ਗੁਰੂ ਨਾਨਕ ਦੇ ਪੋਤਰੇ ਹਨ; ਇਸ ਤਰ੍ਹਾਂ ਇਹ ਵਿਰਾਸਤ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੋਈ ਗੁਰੂ ਗੋਬਿੰਦ ਸਿੰਘ ਤੱਕ ਪਹੁੰਚਦੀ ਹੈ। ਇਸੇ ਵਿਰਾਸਤ ਦੇ ਸੰਦਰਭ ਵਿਚ ਗੁਰੂ ਅਮਰਦਾਸ ਦੇ ਉਸ ਸਲੋਕ ਦਾ ਹਵਾਲਾ ਦਿੱਤਾ ਹੈ, ਜਿਸ ‘ਤੇ ਅਮਰਜੀਤ ਸਿੰਘ ਮੁਲਤਾਨੀ ਨੂੰ ਏਨੀ ਜ਼ਿਆਦਾ ਤਕਲੀਫ ਹੋਈ ਹੈ। ਇਹ ਲੇਖ ਇਕੱਲਵਾਂਝਾ ਨਹੀਂ ਹੈ, ਇਸ ਦਾ ਲੜੀਵਾਰ ਸੰਦਰਭ ਹੈ। ਮੈਂ ਆਪਣੀ ਇਸ ਲੇਖ ਲੜੀ ਵਿਚ ਅਵਤਾਰਵਾਦ ਦਾ ਵੀ ਖੰਡਨ ਕੀਤਾ ਹੈ ਅਤੇ ਗੁਰੂ ਨਾਨਕ ਦੇ ਮਾਨਵ-ਬਰਾਬਰੀ ਦੇ ਸਿਧਾਂਤ ਦਾ ਵੀ ਜ਼ਿਕਰ ਕੀਤਾ ਹੈ। ਉਦਾਸੀਆਂ ਦੀ ਗੱਲ ਕਰਦਿਆਂ ਇਹ ਵੀ ਦੱਸਿਆ ਹੈ ਕਿ ਗੁਰੂ ਨਾਨਕ ਹਿੰਦੂ ਤੀਰਥਾਂ ਤੇ ਤੀਰਥ ਯਾਤਰਾ ਕਰਨ ਨਹੀਂ ਗਏ, ਉਨ੍ਹਾਂ ਨੇ ਧਰਮ ਨਾਲ ਜੁੜੇ ਪਖੰਡ ਅਤੇ ਕਰਮਕਾਂਡ ਨੂੰ ਨੰਗਿਆਂ ਕੀਤਾ।
ਮੈਨੂੰ ਨਹੀਂ ਪਤਾ ਕਿ ਗੁਰੂ ਨਾਨਕ ਵੱਲੋਂ ਖੇਤਾਂ ਵਿਚ ਕੰਮ ਕਰਨ ਦੀ ਗੱਲ ਕਰਕੇ ਮੈਂ ਗੁਰੂ ਨਾਨਕ ਨੂੰ ਕਰਾਮਾਤੀ ਕਿਵੇਂ ਸਿੱਧ ਕਰ ਦਿੱਤਾ? ਗੁਰੂ ਨਾਨਕ ਦੇ ਖੇਤ ਅਤੇ ਖੂਹ ਅੱਜ ਵੀ ਮੌਜੂਦ ਹਨ। ਸਾਖੀਆਂ ਵਿਚ ਤਾਂ ਇਹ ਵੀ ਪੜ੍ਹਦੇ ਤੇ ਸੁਣਦੇ ਆਏ ਹਾਂ ਕਿ ਭਾਈ ਲਹਿਣਾ ਜਦੋਂ ਪਹਿਲੀ ਵਾਰ ਕਰਤਾਰਪੁਰ ਗੁਰੂ ਨਾਨਕ ਨੂੰ ਮਿਲਣ ਆਏ ਤਾਂ ਰਸਤੇ ਵਿਚ ਗੁਰੂ ਨਾਨਕ ਆਪਣੇ ਖੇਤਾਂ ਵਿਚੋਂ ਸਿਰ ‘ਤੇ ਪੰਡ ਚੁੱਕੀ ਆ ਰਹੇ ਸਨ ਤੇ ਭਾਈ ਲਹਿਣਾ ਗੁਰੂ ਨਾਨਕ ਤੋਂ ਹੀ ਗੁਰੂ ਨਾਨਕ ਦੇ ਦਰ ਦਾ ਰਾਹ ਪੁੱਛਦੇ ਹਨ, ਜਿਨ੍ਹਾਂ ਨੂੰ ਉਹ ਆਪਣੇ ਪਿੱਛੇ ਪਿੱਛੇ ਆਉਣ ਲਈ ਕਹਿੰਦੇ ਹਨ। ਭਾਈ ਲਹਿਣਾ ਨੂੰ ਅਸਚਰਜ ਹੁੰਦਾ ਹੈ, ਜਦੋਂ ਗੁਰੂ ਨਾਨਕ ਉਨ੍ਹਾਂ ਦੇ ਸਾਹਮਣੇ ਆ ਕੇ ਆਸਣ ਗ੍ਰਹਿਣ ਕਰਦੇ ਅਤੇ ਵਿਚਾਰ ਸਾਂਝੇ ਕਰਦੇ ਹਨ। ਇਹ ਵੀ ਸੁਣਿਆ ਤੇ ਪੜ੍ਹਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਗੁਰੁਗੱਦੀ ਸੌਂਪਣ ਤੋਂ ਪਹਿਲਾਂ ਯੋਗਤਾ ਦੀ ਪਰਖ ਕਰਨ ਲਈ ਵੀ ਪੈਮਾਨਾ ਕਿਰਤ ਅਤੇ ਸੇਵਾ ਨੂੰ ਰੱਖਿਆ ਸੀ। ਬਾਬੇ ਨਾਨਕ ਨੇ ਚਾਰ ਦਿਸ਼ਾਵਾਂ ਵਿਚ ਦੂਰ-ਦੁਰਾਡੇ ਮੁਲਕਾਂ ਵਿਚ ਚਾਰ ਉਦਾਸੀਆਂ ਕੀਤੀਆਂ ਅਤੇ ਹਰ ਥਾਂ ਲੋਕਾਂ ਨੂੰ ਉਪਦੇਸ਼ ਵੀ ਕਰਦੇ ਗਏ। ਕੀ ਉਨ੍ਹਾਂ ਨੂੰ ਸਫਰ ਨਾਲ ਥਕੇਵਾਂ ਨਹੀਂ ਸੀ ਹੁੰਦਾ? ਉਹ ਵੀ ਉਦੋਂ, ਜਦੋਂ ਆਵਾਜਾਈ ਦੇ ਪੁਖਤਾ ਸਾਧਨ ਨਹੀਂ ਸੀ ਹੁੰਦੇ? ਅਤੇ ਫਿਰ ਵੀ ਉਨ੍ਹਾਂ ਨੇ ਬਾਣੀ ਦਾ ਗਾਇਨ, ਵਿਚਾਰ-ਵਟਾਂਦਰਾ ਅਤੇ ਆਪਣੇ ਸਿਧਾਂਤਾਂ ਦਾ ਪ੍ਰਚਾਰ ਖੁੰਝਾਇਆ ਨਹੀਂ।
ਮੈਂ ਕਦੋਂ ਮਲਿਕ ਭਾਗੋ ਦੀ ਤਰਫਦਾਰੀ ਕੀਤੀ ਹੈ? ਮੇਰਾ ਤਾਂ ਇਹ ਮੰਨਣਾ ਹੈ ਕਿ ਸਿੱਖਾਂ ਵਿਚ ਗਿਰਾਵਟ ਹੀ ਉਦੋਂ ਆਉਣੀ ਸ਼ੁਰੂ ਹੋਈ, ਜਦੋਂ ਉਨ੍ਹਾਂ ਨੇ ਭਾਈ ਲਾਲੋਆਂ ਦਾ ਸਾਥ ਛੱਡ ਕੇ, ਕਿਰਤ ਦਾ ਸਾਥ ਛੱਡ ਕੇ ਨਵਾਬੀ ਦੇ ਤਾਜਾਂ ਨੂੰ ਕਬੂਲ ਕੀਤਾ ਅਤੇ ਮਲਿਕ ਭਾਗੋਆਂ ਦਾ ਸਾਥ ਦੇਣਾ ਸ਼ੁਰੂ ਕੀਤਾ। ਮੈਨੂੰ ਨਹੀਂ ਪਤਾ ਸ਼ ਮੁਲਤਾਨੀਂ ਨੂੰ ਖੇਤੀ ਕਰਨ ਦਾ ਕਿੰਨਾ ਕੁ ਤਜ਼ਰਬਾ ਹੈ, ਪਰ ਮੈਂ ਤਾਂ ਖੇਤੀਬਾੜੀ ਕਰਦੇ ਦਰਮਿਆਨੇ ਪਰਿਵਾਰ ਵਿਚ ਪਲ ਕੇ ਵੱਡੀ ਹੋਈ ਹਾਂ, ਅਜਿਹੇ ਪਰਿਵਾਰ, ਜਿਨ੍ਹਾਂ ਦੇ ਸਕੂਲ ਜਾਂਦੇ ਬੱਚੇ ਖੇਤਾਂ ਵਿਚ ਆਪਣੀ ਆਪਣੀ ਸਮਰੱਥਾ ਅਨੁਸਾਰ ਖੇਤੀ ਦੇ ਕੰਮਾਂ ਵਿਚ ਆਪਣੇ ਵੱਡਿਆਂ ਦਾ ਹੱਥ ਵਟਾਉਂਦੇ ਹੁੰਦੇ ਸੀ ਅਤੇ ਪੜ੍ਹਾਈ ਵਿਚ ਵੀ ਪਹਿਲੇ ਨੰਬਰਾਂ ‘ਤੇ ਆਉਂਦੇ ਸੀ। ਉਦੋਂ ਰਵਾਇਤੀ ਫਸਲਾਂ-ਕਣਕ, ਮੱਕੀ, ਕਪਾਹ, ਕਮਾਦ ਆਦਿ ਬੀਜੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਕਿਉਟਣ ਲਈ ਸਾਰੇ ਕਿਸਾਨੀ ਪਰਿਵਾਰ ਨੂੰ ਜੂਝਣਾ ਪੈਂਦਾ ਸੀ। ਗੁਰੂ ਨਾਨਕ ਦਾ ਵਕਤ ਤਾਂ ਉਸ ਤੋਂ ਵੀ ਬਹੁਤ ਪਹਿਲਾਂ ਦਾ ਹੈ, ਪਰ ਜਦੋਂ ਮੈਂ ਖੇਤੀ ਵਿਚ ਪਲੀ ਹਾਂ, ਉਦੋਂ ਖੇਤੀ ਦਾ ਮਸ਼ੀਨੀਕਰਨ ਨਹੀਂ ਸੀ ਹੋਇਆ ਕਿ ਰਾਤ ਰਾਤ ਭਰ ਖੇਤਾਂ ਵਿਚ ਮਸ਼ੀਨਾਂ ਚੱਲਣ। ‘ਸਾਰਾ ਦਿਨ’ ਕੰਮ ਕਰਨ ਦਾ ਅਰਥ ਹੁੰਦਾ ਸੀ ਕਿ ‘ਚੌਣੇ ਵੇਲੇ’ ਨੂੰ ਕਿਸਾਨ ਖੇਤ ਦੇ ਕੰਮ ਮੁਕਾ ਕੇ ਘਰ ਆ ਜਾਂਦਾ ਸੀ। ਗੁਰੂ ਨਾਨਕ ਨੇ ਹਵਾ ਵਿਚੋਂ ਨਹੀਂ ਕਹਿ ਦਿੱਤਾ,
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠੁ ਦੇਖੁ॥੧॥
ਗੁਰੂ ਨਾਨਕ ਨੇ ਜੋ ਕੁਝ ਵੀ ਕਿਹਾ, ਆਪਣੀ ਸੁਰਤਿ ਦੇ ਅਨੁਭਵੀ ਪਲਾਂ ਵਿਚ ਸਤਿ ਦਾ ਜੋ ਅਨੁਭਵ ਕੀਤਾ, ਉਸ ਨੂੰ ਸ਼ਬਦ ਰਾਹੀਂ ਦੱਸਿਆ। ਬਾਕੀ ਮੈਂ ਕਿਸੇ ਬਹਿਸ ਵਿਚ ਨਹੀਂ ਪੈਣਾ ਚਾਹੁੰਦੀ। ਜੇ ਸਿੱਖ ਵਿਦਵਾਨ ਨਹੀਂ ਕੋਈ ਕੰਮ ਕਰ ਸਕੇ, ਸ਼ ਮੁਲਤਾਨੀ ਕਰ ਲੈਣ! ਬਾਬੇ ਨੇ ਤਾਂ ਹਰ ਬੰਦੇ ਨੂੰ ਹੱਕ ਦਿੱਤਾ ਹੈ ਕਿ ਉਹ ਸਰਬਤ ਦੇ ਭਲੇ ਲਈ ਜੋ ਵੀ ਕਰ ਸਕਦਾ ਹੈ, ਕਰੇ। ਗੁਰੂ ਨਾਨਕ ਨੇ ਤਾਂ ਅਧਿਆਤਮਕਤਾ ਅਤੇ ਧਰਮ ਨੂੰ ਸਿੱਧਾ ਕਿਰਤ ਨਾਲ ਜੋੜਦਿਆਂ ਇਹ ਵੀ ਕਿਹਾ ਹੈ,
ਗਿਆਨ ਵਿਹੂਣਾ ਗਾਵੈ ਗੀਤ॥
ਭੁਖੇ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨਿ ਪੜਾਏ॥
ਫਕਰੁ ਕਰੇ ਹੋਰੁ ਜਾਤਿ ਗਵਾਏ॥
ਗੁਰੁ ਪੀਰੁ ਸਦਾਏ ਮੰਗਣ ਜਾਇ॥
ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥੧॥
ਇਹ ਹੈ ਬਾਬੇ ਨਾਨਕ ਦੀ ਕਰਾਮਾਤ, ਜਿਹੜੀ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਕਰ ਕੇ ਦਿਖਾਈ ਅਤੇ ਕਰਨ ਲਈ ਕਿਹਾ, ‘ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ।’ ਕਿਰਤ ਨੂੰ ਪਹਿਲ ਦਿੱਤੀ ਹੈ।
-ਡਾ. ਗੁਰਨਾਮ ਕੌਰ ਕੈਨੇਡਾ