ਪਾਠਕਾਂ ਦੀ ਭਾਵੁਕ ਸਾਂਝ ਕਰਕੇ ਹੀ ਪੰਜਾਬੀ ਚਿਰੰਜੀਵ

ਪਿਆਰੇ ਜੰਮੂ ਜੀ,
ਅਦਾਬ।
‘ਪੰਜਾਬੀ ਟਾਈਮਜ਼’ ਦੀ ਵਿਲੱਖਣਤਾ ਅਤੇ ਵਿਸ਼ੇਸ਼ਤਾ ਇਸ ਵਿਚ ਹੈ ਕਿ ਇਹ ਸਮਾਜ ਦੇ ਸਮੁੱਚੇ ਸਰੋਕਾਰਾਂ ਨੂੰ ਪ੍ਰਣਾਇਆ ਹੋਇਆ ਹੈ। ਸਰੋਕਾਰੀ ਰੰਗਾਂ ਦੀਆਂ ਪਰਤਾਂ ਫਰੋਲਦਾ, ਸੁਰਖ ਰੰਗ ਦੀ ਤਲਾਸ਼ ਵੀ ਬਣਦਾ ਅਤੇ ਇਸ ‘ਚ ਰਚੀਆਂ ਪਲੱਤਣਾਂ ਦੀ ਪਰਖ ਵੀ ਕਰਦਾ ਹੈ।

ਇਹ ਭਾਵੇਂ ਸ਼ ਜਤਿੰਦਰ ਪੰਨੂ ਦਾ ਅਜੋਕਾ ਰਾਜਨੀਤਕ ਵਿਸ਼ਲੇਸ਼ਣ ਹੋਵੇ, ਡਾ. ਗੁਰਨਾਮ ਕੌਰ ਕੈਨੇਡਾ ਤੇ ਡਾ. ਗੋਬਿੰਦਰ ਸਿੰਘ ਸਮਰਾਓ ਦੀਆਂ ਗੁਰਬਾਣੀ ਦੀਆਂ ਰਮਜ਼ਾਂ ਨੂੰ ਪਛਾਣਨ ਦੀ ਜੁਗਤ ਹੋਵੇ, ਡਾ. ਪ੍ਰਿਤਪਾਲ ਸਿੰਘ ਮਹਿਰੋਕ ਵਲੋਂ ਪੰਜਾਬੀ ਸਭਿਆਚਾਰ ਦਾ ਦਰਪਣ ਦਿਖਾਉਣਾ ਹੋਵੇ, ਪ੍ਰਿੰ. ਸਰਵਣ ਸਿੰਘ ਵਲੋਂ ਖੇਡ-ਜਗਤ ਦੇ ਵਰਕਿਆਂ ਨੂੰ ਫਰੋਲਣਾ ਹੋਵੇ ਜਾਂ ਸ਼ ਗੁਲਜ਼ਾਰ ਸਿੰਘ ਸੰਧੂ ਦੇ ਨਿੱਕ-ਸੁੱਕ ਵਿਚੋਂ ਮਾਣਕ-ਮੋਤੀਆਂ ਦੀ ਲਿਸ਼ਕੋਰ ਪ੍ਰਾਪਤ ਕਰਨਾ ਹੋਵੇ। ਤੁਸੀਂ ਵਧਾਈ ਦੇ ਪਾਤਰ ਹੋ, ਜਿਨ੍ਹਾਂ ਨੇ ਪੰਜਾਬੀ ਅਦਬ ਦੀਆਂ ਪ੍ਰਬੁੱਧ ਸ਼ਖਸੀਅਤਾਂ ਨੂੰ ‘ਪੰਜਾਬ ਟਾਈਮਜ਼’ ਰਾਹੀਂ ਪੰਜਾਬੀ ਪਾਠਕਾਂ ਨਾਲ ਜੋੜਿਆ ਹੈ।
‘ਪੰਜਾਬੀ ਟਾਈਮਜ਼’ ਦੇ ਪਿਛਲੇ ਅੰਕ ਵਿਚ ਪਾਠਕ ਇੰਦਰਜੀਤ ਮੰਗਾ ਵਲੋਂ ਲਿਖੇ ਪੱਤਰ ਨੇ ਮੈਨੂੰ ਬਹੁਤ ਹੀ ਭਾਵੁਕ ਕਰ ਦਿੱਤਾ। ਕਿਸੇ ਲਿਖਤ ਨਾਲ ਰੂਹ ਤੋਂ ਜੁੜਨਾ ਅਤੇ ਸ਼ਬਦ-ਸੰਚਾਰ ਵਿਚੋਂ ਜੀਵਨ-ਜੋਤ ਨੂੰ ਜਗਦੀ ਰੱਖਣ ਦਾ ਹੁਨਰ ਤੇ ਹਾਸਲ ਜਦ ਸ਼ਬਦ ਦੀ ਝੋਲੀ ਪੈਂਦਾ ਤਾਂ ਸ਼ਬਦਾਂ ਦੀ ਕਰਾਮਤੀ ਸ਼ਕਤੀ ਦੀ ਸਮਝ ਪੈਂਦੀ ਹੈ। ਮਾਸਟਰ ਗੁਰਬਚਨ ਸਿੰਘ ਵਰਗੇ ਪੰਜਾਬੀ ਪਾਠਕਾਂ ਕਰਕੇ ਹੀ ਪੰਜਾਬੀ ਬੋਲੀ ਸਦਾ ਚਿਰੰਜੀਵ ਹੈ ਤੇ ਰਹੇਗੀ। ਮੈਂ ਸਿਜਦਾ ਕਰਦਾ ਹਾਂ ਅਜਿਹੇ ਪਾਠਕਾਂ ਨੂੰ। ਆਸ ਹੈ, ਪੰਜਾਬੀ ਪਾਠਕ ਮੈਨੂੰ ਅਸ਼ੀਰਵਾਦ ਦਿੰਦੇ ਰਹਿਣਗੇ ਤਾਂ ਜੋ ਹੋਰ ਚੰਗਾ ਲਿਖ ਸਕਾਂ।
ਤੁਹਾਡੀ ਖੈਰੀਅਤ ਅਤੇ ‘ਪੰਜਾਬ ਟਾਈਮਜ਼’ ਦੀ ਪ੍ਰਫੁੱਲਤਾ ਲਈ ਦੁਆ ਕਰਦਾ ਹਾਂ।
-ਡਾ. ਗੁਰਬਖਸ਼ ਸਿੰਘ ਭੰਡਾਲ