ਭੁੱਖਮਰੀ: ਭਾਰਤ ਦੀ ਹਾਲਤ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਮਾੜੀ

ਨਵੀਂ ਦਿੱਲੀ: ਵਿਸ਼ਵ ਭਰ ਦੇ 107 ਮੁਲਕਾਂ ਦੀ ਆਲਮੀ ਭੁੱਖਮਰੀ ਸੂਚੀ ਵਿਚ ਭਾਰਤ 94ਵੇਂ ਦਰਜੇ ਉਤੇ ਹੈ ਅਤੇ ਇਹ ‘ਗੰਭੀਰ’ ਭੁੱਖਮਰੀ ਸ਼੍ਰੇਣੀ ਵਿਚ ਸ਼ਾਮਲ ਹੈ। ਮਾਹਿਰਾਂ ਨੇ ਇਸ ਸਬੰਧੀ ਨੀਤੀਆਂ ਲਾਗੂ ਕਰਨ ਦੀ ਕਮਜ਼ੋਰ ਪ੍ਰਕਿਰਿਆ, ਨਿਗਰਾਨੀ ਦੀ ਘਾਟ, ਕੁਪੋਸ਼ਣ ਰੋਕਣ ਪ੍ਰਤੀ ਲੁਕਵੀਂ ਪਹੁੰਚ ਅਤੇ ਵੱਡੇ ਸੂਬਿਆਂ ਦੀ ਮਾੜੀ ਕਾਰਗੁਜ਼ਾਰੀ ਨੂੰ ਕਾਰਨ ਦੱਸਿਆ ਹੈ।

ਪਿਛਲੇ ਵਰ੍ਹੇ ਕੁੱਲ 117 ਮੁਲਕਾਂ ਦੀ ਇਸ ਸੂਚੀ ਵਿਚ ਭਾਰਤ ਦਾ 102ਵਾਂ ਦਰਜਾ ਸੀ। ਗੁਆਂਢੀ ਮੁਲਕ ਬੰਗਲਾਦੇਸ਼, ਮਿਆਂਮਾਰ ਅਤੇ ਪਾਕਿਸਤਾਨ ਵੀ ‘ਗੰਭੀਰ’ ਸ਼੍ਰੇਣੀ ਵਿੱਚ ਸ਼ਾਮਲ ਹਨ ਪਰ ਭੁੱਖਮਰੀ ਸੂਚੀ ‘ਚ ਇਨ੍ਹਾਂ ਦਾ ਦਰਜਾ ਭਾਰਤ ਨਾਲੋਂ ਬਿਹਤਰ ਹੈ। ਸੂਚੀ ਵਿਚ ਬੰਗਲਾਦੇਸ਼ 75ਵੇਂ, ਮਿਆਂਮਾਰ 78ਵੇਂ ਅਤੇ ਪਾਕਿਸਤਾਨ 88ਵੇਂ ਨੰਬਰ ਉਤੇ ਹਨ। ਰਿਪੋਰਟ ਵਿਚ ਨੇਪਾਲ 73ਵੇਂ ਅਤੇ ਸ੍ਰੀਲੰਕਾ 64ਵੇਂ ਸਥਾਨ ਉਤੇ ਹਨ, ਜੋ ਕਿ ‘ਦਰਮਿਆਨੀ’ ਭੁੱਖਮਰੀ ਸ਼੍ਰੇਣੀ ਵਿਚ ਆਉਂਦੇ ਹਨ। ਆਲਮੀ ਭੁੱਖਮਰੀ ਸੂਚੀ ਦੇ ਸਿਖਰਲੇ 17 ਮੁਲਕਾਂ ਵਿਚ ਚੀਨ, ਬੇਲਾਰੂਸ, ਯੂਕਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਸ਼ਾਮਲ ਹਨ। ਇਨ੍ਹਾਂ ਮੁਲਕਾਂ ਦਾ ਭੁੱਖਮਰੀ ਅੰਕ ਪੰਜ ਤੋਂ ਘੱਟ ਹੈ। ਰਿਪੋਰਟ ਅਨੁਸਾਰ ਭਾਰਤ ਦੀ 14 ਫੀਸਦ ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ। ਇਸ ਸੂਚੀ ਅਨੁਸਾਰ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਟੰਟਿੰਗ (ਉਮਰ ਦੇ ਹਿਸਾਬ ਨਾਲ ਕੱਦ ਘੱਟ ਹੋਣਾ) ਦਰ 37.4 ਹੈ ਜਦਕਿ ਵਾਸਟਿੰਗ (ਕੱਦ ਦੇ ਹਿਸਾਬ ਨਾਲ ਭਾਰ ਘੱਟ ਹੋਣਾ) ਦਰ 17.3 ਫੀਸਦੀ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ 3.7 ਫੀਸਦ ਹੈ।
ਅੰਤਰਰਾਸ਼ਟਰੀ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ, ਨਵੀਂ ਦਿੱਲੀ ਦੀ ਸੀਨੀਅਰ ਰਿਸਰਚ ਫੈਲੋ ਪੂਰਨਿਮਾ ਮੈਨਨ ਦਾ ਕਹਿਣਾ ਹੈ ਕਿ ਭਾਰਤ ਦੀ ਦਰਜਾਬੰਦੀ ਵਿਚ ਤਬਦੀਲੀ ਲਈ ਵੱਡੇ ਸੂਬਿਆਂ ਜਿਵੇਂ ਉਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਦੀ ਸਥਿਤੀ ਬਿਹਤਰ ਬਣਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬਿਹਾਰ ਅਤੇ ਯੂਪੀ ਵਰਗੇ ਸੂਬਿਆਂ, ਜਿਥੇ ਆਬਾਦੀ ਵੀ ਜ਼ਿਆਦਾ ਹੈ ਅਤੇ ਕੁਪੋਸ਼ਣ ਵੀ ਵੱਡੇ ਪੱਧਰ ਉਤੇ ਹੈ, ਕਾਰਨ ਕੌਮੀ ਔਸਤ ਪ੍ਰਭਾਵਿਤ ਹੁੰਦੀ ਹੈ। ਪੋਸ਼ਣ ਬਾਰੇ ਖੋਜ ਦੀ ਮੁਖੀ ਸ਼ਵੇਤਾ ਖੰਡੇਲਵਾਲ ਨੇ ਕਿਹਾ ਕਿ ਦੇਸ਼ ਦੇ ਪੋਸ਼ਣ ਬਾਰੇ ਪ੍ਰੋਗਰਾਮ ਅਤੇ ਨੀਤੀਆਂ ਬਹੁਤ ਵਧੀਆ ਹਨ ਪਰ ਇਹ ਕੇਵਲ ਕਿਤਾਬਾਂ ਵਿਚ ਹਨ। ਜ਼ਮੀਨੀ ਪੱਧਰ ਉਤੇ ਸੱਚਾਈ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਹਰੇਕ ਸੈਕਟਰ ਵਿਚ ਜਨਤਕ ਸਿਹਤ ਅਤੇ ਪੋਸ਼ਣ ਨੂੰ ਤਰਜੀਹੀ ਬਣਾਉਣ ਲਈ ਸਾਂਝੀ ਕਾਰਵਾਈ ਚਾਹੀਦੀ ਹੈ।
ਦਰਅਸਲ, ਅੰਕੜੇ ਸੰਕੇਤ ਦਿੰਦੇ ਹਨ ਕਿ ਟਿਕਾਊ ਵਿਕਾਸ ਦੇ ਨਿਸ਼ਾਨੇ ਤਹਿਤ 2030 ਤਕ ਦੁਨੀਆ ਨੂੰ ਭੁੱਖ ਤੋਂ ਮੁਕਤ ਕਰਨ ਦੇ ਟੀਚੇ ਤਕ ਪਹੁੰਚਣਾ ਅਜੇ ਦੂਰ ਦੀ ਕੌਡੀ ਹੈ। ਰਿਪੋਰਟ ਅਨੁਸਾਰ ਸਾਡਾ ਦੇਸ਼ ਗੰਭੀਰ ਭੁੱਖਮਰੀ ਵਾਲੇ ਵਰਗ ਵਿਚ ਸ਼ਾਮਲ ਹੋ ਚੁੱਕਾ ਹੈ। ਭਾਰਤ ਸੰਸਾਰ ਭਰ ਦੇ ਸਭ ਤੋਂ ਵੱਧ ਅਨਾਜ ਉਗਾਉਣ ਵਾਲੇ ਦੇਸ਼ਾਂ ਵਿਚ ਸ਼ੁਮਾਰ ਹੈ। ਸੰਸਾਰ ਪੱਧਰ ਉਤੇ ਭੁੱਖਮਰੀ ਦਾ ਅਨੁਮਾਨ ਲਗਾਉਣ ਲਈ ਚਾਰ ਨੁਕਤਿਆਂ ਨੂੰ ਦੇਖਿਆ ਜਾਂਦਾ ਹੈ। ਇਨ੍ਹਾਂ ਵਿਚ ਕੁਪੋਸ਼ਣ (ਘੱਟ ਖੁਰਾਕ ਮਿਲਣਾ), ਉਮਰ ਦੇ ਲਿਹਾਜ ਨਾਲ ਵਜ਼ਨ ਪੂਰਾ ਨਾ ਹੋਣਾ, ਉਮਰ ਮੁਤਾਬਕ ਕੱਦ ਨਾ ਵਧਣਾ, ਬੱਚਿਆਂ ਦੀ ਮੌਤ ਦੀ ਦਰ ਸ਼ਾਮਲ ਹਨ। ਦੇਸ਼ ਦੀ 14 ਫੀਸਦੀ ਆਬਾਦੀ ਕੁਪੋਸ਼ਣ ਦੀ ਸ਼ਿਕਾਰ ਹੈ। ਇਹ ਚਾਰੇ ਨੁਕਤਿਆਂ ਦਾ ਅਧਿਆਨ ਪੰਜ ਸਾਲ ਤੱਕ ਦੇ ਬੱਚਿਆਂ ਬਾਰੇ ਕੀਤਾ ਜਾਂਦਾ ਹੈ।
ਦੇਸ਼ ਦੇ ਹੁਕਮਰਾਨ ਮਹਾਸ਼ਕਤੀ ਬਣਨ ਦੀ ਦਾਅਵੇਦਾਰੀ ਜਿਤਾ ਰਹੇ ਹਨ। 2019 ਦੀਆਂ ਲੋਕ ਸਭਾ ਦੀਆਂ ਚੋਣਾਂ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਪੰਜ ਸਾਲਾਂ ਦੌਰਾਨ ਦੇਸ਼ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਨਿਸ਼ਾਨੇ ਦਾ ਐਲਾਨ ਕੀਤਾ ਹੈ। ਇਸ ਮੌਕੇ ਸਰਕਾਰ ਕਾਰਪੋਰੇਟ ਵਿਕਾਸ ਮਾਡਲ ਨੂੰ ਅੱਗੇ ਵਧਾਉਂਦਿਆਂ ਖੇਤੀ ਖੇਤਰ ਨੂੰ ਵੀ ਉਨ੍ਹਾਂ ਦੇ ਹਵਾਲੇ ਕਰਨ ਲਈ ਕਾਨੂੰਨ ਬਣਾ ਰਹੀ ਹੈ। ਤਿੰਨ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਵੱਡਾ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕੋਵਿਡ-19 ਦੌਰਾਨ ਕਰੋੜਾਂ ਮਜ਼ਦੂਰ ਪਰਿਵਾਰ ਬੱਚਿਆਂ ਸਮੇਤ ਭੁੱਖਣ ਭਾਣੇ ਪੈਦਲ ਚੱਲਦੇ ਦੇਖੇ ਸਨ। ਖੁਰਾਕ ਦਾ ਬੁਨਿਆਦੀ ਅਧਿਕਾਰ ਵਾਲਾ ਕਾਨੂੰਨ ਬਣਨ ਦੇ ਨਾਲ ਦੇਸ਼ ਦੀ 75 ਫੀਸਦੀ ਆਬਾਦੀ ਨੂੰ ਸਸਤਾ ਅਨਾਜ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੰਸਾਰ ਦੀ ਭੁੱਖਮਰੀ ਦਾ ਇੰਡੈਕਸ ਇਹ ਸਾਬਤ ਕਰਦਾ ਹੈ ਕਿ ਕੇਵਲ ਵਿਕਾਸ ਅਤੇ ਜੀ.ਡੀ.ਪੀ. ਦਾ ਵਧਣਾ ਹੀ ਖੁਸ਼ਹਾਲੀ ਅਤੇ ਤੰਦਰੁਸਤ ਜੀਵਨ ਦੀ ਜ਼ਾਮਨੀ ਨਹੀਂ ਭਰ ਸਕਦਾ।
__________________________________________
ਛੇ ਵਰ੍ਹਿਆਂ ਵਿਚ ਬਹੁਤ ਸੁਧਾਰ ਹੋਇਆ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੀਤੇ ਛੇ ਵਰ੍ਹਿਆਂ ਵਿਚ ਦੇਸ਼ ਵਿਚ ਚਹੁੰਮੁਖੀ ਸੁਧਾਰ ਹੋਇਆ ਹੈ ਅਤੇ ਬੀਤੇ ਕੁਝ ਮਹੀਨਿਆਂ ਵਿਚ ਇਸ ਦੀ ਗਤੀ ਅਤੇ ਦਾਇਰੇ ਨੂੰ ਵਧਾਇਆ ਗਿਆ ਹੈ ਤਾਂ ਜੋ 21ਵੀਂ ਸਦੀ ਭਾਰਤ ਦੀ ਹੋਵੇ। ਮੈਸੂਰ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ”ਸਾਡੇ ਮੁਲਕ ਵਿਚ ਚਹੁੰਮੁਖੀ ਸੁਧਾਰ ਹੋ ਰਹੇ ਹਨ, ਇੰਨੇ ਸੁਧਾਰ ਕਦੇ ਨਹੀਂ ਹੋਏ। ਪਹਿਲਾਂ ਕੁਝ ਫੈਸਲੇ ਹੁੰਦੇ ਵੀ ਸਨ ਤਾਂ ਉਹ ਕਿਸੇ ਇਕ ਖੇਤਰ ਵਿੱਚ ਹੁੰਦੇ ਸਨ ਅਤੇ ਦੂਜੇ ਇਲਾਕੇ ਸੁਧਾਰਾਂ ਤੋਂ ਵਿਰਵੇ ਰਹਿ ਜਾਂਦੇ ਸਨ।”
______________________________________
ਸਰਕਾਰ ਮਿੱਤਰਾਂ ਦੀਆਂ ਜੇਬਾਂ ਭਰਨ ‘ਚ ਰੁੱਝੀ: ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭੁੱਖਮਰੀ ਦੇ ਮਾਮਲੇ ‘ਚ ਮਾੜਾ ਪ੍ਰਦਰਸ਼ਨ ਕਰਨ ਲਈ ਕੇਂਦਰ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ। ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਪਾਏ ਸੰਦੇਸ਼ ‘ਚ ਕਿਹਾ ਕਿ ਭਾਰਤ ਦਾ ਗਰੀਬ ਭੁੱਖਾ ਹੈ ਕਿਉਂਕਿ ਸਰਕਾਰ ਸਿਰਫ ਆਪਣੇ ਕੁਝ ਖਾਸ ਮਿੱਤਰਾਂ ਦੀ ਜੇਬ ਭਰਨ ‘ਚ ਲੱਗੀ ਹੈ। ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵੀ ਇਸ ਮਾਮਲੇ ‘ਚ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਪ੍ਰਤੀ ਵਿਅਕਤੀ ਆਮਦਨ, ਘਰੇਲੂ ਉਤਪਾਦ ‘ਚ ਬੰਗਲਾਦੇਸ਼ ਤੋਂ ਹੇਠਾਂ ਆਉਣ ਤੋਂ ਬਾਅਦ ਹੁਣ ਭਾਰਤ ਆਲਮੀ ਭੁੱਖਮਰੀ ਸੂਚਕ ਅੰਕ ਵਿਚ ਵੀ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਵੀ ਹੇਠਾਂ ਪਹੁੰਚ ਗਿਆ ਹੈ। ਉਨ੍ਹਾਂ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਤਨਜ਼ ਕਰਦਿਆਂ ਕਿਹਾ ‘ਬਹੁਤ ਅੱਛਾ ਚੱਲ ਰਿਹਾ ਹੈ ਮੋਦੀ ਜੀ?’