ਗੁਰਦਿਆਲ ਬੱਲ ਦਾ ਫੁੱਟਬਾਲ ਰੁਮਾਂਸ

ਪ੍ਰਿੰ. ਸਰਵਣ ਸਿੰਘ
ਗੁਰਦਿਆਲ ਬੱਲ ਪੇਸ਼ੇ ਵਜੋਂ ‘ਪੰਜਾਬੀ ਟ੍ਰਿਬਿਊਨ’ ਦਾ ਸਬ ਐਡੀਟਰ ਸੀ, ਪਰ ਸ਼ੌਕ ਵਜੋਂ ਫੁੱਟਬਾਲ ਪ੍ਰੇਮੀ ਹੈ। ਫੁੱਟਬਾਲ ਦੇ ਵਿਸ਼ਵ ਕੱਪਾਂ ਸਮੇਂ ਉਹ ਮੈਚਾਂ ਦੀਆਂ ਲੰਮੀਆਂ ‘ਸਟੋਰੀਆਂ’ ਲਿਖਦੈ। ਵਿਚੇ ਪ੍ਰਸਿੱਧ ਲੇਖਕਾਂ ਦੇ ਹਵਾਲੇ ਦਿੰਦੈ, ਵਿਚੇ ਪੁਰਾਣੇ ਖਿਡਾਰੀਆਂ ਨੂੰ ਯਾਦ ਕਰਦੈ। ਉਹ ਖੇਡ ਸਾਹਿਤ ਦਾ ਮੌਜੀ ਲੇਖਕ ਰਿਹੈ, ਜਿਸ ਕਰਕੇ ਬੱਝ ਕੇ ਲਿਖਣੋਂ ਬਾਗੀ ਰਿਹਾ। ਬੱਝ ਕੇ ਲਿਖਦਾ ਤਾਂ ਸੰਭਵ ਸੀ ਪੰਜਾਬੀ ਖੇਡ ਸਾਹਿਤ ਵਿਚ ਬੜਾ ਵਾਧਾ ਕਰਦਾ ਤੇ ਨਾਮਵਰ ਖੇਡ ਲੇਖਕ ਵੱਜਦਾ। ਉਸ ਨੇ ਸੈਂਕੜੇ ਕਿਤਾਬਾਂ ਪੜ੍ਹੀਆਂ, ਜਿਨ੍ਹਾਂ ਦੇ ਅਣਗਿਣਤ ਹਵਾਲੇ ਉਹਦੇ ਮੂੰਹ ਜ਼ਬਾਨੀ ਯਾਦ ਹਨ। ਜੇ ਕੋਈ ਸੋਚੀਂ ਪਿਆ ਬੰਦਾ ਗਲ ਪਾਏ ਥੈਲੇ ਦੇ ਭਾਰ ਨਾਲ ਲਿਫਦਾ, ਕੁਝ ਕਿਤਾਬਾਂ ਹੱਥ ‘ਚ ਫੜੀ ਤੇ ਕੁਝ ਝੋਲੇ ‘ਚ ਪਾਈ ਤੁਰਿਆ ਜਾਂਦਾ ਹੋਵੇ ਤਾਂ ਸਮਝ ਲਓ ਬਾਬੇ ਬਕਾਲੇ ਵੱਲ ਦਾ ਬੱਲ ਹੀ ਹੋਊ।

ਕਦੇ ਉਹ ਚੰਡੀਗੜ੍ਹ ਤੇ ਪਟਿਆਲੇ ਦੀ ਰੌਣਕ ਹੁੰਦਾ ਸੀ, ਅੱਜ ਕੱਲ੍ਹ ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਰੌਣਕ ਹੈ। ਉਹ ਫੁੱਟਬਾਲ ਦੀਆਂ ਗੱਲਾਂ ਕਿੱਕਾਂ, ਹੈੱਡਰਾਂ ਤੇ ਪਾਸਾਂ ਦੀ ਸ਼ਾਇਰੀ ਕਰਨ ਵਾਂਗ ਕਰਦਾ ਹੈ। ਹਵਾਲੇ ਦਿੰਦਾ ਹੈ, “ਵੀਹਵੀਂ ਸਦੀ ਦੇ ਉੱਘੇ ਅਮਰੀਕਨ ਕਥਾਕਾਰ ਅਰਨੈਸਟ ਹੈਮਿੰਗਵੇ ਨੇ ਕਿਧਰੇ ਕਿਹਾ ਸੀ ਕਿ ਖਿਡਾਰੀ ਹੱਡ ਮਾਸ ਦੀਆਂ ਕਵਿਤਾਵਾਂ ਹੁੰਦੇ ਹਨ!”
ਪੇਸ਼ ਹਨ ਉਹਦੀਆਂ ਲਿਖੀਆਂ ਫੀਫਾ ਕੱਪ-2014 ਦੇ ਕੁਝ ਮੈਚਾਂ ਦੀਆਂ ਬਾਤਾਂ:
ਇਨਸਾਨ ਨੂੰ ਜਿਉਂਦੇ ਰਹਿਣ ਲਈ ਸਭ ਤੋਂ ਪਹਿਲਾਂ ਰੋਟੀ ਦੀ ਜ਼ਰੂਰਤ ਹੈ ਤੇ ਉਸ ਤੋਂ ਬਾਅਦ ਕਿਸੇ ਅਜਿਹੇ ਵਿਸ਼ਵਾਸ ਦੀ, ਜਿਸ ਤੋਂ ਜ਼ਿੰਦਗੀ ਨੂੰ ਕੋਈ ਅਰਥ ਮਿਲ ਸਕੇ। ਇਨਸਾਨ ਨੂੰ ਜਿਉਂਦੇ ਰਹਿਣ ਲਈ ਮਿੱਥ ਦੀ ਵੀ ਜ਼ਰੂਰਤ ਹੈ ਅਤੇ ਮਿੱਥ ਨੂੰ ਨਵਿਆਉਣ ਲਈ ਹੀ ਤਾਂ ਬ੍ਰਾਜ਼ੀਲ ਦੇ ਲੋਕ ਪੂਰੇ 4 ਵਰ੍ਹੇ ਵਿਸ਼ਵ ਕੱਪ ਫੁੱਟਬਾਲ ਦੇ ‘ਮਹਾਂ ਕੁੰਭ’ ਨੂੰ ਉਡੀਕਦੇ ਰਹਿੰਦੇ ਹਨ। ਹੁਣ ਬ੍ਰਾਜ਼ੀਲ ਦੇ ਵੱਖ-ਵੱਖ ਸ਼ਹਿਰਾਂ ਅੰਦਰ ਕਰਵਾਇਆ ਜਾ ਰਿਹਾ ਵਿਸ਼ਵ ਕੱਪ ਫੁੱਟਬਾਲ ਦਾ ‘ਮਹਾਂ ਦੰਗਲ’ ਇਨਸਾਨ ਦੀ ਇਸੇ ਸਿੱਕ ਦਾ ਪਰਤੌਅ ਹੈ। ਇਸ ਤੋਂ ਪਹਿਲਾਂ ਫੁੱਟਬਾਲ ਦੇ ਵਿਸ਼ਵ ਕੱਪ 1950, 54 ਜਾਂ 58 ਵਾਲੇ ਵੀ ਦੰਤ ਕਥਾਵਾਂ ਸਿਰਜ ਗਏ ਸਨ। 1958 ਦੇ ਮਾਰਾਡੋਨਾ ਅਤੇ ਮਾਈਕਲ ਪਲਾਟੀਨੀ ਦੀ ਸ਼ਮੂਲੀਅਤ ਵਾਲੇ ਕੱਪ ਦਾ ਤਾਂ ਭਲਾਂ ਕਹਿਣਾ ਹੀ ਕੀ ਸੀ, ਪਰ ਐਤਕਾਂ ਵਿਸ਼ਵ ਕੱਪ-2014 ਦੇ ਪਹਿਲੇ ਗੇੜ ਦੇ ਮੈਚਾਂ ਦੌਰਾਨ ਉਸ ਸਮੇਂ ਤਸਦੀਕ ਹੋਈ, ਜਦੋਂ ਟਰਾਫੀ ਦੀ ਦੌੜ ਲਈ ਇਕ ਦੂਜੇ ਦੇ ਆਹਮੋ-ਸਾਹਮਣੇ ਹੋਈਆਂ ਲਗਪਗ ਸਾਰੀਆਂ ਹੀ ਟੀਮਾਂ ਐਨ ਉਸੇ ਤਰ੍ਹਾਂ ਕਲਾਸਿਕ ਸਿਖਰ ਸਿਰਜ ਗਈਆਂ, ਜਿਸ ਤਰ੍ਹਾਂ ਦੇ ਕਲਾਸਿਕ 1970ਵਿਆਂ ਦੇ ਦਹਾਕੇ ਵਿਚ ਮਹਾਨ ਅਮਰੀਕਨ ਸ਼ਤਰੰਜ ਖਿਡਾਰੀ ਬੌਬੀ ਫਿਸ਼ਰ ਅਤੇ ਰੂਸ ਦੇ ਅਨਤੋਲੀ ਕਾਰਪੋਵ ਨੇ ਸਿਰਜੇ ਸਨ। ਦੁਨੀਆਂ ਦੀਆਂ ਮਹਾਂ ਸ਼ਕਤੀਆਂ ਵਿਚਾਲੇ ਠੰਢੀ ਜੰਗ ਉਦੋਂ ਆਪਣੇ ਸਿਖਰ ਵੱਲ ਜਾ ਰਹੀ ਸੀ ਅਤੇ ਉਨ੍ਹਾਂ ਕਲਾਕਾਰਾਂ ਨੇ ਦੱਸਿਆ ਸੀ ਕਿ ਇਕ ਦੂਜੇ ਉਪਰ ਸ੍ਰੇਸ਼ਟਤਾ ਸਥਾਪਤ ਕਰਨ ਲਈ ਮਾਨਵ ਜਾਤੀ ਨੂੰ ਪਰਮਾਣੂ ਜੰਗ ਦੀ ਭੱਠੀ ਵਿਚ ਝੋਕਣ ਦੀ ਜ਼ਰੂਰਤ ਨਹੀਂ। ਸ੍ਰੇਸ਼ਟਤਾ ਸ਼ਤਰੰਜ ਦੀ ਬਿਸਾਤ ਵਿਛਾ ਕੇ ਵੀ ਆਸ਼ਕਾਰ ਕੀਤੀ ਜਾ ਸਕਦੀ ਹੈ।
ਇਸ ਦਾਅਵੇ ਦੀ ਵਜਾਹਤ ਕਰਨ ਲਈ ਅਸੀਂ ਆਪਣੇ ਪਾਠਕਾਂ ਨਾਲ ਸਭ ਤੋਂ ਪਹਿਲਾਂ 21 ਜੂਨ ਨੂੰ ਇਰਾਨ ਅਤੇ ਅਰਜਨਟਾਈਨਾ ਦੀਆਂ ਟੀਮਾਂ ਵਿਚਾਲੇ ਖੇਡੇ ਅਤੇ ਮਿੱਥਕ ਬਣ ਜਾਣ ਦੀ ਸਮਰੱਥਾ ਵਾਲੇ ਮੁਕਾਬਲੇ ਦੀ ਸਟੋਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਮੈਚ ਅਰਜਨਟਾਈਨਾ ਨੇ ਜਿੱਤ ਤਾਂ ਲਿਆ, ਤੇ ਇਰਾਨੀ ਫੁੱਟਬਾਲ ਦੇ ਸੁਪਰ ‘ਜਹਾਦੀਆਂ’ ਦੀ ਟੀਮ ਨੂੰ ਟੂਰਨਾਮੈਂਟ ਤੋਂ ਬਾਹਰ ਵੀ ਕਰ ਦਿਤਾ, ਪਰ ਮੈਦਾਨ ਵਿਚੋਂ ਬਾਹਰ ਹੋਣ ਤੋਂ ਪਹਿਲਾਂ ਇਰਾਨ ਦੇ ਖਿਡਾਰੀਆਂ ਨੇ ਆਪਣੀ ਖੇਡ ਕਲਾ, ਦ੍ਰਿੜਤਾ, ਹੌਸਲੇ ਅਤੇ ਜਨੂੰਨ ਦੇ ਅਜਿਹੇ ਰੰਗ ਦਿਖਾਏ ਕਿ ਦਰਸ਼ਕਾਂ ਦੀਆਂ ਯਾਦਾਂ ਅੰਦਰ ਵਰ੍ਹਿਆਂ ਤੱਕ ਬਣੇ ਰਹਿਣਗੇ।
ਅਰਜਨਟਾਈਨਾ ਦੀ ਗੋਲ ਪੋਸਟ ਵਿਚ ਸਰਗੀਓ ਰੋਮੇਰੋ ਖੜ੍ਹਾ ਸੀ; ਮਾਰਕੋਸ ਰੋਜੋ, ਫਰੈਡਰਿਕੋ ਫਰਨੈਂਡੇਜ ਅਤੇ ਪਾਬਲੋ ਜਾਬਾਲੇਟਾ ਰੱਖਿਆ ਪੰਕਤੀ ‘ਚ ਅਤੇ ਮੱਧ ਪੰਕਤੀ ‘ਚੋਂ ਜੇਵੀਅਰ ਮੈਸਚੇਰਾਨੋ, ਫਰਨੈਂਡੋ ਗਾਗੋ ਅਤੇ ਏਂਜਲ ਡੀ ਮਾਰੀਆ। ਹਮਲਾਵਰ ਪੰਕਤੀ ਵਿਚ ਲਿਓਨਲ ਮੈਸੀ, ਗੋਂਜਾਲੋ ਹਿਗੂਏਂ ਅਤੇ ਸਰਗੀਓ ਅਗੇਰੂ ਨੂੰ ਇਰਾਨੀ ਗੋਲਾਂ ‘ਤੇ ਹਮਲੇ ਕਰਨ ਲਈ ਲਗਾਤਾਰ ‘ਐਮਿਊਨੀਸ਼ਨ’ ਮੁਹੱਈਆ ਕਰਵਾ ਰਹੇ ਸਨ। ਦੂਜੇ ਪਾਸੇ ਇਰਾਨੀ ਗੋਲ ਪੋਸਟ ‘ਚ ਜਰਨੈਲਾਂ ਹਾਰ ਖੜ੍ਹੇ ਅਲੀ ਰੇਜਾ ਹਗੀਗੀ ਨੇ ਤਾਂ ਇਰਾਨੀਆਂ ਦੇ ਵੱਕਾਰ ਨੂੰ ਬਚਾਉਣ ਲਈ ਸਿਰ ਉਤੇ ‘ਕਫਨ’ ਬੰਨ੍ਹਿਆ ਹੋਇਆ ਸੀ। ਰੱਖਿਅਕ ਪੰਕਤੀ ਵਿਚ ਮਿਹਰਦਾਦ ਪੂਲਾਦੀ, ਪੇਜਮਾਨ ਮੋਂਤਾਜੇਰੀ, ਅਮੀਰ ਹੁਸੈਨ ਸਾਦੀਗੀ ਅਤੇ ਜਲਾਲ ਹੁਸੈਨੀ ਦਾ ਵੀ ਕੋਈ ਜਵਾਬ ਨਹੀਂ ਸੀ, ਪਰ ਇਰਾਨੀਆਂ ਦੀ ਮੁਹਿੰਮ ਦੇ ਹੋਰ ਵੀ ਵੱਡੇ ਨਾਇਕ, ਉਨ੍ਹਾਂ ਦੀ ਹਮਲਾਵਰ ਪੰਕਤੀ ਵਿਚ ਰੇਜਾ ਅਤੇ ਆਸ਼ਕਾਨ ਦੇਜਾਗਾ ਨਾਂ ਦੇ ਖਿਡਾਰੀਆਂ ਦੀ ਜ਼ਬਰਦਸਤ ਜੋੜੀ ਸੀ, ਜੋ ਅਰਜਨਟਾਈਨੀ ਹਮਲਿਆਂ ਤੋਂ ਸਾਹ ਮਿਲਦਿਆਂ ਹੀ ਵਿਰੋਧੀ ਗੋਲਾਂ ਵੱਲ ਧਾਈ ਕਰ ਦਿੰਦੇ ਸਨ ਅਤੇ ਵਾਰ-ਵਾਰ ਅਰਜਨਟਾਈਨਾ ਨੂੰ ਹੱਥਾਂ-ਪੈਰਾਂ ਦੀਆਂ ਪਾ ਦਿੰਦੇ ਸਨ। ਮੈਚ ਦੇ ਚੌਥੇ ਮਿੰਟ ਵਿਚ ਹੀ ਇਰਾਨੀ ਖਿਡਾਰੀ ਅਹਿਸਾਨ ਹਾਜਸਾਫੀ ਨੇ ਫਰੀ ਕਿੱਕ ਤੋਂ ਬਾਲ ਬੜੇ ਹੀ ਸਸ਼ਕਤ ਅੰਦਾਜ਼ ਵਿਚ ਵਿਰੋਧੀ ਗੋਲਾਂ ਵੱਲ ਚੁੱਕ ਦਿੱਤੀ; ਫਰਨੈਂਡੇਜ ਤੇ ਗੈਰੇ-ਦੋਵੇਂ ਹੀ ਮਾਤ ਹੋ ਗਏ ਸਨ, ਪਰ ਬਾਲ ਗੋਲ ਪੋਸਟ ਦੇ ਬਾਜੂ ਨਾਲ ਟਕਰਾਅ ਕੇ ਵਾਪਸ ਮੈਦਾਨ ਵਿਚ ਆ ਡਿਗੀ। ਜਲਾਲ ਹੁਸੈਨੀ ਦਾ ਪੈਰ ਬੱਸ ਬਾਲ ਨੂੰ ਛੂੰਹਦਾ-ਛੂੰਹਦਾ ਹੀ ਰਹਿ ਗਿਆ, ਵਰਨਾ ਅਰਜਨਟਾਈਨਾ ਦੀ ਗੋਲ ਪੋਸਟ ਖਾਲੀ ਪਈ ਸੀ।
ਇਰਾਨ ਦੇ ਇਸ ਹਮਲੇ ਨੇ ਅਰਜਨਟਾਈਨੀ ਸਫਾਂ ਵਿਚ ਚੁਸਤੀ ਲਿਆ ਦਿੱਤੀ। ਖੇਡ ਅਜੇ 10 ਕੁ ਮਿੰਟ ਦੀ ਹੀ ਹੋਈ ਸੀ ਕਿ ਫੁੱਟਬਾਲ ਦੇ ਮਹਾਨ ਕਲਾਕਾਰ ਏਂਜਲ ਡੀ ਮਾਰੀਆ ਨੇ ਬੈਕ ਹੀਲ ਰਾਹੀਂ ਬਹੁਤ ਤੇਜ਼ੀ ਨਾਲ ਬਾਲ ਗੋਂਜਾਲੇ ਹਿਗੂਏਂ ਵੱਲ ਵਧਾਇਆ, ਪਰ ਉਹ ਲੋੜੀਂਦਾ ਤਵਾਜ਼ਨ ਕਾਇਮ ਨਾ ਰੱਖ ਸਕਿਆ। ਤੁਰੰਤ ਗਾਗੋ ਨੇ ਇਕ ਵਾਰ ਮੁੜ ਹਿਗੂਏਂ ਨੂੰ ਬੜਾ ਸੋਹਣਾ ਪਾਸ ਸੌਂਪਿਆ। ਉਹਨੇ ਇਰਾਨੀ ਗੋਲਾਂ ਵੱਲ ਕਿੱਕ ਵੀ ਅੱਖ ਦੇ ਫੋਰ ਵਿਚ ਮਾਰ ਦਿੱਤੀ, ਪਰ ਇਰਾਨ ਦੇ ਜਾਂਬਾਜ਼ ਗੋਲਕੀਪਰ ਅਲੀ ਰੇਜਾ ਹਗੀਗੀ ਨੇ ਜਿਸ ਆਸਾਨੀ ਨਾਲ ਉਸ ਦੀ ਇਸ ਕੋਸ਼ਿਸ਼ ਨੂੰ ਜਾਇਆ ਕੀਤਾ, ਉਹ ਨਜ਼ਾਰਾ ਵੇਖਿਆਂ ਹੀ ਬਣਦਾ ਸੀ!
ਮੈਚ ਦੇ ਅਗਲੇ 15-20 ਮਿੰਟ ਇਹ ਕਹਾਣੀ ਇਸੇ ਤਰ੍ਹਾਂ ਹੀ ਜਾਰੀ ਰਹੀ। ਅਖੀਰ ਅਰਜਨਟਾਈਨੀ ਸੁਪਰ ਸਟਾਰ ਲਿਓਨੇਲ ਮੈਸੀ ਨੇ ਬਹੁਤ ਹੀ ਨਜ਼ਾਰੇਦਾਰ ਕਰਾਸ ਆਪਣੇ ਸਾਥੀ ਖਿਡਾਰੀ ਗੈਰੇ ਵੰਨੀ ਸੁੱਟਿਆ, ਜੋ ਉਹ ਸਾਂਭ ਨਾ ਸਕਿਆ, ਪਰ ਸਟੇਡੀਅਮ ਅੰਦਰ ਹੀ ਨਹੀਂ, ਸਗੋਂ ਦੁਨੀਆਂ ਭਰ ਵਿਚ ਮੈਚ ਦਾ ਨਜ਼ਾਰਾ ਤਕ ਰਹੇ ਕਰੋੜਾਂ ਦਰਸ਼ਕ ਅਸ਼-ਅਸ਼ ਕਰ ਉਠੇ। ਫਿਰ 5-7 ਮਿੰਟਾਂ ਪਿਛੋਂ ਹੀ ਇਰਾਨ ਦੀ ਤਰਫੋਂ ਮੋੜਵਾਂ ਹਮਲਾ ਕਰਦਿਆਂ ਉਸੇ ਤਰ੍ਹਾਂ ਦਾ ਕੌਤਕ ਜਲਾਲ ਹੁਸੈਨੀ ਨੇ ਕਰ ਦਿੱਤਾ। ਮਾੜੀ ਕਿਸਮਤ ਨੂੰ ਉਸ ਦਾ ਹੈੱਡਰ ਗੋਲ ਪੋਸਟ ਤੋਂ ਜ਼ਰਾ ਕੁ ਉਪਰੋਂ ਦੀ ਨਿਕਲ ਗਿਆ!
ਅੱਧੇ ਸਮੇਂ ਦੀ ਖੇਡ ਪਿਛੋਂ ਮੈਦਾਨ ‘ਚ ਵਾਪਸ ਮੁੜਦਿਆਂ 4-5 ਮਿੰਟ ਬਾਅਦ ਹੀ ਅਰਜਨਟਾਈਨੀ ਰੱਖਿਅਕ ਪੰਕਤੀ ਦੇ ਖਿਡਾਰੀ ਮਾਰਕੋਸ ਰੋਜੋ ਨੇ ਇਕ ਦੋ ਵਾਰੀ ਵਧੀਆ ਚਾਲਾਂ ਚੱਲੀਆਂ, ਪਰ ਗੱਲ ਨਾ ਬਣੀ। ਇਸੇ ਦੌਰਾਨ ਇਰਾਨੀ ਖਿਡਾਰੀ ਦੇਜਾਗਾ ਦੇ ਹਮਲੇ ਦੌਰਾਨ ਗੋਲ ਪੋਸਟ ਸਾਹਮਣੇ ਪਾਬਲੋ ਜਾਬਾਲੇਟਾ ਨੇ ਉਸ ਨੂੰ ਬਹੁਤ ਹੀ ਅਵੈੜਾ ਫਾਊਲ ਕਰ ਕੇ ਬੜੀ ਮੁਸ਼ਕਿਲ ਨਾਲ ਠੱਲ੍ਹਿਆ। ਅਰਜਨਟਾਈਨਾ ਦੀ ਕਿਸਮਤ ਚੰਗੀ ਸੀ ਕਿ ਰੈਫਰੀ ਨੇ ਇਸ ਦਾ ਨੋਟਿਸ ਹੀ ਨਾ ਲਿਆ, ਨਹੀਂ ਤਾਂ ਪੈਨਲਟੀ ਕਿੱਕ ਦਿੱਤੀ ਜਾ ਸਕਦੀ ਸੀ। ਇਹ ਛਿਣ ਇੰਟਰਨੈਟ ‘ਤੇ ਅਗਲੇ 3-4 ਦਿਨ ਲਗਾਤਾਰ ਦਿਖਾਇਆ ਜਾਂਦਾ ਰਿਹਾ। ਸਾਡਾ ਪਾਕਿਸਤਾਨੀ ਮਿੱਤਰ ਜਾਹਿਦ ਹੁਸੈਨ ਵੜੈਚ ਮੈਚ ਵੇਂਹਦਿਆਂ ਬੇਹੱਦ ਪ੍ਰੇਸ਼ਾਨ ਹੋ ਉਠਿਆ। ਉਸ ਨੇ ਫੋਨ ‘ਤੇ ਹੋਈ ਗੱਲਬਾਤ ਦੌਰਾਨ ਮੈਨੂੰ ਉਹ ਮੂਮੈਂਟ ਨੈੱਟ ‘ਤੇ ਵੇਖਣ ਲਈ ਕਿਹਾ। ਉਹ ਰੈਫਰੀ ਦੀ ਇਸ ਮੁਜਰਮਾਨਾ ਉਕਾਈ ਨੂੰ ਕਈ ਦਿਨ ਕੋਸੀ ਗਿਆ।
67ਵੇਂ ਮਿੰਟ ਵਿਚ ਡੇਜਾਗਾ ਨੇ ਇਕ ਵਾਰ ਮੁੜ ਹੈੱਡਰ ਮਾਰ ਕੇ ਅਰਜਨਟਾਈਨੀ ਖੇਮੇ ਵਿਚ ਵਿਸਫੋਟ ਕਰਨ ਲਈ ਜ਼ੋਰਦਾਰ ਹੰਭਲਾ ਮਾਰਿਆ ਪਰ ਗੋਲਕੀਪਰ ਰੋਮੈਰੋ ਨੇ ਉਨੇ ਹੀ ਚਮਤਕਾਰੀ ਅੰਦਾਜ਼ ਵਿਚ ਛਲਾਂਗ ਮਾਰ ਕੇ ਬਾਲ ਨੂੰ ਪੋਸਟ ਉਪਰੋਂ ਬਾਹਰ ਲੰਘਾ ਦਿਤਾ। ਮੈਚ ਮੁੱਕਣ ਦੀਆਂ ਘੜੀਆਂ ਨੇੜੇ ਆ ਰਹੀਆਂ ਸਨ ਕਿ 15 ਮਿੰਟ ਰਹਿੰਦਿਆਂ ਹਾਰ ਕੇ ਕੋਚ ਨੇ ਗੋਂਜਾਲੋ ਹਿਗੂਏਂ ਅਤੇ ਸਰਗਈ ਆਗੇਰੀ-ਦੋਵਾਂ ਨੂੰ ਵਾਪਸ ਬੁਲਾ ਕੇ ਉਨ੍ਹਾਂ ਦੀ ਜਗ੍ਹਾ ਲਾਵੇਜੀ ਤੇ ਪਲਾਸੀਓਨਾਂ ਨੂੰ ਲਿਓਨਲ ਮੈਸੀ ਦੀ ਮਦਦ ਲਈ ਭੇਜ ਦਿੱਤਾ ਪਰ ਇਰਾਨੀਆਂ ਦੀ ਦ੍ਰਿੜਤਾ ਦੀ ਦਾਦ ਦੇਣੀ ਪਵੇਗੀ ਕਿ ਉਹ ਉਨ੍ਹਾਂ ਦੀ ਹਰ ਕੋਸ਼ਿਸ਼ ਨੂੰ ਜ਼ਾਇਆ ਕਰੀ ਗਏ। ਅਸਲ ਵਿਚ ਇਸ ਦਿਨ ਇਰਾਨੀ ਖਿਡਾਰੀਆਂ ਨੂੰ ਅਰਜਨਟਾਈਨਾ ਦੇ ਸੁਪਰ ਸਟਾਰਾਂ ਵਿਰੁਧ ਜੂਝਦਿਆਂ ਵੇਖ ਕੇ ਇੰਜ ਲਗਦਾ ਸੀ ਜਿਵੇਂ ਉਨ੍ਹਾਂ ਅੰਦਰ ਮਾਨੋ ਕਰੂਸੇਡਾਂ ਦੇ ਜ਼ਮਾਨਿਆਂ ਦੇ ਮਹਾਨ ਜਰਨੈਲ ਸਲਾਉਦੀਨ ਦੀ ਰੂਹ ਆ ਗਈ ਹੋਵੇ।
ਮੈਚ ਦਾ 90 ਮਿੰਟ ਦਾ ਸਮਾਂ ਖਤਮ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਇੰਜਰੀ ਟਾਈਮ ਦੇ 2-4 ਮਿੰਟਾਂ ਦੀ ਖੇਡ ਬਾਕੀ ਰਹਿ ਗਈ ਸੀ ਕਿ ਲਿਓਨਲ ਮੈਸੀ ਨੇ ਪੈਨਲਟੀ ਖੇਤਰ ਦੇ ਬਾਹਰੋਂ ਬਹੁਤ ਹੀ ਜਾਦੂਈ ਅੰਦਾਜ਼ ਵਿਚ ਕਿੱਕ ਲਈ ਜਗ੍ਹਾ ਬਣਾਈ ਅਤੇ ਬਾਲ ਨੂੰ ਆਖਰ ਇਰਾਨ ਦੇ ਦੀਵਾਰ ਵਰਗੇ ਗੋਲਚੀ ਤੋਂ ਪਾਰ ਨੈੱਟ ਵਿਚ ਟੰਗ ਦਿਤਾ। ਮੈਸੀ ਦੇ ਪ੍ਰਸ਼ੰਸਕ ਰਛਪਾਲ ਗਿੱਲ ਦਾ ਦਾਅਵਾ ਸੀ ਕਿ ਮੈਸੀ ਦਾ ਇਹ ਅਲੌਕਿਕ ਗੋਲ 1986 ਦੇ ਵਿਸ਼ਵ ਕੱਪ ਦੌਰਾਨ ਮੈਸੀ ਦੇ ਉਸਤਾਦ ਡੀਗੋ ਮਾਰਾਡੋਨਾ ਵਲੋਂ ਕੁਆਟਰ ਫਾਈਨਲ ਗੇੜ ਵਿਚ ਇੰਗਲੈਂਡ ਵਿਰੁਧ ਕੀਤੇ ਉਸ ਗੋਲ ਵਾਂਗ ਹੀ ਚੇਤੇ ਰਖਿਆ ਜਾਵੇਗਾ, ਜਿਸ ਨੂੰ ਸਦੀ ਦਾ ਸਭ ਤੋਂ ਆਕਰਸ਼ਕ ਗੋਲ ਕਿਹਾ ਗਿਆ ਸੀ…।
ਇਸ ਤੋਂ ਪਹਿਲਾਂ 18 ਜੂਨ ਨੂੰ ਸਪੇਨ ਅਤੇ ਚਿੱਲੀ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਕਲਾਸਿਕ ਮੁਕਾਬਲਾ ਵੀ ਕਿਸੇ ਯੂਨਾਨੀ ਤ੍ਰਾਸਦੀ ਤੋਂ ਘੱਟ ਨਹੀਂ ਸੀ…। ਸਪੇਨ ਦਾ ਕੋਚ ਬਸੰਤ ਡੀ ਬੋਸਕ ਦੁਨੀਆਂ ਦਾ ਬਿਹਤਰੀਨ ਕੋਚ ਹੈ। ਪਿਛਲੇ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਸਪੇਨ ਦੀ ਲੀਗ ਦੁਨੀਆਂ ਦੀ ਸਭ ਤੋਂ ਤਾਕਤਵਰ ਫੁੱਟਬਾਲ ਲੀਗ ਹੈ। ਸਪੇਨ 2008 ਅਤੇ 2012 ਦਾ ਯੂਰਪੀ ਚੈਂਪੀਅਨ ਹੈ ਤੇ 2010 ਦਾ ਵਿਸ਼ਵ ਕੱਪ ਵੀ ਉਸੇ ਕੋਲ ਹੈ। ਸਪੇਨ ਕੋਲ ਲਿਓਨਲ ਮੈਸੀ, ਰੂਨੀ ਜਾਂ ਰੋਨਾਲਡੋ ਵਰਗੇ ਮਹਿਜ਼ ਇਕ ਜਾਂ ਦੋ ਸੁਪਰ ਸਟਾਰ ਨਹੀਂ, ਸਗੋਂ ਉਨ੍ਹਾਂ ਕੋਲ ਫੁੱਟਬਾਲ ਜਗਤ ਦੇ ਸੁਪਰ ਸਟਾਰਾਂ ਦੀ ਪੂਰੀ ਬੈਟਰੀ ਹੈ। ਕੋਚ ਨੇ ਚਿੱਲੀ ਵਿਰੁਧ ਜ਼ਿੰਦਗੀ-ਮੌਤ ਦੀ ਬਾਜ਼ੀ ਵਾਲੇ ਮੈਚ ਵਿਚ ਰੱਖਿਅਕ ਪੰਕਤੀ ਦੇ ਸਿਪਾਹ-ਸਲਾਰ ਪੀਕ ਦੀ ਜਗ੍ਹਾ ਜਾਵੀ ਮਾਰਟੀਨੇ ਅਤੇ ਹਮਲਾਵਰ ਪੰਕਤੀ ਵਿਚ ਸ਼ਾਵੀ ਦੀ ਜਗ੍ਹਾ ਪੈਡਰੋ ਰੌਡਰੀਗੋ ਨੂੰ ਉਤਾਰਿਆ। ਟੀਮ ਦੇ ਹੋਰ ਮੈਂਬਰਾਂ ਵਿਚ ਗੋਲਚੀ ਵਿਕਰ ਕਾਸੀਅਸ ਨਾਲ ਐਂਡਰੀਆਸ ਇਨੀਸਟਾ, ਸ਼ਾਵੀ ਅਲੋਂਸੋ, ਸਰਜੀਓ ਰਿਮੋਸ, ਸਰਜੀਓ ਬਿਸਕਿਤਸ, ਜੋਰਡੀ ਆਲਬਾ, ਡੀਆਗੋ ਕੋਸਟਾ ਅਤੇ ਡੇਵਿਡ ਸਿਲਵਾ ਸ਼ਾਮਲ ਸਨ। ਡਿਆਗੋ ਕੋਸਟਾ ਅਤੇ ਡੇਵਿਡ ਸਿਲਵਾ ਹਮਲਾਵਰ ਪੰਕਤੀ ਦੇ ਤਾਜ਼ਾ ਦਮ ਸਿਤਾਰੇ ਸਨ, ਜਿਨ੍ਹਾਂ ਨੇ ਪਿਛਲੇ ਪੂਰੇ ਸਾਲ ਦੌਰਾਨ ਯੂਰਪੀ ਲੀਗ ਦੇ ਅਨੇਕਾਂ ਮੈਚਾਂ ਵਿਚ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਹੋਇਆ ਸੀ।
ਇਸੇ ਤਰ੍ਹਾਂ ਰਾਖਵੇਂ ਖਿਡਾਰੀਆਂ ਦੇ ਖੇਮੇ ਵਿਚ ਕੋਚ ਕੋਲ ਫਰਨੈਂਡੋ ਟੋਰਸ, ਡੇਵਿਡ ਵੀਆ, ਸ਼ਾਵੀ ਹਰਨੈਂਡਸ, ਜੁਆਨ ਫਰਾਨ, ਫੈਬਰਾਗਾਸ, ਜੁਆਨ ਮਾਟਾ, ਕੋਕੋ, ਸਾਂਤੀ ਕਜੋਰਲਾ ਅਤੇ ਪੇਪ ਰੇਨਾ ਵਰਗੇ ਇਕ ਤੋਂ ਇਕ ਵਧ ਕੇ ਸੁਪਰ ਸਟਾਰ ਮੌਜੂਦ ਸਨ। ਸਪੇਨ ਦੀ ਇਹ ‘ਫੌਜ’ ਕਿਤਨੀ ਕੁ ਸਸ਼ੱਕਤ ਸੀ, ਇਸ ਦਾ ਪਤਾ ਉਨ੍ਹਾਂ ਦਰਸ਼ਕਾਂ ਨੂੰ ਭਲੀ ਭਾਂਤ ਲੱਗ ਚੁਕਾ ਹੋਵੇਗਾ ਕਿ 23 ਜੂਨ ਨੂੰ ਗਰੁੱਪ ਦੇ ਆਪਣੇ ਆਖਰੀ ਲੀਗ ਮੈਚ ਵਿਚ ਉਹ ਆਸਟਰੇਲੀਆ ਵਰਗੀ ਤੇਜ਼ ਤਰਾਰ ਟੀਮ ਨੂੰ ਸਿਫਰ ਦੇ ਮੁਕਾਬਲੇ 3 ਗੋਲਾਂ ਦੇ ਵੱਡੇ ਫਰਕ ਨਾਲ ਸਹਿਜ ਭਾਅ ਹੀ ਹਰਾਉਣ ਵਿਚ ਉਹ ਕਿਸ ਕਦਰ ਕਾਮਯਾਬ ਰਹੇ। …ਤੇ ਆਸਟਰੇਲੀਆ ਦੀ ਟੀਮ ਦੀ ਤਾਕਤ ਦਾ ਅਨੁਮਾਨ ਸਹਿਜੇ ਹੀ ਉਹ ਪਾਠਕ ਲਾ ਸਕਦੇ ਹਨ, ਜਿਨ੍ਹਾਂ ਪੂਲ ਅੰਦਰ ਪਹਿਲਾਂ ਚਿੱਲੀ ਤੇ ਫਿਰ ਹਾਲੈਂਡ ਵਿਰੁਧ ਮੈਚਾਂ ਵਿਚ ਉਨ੍ਹਾਂ ਦੀ ਖੇਡ ਦਾ ਜ਼ਬਰਦਸਤ ਤਾਲ ਤੇ ਲੈਅ ਵੇਖੀ ਹੋਵੇ। ਚਿੱਲੀ ਵਿਰੁੱਧ ਮੈਚ ਵਿਚ ਸਪੇਨੀ ਖਿਡਾਰੀ ਪੂਰੀ ਦ੍ਰਿੜਤਾ ਅਤੇ ਅਕੀਦਤ ਨਾਲ ਮੈਦਾਨ ਵਿਚ ਉਤਰੇ ਤੇ ਉਨ੍ਹਾਂ ਸ਼ੁਰੂਆਤ ਵੀ ਬੜੇ ਜ਼ੋਰਦਾਰ ਅੰਦਾਜ਼ ਵਿਚ ਕਰਨ ਦੀ ਕੋਸ਼ਿਸ਼ ਕੀਤੀ।
ਦੂਜੇ ਪਾਸੇ ਚਿੱਲੀ ਦੇ ਫੁੱਟਬਾਲ ਦਾ ਵੀ ਬੜਾ ਰੁਮਾਂਚਿਕ ਇਤਿਹਾਸ ਹੈ ਅਤੇ 1962 ਵਿਚ ਵਿਸ਼ਵ ਕੱਪ ਫੁੱਟਬਾਲ ਦੇ ਫਾਈਨਲ ਮੁਕਾਮ ਨੂੰ ਉਨ੍ਹਾਂ ਨੇ ਵੀ ਹੱਥ ਲਾਇਆ ਹੋਇਆ ਸੀ। ਅਜੇ ਦੋ ਮਹੀਨੇ ਪਹਿਲਾਂ ਹੀ 24 ਅਪਰੈਲ 2014 ਨੂੰ ਉਨ੍ਹਾਂ ਮੇਜ਼ਬਾਨ ਦੇਸ਼ ਬ੍ਰਾਜ਼ੀਲ ਦੀ ਕੌਮੀ ਟੀਮ ਨਾਲ ਅਜ਼ਮਾਇਸ਼ੀ ਮੈਚ ਖੇਡਿਆ ਸੀ ਅਤੇ 2-2 ਗੋਲਾਂ ਦੀ ਬਰਾਬਰੀ ‘ਤੇ ਚੈਂਪੀਅਨਾਂ ਨੂੰ ਠੱਲ੍ਹ ਦਿੱਤਾ ਸੀ।
18 ਜੂਨ ਦੇ ਮੈਚ ਵਿਚ ਸਪੇਨੀਆਂ ਨੇ ਚਿੱਲੀ ਵਿਰੁਧ ਨੀਦਰਲੈਂਡ ਦੀ ਹਾਰ ਦੇ ਸਦਮੇ ‘ਚੋਂ Aਭਰਨ ਦੀ ਕੋਸ਼ਿਸ਼ ਕਰਨੀ ਸੀ, ਪਰ ਚਿੱਲੀਅਨ ਟੀਮ ਦਾ ਚੱਕਰ ਇਹ ਸੀ ਕਿ 2010 ਦੇ ਵਿਸ਼ਵ ਕੱਪ ਦੌਰਾਨ ਸਪੇਨੀਆਂ ਨੇ ਉਨ੍ਹਾਂ ਨੂੰ 1 ਦੇ ਮੁਕਾਬਲੇ 2 ਗੋਲਾਂ ਨਾਲ ਹਰਾ ਕੇ ਕੱਪ ਦੀ ਦੌੜ ‘ਚੋਂ ਬਾਹਰ ਕੀਤਾ ਸੀ। ਉਨ੍ਹਾਂ ਨੇ ਸਪੇਨੀਆਂ ਨਾਲ ਉਹ ਪੁਰਾਣਾ ਹਿਸਾਬ-ਕਿਤਾਬ ਵੀ ਚੁਕਤਾ ਕਰਨਾ ਸੀ। ਫਿਰ ਵੀ ਸਪੇਨੀ ਟੀਮ ਪੂਰੇ ਤਹੱਈਏ ਅਤੇ ਆਤਮ ਵਿਸ਼ਵਾਸ ਨਾਲ ਮੈਦਾਨ ਵਿਚ ਉਤਰੀ ਤੇ ਸ਼ਾਵੀ ਅਲੋਂਸੋ ਅਤੇ ਡੀਅਗੋ ਕੋਸਟਾ ਨੇ ਖੇਡ ਸ਼ੁਰੂ ਹੁੰਦਿਆਂ ਹੀ ਚਿੱਲੀਅਨ ਗੋਲਾਂ ‘ਤੇ ਲਗਾਤਾਰ ਦੋ-ਤਿੰਨ ਤਾਬੜਤੋੜ ਹਮਲੇ ਕੀਤੇ। ਚਿੱਲੀਅਨ ਗੋਲਕੀਪਰ ਕਲਾਡੀਓ ਬਰਾਵੋ ਦੀ ਦਾਦ ਦੇਣੀ ਹੋਵੇਗੀ ਕਿ ਉਹਨੇ ਫੁਰਤੀ ਨਾਲ ਮੁਢਲੇ ਹਮਲੇ ਅਸਾਨੀ ਨਾਲ ਹੀ ਜ਼ਾਇਆ ਕਰ ਦਿੱਤੇ।
ਮੈਚ ਬਰਾਬਰੀ ‘ਤੇ ਚੱਲ ਰਿਹਾ ਸੀ, ਸਗੋਂ ਸਪੇਨੀਆਂ ਦਾ ਪਲੜਾ ਭਾਰੀ ਲਗਦਾ ਸੀ ਕਿ 20ਵੇਂ ਮਿੰਟ ਵਿਚ ਸ਼ਾਵੀ ਅਲੋਂਸੋ ਵਰਗੇ ਮਿੱਡ ਫੀਲਡ ਦੇ ਮੰਨੇ ਹੋਏ ਜਰਨੈਲ ਕੋਲੋਂ ਅਚਾਨਕ ਬਾਲ ਖੁੰਝ ਗਈ, ਜੋ ਚਿੱਲੀਅਨ ਖਿਡਾਰੀ ਨੇ ਕਬਜ਼ੇ ‘ਚ ਕਰ ਕੇ ਬਾਲ ਅੱਖ ਦੇ ਫੋਰ ਵਿਚ ਸਪੇਨੀ ਗੋਲਾਂ ਵਿਚ ਜਾ ਸੁੱਟੀ। ਸਪੇਨ ਦਾ ਚੈਂਪੀਅਨ ਗੋਲਕੀਪਰ ਕੈਸੀਆਸ ਅਤੇ ਕੋਲ ਹੀ ਖੜ੍ਹਾ ਸਰਗੀਓ ਰੋਮੋਸ ਵੇਖਦੇ ਹੀ ਰਹਿ ਗਏ ਕਿ ਮੁੜ ਇਹ ਕੇਹਾ ਭਾਣਾ ਵਾਪਰਨਾ ਸ਼ੁਰੂ ਹੋ ਗਿਆ ਸੀ!
ਇਸ ਪਿੱਛੋਂ ਸਪੇਨੀਆਂ ਨੇ ਖੁਦ ਨੂੰ ਸੰਭਾਲਣ ਅਤੇ ਮੋੜਵੇਂ ਹਮਲੇ ਕਰਨ ਦੀ ਪੂਰੀ ਵਾਹ ਲਾਈ, ਪਰ ਕਲਾਡੀਓ ਬਰਾਵੋ ਨੇ ਉਨ੍ਹਾਂ ਦੀ ਕੋਈ ਵਾਹ ਪੇਸ਼ ਨਾ ਜਾਣ ਦਿੱਤੀ। ਉਲਟਾ ਹੋਇਆ ਇਹ ਕਿ ਪਹਿਲੇ ਅੱਧ ਦੀ ਖੇਡ ਖਤਮ ਹੋਣ ਦੀ ਘੰਟੀ ਵੱਜਣ ਹੀ ਵਾਲੀ ਸੀ ਕਿ ਚਿੱਲੀ ਨੂੰ ਸਪੇਨੀ ਗੋਲਾਂ ਮੂਹਰੇ ਫਰੀ ਕਿੱਕ ਮਿਲ ਗਈ, ਜਿਸ ਨੂੰ ਚਿਲੀਅਨ ਫੁੱਟਬਾਲ ਦੇ ਮਹਾਂ ਨਾਇਕ ਅਲੈਕਸ ਸੰਚੇਜ਼ ਨੇ ਰਾਕਟ ਵਾਂਗੂ ਸਪੇਨੀ ਗੋਲ ਪੋਸਟ ਵੱਲ ਸੇਧ ਦਿੱਤਾ। ਸਪੇਨ ਦੇ ਸਾਬਕਾ ਕਪਤਾਨ ਕਾਸੀਅਸ ਨੇ ਇਸ ‘ਰਾਕਟ’ ਨੁੰ ਰੋਕ ਤਾਂ ਦਿੱਤਾ, ਪਰ ਉਹ ਬਾਲ ਨੂੰ ਕਾਬੂ ਨਾ ਰੱਖ ਸਕਿਆ। ਉਸ ਦਾ ਕਸੂਰ ਵੀ ਕੋਈ ਨਹੀਂ ਸੀ। ਬਾਲ ਉਸ ਦੇ ਹੱਥਾਂ ਨੂੰ ਵੱਜ ਕੇ ਵਾਪਸ ਚਿੱਲੀ ਦੇ ਆਰਨਗੂਏ ਦੇ ਐਨ ਪੈਰਾਂ ‘ਤੇ ਆ ਡਿੱਗੀ, ਜਿਸ ਨੂੰ ਉਸ ਨੇ ਅੱਖ ਦੇ ਫੋਰ ਵਿਚ ਸਪੇਨੀ ਗੋਲ ਪੋਸਟ ਦੇ ਅੰਦਰ ਸੁੱਟ ਦਿੱਤਾ।
ਦੂਜੇ ਅੱਧ ਦੀ ਖੇਡ ਸ਼ੁਰੂ ਹੁੰਦਿਆਂ ਸਪੇਨੀ ਕੋਚ ਨੇ ਸ਼ਾਵੀ ਅਲੋਂਸੋ ਨੂੰ ਮੈਦਾਨ ਵਿਚ ਉਤਾਰਿਆ, ਪਰ ਉਹ ਗੱਲ ਬਣ ਨਹੀਂ ਸੀ ਰਹੀ। ਇਸੇ ਤਰ੍ਹਾਂ ਸਾਂਤੀ ਕਜੋਰਲਾ ਨੂੰ ਲਿਆਂਦਾ ਗਿਆ ਅਤੇ ਕਜੋਰਲਾ ਵਰਗੇ ‘ਤੇਗ ਦੇ ਧਨੀ’ ਦੇ ‘ਵਾਰਾਂ’ ਨੂੰ ਚਿਲੀਅਨ ਬਰਾਵੋ, ਜਿਸ ਅੰਦਾਜ਼ ਵਿਚ ਰੋਕ ਰਿਹਾ ਸੀ, ਉਸ ਨੂੰ ਵੇਖਦਿਆਂ ਵਾਰ-ਵਾਰ ਦਰਸ਼ਕਾਂ ਦੇ ਦੰਦੂੜਕੇ ਵੱਜ ਰਹੇ ਸਨ।
ਸਪੇਨੀ ਕੋਚ ਅਖੀਰ ਜਦੋਂ ਟੋਰਸ ਵਰਗੇ ਆਪਣੇ ਸ਼ਾਨਾਂਮਤੇ ‘ਜਰਨੈਲ’ ਨੂੰ ਗਰਾਊਂਡ ਵਿਚ ਭੇਜ ਰਿਹਾ ਸੀ ਤਾਂ ਇਉਂ ਲਗਦਾ ਸੀ, ਜਿਵੇਂ ਸ਼ਹਿਨਸ਼ਾਹ ਸ਼ਾਹ ਜਹਾਨ ਦਾ ਫਰਜੰਦ ਮਹਾਨ ਪਰ ਬੇਵਸ ਦਾਰਾ ਸ਼ਿਕੋਹ ਅੰਤਿਮ ਦਾਅ ਵਜੋਂ ਆਪਣੇ ਹੋਣਹਾਰ ਪੁੱਤਰ ਨੂੰ ਜੰਗੇ ਮੈਦਾਨ ਵਿਚ ਭੇਜ ਰਿਹਾ ਹੋਵੇ!…2008 ਦਾ ਵਿਸ਼ਵ ਕੱਪ ਫਾਈਨਲ ਜਿਨ੍ਹਾਂ ਨੇ ਵੇਖਿਆ ਹੋਇਆ ਸੀ, ਉਨ੍ਹਾਂ ਨੂੰ ਟੋਰਸ ਦੀ ਅਹਿਮੀਅਤ ਦਾ ਪਤਾ ਹੋਵੇਗਾ ਅਤੇ ਇਹ ਵੀ ਯਾਦ ਹੋਵੇਗਾ ਕਿ ਇਹ ਉਸ ਦੇ ਸਬਲਾਈਮ ਗੋਲ ਸਦਕਾ ਪੂਰੇ 60 ਵਰ੍ਹਿਆਂ ਦੀ ਲੰਮੀ ਜਦੋ-ਜਹਿਦ ਤੋਂ ਬਾਅਦ ਸਪੇਨ ਪਹਿਲੀ ਵਾਰ ਯੂਰਪੀ ਚੈਂਪੀਅਨ ਬਣਿਆ ਸੀ। ਇਸੇ ਤਰ੍ਹਾਂ 2010 ਦੇ ਵਿਸ਼ਵ ਕੱਪ ਫਾਈਨਲ ਮੈਚ ਦੇ 116ਵੇਂ ਮਿੰਟ ਵਿਚ ਗੋਲ ਕਰ ਕੇ ਇਨੀਸਟਾ ਨੇ ਨੀਦਰਲੈਂਡ ਦੀ ਮੁਹਿੰਮ ਨੂੰ ਪੰਕਚਰ ਕੀਤਾ ਸੀ ਅਤੇ ਵਿਸ਼ਵ ਵਿਜੇਤਾ ਦਾ ਤਾਜ ਸਪੇਨੀਆਂ ਦੇ ਸਿਰ ‘ਤੇ ਟਿਕਿਆ ਸੀ। ਪਰ ਇਸ ਵਾਰ ਟੋਰਸ ਜਾਂ ਇਨੀਸਟਾ ਕੋਲ ਬਰਾਵੋ ਜਾਂ ਚਿਲੀਅਨ ਰੱਖਿਅਕ ਪੰਕਤੀ ਦੀ ਦ੍ਰਿੜਤਾ ਦਾ ਕੋਈ ਵੀ ਤੋੜ ਨਹੀਂ ਸੀ ਬਣ ਰਿਹਾ। ਨਹੀਂ ਤਾਂ 15 ਕੁ ਮਿੰਟਾਂ ਦੀ ਖੇਡ ਰਹਿੰਦਿਆਂ ਇਨੀਸਟੀ ਦੀ ਸਾਰੀ ਤਾਕਤ ਨਾਲ ਲਗਾਈ ਕਰਾਸਿੰਗ ਕਿੱਕ ਨੂੰ ਰੋਕ ਪਾਉਣਾ ਕਿਵੇਂ ਵੀ ਖਾਲਾ ਜੀ ਦਾ ਵਾੜਾ ਨਹੀਂ ਸੀ!
ਇਸ ਫੈਸਲਾਕੁਨ ਮੈਚ ਵਿਚ ਸਪੇਨੀਆਂ ਦੀ ਬੇਵਸੀ ਦਾ ਰੰਗ ਸਭ ਤੋਂ ਵੱਧ ਉਘੜਵੇਂ ਰੂਪ ਵਿਚ ਉਸ ਸਮੇਂ ਸਾਹਮਣੇ ਆਇਆ, ਜਦੋਂ 16 ਨੰਬਰ ਦੀ ਜਰਸੀ ਵਾਲੇ ਨਾਮਵਰ ਖਿਡਾਰੀ ਸਰਜੀਓ ਬਿਸਕਿਤਸ ਨੂੰ ਗੋਲ ਕਰਨ ਦਾ ਸੁਨਹਿਰੀ ਮੌਕਾ ਮਿਲਿਆ, ਪਰ ਉਹਨੇ ਬਾਲ ਨੂੰ ਬੱਚਿਆਂ ਵਾਂਗੂ ਚਿਲੀਅਨ ਗੋਲਚੀ ਬਰਾਵੋ ਨੂੰ ‘ਸੰਭਾਲ’ ਦਿਤਾ ਤੇ ਫਿਰ ਗੋਲਚੀ ਦੇ ਸਾਹਮਣੇ ਗੋਡੇ ਟੇਕ ਕੇ ਨਿੰਮੋਝੂਣ ਵਿਚਾਰਿਆਂ ਹਾਰ ਬੈਠ ਗਿਆ। ਹੁਣ ਵੇਖਣਾ ਇਹ ਸੀ ਕਿ ਚਿਲੀਅਨ ਟੀਮ ਵੀ ਮੰਨਿਆ ਬੜੀ ਮਜ਼ਬੂਤ ਸੀ, ਪਰ ਉਸ ਅੰਦਰ ਉਸ ਦਿਨ ਅਜਿਹੀ ਸਪਿਰਿਟ ਕਿਸ ਸੋਮੇ ਤੋਂ ਆ ਗਈ ਸੀ ਕਿ ਉਹ ਸਪੇਨੀਆਂ ਨੂੰ ਇਕ ਤਰ੍ਹਾਂ ਨਾਲ ਸਾਹ-ਸਤਹੀਣ ਹੀ ਕਰ ਕੇ ਰੱਖ ਦੇਵੇ?
ਇਹ ਸਾਲ 2010 ਦੇ ਵਿਸ਼ਵ ਕੱਪ ‘ਚ ਹੋਈ ਸਪੇਨੀਆਂ ਹੱਥੋਂ ਹਾਰ ਦਾ ਬਦਲਾ ਚੁਕਾਉਣ ਦੀ ਭਾਵਨਾ ਵਿਚੋਂ ਹੀ ਆਈ ਸੀ, ਇਹ ਤਾਂ ਪੱਕੇ ਤੌਰ ‘ਤੇ ਕਹਿਣਾ ਮੁਸ਼ਕਿਲ ਹੈ, ਪਰ ਸਵੈਮਾਣ ‘ਤੇ ਲੱਗੀ ਸੱਟ ਜਾਂ ਬਦਲੇ ਦੀ ਭਾਵਨਾ ਕਿਸ ਕਿਸਮ ਦਾ ਕੌਤਿਕ ਕਰ ਸਕਦੀ ਹੈ, ਉਹ ਕਿੱਸਾ ਕਿਸੇ ਹੋਰ ਦੇ ਨਹੀਂ, ਸਗੋਂ ਵਿਸ਼ਵ ਫੁੱਟਬਾਲ ਜਗਤ ਦੇ ਸ਼ਹਿਨਸ਼ਾਹ ਪੇਲੇ ਦੇ ਸ਼ਬਦਾਂ ਵਿਚ ਹੀ ਪਾਠਕਾਂ ਨੂੰ ਸੁਣਾਇਆ ਜਾਵੇ:
ਇਹ ਕਹਾਣੀ ਪੇਲੇ ਵਲੋਂ ‘ਮਾਈ ਲਾਈਫ ਐਂਡ ਦਿ ਬਿਊਟੀਫੁਲ ਗੇਮ’ ਸਿਰਲੇਖ ਹੇਠ ਰੌਬਰਟ ਫਿਸ਼ ਦੇ ਸਹਿਯੋਗ ਨਾਲ ਲਿਖੀ ਅਤੇ 2007 ਵਿਚ ਛਪੀ ਸਵੈਜੀਵਨੀ ਵਿਚ 1970 ਦੇ ਆਪਣੇ ਆਖਰੀ ਵਿਸ਼ਵ ਕੱਪ ਟੂਰਨਾਮੈਂਟ ਦੇ ਉਰੂਗੂਏ ਵਿਰੁਧ ਖੇਡੇ ਗਏ ਸੈਮੀ ਫਾਈਨਲ ਮੈਚ ਬਾਰੇ ਦੱਸਦਿਆਂ ਬੜੇ ਹੀ ਰੌਚਿਕ ਅੰਦਾਜ਼ ਵਿਚ ਸੁਣਾਈ ਹੈ। ਉਸ ਵਿਸ਼ਵ ਕੱਪ ਦੌਰਾਨ ਬ੍ਰਾਜ਼ੀਲ ਨੇ ਆਪਣੀ ਮੁਹਿੰਮ ਚੈਕੋਸਲੋਵਾਕੀਆ ਦੀ ਟੀਮ ਨੂੰ 4-1 ਨਾਲ ਹਰਾ ਕੇ ਸ਼ੁਰੂ ਕੀਤੀ ਸੀ ਅਤੇ ਬਾਅਦ ਵਿਚ ਉਨ੍ਹਾਂ ਪੂਲ ਅੰਦਰ ਹੀ ਉਨ੍ਹਾਂ ਜ਼ਮਾਨਿਆਂ ‘ਚ ਮਹਾਨ ਗੋਲਕੀਪਰ ਗੌਰਡਨ ਬੈਂਕਸ, ਬੌਬੀ ਮੂਰ, ਬੌਬੀ ਚਾਰਲਟਨ, ਜੈਕ ਚਾਰਲਟਨ ਅਤੇ ਕੂਪਰ ਵਰਗੇ ਵੀਹਵੀਂ ਸਦੀ ਦੇ ਮਹਾਨ ਫੁੱਟਬਾਲ ਖਿਡਾਰੀਆਂ ਨਾਲ ਲੈਸ ਇੰਗਲੈਂਡ ਦੀ ਟੀਮ ਨੂੰ ਸਿਕੱਸ਼ਤ ਦੇ ਕੇ ਕਵਾਰਟਰ ਫਾਈਨਲ ਵਿਚ ਦਾਖਲਾ ਪਾਇਆ ਸੀ। ਉਸ ਮੈਚ ਨੂੰ ਉਸ ਸਮੇਂ ਵਿਸ਼ਵ ਕੱਪ ਦਾ ਅਸਲ ‘ਫਾਈਨਲ’ ਕਿਹਾ ਗਿਆ ਸੀ।
ਸੈਮੀ ਫਾਈਨਲ ਵਿਚ ਬ੍ਰਾਜ਼ੀਲ ਦੀ ਟੱਕਰ ਉਰੂਗੂਏ ਦੀ ਟੀਮ ਨਾਲ ਸੀ। ਇਸ ਮੈਚ ਦੇ ਪਿਛੋਕੜ ਵਿਚ ਬਦਲੇ ਦੀ ਭਾਵਨਾ ਦਾ 20 ਸਾਲ ਪੁਰਾਣਾ ਉਹ ਇਤਿਹਾਸ ਸੀ, ਜਦੋਂ 1950 ਦੇ ਵਿਸ਼ਵ ਕੱਪ ਫਾਈਨਲ ਵਿਚ ਬ੍ਰਾਜ਼ੀਲ ਦੀ ਟੀਮ ਉਨ੍ਹਾਂ ਜ਼ਮਾਨਿਆਂ ਦੇ ਮਾਹਰਾਂ ਦੀ ਨਜ਼ਰ ਵਿਚ ਹਰ ਪੱਖੋਂ ਸੌਲਾਂ ਕਲਾ ਸੰਪੂਰਨ ਹੋਣ ਦੇ ਬਾਵਜੂਦ ਉਰੂਗੂਏ ਹੱਥੋਂ ਹਾਰ ਗਈ ਸੀ। ਪੇਲੇ ਦੇ ਦੱਸਣ ਅਨੁਸਾਰ ਉਸ ਸਮੇਂ ਉਹ ਨਿਆਣਾ ਸੀ, ਮਹਿਜ਼ 9 ਵਰ੍ਹੇ ਉਸ ਦੀ ਉਮਰ ਸੀ; ਪਰ ਉਸ ਨੇ ਆਪਣੇ ਪਿਤਾ ਦੀਆਂ ਅੱਖਾਂ ਵਿਚ ਪਹਿਲੀ ਵਾਰ ਅੱਥਰੂ ਵੇਖੇ ਸਨ। ਪੇਲੇ ਦਾਅਵਾ ਕਰਦਾ ਹੈ ਕਿ ਉਹਨੇ ਉਸੇ ਦਿਨ ਤਹੱਈਆ ਕਰ ਲਿਆ ਸੀ ਕਿ ਵੱਡਾ ਹੋ ਕੇ ਉਹ ਫੁੱਟਬਾਲਰ ਬਣੇਗਾ ਅਤੇ ਆਪਣੇ ਪਿਆਰੇ ਪਿਤਾ ਦੀਆਂ ਅੱਖੀਆਂ ‘ਚ ਅੱਥਰੂ ਲਿਆਉਣ ਵਾਲੀ ਧਿਰ ਤੋਂ ਹਰ ਹਾਲਤ ਵਿਚ ਬਦਲਾ ਲਵੇਗਾ।
1970 ਦੀ ਉਸ ਸ਼ਾਮ ਪੂਰਾ ਬ੍ਰਾਜ਼ੀਲ ਪੱਬਾਂ ਭਾਰ ਸੀ ਕਿ ਉਨ੍ਹਾਂ ਦੇ ‘ਨਾਇਕ’ ਉਨ੍ਹਾਂ ਨੂੰ ਉਸ ਨਮੋਸ਼ੀ ਤੋਂ ਸੁਰਖਰੂ ਕਿਵੇਂ ਤੇ ਕਦੋਂ ਕਰਦੇ ਹਨ? ਪੇਲੇ ਨੇ ਕਿਤਾਬ ਵਿਚ ਇਹ ਵੀ ਦਰਜ ਕੀਤਾ ਹੈ ਕਿ ਖੁਦ ਮੈਕਸੀਕੋ ਵਿਚ ਰਹਿ ਰਹੇ ਲੱਖਾਂ ਬ੍ਰਾਜ਼ੀਲੀਅਨਾਂ ਵਿਚੋਂ ਹਰ ਕੋਈ ਉਨ੍ਹਾਂ ਨੂੰ ਉਸ ਸ਼ਾਮ ਇਹੋ ਯਾਦ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ 20 ਵਰ੍ਹੇ ਪਹਿਲੋਂ ਕੀ ਹੋਇਆ ਸੀ? ਮਾਨੋ ਟੀਮ ਮੈਂਬਰਾਂ ਨੂੰ ਪਤਾ ਨਾ ਹੋਵੇ! ਖੈਰ 1970 ਵਿਚ ਮੁੜ ਪਹਿਲਾ ਗੋਲ ਉਰੂਗੂਏ ਨੇ ਕਰ ਦਿੱਤਾ, ਪਰ ਆਖਰਕਾਰ ਪੇਲੇ ਦੀ ਟੀਮ 3-1 ਨਾਲ ਜੇਤੂ ਰਹੀ ਸੀ।
…ਸੋ ਸਪੇਨੀ ਟੀਮ ਦੀ ਅਸਲ ਸਮਰੱਥਾ ਕੈਸੀ ਸੀ। ਉਹ ਦਰਸ਼ਕਾਂ ਨੂੰ ਆਸਟਰੇਲੀਆ ਦੀ ਟੀਮ ਵਿਰੁੱਧ ਖੇਡੇ ਮੈਚ ਦੌਰਾਨ ਹੀ ਪਤਾ ਲੱਗਾ ਸੀ। ਉਸ ਦਿਨ ਡੇਵਿਡ ਵੀਆ, ਟੋਰਸ ਅਤੇ ਉਨ੍ਹਾਂ ਦੇ ਸਾਥੀਆਂ ਦੀ ਖੇਡ ਵਿਚ ਅਜਿਹਾ ਤਾਲ ਅਤੇ ਲੈਅ ਸੀ ਕਿ ਪੂਰਾ ਮਾਹੌਲ ਕਿਸੇ ਟੂਣੇਹਾਰ ਰੰਗ ਵਿਚ ਰੰਗਿਆ ਮਾਲੂਮ ਹੋ ਰਿਹਾ ਸੀ। ਸਪੇਨੀਆਂ ਵਲੋਂ ਮੈਚ ਦੇ 36ਵੇਂ ਮਿੰਟ ਵਿਚ ਜੁਆਨ ਫਰਾਨ ਨੇ ਆਸਟਰੇਲੀਅਨ ਗੋਲਾਂ ਦੇ ਮੂਹਰੇ ਡੇਵਿਡ ਵੀਆ ਨੂੰ ਪਾਸ ਦਿੱਤਾ ਤਾਂ ਉਸ ਦਾ ਬੈਕ ਹੀਲ ਰਾਹੀਂ ਕੀਤਾ ਗੋਲ ਵੇਖਿਆਂ ਹੀ ਬਣਦਾ ਸੀ। ਮੈਚ ਦੇ 70ਵੇਂ ਮਿੰਟ ‘ਚ ਐਂਡਰੀਅਨ ਐਨੀਸਟਾ ਦੇ ਪਾਸ ‘ਤੇ ਜਿਵੇਂ ਟੋਰਸ ਨੇ ਗੋਲੀ ਵਾਂਗ ਬਾਲ ਆਸਟਰੇਲੀਅਨ ਗੋਲਕੀਪਰ ਰਿਆਨ ਦੇ ਪਿਛੋਂ ਦੀ ਦੂਜੇ ਗੋਲ ਲਈ ਕੱਢੀ, ਉਹ ਵੀ ਕਮਾਲ ਸੀ! ਸਪੇਨ ਵੱਲੋਂ ਤੀਜਾ ਗੋਲ ਮਾਟਾ ਨੇ ਫੈਬਰਾਗਾਸ ਦੇ ਪਾਸ ਤੋਂ ਜਿਸ ਅੰਦਾਜ਼ ਵਿਚ ਕੀਤਾ, ਉਸ ਦੇ ਤਾਂ ਕਹਿਣੇ ਹੀ ਕਿਆ! ਸਾਰਾ ਖੇਡ ਮੈਦਾਨ, ਸਾਰਾ ਸਟੇਡੀਅਮ, ਸਣੇ ਝੂਲਦੇ ਝੰਡਿਆਂ ਦੇ, ਸਭ ਕੁਝ ਸਪੇਨ ਦੀ ਸੁਨਹਿਰੀ ਜਿੱਤ ਵਿਚ ਰੰਗਿਆ ਗਿਆ।