ਕਸ਼ਮੀਰ ਦੀਆਂ ਸਿਆਸੀ ਧਿਰਾਂ ਵਲੋਂ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਹੰਭਲਾ

ਸ੍ਰੀਨਗਰ: ਲੰਮੀ ਨਜ਼ਰਬੰਦੀ ਪਿੱਛੋਂ ਰਿਹਾ ਹੋਈ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਬਾਹਰ ਆਉਣ ਨਾਲ ਇਸ ਖਿੱਤੇ ਦਾ ਸਿਆਸੀ ਮਾਹੌਲ ਸਰਗਰਮ ਹੋਣਾ ਸ਼ੁਰੂ ਹੋ ਗਿਆ ਹੈ। ਜੰਮੂ ਕਸ਼ਮੀਰ ਦੀਆਂ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਨੇ ਮੀਟਿੰਗ ਕਰਕੇ ਸੂਬੇ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਇਕ ਗੱਠਜੋੜ ਬਣਾਇਆ। ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਦੀ ਪਹਿਲਕਦਮੀ ਉਤੇ ਕਸ਼ਮੀਰ ਵਾਦੀ ਵਿਚ ਸਰਗਰਮ ਮੁੱਖ ਧਾਰਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਬੁਲਾਈ ਗਈ ਸੀ।

ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਪੀਪਲਜ਼ ਕਾਨਫ਼ਰੰਸ (ਪੀ.ਸੀ), ਕਾਂਗਰਸ ਪਾਰਟੀ, ਸੀ.ਪੀ.ਆਈ. (ਐਮ) ਸਮੇਤ ਛੇ ਪਾਰਟੀਆਂ ਨੇ 5 ਅਗਸਤ 2019 ਵਾਲੇ ਦਿਨ ਜੰਮੂ ਕਸ਼ਮੀਰ ਦੀ ਧਾਰਾ 370 ਅਤੇ 35-ਏ ਖਤਮ ਕਰ ਕੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦੇਣ ਤੋਂ ਇਕ ਦਿਨ ਪਹਿਲਾਂ (4 ਅਗਸਤ) ਨੂੰ ਜਾਰੀ ਕੀਤੇ ਗੁਪਕਾਰ ਐਲਾਨਨਾਮੇ ਦੇ ਆਧਾਰ ਉਤੇ ਅਗਲੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਗੁਪਕਾਰ ਐਲਾਨਾਮੇ ਬਾਰੇ ਸਿਆਸੀ ਸਰਗਰਮੀ ਕਰਨ ਵਾਲੇ ਇਸ ਜਥੇਬੰਦਕ ਮੰਚ ਦਾ ਨਾਮ ਗੁਪਕਾਰ ਐਲਾਨਨਾਮੇ ਲਈ ਗੱਠਜੋੜ (ਅਲਾਇੰਸ ਫਾਰ ਗੁਪਕਾਰ ਡੈਕਲਾਰੇਸ਼ਨ) ਰੱਖਿਆ ਗਿਆ ਹੈ।
ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਜੰਮੂ ਕਸ਼ਮੀਰ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ ਪਰ ਫਿਲਹਾਲ ਬਹੁਤ ਸਾਰੇ ਸਿਆਸੀ ਕਾਰਕੁਨ ਅਤੇ ਹੋਰ ਲੋਕ ਜੇਲ੍ਹਾਂ ਵਿਚ ਹਨ। ਲੰਮੇ ਸਮੇਂ ਤੱਕ ਇੰਟਰਨੈਟ ਸੇਵਾਵਾਂ ਬੰਦ ਰਹੀਆਂ ਹਨ ਅਤੇ ਲੋਕਾਂ ਦਾ ਆਪਸੀ ਸੰਪਰਕ ਟੁੱਟਿਆ ਰਿਹਾ ਹੈ। ਸਾਬਕਾ ਮੁੱਖ ਮੰਤਰੀਆਂ ਸਮੇਤ ਬਹੁਤ ਸਾਰੇ ਆਗੂ ਜੇਲ੍ਹਾਂ ਵਿਚ ਬੰਦ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਸਿਆਸਤ ਵਿਚ ਇਕ ਦੂਜੇ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਇਕ ਮੰਚ ਉੱਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ ਰਣਨੀਤੀ ਬਣਾ ਰਹੀਆਂ ਹਨ। ਗੁਪਕਾਰ ਐਲਾਨਨਾਮਾ ਧਾਰਾ 370 ਤਹਿਤ ਮਿਲੇ ਵਿਸ਼ੇਸ਼ ਰਾਜ ਦੇ ਦਰਜੇ ਦਾ ਰੁਤਬਾ ਬਹਾਲ ਕਰਨ ਦੀ ਮੰਗ ਕਰਨ ਦੇ ਨਾਲ ਹੀ ਜੰਮੂ ਕਸ਼ਮੀਰ ਦੀ ਸਮੱਸਿਆ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਕਰ ਕੇ ਹੱਲ ਕਰਨ ਦੀ ਵਕਾਲਤ ਕਰਦਾ ਹੈ। ਲੱਦਾਖ ਖੇਤਰ ਦੇ ਲੋਕਾਂ ਦਾ ਵੱਡਾ ਹਿੱਸਾ ਭਾਵੇਂ ਕੁਝ ਸਮੇਂ ਤੋਂ ਖੁਦ ਨੂੰ ਜੰਮੂ ਕਸ਼ਮੀਰ ਤੋਂ ਅਲੱਗ ਕਰਨ ਦੀ ਮੰਗ ਕਰ ਰਿਹਾ ਸੀ ਪਰ ਉਹ ਵੀ ਹੁਣ ਉਸ ਖੇਤਰ ਨੂੰ 370 ਧਾਰਾ ਵਰਗੀ ਗਰੰਟੀ ਦੇਣ ਦਾ ਜ਼ੋਰ ਦੇ ਰਿਹਾ ਹੈ ਤਾਂ ਕਿ ਬਾਹਰੀ ਲੋਕ ਉਥੋਂ ਦੇ ਆਬਾਦੀ ਦੇ ਤਵਾਜ਼ਨ ਨੂੰ ਬਦਲ ਨਾ ਸਕਣ।
ਨੈਸ਼ਨਲ ਕਾਨਫਰੰਸ ਦੇ ਮੁਖੀ ਨੇ ਕਿਹਾ ਕਿ ਗੱਠਜੋੜ ਜੰਮੂ ਕਸ਼ਮੀਰ ਸਬੰਧੀ ਸੰਵਿਧਾਨਕ ਸਥਿਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰੇਗਾ ਜਿਵੇਂ ਕਿ ਪਿਛਲੇ ਸਾਲ ਪੰਜ ਅਗਸਤ ਤੋਂ ਪਹਿਲਾਂ ਸੀ। ਉਨ੍ਹਾਂ ਕਿਹਾ, ‘ਜੰਮੂ ਕਸ਼ਮੀਰ ਤੇ ਲੱਦਾਖ ਤੋਂ ਜੋ ਖੋਹ ਲਿਆ ਗਿਆ ਹੈ, ਉਸ ਦੀ ਬਹਾਲੀ ਲਈ ਅਸੀਂ ਸੰਘਰਸ਼ ਕਰਾਂਗੇ। ਸਾਡੀ ਸੰਵਿਧਾਨਕ ਲੜਾਈ ਹੈ। ਅਸੀਂ (ਜੰਮੂ ਕਸ਼ਮੀਰ ਦੇ ਸਬੰਧ ‘ਚ) ਸੰਵਿਧਾਨ ਦੀ ਬਹਾਲੀ ਲਈ ਕੋਸ਼ਿਸ਼ਾਂ ਕਰਾਂਗੇ ਜਿਵੇਂ ਕਿ ਪੰਜ ਅਗਸਤ 2019 ਤੋਂ ਪਹਿਲਾਂ ਸੀ।’ ਅਬਦੁੱਲ੍ਹਾ ਨੇ ਕਿਹਾ ਕਿ ਗੱਠਜੋੜ ਜੰਮੂ ਕਸ਼ਮੀਰ ਦੇ ਮੁੱਦੇ ਦੇ ਹੱਲ ਲਈ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਵੀ ਕਰੇਗਾ।
____________________________________
ਭਾਜਪਾ ਵਲੋਂ ਨਵਾਂ ਗੱਠਜੋੜ ‘ਦੇਸ਼ ਵਿਰੋਧੀ’ ਕਰਾਰ
ਨਵੀਂ ਦਿੱਲੀ: ਜੰਮੂ ਕਸ਼ਮੀਰ ‘ਚ ਛੇ ਪਾਰਟੀਆਂ ਵਲੋਂ ਬਣਾਏ ਗਏ ਸਿਆਸੀ ਗੱਠਜੋੜ ਉਤੇ ਸਿਆਸਤ ਭਖ ਗਈ ਹੈ। ਭਾਜਪਾ ਨੇ ਗੱਠਜੋੜ ਨੂੰ ‘ਦੇਸ਼ ਵਿਰੋਧੀ’ ਕਰਾਰ ਦਿੰਦਿਆਂ ਕਿਹਾ ਕਿ ਕਸ਼ਮੀਰ ਵਾਦੀ ‘ਚ ਲੋਕਾਂ ਦਾ ਰੋਹ ਭਗਵਾਂ ਪਾਰਟੀ ਜਾਂ ਕੇਂਦਰ ਖਿਲਾਫ ਨਹੀਂ ਹੈ ਸਗੋਂ ਉਹ ‘ਮੁਫਤੀਆਂ ਅਤੇ ਅਬਦੁੱਲਿਆਂ’ ਖਿਲਾਫ ਹੈ। ਸਾਬਕਾ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਨੇ ਕਿਹਾ ਕਿ ਵੰਡਪਾਊ ਤਾਕਤਾਂ ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਨੂੰ ਵਾਦੀ ‘ਚ ਹੁਣ ਹੋਰ ਸਹਿਣ ਨਹੀਂ ਕੀਤਾ ਜਾਵੇਗਾ। ਵਾਦੀ ‘ਚ ਭਾਜਪਾ ਅਤੇ ਕੇਂਦਰ ਖਿਲਾਫ ਵਧ ਰਹੇ ਰੋਹ ਦੀਆਂ ਰਿਪੋਰਟਾਂ ਨੂੰ ਨਕਾਰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਭਗਵਾਂ ਪਾਰਟੀ ਦਾ ਆਧਾਰ ਵਧ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਿੱਤੇ ਦੇ ਲੋਕ ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਚਾਹੁੰਦੇ ਹਨ।
__________________________________
ਲੋਕਤੰਤਰ ਦਾ ‘ਬੇਹੱਦ ਮੁਸ਼ਕਲ ਦੌਰ’: ਸੋਨੀਆ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਆਗੂਆਂ ਨੂੰ ਲੋਕਾਂ ਦੇ ਮੁੱਦਿਆਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ ਤੇ ਕਿਹਾ ਹੈ ਕਿ ਲੋਕਤੰਤਰ ‘ਬੇਹੱਦ ਮੁਸ਼ਕਿਲ ਸਮਿਆਂ’ ਵਿਚੋਂ ਲੰਘ ਰਿਹਾ ਹੈ। ਇਹ ਸੱਦਾ ਪਾਰਟੀ ਪ੍ਰਧਾਨ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ ਅਤੇ ਸੂਬਾ ਇੰਚਾਰਜਾਂ ਦੀ ਮੀਟਿੰਗ ਮੌਕੇ ਦਿੱਤਾ। ਮੀਟਿੰਗ ਬਾਰੇ ਟਵੀਟ ਕਰਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਆਗੂਆਂ ਨੂੰ ਕਿਹਾ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੰਮ ਕਰਨ। ਇਹ ਬੈਠਕ ਮਹੱਤਵਪੂਰਨ ਬਿਹਾਰ ਚੋਣਾਂ ਤੋਂ ਪਹਿਲਾਂ ਹੋਈ ਹੈ।