ਫਾਸ਼ੀਵਾਦੀ ਸਮਿਆਂ ਵਿਚ ਉਮੀਦ ‘ਅੰਬੈਰਟੋ-ਡੀ’

ਡਾ. ਕੁਲਦੀਪ ਕੌਰ
ਫੋਨ: +91-98554-04330
ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਟਲੀ ਦੇ ਸਰਕਰਦਾ ਫਿਲਮਸਾਜ਼ ਵਿਤੋਰੀਓ ਦਿ ਸੀਕਾ ਦੀ ਫਿਲਮ ‘ਅੰਬੈਰਟੋ-ਡੀ’ ਬਾਰੇ ਚਰਚਾ ਕੀਤੀ ਗਈ ਹੈ। ਇਹ ਫਿਲਮ ਮਨੁੱਖ ਨੂੰ ਨਪੀੜਦੇ ਹਾਲਾਤ ‘ਤੇ ਸਵਾਲ ਖੜ੍ਹੇ ਕਰਦੀ ਹੈ।

-ਸੰਪਾਦਕ

ਫਿਲਮਸਾਜ਼ ਵਿਤੋਰੀਓ ਦਿ ਸੀਕਾ ਦੀ ਇਸ ਫਿਲਮ ‘ਅੰਬੈਰਟੋ-ਡੀ’ ਦੀ ਇਸ ਪੱਖੋਂ ਮੁਲਕ ਦੇ ਉਚੇ ਤਬਕਿਆਂ ਅਤੇ ਧਾਰਮਿਕ ਹਲਕਿਆਂ ਵਲੋਂ ਤਿੱਖੀ ਆਲੋਚਨਾ ਕੀਤੀ ਗਈ ਕਿ ਇਸ ਫਿਲਮ ਨਾਲ ਇਟਲੀ ਦੇ ਅਕਸ ਅਤੇ ਇਸ ਦੀ ਮਹਾਨ ਪੁਰਾਤਨ ਸਭਿਅਤਾ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਥੋਂ ਤੱਕ ਕਿ ਕੈਥੋਲਿਕ ਚਰਚ ਨੇ ਇਸ ਫਿਲਮ ਨੂੰ ਇਹ ਕਹਿ ਕੇ ਨਕਾਰ ਦਿੱਤਾ ਕਿ ਇਹ ਫਿਲਮ ਇਟਲੀ ਦੇ ਸਮਾਜ ਦੇ ਅੰਦੂਰਨੀ ਕਲੇਸ਼ਾਂ ਨੂੰ ਜੱਗ-ਜ਼ਾਹਿਰ ਕਰਦੀ ਹੈ ਅਤੇ ਇਟਲੀ ਵਾਸੀਆਂ ਨੂੰ ਭੰਡਦੀ ਹੈ। ਇੱਕ ਬਜ਼ੁਰਗ ਅਤੇ ਉਸ ਦੇ ਕੁੱਤੇ ਦੀ ਕਹਾਣੀ ‘ਤੇ ਆਧਾਰਿਤ ਇਸ ਫਿਲਮ ਨੇ ਜਿਸ ਤਰੀਕੇ ਨਾਲ ਇਨਸਾਨੀ ਜ਼ਿੰਦਗੀ ਦੀ ਕੀਮਤ ਅਤੇ ਸਮਾਜਕ ਰਿਸ਼ਤਿਆਂ ਦੀ ਨਿਰਾਰਥਿਕਤਾ ਨੂੰ ਫਿਲਮਾਇਆ ਹੈ, ਉਸ ਕਾਰਨ ਇਹ ਫਿਲਮ ਸੰਸਾਰ ਸਿਨੇਮਾ ਵਿਚ ਆਪਣਾ ਵੱਖਰਾ ਮੁਕਾਮ ਰੱਖਦੀ ਹੈ।
ਇਸ ਫਿਲਮ ਦੇ ਪਟਕਥਾ ਲੇਖਕ ਦਾ ਇਹ ਮੰਨਣਾ ਸੀ ਕਿ ਅਜਿਹੀ ਫਿਲਮ ਬਣਾਉਣੀ ਬਿਲਕੁਲ ਸੰਭਵ ਹੈ ਜਿਸ ਵਿਚ ਪੂਰੀ ਫਿਲਮ ਦੌਰਾਨ ਮੁੱਖ ਕਿਰਦਾਰ ਕੋਈ ਵੀ ਕੰਮ ਨਾ ਕਰੇ। ਇਸ ਫਿਲਮ ਦਾ ਮੁੱਖ ਕਿਰਦਾਰ ਜਿਸ ਦੀ ਭੂਮਿਕਾ ਵਿਤੋਰੀਓ ਦਿ ਸੀਕਾ ਦੇ ਇੱਕ ਅਧਿਆਪਕ ਨੇ ਨਿਭਾਈ ਹੈ, ਸਾਰੀ ਫਿਲਮ ਵਿਚ ਸਿਰਫ ਜਿਊਣ ਦੇ ਬਹਾਨੇ ਲੱਭਦਾ ਫਿਰਦਾ ਹੈ। ਹੁਣ ਧਿਆਨ ਦੇਣ ਯੋਗ ਗੱਲ ਇਹੀ ਹੈ: ਕੀ ਜ਼ਿੰਦਗੀ ਜਿਊਣ ਦੇ ਹੀਲੇ-ਵਸੀਲੇ ਲੱਭਣ ਦੀ ਤਲਾਸ਼ ਨੂੰ ਕੰਮ ਦੇ ਤੌਰ ‘ਤੇ ਗਿਣਿਆ ਜਾ ਸਕਦਾ ਹੈ?
ਫਿਲਮ ਦੀ ਕਹਾਣੀ ਬਹੁਤ ਸਾਧਾਰਨ ਹੈ। ਬਿਨਾ ਪਰਿਵਾਰ ਵਾਲਾ ਅਜਿਹਾ ਬਜ਼ੁਰਗ ਜਿਸ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਤੀਹ ਸਾਲ ਆਪਣੇ ਮੁਲਕ ਨੂੰ ਦਿੱਤੇ ਹਨ ਅਤੇ ਹੁਣ ਸਰਕਾਰ ਵਲੋਂ ਦਿੱਤੀ ਪੈਨਸ਼ਨ ‘ਤੇ ਗੁਜ਼ਾਰਾ ਕਰ ਰਿਹਾ ਹੈ, ਉਸ ਨੂੰ ਮਹਿਸੂਸ ਹੁੰਦਾ ਹੈ, ਜਿਵੇਂ ਉਹ ਇਸ ਦੁਨੀਆ ਦਾ ਸਭ ਤੋਂ ਇਕੱਲਾ ਸ਼ਖਸ ਹੈ। ਉਸ ਦਾ ਸਭ ਤੋਂ ਵੱਡਾ ਆਸਰਾ ਉਸ ਦਾ ਕਮਰਾ ਹੈ ਜਿਸ ਵਿਚ ਉਹ ਆਪਣੇ ਕੁੱਤੇ ਨਾਲ ਤੀਹ ਸਾਲ ਤੋਂ ਰਹਿ ਰਿਹਾ ਹੈ। ਉਸ ਦੀ ਪੈਨਸ਼ਨ ਇੰਨੀ ਨਹੀਂ ਕਿ ਉਹ ਇੱਜ਼ਤ-ਮਾਣ ਦੀ ਰੋਟੀ ਖਾ ਸਕੇ। ਇਸ ਲਈ Aਹ ਸ਼ਹਿਰ ਵਿਚ ਬਜ਼ੁਰਗਾਂ ਦੀ ਰੈਲੀ ਵਿਚ ਭਾਗ ਲੈਣ ਜਾਂਦਾ ਹੈ। ਸਰਕਾਰ ਦੀ ਨੀਤੀ ਅਤੇ ਨੀਤ ਮਾੜੀ ਹੈ। ਉਹ ਡੰਡੇ ਦੇ ਦਮ ‘ਤੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੰਦੀ ਹੈ। ਬਾਅਦ ਵਿਚ ਜਦੋਂ ਉਹ ਘਰ ਅੱਪੜਦਾ ਹੈ ਤਾਂ ਉਸ ਘਰ ਦੀ ਘਰੇਲੂ ਨੌਕਰਾਣੀ ਉਸ ਨੂੰ ਦੱਸਦੀ ਹੈ ਕਿ ਸ਼ਾਇਦ ਉਸ ਨੂੰ ਆਪਣਾ ਸਾਮਾਨ ਕਿਤੇ ਹੋਰ ਸ਼ਿਫਟ ਕਰਨਾ ਪੈਣਾ ਹੈ, ਕਿਉਂਕਿ ਉਸ ਘਰ ਦੀ ਮਾਲਕਣ ਲਈ ਉਹ ਹੁਣ ਫਰਨੀਚਰ ਦੇ ਕਿਸੇ ਪੁਰਾਣੇ ਪੀਸ ਤੋਂ ਵੱਧ ਕੁਝ ਵੀ ਨਹੀਂ। ਉਹ ਉਸ ਨੂੰ ਕਹਿੰਦੀ ਹੈ ਕਿ ਹੋਰ ਜ਼ਲਾਲਤ ਤੋਂ ਬਚਣ ਲਈ ਉਸ ਨੂੰ ਜਿੰਨੀ ਛੇਤੀ ਹੋ ਸਕੇ ਆਪਣਾ ਸਾਮਾਨ ਇੱਥੋਂ ਚੁੱਕ ਲੈਣਾ ਚਾਹੀਦਾ ਹੈ।
ਹੁਣ ਤਕ ਬਜ਼ੁਰਗ ਨੂੰ ਲੱਗਦਾ ਰਿਹਾ ਹੈ ਕਿ ਮੈਨੂੰ ਭਲਾ ਇਸ ਕਮਰੇ ਵਿਚੋਂ ਕੌਣ ਅਤੇ ਕਿਉਂ ਕੱਢ ਸਕਦਾ ਹੈ? ਇਹੀ ਕਮਰਾ ਤਾਂ ਉਸ ਦੀ ਇਕਲੌਤੀ ਠਾਹਰ ਹੈ। ਉਹ ਨੈਤਿਕ ਅਤੇ ਸਮਾਜਕ ਕਦਰਾਂ-ਕੀਮਤਾਂ ਦੇ ਘੇਰੇ ਅਨੁਸਾਰ ਇਸ ਹਾਲਤ ਨੂੰ ਪ੍ਰੀਭਾਸ਼ਤ ਕਰਦਾ ਹੈ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਕਿ ਜੰਗ ਅਤੇ ਤਾਨਾਸ਼ਾਹੀ ਨੇ ਲੋਕਾਂ ਦੇ ਸਰੀਰਾਂ ਵਿਚੋਂ ਲਹੂ ਅਤੇ ਉਨ੍ਹਾਂ ਦੇ ਲਹੂ ਵਿਚੋਂ ਮਹਿਸੂਸ ਕਰਨ ਦੀ ਸਮਰੱਥਾ ਹੀ ਸੂਤ ਲਈ ਹੈ। ਉਨ੍ਹਾਂ ਦੇ ਅੰਦਰਲਾ ਨਿੱਘ ਤੇ ਮਮਤਾ ਪੱਥਰ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਵਿਚੋਂ ਸ਼ਰਮ-ਲਿਹਾਜ਼ ਮਰ ਚੁੱਕੀ ਹੈ। ਇਸ ਫਿਲਮ ਦੀ ਆਲੋਚਨਾ ਇਸੇ ਪੱਖ ਤੋਂ ਸਭ ਤੋਂ ਵੱਧ ਹੋਈ ਕਿ ਇਹ ਰੋਮਨ ਸਭਿਅਤਾ ਦੇ ਕਿਰਦਾਰ ‘ਤੇ ਹੀ ਸਵਾਲੀਆ ਨਿਸ਼ਾਨ ਲਗਾ ਰਹੀ ਹੈ ਜਦਕਿ ਇਹ ਸਭਿਅਤਾ ਤਾਂ ਆਪਣੇ-ਆਪ ਵਿਚ ਤਹਿਜ਼ੀਬ ਤੇ ਮਨੁੱਖੀ ਕਦਰਾਂ-ਕੀਮਤਾਂ ਦਾ ਲਗਾਤਾਰ ਵਹਿੰਦਾ ਦਰਿਆ ਹੈ।
ਦੂਜੇ ਪਾਸੇ, ਇਸ ਫਿਲਮ ਦੇ ਸਿਰਜਕ ਦਾ ਮੰਨਣਾ ਸੀ ਕਿ ਗਰੀਬੀ, ਭੁੱਖ ਤੇ ਬੇਰੁਜ਼ਗਾਰੀ ਦੇ ਭੰਨੇ ਲੋਕਾਂ ਨੂੰ ‘ਮਹਾਨਤਾ’ ਅਤੇ ‘ਮੁਲਕਪ੍ਰਸਤੀ’ ਦੇ ਥੋਥੇ ਭੁਲੇਖਿਆਂ ਨਾਲ ਬਹੁਤੀ ਦੇਰ ਨਹੀਂ ਭਰਮਾਇਆ ਜਾ ਸਕਦਾ। ਉਸ ਅਨੁਸਾਰ ਜਦੋਂ ਲੋਕ ਦਾਣੇ-ਦਾਣੇ ਤੋਂ ਮੁਹਤਾਜ ਹਨ ਤਾਂ ਉਨ੍ਹਾਂ ਲਈ ਸਭਿਅਕ ਅਤੇ ਨੈਤਿਕ ਹੋਣ ਦਾ ਕੀ ਅਰਥ ਰਹਿ ਜਾਂਦਾ ਹੈ? ਭੁੱਖ ਨਾਲ ਮਰ ਰਹੇ ਬੰਦੇ ਲਈ ਸਮਾਜਕ ਮੁੱਲਾਂ ਅਤੇ ਕਾਨੂੰਨੀ ਚਾਰਾਜੋਈਆਂ ਦਾ ਕੀ ਅਰਥ ਬਣਦਾ ਹੈ? ਇੱਦਾਂ ਦਾ ਅਮਨ-ਅਮਾਨ ਕਿਸ ਕੰਮ ਦਾ ਜਿਹੜਾ ਲੋਕਾਂ ਦੀ ਜ਼ਬਾਨਬੰਦੀ ਹੀ ਕਰ ਦੇਵੇ ਤੇ ਉਨ੍ਹਾਂ ਨੂੰ ਦੂਜਿਆਂ ਅੱਗੇ ਅਰਜੋਈਆਂ ਕਰਨ ਲਈ ਮਜਬੂਰ ਕਰ ਦੇਵੇ? ਇਸ ਤੋਂ ਵੀ ਅਗਾਂਹ ਜਾਂਦਿਆਂ ਫਿਲਮਸਾਜ਼ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ‘ਤੇ ਸਵਾਲ ਖੜ੍ਹੇ ਕਰਦਾ ਹੈ ਜਿਨ੍ਹਾਂ ਦੇ ਚੱਲਦਿਆਂ ਲਾਚਾਰ ਤੇ ਬੇਵਸ ਗਰੀਬ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।
ਫਿਲਮ ਵਿਚਲਾ ਬਜ਼ੁਰਗ ਵੀ ਮਕਾਨ ਮਾਲਕਣ ਵਲੋਂ ਘਰੋਂ ਬਾਹਰ ਕੱਢੇ ਜਾਣ ‘ਤੇ ਬੇਘਰ ਅਤੇ ਬੇਦਰ ਭਟਕਦਾ ਹੈ। ਉਹ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਵੇਚ ਕੇ ਵੀ ਇੰਨਾ ਪੈਸਾ ਜਮ੍ਹਾਂ ਨਹੀਂ ਕਰ ਸਕਦਾ ਕਿ ਉਸ ਦੇ ਸਿਰ ‘ਤੇ ਛੱਤ ਨਸੀਬ ਹੋ ਸਕੇ। ਉਸ ਦੀ ਹਾਲਤ ਇੰਨੀ ਬੁਰੀ ਹੋ ਜਾਂਦੀ ਹੈ ਕਿ ਜਿਸ ਸ਼ਹਿਰ ਵਿਚ ਉਹ ਸਾਰੀ ਉਮਰ ਆਪਣਾ ਸਿਰ ਉਚਾ ਕਰ ਕੇ ਮਾਣ ਨਾਲ ਜੀਵਿਆ ਹੁੰਦਾ ਹੈ, ਉਥੇ ਆਪਣਾ ਪੇਟ ਭਰਨ ਲਈ ਉਹ ਭੀਖ ਮੰਗਣ ਲਈ ਮਜਬੂਰ ਹੋ ਜਾਂਦਾ ਹੈ। ਫਿਲਮ ਵਿਚ ਭੀਖ ਮੰਗਣ ਦਾ ਦ੍ਰਿਸ਼ ਬਹੁਤ ਮਾਰਮਿਕ ਹੈ। ਉਹ ਸ਼ਹਿਰ ਦੇ ਚੌਕ ਵਿਚ ਹੱਥ ਫੈਲਾ ਕੇ ਖੜ੍ਹਾ ਹੋਇਆ ਹੈ। ਜਦੋਂ ਉਸ ਨੂੰ ਇੱਕ ਨਾ-ਮਾਲੂਮ ਬੰਦਾ ਭੀਖ ਦੇਣ ਲੱਗਦਾ ਹੈ ਤਾਂ ਉਹ ਸ਼ਰਮ ਦਾ ਮਾਰਿਆ ਆਪਣਾ ਹੱਥ ਉਲਟਾ ਕਰ ਲੈਂਦਾ ਹੈ ਅਤੇ ਆਪਣੇ ਕੁੱਤੇ ਨੂੰ ਲੈ ਕੇ ਉਥੋਂ ਦੌੜ ਜਾਂਦਾ ਹੈ। ਹੁਣ ਉਸ ਸਾਹਮਣੇ ਸਿਰਫ ਖੁਦਕੁਸ਼ੀ ਹੀ ਆਖਰੀ ਹੱਲ ਬਚਦਾ ਹੈ ਪਰ ਉਸ ਉਪਰ ਕੁੱਤੇ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਹੋਣ ਕਾਰਨ ਉਹ ਇਸ ਨੂੰ ਲਗਾਤਾਰ ਟਾਲਦਾ ਰਹਿੰਦਾ ਹੈ। ਆਸ-ਪਾਸ ਦੇ ਹਾਲਾਤ ਮਾੜੇ ਹਨ। ਸਮਾਜ ਵਿਚ ਕੋਈ ਵੀ ਅਜਿਹਾ ਰਹਿਮ ਦਿਲ ਨਹੀਂ ਜੋ ਮੁਸੀਬਤ ਮਾਰਿਆਂ ਦੀ ਕਿਸੇ ਤਰ੍ਹਾਂ ਦੀ ਮਦਦ ਕਰ ਸਕੇ; ਉਲਟਾ ਅਜਿਹੇ ਭਿਖਾਰੀ ਤੇ ਗਰੀਬ ਉਚ-ਜਮਾਤ ਤੇ ਵਪਾਰੀ ਵਰਗਾਂ ਲਈ ਮਨੋਰੰਜਨ ਦਾ ਸਾਧਨ ਹਨ। ਹਰ ਕੋਈ ਕਾਹਲੀ ਵਿਚ ਹੈ। ਹਰ ਕਿਸੇ ਨੂੰ ਕਿਸੇ ਖਾਸ ਜਗ੍ਹਾ ‘ਤੇ ਪਹੁੰਚਣ ਦੀ ਜਲਦੀ ਹੈ। ਹਰ ਕੋਈ ਖੁਦ ਤੋਂ ਅੱਗੇ ਵਧ ਕੇ ਕੋਈ ਹੋਰ ਹੋ ਜਾਣ ਦੇ ਆਹਰ ਵਿਚ ਹੈ। ਅਜੀਬ ਅਨਿਸ਼ਚਿਤਤਾ ਹੈ, ਅਜੀਬ ਕਿਸਮ ਦੀ ਉਦਾਸੀ ਹੈ ਤੇ ਬਹੁਤ ਤੇਜ਼ੀ ਨਾਲ ਬਦਲ ਰਹੇ ਹਾਲਾਤ ਹਨ। ਇਨ੍ਹਾਂ ਵਿਚ ਕੌਣ, ਕਿੱਥੇ ਤੇ ਕਿਉਂ, ਪਿੱਛੇ ਹੀ ਰਹਿ ਗਿਆ æææ ਕਿਸੇ ਕੋਲ ਰੁਕ ਕੇ ਇਹ ਦੇਖਣ/ਸੁਣਨ ਜਾਂ ਹਮਦਰਦੀ ਕਰਨ ਦਾ ਸਮਾਂ ਨਹੀਂ।
ਆਪਣੀ ਫਿਲਮ ‘ਵਾਈਲਡ ਸਟਰਾਬਰੀਜ਼’ ਵਿਚ ਇੰਗਮਾਰ ਬਰਗਮੈਨ ਦਾ ਮੁੱਖ ਕਿਰਦਾਰ ਆਖਦਾ ਹੈ, “ਕੀ ਸਮੇਂ ਦੀਆਂ ਸਿਰਫ ਅੱਖਾਂ ਹਨ , ਬਾਹਾਂ ਨਹੀਂ? ਜੇ ਹਨ ਤਾਂ ਬੰਦੇ ਦੀਆਂ ਔਖੀਆਂ ਘੜੀਆਂ ਵਿਚ ਸਮਾਂ ਅੱਗੇ ਵਧ ਕੇ ਬੰਦੇ ਨੂੰ ਆਪਣੀ ਗਲਵੱਕੜੀ ਵਿਚ ਕਿਉਂ ਨਹੀਂ ਲੈਂ ਲੈਂਦਾ?” ਇਸ ਫਿਲਮ ਦਾ ਕਿਰਦਾਰ ਕੁੱਤੇ ਸਮੇਤ ਰੇਲਗੱਡੀ ਥੱਲੇ ਆ ਕੇ ਮਰਨ ਦਾ ਫੈਸਲਾ ਕਰਦਾ ਹੈ ਜਿਸ ‘ਤੇ ਕੁੱਤਾ ਸਹਿਮਤ ਨਹੀਂ ਹੁੰਦਾ ਤੇ ਆਪਣੀ ਹਿੰਮਤ ਨਾਲ ਬਜ਼ੁਰਗ ਨੂੰ ਬਚਾ ਲੈਂਦਾ ਹੈ। ਇਸ ਤਰ੍ਹਾਂ ਇਹ ਪੂਰੀ ਫਿਲਮ ਉਦਾਸੀ ਵਿਚ ਲਿਪਟੀ ਹੋਈ ਵੀ ਉਦਾਸੀ ਨੂੰ ਆਪਣੇ ‘ਤੇ ਹਾਵੀ ਨਹੀਂ ਹੋਣ ਦਿੰਦੀ ਅਤੇ ਲਗਾਤਾਰ ਸੰਘਰਸ਼ ਕਰਨ ਦਾ ਹੋਕਾ ਦਿੰਦੀ ਹੈ।