ਕੰਗਨਾ ਰਣੌਤ: ਨਾਇਕਾ ਤੋਂ ਖਲਨਾਇਕਾ…

ਬਾਂਦਰਾ ਮੈਟਰੋਪੌਲੀਟਨ ਮੈਜਿਸਟਰੇਟ ਦੀ ਅਦਾਲਤ ਦੇ ਹੁਕਮਾਂ ‘ਤੇ ਮੁੰਬਈ ਪੁਲਿਸ ਨੇ ਅਦਾਕਾਰਾ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਖਿਲਾਫ ਵੱਖ-ਵੱਖ ਫਿਰਕਿਆਂ ਵਿਚਾਲੇ ਦੁਸ਼ਮਣੀ ਨੂੰ ਹੱਲਾਸ਼ੇਰੀ ਦੇਣ ਤੇ ਹੋਰ ਕਥਿਤ ਦੋਸ਼ਾਂ ਹੇਠ ਐਫ਼ਆਈæਆਰæ ਦਰਜ ਕੀਤੀ ਹੈ। ਅਦਾਲਤ ਨੇ ਪੁਲਿਸ ਨੂੰ ਬੌਲੀਵੁੱਡ ਦੇ ਕਾਸਟਿੰਗ ਡਾਇਰੈਕਟਰ ਅਤੇ ਫਿਟਨੈੱਸ ਟਰੇਨਰ ਸਾਹਿਲ ਅਸ਼ਰਫ ਅਲੀ ਸਈਦ ਦੀ ਸ਼ਿਕਾਇਤ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ ਜਿਸ ‘ਚ ਕੰਗਨਾ ਰਣੌਤ ਤੇ ਉਸ ਦੀ ਭੈਣ ਦੇ ਟਵੀਟ ਅਤੇ ਹੋਰ ਕਥਿਤ ਭੜਕਾਊ ਬਿਆਨਾਂ ਦਾ ਹਵਾਲਾ ਦਿੱਤਾ ਗਿਆ ਹੈ।

ਸਈਦ ਦੇ ਵਕੀਲ ਮੁਤਾਬਕ ਸ਼ਿਕਾਇਤ ‘ਚ ਕਥਿਤ ਦੋਸ਼ ਲਾਇਆ ਗਿਆ ਕਿ ਕੰਗਨਾ ਰਣੌਤ ਪਿਛਲੇ ਦੋ ਮਹੀਨਿਆਂ ਤੋਂ ਟੀæਵੀæ ਚੈਨਲਾਂ ‘ਤੇ ਇੰਟਰਵਿਊਜ਼ ਅਤੇ ਟਵਿੱਟਰ ਰਾਹੀਂ ਬੌਲੀਵੁੱਡ ਨੂੰ ‘ਪੱਖਪਾਤ’ ਅਤੇ ‘ਭਾਈ-ਭਤੀਜਾਵਾਦ ਦੇ ਕੇਂਦਰ’ ਦੱਸ ਕੇ ਬਦਨਾਮ ਕਰ ਰਹੀ ਹੈ। ਉਸ ਦੇ ਕਈ ‘ਬਹੁਤ ਇਤਰਾਜ਼ਯੋਗ’ ਟਵੀਟਾਂ ਨਾਲ ਨਾ ਸਿਰਫ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਬਲਕਿ ਉਸ ਨੇ ਅਨੇਕਾਂ ਕਲਾਕਾਰਾਂ ਨੂੰ ਫਿਰਕੇ ਦੇ ਆਧਾਰ ‘ਤੇ ਵੰਡਣ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਦੀ ਭੈਣ ਨੇ ਵੀ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਟਿੱਪਣੀਆਂ ਰਾਹੀਂ ਦੋ ਧਾਰਮਿਕ ਫਿਰਕਿਆਂ ‘ਚ ਫਿਰਕੂ ਤਣਾਅ ਵਧਾਉਣ ਦੀ ਕੋਸ਼ਿਸ਼ ਕੀਤੀ।
ਯਾਦ ਰਹੇ ਕਿ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਪਿਛਲੇ ਕੁਝ ਸਮੇਂ ਤੋਂ ਪਹਿਲਾਂ ਸੋਸ਼ਲ ਮੀਡੀਆ ਅਤੇ ਫਿਰ ਮੀਡੀਆ ਵਿਚ ਖੂਬ ਛਾਈਆਂ ਹੋਈਆਂ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਉਸ ਨੇ ਜੋ ਪੈਂਤੜਾ ਮੱਲਿਆ, ਉਸ ਤੋਂ ਸਾਫ ਹੋ ਗਿਆ ਕਿ ਕੰਗਨਾ ਹਿੰਦੂਵਾਦੀ ਸਿਆਸਤ ਦਾ ਸ਼ਰੇਆਮ ਮੋਹਰਾ ਬਣ ਗਈ ਹੈ। ਬਾਅਦ ਵਿਚ ਇਹ ਸਾਬਤ ਵੀ ਹੋ ਗਿਆ ਕਿ ਕੰਗਨਾ ਮੋਦੀ ਸਰਕਾਰ ਦੀ ਸ਼ਹਿ ਉਤੇ ਹੀ ਫਿਲਮੀ ਦੁਨੀਆ ਨੂੰ ਧਰਮ ਦਾ ਅਖਾੜਾ ਬਣਾ ਕੇ ਬਾਲੀਵੁੱਡ ਵਿਚ ਉਸੇ ਤਰ੍ਹਾਂ ਦਾ ਪਾਟਕ ਪਾਉਣਾ ਚਾਹੁੰਦੀ ਹੈ ਜਿਸ ਤਰ੍ਹਾਂ ਦਾ ਪਾਟਕ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਿਆਸਤ ਰਾਹੀਂ ਭਾਰਤ ਦੇ ਵੱਖ-ਵੱਖ ਫਿਰਕਿਆਂ ਅੰਦਰ ਪਾਇਆ ਹੈ। ਇਸ ਨੁਕਤੇ ਤੋਂ ਹੁਣ ਕੰਨਗਨਾ ਰਣੌਤ ਦੀ ਬਹੁਤ ਥੂ-ਥੂ ਹੋ ਰਹੀ ਹੈ। ਫਿਰ ਵੀ ਉਹ ਹਰ ਕਿਸੇ ‘ਤੇ ਬਾਰੇ ਲਗਾਤਾਰ ਅਤੇ ਬੇਵਜ੍ਹਾ ਟਿਪਣੀਆਂ ਕਰ ਰਹੀ ਹੈ। ਹੁਣ ਤਾਂ ਲੋਕ ਕਹਿਣ ਲੱਗ ਪਏ ਹਨ ਕਿ ਉਹ ਸਿਰਫ ਖਬਰਾਂ ਅੰਦਰ ਰਹਿਣ ਲਈ ਹੀ ਅਜਿਹੀਆਂ ਟਿੱਪਣੀਆਂ ਕਰਦੀ ਹੈ। ਉਧਰ, ਮੋਦੀ ਸਰਕਾਰ ਮਹਾਰਾਸ਼ਟਰ ਦੀ ਸਰਕਾਰ ‘ਤੇ ਨਿਸ਼ਾਨੇ ਸਾਧਣ ਲਈ ਕੰਗਨਾ ਰਣੌਤ ਨੂੰ ਖੂਬ ਵਰਤ ਰਹੀ ਹੈ। ਲੋਕ ਹੁਣ ਇਹ ਵੀ ਆਖ ਰਹੇ ਹਨ ਕਿ ਅਗਲੀਆਂ ਚੋਣਾਂ ਵਿਚ ਭਾਰਤੀ ਜਿਨਤਾ ਪਾਰਟੀ ਵਲੋਂ ਕੰਗਨਾ ਦੀ ਟਿਕਟ ਪੱਕੀ ਹੈ। -ਜਗਜੀਤ ਸੇਖੋਂ