ਭਾਰਤ ਨੂੰ ਕਰੋਨਾ ਮਹਾਮਾਰੀ ਤੋਂ ਛੇਤੀ ਹੀ ਰਾਹਤ ਮਿਲਣ ਦਾ ਦਾਅਵਾ

ਨਵੀਂ ਦਿੱਲੀ: ਕੇਂਦਰ ਸਰਕਾਰ ਵਲੋਂ ਬਣਾਈ ਗਈ ਮਾਹਿਰਾਂ ਦੀ ਕਮੇਟੀ ਅਨੁਸਾਰ ਭਾਰਤ ਵਿਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਸਿਖਰ ਉਤੇ ਪਹੁੰਚ ਚੁੱਕੀ ਹੈ। ਅਜਿਹੇ ਅਨੁਮਾਨ ਦਾ ਮਤਲਬ ਇਹ ਹੈ ਕਿ ਹੋ ਸਕਦਾ ਹੈ ਕਿ ਕੇਸ ਹੋਰ ਜ਼ਿਆਦਾ ਨਾ ਵਧਣ ਅਤੇ ਘਟਣ ਲੱਗ ਪੈਣ।

ਇਹ ਕਮੇਟੀ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਹੈਦਰਾਬਾਦ ਦੇ ਪ੍ਰੋਫੈਸਰ ਐਮ ਵਿਦਿਆਸਾਗਰ ਦੀ ਅਗਵਾਈ ਵਿਚ ਬਣਾਈ ਗਈ ਸੀ ਅਤੇ ਇਸ ਦੇ ਅਨੁਸਾਰ ਦੇਸ਼ ਵਿਚ ਕੇਸਾਂ ਦੀ ਗਿਣਤੀ 1 ਕਰੋੜ 6 ਲੱਖ ਤੋਂ ਜ਼ਿਆਦਾ ਨਾ ਹੋਣ ਦਾ ਅਨੁਮਾਨ ਹੈ। ਹੁਣ ਤੱਕ ਦੇਸ਼ ਵਿਚ ਹਸਪਤਾਲਾਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਲਗਭਗ 76 ਲੱਖ ਲੋਕ ਇਸ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿਚੋਂ 67 ਲੱਖ ਤੋਂ ਜ਼ਿਆਦਾ ਲੋਕ ਸਿਹਤਮੰਦ ਹੋ ਚੁੱਕੇ ਹਨ।
ਕਮੇਟੀ ਇਹ ਵੀ ਸਵੀਕਾਰ ਕਰ ਰਹੀ ਹੈ ਕਿ ਹੋਰ ਤਾਲਾਬੰਦੀ ਕਰਨ ਦੀ ਜ਼ਰੂਰਤ ਨਹੀਂ। ਕਮੇਟੀ ਨੇ ਆਉਣ ਵਾਲੇ ਦਿਨਾਂ ਵਿਚ ਮਨਾਏ ਜਾ ਰਹੇ ਤਿਉਹਾਰਾਂ ਬਾਰੇ ਵੀ ਚਿਤਾਵਨੀ ਦਿੱਤੀ ਕਿ ਲੋਕਾਂ ਦੇ ਭਾਰੀ ਇਕੱਠ ਹੋਣ ਕਾਰਨ ਬਿਮਾਰੀ ਦਾ ਫੈਲਾਉ ਵਧ ਸਕਦਾ ਹੈ। ਪੱਛਮੀ ਯੂਰਪ ਦੇ ਦੇਸ਼ਾਂ ਵਿਚ ਬਿਮਾਰੀ ‘ਤੇ ਕਾਬੂ ਪਾਉਣ ਦੇ ਬਾਅਦ ਕੇਸਾਂ ਵਿਚ ਫਿਰ ਵਾਧਾ ਹੋਇਆ ਹੈ। ਹੌਸਲਾ ਦੇਣ ਵਾਲੀ ਗੱਲ ਇਹ ਹੈ ਕਿ ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਭਾਰਤ ਅਤੇ ਤੀਸਰੀ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਕਾਫੀ ਘੱਟ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਟੈਸਟ ਘੱਟ, ਲੋਕਾਂ ਦੇ ਹਸਪਤਾਲ ਤੱਕ ਪਹੁੰਚ ਸੀਮਤ ਹੋਣ ਦੇ ਨਾਲ ਨਾਲ ਇਨ੍ਹਾਂ ਦੇਸ਼ਾਂ ਦੇ ਲੋਕਾਂ ਵਿਚ ਬਿਮਾਰੀਆਂ ਵਿਰੁੱਧ ਲੜਨ ਵਾਲੀ ਅੰਦਰੂਨੀ ਸ਼ਕਤੀ ਦਾ ਜ਼ਿਆਦਾ ਹੋਣਾ ਹੈ। ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਭਾਰਤ ਵਿਚ ਉਹ ਕੇਸ ਜਿਨ੍ਹਾਂ ਵਿਚ ਕੋਵਿਡ-19 ਦੇ ਹੋਣ ਬਾਰੇ ਪੁਸ਼ਟੀ ਹੋ ਚੁੱਕੀ ਸੀ, ਉਨ੍ਹਾਂ ਵਿਚ ਵੀ ਮੌਤ ਦੀ ਦਰ ਪੱਛਮੀ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ। ਕੁਝ ਮਾਹਿਰ ਇਹ ਵੀ ਕਹਿ ਰਹੇ ਹਨ ਕਿ ਦੇਸ਼ ਵਿਚ ਕਣਕ ਦੀ ਵਾਢੀ, ਖਰੀਦ ਤੇ ਵਿਕਰੀ ਅਤੇ ਝੋਨੇ ਦੀ ਲਵਾਈ ਦੌਰਾਨ ਲੋਕਾਂ ਨੇ ਇਕ ਦੂਸਰੇ ਦੇ ਨਜ਼ਦੀਕ ਰਹਿ ਕੇ ਕੰਮ ਕੀਤਾ ਪਰ ਬਿਮਾਰੀ ਵੱਡੇ ਪੱਧਰ ‘ਤੇ ਨਹੀਂ ਫੈਲੀ। ਇਸ ਵਰਤਾਰੇ ਦਾ ਕਾਰਨ ਸ਼ਾਇਦ ਇਹ ਸੀ ਕਿ ਖੁੱਲ੍ਹੇ ਵਾਤਾਵਰਨ ਵਿਚ ਬਿਮਾਰੀ ਦੇ ਫੈਲਣ ਦੀਆਂ ਸੰਭਾਵਨਾਵਾਂ ਕਾਫੀ ਘੱਟ ਹਨ ਅਤੇ ਸਿਹਤ ਦੇ ਖੇਤਰ ਦੇ ਮਾਹਿਰ ਇਸ ਦੱਬੀ ਘੁੱਟੀ ਜ਼ੁਬਾਨ ਵਿਚ ਇਸ ਨੂੰ ਸਵੀਕਾਰ ਵੀ ਕਰ ਰਹੇ ਹਨ।
_______________________________________
ਸਰਦੀਆਂ ਵਿਚ ਦੂਜੀ ਲਹਿਰ ਦਾ ਖਦਸ਼ਾ
ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਭਾਰਤ ‘ਚ ਕਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਤੇ ਮੌਤਾਂ ‘ਚ ਕਮੀ ਆਈ ਹੈ। ਇਸੇ ਦੌਰਾਨ ਸਰਕਾਰ ਵਲੋਂ ਨਿਯੁਕਤ ਵਿਗਿਆਨੀਆਂ ਦੀ ਇਕ ਕਮੇਟੀ ਦਾ ਮੰਨਣਾ ਹੈ ਕਿ ਕਰੋਨਾ ਵਾਇਰਸ ਦੀ ਲਾਗ ਦਾ ਸਿਖਰ ਹੁਣ ਭਾਰਤ ‘ਚੋਂ ਲੰਘ ਗਿਆ ਹੈ, ਪਰ ਦੇਸ਼ ‘ਚ ਮਹਾਮਾਰੀ ਦੀ ਦੂਸਰੀ ਲਹਿਰ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਫਰਵਰੀ 2021 ‘ਚ ਕਰੋਨਾ ਦੇ ਸਰਗਰਮ ਮਾਮਲੇ 1.06 ਕਰੋੜ ਤੋਂ ਵਧਣ ਦੀ ਸੰਭਾਵਨਾ ਹੈ। ਕਮੇਟੀ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ‘ਚ ਕਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਜ਼ਰੂਰੀ ਕਦਮ ਇਸੇ ਤਰ੍ਹਾਂ ਜਾਰੀ ਰਹਿਣੇ ਚਾਹੀਦੇ ਹਨ।
_____________________________________
ਬਰਤਾਨੀਆ ‘ਚ ਚੜ੍ਹਦੇ ਸਾਲ ਸ਼ੁਰੂ ਹੋ ਸਕਦਾ ਟੀਕਾਕਰਨ
ਲੰਡਨ: ਬਰਤਾਨੀਆ ਦੇ ਸਭ ਤੋਂ ਸੀਨੀਅਰ ਮੈਡੀਕਲ ਪ੍ਰਮੁੱਖਾਂ ਵਿਚ ਇਕ ਨੇ ਸੰਕੇਤ ਦਿੱੱਤੇ ਕਿ ਕੋਵਿਡ-19 ਵੈਕਸੀਨ ਟੀਕਾਕਰਨ ਲਈ ਨਵੇਂ ਸਾਲ ਦੀ ਸ਼ੁਰੂਆਤ ‘ਚ ਤਿਆਰ ਹੋ ਸਕਦੀ ਹੈ। ਇੰਗਲੈਂਡ ਦੇ ਡਿਪਟੀ ਚੀਫ ਮੈਡੀਕਲ ਅਧਿਕਾਰੀ ਅਤੇ ਕਰੋਨਾ ਮਹਾਮਾਰੀ ਪ੍ਰਤੀ ਸਰਕਾਰ ਦੇ ਸਲਾਹਕਾਰਾਂ ਵਿਚੋਂ ਇਕ ਜੋਨਾਥਨ ਵਾਨ ਟਾਮ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਆਕਸਫੋਰਡ ਯੂਨੀਵਰਸਿਟੀ ‘ਚ ਤਿਆਰ ਅਤੇ ਐਸਟਰਾਜ਼ੈਨੇਕਾ ਵਲੋਂ ਬਣਾਇਆ ਟੀਕਾ ਦਸੰਬਰ ‘ਚ ਕ੍ਰਿਸਮਸ ਤੋਂ ਤੁਰਤ ਬਾਅਦ ਲਗਾਉਣ ਲਈ ਉਪਲੱਬਧ ਹੋ ਸਕਦਾ ਹੈ।