ਕਿਸਾਨ ਜਥੇਬੰਦੀਆਂ ਨੇ ਮੋਦੀ ਦੇ ਪੁਤਲੇ ਫੂਕ ਕੇ ਰੋਸ ਅਤੇ ਰੋਹ ਪ੍ਰਗਟਾਇਆ

ਚੰਡੀਗੜ੍ਹ: ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਸੂਬੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ। ਕਿਸਾਨ ਜਥੇਬੰਦੀਆਂ ਨੇ ਰੇਲਵੇ ਲਾਈਨਾਂ, ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਲਾਏ ਮੋਰਚਿਆਂ ਨੂੰ ਵੀ ਮਘਾਈ ਰੱਖਿਆ।

ਕੇਂਦਰ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਸੱਦਣ ਉਪਰੰਤ ਅਣਗੌਲਿਆ ਕਰਨ ਖਿਲਾਫ ਰੋਸ ਪ੍ਰਗਟਾਉਂਦਿਆਂ 31 ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ। ਵੱਖ-ਵੱਖ ਥਾਵਾਂ ‘ਤੇ ਅਰਥੀ ਫੂਕ ਮੁਜ਼ਾਹਰਿਆਂ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਮੰਤਰੀਆਂ ਨੂੰ ਪੰਜਾਬ ਭੇਜ ਰਹੀ ਹੈ ਜਦੋਂਕਿ ਦਿੱਲੀ ਗਏ ਕਿਸਾਨ ਆਗੂਆਂ ਲਈ ਖੇਤੀਬਾੜੀ ਮੰਤਰੀ ਤੱਕ ਨੇ ਵੀ ਸਮਾਂ ਨਹੀਂ ਕੱਢਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਇਸ ਭੁਲੇਖੇ ‘ਚ ਨਾ ਰਹੇ ਕਿ ਐਵੇਂ ਅਣਗੌਲਿਆ ਕਰਨ ਨਾਲ ਸੰਘਰਸ਼ ਮੱਠਾ ਪੈ ਜਾਵੇਗਾ, ਸਗੋਂ ਇਹ ਅੰਦੋਲਨ ਦੇਸ਼ ਭਰ ‘ਚ ਮਜ਼ਬੂਤ ਹੁੰਦਿਆਂ ਸਰਕਾਰ ਨੂੰ ਲੋਕ ਮਾਰੂ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਮਹਿਮਦਪੁਰ ਜੱਟਾਂ (ਪਟਿਆਲਾ) ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੀਨੀਅਰ ਆਗੂ ਹਰਬੰਸ ਸਿੰਘ ਪੁੱਤਰ ਸੰਪੂਰਨ ਸਿੰਘ ਅਤੇ ਮਾਨਸਾ ‘ਚ ਪਿੰਡ ਗੜੱਦੀ ਦੇ ਜਗਰਾਜ ਸਿੰਘ ਦੀ ਮੋਦੀ ਸਰਕਾਰ ਦਾ ਪੁਤਲਾ ਸਾੜਨ ਮੌਕੇ ਹੋਏ ਮੁਜ਼ਾਹਰੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰਾਜਪੁਰਾ ‘ਚ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਵਰਚੁਅਲ ਸੈਮੀਨਾਰ ਕਿਸਾਨ ਆਗੂਆਂ ਦੇ ਸਖਤ ਵਿਰੋਧ ਕਾਰਨ ਰੱਦ ਹੋ ਗਿਆ। ਟੌਲ ਪਲਾਜ਼ਿਆਂ ‘ਤੇ ਧਰਨਿਆਂ ਦੌਰਾਨ ਸਾਰੇ ਵਾਹਨ ਬਿਨਾਂ ਟੌਲ ਟੈਕਸ ਤੋਂ ਹੀ ਲੰਘਾਏ ਜਾ ਰਹੇ ਹਨ ਅਤੇ ਰਿਲਾਇੰਸ ਤੇ ਐੱਸਾਰ ਦੇ ਪੰਪਾਂ ਤੋਂ ਕੋਈ ਵੀ ਤੇਲ ਨਹੀਂ ਪੁਆਇਆ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਕੁਝ ਮੌਕਾਪ੍ਰਸਤ ਫਿਰਕੂ ਕਿਸਮ ਦੇ ਸਿਆਸਤਦਾਨ ਬੇਹੱਦ ਭੜਕਾਊ ਭਾਸ਼ਣਾਂ ਰਾਹੀਂ ਕਾਲੇ ਖੇਤੀ ਕਾਨੂੰਨਾਂ ਦੇ ਮੁਕਾਬਲੇ ‘ਤੇ ਫਿਰਕਾਪ੍ਰਸਤ ਮਸਲੇ ਉਭਾਰ ਕੇ ਹਿੰਸਕ ਮਾਹੌਲ ਪੈਦਾ ਕਰਨ ਦੇ ਯਤਨ ਕਰ ਰਹੇ ਹਨ ਜਿਨ੍ਹਾਂ ਤੋਂ ਖਾਸ ਕਰਕੇ ਨੌਜਵਾਨਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਹੈ।
_________________________________________
ਐਮ.ਐਸ਼ਪੀ. ਖੁਰਾਕ ਸੁਰੱਖਿਆ ਦਾ ਅਹਿਮ ਹਿੱਸਾ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ਼ਪੀ.) ‘ਤੇ ਖਰੀਦ ਪ੍ਰਤੀ ਵਚਨਬੱਧ ਹੈ ਕਿਉਂਕਿ ਇਹ ਦੇਸ਼ ਦੀ ਖੁਰਾਕ ਸੁਰੱਖਿਆ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੰਡੀ ਢਾਂਚੇ ਵਿਚ ਸੁਧਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਵਿਗਿਆਨਕ ਢੰਗ ਨਾਲ ਐਮ.ਐਸ਼ਪੀ. ਖਰੀਦ ਜਾਰੀ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਚ ਤਾਜ਼ਾ ਸੁਧਾਰ ਭਾਰਤ ਦੀ ਆਲਮੀ ਖੁਰਾਕ ਸੁਰੱਖਿਆ ਪ੍ਰਤੀ ਵੱਚਨਬੱਧਤਾ ਦਾ ਝਲਕਾਰਾ ਦਿੰਦੇ ਹਨ।
_____________________________________________
ਪੰਜਾਬ ਭਾਜਪਾ ਵਿਚ ਵੀ ਬਾਗੀ ਸੁਰਾਂ ਉੱਠੀਆਂ
ਚੰਡੀਗੜ੍ਹ: ਪੰਜਾਬ ਭਾਜਪਾ ਦੇ ਜਨਰਲ ਸਕੱਤਰ ਮਲਵਿੰਦਰ ਸਿੰਘ ਕੰਗ ਨੇ ਖੇਤੀ ਕਾਨੂੰਨਾਂ ਖਿਲਾਫ ਪਾਰਟੀ ਵਿਚੋਂ ਅਸਤੀਫਾ ਦੇ ਦਿੱਤਾ ਹੈ। ਇਕਾਈ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭੇਜੇ ਅਸਤੀਫੇ ‘ਚ ਮਲਵਿੰਦਰ ਸਿੰਘ ਕੰਗ ਨੇ ਲਿਖਿਆ ਕਿ ਕਿਸਾਨ, ਮਜ਼ਦੂਰ ਅਤੇ ਛੋਟੇ ਵਪਾਰੀ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਹਫਤਿਆਂ ਤੋਂ ਪ੍ਰਦਰਸ਼ਨ ਕਰਨ ਲੱਗੇ ਹੋਏ ਹਨ। ਪੰਜਾਬ ਭਾਜਪਾ ਦਾ ਜਨਰਲ ਸਕੱਤਰ ਅਤੇ ਕੋਰ ਗਰੁੱਪ ਦਾ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੇ ਕਈ ਵਾਰ ਪਾਰਟੀ ਵਲੋਂ ਲਈ ਗਈ ‘ਫੀਡਬੈਕ’ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਪੱਖ ‘ਚ ਆਪਣੀ ਆਵਾਜ਼ ਉਠਾਉਣ ਦਾ ਯਤਨ ਕੀਤਾ ਤੇ ਸੂਬਾ ਅਤੇ ਕੇਂਦਰ ਦੀ ਲੀਡਰਸ਼ਿਪ ਨੂੰ ਵਿਰੋਧ ਜਤਾ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੱਢਣ ਲਈ ਕਿਹਾ ਪਰ ਪਾਰਟੀ ਵਲੋਂ ਕੋਈ ਵੀ ਸਕਾਰਾਤਮਕ ਹੁੰਗਾਰਾ ਨਹੀਂ ਮਿਲਿਆ। ਕੰਗ ਨੇ ਕਿਹਾ ਕਿ ਇਸ ਤੋਂ ਬਾਅਦ ਜਦ ਕੋਈ ਚਾਰਾ ਨਹੀਂ ਬਚਿਆ ਤਾਂ ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਖੜ੍ਹੇ ਹੋਣ ਦਾ ਫੈਸਲਾ ਲਿਆ ਹੈ ਅਤੇ ਪਾਰਟੀ ‘ਚ ਬਤੌਰ ਜਨਰਲ ਸਕੱਤਰ, ਕੋਰ ਗਰੁੱਪ ਮੈਂਬਰ ਅਤੇ ਪਾਰਟੀ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਹੈ।