ਪੰਜਾਬ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਦੇ ਰਾਹ ਤੁਰੀ

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਬਠਿੰਡਾ ਥਰਮਲ ਦੀ ਜ਼ਮੀਨ ਕਾਰਪੋਰੇਟਾਂ ਨੂੰ ਇਕ ਰੁਪਏ ਲੀਜ਼ ਉਤੇ ਦਿੱਤੀ ਜਾਵੇਗੀ, ਜਿਸ ਦੀ ਬਾਜ਼ਾਰੀ ਕੀਮਤ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਬਣਦੀ ਹੈ। ਪਾਵਰਕੌਮ ਨੂੰ ਜ਼ਮੀਨ ਦੀ ਪੂਰੀ ਕੀਮਤ ਅਤੇ ਪੁੱਡਾ ਕੋਲੋਂ ਮੁਨਾਫੇ ‘ਚੋਂ ਵੀ 80 ਫੀਸਦੀ ਹਿੱਸੇਦਾਰੀ ਮਿਲਣੀ ਸੀ।

ਵੇਰਵਿਆਂ ਅਨੁਸਾਰ ਹੁਣ ਪਾਵਰਕੌਮ ਦੇ ‘ਬੋਰਡ ਆਫ ਡਾਇਰੈਕਟਰਜ਼’ ਦੀ ਬਿਨਾਂ ਪ੍ਰਵਾਨਗੀ ਅਤੇ ਬਿਨਾਂ ਕਿਸੇ ਐਗਰੀਮੈਂਟ ਤੋਂ ਬਠਿੰਡਾ ਥਰਮਲ ਦੀ ਜ਼ਮੀਨ ਦਾ ਇੰਤਕਾਲ ਪੁੱਡਾ ਦੇ ਨਾਮ ਚੜ੍ਹ ਗਿਆ ਹੈ। ਪਾਵਰਕੌਮ ਵਲੋਂ ਇਸ ਜ਼ਮੀਨ ‘ਤੇ ਪਹਿਲਾਂ ਸੋਲਰ ਪਲਾਂਟ ਅਤੇ ਫਿਰ ਬਾਇਓਮਾਸ ਪਲਾਂਟ ਲਾਏ ਜਾਣ ਦੀ ਤਜਵੀਜ਼ ਸੀ ਜੋ ਸਰਕਾਰ ਨੇ ਰੱਦ ਕਰ ਦਿੱਤੀ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਥਰਮਲ ਜ਼ਮੀਨ ‘ਤੇ ‘ਬਲਕ ਡਰੱਗ ਪਾਰਕ’ ਬਣਾਉਣਾ ਚਾਹੁੰਦੇ ਹਨ। ਕੇਂਦਰ ਸਰਕਾਰ ਨੇ 20 ਮਾਰਚ 2020 ਨੂੰ ‘ਬਲਕ ਡਰੱਗ ਪਾਰਕ’ ਸਕੀਮ ਨੂੰ ਪ੍ਰਵਾਨਗੀ ਦਿੱਤੀ ਹੈ। ਸਕੀਮ ਅਨੁਸਾਰ ਜੋ ਰਾਜ ਸਰਕਾਰ ਸਭ ਤੋਂ ਵੱਧ ਸਹੂਲਤਾਂ ਦੇਵੇਗੀ, ਉਸ ਨੂੰ ਇਹ ਪ੍ਰੋਜੈਕਟ ਕੇਂਦਰ ਤੋਂ ਮਿਲੇਗਾ। ਬਲਕ ਡਰੱਗ ਪਾਰਕ ਲਈ ਕੇਂਦਰ ਸਰਕਾਰ ਨੇ ਦਿਸ਼ਾ ਨਿਰਦੇਸ਼ 27 ਜੁਲਾਈ ਨੂੰ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਤਹਿਤ 100 ਨੰਬਰ ਰੱਖੇ ਹਨ। ਵੱਧ ਸਹੂਲਤਾਂ ਦੇਣ ਵਾਲੇ ਸੂਬੇ ਦੀ ਮੈਰਿਟ ਉੱਚੀ ਬਣੇਗੀ। ਪੰਜਾਬ ਸਰਕਾਰ ਨੇ ਆਪਣੀ ਮੈਰਿਟ ਬਣਾਉਣ ਲਈ ਕਾਰਪੋਰੇਟਾਂ ਨੂੰ ਖੁੱਲ੍ਹੇ ਗੱਫੇ ਦੇਣ ਦਾ ਫੈਸਲਾ ਕਰਕੇ ਰਾਹ ਖੋਲ੍ਹਿਆ ਹੈ। ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ 10 ਸਤੰਬਰ ਨੂੰ ਹੋਈ ਮੀਟਿੰਗ ਵਿਚ ਡਰੱਗ ਪਾਰਕ ਲਈ ਸਹੂਲਤਾਂ ਦੇਣ ਦੀ ਤਜਵੀਜ਼ ‘ਤੇ ਮੋਹਰ ਲੱਗੀ। ਫੈਸਲਾ ਲਿਆ ਗਿਆ ਕਿ ਡਰੱਗ ਪਾਰਕ ਲਈ 1 ਰੁਪਏ ਲੀਜ਼ ਉਤੇ 33 ਸਾਲ ਲਈ ਇਹ ਜ਼ਮੀਨ ਦਿੱਤੀ ਜਾਵੇਗੀ ਅਤੇ ਇਸ ਲੀਜ਼ ਵਿਚ 99 ਸਾਲ ਤੱਕ ਦਾ ਵਾਧਾ ਹੋ ਸਕਦਾ ਹੈ। ਦੋ ਰੁਪਏ ਪ੍ਰਤੀ ਯੂਨਿਟ ਬਿਜਲੀ ਅਤੇ ਇਕ ਰੁਪਏ ਵਿਚ ਪ੍ਰਤੀ ਹਜ਼ਾਰ ਲੀਟਰ ਪਾਣੀ ਦੇਣ ਦਾ ਫੈਸਲਾ ਕੀਤਾ ਗਿਆ। ਪੰਜਾਬ ਸਰਕਾਰ ਅਨੁਸਾਰ ਇਹ ਪ੍ਰੋਜੈਕਟ 1878 ਕਰੋੜ ਦਾ ਹੋਵੇਗਾ, ਜਿਸ ‘ਚੋਂ 1000 ਕਰੋੜ ਕੇਂਦਰ ਦੇਵੇਗੀ ਅਤੇ ਬਾਕੀ 878 ਕਰੋੜ ਦੀ ਹਿੱਸੇਦਾਰੀ ਪੰਜਾਬ ਸਰਕਾਰ ਪਾਏਗੀ। ਪੰਜਾਬ ਸਰਕਾਰ ਤਰਫੋਂ ਸਟੈਂਪ ਡਿਊਂਟੀ ਅਤੇ ਰਜਿਸਟਰੀ ਖਰਚੇ ਵੀ ਛੋਟ ਦਿੱਤੀ ਜਾਵੇਗੀ। ਥਰਮਲ ਜ਼ਮੀਨ ‘ਚੋਂ ਹੁਣ ਅੰਬੂਜਾ ਸੀਮਿੰਟ ਫੈਕਟਰੀ ਨੂੰ ਉਠਾਇਆ ਜਾਣਾ ਹੈ। ਪਾਵਰਕੌਮ ਨੇ ਅੰਬੂਜਾ ਸੀਮਿੰਟ ਫੈਕਟਰੀ ਨੂੰ 1.17 ਲੱਖ ਰੁਪਏ ਪ੍ਰਤੀ ਏਕੜ ਦੇ ਕਿਰਾਏ ‘ਤੇ ਜਗ੍ਹਾ ਦਿੱਤੀ ਹੋਈ ਸੀ।
ਇਸ ਤੋਂ ਇਲਾਵਾ ‘ਬਲਕ ਡਰੱਗ ਪਾਰਕ’ ਨੂੰ ਸਹੂਲਤਾਂ ਦੇਣ ਲਈ ਸੂਬਾ ਹੋਰ ਵਿੱਤੀ ਖਰਚੇ ਦਾ ਸਾਹਮਣਾ ਕਰੇਗਾ, ਜਿਸ ‘ਚ ‘ਡਰੱਗ ਪਾਰਕ’ ਨੂੰ ਹਰ ਸਾਲ 500 ਕਰੋੜ ਦੀ ਬਿਜਲੀ ਮੁਫਤ ਦਿੱਤੀ ਜਾਵੇਗੀ। ਕਾਂਗਰਸ ਸਰਕਾਰ ਦੇ ਮੌਜੂਦਾ ਵਿੱਤ ਮੰਤਰੀ ਨੇ 2016 ਦੀਆਂ ਚੋਣਾਂ ਵੇਲੇ ਬਠਿੰਡਾ ਵਸਨੀਕਾਂ ਨੂੰ ਥਰਮਲ ਪਲਾਂਟ ਚੱਲਦੇ ਰਹਿਣ ਦੀ ਗੱਲ ਦਾ ਵਾਅਦਾ ਕੀਤਾ ਸੀ ਪਰ ਕਾਂਗਰਸ ਸਰਕਾਰ ਦੇ ਸੱਤਾ ‘ਚ ਆਉਣ ਮਗਰੋਂ ਸਾਲ ਬਾਅਦ ਹੀ ਇਸ ਥਰਮਲ ਨੂੰ ਬੰਦ ਕਰ ਦਿੱਤਾ ਗਿਆ, ਜਿਸ ਦਾ ਕਾਰਨ ਵਿੱਤੀ ਘਾਟਾ ਦੱਸਿਆ ਗਿਆ। ਬਠਿੰਡਾ ਥਰਮਲ ਪਲਾਂਟ ਦੀ ਜਗ੍ਹਾ ਉਤੇ ਵਾਰ-ਵਾਰ ਲੋਕਾਂ ਨੂੰ ਭਰੋਸੇ ‘ਚ ਲੈਣ ਲਈ ਕਦੇ ਇਸ ਥਰਮਲ ਨੂੰ ਦੁਬਾਰਾ ਚਲਾਉਣ, ਕਦੇ ਬਾਇਓਮਾਸ (ਪਰਾਲੀ ਨਾਲ ਚੱਲਣ ਵਾਲਾ 60 ਮੈਗਾਵਾਟ ਦਾ ਪਲਾਂਟ), ਕਦੇ ਸੌਰ ਊਰਜਾ (100 ਮੈਗਾਵਾਟ ਦਾ ਪਲਾਂਟ) ਲਈ ਪਲਾਂਟ ਲਗਾਉਣ ਦੀ ਗੱਲ ਆਖੀ ਗਈ ਪਰ ਅੰਤ ‘ਚ ਇਹ ਕਰੋੜਾਂ ਦੀ ਜ਼ਮੀਨ ਲਈ ਸਰਕਾਰ ਨੇ ਪੁੱਡਾ ਤੋਂ ਆਪਣੇ ਨਾਂ ਕਰਵਾ ਕੇ ਕਾਰਪੋਰੇਟਾਂ ਦੇ ਹਿੱਸੇ ‘ਬਲਕ ਡਰੱਗ ਪਾਰਕ’ ਦੇ ਨਾਮ ਹੇਠ ਇਕ ਰੁਪਏ ‘ਚ ਝੋਲੀ ਪਾਉਣ ਦੀ ਤਿਆਰੀ ਕਰ ਲਈ।
_____________________________________________
ਥਰਮਲ ਦੀ ਜ਼ਮੀਨ ਕੌਡੀਆਂ ਦੇ ਭਾਅ ਦੇਣ ਖਿਲਾਫ ਮੋਰਚਾ
ਬਠਿੰਡਾ: ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਕਰੋੜਾਂ ਰੁਪਏ ਦੀ ਬੇਸ਼ਕੀਮਤੀ ਸੈਂਕੜੇ ਏਕੜ ਜ਼ਮੀਨ ਜਿਸ ਦੀ ਬਾਜ਼ਾਰ ‘ਚ ਕੀਮਤ 4 ਹਜ਼ਾਰ ਕਰੋੜ ਹੈ, ਨੂੰ ਕਾਰਪੋਰੇਟਾਂ ਨੂੰ 1 ਰੁਪਏ ਪ੍ਰੀ ਗਜ਼ 99 ਸਾਲਾਂ ਲੀਜ਼ ਉਤੇ ਦੇਣ ਲਈ ਪੁੱਡਾ ਦੇ ਨਾਂ ਤਬਦੀਲ ਕੀਤੀ ਜਾ ਚੁੱਕੀ ਹੈ ਤਾਂ ਜੋ ਇਥੇ ਵਿੱਤ ਮੰਤਰੀ ਦੇ ਐਲਾਨ ਤਹਿਤ ਫਾਰਮਾਸੂਟੀਕਲ ਪਾਰਕ ਦਾ ਨਿਰਮਾਣ ਕੀਤਾ ਜਾ ਸਕੇ। ਇਸ ਪਿੱਛੋਂ ਆਮ ਆਦਮੀ ਪਾਰਟੀ ਨੇ ਸਰਕਾਰ ਨੂੰ ਘੇਰ ਲਿਆ ਹੈ। ‘ਆਪ’ ਵਿਧਾਇਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਬਠਿੰਡਾ ਥਰਮਲ ਨੂੰ ਬੰਦ ਕਰ ਕੇ ਉਸ ਦੀ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਦੇ ਕੇ ਕਾਂਗਰਸ ਸਰਕਾਰ ਸ਼ਰੇਆਮ ਲੁੱਟ ਕਰ ਰਹੀ ਹੈ, ਜਿਸ ਨੂੰ ਕਿਸੇ ਹਾਲਤ ‘ਚ ਸਫਲ ਨਹੀਂ ਹੋਣ ਦਿੱਤਾ ਜਾਵੇਗਾ।