ਹੱਥ ਕੰਗਣ ਨੂੰ ਆਰਸੀ ਕੀ…!

ਅਮਰਜੀਤ ਸਿੰਘ ਮੁਲਤਾਨੀ
‘ਪੰਜਾਬ ਟਾਈਮਜ਼’ ਦੇ 3 ਅਕਤੂਬਰ ਵਾਲੇ ਅੰਕ ਵਿਚ ਸਿੱਖ ਵਿਦਵਾਨ ਡਾ. ਗੁਰਨਾਮ ਕੌਰ ਨੇ ਆਪਣੇ ਲੇਖ ‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ’ ਵਿਚ ਲਿਖਿਆ ਹੈ, ਗੁਰੂ ਅਮਰਦਾਸ ਸਾਹਿਬ ਨੇ ਫਰਮਾਇਆ ਹੈ ਕਿ ਜੋ ਚੰਗੀ ਔਲਾਦ ਹੁੰਦੀ ਹੈ, ਉਹ ਆਪਣੇ ਵਡੇਰਿਆਂ ਦੀਆਂ ਰਵਾਇਤਾਂ, ਆਪਣੇ ਬਜੁਰਗਾਂ ਦੀਆਂ ਸਾਖੀਆਂ, ਜੋ ਗੁਰੂ ਆਸ਼ੇ ਦੀਆਂ ਅਨੁਸਾਰੀ ਹੁੰਦੀਆਂ ਹਨ, ਨੂੰ ਦੁਹਰਾਉਂਦੇ ਰਹਿੰਦੇ ਹਨ। ਇੱਥੇ ਗੌਰ ਕਰਨ ਵਾਲੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੇ ਮਾਪੇ ਵੀ ਗੁਰੂ ਨਾਨਕ ਸਾਹਿਬ ਲਈ ਪੂਜਨੀਕ ਹਨ।

ਕਾਲੂ ਜੀ ਨੂੰ ਵੀ ਹੋਰਨਾਂ ਮਾਪਿਆਂ ਵਾਂਗ ਬਾਲਕ ਨਾਨਕ ਤੋਂ ਆਸ ਸੀ ਕਿ ਉਹ ਵੀ ਉਨ੍ਹਾਂ (ਕਾਲੂ ਜੀ) ਦੀ ਹਿੰਦੂ ਖਾਨਦਾਨੀ ਵਿਰਾਸਤ ਨੂੰ ਅੱਗੇ ਵਧਾਉਣਗੇ। ਗੁਰੂ ਨਾਨਕ ਸਾਹਿਬ ਦੇ ਪਿਤਾ ਹਿੰਦੂ ਧਰਮ ਨੂੰ ਮੰਨਣ ਵਾਲੇ ਸਨ ਅਤੇ ਉਨ੍ਹਾਂ ਨੇ ਗੁਰੂ ਨਾਨਕ ਨੂੰ ਹਿੰਦੂ ਧਰਮ ਅਤੇ ਇਸ ਦੀਆਂ ਮਾਨਤਾਵਾਂ ਮੰਨਣ ਤੇ ਉਨ੍ਹਾਂ ‘ਤੇ ਸਪੂਤ ਵਾਂਗ ਚੱਲਣ ਲਈ ਹਰ ਸੰਭਵ ਯਤਨ ਕੀਤੇ, ਪਰ ਗੁਰੂ ਨਾਨਕ ਜਿਹੇ ਰੌਸ਼ਨ ਦਿਮਾਗ ਬਾਲਕ ਨੇ ਦੁਨਿਆਵੀ ਪਿਤਾ-ਪੁਰਖੀ ਵੇਲ ਨੂੰ ਅੱਗੇ ਵਧਾਉਣ ਨੂੰ ਪਹਿਲ ਨਹੀਂ ਦਿੱਤੀ। ਗੁਰੂ ਨਾਨਕ ਨੇ ਬਚਪਨ ਵਿਚ ਸਿਰਫ ਜਨੇਊ ਪਾਉਣ ਤੋਂ ਇਨਕਾਰ ਹੀ ਨਹੀਂ ਕੀਤਾ, ਸਗੋਂ ਪੜ੍ਹਾਉਨ ਵਾਲੇ ਪਾਂਧੇ ਨੂੰ ਵੀ ਮੁਢਲੀ ਸਿਖਿਆ ਦਾ ਅਧਿਆਤਮਕ ਗਿਆਨ ਦਿੱਤਾ। ਸੁਰਤ ਸੰਭਾਲਣ ‘ਤੇ ਗੁਰੂ ਨਾਨਕ ਨੇ ਆਪਣੇ ਪਿਤਰੀ ਹਿੰਦੂ ਧਰਮ ਨੂੰ ਖਾਰਜ ਕੀਤਾ ਅਤੇ ਇਸ ਦੇ ਬਦਲ ਵਜੋਂ ਇਕ ਅਜਿਹਾ ਅਲੋਕਾਰੀ ਅਤੇ ਸਮਰੱਥ ਵਿਕਲਪ ਦਿੱਤਾ, ਜੋ ਅੱਜ ਸੰਸਾਰ ਵਿਚ ‘ਸਿੱਖ ਧਰਮ’ ਵਜੋਂ ਜਾਣਿਆ ਤੇ ਪਛਾਣਿਆ ਜਾਂਦਾ ਹੈ।
ਹਰ ਧਰਮ ਵਿਚ ਮਾਪਿਆਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ। ਇਸ ਤੋਂ ਅੱਗੇ ਗਾਡੀ ਰਾਹ ‘ਤੇ ਚੱਲਦਿਆਂ ਬਹੁਤ ਸਾਰੇ ਪੂਤ-ਸਪੂਤ ਮਾਪਿਆਂ ਨੂੰ ਪ੍ਰਤੱਖ ਗੁਰੂ ਦਾ ਦਰਜਾ ਵੀ ਦਿੰਦੇ ਹਨ। ਮਾਪੇ ਆਸ ਕਰਦੇ ਹਨ ਕਿ ਉਨ੍ਹਾਂ ਦੀ ਔਲਾਦ ਉਨ੍ਹਾਂ ਦੇ ਪਾਏ ਗਾਡੀ ਰਾਹ ‘ਤੇ ਹੀ ਚੱਲੇਗੀ। ਬਹੁਤੇ ਲੋਕ ਉਸੇ ਗਾਡੀ ਰਾਹ ‘ਤੇ ਚੰਗੀ ਔਲਾਦ ਬਣ ਕੇ ਚੁੱਪ ਚਪੀਤੇ ਚੱਲਦਿਆਂ ਇਸ ਜਹਾਨ ਤੋਂ ਰੁਖਸਤ ਹੋ ਜਾਂਦੇ ਹਨ; ਪਰ ਗੁਰੂ ਨਾਨਕ ਨੇ ਇਸ ਗਾਡੀ ਰਾਹ ‘ਤੇ ਚੱਲਣ ਤੋਂ ਇਨਕਾਰ ਕੀਤਾ ਅਤੇ ‘ਕਰਤੇ’ ਵੱਲੋਂ ਦਿੱਤੇ ਜ਼ਰਖੇਜ਼ ਦਿਮਾਗ ਦੀ ਰੌਸ਼ਨ ਦ੍ਰਿਸ਼ਟੀ ਨਾਲ ਇਕ ਅਜਿਹਾ ਇਲਹਾਮ ਇਜਾਦ ਕੀਤਾ, ਜਿਸ ਨੇ ਉਸ ਸਦੀ ਦੇ ਤ੍ਰਿਸਕਾਰੇ, ਠੁਕਰਾਏ ਤੇ ਹਾਸ਼ੀਏ ‘ਤੇ ਬੈਠੀ ਲੋਕਾਈ ਨੂੰ, ਭਾਵੇਂ ਉਹ ਕਿਸੇ ਵੀ ਧਰਮ ਦੀ ਧਾਰਨੀ ਹੋਏ, ਨੂੰ ਸੰਪੂਰਨਤਾ ਨਾਲ ਅਨੰਦ-ਮੰਗਲ ਭਰਪੂਰ ਜੀਵਨ ਜਿਉਣ ਦਾ ਮਾਰਗ ਵਿਖਾਇਆ।
ਗੁਰੂ ਨਾਨਕ ਸਾਹਿਬ ਇਕ ਅਜਿਹੇ ਯੁਗੰਤਰੀ ਮਾਨਵ ਹੋਏ ਹਨ, ਜਿਸ ਨੇ ਆਪਣੇ ਕਾਰਜਾਂ ਰਾਹੀਂ ਆਪਣੇ ਆਪ ਨੂੰ ਬ੍ਰਹਿਮੰਡ ਵਿਚ ਇਕ ਤਾਰੇ ਵਾਂਗ ਸਥਾਪਿਤ ਕਰ ਲਿਆ ਹੈ। ਗੁਰੂ ਨਾਨਕ ਵੱਲੋਂ 15ਵੀਂ ਸਦੀ ਦੌਰਾਨ ਉਚਰੀ ਬਾਣੀ ਵਿਚੋਂ ਅੱਜ 21ਵੀਂ ਸਦੀ ਦੇ ਤਰੱਕੀ ਯਾਫਤਾ ਲੋਕ ਮਾਰਗ ਦਰਸ਼ਨ ਖੋਜਦੇ ਹਨ। ਅੱਜ ਅਸੀਂ ਖੁਦ ਆਪਣੇ ਅੱਖੀਂ ਵੇਖ ਅਤੇ ਸੁਣ ਰਹੇ ਹਾਂ, ਕਿਵੇਂ ਦੁਨੀਆਂ ਦੇ ਵੱਡੇ ਤੇ ਪ੍ਰਤਿਸ਼ਠਤ ਧਰਮਾਂ ਦੇ ਅਵਤਾਰੀ ਪੁਰਸ਼ ਮਜ਼ਾਕਾਂ ਦਾ ਵਿਸ਼ਾ ਬਣ ਰਹੇ ਹਨ। ਕਿਵੇਂ ਉਨ੍ਹਾਂ ਦੇ ਅਲੌਕਿਕ ਕਾਰਨਾਮਿਆਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਪਰ ਗੁਰੂ ਨਾਨਕ ਦੇ ਸੱਚ ਨੂੰ ਕੌਣ ਕੱਟੇਗਾ? ਗੁਰੂ ਨਾਨਕ ਦੀ ਬਾਣੀ ਜੀਵਨ ਜਾਚ ‘ਤੇ ਆਧਾਰਤ ਦੁਨੀਆਵੀ ਸੱਚ ਨੂੰ ਦੱਸਦੀ ਹੋਈ ਸੰਪੂਰਨਤਾ ਨਾਲ ਭਰਪੂਰ ਜੀਵਨ ਜਿਉਣ ਦੀ ਰਾਹ ਦਸੇਰੀ ਹੈ। ਗੁਰੂ ਨਾਨਕ ਸਾਹਿਬ ਨੇ ਧਰਮਾਂ ਦੇ ਨਾਮ ‘ਤੇ ਫੈਲਾਏ ਝੂਠ ਅਤੇ ਆਡੰਬਰ ਦੀ ਧੂੰਦ ਨੂੰ ਹਟਾਇਆ ਤੇ ਸੱਚ ਦੇ ਪ੍ਰਕਾਸ਼ ਨਾਲ ਖਲਕਤ ਨੂੰ ਰੁਸ਼ਨਾਇਆ, ਜਿਸ ਨੂੰ ਅਸੀਂ ਨਾਨਕ ਬਾਣੀ ਕਹਿੰਦੇ ਹਾਂ, ਇਸ ਵਿਚ ਸਿਰਫ ਸੱਚ ਅਤੇ ਸੱਚ ਹੀ ਸਮਾਇਆ ਹੈ। ਗੁਰੂ ਨਾਨਕ ਸਾਹਿਬ ਕਹਿ ਗਏ ਹਨ, “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥” ਸੱਚ ਦੀ ਕੋਈ ਕਾਟ ਨਹੀਂ।
ਇਹ ਗੁਰੂ ਨਾਨਕ ਅੰਦਰਲੇ ਸੱਚ ਦੀ ਸ਼ਕਤੀ ਸੀ, ਜਿਸ ਨੇ ਬਾਬਰ ਜਿਹੇ ਜਾਬਰ ਨੂੰ ਲਲਕਾਰਨ ਲੱਗਿਆਂ ਕੋਈ ਗਿਣਤੀ ਮਿਣਤੀ ਨਹੀਂ ਕੀਤੀ। ਉਨ੍ਹਾਂ ਲੋਕਾਂ ਨੂੰ ਸੱਚ ਦੇ ਮਾਰਗ ‘ਤੇ ਚੱਲਣ ਦਾ ਹੋਕਾ ਦਿੱਤਾ ਅਤੇ ਕਿਹਾ, “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤਿ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੇ ਕਾਣਿ ਨ ਕੀਜੈ॥” ਗੁਰੂ ਨਾਨਕ ਦਾ ਮਾਰਗ ਸੱਚ ਦਾ ਮਾਰਗ, ਜਿਸ ‘ਤੇ ਚੱਲਣ ਲਈ ਹਮੇਸ਼ਾ ਆਪਣਾ ਸਿਰ ਤਲੀ ‘ਤੇ ਟਿਕਾਉਣਾ ਪੈਂਦਾ ਹੈ। ਸੱਚ ਤੋਂ ਇਲਾਵਾ ਬਾਕੀ ਸਾਰੇ ਕਾਰਜਾਂ ਲਈ ਸਿਰ ਦੀ ਬਾਜ਼ੀ ਲਾਉਣ ਦੀ ਨੌਬਤ ਆਉਂਦੀ ਹੀ ਨਹੀਂ। ਜਦੋਂ ਮਨੁੱਖ ਸੱਚ ‘ਤੇ ਚੱਲਣ ਦਾ ਨਿਸ਼ਚਾ ਕਰ ਲੈਂਦਾ ਹੈ ਤਾਂ ਉਸ ਮਨੁੱਖ ਅੰਦਰ ਕਰਤੇ ਵੱਲੋਂ ਸਮਾਹਿਤ ਸੱਚ ਦੀ ਤਾਕਤ ਉਸ ਨੂੰ ਇੰਨਾ ਬਲਵਾਨ ਬਣਾ ਦਿੰਦੀ ਹੈ ਕਿ ਉਸ ਦੇ ਸਾਹਮਨੇ ਖੜ੍ਹੇ ਮਹਾ-ਬਲਵਾਨ ਵਿਅਕਤੀ ਨੂੰ ਵੀ ਆਪਣੀ ਸ਼ਕਤੀ ‘ਤੇ ਸ਼ੱਕ ਹੋਣ ਲੱਗ ਪੈਂਦਾ ਹੈ, ਜੋ ਉਸ ਨੂੰ ਦੁਚਿੱਤੀ ਦਾ ਸ਼ਿਕਾਰ ਬਣਾ ਦਿੰਦੀ ਹੈ, ਪਰ ਸੱਚੇ ਅੰਦਰ ਕਰਤੇ ਦੀ ਬਖਸ਼ੀ ਸੱਚ ਦੀ ਤਾਕਤ ਉਸ ਨੂੰ ਅਡਿੱਗ ਤੇ ਅਡੋਲ ਬਣਾਈ ਰੱਖਦੀ ਹੈ। ਇਸੇ ਸੱਚ ਦੀ ਸ਼ਕਤੀ ਦੀ ਬਦੌਲਤ ਗੁਰੂ ਨਾਨਕ ਨੇ ਜੱਗ ਤਾਰਿਆ ਸੀ।
ਇਹ ਗੱਲ ਬਹੁਤ ਹੀ ਅਫਸੋਸਨਾਕ ਹੈ ਕਿ ਗੁਰੂ ਨਾਨਕ ਦੇ ਸਿੱਖਾਂ ਨੂੰ ਵੀ ਉਸ ਦੇ “ਜਿਨ ਸੱਚ ਪਲੈ ਹੋਇ” ‘ਤੇ ਭਰੋਸਾ ਨਹੀਂ ਜਾਪਦਾ। ਇਸੇ ਲਈ ਸਿੱਖ ਵਿਦਵਾਨ ਗੁਰੂ ਨਾਨਕ ਦੀ ਸੱਚ ਵਾਲੀ ਸ਼ਕਤੀ ਨੂੰ ‘ਭਗਤੀ ਵਾਲੀ ਸ਼ਕਤੀ’ ਸਾਬਤ ਕਰਨ ਵਿਚ ਰੁੱਝੇ ਹੋਏ ਹਨ। ਡਾ. ਗੁਰਨਾਮ ਕੌਰ ਨੇ ਆਪਣੇ ਲੇਖ ਵਿਚ ਗੁਰੂ ਨਾਨਕ ਨੂੰ ਅਵਤਾਰੀ ਪੁਰਖ ਵਾਂਗ ਦੱਸਿਆ ਹੈ, ਜੋ ਕਰਤਾਰਪੁਰ ਵਿਖੇ ਨਾਮ ਬਾਣੀ ਦਾ ਪ੍ਰਵਾਹ ਚਲਾਉਂਦੇ ਹੋਏ ਖੇਤੀਬਾੜੀ ਦੀ ਕਿਰਤ ਕਰਦੇ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਖੇਤੀਬਾੜੀ ਦਾ ਕੰਮ ਪੁਰਾਤਨ ਸਮਿਆਂ ਦੌਰਾਨ ਕਾਫੀ ਕਠਿਨ ਸੀ। ਸਾਰਾ ਦਿਨ ਖੇਤਾਂ ਵਿਚ ਕੰਮ ਕਰਕੇ ਸ਼ਾਮ ਤੱਕ ਕਿਸਾਨ ਇੰਨਾ ਥੱਕ ਜਾਂਦਾ ਕਿ ਉਹ ਰਾਤ ਦੀ ਰੋਟੀ ਖਾ ਕੇ ਫਿਰ ਮੰਜਾ ਭਾਲਦਾ ਸੀ ਕਿ ਉਹ ਆਰਾਮ ਨਾਲ ਦੋ ਪਹਿਰ ਸੌਂ ਸਕੇ, ਕਿਉਂਕਿ ਸਵੱਖਤੇ ਉਠ ਕੇ ਫਿਰ ਹਲ ਵਾਹੁਣਾ ਹੁੰਦਾ ਸੀ। ਡਾ. ਗੁਰਨਾਮ ਕੌਰ ਅਨੁਸਾਰ ਗੁਰੂ ਨਾਨਕ ਸਾਰਾ ਦਿਨ ਖੇਤਾਂ ਵਿਚ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਘਰ ਆ ਕੇ ਸੰਗਤਾਂ ਨਾਲ ਨਾਮ ਬਾਣੀ ਜਪਣ ਦਾ ਪਰਵਾਹ ਚਲਾਇਆ ਕਰਦੇ ਸਨ। ਨਾਮ ਜਪਦਿਆਂ ਅੰਦਰ ਵੱਸ ਰਹੀ ਜੋਤ ਨਾਲ ਇੱਕਸੁਰ ਹੋਣ ਦਾ ਵੀ ਉਪਦੇਸ਼ ਦਿੰਦੇ ਸਨ। ਡਾ. ਸਾਹਿਬ ਦਾ ਇਹ ਸਭ ਦੱਸਣ ਦਾ ਭਾਵ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਕਰਾਮਾਤੀ ਸਨ!
ਗੁਰੂ ਨਾਨਕ ਦੀ ਸ਼ਖਸੀਅਤ ਦਾ ਨਿਵੇਕਲਾਪਨ ਇਹ ਸੀ ਕਿ ਉਨ੍ਹਾਂ ਨੇ ਸਾਰੇ ਕਾਰਜ, ਭਾਵੇਂ ਉਹ ਵਿਚਾਰ ਗੋਸ਼ਟੀਆਂ ਹੋਣ ਜਾਂ ਖੇਤੀ ਦਾ ਕੰਮ, ਉਨ੍ਹਾਂ ਨੇ ਆਪਣੇ ਸਾਰੇ ਕਾਰਜ ਖੁਦ ਆਪਣੇ ਹੱਥੀਂ ਸਵਾਰੇ। ਉਨ੍ਹਾਂ ਦੇ ਇਸੇ ਸਿਧਾਂਤ ਦੇ ਕਾਰਨ ਹੀ ਅੱਜ ਦੇ ਮਹਾ-ਪਦਾਰਥਵਾਦੀ ਅਤੇ ਅਨਿਸ਼ਚਿਤਤਾ ਦੇ ਦੌਰ ਵਿਚ ਵੀ ਗੁਰੂ ਨਾਨਕ ਦੀ ਸ਼ਖਸੀਅਤ ਸੰਸਾਰ ਵਿਚ ਚਾਨਣ ਮੁਨਾਰੇ ਵਾਂਗ ਟਿਮਟਿਮਾ ਰਹੀ ਹੈ। ਅੱਜ ਵੀ ਸਾਰੇ ਸੰਸਾਰ ਦੇ ਧਰਮਾਂ ਅਤੇ ਉਨ੍ਹਾਂ ਦੇ ਰਹਿਬਰਾਂ ਦੀ ਰਹਿਬਰੀ ‘ਤੇ ਕਿੰਤੂ-ਪ੍ਰੰਤੂ ਹੁੰਦੇ ਹਨ, ਪਰ ਗੁਰੂ ਨਾਨਕ ‘ਤੇ ਨਹੀਂ? ਗੁਰੂ ਨਾਨਕ ਨੂੰ ਉਸ ਵੇਲੇ ਦੇ ਧਰਮਾਂ ਅਤੇ ਉਨ੍ਹਾਂ ਦੇ ਰਹਿਬਰਾਂ ਦੀਆਂ ਅਸੰਭਵ ਪਰ ਕਾਲਪਨਿਕ ਕਰਾਮਾਤਾਂ ਦੇ ਸੱਚ ਦਾ ਗਿਆਨ ਸੀ। ਇਸੇ ਕਰਕੇ ਗੁਰੂ ਨਾਨਕ ਨੇ ਭਗਤੀ ਤੇ ਸ਼ਕਤੀ ਨੂੰ ਨਕਾਰਿਆ ਅਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਦਾ ਮਾਰਗ ਅਪਨਾਇਆ। ਗੁਰੂ ਨਾਨਕ ਦੀ ਇਸ ਪਾਰਦਰਸ਼ੀ ਵਿਧੀ ਨੇ ਲੋਕਾਂ ਅੰਦਰ ਇਕ ਆਤਮ ਸਨਮਾਨ ਦੀ ਲੋਅ ਜਗਾਈ ਅਤੇ ਮਨੁੱਖ ਨੂੰ ਕਰਤੇ ਵੱਲੋਂ ਉਸ ਨੂੰ ਦਿੱਤੀਆਂ ਅਸੀਮ ਸ਼ਕਤੀਆਂ ਦਾ ਅਹਿਸਾਸ ਕਰਾਇਆ। ਉਨ੍ਹਾਂ ਨੇ ਦੁਨੀਆਵੀ ਬਿਗਾਨੇ ਹੱਕ ਦੀਆਂ ਲੜਾਈਆਂ ਖੁਦ ਲੜੀਆਂ ਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ। ਇਹ ਸਭ ਉਨ੍ਹਾਂ ਦੇ ਸੰਗੀ ਸਾਥੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੀਆਂ ਅਤੇ ‘ਸਿੱਖ ਧਰਮ’ ਦੀ ਬੁਨਿਆਦ ਪਈ। ਮਨੁੱਖੀ ਆਤਮਕ ਸ਼ਕਤੀ ਨਾਲ ਲਬਰੇਜ ਕਰਤੇ ਦੀ ਕੁਦਰਤ ਦੀ ਬੁਨਿਆਦ ਨੇ ਸਿੱਖ ਧਰਮ ਨੂੰ ਇੰਨੀ ਮਜ਼ਬੂਤੀ ਦਿੱਤੀ ਕਿ ਸਦੀਆਂ ਤੋਂ ਅਨਗਿਣਤ ਹਮਲਿਆਂ ਦੇ ਬਾਵਜੂਦ ਸਿੱਖ ਧਰਮ ਆਪਣੀ ਪਛਾਣ ਬਣਾਈ ਰੱਖਣ ਵਿਚ ਕਾਮਯਾਬ ਰਿਹਾ ਹੈ। ਨੋਟ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਅੱਜ ਦੇ ਸਿੱਖ ਕਦੋਂ ਸੱਚ ਦੇ ਰੂਬਰੂ ਹੁੰਦੇ ਹਨ ਤੇ ਆਪਣੀਆਂ ਗਲਤੀਆਂ ਦੀ ਨਿਸ਼ਾਨਦੇਹੀ ਕਰਦੇ ਹਨ?
ਸਿੱਖਾਂ ਨੂੰ ਕਦੋਂ ਅਹਿਸਾਸ ਹੋਵੇਗਾ ਕਿ ਉਨ੍ਹਾਂ ਦੇ ਰਹਿਬਰ ਗੁਰੂ ਨਾਨਕ ਦਾ ਸੁਪਨਾ ਸ਼ਾਇਦ ਸਿੱਖ ਧਰਮ ਨੂੰ ਵਿਸ਼ਵ ਧਰਮ ਬਣਾਉਣਾ ਸੀ! ਉਨ੍ਹਾਂ ਨੇ ਕਿਉਂ ਉਦਾਸੀਆਂ ਕੀਤੀਆਂ? ਕਿਸੇ ਸਿੱਖ ਨੇ ਕਦੇ ਇਸ ਬਾਰੇ ਵੀ ਸੋਚਿਆ ਹੈ? ਕੀ ਕਦੇ ਕਿਸੇ ਸਿੱਖ ਨੇ ਇਸ ਬਾਰੇ ਜ਼ਰਾ ਵੀ ਹਿਚਕ ਮਹਿਸੂਸ ਕੀਤੀ ਹੈ ਕਿ ਅੱਜ ਸਿੱਖ ਧਰਮ ਕਿੱਥੇ ਖੜ੍ਹਾ ਹੈ? ਅੱਜ ਆਮ ਸਿੱਖ ਕਿੱਥੇ ਅਤੇ ਕਿਸ ਹਾਲ ਵਿਚ ਹੈ? ਸਿੱਖਾਂ ਵਿਚ ਜਾਤ-ਪਾਤ ਤੇ ਫਿਰਕੇਵਾਰਾਨਾ ਸੋਚ ਕਿਵੇਂ ਦਿਨੋ ਦਿਨ ਵੱਧਦੀ ਤੇ ਹਾਵੀ ਹੁੰਦੀ ਜਾ ਰਹੀ ਹੈ? ਕਿਵੇਂ ਸਿੱਖ ਧਰਮ ਦਾ ਪ੍ਰਬੰਧਨ ਹੋ ਰਿਹਾ ਹੈ? ਕਿਵੇਂ ਧਰਮ ਵਿਚ ਆ ਰਹੇ ਨਿਘਾਰ ਨੂੰ ਠੱਲ ਪਾਈ ਜਾ ਸਕਦੀ ਹੈ? ਸਿੱਖਾਂ ਵਿਚ ਆਪਸੀ ਭਾਈਚਾਰਾ ਤੇ ਭਾਈਚਾਰੇ ਦੀ ਭਾਵਨਾ ਕਿਵੇਂ ਲੁਪਤ ਹੁੰਦੀ ਜਾ ਰਹੀ ਹੈ? ਸਿੱਖ ਕਿਉਂ ਤੇ ਕਿਵੇਂ ਇੰਨੇ ਡਰਪੋਕ ਬਣ ਗਏ, ਜੋ ਸਮਾਜ ਤੇ ਧਰਮ ਵਿਚ ਆ ਰਹੀਆਂ ਊਣਤਾਈਆਂ ਵਿਰੁੱਧ ਮੂੰਹ ਖੋਲਣਾ ਆਪਣੇ ਗੁਰੂਆਂ ਦੇ ਖਿਲਾਫ ਜਾਣ ਵਾਲੀ ਸੋਚ ਤੋਂ ਡਰੇ ਬੈਠੇ ਹਨ? ਇਨ੍ਹਾਂ ਸਿੱਖਾਂ ਨੂੰ ਇਹ ਸਿੱਧੀ ਤੇ ਆਮ ਜਿਹੀ ਗੱਲ ਕਿਉਂ ਨਹੀਂ ਸਮਝ ਆ ਰਹੀ ਕਿ ਉਨ੍ਹਾਂ ਦੇ ਰਹਿਬਰ ਗੁਰੂ ਨਾਨਕ ਨੇ ਆਪਣੇ ਵੇਲੇ ਹਿੰਦੁਸਤਾਨ ਵਿਚ ਪੂਜੇ ਜਾਂਦੇ ਕਰੋੜਾਂ ਦੇਵੀਆਂ ਤੇ ਦੇਵਤਿਆਂ ਦੀਆਂ ਗਲਤ ਮਨੌਤਾਂ ਅਤੇ ਸਿੱਖਿਆਵਾਂ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਨੇ ਤਾਂ ਕਰੋੜਾਂ ਦੇਵੀਆਂ ਤੇ ਦੇਵਤਿਆਂ ਦੇ ਸਰਾਪਾਂ ਦੀ ਪ੍ਰਵਾਹ ਨਹੀਂ ਕੀਤੀ ਸੀ।
ਹੋ ਸਕਦਾ ਹੈ ਕਿ ਸਿੱਖ ਵਿਦਵਾਨ ਮੇਰੀ ਗੱਲ ਨਾਲ ਸਹਿਮਤ ਨਾ ਹੋਣ, ਪਰ ਮੇਰਾ ਇਹ ਨਿੱਜੀ ਮਤ ਹੈ ਕਿ ਗੁਰੂ ਨਾਨਕ ਤੋਂ ਵੱਧ ਰੌਸ਼ਨ ਦਿਮਾਗ ਮਾਨਵ ਇਸ ਪ੍ਰਿਥਵੀ ‘ਤੇ ਅੱਜ ਤੱਕ ਜਨਮਿਆ ਹੀ ਨਹੀਂ, ਜਿਨ੍ਹਾਂ ਨੇ ਆਪਣੇ ਤੋਂ ਹਜ਼ਾਰਾਂ ਸਾਲ ਪਹਿਲਾਂ ਪੱਕੇ ਪੈਰੀਂ ਸਥਾਪਤ ਧਰਮਾਂ ਦੀਆਂ ਖਾਮੀਆਂ ਨੂੰ ਉਜਾਗਰ ਕੀਤਾ ਤੇ ਸਹੀ ਮਾਰਗ ਵੀ ਦੱਸਿਆ। ਸਿੱਖ ਇਹ ਸਮਝਣ ਵਿਚ ਵੀ ਅਸਮਰੱਥ ਰਹੇ ਹਨ ਕਿ ਪਿਛਲੀ ਇਕ ਸਦੀ ਦੇ ਸਮੇਂ ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਅੰਦਰ ਨਾਮ ਸਿਮਰਨ ਤੇ ਧਰਮ ਦੀਆਂ ਹੀ ਗੱਲਾਂ ਕਰਨ ਵਾਲੇ ਲੱਖਾਂ ਲੋਕਾਂ ਵਿਚੋਂ ਕਿੰਨਿਆਂ ਨੂੰ ਅਮਰਤਾ ਪ੍ਰਾਪਤ ਹੋਈ ਹੈ? ਮੈਨੂੰ ਤਾਂ ਕੋਈ ਯਾਦ ਨਹੀਂ। ਹਾਂ, ਦਰਬਾਰ ਸਾਹਿਬ ਸਮੂਹ ਦੀ ਬਾਹਰੀ ਫਿਰਨੀ ਵਿਚ ਸੰਗਤਾਂ ਦੇ ਆਗਮਨ ਵਾਲੇ ਸਥਾਨ ‘ਤੇ ਬੈਠਣ ਵਾਲਾ ਅਤਿ ਸਧਾਰਨ ਜਿਹੀ ਦਿੱਖ ਵਾਲਾ, ਸਾਰਾ ਦਿਨ ਲੋਕ ਹਿੱਤ ਦੇ ਪਰਚੇ ਵੰਡਣ ਵਾਲਾ, ਮਨੁੱਖਤਾ ਦਾ ਦਰਦੀ ਤੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਇਕ ਪਿੰਗਲਵਾੜੇ ਦਾ ਸੰਸਥਾਪਕ ਭਗਤ ਪੂਰਨ ਸਿੰਘ ਦਾ ਨਾਮ ਜ਼ਰੂਰ ਰਹਿੰਦੀ ਦੁਨੀਆਂ ਤੱਕ ਅਮਰ ਹੋ ਗਿਆ ਹੈ।
ਅਸੀਂ ਸਿੱਖ ਪਤਾ ਨਹੀਂ ਕਿਉਂ ਗੁਰੂ ਨਾਨਕ ਅਤੇ ਸਿੱਖ ਧਰਮ ਨੂੰ ਅਵਤਾਰੀ ਸਾਬਤ ਕਰਨ ਵਿਚ ਹੀ ਸਾਰਾ ਜ਼ੋਰ ਲਾਈ ਜਾ ਰਹੇ ਹਾਂ। ਸ਼ਾਇਦ ਸਾਨੂੰ ਗੁਰੂ ਨਾਨਕ ਵੱਲੋਂ ਪਿਆਰਿਆ ਭਾਈ ਲਾਲੋ ਅਤੇ ਉਸ ਦੀਆਂ ਸਰਲ ਤੇ ਸੌਖੀਆਂ ਸਿੱਖਿਆਵਾਂ ਕੋਈ ਖਾਸ ਨਹੀਂ, ਐਵੇਂ ਹੀ ਆਮ ਜਿਹੀਆਂ ਲੱਗਦੀਆਂ ਹਨ? ਪਰ ਦੁਤਕਾਰਿਆ ਮਲਿਕ ਭਾਗੋ, ਉਸ ਦੀ ਠਾਠ-ਬਾਠ ਤੇ ਟੌਹਰ ਟੱਪਾ ਕੁਝ ਵਧੇਰੇ ਹੀ ਆਕਰਸ਼ਿਤ ਕਰਦਾ ਜਾਪਦਾ ਹੈ! ਗੁਰੂ ਨਾਨਕ ਨੇ ਸਿੱਖ ਨੂੰ ਗਿਆਨੀ ਬਣਾਇਆ ਸੀ, ਪਰ ਅੱਜ ਦਾ ਸਿੱਖ ਤਾਂ ਆਮ ਗਿਆਨ ਤੋਂ ਵੀ ਵਿਹੂਣਾ ਜਾਪਦਾ ਹੈ ਅਤੇ ਉਹ ਡੇਰਿਆਂ ਤੇ ਹੋਰ ਧਾਰਮਿਕ ਸਥਾਨਾਂ ‘ਤੇ ਗੁਰੂ ਨਾਨਕ ਅਤੇ ਦਸਾਂ ਗੁਰੂਆਂ ਦੇ ਪ੍ਰਤੀਨਿਧ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਬਰਾਬਰ ਖੜੋ ਕੇ ਸਿਰੋਪੇ ਗ੍ਰਹਿਣ ਕਰਦਾ ਹੈ? ਸਿੱਖ ਨੂੰ ਪੁਜਾਰੀਆਂ ਅਤੇ ਬਾਬਿਆਂ, ਉਨ੍ਹਾਂ ਦੇ ਡੇਰਿਆਂ ਅਤੇ ਡੇਰੇਦਾਰੀਆਂ ਨੇ ਅਜਿਹੀ ਗ੍ਰਿਫਤ ਵਿਚ ਲਿਆ ਹੈ ਕਿ ਸ਼ਾਇਦ ਹੀ ਨਿਕਲ ਪਾਵੇ। ਮੇਰੀ ਕਿਸੇ ਵੀ ਪੱਖੋਂ ਕੋਈ ਔਕਾਤ ਨਹੀਂ, ਪਰ ਸਿੱਖ ਵਿੱਦਵਾਨਾਂ ਨੂੰ ਮੇਰੀ ਜੋਦੜੀ ਹੈ ਕਿ ਅੱਜ ਸਿੱਖ ਧਰਮ ਵਿਚ ਪਸਰੇ ਹੋਏ ਕਰਮ ਕਾਂਡਾਂ ਵਿਚੋਂ ਸਿੱਖ ਕਿਵੇਂ ਨਿਕਲਣ ਅਤੇ ਸਿੱਖ ਧਰਮ ਦੀ ਆਨ ਤੇ ਸ਼ਾਨ ਇਕ ਵਾਰ ਫਿਰ ਤੋਂ ਗੁਰੂ ਨਾਨਕ ਵੱਲੋਂ ਦਰਸਾਏ ਮਾਰਗ ‘ਤੇ ਚੱਲਦਿਆਂ ਬਹਾਲ ਹੋ ਸਕੇ? ਕਿਵੇਂ ਹਰ ਆਮ ਸਿੱਖ ਨੂੰ ਵੰਡ ਛਕਣ ਦੀ ਉਸ ਦੇ ਆਪਣੇ ਅੰਦਰੋਂ ਜਾਗ ਲੱਗੇ?