ਕਰੋਨਾ ਵਾਇਰਸ ਨੇ ਮਨੁੱਖ ਦੇ ਵਰਤਮਾਨ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਇਸ ਪ੍ਰਭਾਵ ਦੇ ਨਤੀਜੇ ਆਉਣ ਵਾਲੇ ਕੱਲ੍ਹ ਵਿਚੋਂ ਅਜੇ ਦਿਸਣੇ ਹਨ ਪਰ ਸੰਸਾਰ ਦੀਆਂ ਵੱਖ-ਵੱਖ ਸਰਕਾਰਾਂ ਦੇ ਇਸ ਮਹਾਵਾਰੀ ਪ੍ਰਤੀ ਪਹੁੰਚ ਦੇ ਨਤੀਜੇ ਹੁਣ ਸਭ ਦੇ ਸਾਹਮਣੇ ਹਨ। ਡਾ. ਸੁਖਪਾਲ ਸੰਘੇੜਾ ਨੇ ਇਸ ਮਹਾਮਾਰੀ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਹੁੰਚ ਬਾਰੇ ਵਿਸਥਾਰ ਸਹਿਤ ਖੁਲਾਸਾ ਤੱਥਾਂ ਦੇ ਆਧਾਰ ‘ਤੇ ਕੀਤਾ ਹੈ, ਜਿਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਟਰੰਪ ਨੇ ਲੋਕਾਂ ਦੀ ਜਾਨ-ਮਾਲ ਦੀ ਪ੍ਰਵਾਹ ਕਰਨ ਦੀ ਥਾਂ ਆਪਣੀ ਸਿਆਸਤ ਨੂੰ ਪਹਿਲ ਦਿੱਤੀ।
-ਸੰਪਾਦਕ
ਡਾ. ਸੁਖਪਾਲ ਸੰਘੇੜਾ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਕੁਦਰਤ ਦਾ ਆਪਣੀ ਕਿਸਮ ਦਾ ਸਭ ਤੋਂ ਵੱਡਾ ਪ੍ਰਯੋਗ ਜੋ ਮਨੁੱਖਤਾ ਨੇ ਕਦੇ ਵੀ ਵੇਖਿਆ ਹੋਵੇ, ਅਜੇ ਵੀ ਜਾਰੀ ਹੈ। ਹੁਣ ਤੱਕ ਦੇ ਅੰਕੜਿਆਂ ਦੇ ਵਿਸ਼ਲੇਸ਼ਣ ‘ਤੇ ਆਧਿਰਤ ਕੁਝ ਮਹੱਤਵਪੂਰਨ ਨਤੀਜੇ ਪਹਿਲਾਂ ਹੀ ਉਪਲਬਧ ਹਨ। ਇਹ ਕੁਦਰਤੀ ਪ੍ਰਯੋਗ ਵਿਆਪਕ ਪੈਮਾਨੇ ‘ਤੇ ਚੱਲ ਰਿਹਾ ਹੈ ਅਤੇ ਇਹ ਕਈ ਪੱਖਾਂ ਤੋਂ ਸਾਡੇ ਅੱਡ-ਅੱਡ ਵਿਸ਼ਵਾਸਾਂ/ਧਰਮਾਂ, ਵਿਚਾਰਧਾਰਾਵਾਂ, ਨਸਲਾਂ, ਸਮਾਜਕ ਰੁਤਬਿਆਂ ਤੋਂ ਵੀ ਉਪਰ ਹੈ। ਇਹ ਸਿਰਫ ਸਾਰੇ ਸੰਸਾਰ ਵਿਚ ਹੀ ਨਹੀਂ ਸਗੋਂ ਸਮੇਂ ਵਿਚ ਵੀ ਇਹਦਾ ਪ੍ਰਸੰਗ ਮੱਧ ਯੁੱਗ ਤੋਂ ਲੈ ਕੇ ਅੱਜ ਤੱਕ ਫੈਲਿਆ ਹੋਇਆ ਹੈ। ਇਹ ਸੁਭਾਅ ਤੋਂ ਵਿਗਿਆਨਕ ਹੈ; ਅਰਥਾਤ ਇਹਦੇ ਅਧੀਨ ਚੀਜ਼ਾਂ ਦੇ ਵਿਹਾਰ ਨੂੰ ਮਾਪਿਆ/ਮਿਣਿਆ ਜਾ ਸਕਦਾ ਹੈ ਤੇ ਗਿਣਾਤਮਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹ ਪ੍ਰਯੋਗ ਆਧੁਨਿਕ ਯੁੱਗ ਵਿਚ ਤਿੰਨ ਬੁਨਿਆਦੀ ਆਦਰਸ਼ਾਂ ਜਾਂ ਤੱਤਾਂ ਪ੍ਰਤੀ ਮਨੁੱਖੀ ਰਵੱਈਏ ਨੂੰ ਪਰਖਦਾ ਹੈ ਜਿਨ੍ਹਾਂ ਆਦਰਸ਼ਾਂ ਨੇ ਆਧੁਨਿਕ ਯੁੱਗ ਲਿਆਂਦਾ ਅਤੇ ਜੋ ਪ੍ਰਬੋਧਨ (ਗਿਆਨ) ਲਹਿਰ ਦੇ ਆਦਰਸ਼ ਵੀ ਸਨ: ਤਰਕ, ਵਿਗਿਆਨ ਅਤੇ ਮਾਨਵਵਾਦ। ਇਸ ਪ੍ਰਯੋਗ ਦਾ ਆਲਮੀ ਸੁਭਾਅ ਇਸ ਦੇ ਟੈਸਟਾਂ ਦੇ ਦਾਇਰੇ ਨੂੰ ਵਧਾਉਂਦਾ ਹੈ; ਜਿਵੇਂ ਆਲਮੀ ਅਤੇ ਸਮੇਂ ਦੇ ਪ੍ਰਸੰਗ ਵਿਚ ਇੱਕ ਦੇਸ਼ ਜਾਂ ਦੇਸ਼-ਸਮੂਹ ਵਿਚ ਪ੍ਰਾਪਤ ਨਤੀਜੇ ਦੁਨੀਆ ਵਿਚ ਕਿਤੇ ਲਾਗੂ ਹੋ ਸਕਦੇ ਹਨ।
ਵਿਗਿਆਨਕ ਸੁਭਾਅ ਵਾਲੇ ਪ੍ਰਯੋਗ ਦਾ ਇੱਕ ਫਾਇਦਾ ਇਹ ਹੁੰਦਾ ਹੈ ਕਿ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਲਈ ਹਰ ਪੱਥਰ ਮੂਧਾ ਨਹੀਂ ਮਾਰਨਾ ਪੈਂਦਾ, ਕੋਈ ਚੰਗਾ ਨਮੂਨਾ ਹੀ ਕਾਫੀ ਹੁੰਦਾ ਹੈ। ਮਿਸਾਲ ਵਜੋਂ ਅਮਰੀਕਾ ਨੂੰ ਹੀ ਲੈ ਲਓ। ਅਮਰੀਕਾ ਵਿਚ ਬੇਕਾਬੂ ਹੋਈ ਕਰੋਨਾ ਮਹਾਮਾਰੀ ਨੂੰ ਬਾਹਰੋਂ ਦੇਖਦਿਆਂ ਤੇ ਇਹ ਮੰਨਦਿਆਂ ਕਿ ਅਮਰੀਕਾ ਸੰਸਾਰ ਸ਼ਕਤੀ ਹੈ ਤੇ ਵਿਗਿਆਨ ਵਿਚ ਵੀ ਸਭ ਤੋਂ ਅੱਗੇ ਹੈ, ਕਈ ਲੋਕ ਖਾਸ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਵਿਚ, ਸਿੱਟੇ ਕੱਢ ਰਹੇ ਨੇ ਕਿ ਕਰੋਨਾ ਦਾ ਟਾਕਰਾ ਕਰਨ ਵਿਚ ਵਿਗਿਆਨ ਅਤੇ ਪ੍ਰਗਤੀ ਅਸਫਲ ਜਾਂ ਬੇਵੱਸ ਹੋ ਰਹੀ ਹੈ। ਇਸ ਲੇਖ ਵਿਚ ਦੇਖਾਂਗੇ ਕਿ ਕਿਵੇਂ ਇਹ ਸਤਹੀ ਨਿਰਣਾ ਗਲਤ ਸਾਬਤ ਹੁੰਦਾ ਹੈ। ਕਰੋਨਾ ਨਾਲ ਟੱਕਰ ਤੇ ਉਹਦੇ ਨਤੀਜਿਆਂ ਨੂੰ ਸਮਝਣ ਲਈ ਅਮਰੀਕਾ ਵਿਚ ਘਟੀ ਕਰੋਨਾ (ਕੋਵਿਡ-19) ਦੀ ਕਹਾਣੀ ਸੰਖੇਪ ਰੂਪ ਵਿਚ ਨਮੂਨੇ ਵਜੋਂ ਵਰਤਦੇ ਹਾਂ।
ਕਰੋਨਾ ਨਾਲ ਟਾਕਰੇ ਤਿਆਰੀ
ਅਮਰੀਕਾ ਦੇ ਪ੍ਰਧਾਨ ਡੋਨਲਡ ਟਰੰਪ ਦਾ ਕਦੀ-ਕਦੀ ਕੀਤਾ ਜਾ ਰਿਹਾ ਦਾਅਵਾ ਕਿ ਮਹਾਮਾਰੀ ਨੇ ਉਨ੍ਹਾਂ ਨੂੰ ਬਿਨਾ ਚਿਤਾਵਨੀ ਦੇ ਅਚਾਨਕ ਆਣ ਢਾਇਆ, ਕਈ ਤਰ੍ਹਾਂ ਨਾਲ ਖੋਟਾ ਹੈ। ਮਿਸਾਲ ਵਜੋਂ 12 ਜਨਵਰੀ 2017 ਨੂੰ ਜਾਰਜਟਾਉਨ ਯੂਨੀਵਰਸਿਟੀ ਵਿਚ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਦੇ ਡਾਇਰੈਕਟਰ ਡਾ. ਐਂਥਨੀ ਫੌਸੀ ਨੇ ਵਾਇਰਲ ਰੋਗ ਫੈਲਣ ਵਿਰੁਧ ਤਿਆਰ ਰਹਿਣ ਦੀ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ। ਇਸ ਤੋਂ ਇਲਾਵਾ ਇਹ ਇਕ ਜਾਣਿਆ ਤੱਥ ਹੈ ਕਿ ਟਰੰਪ ਦੇ ਪ੍ਰਧਾਨਗੀ ਉਦਘਾਟਨ ਤੋਂ ਇਕ ਹਫਤਾ ਪਹਿਲਾਂ, ਓਬਾਮਾ ਪ੍ਰਸ਼ਾਸਨ ਨੇ ਟਰੰਪ ਦੀ ਰੀਪਲੇਸਮੈਂਟ ਟੀਮ ਨੂੰ ਇਕ ਮਹਾਮਾਰੀ ਲਈ ਤਿਆਰ ਰਹਿਣ ਦੀ ਪ੍ਰੇਰਨਾ ਕੀਤੀ ਸੀ। ਉਦੋਂ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਆ ਰਹੀ ਮਹਾਮਾਰੀ 1918 ਦੇ ਇਨਫਲੂਐਂਜ਼ਾ ਤੋਂ ਵੀ ਸਭ ਤੋਂ ਵੱਧ ਖਤਰਨਾਕ ਹੋ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ- 1) ਵੈਂਟੀਲੇਟਰ ਮਸ਼ੀਨਾਂ ਦੀ ਸੰਭਾਵੀ ਕਮੀ ਦੀ ਚਿਤਾਵਨੀ ਦਿੱਤੀ; 2) ਮਹਾਮਾਰੀ ਦਾ ਟਾਕਰਾ ਕਰਨ ਲਈ ਕੇਂਦਰ ਤਾਲਮੇਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਸਪਸ਼ਟ ਹੈ ਕਿ ਟਰੰਪ ਟੀਮ ਨੇ ਇਹ ਸਲਾਹ ਤੇ ਚਿਤਾਵਨੀ ਅਣਗੌਲਿਆਂ ਕਰ ਦਿੱਤੀਆਂ। ਇਸ ਤੋਂ ਇਲਾਵਾ ਮਈ 2018 ਵਿਚ ਟਰੰਪ ਨੇ ਮਹਾਮਾਰੀ ਦੀ ਤਿਆਰੀ ਨੂੰ ਸਮਰਪਿਤ ਵ੍ਹਾਈਟ ਹਾਊਸ ਵਿਚ ਮੌਜੂਦ ਦਫਤਰ ਬੰਦ ਕਰ ਦਿੱਤਾ ਜਿਸ ਨੂੰ ਪ੍ਰਧਾਨ ਓਬਾਮਾ ਨੇ 2014-2016 ਦੇ ਇਬੋਲਾ ਮਹਾਮਾਰੀ ਤੋਂ ਬਾਅਦ ਸਥਾਪਤ ਕੀਤਾ ਸੀ। ਇੰਗਲੈਂਡ ਦੇ ਬੋਰਿਸ ਜਾਨਸਨ ਨੇ ਵੀ ਆ ਰਹੀ ਸਿਹਤ ਮਹਾਮਾਰੀ ਪ੍ਰਤੀ ਇਸ ਤਰ੍ਹਾਂ ਦਾ ਹੀ ਰਵੱਈਆ ਅਪਣਾਇਆ। ਜਦੋਂ ਸਿਮੂਲੇਸ਼ਨ ਅਭਿਆਸ ਤੋਂ ਪਤਾ ਲੱਗਿਆ ਕਿ ਜੇ ਦੇਸ਼ ਨੂੰ ਮਹਾਮਾਰੀ ਦਾ ਸਾਹਮਣਾ ਕਰਨਾ ਪਿਆ ਤਾਂ ਸਿਹਤ ਕਰਮਚਾਰੀਆਂ ਲਈ ਵੈਂਟੀਲੇਟਰਾਂ ਅਤੇ ਨਿੱਜੀ ਸੁਰੱਖਿਆ ਉਪਕਰਣਾਂ ਦੀ ਭਾਰੀ ਘਾਟ ਹੋਵੇਗੀ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ।
24 ਅਕਤੂਬਰ 2019 ਨੂੰ ਗਲੋਬਲ ਹੈਲਥ ਸਿਕਿਓਰਟੀ ਇੰਡੈਕਸ ਪ੍ਰਕਾਸ਼ਤ ਕੀਤਾ ਗਿਆ ਜਿਸ ਵਿਚ ਦੇਸ਼ਾਂ ਦੀ ਇਸ ਹਿਸਾਬ ਨਾਲ ਦਰਜਾਬੰਦੀ ਕੀਤੀ ਗਈ ਕਿ ਉਹ ਕਿਸੇ ਗੰਭੀਰ ਸਿਹਤ ਆਫਤ ਨਾਲ ਨਜਿੱਠਣ ਲਈ ਕਿੰਨੇ ਵਧੀਆ ਤਰੀਕੇ ਨਾਲ ਤਿਆਰ ਸਨ। ਇਨ੍ਹਾਂ ਵਿਚ ਅਮਰੀਕਾ, ਇੰਗਲੈਂਡ ਤੇ ਨੀਦਰਲੈਂਡ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਸਨ। ਸੰਸਾਰ ਗਵਾਹ ਹੈ ਕਿ ਅਮਰੀਕਾ ਅਤੇ ਇੰਗਲੈਂਡ ਕੋਵਿਡ-19 ਦੇ ਟਾਕਰੇ ਵਿਚ ਅਸਫਲ ਹੋਣ ਵਿਚ ਪਹਿਲੇ ਅਤੇ ਦੂਜੇ ਸਥਾਨ ‘ਤੇ ਸਾਹਮਣੇ ਆਏ। ਇਨ੍ਹਾਂ ਨੇ ਉਮੀਦ ਕੀਤੀ ਜਾਂਦੀ ਸਫਲਤਾ ਦੀ ਟੀਸੀ ਤੋਂ ਅਸਫਲਤਾ ਤੱਕ ਲੰਮੀ ਛਲਾਂਗ ਕਿੰਜ ਲਗਾਈ? ਇੱਕ ਇਸ਼ਾਰਾ ਪੇਸ਼ ਹੈ। ਇਹ ਮਹਿਜ਼ ਇਤਫਾਕ ਨਹੀਂ ਕਿ ਅਮਰੀਕਾ ਤੇ ਇੰਗਲੈਂਡ ਦੀਆਂ ਸਰਕਾਰਾਂ ਦੇ ਮੁਖੀ, ਪ੍ਰਧਾਨ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਵਿਡ-19 ਦੇ ਪ੍ਰਭਾਵਸ਼ਾਲੀ ਟਾਕਰੇ ਵਿਚ ਅਸਫਲ ਰਹਿਣ ਵਾਲਿਆਂ ਵਿਚੋਂ ਸੰਸਾਰ ਨੇਤਾ ਵਜੋਂ ਉਭਰੇ; ਜਦਕਿ ਇਹ ਦੋਵੇਂ ਸੱਜੇ ਪੱਖ ਦੀ ‘ਫਿਰ ਮਹਾਨ ਬਣਾਓ’ ਲੁਭਾਊ ਲਹਿਰ ਦੇ ਸੰਸਾਰ ਆਗੂ ਵੀ ਹਨ। ਇਹ ਆਮ ਤੌਰ ‘ਤੇ ਵਿਗਿਆਨ ਨੂੰ ਨਕਾਰਦੇ ਹਨ ਅਤੇ ਬਹੁਪੱਖਵਾਦ ਦਾ ਵਿਰੋਧ ਕਰਦੇ ਹਨ। ਇਹ ਆਪਣੇ ਦੇਸ਼ਾਂ ਨੂੰ ਅੰਦਰ ਵੱਲ ਮੋੜਨ ਅਤੇ ਇਨ੍ਹਾਂ ਨੂੰ ‘ਮਹਾਨ’ ਬਣਾਉਣ ਲਈ ਪਿੱਛੇ ਵੱਲ ਧੱਕਣ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਨੇ ਕਰੋਨਾ ਪ੍ਰਤੀ ਰਵੱਈਆਂ ਇਸ ਲਹਿਰ ਦੇ ਚਾਨਣ ਜਾਂ ਹਨੇਰੇ ਵਿਚ ਹੀ ਤਿਆਰ ਕੀਤਾ। ਕਰੋਨਾ ਨਾਲ ਨਜਿੱਠਣ ਦੇ ਉਨ੍ਹਾਂ ਦੇ ਢੰਗ-ਤਰੀਕਿਆਂ ਨੇ ਉਨ੍ਹਾਂ ਅਤੇ ਉਨ੍ਹਾਂ ਦੀ ਲਹਿਰ ਦੇ ਗਿਆਨ-ਲਹਿਰ ਦੇ ਬੁਨਿਆਦੀ ਆਦਰਸ਼ਾਂ ਤਰਕ, ਵਿਗਿਆਨ ਅਤੇ ਮਾਨਵਵਾਦ ਸੰਗ ਰਿਸ਼ਤੇ ਤੋਂ ਪਰਦਾਫਾਸ਼ ਕੀਤਾ। ਨਾਲ ਹੀ ਗਿਆਨ-ਲਹਿਰ ਦੀਆਂ ਜਾਈਆਂ ਜਮਹੂਰੀਅਤ ਅਤੇ ਇਸ ਦੀਆਂ ਸੰਸਥਾਵਾਂ ਪ੍ਰਤੀ ਉਨ੍ਹਾਂ ਤੇ ਉਨ੍ਹਾਂ ਦੀ ਲਹਿਰ ਦੇ ਰਵੱਈਏ ਨੂੰ ਵੀ ਉਜਾਗਰ ਕੀਤਾ। ਇੱਥੇ ਅਸੀਂ ਡੋਨਲਡ ਟਰੰਪ ‘ਤੇ ਧਿਆਨ ਵਧੇਰੇ ਕੇਂਦਰਿਤ ਕਰਾਂਗੇ ਕਿਉਂਕਿ ਉਹ ਲੁਭਾਊ ਲਹਿਰ ਦੇ ਜ਼ੋਰਦਾਰ ਅਤੇ ਸਭ ਤੋਂ ਉਚੀ ਆਵਾਜ਼ ਵਾਲੇ ਆਗੂ ਵਜੋਂ ਉਭਰੇ ਹਨ।
ਕਰੋਨਾ ਵਾਇਰਸ ਦਾ ਆਗਮਨ: ਅਣਡਿੱਠ ਕਰੋ, ਮੁੱਕਰ ਜਾਓ
21 ਜਨਵਰੀ 2020 ਨੂੰ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀ.ਡੀ.ਸੀ.) ਨੇ ਅਮਰੀਕਾ ਵਿਚ ਪਹਿਲਾ ਕਰੋਨਾ ਵਾਇਰਸ ਕੇਸ ਰਿਪੋਰਟ ਕੀਤਾ। ਲਗਭਗ ਇਕ ਹਫਤੇ ਬਾਅਦ ਵ੍ਹਾਈਟ ਹਾਊਸ ਦੇ ਸਲਾਹਕਾਰ ਪੀਟਰ ਨਵਾਰੋ ਨੇ ਸਰਕੂਲੇਟ ਮੈਮੋ ਵਿਚ ਮਹਾਮਾਰੀ ਦੀ ਚਿਤਾਵਨੀ ਦਿੰਦਿਆਂ ਦਾਅਵਾ ਕੀਤਾ ਕਿ ਇਸ ਵਿਚ 500,000 ਅਮਰੀਕਨ ਜ਼ਿੰਦਗੀਆਂ ਅਤੇ ਤਕਰੀਬਨ 6 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਫਿਰ ਵੀ, ਇਸ ਸਮੇਂ ਦੌਰਾਨ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਤਿਆਰੀ ਵਜੋਂ ਅਮਰੀਕਾ ਵਿਚ ਬਣੇ ਲੱਖਾਂ ਐੱਨ-95 ਨਕਾਬ (ਮਾਸਕ) ਖਰੀਦਣ ਦੀ ਪੇਸ਼ਕਸ਼ ਠੁਕਰਾ ਦਿੱਤੀ। ਇਹ ਸ਼ਾਇਦ ਟਰੰਪ ਪ੍ਰਸ਼ਾਸਨ ਵਲੋਂ ਪਹਿਲਾ ਸੰਕੇਤ ਸੀ ਕਿ ਉਹ ਕਰੋਨਾ ਨਾਲ ਕਿਵੇਂ ਨਜਿੱਠਣਗੇ। ਟਰੰਪ ਨੇ 31 ਜਨਵਰੀ 2020 ਨੂੰ ਚੀਨ (ਜਿਥੋਂ ਵਾਇਰਸ ਦਾ ਸ਼ੁਰੂ ਹੋਣਾ ਮੰਨਿਆ ਗਿਆ ਸੀ) ਦੀਆਂ ਅਮਰੀਕਾ ਵਿਚ ਆਉਂਦੀਆਂ ਜਾਂਦੀਆਂ ਹਵਾਈ ਉਡਾਣਾਂ ‘ਤੇ ਅੰਸ਼ਿਕ ਪਾਬੰਦੀ ਲਗਾਉਣ ਬਾਅਦ ਦਾਅਵਾ ਕੀਤਾ, “ਅਸੀਂ ਇਹ (ਕਰੋਨਾ ਵਾਇਰਸ) ਦਾ ਜ਼ਿਆਦਾਤਰ ਚੀਨ ਤੋਂ ਆਉਣਾ ਬੰਦ ਕਰ ਦਿੱਤਾ ਹੈ।”
23 ਫਰਵਰੀ ਨੂੰ ਪੀਟਰ ਨਾਵਾਰੋ ਨੇ ਟਰੰਪ ਨੂੰ ਕੋਵਿਡ-19 ਮਹਾਮਾਰੀ ਦੀ ਵਧ ਰਹੀ ਸੰਭਾਵਨਾ ਬਾਰੇ ਦੂਜਾ ਯਾਦ ਪੱਤਰ ਭੇਜਿਆ ਅਤੇ ਚਿਤਾਵਨੀ ਦਿੱਤੀ ਕਿ ਇਹ 100 ਮਿਲੀਅਨ ਅਮਰੀਕੀ ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ ਅਤੇ 1 ਤੋਂ 2 ਮਿਲੀਅਨ ਅਮਰੀਕੀ ਜਾਨਾਂ ਜਾ ਸਕਦੀਆਂ ਹਨ। ਤਿੰਨ ਦਿਨਾਂ ਬਾਅਦ ਇਕ ਪਾਸੇ ਟਰੰਪ ਨੇ ‘ਵ੍ਹਾਈਟ ਹਾਊਸ ਕਰੋਨਾ ਵਾਇਰਸ ਟਾਸਕ ਫੋਰਸ’ ਦਾ ਐਲਾਨ ਕੀਤਾ, ਤੇ ਦੂਜੇ ਪਾਸੇ ਇਸ ਦੇ ਖਤਰੇ ਦੀ ਤੁਲਨਾ ਆਮ ਫਲੂ ਨਾਲ ਕਰਦਿਆਂ ਕਿਹਾ ਕਿ ਅਮਰੀਕਾ ਵਿਚ ਹਰ ਸਾਲ 25,000 ਤੋਂ 69,000 ਲੋਕਾਂ ਫਲੂ ਨਾਲ ਮਰ ਜਾਂਦੇ ਹਨ। ਫਿਰ ਉਸ ਨੇ ਆਪਣੀ ਹੀ ਪਿੱਠ ਥਾਪੜੀ, “… ਹੁਣ ਵਾਇਰਸ ਦੇ 15 ਕੇਸ ਆ, ਕੁਝ ਹੀ ਦਿਨਾਂ ਵਿਚ 15 ਤੋਂ ਜ਼ੀਰੋ ਜੋ ਜਾਣਗੇ। ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ।” ਅਗਲੇ ਦਿਨ, ਉਸ ਨੇ ਐਲਾਨ ਕੀਤਾ, “ਇਹ ਅਲੋਪ ਹੋ ਜਾਵੇਗਾ।” ਅਗਲੇ ਹੀ ਦਿਨ, ਫਿਰ ਤੋਂ ਆਮ ਫਲੂ ਨਾਲ ਵਾਇਰਸ ਦੀ ਤੁਲਨਾ ਕਰਦਿਆਂ ਟਰੰਪ ਨੇ ਦੱਖਣੀ ਕੈਰੋਲੀਨਾ ਵਿਚ ਚੋਣ ਪ੍ਰਚਾਰ ਰੈਲੀ ਵਿਚ ਬੋਲਦੇ ਹੋਏ ਨਵੀਂ ਕਰੋਨਾ ਵਾਇਰਸ ਨੂੰ ਡੈਮੋਕਰੇਟਿਕ ਪਾਰਟੀ ਦਾ ਆਡੰਬਰ ਕਰਾਰ ਦਿੱਤਾ ਅਤੇ ਕਿਹਾ ਕਿ ਫਲੂ ਸੰਗ ਲੋਕਾਂ ਦੇ ਮਰਨ ਨਾਲ ਕੁਝ ਬੰਦ ਨਹੀਂ ਹੁੰਦਾ, ਜ਼ਿੰਦਗੀ ਚਲਦੀ ਰਹਿੰਦੀ ਹੈ।
ਕੋਈ ਯੋਜਨਾ ਨਹੀਂ: ਪ੍ਰਧਾਨ ਜੀ ਕੀ ਕਰ ਰਹੇ ਸਨ?
ਅਮਰੀਕਾ ਵਿਚ ਕਰੋਨਾ ਕਾਰਨ ਪਹਿਲੀ ਮੌਤ 29 ਫਰਵਰੀ ਨੂੰ ਵਾਸ਼ਿੰਗਟਨ ਸੂਬੇ ਵਿਚ ਰਿਪੋਰਟ ਹੋਈ। ਬਾਅਦ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਕੈਲੀਫੋਰਨੀਆ ਸੂਬੇ ਵਿਚ ਸੈਂਟਾ ਕਲਾਰਾ ਤਹਿਸੀਲ ਵਿਚ 6 ਫਰਵਰੀ ਨੂੰ ਹੋਈ ਮੌਤ ਪਹਿਲੀ ਕਰੋਨਾ ਮੌਤ ਸੀ। ਕਿਸੇ ਵੀ ਦੇਸ਼ ਲਈ ਕੋਵਿਡ-19 ਮਹਾਮਾਰੀ ਕੌਮੀ ਸੰਕਟ ਰਿਹਾ ਹੈ ਪਰ ਟਰੰਪ ਨੇ ਇਸ ਦਾ ਮੁਕਾਬਲਾ ਕਰਨ ਲਈ ਨਾ ਕੌਮੀ ਅਗਵਾਈ ਦਿੱਤੀ ਅਤੇ ਨਾ ਹੀ ਕੋਈ ਰਾਸ਼ਟਰੀ ਯੋਜਨਾ ਬਣਾਈ। ਉਸ ਨੇ ਇਸ ਦਾ ਮੁਕਾਬਲਾ ਕਰਨ ਵਾਲੇ ਹਸਪਤਾਲਾਂ ਵਿਚ ਕਰਮਚਾਰੀਆਂ ਲਈ ਸੁਰੱਖਿਆ ਉਪਕਰਣਾਂ ਸਮੇਤ ਲੋੜੀਂਦੇ ਮਾਸਕ, ਵੈਂਟੀਲੇਟਰ ਅਤੇ ਹੋਰ ਡਾਕਟਰੀ ਉਪਕਰਣਾਂ ਨੂੰ ਸਮੇਂ ਸਿਰ ਮੁਹੱਈਆ ਕਰਵਾਉਣ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ। ਇਸ ਦੀ ਬਜਾਏ ਉਸ ਨੇ ਮਹਾਮਾਰੀ ਨਾਲ ਲੜਨਾ ਜਾਂ ਨਾ ਲੜਨਾ ਸੂਬਿਆਂ ਦੇ ਗਵਰਨਰਾਂ ‘ਤੇ ਛੱਡ ਦਿੱਤਾ। ਇਸ ਤਰ੍ਹਾਂ ਕਰਨ ਨਾਲ ਨਕਾਰਾਤਮਕ ਨਤੀਜੇ ਨਿੱਕਲੇ। ਮਿਸਾਲ ਵਜੋਂ ਰਾਜਾਂ ਦੇ ਗਵਰਨਰਾਂ ਵਿਚ ਖਰੀਦ-ਮੁਕਾਬਲਾ ਹੋਣ ਕਾਰਨ ਵੈਂਟੀਲੇਟਰ ਮਸ਼ੀਨਾਂ ਦੀਆਂ ਕੀਮਤਾਂ ਵੱਧ ਅਦਾ ਕਰਨੀਆਂ ਪਈਆਂ। ਗਵਰਨਰਾਂ ਨੇ ਕਰੋਨਾ ਦਾ ਟਾਕਰਾ ਵੱਖ-ਵੱਖ ਪੱਧਰਾਂ ‘ਤੇ ਕੀਤਾ। ਘਟੀਆ ਪ੍ਰਬੰਧ ਪੱਧਰ ਵਾਲੇ ਸੂਬਿਆਂ ਵਿਚ ਵਾਇਰਸ ਵੱਧ ਫੈਲ ਗਈ ਤੇ ਉਨ੍ਹਾਂ ਵਿਚੋਂ ਵਧੀਆ ਪੱਧਰ ਦੇ ਸੂਬਿਆਂ ਵਿਚ ਵੜ ਗਈ।
ਜਦੋਂ ਗਵਰਨਰ ਵਾਇਰਸ ਦਾ ਮੁਕਾਬਲਾ ਕਰ ਰਹੇ ਸਨ, ਟਰੰਪ ਵਿਗਿਆਨਕ ਢੰਗ ਨਾਲ ਜਵਾਬ ਦੇਣ ਦੀ ਥਾਂ ਵਾਇਰਸ ਨਾਲ ਜੁੜੀਆਂ ਹੋਰ ਗਤੀਵਿਧੀਆਂ ਵਿਚ ਰੁੱਝਿਆ ਰਿਹਾ, ਜਿਵੇਂ ਮਹਾਮਾਰੀ ਨੂੰ ਘਟਾ ਕੇ ਦੇਖਣਾ ਜਾਰੀ ਰੱਖਣਾ, ਝੂਠਾ ਦਾਅਵਾ ਕਰਨਾ ਕਿ ਅਸੀਂ ਮਹਾਮਾਰੀ ਨੂੰ ਮਾਤ ਪਾ ਰਹੇ ਹਾਂ, ਰਾਜਨੀਤਕ ਆਧਾਰ ‘ਤੇ ਗਵਰਨਰਾਂ ਦੀ ਆਲੋਚਨਾ ਜਾਰੀ ਰੱਖਣਾ ਅਤੇ ਵਾਇਰਸ ਦੇ ਵਿਗਿਆਨ ਵਲੋਂ ਅਪ੍ਰਮਾਣਿਕ, ਸੰਭਾਵੀ ਨੁਕਸਾਨਦੇਹ, ਜਾਅਲੀ ਇਲਾਜਾਂ ਦਾ ਢੋਲ ਪਿਟਦੇ ਰਹਿਣਾ। ਰਾਸ਼ਟਰੀ ਪੋਲਾਂ ਅਨੁਸਾਰ ਲੋਕ ਵਾਇਰਸ ਦੇ ਮਾਮਲੇ ਵਿਚ ਟਰੰਪ ਨਾਲੋਂ ਗਵਰਨਰਾਂ ਜ਼ਿਆਦਾ ਵਿਸ਼ਵਾਸ ਕਰਨ ਲੱਗੇ।
ਜ਼ਾਹਿਰ ਤੌਰ ‘ਤੇ ਖਬਰੇ ਮੂੰਹ ਰਖਾਈ ਲਈ ਤੇ ਕੁਝ ਲੋਕਾਂ ਨੂੰ ਝੂਠੀ ਉਮੀਦ ਦੇਣ ਲਈ ਮਹਾਮਾਰੀ ਦੌਰਾਨ ਟਰੰਪ ਖੋਟੇ ਦਾਅਵੇ ਕਰਦਾ ਰਿਹਾ। ਲਗਾਤਾਰ ਇਹ ਗਾਣਾ ਜਾਰੀ ਰੱਖਿਆ ਕਿ ਕਰੋਨਾ ਵਾਇਰਸ ਅਲੋਪ ਹੋ ਜਾਵੇਗਾ। ਜਿਹੜਾ ਵੀ ਵਿਅਕਤੀ ਵਾਇਰਸ ਦਾ ਟੈਸਟ ਚਾਹਵੇ, ਲੈ ਸਕਦਾ ਹੈ (6 ਮਾਰਚ)। ਅਮਰੀਕਨਾਂ ਨੂੰ ਕੋਵਿਡ-19 ਦੇ ਇਲਾਜ ਲਈ ਖਰਚਾ ਨਹੀਂ ਕਰਨਾ ਪਏਗਾ। 99 ਪ੍ਰਤੀਸ਼ਤ ਕਰੋਨਾ ਵਾਇਰਸ ਪਾਜ਼ੇਟਿਵ ਕੇਸ ਨੁਕਸਾਨਦੇਹ ਨਹੀਂ। ਅਸੀਂ ਮਹਾਮਾਰੀ ਨੂੰ ਮਾਤ ਪਾ ਰਹੇ ਹਾਂ। ਜਦੋਂ ਪਾਜ਼ੇਟਿਵ ਕੇਸ ਅਤੇ ਮੌਤਾਂ ਵਧ ਰਹੀਆਂ ਸਨ, ਉਸ ਵਕਤ ਆਪਣੇ ਪ੍ਰਸ਼ਾਸਨ ਵਿਚਲੇ ਜੀਵ ਵਿਗਿਆਨੀਆਂ ਤੇ ਡਾਕਟਰਾਂ ਦੀਆਂ ਭਵਿੱਖਬਾਣੀਆਂ ਦੇ ਵਿਰੁਧ ਵੈਕਸੀਨ ਬਹੁਤ ਜਲਦੀ ਉਪਲਬਧ ਹੋ ਜਾਣ ਦਾ ਥੋਥਾ ਦਾਅਵਾ ਕੀਤਾ ਗਿਆ।
ਅਮਰੀਕੀ ਰਾਜਨੀਤੀ ਵਿਚ, ਘੱਟੋ-ਘੱਟ ਰਾਸ਼ਟਰੀ ਮੁੱਦਿਆਂ ‘ਤੇ, ਇੱਕ ਪਰੰਪਰਾ ਹੈ ਜੋ ਇਸ ਕਹਾਵਤ ਦੁਆਰਾ ਵੀ ਪ੍ਰਗਟ ਕੀਤੀ ਜਾਂਦੀ ਹੈ: “ਡਾਲਰ ਇੱਥੇ ਰੁਕਦਾ ਹੈ”। “ਇੱਥੇ” ਦਾ ਹਵਾਲਾ ਹੈ: ਪ੍ਰਧਾਨ ਦਾ ਮੇਜ਼। ਇਸ ਕਹਾਵਤ ਦਾ ਮਤਲਬ ਹੈ- ਪ੍ਰਧਾਨ ਹੀ ਕੌਮੀ ਮੁੱਦਿਆਂ ਜਾਂ ਸਮੱਸਿਆਵਾਂ ਲਈ ਜ਼ਿੰਮੇਵਾਰ ਹੁੰਦੇ ਹਨ। ਕਰੋਨਾ ਮਹਾਮਾਰੀ ਦੌਰਾਨ ਟਰੰਪ ਦਾ ‘ਮੰਤਰ’ ਰਿਹਾ ਹੈ: “ਬਿਲਕੁਲ ਜ਼ਿੰਮੇਵਾਰ ਨਹੀਂ।” ਉਦਾਹਰਣ ਵਜੋਂ ਜਦੋਂ ਰਿਪੋਰਟਰ ਨੇ ਸਵਾਲ ਪੁੱਛਿਆ ਕਿ ਕੀ ਉਹ “ਪਹਿਲਾਂ ਤੋਂ ਵੱਡੀ ਗਿਣਤੀ ਵਿਚ ਵਾਇਰਸ ਦੇ ਟੈਸਟ ਵੰਡਣ ਵਿਚ ਅਸਫਲਤਾ ਦੀ ਜ਼ਿੰਮੇਵਾਰੀ ਲੈਂਦੇ ਹਨ?” ਟਰੰਪ ਦਾ ਜਵਾਬ ਸੀ, “ਮੈਂ ਬਿਲਕੁੱਲ ਜ਼ਿੰਮੇਵਾਰੀ ਨਹੀਂ ਲੈਂਦਾ।” (13 ਮਾਰਚ)। “ਬਕ ਇੱਥੇ ਰੁਕਦਾ ਹੈ” ਦੀ ਬਜਾਏ, ਉਸ ਨੇ “ਪਾਸ ਦਾ ਬੱਕ” ਲਾਗੂ ਕਰਨਾ ਆਰੰਭ ਕਰ ਦਿੱਤਾ, ਮਤਲਬ ਜ਼ਿੰਮੇਵਾਰੀ ਜਾਂ ਦੋਸ਼ ਦੂਜਿਆਂ ਨੂੰ ਦੇ ਦਿਓ। ਟਰੰਪ ਨੇ ਚੀਨ ਅਤੇ ਡਬਲਯੂ.ਐਚ.ਓ. (ਵਿਸ਼ਵ ਸਿਹਤ ਸੰਗਠਨ) ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੱਤਾ ਅਤੇ ‘ਬੱਕ’ ਸੂਬਿਆਂ ਦੇ ਗਵਰਨਰਾਂ ਨੂੰ ਪਾਸ ਕਰ ਦਿੱਤਾ।
ਟੱਕਰ ਵਾਇਰਸ ਬਜਾਏ ਵਿਗਿਆਨ ਵਿਰੁੱਧ: ਸਮੱਸਿਆ ਲਈ ਖੋਟੇ ਹੱਲ
ਕਰੋਨਾ ਵਾਇਰਸ ਸੰਕਟ ਦੀ ਅਮਰੀਕਾ ਵਿਚ ਸ਼ੁਰੂਆਤ ਤੋਂ ਹੀ ਇਸ ਸੰਦਰਭ ਵਿਚ ਟਰੰਪ ਨੇ ਨਾ ਸਿਰਫ ਵਿਗਿਆਨ ਨੂੰ ਅਣਗੌਲਿਆਂ ਕੀਤਾ, ਬਲਕਿ ਵਿਗਿਆਨੀਆਂ ਅਤੇ ਡਾਕਟਰਾਂ ਵਿਰੁਧ ਜੰਗ ਛੇੜ ਦਿੱਤੀ। ਕਰੋਨਾ ਦੇ ਫੈਲਾਓ ਨੂੰ ਕਾਬੂ ਕਰਨ ਲਈ ਕਿਸੇ ਵੀ ਰਾਸ਼ਟਰੀ ਯੋਜਨਾ ਦੀ ਅਣਹੋਂਦ ਵਿਚ ਟਰੰਪ ਦੀ ਸਰਕਾਰੀ ਏਜੰਸੀ ‘ਸੈਂਟਰਜ਼ ਫਾਰ ਰੋਗ ਕੰਟਰੋਲ ਐਂਡ ਪ੍ਰੀਵੈਂਸ਼ਨ’ (ਸੀ.ਡੀ.ਸੀ.) ਅਤੇ ਟਰੰਪ ਪ੍ਰਸ਼ਾਸਨ ਦੇ ਅੰਦਰਲੇ ਵਿਗਿਆਨੀਆਂ ਤੇ ਡਾਕਟਰਾਂ ਦੀਆਂ ਸਿਫਾਰਸ਼ਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪਹਿਲੇ ਨੌਂ ਰਾਜਾਂ ਨੇ ਆਪਣੇ ਤੌਰ ‘ਤੇ 23 ਮਾਰਚ ਨੂੰ ਸਟੇ-ਐਟ-ਹੋਮ (ਘਰ-ਰਹੋ) ਆਦੇਸ਼ ਲਾਗੂ ਕਰ ਦਿੱਤੇ। ਉਸੇ ਸਮੇਂ 48 ਰਾਜਾਂ ਦੇ ਨਾਲ-ਨਾਲ ਡਿਸਟ੍ਰਿਕਟ ਆਫ ਕੋਲੰਬੀਆ ਨੇ ਬਾਕੀ ‘ਵਿਦਿਅਕ ਵਰ੍ਹੇ’ ਲਈ ਆਪਣੇ ਪਬਲਿਕ ਸਕੂਲ ਬੰਦ ਕਰ ਦਿੱਤੇ। ਇਕ ਹਫਤੇ ਦੇ ਅੰਦਰ 21 ਹੋਰ ਰਾਜ ਸਟੇ-ਐਟ-ਹੋਮ ਆਦੇਸ਼ਾਂ ਨੂੰ ਲਾਗੂ ਕਰਨ ਵਿਚ ਸ਼ਾਮਲ ਹੋਏ। ਇਸ ਦੌਰਾਨ ਪਾਜ਼ੇਟਿਵ ਕੇਸਾਂ ਦੀ ਗਿਣਤੀ ਠਾਠਾਂ ਮਾਰਦੀ ਹੋਈ 82,404 ਨੂੰ ਪਹੁੰਚ ਗਈ ਅਤੇ ਇਟਲੀ ਤੇ ਚੀਨ ਨੂੰ ਪਛਾੜਦਾ ਅਮਰੀਕਾ ਪਾਜ਼ੇਟਿਵ ਕੇਸਾਂ ਵਿਚ ਵਿਸ਼ਵ ਦਾ ਮੋਹਰੀ ਬਣ ਗਿਆ ਅਤੇ ਕੋਵਿਡ-19 ਮੌਤਾਂ ਦੀ ਗਿਣਤੀ 5,000 ਨੂੰ ਪਾਰ ਕਰ ਗਈ। ਇਸ ਬਾਰੇ ਟਰੰਪ ਦਾ ਤੁਰੰਤ ਜਵਾਬ ਕੀ ਸੀ? ਉਸ ਨੇ ਜਨਤਾ ਨੂੰ ਦੱਸਿਆ ਕਿ ਕੋਵਿਡ-19 ਪਿੱਛੇ ਹਟ ਰਿਹਾ ਹੈ, “ਮੈਂ ਕਿਹਾ ਕਿ ਇਹ ਦਫਾ ਹੋ ਰਿਹਾ ਸੀ। ਸੋ, ਇਹ ਦਫਾ ਹੋ ਰਿਹਾ ਹੈ।” ਇਸ ਦਾਅਵੇ ਦੇ ਛੇ ਦਿਨਾਂ ਬਾਅਦ ਅਮਰੀਕਾ ਵਿਚ ਮੌਤ ਗਿਣਤੀ ਇਟਲੀ ਨੂੰ ਪਛਾੜਦੀ ਹੋਈ 19,802 ਹੋ ਗਈ ਜਿਸ ਨਾਲ ਕਰੋਨਾ ਮੌਤਾਂ ਵਿਚ ਵੀ ਅਮਰੀਕਾ ਵਿਸ਼ਵ ਦਾ ਮੋਹਰੀ ਬਣ ਗਿਆ।
ਇਸ ਸਮੇਂ ਦੇ ਦੌਰਾਨ ਸੀ.ਡੀ.ਸੀ. ਅਤੇ ਹੋਰ ਵਿਗਿਆਨੀਆਂ ਦੁਆਰਾ ਵਿਗਿਆਨਕ ਦਿਸ਼ਾ-ਨਿਰਦੇਸ਼ਾਂ ਅਤੇ ਸਿਫਾਰਸ਼ਾਂ ਅਨੁਸਾਰ ਰਾਜਾਂ ਦੇ ਗਵਰਨਰ ਵਾਇਰਸ ਫੈਲਣ ਤੋਂ ਰੋਕਣ ਦੇ ਉਪਾਅ ਕਰ ਰਹੇ ਸਨ, ਜਿਵੇਂ ਜਨਤਕ ਇਕੱਠਾਂ ਵਿਚ ਲੋਕਾਂ ਦੀ ਗਿਣਤੀ ‘ਤੇ ਪਾਬੰਦੀਆਂ, ਸਮਾਜਕ ਦੂਰੀ ਭਾਵ ਆਲੇ ਦੁਆਲੇ ਦੇ ਲੋਕਾਂ ਤੋਂ ਲਗਭਗ 6 ਫੁੱਟ ਦੂਰ ਰਹਿਣ ਦੀਆਂ ਹਦਾਇਤਾਂ ਤੇ ਨਕਾਬ (ਮਾਸਕ) ਪਹਿਨਣ ਲਈ ਲੋਕਾਂ ਨੂੰ ਉਤਸ਼ਾਹਤ ਕਰਨਾ। ਵਾਇਰਸ ਵਿਰੁਧ ਇਸ ਲੋੜੀਂਦੀ ਕਾਰਵਾਈ ਦੇ ਨਤੀਜੇ ਵਜੋਂ ਬੇਰੁਜ਼ਗਾਰੀ ਛਾਲਾਂ ਮਾਰਦੀ ਵਧਣ ਲੱਗੀ ਅਤੇ ਆਰਥਿਕ ਵਿਵਸਥਾ ਨੂੰ ਵੀ ਢਾਹ ਲੱਗਣੀ ਸ਼ੁਰੂ ਹੋ ਗਈ। ਸਪਸ਼ਟ ਤੌਰ ‘ਤੇ ਸਿਆਣਾ ਤੇ ਸਹੀ ਹੱਲ ਇਹ ਹੋਣਾ ਸੀ ਕਿ ਪਹਿਲਾਂ ਕਰੋਨਾ ਕੇਸਾਂ ਅਤੇ ਮੌਤਾਂ ਦੀ ਦਰ ਨੂੰ ਬਿਲਕੁਲ ਥੱਲੇ ਲਿਆਇਆ ਜਾਂਦਾ, ਫਿਰ ਆਰਥਿਕਤਾ ਨੂੰ ਸੁਰੱਖਿਅਤ ਢੰਗ ਨਾਲ ਖੋਲ੍ਹਿਆ ਜਾਂਦਾ। ਰਾਜਾਂ ਨੂੰ ਅਜਿਹਾ ਕਰਨ ਖੁੱਲ੍ਹ, ਇਕਸਾਰ ਕੌਮੀ ਯੋਜਨਾ, ਸਹੀ ਸਮੇਂ ਤੇ ਆਰਥਿਕਤਾ ਨੂੰ ਸੁਰੱਖਿਅਤ ਢੰਗ ਨਾਲ ਖੋਲ੍ਹਣ ਦੀ ਮਦਦ ਦੇਣ ਦੀ ਬਜਾਏ ਟਰੰਪ ਨੇ ਆਪਣੀ ਟਵੀਟ-ਲੜੀ ਵਿਚ ਆਪਣੀ ਸਰਕਾਰ ਦੀ ਆਪਣੀ ਸੀ.ਡੀ.ਸੀ. ਅਤੇ ਕਰੋਨਾ ਟਾਸਕ ਫੋਰਸ ਦੇ ਵਿਰੁਧ ਭੁਗਤਦੇ ਹੋਏ ਡੈਮੋਕਰੇਟਿਕ ਗਵਰਨਰਾਂ ਦੇ ਸੂਬਿਆਂ ਵਿਚ ਸਮਾਜਕ ਦੂਰੀ ਤੇ ਹੋਰ ਪਾਬੰਦੀਆਂ ਖਿਲਾਫ ਪ੍ਰਦਰਸ਼ਨਾਂ ਨੂੰ ਉਤਸ਼ਾਹਤ ਕੀਤਾ, ਭੜਕਾਊ ਨਾਅਰਿਆਂ ਦੇ ਨਾਲ: “ਲਿਬਰੇਟ ਮਿਸ਼ਿਅਨ”, “ਲਿਬਰੇਟ ਮਿੰਨੇਸੋਟਾ”, “ਲਿਬਰੇਟ ਵਰਜੀਨੀਆ।” ਦਬਾਅ ਹੇਠਾਂ, ਖਾਸ ਕਰ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਗਵਰਨਰਾਂ ਨੇ ਸਟੇ-ਐਟ-ਹੋਮ ਆਰਡਰਾਂ ਨੂੰ ਲਾਗੂ ਕਰਨ ਦੀ ਸ਼ੁਰੂਆਤ ਦੇ ਸਿਰਫ ਇੱਕ ਮਹੀਨੇ ਬਾਅਦ ਹੀ ਹੌਲੀ-ਹੌਲੀ ਪਾਬੰਦੀਆਂ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁਝ ਕਾਰੋਬਾਰਾਂ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ।
ਮਈ ਦੇ ਅਖੀਰ ਤੱਕ 36 ਰਾਜ ਪਹਿਲਾਂ ਹੀ ਦੁਬਾਰਾ ਖੁੱਲ੍ਹ ਚੁੱਕੇ ਸਨ ਜਾਂ ਦੁਬਾਰਾ ਖੁੱਲ੍ਹਣ ਦੀ ਪ੍ਰਕਿਰਿਆ ਵਿਚ ਸਨ। ਅਮਰੀਕਾ ਵਿਚ ਕਰੋਨਾ ਪਾਜ਼ੇਟਿਵ ਕੇਸਾਂ ਅਤੇ ਮੌਤਾਂ ਦੀ ਗਿਣਤੀ ਕ੍ਰਮਵਾਰ 1,778,515 ਅਤੇ 104,051 ‘ਤੇ ਪਹੁੰਚ ਚੁੱਕੀ ਸੀ ਜੋ ਵਿਸ਼ਵ ਭਰ ਵਿਚ ਕਰੋਨਾ ਦੇ ਕੁੱਲ ਕੇਸਾਂ ਤੇ ਮੌਤਾਂ ਦੀ ਕ੍ਰਮਵਾਰ 29 ਪ੍ਰਤੀਸ਼ਤ ਅਤੇ 28 ਪ੍ਰਤੀਸ਼ਤ ਬਣਦੀ ਸੀ, ਹਾਲਾਂਕਿ ਅਮਰੀਕਾ ਦੀ ਆਬਾਦੀ ਵਿਸ਼ਵ ਦੀ ਆਬਾਦੀ ਦਾ ਸਿਰਫ 4% ਹਿੱਸਾ ਹੈ। ਰਾਜਾਂ ਵਿਚ ਬੰਦਸ਼ਾਂ ਤੇ ਬੰਦਾਂ ਨੂੰ ਲਾਗੂ ਕਰ ਕੇ ਵਾਇਰਸ ਉਪਰ ਹੱਦ ਤੱਕ ਪ੍ਰਾਪਤ ਕੀਤਾ ਕੰਟਰੋਲ ਗਾਇਬ ਹੋਣ ਲੱਗਾ, ਜਦੋਂ ਬਹੁਤ ਅਗੇਤੇ ਹੀ ਕਾਰੋਬਾਰਾਂ ਖੋਲਣੇ ਤੇ ਬੰਦਸ਼ਾਂ ਹਟਣੀਆਂ ਸ਼ੁਰੂ ਹੋ ਗਈਆਂ, ਵਿਗਿਆਨਕਾਂ ਤੇ ਡਾਕਟਰਾਂ ਵਲੋਂ ਇਸ ਜਲਦੀ ਖੁੱਲ੍ਹਣ ਵਿਰੁਧ ਚਿਤਾਵਨੀ ਬਾਵਜੂਦ ਵੀ। ਇਸ ਸਮੇਂ ਦੌਰਾਨ ਪ੍ਰਧਾਨ ਟਰੰਪ ਦੀ ਕੋਰੋਨ ਮਹਾਮਾਰੀ ਪ੍ਰਤੀ ਹੁੰਗਾਰਾ ਭਰਨ ਵਿਚ ਇਹ ਭੂਮਿਕਾ ਰਹੀ: ਰਾਜ ਗਵਰਨਰਾਂ ਅਤੇ ਸ਼ਹਿਰੀ ਸਰਕਾਰਾਂ ਉਤੇ ਲਗਾਤਾਰ ਦਬਾਅ ਪਾਉਣਾ ਕਿ ਉਹ ਬੰਦਸ਼ਾਂ ਹਟਾਉਣ; ਕਾਰੋਬਾਰਾਂ ਤੇ ਸਕੂਲਾਂ ਨੂੰ ਦੁਬਾਰਾਂ ਖੋਲ੍ਹਣ; ਅਜਿਹਾ ਕਰਨ ਲਈ ਬਿਨਾ ਕਿਸੇ ਕੌਮੀ ਯੋਜਨਾ ਮਦਦ-ਸਰੋਤਾਂ ਤੋਂ। ਉਹ ਇਸ ਤਰ੍ਹਾਂ ਦੇ ਮੰਤਰ ਜਪਦਾ ਰਿਹਾ: “ਕਰੋਨਾ ਅਲੋਪ ਹੋਣ ਜਾ ਰਿਹਾ ਹੈ”, “ਸਕੂਲ ਖੋਲ੍ਹੋ … ਬੱਚੇ ਅਤੇ ਜਵਾਨ ਲਗਭਗ ਕਰੋਨਾ ਵਾਇਰਸ ਤੋਂ ਸੁਰੱਖਿਅਤ ਹਨ, ਉਸ ਕਰੋਨਾ ਲੈ ਸਕਦੇ ਹਨ”, “ਅਸੀਂ ਕਰੋਨਾ ਨੂੰ ਥੱਲੇ ਲਾ ਰਹੇ ਹਾਂ” ਅਤੇ “ਹੁਣ ਵੈਕਸੀਨ ਵੱਟ ‘ਤੇ ਪਿਆ ਹੈ” ਆਦਿ।
ਜਦੋਂ 10 ਜੁਲਾਈ ਨੂੰ ਅਮਰੀਕਾ ਰੋਜ਼ਾਨਾ ਕੁਲ ਕਰੋਨਾਵਾਇਰਸ ਦੇ ਕੇਸਾਂ ਵਿਚ 70, 000 ਦੀ ਗਿਣਤੀ ਪਾਰ ਕਰ ਕੇ ਆਪਣਾ ਹੀ ਰਿਕਾਰਡ ਤੋੜ ਰਿਹਾ ਸੀ ਤਾਂ ਟਰੰਪ ਜ਼ੋਰ ਦੇ ਰਿਹਾ ਸੀ ਕਿ ਅਮਰੀਕੀ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਆ ਰਹੀ ਪੱਤਝੜ ਰੁੱਤੇ ਖੁੱਲ੍ਹੇ ਰਹਿਣਾ ਚਾਹੀਦਾ ਹੈ। ਫਲੋਰਿਡਾ ਸੂਬਾ 15,300 ਕਰੋਨਾਵਾਇਰਸ ਦੇ ਇੱਕ-ਰੋਜ਼ਾ ਕੇਸਾਂ ਦਾ ਰਿਕਾਰਡ ਸਥਾਪਤ ਕਰ ਰਿਹਾ ਸੀ। ਅਜਿਹਾ ਤਾਂ ਹੋ ਰਿਹਾ ਕਿਉਂਕਿ ਰਾਜ ਦਾ ਗਵਰਨਰ ਪੂਰੀ ਸ਼ਰਧਾ ਨਾਲ ਟਰੰਪ ਦੀ ਲਾਇਨ ‘ਤੇ ਚੱਲ ਰਿਹਾ ਸੀ, ਪਾਬੰਦੀਆਂ ਹਟਾਉਣ ਤੇ ਸਟੇਟ ਦੁਬਾਰਾ ਖੋਲ੍ਹਣ ਵਿਚ, ਵਿਗਿਆਨਕਾਂ, ਡਾਕਟਰਾਂ, ਤੇ ਸੀ.ਡੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਤੇ ਸਿਫਾਰਸ਼ਾਂ ਦੀ ਉਲੰਘਣਾ ਕਰਦਾ ਹੋਇਆ।
ਉਪਰੋਕਤ ਚਰਚਾ ਤੋਂ ਪਤਾ ਚੱਲਦਾ ਹੈ ਕਿ ਪ੍ਰਧਾਨ ਟਰੰਪ ਦਾ ਵਾਇਰਸ ਬਾਰੇ ਪ੍ਰਤੀਕਰਮ ਨਾ ਸਿਰਫ ਗੈਰ-ਵਿਗਿਆਨਕ ਹੈ, ਬਲਕਿ ਅਕਸਰ ਵਿਗਿਆਨ ਦੇ ਐਨ ਵਿਰੋਧ ਵਿਚ ਵੀ ਹੁੰਦਾ ਹੈ। ਇਸੇ ਲਾਈਨ ‘ਤੇ ਚਲਦੇ ਹੋਏ ਟਰੰਪ ਲਈ ਕਰੋਨਾ ਵਿਰੁਧ ਵਿਗਿਆਨਕ ਤੌਰ ‘ਤੇ ਅਪ੍ਰਮਾਣਿਕ ਇਲਾਜਾਂ ‘ਦਾ ਸੁਝਾਅ ਦਿੰਦਿਆਂ ਉਨ੍ਹਾਂ ‘ਤੇ ਵਾਰ-ਵਾਰ ਜ਼ੋਰ ਪਾਉਂਦੇ ਅਤੇ ਲੋਕਾਂ ਨੂੰ ਉਨ੍ਹਾਂ ਬਾਰੇ ਉਕਸਾਉਂਦੇ ਰਹੇ। ਉਦਾਹਰਣ ਵਜੋਂ, ਉਸ ਨੇ ਐਂਟੀ-ਮਲੇਰੀਆ ਡਰੱਗ ਹਾਈਡਰੋਕਸਾਈਕਲੋਰੋਕਿਨ ਨੂੰ ‘ਗੇਮ-ਚੇਂਜਰ’ ਵਜੋਂ ਪ੍ਰਚਾਰਿਆ, ਹਾਲਾਂਕਿ ਇੱਕ ਤੋਂ ਵੱਧ ਅਧਿਐਨਾਂ ਵਿਚ ਇਹ ਦਿਖਾਇਆ ਕਿ ਇਹ ਡਰੱਗ ਮਦਦਗਾਰ ਨਹੀਂ ਸੀ, ਸਗੋਂ ਇਸ ਦੀ ਵਰਤੋਂ ਨਾਲ ਕਰੋਨਾ ਮਰੀਜ਼ ਦੇ ਮਰ ਜਾਣ ਦੀ ਸੰਭਾਵਨਾ ਵਧ ਸਕਦੀ ਹੈ। ਫਿਰ ਵੀ ਟਰੰਪ ਇਸ ਦੀ ਸਿਫਤ ਦੇ ਢੋਲ ਵਜਾਉਂਦਾ ਰਿਹਾ। ਉਹਦਾ ਸਭ ਤੋਂ ਮਸ਼ਹੂਰ ‘ਇਲਾਜ’ ਰਿਹਾ ਹੈ ਜਿਸ ਦਾ ਉਹ ਸੁਝਾਅ ਜੋ ਉਹਨੇ 23 ਅਪਰੈਲ ਨੂੰ ਟਾਸਕ ਫੋਰਸ ਦੀ ਪਬਲਿਕ ਬ੍ਰੀਫਿੰਗ ਦੌਰਾਨ ਦੁਨੀਆ ਸਾਹਮਣੇ ਪੇਸ਼ ਕੀਤਾ ਸੀ ਕਿ ਸਰੀਰ ਵਿਚ ਵੜੀ ਕਰੋਨਾ ਦਾ ਇਲਾਜ ਹੋ ਸਕਦਾ ਹੈ, ਰੋਗਾਣੂਨਾਸ਼ਕ ਤੇ ਸੂਰਜ ਦੀ ਰੋਸ਼ਨੀ ਨਾਲ, “ਮੈਂ ਦੇਖ ਸਕਦਾ ਹਾਂ, ਕੀਟਾਣੂਨਾਸ਼ਕ ਕਿਵੇਂ (ਸਰੀਰ ਵਿਚ) ਵਾਇਰਸ ਨੂੰ ਇੱਕ ਮਿੰਟ ਵਿਚ ਖਤਮ ਕਰ ਸਕਦੇ ਨੇ; (ਸਰੀਰ) ਅੰਦਰ (ਕੀਟਾਣੂਨਾਸ਼ਕ ਦਾ) ਟੀਕਾ ਲਗਾ ਕੇ ਜਾਂ ਇਹਦੇ ਨਾਲ ਸਫਾਈ ਕਰ ਕੇ; ਕੀ ਅਸੀਂ ਅਜਿਹਾ ਕੁਝ ਕਰ ਸਕਦੇ ਹਾਂ?” ਵਿਗਿਆਨਕ ਸੱਚ ਇਸ ਦੇ ਉਲਟ ਹੈ: ਕਿਸੇ ਵੀ ਕਿਸਮ ਦੇ ਸਫਾਈ ਕੀਟਾਣੂਨਾਸ਼ਕ ਉਤਪਾਦ ਦਾ ਸਰੀਰ ਵਿਚ ਟੀਕਾ ਲਗਾਉਣਾ ਜਾਂ ਉਹਨੂੰ ਕਿਸੇ ਢੰਗ ਨਾਲ ਸਰੀਰ ਅੰਦਰ ਪਾਉਣਾ ਖਤਰਨਾਕ ਹੈ; ਇੰਜ ਕਰਨਾ ਲੋਕਾਂ ਨੂੰ ਮਾਰ ਦੇਵੇਗਾ। ਟਰੰਪ ਨੇ ਇਹ ਵੀ ਸੁਝਾਅ ਦਿੱਤਾ ਕਿ ਜਦੋਂ ਅਮਰੀਕਨ ਗਰਮੀਆਂ ਦੇ ਦਿਨਾਂ ਦੀ ਧੁੱਪ ਵਿਚ ਬਾਹਰ ਨਿਕਲਣਗੇ ਤਾਂ ਸ਼ਾਇਦ ਅੰਦਰਲੀ ਵਾਇਰਸ ਦਾ ਇਲਾਜ ਹੋ ਜਾਵੇਗਾ।
ਅਮਰੀਕਾ ਦੇ ਇਤਿਹਾਸ ਵਿਚ ਪ੍ਰਧਾਨ ਆਮ ਤੌਰ ‘ਤੇ ਸਰਕਾਰੀ ਵਿਗਿਆਨੀ ਅਤੇ ਵਿਗਿਆਨ ਏਜੰਸੀਆਂ ਨੂੰ ਵਿਗਿਆਨ ਦੇ ਆਧਾਰ ‘ਤੇ ਆਪਣਾ ਕੰਮ ਕਰਨ ਦਿੰਦੇ ਹਨ ਅਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਤੇ ਸਿਫਾਰਸ਼ਾਂ ਦੀ ਵਰਤੋਂ ਕਰਦੇ ਹਨ, ਨੀਤੀਆਂ ਤੇ ਯੋਜਨਾਵਾਂ ਬਣਾਉਣ ਤੇ ਲੋਕਾਂ ਦੀ ਮਦਦ ਕਰਨ ਲਈ, ਦੇਸ਼ ਨੂੰ ਪ੍ਰਗਤੀ ਦੇ ਰਾਹ ‘ਤੇ ਚੱਲਦਾ ਰੱਖਣ ਲਈ, ਨਾ ਕਿ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਫਾਰਸ਼ਾਂ ਆਪਣੀ ਰਾਜਨੀਤੀ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਾ, ਵਿਗਿਆਨਕ ਹਕੀਕਤ ਨੂੰ ਦਾਅ ‘ਤੇ ਲਾਅ ਕੇ। ਹੋਰ ਬਹੁਤ ਸਾਰੀਆਂ ਚੰਗੀਆਂ ਪਰੰਪਰਾਵਾਂ ਦੀ ਤਰ੍ਹਾਂ, ਟਰੰਪ ਨੇ ਇਸ ਰਾਜਨੀਤਿਕ ਪਰੰਪਰਾਵਾਂ ਦਾ ਵੀ ਗਲਾ ਘੁੱਟਿਆਂ, ਕੋਰੋਨ ਨਾਲ ਟੱਕਰ ਲੈਣ ਬਾਰੇ ਵਿਗਿਆਨਕਾਂ ਦੀਆਂ ਸਿਫਾਰਸ਼ਾਂ ਅਤੇ ਸੀ.ਡੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਨਾਲ ਅਸਹਿਮਤ ਹੁੰਦਿਆਂ ਜਾਂ ਵਿਰੋਧ ਕਰਦਿਆਂ, ਜੋ ਰਾਜਨੀਤੀ ‘ਤੇ ਅਧਾਰਤ ਵਾਇਰਸ ਪ੍ਰਤੀ ਉਸਦੇ ਰਵੱਈਏ ਨਾਲ ਮੇਲ ਨਹੀਂ ਖਾਂਦੇ ਸਨ। ਅਜਿਹੇ ਵਿਗਿਆਨੀਆਂ ਅਤੇ ਡਾਕਟਰਾਂ ਨੂੰ ਭੰਡਣਾ ਅਤੇ ਡਰਾਉਣਾ ਧਮਕਾਉਣਾ ਉਹਦਾ ਆਮ ਅਮਲ ਰਿਹਾ ਹੈ। ਉਦਾਹਰਣ ਵਜੋਂ, ਬਾਇਓਮੈਡੀਕਲ ਐਡਵਾਂਸਡ ਰਿਸਰਚ ਐਂਡ ਡਿਵੈਲਪਮੈਂਟ ਅਥਾਰਟੀ ਦੇ ਡਾਇਰੈਕਟਰ ਡਾ. ਰਿਕ ਬ੍ਰਾਈਟ ਜੋ ਉਦੋਂ ਕਰੋਨਾ ਦੀ ਵੈਕਸੀਨ ਵਿਕਸਤ ਕਰਨ ਦੀ ਸਰਕਾਰੀ ਕੋਸ਼ਿਸ਼ ਦੇ ਇੰਚਾਰਜ ਸਨ, ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਕਿਉਂਕਿ ਉਸ ਅਨੁਸਾਰ, ਉਸ ਨੇ ਸਹੀ ਤੌਰ ‘ਤੇ ਕਰੋਨਾ ਲਈ ਗੈਰ-ਅਜਮਾਈਆਂ ਦਵਾਈਆਂ ਲੋਕਾਂ ਨੂੰ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਸੀ; ਜਿਵੇਂ ਟਰੰਪ ਵਲੋਂ ਸਿਰ ‘ਤੇ ਚੁੱਕੀਆਂ ਕਲੋਰੀਕੁਆਇਨ ਅਤੇ ਹਾਈਡਰੋਕਸਾਈਕਲੋਰੋਕਿਨ। ਡਾ. ਬ੍ਰਾਈਟ ਨੇ ਕਿਹਾ, “ਮੈਂ ਬੋਲ ਰਿਹਾ ਹਾਂ, ਕਿਉਂਕਿ ਇਸ ਮਾਰੂ ਵਾਇਰਸ ਦਾ ਮੁਕਾਬਲਾ ਕਰਨ ਲਈ ਵਿਗਿਆਨ ਨਾ ਕਿ ਰਾਜਨੀਤੀ ਜਾਂ ਭਾਈ-ਭਤੀਜਾਵਾਦ, ਰਾਹ-ਦਸੇਰਾ ਹੋਣਾ ਚਾਹੀਦਾ ਹੈ।” ਇਕ ਹੋਰ ਮਿਸਾਲ ਵਜੋਂ ਵ੍ਹਾਈਟ ਹਾਊਸ ਅਧਿਕਾਰੀਆਂ ਰਾਹੀਂ ਟਰੰਪ ਨੇ ‘ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰਾਂ’ ਦੇ ਨੇਤਾਵਾਂ ‘ਤੇ ਦਬਾਅ ਪਾ ਕੇ ਸੀ.ਡੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਨੂੰ ਬਦਲਣ ਵਿਚ ਸਫਲਤਾ ਹਾਸਲ ਕੀਤੀ ਜਿਨ੍ਹਾਂ ਵਿਚ ਹੁਣ ਬੱਚਿਆਂ ਉਪਰ ਕਰੋਨਾ ਵਾਇਰਸ ਦੇ ਜੋਖਮ ਨੂੰ ਘਟਾ ਪੇਸ਼ ਕੀਤਾ ਗਿਆ ਕਿਉਂਕਿ ਟਰੰਪ ਪ੍ਰਸ਼ਾਸਨ ਪਤਝੜ ਵਿਚ ਸਕੂਲ ਖੋਲ੍ਹਣ ਲਈ ਜ਼ੋਰ ਪਾ ਰਿਹਾ ਸੀ। ਜਦੋਂ ਸੀ.ਡੀ.ਸੀ. ਦੇ ਮੁਖੀ ਨੇ ਕਿਹਾ ਕਿ ਆਮ ਲੋਕਾਂ ਲਈ ਵੈਕਸੀਨ ਅਗਲੇ ਗਰਮੀ ਜਾਂ ਸ਼ਾਇਦ ਪਤਝੜ ਮੌਸਮ ਦੇ ਸ਼ੁਰੂ ਤੋਂ ਉਪਲਬਧ ਨਹੀਂ ਹੋਵੇਗੀ ਤਾਂ ਟਰੰਪ ਦਾ ਜਵਾਬ ਸੀ, “ਮੈਨੂੰ ਲਗਦਾ ਹੈ ਕਿ ਉਸ ਨੇ ਗਲਤੀ ਕੀਤੀ ਜਦੋਂ ਉਸ ਨੇ ਇਹ ਕਿਹਾ। ਇਹ ਗਲਤ ਜਾਣਕਾਰੀ ਹੈ।” ਟਰੰਪ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ “ਵੈਕਸੀਨ ਬਹੁਤ ਜਲਦੀ … ਚੋਣਾਂ ਦੇ ਦਿਨ ਤੋਂ ਪਹਿਲਾਂ ਉਪਲਬਧ ਹੋਵੇਗੀ” ਦੇ ਮੰਤਰ ਦਾ ਜਾਪ ਕਰ ਰਿਹਾ ਸੀ।
ਜਦੋਂ ਅਮਰੀਕਾ ਕੁੱਲ ਕਰੋਨਾ ਕੇਸਾਂ ਅਤੇ ਮੌਤਾਂ ਦੀਆਂ ਸੰਖਿਆਵਾਂ ਵਿਚ ਵਿਸ਼ਵ ਦੀ ਅਗਵਾਈ ਜਾਰੀ ਰੱਖ ਰਿਹਾ ਸੀ, 3 ਅਗਸਤ ਨੂੰ ਟਰੰਪ ਨੇ ਟਾਸਕ ਫੋਰਸ ਦੇ ਕੋਆਰਡੀਨੇਟਰ ਡਾ. ਡੈਬੋਰਾਹ ਬਰਕਸ ਦੀ ਭੰਡੀ ਕੀਤੀ, ਜਦੋਂ ਉਸ ਨੇ ਅਮਰੀਕਨ ਲੋਕਾਂ ਨੂੰ ਸਚਾਈ ਦੱਸੀ ਕਿ ਕਰੋਨਾ ਦਾ ਅਮਰੀਕਾ ਵਿਚ ਫੈਲਾ ਅਸਾਧਾਰਨ ਤੌਰ ‘ਤੇ ਵਿਆਪਕ ਸੀ ਤੇ ਇਹ ਮਹਾਮਾਰੀ ‘ਨਵਾਂ, ਖਤਰਨਾਕ ਪੜਾਅ’ ਵਿਚ ਦਾਖਲ ਹੋ ਰਹੀ ਸੀ। ਵ੍ਹਾਈਟ ਹਾਊਸ ਦੇ ਕਰੋਨਾ ਵਾਇਰਸ ਸਲਾਹਕਾਰ ਅਤੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ਨਸ ਰੋਗਾਂ ਦੇ ਡਾਇਰੈਕਟਰ ਡਾ. ਐਂਥਨੀ ਫੌਸੀ ਵਿਗਿਆਨ ਦੇ ਆਧਾਰ ਤੇ ਕੋਵਿਡ-19 ਮਹਾਮਾਰੀ ਦੀ ਸਚਾਈ ਦੇ ਮਹਾਨ ਬੁਲਾਰੇ ਰਹੇ ਹਨ ਅਤੇ ਹੋਰ ਬਹੁਤ ਸਾਰੇ ਅਮਰੀਕੀ ਨੇ ਉਸ ‘ਤੇ ਟਰੰਪ ਨਾਲੋਂ ਕਿਤੇ ਜ਼ਿਆਦਾ ਭਰੋਸਾ ਕਰਦੇ ਹਨ। ਇਹ ਸੱਚ ਅਕਸਰ ਕਰੋਨਾ ਪ੍ਰਤੀ ਰਾਜਨੀਤੀ ਦੇ ਆਧਾਰਿਤ ਟਰੰਪ ਦੇ ਰਵੱਈਏ ਦੇ ਸੂਤ ਨਹੀਂ ਬੈਠਦਾ। ਇਸੇ ਕਾਰਨ ਵਾ ਲੱਗਦੀ ਨੂੰ ਟਰੰਪ ਡਾ. ਫੌਸੀ ਦੀ ਆਲੋਚਨਾ ਕਰਦਾ ਰਹਿੰਦਾ ਹੈ ਅਤੇ 13 ਜੁਲਾਈ ਦੇ ਆਸ ਪਾਸ ਡਾ. ਫੌਸੀ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਤਹਿਸ਼-ਨਹਿਸ਼ ਕਰਨ ਦੇ ਇਰਾਦੇ ਨਾਲ ਟਰੰਪ ਨੇ ਵ੍ਹਾਈਟ ਹਾਊਸ ਦੇ ਸਰਕਾਰੀ ਰਿਲੀਜ਼ਾਂ ਤੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨਾਲ ਇੱਕ ਆਵਾਜ਼ ਹੁੰਦੇ ਹੋਏ ਡਾ. ਫੌਸੀ ‘ਤੇ ਹੱਲਾ ਬੋਲਿਆ, ਉਸ ‘ਤੇ ਦੋਸ਼ ਲਗਾਉਂਦੇ ਹੋਏ ਕਿ ਉਹ ਕਈ ਚੀਜ਼ਾਂ ‘ਤੇ ਗਲਤ ਹੈ ਤੇ ਅਮਰੀਕੀਆਂ ਨੂੰ ਗੁਮਰਾਹ ਕਰ ਰਿਹਾ ਹੈ ਪਰ ਉਹ ਆਪਣੇ ਮਿਸ਼ਨ ਵਿਚ ਅਸਫਲ ਰਹੇ।
ਬਿਮਾਰੀ ਸਮੇਤ ਕਿਸੇ ਵੀ ਸਮੱਸਿਆ ਨਿਸ਼ਾਨਦੇਹੀ ਉੁਹਦਾ ਹੱਲ ਵਿਕਸਤ ਕਰਨ ਲਈ ਜ਼ਰੂਰੀ ਹੁੰਦੀ ਹੈ। ਕੋਵੀਡ-19 ਦੇ ਮਾਮਲੇ ਵਿਚ ਤੁਸੀਂ ਲੋਕਾਂ ਦੀ ਟੈਸਟ ਕਰਦੇ ਹੋ, ਘੱਟੋ-ਘੱਟ ਉਨ੍ਹਾਂ ਨੂੰ ਜਿਹੜੇ ਵਾਇਰਸ ਦੇ ਪਕੜਨ ਦੀ ਵਧੇਰੇ ਸੰਭਾਵਨਾ ਰੱਖਦੇ ਹਨ, ਇੰਜ ਪਾਜ਼ੇਟਿਵ ਕੇਸ ਦੀ ਨਿਸ਼ਾਨਦੇਹੀ ਕਰਦੇ ਹੋ, ਫਿਰ ਪਾਜ਼ੇਟਿਵ ਕੇਸ ਵਿਅਕਤੀ ਦੇ ਤਾਜ਼ਾ ਸੰਪਰਕਾਂ ਨੂੰ ਲੱਭਦੇ ਹੋ ਅਤੇ ਵਾਇਰਸ ਫੈਲਣ ਤੋਂ ਰੋਕਣ ਲਈ ਪਾਜ਼ੇਟਿਵ ਕੇਸ ਤੇ ਉਹਦੇ ਸੰਪਰਕਾਂ ਨੂੰ ਇਕਾਂਤਵਾਸ ਦਾ ਮੌਕਾ ਪ੍ਰਦਾਨ ਕਰਦੇ ਹੋ। ਇਹ ਕਰੋਨਾ ਮਹਾਮਾਰੀ ਪ੍ਰਤੀ ਟਰੰਪ ਦੇ ਸਮੁੱਚੇ ਰਵੱਈਏ ਦੀ ਇੱਕ ਝਲਕ ਹੈ ਕਿ ਸ਼ੁਰੂ ਤੋਂ ਅੱਜ ਤੱਕ ਇਸ ਮਹਾਮਾਰੀ ਦੌਰਾਨ ਅਮਰੀਕਾ ਵਿਚ ਮੁਨਾਸਬ ਟੈਸਟਿੰਗ ਦੀ ਘਾਤਕ ਕਮੀ ਰਹੀ ਹੈ। ਫਰਵਰੀ ਵਿਚ ਸੀ.ਡੀ.ਸੀ. ਦੁਆਰਾ ਦੇਸ਼ ਭਰ ਦੀਆਂ ਲੈਬਾਂ ਵਿਚ ਸਪਲਾਈ ਕੀਤੇ ਗਏ ਟੈਸਟ ਨਿਕੰਮੇ ਨਿਕਲੇ ਅਤੇ ਇਹ ਸਮੱਸਿਆ ਹਫਤਿਆਂ ਬੱਧੀ ਲਈ ਹੱਲ ਨਹੀਂ ਹੋ ਸਕੀ। ਫਿਰ ਤੁਲਨਾ ਕਰਨ ਦੀ ਜੁਅਰਤ ਕਰੋ: 11 ਮਾਰਚ ਤੱਕ ਅਮਰੀਕਾ ਵਿਚ ਜਿਸ ਦੀ ਆਬਾਦੀ 331 ਮਿਲੀਅਨ ਤੋਂ ਜ਼ਰਾ ਵੱਧ ਹੈ, ਕਰੋਨਾ ਲਈ ਸਿਰਫ 7,000 ਲੋਕਾਂ ਟੈਸਟ ਕੀਤੇ ਗਏ, ਜਦੋਂ ਕਿ ਸਿਰਫ 51 ਮਿਲੀਅਨ ਤੋਂ ਜ਼ਰਾ ਕੁ ਵੱਧ ਆਬਾਦੀ ਵਾਲਾ ਦੱਖਣੀ ਕੋਰੀਆ 222,395 ਲੋਕਾਂ ਨੂੰ ਟੈਸਟ ਕਰ ਚੁੱਕਿਆ ਸੀ; ਦੋਵਾਂ ਦੇਸ਼ਾਂ ਨੇ ਇੱਕੋ ਸਮੇਂ (ਦਿਨ) ਪਹਿਲੇ ਕਰੋਨਾ ਕੇਸ ਦੀ ਰਿਪੋਰਟ ਕੀਤੀ ਸੀ। ਯੋਜਨਾਬੰਦੀ ਤੇ ਟੈਸਟਿੰਗ ਵਾਇਰਸ ਦਾ ਮੁਕਾਬਲਾ ਕਰਨ ਵੱਲ ਪਹਿਲਾ ਕਦਮ, ਨੂੰ ਉਤਸ਼ਾਹਤ ਕਰਨ ਦੀ ਬਜਾਏ ਟਰੰਪ ਟੈਸਟਿੰਗ ਨੂੰ ਰੋਕਣ ਜਾਂ ਹੌਲੀ ਕਰਨ ਦੀ ਮੁਹਿੰਮ ਚਲਾਉਂਦਾ ਰਿਹਾ। ਅਮਰੀਕਾ ਵਿਚ ਕਰੋਨਾ ਕਰ ਕੇ ਪਹਿਲਾਂ ਹੀ 120,000 ਲੋਕਾਂ ਦੀ ਮੌਤ ਹੋ ਚੁੱਕੀ ਸੀ, ਜਦੋਂ ਡਾਕਟਰੀ ਮਾਹਰ ਲੰਮੇ ਸਮੇਂ ਤੋਂ ਇਹ ਕਹਿਦੇ ਆ ਰਹੇ ਸਨ ਕਿ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪਾਜ਼ੇਟਿਵ ਕੇਸਾਂ ਦੀ ਨਿਸ਼ਾਨਦੇਹੀ ਕਰਨ ਤੇ ਤਾਜ਼ਾ ਸੰਪਰਕਾਂ ਨੂੰ ਲੱਭਣ ਹਿੱਤ ਟੈਸਟਿੰਗ ਅਤਿ ਜ਼ਰੂਰੀ ਹੈ; 20 ਜੂਨ ਨੂੰ ਟਰੰਪ ਨੇ ਤੁਲਸਾ, ਓਕਲਾਹੋਮਾ ਵਿਖੇ ਰੈਲੀ ਵਿਚ ਟੈਸਟਿੰਗ ਉਪਰ ਆਪਣੇ ਫਲਸਫੇ ਦਾ ਪ੍ਰਗਟਾਵਾ ਕੀਤਾ, “ਜਦੋਂ ਤੁਸੀਂ ਇਸ ਹੱਦ ਤਕ ਟੈਸਟ ਕਰਦੇ ਹੋ ਤਾਂ ਤੁਸੀਂ ਹੋਰ ਲੋਕਾਂ ਨੂੰ ਲੱਭਣ ਜਾ ਰਹੇ ਹੋ ਤਾਂ ਤੁਸੀਂ ਹੋਰ ਕੇਸ ਲੱਭਣ ਜਾ ਰਹੇ ਹੋ। ਇਸ ਲਈ ਮੈਂ ਆਪਣੇ ਲੋਕਾਂ ਨੂੰ ਕਿਹਾ, “ਕਿਰਪਾ ਕਰ ਕੇ ਟੈਸਟਿੰਗ ਨੂੰ ਹੌਲੀ ਕਰ ਦਿਓ।”
ਟੈਸਟਿੰਗ ਤੋਂ ਇਲਾਵਾ ਟਰੰਪ ਆਪਣੇ ਪ੍ਰਸ਼ਾਸਨ ਦੇ ਹੀ ਵਿਗਿਆਨੀਆਂ ਅਤੇ ਡਾਕਟਰੀ ਮਾਹਰਾਂ ਵਲੋਂ ਸਿਫਾਰਸ਼ ਕੀਤੇ ਕਰੋਨਾ ਦੇ ਫੈਲਣ ਵਿਰੁਧ ਰੋਕਥਾਮ ਉਪਾਵਾਂ ਦਾ ਵੀ ਵਿਰੋਧ ਕਰਦਾ ਰਿਹਾ, ਜਿਵੇਂ ਸੀ.ਡੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਦਾ। ਉਦਾਹਰਣ ਵਜੋਂ, ਆਪ ਨਕਾਬ ਪਹਿਨਣ ਦੀ ਬਜਾਏ, ਉਹ ਆਪਣੇ ਵਿਰੋਧੀਆਂ ਦੇ ਨਿਯਮਿਤ ਤੌਰ ‘ਤੇ ਨਕਾਬ ਪਹਿਨਣ ਦਾ ਮਖੌਲ ਉਡਾਉਂਦਾ ਅਤੇ ਅਕਸਰ ਅਮਲੀ ਤੌਰ ‘ਨਾ-ਨਕਾਬ’, ‘ਨਾ ਸਮਾਜਿਕ ਦੂਰੀ’ ਵਾਲੀਆਂ ‘ਅਤਿ ਵਾਇਰਸ ਫੇਲਾਊ’ ਚੋਣ ਰੈਲੀਆਂ ਕਰਦਾ ਰਿਹਾ।
ਸ਼ੁਰੂਆਤ ਵਿਚ ਹੀ ਇਹ ਜਾਣਨ ਦੇ ਬਾਵਜੂਦ ਕਿ ਕਰੋਨਾ ਵਾਇਰਸ ਉਡਦੇ-ਘੱਟੀ (ਏਅਰਬੌਰਨ) ਅਤੇ ਘਾਤਕ ਹੈ, ਟਰੰਪ ਮਹਾਮਾਰੀ ਦੌਰਾਨ ਕਰਦੇ ਰਹੇ ਇਸ ਤਰ੍ਹਾਂ ਦੇ ਮੰਤਰਾਂ ਦੇ ਜਾਪ ਕਿ ਕਰੋਨਾ ਵਾਇਰਸ “ਇੱਕ ਛਲ ਹੈ”, “ਆਮ ਫਲੂ ਵਾਂਗ ਹੈ”, “ਅਲੋਪ ਹੋ ਜਾਵੇਗੀ”, “ਵੈਕਸੀਨ ਬਣੀ ਕਿ ਬਣੀ”, “ਆਰਥਿਕਤਾ ਨੂੰ ਖੋਲ੍ਹੋ”। ਇਨ੍ਹਾਂ ਅਤੇ ਉਪਰੋਕਤ ਵਿਚਾਰੇ ਗਏ ਹੋਰ ਤੱਥਾਂ ਨਾਲ ਇਹ ਸਮਝਣ ਲਈ ਕਿਸੇ ਆਈਨਸਟਾਈਨ ਦੀ ਜ਼ਰੂਰਤ ਨਹੀਂ ਕਿ ਟਰੰਪ ਦੀ ਸ਼ੁਰੂ ਤੋਂ ਹੀ ਵਾਇਰਸ ਨਾਲ ਟੱਕਰ ਲੈਣ ਵਿਚ ਕੋਈ ਦਿਲਚਸਪੀ ਨਹੀਂ ਸੀ। ਜਦੋਂ ਉਸ ਨੇ ਲੋਕਾਂ ਨੂੰ ਕਰੋਨਾ ‘ਤੇ ਸਵਾਰੀ ਲਈ ਕਿਹਾ, “ਇਸ ਦੀ ਮੱਝਾਂ/ਗਾਂਵਾਂ ਵਾਂਗ ਸਵਾਰੀ ਕਰੋ”, ਤਾਂ ਉਹ ਸ਼ੁਗਲ ਨਹੀਂ ਸੀ ਕਰ ਰਿਹਾ। ਇਹ ਸਵਾਰੀ ਅਮਰੀਕਾ ਨੂੰ ਬਹੁਤ ਮਹਿਗੀ ਪੈ ਰਹੀ ਹੈ: 223,000 ਤੋਂ ਵੀ ਜ਼ਿਆਦਾ ਜ਼ਿੰਦਗੀਆਂ ਮੌਤ ਦੇ ਘਾਟ ਉਤਰ ਚੁੱਕੀਆਂ ਨੇ ਅਤੇ 8 ਮਿਲੀਅਨ ਲੋਕਾਂ ਕਰੋਨਾ ਪੀੜਤ ਨੇ; ਅਜੇ ਸਵਾਰੀ ਜਾਰੀ ਹੈ। ਇਨ੍ਹਾਂ ਵਿਚੋਂ 210, 000 ਤੱਕ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ, ਜੇ ਟਰੰਪ ਪ੍ਰਸ਼ਾਸਨ ਨੇ ਕਰੋਨਾ ਦਾ ਸਹੀ ਢੰਗ ਨਾਲ ਮੁਕਾਬਲਾ ਕੀਤਾ ਹੁੰਦਾ; ਇਹ ਕੋਲੰਬੀਆ ਯੂਨੀਵਰਸਿਟੀ, ਨਿਊ ਯਾਰਕ ਦੀ 22 ਅਕਤੂਬਰ 2020 ਨੂੰ ਰਿਲੀਜ਼ ਹੋਈ ਇੱਕ ਵਿਗਿਆਨਕ ਅਧਿਐਨ ਰਿਪੋਰਟ ਵਿਚਲਾ ਨਤੀਜਾ ਹੈ।
ਮੁੱਕਦੀ ਗੱਲ, ਪ੍ਰਧਾਨ ਟਰੰਪ ਦਾ ਵਾਇਰਸ ਬਾਰੇ ਪ੍ਰਤੀਕਰਮ ਨਾ ਸਿਰਫ ਗੈਰ-ਵਿਗਿਆਨ ਰਿਹਾ, ਬਲਕਿ ਅਕਸਰ ਵਿਗਿਆਨ ਦੇ ਐਨ ਵਿਰੋਧ ਵਿਚ ਵੀ ਹੁੰਦਾ ਹੈ। ਅਜਿਹੇ ਵਿਹਾਰਾਂ ਨੇ ਟਰੰਪ ਦੇ ਮਾਨਵਵਾਦ ਨਾਲ ਸੰਬੰਧ ਨੂੰ ਵੀ ਸਹਿਜ ਹੀ ਪ੍ਰਗਟ ਕਰ ਦਿੱਤਾ।
ਹੁਣ ਅਸੀਂ ਦੇਖਾਂਗੇ ਕਿ ਵਿਗਿਆਨ ਅਤੇ ਮਾਨਵਵਾਦ ਕਿਵੇਂ ਸਾਡੇ ਕੰਮਾਂ ਵਿਚ ਨੇੜਿਓਂ ਜੁੜੇ ਹੋ ਸਕਦੇ ਨੇ। ਸਾਡਿਆਂ ਕੰਮਾਂ ਵਿਚ ਲਾਗੂ ਵਿਗਿਆਨ ਪ੍ਰਤੀ ਸਾਡਾ ਰਵੱਈਆ/ਪਹੁੰਚ ਸਾਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਇਕ ਪਾਸੇ ਮਾਨਵਵਾਦੀ ਬਣਾ ਸਕਦੀ ਹੈ ਜਾਂ ਦੂਜੇ ਪਾਸੇ ਸਾਡੇ ਅਣਮਨੁੱਖੀ ਹੋਣ ਜਾਂ ਦਿਸਣ ਦਾ ਝਲਕਾਰਾ ਦੇ ਸਕਦੀ ਹੈ।
ਵਿਗਿਆਨ ਤੋਂ ਮਾਨਵਵਾਦ ਤੱਕ
ਬੌਬ ਵੁਡਵਰਡ ਕਿਤਾਬ ‘ਗੁੱਸਾ’ (੍ਰਅਗe) ਲਈ ਉਹਦੀਆਂ ਟਰੰਪ ਨਾਲ ਰਿਕਾਰਡ ਕੀਤੀਆਂ ਮੁਲਾਕਾਤਾਂ ਵਿਚੋਂ ਜਾਰੀ ਅੰਸ਼ਾਂ ਨੇ ਇਸ ਕੌੜੇ ਸੱਚ ਨੂੰ ਉਜਾਗਰ ਕਰ ਦਿੱਤਾ ਕਿ ਕਰੋਨਾ ਮਹਾਮਾਰੀ ਪ੍ਰਤੀ ਟਰੰਪ ਦਾ ਰਵੱਈਆ ਅਣਜਾਣਪੁਣੇ ਜਾਂ ਭਰਮ ਜਾਲ ਵਿਚੋਂ ਨਹੀਂ ਨਿਕਲਿਆ ਸੀ; ਇਹ ਉਹ ਸੀ ਜਿਸ ਨੂੰ ਬਹੁਤ ਸਾਰੇ ਲੋਕ ਚੇਤੰਨ ਧੋਖਾ ਜਾਂ ਛਲ ਕਹਿਣਗੇ। ਉਦਾਹਰਣ ਵਜੋਂ 7 ਫਰਵਰੀ ਦੇ ਫੋਨ ਕਾਲ ਦੌਰਾਨ ਟਰੰਪ ਨੇ ਕਰੋਨਾ ਨੂੰ ਉਡਦੇਘੱਟੀ (ਏਅਰਬੌਰਨ) ਦਰਸਾਇਆ, “ਇਹ ਹਵਾ ਵਿਚੋਂ ਲੰਘਦੀ ਹੈ, ਬੌਬ”, “ਜੋ ਫਲੂ ਨਾਲੋਂ ਜ਼ਿਆਦਾ ਘਾਤਕ ਹੈ”, “ਇਹ ਤੁਹਾਡੇ ਸਖਤ ਫਲੂ ਨਾਲੋਂ ਵੀ ਵਧੇਰੇ ਮਾਰੂ ਹੈ … ਇਹ ਘਾਤਕ ਚੀਜ਼ ਹੈ।” ਫਿਰ ਵੀ ਟਰੰਪ ਲੋਕਾਂ ਸਾਹਵੇਂ ਕਰੋਨਾ ਵਾਇਰਸ ਨੂੰ ਆਮ ਫਲੂ ਕਹਿ ਰਿਹਾ ਸੀ। ਇਹ ਜਾਣਨ ਦੇ ਬਾਵਜੂਦ ਕਿ ਇਹ ਵਾਇਰਸ ਹਵਾ ਵਿਚੋਂ ਲੰਘ ਜਾਂਦੀ ਹੈ, ਉਹ ਮਾਸਕ ਪਹਿਨਣ ਦਾ ਮਜ਼ਾਕ ਉਡਾਉਂਦਾ ਅਤੇ ‘ਨਾ-ਨਕਾਬ’, ‘ਨਾ ਸਮਾਜਿਕ ਦੂਰੀ’ ਵਾਲੀਆਂ ‘ਅਤਿ ਵਾਇਰਸ ਫੇਲਾਊ’ ਚੋਣ ਰੈਲੀਆਂ ਕਰਦਾ ਰਿਹਾ। ਸੋਚ ਜਾਂ ਕਦਰ-ਕੀਮਤ ਜਿਹਨੂੰ ਕੋਈ ਚੇਤੰਨ ਤੌਰ ‘ਤੇ ਲੋਕਾਂ ਨੂੰ ਮਾਰੂ ਵਾਇਰਸ ਦੇ ਮੂੰਹ ਵਿਚ ਧੱਕਣ ਲਈ ਵਰਤ ਸਕਦਾ ਸਕਦਾ ਹੈ, ਖੁਦ ਦੇ ਹਿੱਤ ਦੀ ਪੂਰਤੀ ਲਈ; ਕੀ ਰਿਸ਼ਤਾ ਹੋਵੇਗਾ ਅਜਿਹੀ ਸੋਚ ਜਾਂ ਕਦਰ ਕੀਮਤ ਦਾ ਮਾਨਵਵਾਦ ਦੇ ਨਾਲ?
ਟਰੰਪ ਨੂੰ ਪਹਿਲਾਂ ਪਤਾ ਸੀ ਕਿ ਕਰੋਨਾ ਵਾਇਰਸ ਨੌਜਵਾਨ ਲੋਕਾਂ ਲਈ ਵੀ ਖਤਰਨਾਕ ਹੈ, ਜਿਵੇਂ 19 ਮਾਰਚ ਨੂੰ ਉਹਨੇ ਵੁਡਵਰਡ ਨੂੰ ਕਿਹਾ, “ਇਹ ਸਿਰਫ ਬੁੱਢੇ ਲੋਕ ‘ਤੇ ਹੀ ਨਹੀਂ … ਬੱਚਿਆਂ/ਨੌਜਵਾਨਾਂ ‘ਤੇ ਵੀ ਵਰ੍ਹਦੀ ਹੈ। ਫਿਰ ਵੀ ਉਸ ਨੇ ਅਮਰੀਕੀ ਜਨਤਾ ਨੂੰ ਝੂਠ ਦੱਸਿਆ ਕਿ ਬੱਚੇ/ਜਵਾਨ ਵਾਇਰਸ ਤੋਂ ਸੁਰੱਖਿਅਤ ਹਨ ਅਤੇ ਇਸ ਮੰਤਰ ਦਾ ਜਾਪ ਮਹਾਮਾਰੀ ਦੌਰਾਨ ਜਾਰੀ ਰੱਖਿਆ: “ਲਗਦਾ ਹੈ, ਯੁਵਾ ਲੋਕ ਬਹੁਤ ਚੰਗੇ ਰਹਿੰਦੇ ਨੇ (ਵਾਇਰਸ ਨਾਲ ਵੀ)” (ਅਪ੍ਰੈਲ)। ਵਾਇਰਸ ਦਾ “ਯੁਵਾ ਲੋਕਾਂ ਉਤੇ ਬਹੁਤ ਘੱਟ ਪ੍ਰਭਾਵ ਪਿਆ” (ਮਈ)। “ਜੇ ਤੁਸੀਂ ਬੱਚਿਆਂ ਨੂੰ ਵੇਖਦੇ ਹੋ – ਤੇ ਮੈਂ ਲਗਭਗ ਨਿਸ਼ਚਤ ਤੌਰ ਤੇ ਕਹਾਂਗਾ – ਇਸ ਬਿਮਾਰੀ ਤੋਂ ਮੁਕਤ ਹਨ।” (ਅਗਸਤ)। ਟਰੰਪ ਇਹ ਸਭ ਕਹਿ ਰਿਹਾ ਸੀ ਗਵਰਨਰਾਂ ‘ਤੇ ਦਬਾਅ ਪਾਉਣ ਲਈ ਕਿ ਉਹ ਸਕੂਲਾਂ ਅਤੇ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ।
ਪਰੰਪਰਾਵਾਂ ਨਾਲੋਂ ਤੋੜ-ਵਿਛੋੜਾ ਕਰਦਿਆਂ
ਆਮ ਤੌਰ ‘ਤੇ ਵਿਗਿਆਨੀ ਤੇ ਮੈਡੀਕਲ ਪੇਸ਼ੇਵਰ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਪੇਸ਼ੇ ਵਜੋਂ ਰਾਜਨੀਤੀ ਤੋਂ ਬਾਹਰ ਰਹਿੰਦੇ ਹਨ ਪਰ ਕੁਦਰਤ ਦਾ ਇਹ ਬੇਮਿਸਾਲ ਵਿਆਪਕ ਪ੍ਰਯੋਗ ਜਿਸ ਨੂੰ ਕਰੋਨਾ ਵਾਇਰਸ ਮਹਾਮਾਰੀ ਕਿਹਾ ਜਾਂਦਾ ਹੈ, ਚੱਲ ਰਿਹਾ ਹੈ; ਜਿਸ ਵਿਚ ਵਿਗਿਆਨ ਤੇ ਮਨੁੱਖਤਾ ਜਾਂ ਮਨੁੱਖਤਾਵਾਦ ਪ੍ਰਤੀ ਮਨੁੱਖਾਂ ਦੇ ਰਵੱਈਏ ਦੀ ਅਜ਼ਮਾਇਸ਼ਾਂ ਵਿਚ ਰਹੀ ਹੈ। ਇਸ ਦੌਰਾਨ ਅਸਾਧਾਰਨ ਚੀਜ਼ਾਂ ਆਮ ਤੌਰ ‘ਤੇ ਵਾਪਰਨਗੀਆਂ, ਜਾਂ ਜੋ ਉਹ ਪਹਿਲਾਂ ਹੀ ਵਾਪਰ ਰਹੀਆਂ ਸਨ, ਉਹ ਸ਼ਪਸ਼ਟ ਰੂਪ ਵਿਚ ਸਾਹਮਣੇ ਆਉਣਗੀਆਂ। ਆਧੁਨਿਕ ਯੁੱਗ ਦਾ ਸਭ ਤੋਂ ਅਸਾਧਾਰਨ ਵਰਤਾਰਾ ਜੋ ਕਰੋਨਾ ਤੋਂ ਵੀ ਪਹਿਲਾਂ ਤੋਂ ਹੀ ਵਾਪਰਿਆ ਆ ਰਿਹਾ ਹੈ, ਉਹ ਹੈ ਲੁਭਾਊ ਲਹਿਰ ਜੋ ਪੱਛਮੀ ਜਮਹੂਰੀਅਤ ਦੀ ਵਰਤੋਂ ਕਰਦੀ ਹੋਈ ਹੀ ਜਮਹੂਰੀਅਤ ਦੇ ਅਦਾਰਿਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ, ਜਮਹੂਰੀਅਤ ਨੂੰ ਤਹਿਸ-ਨਹਿਸ ਕਰਨ ਦੇ ਇਰਾਦੇ ਨਾਲ; ਇਸ ਪ੍ਰਕਿਰਿਆ ਵਿਚ ਤਰਕ, ਵਿਗਿਆਨ ਤੇ ਮਾਨਵਵਾਦ ਦਾ ਖੰਡਨ ਕਰਦੀ ਹੋਈ। ਕੁਦਰਤ ਕੋਲ ਭੌਤਿਕ ਵਿਗਿਆਨ ਉਸ ਸਿਧਾਂਤ ਦਾ ਆਪਣਾ ਸਮਾਜਕ ਰੂਪ ਵੀ ਹੋਵੇਗਾ ਜਿਸ ਸਿਧਾਂਤ ਅਨੁਸਾਰ ਹਰ ਕਿਰਿਆ ਪ੍ਰਤੀ ਇੱਕ ਬਰਾਬਰ ਸ਼ਕਤੀ ਵਾਲੀ ਉਲਟ-ਕਿਰਿਆ ਹੁੰਦੀ ਹੈ। ਕਰੋਨਾ ਵਾਇਰਸ ਮਹਾਮਾਰੀ ਦੇ ਸੰਬੰਧ ਵਿਚ ਲੁਭਾਊ ਲਹਿਰ ਦੇ ਵਿਸ਼ਵ ਨੇਤਾ ਆਪਣੀਆਂ ਕਾਰਵਾਈਆਂ ਤੇ ਨਾ-ਕਾਰਵਾਈਆਂ ਰਾਹੀਂ ਐਸੇ ਹੱਦਾਂ ਬੰਨੇ ਤੋੜ ਨਿਕਲੇ ਕਿ ਵਿਗਿਆਨ ਖੇਤਰ ਦਾ ਵੀ ਕੜ ਟੁੱਟ ਗਿਆ।
ਦੁਨੀਆ ਦੇ ਸਭ ਤੋਂ ਨਾਮਵਰ ਮੈਡੀਕਲ ਰਸਾਲਿਆਂ ਵਿਚੋਂ ਇਕ (ਠਹe ਂeੱ ਓਨਗਲਅਨਦ ਝੁਰਨਅਲ ਾ ੰeਦਚਿਨਿe) ਨੇ ਰਾਜਨੀਤੀ ਵਿਚ ਦਖਲ ਨਾ ਦੇਣ ਦੀ ਆਪਣੀ ਦੋ ਸਦੀਆਂ ਤੋਂ ਵੀ ਪੁਰਾਣੀ ਪਰੰਪਰਾ ਨੂੰ ਤੋੜਦਿਆਂ ਕਰੋਨਾ ਮਹਾਮਾਰੀ ਦਾ ਟਾਕਰਾ ਕਰਨ ਵਿਚ ਟਰੰਪ ਪ੍ਰਸ਼ਾਸਨ ਨੂੰ “ਖਤਰਨਾਕ ਤੌਰ ‘ਤੇ ਅਯੋਗ” ਹੋਣ ਦਾ ਖਿਤਾਬ ਦਿੰਦੇ ਵੋਟਾਂ ਪਾ ਕੇ ਇਸ ਨੂੰ ਦਫਤਰ ਤੋਂ ਬਾਹਰ ਕੱਢਣ ਦਾ ਸੱਦਾ ਦਿੱਤਾ। ਆਪਣੀ 175 ਸਾਲਾਂ ਦੀ ਪਰੰਪਰਾ ਤੋੜਦਿਆਂ ਇਕ ਹੋਰ ਵੱਕਾਰੀ ਅਮਰੀਕੀ ਮੈਗਜ਼ੀਨ ‘ਸਾਇੰਟਫਿਕ ਅਮੈਰਿਕਨ’ ਨੇ ਪਹਿਲਾਂ ਹੀ ਪਹਿਲੀ ਵਾਰ ਰਾਜਨੀਤੀ ਦਾ ਦਖਲ ਦਿੰਦੇ ਹੋਏ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਦੀ ਹਮਾਇਤ ਕੀਤੀ ਹੈ, ਇਹ ਕਹਿੰਦਿਆਂ, “ਡੋਨਲਡ ਟਰੰਪ ਨੇ ਅਮਰੀਕਾ ਤੇ ਇਸ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ – ਕਿਉਂਕਿ ਉਹ ਸਬੂਤ ਅਤੇ ਵਿਗਿਆਨ ਨੂੰ ਰੱਦ ਕਰਦਾ ਹੈ।”