ਮਾੜੀ ਸਰੀਰਕ ਤੇ ਮਾਨਸਿਕ ਸਿਹਤ ਬਣੇ ਆਧਾਰ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ‘ਮਾੜੀ ਸਰੀਰਕ ਅਤੇ ਮਾਨਸਿਕ ਸਿਹਤ’ ਕਾਰਨ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਟਾਲ ਦਿੱਤੀ ਗਈ ਹੈ। ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਇਸ ਬਾਰੇ ਫਾਈਲ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਨੂੰ ਭੇਜ ਦਿੱਤੀ ਹੈ। ਲੈਫਟੀਨੈਂਟ ਗਵਰਨਰ ਦਾ ਇਹ ਫੈਸਲਾ ਪ੍ਰੋæ ਭੁੱਲਰ ਦੀ ਸਿਹਤ ਬਾਰੇ ਦਿੱਲੀ ਸਰਕਾਰ ਵੱਲੋਂ ਤਿਆਰ ਕਰਵਾਈ ਜਾਂਚ ਰਿਪੋਰਟ ਦੇ ਆਧਾਰ ਉਤੇ ਕੀਤਾ ਗਿਆ ਹੈ।
ਉਚ ਪੱਧਰੀ ਸੂਤਰਾਂ ਮੁਤਾਬਕ ਇਸ ਕੇਸ ਨੂੰ ਮਾਨਵੀ ਆਧਾਰ ਉਤੇ ਵਿਚਾਰਦਿਆਂ ਅਤੇ ਪ੍ਰੋæ ਭੁੱਲਰ ਦੀ ਸਿਹਤ ਵਿਚ ਲਗਾਤਾਰ ਆ ਰਹੇ ਨਿਘਾਰ ਕਰ ਕੇ ਇਹ ਫੈਸਲਾ ਕੀਤਾ ਗਿਆ ਹੈ। ਯਾਦ ਰਹੇ ਕਿ ਪ੍ਰੋæ ਭੁੱਲਰ ਦੀਆਂ ਸਭ ਅਪੀਲਾਂ ਖਾਰਜ ਹੋ ਗਈਆਂ ਸਨ, ਪਰ ਉਸ ਦੀ ਪਤਨੀ ਨਵਨੀਤ ਕੌਰ ਅਤੇ ਮਾਨਵੀ ਹੱਕਾਂ ਲਈ ਜੂਝ ਰਹੀਆਂ ਸੰਸਥਾਵਾਂ ਨੇ ਫਾਂਸੀ ਤੁੜਵਾਉਣ ਲਈ ਲਗਾਤਾਰ ਮੁਹਿੰਮ ਵਿੱਢੀ ਰੱਖੀ। ਇਸ ਮੁਹਿੰਮ ਤੋਂ ਬਾਅਦ ਹੀ ਉਸ ਦੀ ਸਿਹਤ ਬਾਰੇ ਜਾਂਚ ਲਈ ਮੈਡੀਕਲ ਬੋਰਡ ਬਣਾਇਆ ਗਿਆ ਸੀ। ਆਪਣੀ ਜਾਂਚ ਰਿਪੋਰਟ ਵਿਚ ਮੈਡੀਕਲ ਬੋਰਡ ਨੇ ਕਿਹਾ ਹੈ ਕਿ ਪ੍ਰੋæ ਭੁੱਲਰ ਡਿਪਰੈਸ਼ਨ ਤੋਂ ਪੀੜਤ ਹੈ। ਜੇਲ੍ਹ ਨਿਯਮਾਂ ਅਨੁਸਾਰ ਜੇ ਕੋਈ ਕੈਦੀ ਮਾਨਸਿਕ ਅਤੇ ਸਰੀਰਕ ਤੌਰ ‘ਤੇ ਠੀਕ ਨਹੀਂ ਤਾਂ ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ।
ਸੂਤਰਾਂ ਮੁਤਾਬਕ ਤਿਹਾੜ ਜੇਲ੍ਹ ਦਾ ਡਾਇਰੈਕਟਰ ਜਨਰਲ ਹੁਣ ਇਹ ਫਾਈਲ ਗ੍ਰਹਿ ਮੰਤਰਾਲੇ ਕੋਲ ਭੇਜੇਗਾ। ਇਸ ਤੋਂ ਬਾਅਦ ਇਹ ਫਾਈਲ ਦੁਬਾਰਾ ਦਿੱਲੀ ਸਰਕਾਰ ਕੋਲ ਪਹੁੰਚੇਗੀ। ਚੇਤੇ ਰਹੇ ਕਿ ਪ੍ਰੋæ ਭੁੱਲਰ ਨੂੰ 1993 ਵਿਚ ਦਿੱਲੀ ਬੰਬ ਕਾਂਡ ਵਾਲੇ ਕੇਸ ਵਿਚ 2001 ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਉਸ ਦੀ ਪਤਨੀ ਨਵਨੀਤ ਕੌਰ ਅਦਾਲਤਾਂ ਅਤੇ ਵੱਖ-ਵੱਖ ਮਾਨਵੀ ਸੰਸਥਾਵਾਂ ਅੱਗੇ ਇਹ ਪੱਖ ਰੱਖਦੀ ਰਹੀ ਹੈ ਕਿ ਪ੍ਰੋæ ਭੁੱਲਰ ਦੀ ਮਾਨਸਿਕ ਅਵਸਥਾ ਠੀਕ ਨਹੀਂ ਹੈ, ਇਸ ਲਈ ਉਸ ਦੀ ਫਾਂਸੀ ਦੀ ਸਜ਼ਾ ਤੋੜ ਦਿੱਤੀ ਜਾਵੇ। ਪ੍ਰੋæ ਭੁੱਲਰ ਦਾ 2010 ਤੋਂ ਦਿੱਲੀ ਦੀ ਇੰਸਟੀਚਿਊਟ ਫਾਰ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਜ਼ ਵਿਚ ਇਲਾਜ ਚੱਲ ਰਿਹਾ ਹੈ। ਦੋ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਉਸ ਦੀ ਫਾਂਸੀ ਰੱਦ ਕਰਨ ਦੀ ਅਪੀਲ ਰੱਦ ਕਰ ਦਿੱਤੀ ਸੀ।
Leave a Reply