ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅਗਲੇ ਵਰ੍ਹੇ ਹੋ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਮੁੱਖ ਵਿਰੋਧੀ ਧਿਰ ਕੌਮੀ ਜਮਹੂਰੀ ਗੱਠਜੋੜ (ਐਨæਡੀæਏæ) ਦੇ ਖੇਰੂੰ-ਖੇਰੂੰ ਹੋਣ ਨਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਆਰਥਿਕ ਨੀਤੀਆਂ ਦੇ ਇੱਛਾ ਨਾਲੋਂ ਉਲਟ ਸਿੱਟੇ ਆਉਣ ਕਰ ਕੇ ਚੁਫੇਰਿਉਂ ਆਲੋਚਨਾ ਦੀ ਸ਼ਿਕਾਰ ਹੋ ਰਹੀ ਯੂæਪੀæਏæ ਸਰਕਾਰ ਦੇ ਹੌਸਲੇ ਬੁਲੰਦ ਹੋ ਗਏ ਹਨ ਤੇ ਇਸ ਨੇ ਹੋਰ ਧਿਰਾਂ ਨੂੰ ਨਾਲ ਲੈ ਕੇ ਮੁੜ ਸੱਤਾ ‘ਤੇ ਕਾਬਜ਼ ਹੋਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ।
ਪਿਛਲੇ ਸਾਲਾਂ ਦੌਰਾਨ ਭਾਵੇਂ ਐਨæਡੀæਏæ ਨੂੰ ਕਈ ਭਾਈਵਾਲ ਅਲਵਿਦਾ ਕਹਿ ਗਏ ਹਨ ਪਰ ਸਭ ਤੋਂ ਵੱਡਾ ਝਟਕਾ ਜਨਤਾ ਦਲ (ਯੂæ) ਨੇ ਦਿੱਤਾ ਹੈ ਜਿਸ ਕੋਲ ਇਸ ਵੇਲੇ 20 ਸੰਸਦ ਮੈਂਬਰ ਹਨ। ਵੱਡੀ ਗੱਲ ਇਹ ਹੈ ਕਿ ਜਨਤਾ ਦਲ ਨੇ ਭਾਜਪਾ ਨਾਲੋਂ ਤੋੜ-ਵਿਛੋੜਾ ਕੱਟੜਪੰਥੀ ਚਿਹਰੇ ਨਰੇਂਦਰ ਮੋਦੀ ਦਾ ਵਿਰੋਧ ਕਰਦਿਆਂ ਕੀਤਾ ਹੈ ਜਿਸ ਦੇ ਸਹਾਰੇ ਇਹ ਭਗਵੀ ਪਾਰਟੀ ਅਗਲੀਆਂ ਚੋਣਾਂ ਵਿਚ ਆਪਣੀ ਬੇੜੀ ਪਾਰ ਲਾਉਣਾ ਚਾਹੁੰਦੀ ਹੈ। ਮੋਦੀ ਦੇ ਕੌਮੀ ਸਿਆਸਤ ਵਿਚ ਉਭਾਰ ਨੂੰ ਲੈ ਕੇ ਪਾਰਟੀ ਦੇ ਅੰਦਰ ਵੀ ਕਾਫੀ ਰੱਫੜ ਪਿਆ ਹੋਇਆ ਹੈ। ਵਿਸ਼ਲੇਸ਼ਕਾਂ ਅਨੁਸਾਰ ਇਸੇ ਕਾਰਨ ਹੁਣ ਛੇਤੀ ਕੀਤੇ ਕੋਈ ਹੋਰ ਧਰਮ ਨਿਰਪੱਖ ਪਾਰਟੀ ਐਨæਡੀæਏæ ਦੇ ਨੇੜੇ ਨਹੀਂ ਲੱਗੇਗੀ।
ਜਨਤਾ ਦਲ (ਯੂ), ਐਨæਡੀæਏæ ਦਾ ਸਭ ਤੋਂ ਪੁਰਾਣਾ ਭਾਈਵਾਲ ਸੀ ਜਿਸ ਨੇ 1996 ਤੋਂ ਲੈ ਕੇ ਹੁਣ ਤੱਕ ਹਰ ਔਖੀ ਘੜੀ ਵਿਚ ਭਾਜਪਾ ਦਾ ਸਾਥ ਦਿੱਤਾ। ਐਨæਡੀæਏæ ਵਿਚ ਹੁਣ ਸਿਰਫ ਸ਼੍ਰੋਮਣੀ ਅਕਾਲੀ ਤੇ ਸ਼ਿਵ ਸੈਨਾ ਹੀ ਮੁੱਖ ਧਿਰਾਂ ਰਹਿ ਗਈਆਂ ਹਨ। ਜਦੋਂ ਐਨæਡੀæਏæ ਸੱਤਾ ਵਿਚ ਸੀ ਤਾਂ ਇਸ ਦੇ 23 ਭਾਈਵਾਲ ਸਨ। ਇਸ ਤੋਂ ਪਹਿਲਾਂ ਬੀਜੂ ਜਨਤਾ ਦਲ, ਝਾਰਖੰਡ ਮੁਕਤੀ ਮੋਰਚਾ, ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ, ਲੋਕ ਜਨਸ਼ਕਤੀ ਪਾਰਟੀ, ਡੀæਐਮæਕੇæ, ਅੰਨਾ ਡੀæਐਮæਕੇæ, ਪੀæਐਮæਕੇæ, ਤ੍ਰਿਣਮੂਲ ਕਾਂਗਰਸ, ਰਾਸ਼ਟਰੀ ਲੋਕ ਦਲ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਕੌਮੀ ਜਮਹੂਰੀ ਗੱਠਜੋੜ ਦੀ ਕਿਸ਼ਤੀ ਵਿਚੋਂ ਛਾਲ ਮਾਰ ਚੁੱਕੇ ਹਨ। ਤੇਲਗੂ ਦੇਸਮ ਪਾਰਟੀ ਵੀ ਇਸ ਗੱਠਜੋੜ ਨੂੰ ਬਾਹਰੋਂ ਹਮਾਇਤ ਦੇ ਰਹੀ ਹੈ।
ਐਨæਡੀæਏæ ਨੂੰ ਹੁਣ ਜਨਤਾ ਦਲ (ਯੂ) ਤੋਂ ਵੱਡੀ ਆਸ ਸੀ, ਪਰ 17 ਵਰ੍ਹਿਆਂ ਦੀ ਭਾਈਵਾਲੀ ਤੋੜਦਿਆਂ ਨਿਤੀਸ਼ ਕੁਮਾਰ ਨੇ ਆਪਣਾ ਅਲੱਗ ਰਾਹ ਚੁਣਨ ਦਾ ਫੈਸਲਾ ਕਰ ਲਿਆ। ਅਸਲ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਅਗਲੀਆਂ ਚੋਣਾਂ ਲਈ ਉਭਾਰਨ ਕਰ ਕੇ ਭਾਜਪਾ ਨੂੰ ਇਹ ਦੂਜਾ ਵੱਡਾ ਝਟਕਾ ਲੱਗਾ ਹੈ। ਇਸ ਤੋਂ ਪਹਿਲਾਂ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਭਾਜਪਾ ਦੀ ਹਾਲਤ ਪਾਣੀ ਨਾਲੋਂ ਵੀ ਪਤਲੀ ਕਰ ਦਿੱਤੀ ਸੀ ਪਰ ਸੰਘ ਦੇ ਦਖ਼ਲ ਨਾਲ ਸ੍ਰੀ ਅਡਵਾਨੀ ਨੂੰ ਮਨਾ ਲਿਆ ਗਿਆ।
ਜ਼ਿਕਰਯੋਗ ਹੈ ਕਿ ਐਨæਡੀæਏæ ਦੇ ਅਹਿਮ ਭਾਈਵਾਲ ਜਨਤਾ ਦਲ (ਯੂæ) ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਉਭਾਰਨ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਇਸ ਵਿਰੋਧ ਕਰ ਕੇ ਭਾਜਪਾ ਨੇ ਸ੍ਰੀ ਮੋਦੀ ਨੂੰ ਚੋਣ ਮੁਹਿੰਮ ਦਾ ਮੁਖੀ ਚੁਣ ਕੇ ਰਾਹ ਸਾਫ ਕਰਨ ਦੀ ਕੋਸ਼ਿਸ਼ ਕੀਤੀ ਪਰ ਜਨਤਾ ਦਲ (ਯੂæ) ਇਸ ‘ਤੇ ਵੀ ਸ਼ਾਂਤ ਨਾ ਹੋਇਆ ਕਿਉਂਕਿ ਉਸ ਦਾ ਮੰਨਣਾ ਸੀ ਕਿ ਅੱਗੇ ਜਾ ਕੇ ਮੋਦੀ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਬਣੇਗਾ। ਇਸ ਝਟਕੇ ਨਾਲ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੀ ਹਾਲਤ ਪਤਲੀ ਪੈ ਗਈ ਹੈ। ਇਸ ਵੇਲੇ ਐਨæਡੀæਏæ ਵਿਚ ਭਾਜਪਾ, ਸ਼ਿਵ ਸੈਨਾ ਤੇ ਸ਼੍ਰੋਮਣੀ ਅਕਾਲੀ ਦਲ (ਬ) ਹੀ ਰਹਿ ਗਏ ਹਨ। ਇਨ੍ਹਾਂ ਵਿਚੋਂ ਸ਼ਿਵ ਸੈਨਾ ਦਾ ਮਹਾਰਾਸ਼ਟਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿਚ ਹੀ ਪ੍ਰਭਾਵ ਹੈ। ਪੰਜਾਬ ਵਿਚ ਸੱਤਾ ਵਿਰੋਧੀ ਹਵਾ ਦੇ ਚੱਲਦਿਆਂ ਅਕਾਲੀ ਦਲ ਦੇ ਹੱਥ ਕੁਝ ਸੀਟਾਂ ਹੀ ਲੱਗਣ ਦੇ ਆਸਾਰ ਹਨ ਤੇ ਉਧਰ ਬਾਲ ਠਾਕਰੇ ਦੀ ਮੌਤ ਅਤੇ ਆਪਸੀ ਖਿੱਚੋਤਾਣ ਕਾਰਨ ਸ਼ਿਵ ਸੈਨਾ ਦੀ ਹਾਲਤ ਵੀ ਤਸੱਲੀਬਖਸ਼ ਨਹੀਂ। ਇਸ ਸੂਰਤ ਵਿਚ ਕਾਂਗਰਸ ਦੀ ਅਗਵਾਈ ਵਾਲੇ ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂæਪੀæਏæ) ਦੇ ਖੇਮਿਆਂ ਵਿਚ ਖੁਸ਼ੀ ਹੈ।
ਉਧਰ, ਭਾਜਪਾ ਨੇ ਜਨਤਾ ਦਲ (ਯੂæ) ਦੇ ਫੈਸਲੇ ਨੂੰ ਮੰਦਭਾਗਾ ਕਿਹਾ ਹੈ ਪਰ ਨਾਲ ਹੀ ਦਾਅਵਾ ਕੀਤਾ ਹੈ ਕਿ ਛੇਤੀ ਹੀ ਦੋ ਹੋਰ ਪਾਰਟੀਆਂ ਐਨæਡੀæਏæ ਦੀ ਭਾਈਵਾਲ ਬਣ ਜਾਣਗੀਆਂ। ਇਸ ਦੇ ਜਵਾਬ ਵਿਚ ਨਿਤੀਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੇ ਬੁਨਿਆਦੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ। ਇਸ ਫੈਸਲੇ ਦੇ ਸਿੱਟਿਆਂ ਦੀ ਵੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਬਿਹਾਰ ਵਿਚ ਉਨ੍ਹਾਂ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ ਪਰ ਕੇਂਦਰ ਵਿਚ ਅਜੇ ਉਨ੍ਹਾਂ ਕੋਲ ਕੋਈ ਬਦਲ ਨਹੀਂ। ਇਹ ਫੈਸਲਾ ਕਰਨ ਲਈ ਉਨ੍ਹਾਂ ਨੂੰ ਮਜਬੂਰ ਕੀਤਾ ਗਿਆ ਹੈ ਤੇ ਉਹ ਇਸ ਲਈ ਜ਼ਿੰਮੇਵਾਰ ਨਹੀਂ ਹਨ।
_____________________________
ਮੋਦੀ ਹੀ ਪੁਆੜੇ ਦੀ ਜੜ੍ਹ: ਅਡਵਾਨੀ
ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਤੇ ਦੋਸ਼ ਲਾਇਆ ਕਿ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਉਚਾ ਚੁੱਕਣ ਕਾਰਨ ਹੀ ਜਨਤਾ ਦਲ (ਯੂ) ਨਾਲ ਗੱਠਜੋੜ ਟੁੱਟਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਸ੍ਰੀ ਅਡਵਾਨੀ ਨੇ ਕਿਹਾ ਕਿ ਜਨਤਾ ਦਲ ਦੇ ਭਾਜਪਾ ਨਾਲੋਂ ਵੱਖ ਹੋਣ ਦਾ ਕਾਰਨ ਸ੍ਰੀ ਮੋਦੀ ਦੀ ਭਾਜਪਾ ਦੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਵਜੋਂ ਨਿਯੁਕਤੀ ਲਈ ਕਾਹਲੀ ਵਿਚ ਕੀਤਾ ਗਿਆ ਫ਼ੈਸਲਾ ਜ਼ਿੰਮੇਵਾਰ ਹੈ। ਸ੍ਰੀ ਮੋਦੀ ਨੂੰ 2014 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੀ ਮੁਖੀ ਬਣਾਉਣ ਪਿੱਛੋਂ ਸ੍ਰੀ ਅਡਵਾਨੀ ਨੇ ਭਾਜਪਾ ਦੇ ਸਾਰੇ ਮੁੱਖ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਹ ਆਰæਐਸ਼ਐਸ਼ ਦੇ ਮੁਖੀ ਮੋਹਨ ਭਾਗਵਤ ਦੇ ਦਖਲ ਪਿੱਛੋਂ ਹੀ ਅਸਤੀਫਾ ਵਾਪਸ ਲੈਣ ਲਈ ਰਾਜ਼ੀ ਹੋਏ ਸਨ।
____________________
ਬਾਦਲ ਨਹੀਂ ਛੱਡਣਗੇ ਭਾਜਪਾ ਦਾ ਸਾਥ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਦਾ ਪਹਿਲਾਂ ਦੀ ਤਰ੍ਹਾਂ ਡਟ ਕੇ ਸਾਥ ਦਿੰਦੀ ਰਹੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਲੋਕ ਸਭਾ ਚੋਣਾਂ ਬਾਅਦ ਸਮੀਕਰਨ ਮੁੜ ਬਦਲਣਗੇ ਤੇ ਭਾਜਪਾ ਦੇਸ਼ ਦੀ ਮੋਹਰੀ ਪਾਰਟੀ ਬਣ ਕੇ ਉਭਰੇਗੀ। ਉਨ੍ਹਾਂ ਇਹ ਆਸ ਵੀ ਪ੍ਰਗਟਾਈ ਕਿ ਉਸ ਸਮੇਂ ਹਰ ਕੋਈ ਐਨæਡੀæਏæ ਵਿਚ ਆਉਣਾ ਚਾਹੇਗਾ ਅਤੇ ਲੋਕ ਕਾਂਗਰਸ ਨੂੰ ਰੱਦ ਕਰ ਦੇਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਸਪਸ਼ਟ ਕੀਤਾ ਹੈ ਕਿ ਉਹ ਭਾਜਪਾ ਦੇ ਪੱਕੇ ਸਾਥੀ ਬਣੇ ਰਹਿਣਗੇ ਕਿਉਂਕਿ ਭਾਜਪਾ-ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਬਹੁਤ ਪੁਰਾਣਾ ਹੈ। ਭਾਜਪਾ ਆਪਣੀ ਅਗਵਾਈ ਕਿਸ ਆਗੂ ਦੇ ਹੱਥ ਦਿੰਦੀ ਹੈ, ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ। ਸ਼੍ਰੋਮਣੀ ਅਕਾਲੀ ਦਲ ਦਖ਼ਲ ਨਹੀਂ ਦੇਵੇਗਾ।
ਇਸੇ ਦੌਰਾਨ ਸ਼ ਬਾਦਲ ਨੇ ਐਨæਡੀæਏæ ਦਾ ਕਨਵੀਨਰ ਬਣਨ ਤੋਂ ਨਾਂਹ ਕਰ ਦਿੱਤੀ ਹੈ। ਜਨਤਾ ਦਲ (ਯੂæ) ਦੇ ਮੁਖੀ ਸ਼ਰਦ ਯਾਦਵ ਵੱਲੋਂ ਇਸ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸ੍ਰੀ ਬਾਦਲ ਦੇ ਨਾਮ ਦੀ ਸਿਆਸੀ ਹਲਕਿਆਂ ਵਿਚ ਚਰਚਾ ਚੱਲ ਰਹੀ ਸੀ ਅਤੇ ਭਾਜਪਾ ਆਗੂ ਵੀ ਇਹੀ ਚਾਹੁੰਦੇ ਹਨ। ਮੁੱਖ ਮੰਤਰੀ ਬਾਦਲ ਅਤੇ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦਰਮਿਆਨ ਹੋਈ ਮੀਟਿੰਗ ਦੌਰਾਨ ਕੌਮੀ ਪੱਧਰ ‘ਤੇ ਹੋਈ ਸਿਆਸੀ ਹਲਚਲ ਬਾਰੇ ਗੱਲਾਂ ਹੋਈਆਂ। ਇਨ੍ਹਾਂ ਵਿਚ ਸ਼ ਬਾਦਲ ਨੂੰ ਐਨæਡੀæਏæ ਦਾ ਕਨਵੀਨਰ ਬਣਾਉਣ ਬਾਰੇ ਹੋ ਰਹੀ ਚਰਚਾ ਬਾਰੇ ਵੀ ਚਰਚਾ ਹੋਈ।
Leave a Reply