ਅਕਾਲੀ ਦਲ ਦੀ ਰਾਜਨੀਤੀ ਦੇ ਲੱਛਣ ਹਾਲ ਦੀ ਘੜੀ ਰਹੱਸ ਭਰੇ

ਜਤਿੰਦਰ ਪਨੂੰ
ਭਾਰਤ ਦੀ ਰਾਜਨੀਤੀ ਇੱਕ ਮੋੜਾ ਕੱਟ ਰਹੀ ਹੈ ਅਤੇ ਪੰਜਾਬ ਦੀ ਵੀ। ਸਵਾ ਕੁ ਮਹੀਨਾ ਪਹਿਲਾਂ ਜਦੋਂ ਲੋਕ ਸਭਾ ਵਿਚ ਖੜੋ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਸੀ ਕਿ ਅਸੀਂ ਨਰਿੰਦਰ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਬਿੱਲਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਬਹੁਤ ਸਾਰੇ ਲੋਕਾਂ ਨੂੰ ਡਰਾਮਾ ਲੱਗਾ ਸੀ। ਸਾਨੂੰ ਵੀ ਇਹੋ ਜਾਪਦਾ ਸੀ ਤੇ ਸੱਚੀ ਗੱਲ ਕਹੀਏ ਤਾਂ ਅਜੇ ਤੱਕ ਵੀ ਜਾਪਦਾ ਹੈ ਕਿ ਨਾਜ਼ਕ ਸਮਾਂ ਕੱਢਣ ਅਤੇ ਆਪਣਾ ਆਧਾਰ ਬਚਾਉਣ ਲਈ ਕੀਤਾ ਗਿਆ ਇੱਕ ਚੁਸਤ ਡਰਾਮਾ ਵੀ ਹੋ ਸਕਦਾ ਹੈ,

ਪਰ ਇਹ ਸੱਚਮੁੱਚ ਦਾ ਤੋੜ-ਵਿਛੋੜਾ ਵੀ ਹੋ ਸਕਦਾ ਹੈ। ਭਾਜਪਾ ਗੱਠਜੋੜ ਦਾ ਪੱਲਾ ਛੱਡਣ ਪਿਛੋਂ ਅਕਾਲੀ ਦਲ ਨੇ ਪਿਛਲੇ ਦਿਨਾਂ ਵਿਚ ਜਿਸ ਤਰ੍ਹਾਂ ਦੇ ਜਾਹਰਾ ਕਦਮ ਚੁੱਕੇ ਹਨ ਤੇ ਜਿਸ ਤਰ੍ਹਾਂ ਦੀ ਲੁਕਵੀਂ ਤਿਕੜਮਬਾਜ਼ੀ ਦੀਆਂ ਕਨਸੋਆਂ ਇਸ ਪਾਰਟੀ ਦੇ ਲੀਡਰਾਂ ਤੋਂ ਮਿਲਦੀਆਂ ਹਨ, ਉਨ੍ਹਾਂ ਤੋਂ ਜਾਪਦਾ ਹੈ ਕਿ ਇਸ ਵਕਤ ਇੱਕ ਗੁੱਝੀ ਖੇਡ ਦੋਵੇਂ ਧਿਰਾਂ-ਭਾਜਪਾ ਵਾਲੇ ਵੀ ਅਤੇ ਅਕਾਲੀ ਆਗੂ ਵੀ ਖੇਡਦੇ ਪਏ ਹਨ।
ਅਕਾਲੀ-ਭਾਜਪਾ ਤੋੜ-ਵਿਛੋੜੇ ਪਿਛੋਂ ਬੇਸ਼ੱਕ ਕਈ ਰਾਜਸੀ ਮਾਹਰ ਇਹ ਕਹਿੰਦੇ ਹਨ ਕਿ ਚੋਣ ਦੇ ਦਿਨ ਨੇੜੇ ਆਉਂਦੇ ਸਾਰ ਭਾਜਪਾ ਫਿਰ ਅਕਾਲੀ ਦਲ ਨਾਲ ਸਾਂਝ ਪਾ ਸਕਦੀ ਹੈ, ਇਹ ਕੰਮ ਏਨਾ ਸੌਖਾ ਨਹੀਂ। ਭਾਜਪਾ ਦਾ ਰਿਕਾਰਡ ਇਹ ਹੈ ਕਿ ਕਦੀ ਨਿਤੀਸ਼ ਕੁਮਾਰ ਨਾਲ ਸਾਂਝ ਪਾਈ ਅਤੇ ਕਦੇ ਤੋੜੀ, ਕਦੀ ਚੰਦਰ ਬਾਬੂ ਨਾਇਡੂ ਨਾਲ ਸਾਂਝ ਪਾਈ ਅਤੇ ਕਦੀ ਤੋੜੀ, ਪਰ ਅਕਾਲੀ ਦਲ ਲਈ ਏਡਾ ਤਿੱਖਾ ਮੋੜਾ ਕੱਟ ਸਕਣਾ ਔਖਾ ਹੋ ਸਕਦਾ ਹੈ। ਪਿਛਲੇ ਸਾਲਾਂ ਵਿਚ ਭਾਜਪਾ ਦੀ ਨੇੜਤਾ ਵਿਚ ਸੁਖਬੀਰ ਸਿੰਘ ਬਾਦਲ ਨੇ ਜਿੰਨੇ ਵੀ ਦਾਅ ਸਿੱਖ ਲਏ ਹੋਣ, ਇਸ ਵੇਲੇ ਅਕਾਲੀ ਦਲ ਨੂੰ ਭਾਜਪਾ ਦੇ ਵਿਰੋਧ ਵਿਚ ਖੜ੍ਹੇ ਕਰਨ ਪਿਛੋਂ ਫਿਰ ਉਸ ਨਾਲ ਜੋੜ ਸਕਣਾ ਬਹੁਤ ਔਖਾ ਹੈ। ਭਾਜਪਾ ਲੀਡਰਸ਼ਿਪ ਇਹ ਗੱਲ ਸਮਝਦੀ ਹੈ, ਸਗੋਂ ਉਸ ਦੇ ਕਈ ਲੀਡਰ ਅਕਾਲੀ ਦਲ ਨਾਲੋਂ ਸਾਂਝ ਟੁੱਟੀ ਤੋਂ ਖੁਸ਼ ਹਨ ਤੇ ਇਸ ਦਾ ਬਦਲ ਲੱਭਣ ਲਈ ਕਈਆਂ ਧਿਰਾਂ ਨੂੰ ਟੋਂਹਦੇ ਫਿਰਦੇ ਹਨ। ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਦਾ ਨਾਂ ਵੀ ਇਸ ਵਿਚ ਚੱਲ ਰਿਹਾ ਹੈ ਤੇ ਬਾਦਲ ਦਲ ਦੇ ਕੁਝ ਲੀਡਰਾਂ ਨੂੰ ਕੁੰਡੀ ਪਾ ਕੇ ਭਾਜਪਾ ਵੱਲ ਖਿੱਚਣ ਦੇ ਯਤਨ ਕਰਨ ਦੀ ਚਰਚਾ ਵੀ ਸੁਣਦੀ ਹੈ, ਜਿਨ੍ਹਾਂ ਉੱਤੇ ਅਮਲ ਵਿਚ ਭਾਜਪਾ ਨੂੰ ਆਪਣਾ ਫਾਇਦਾ ਦਿੱਸ ਰਿਹਾ ਹੈ। ਉਨ੍ਹਾਂ ਦੇ ਆਗੂ ਕਹਿੰਦੇ ਹਨ ਕਿ ਚੌਵੀ ਸਾਲ ਪੁਰਾਣੀ ਸਾਂਝ ਵਿਚ ਸਾਨੂੰ ਤੇਈ ਵਿਧਾਨ ਸਭਾ ਸੀਟਾਂ ਮਿਲੀਆਂ ਸਨ ਤੇ ਏਨੇ ਸਾਲਾਂ ਬਾਅਦ ਵੀ ਉਹੀ ਹਨ, ਪਰ ਜੇ ਅਸੀਂ ਕਿਸੇ ਵੀ ਹੋਰ ਪਾਰਟੀ ਜਾਂ ਗਰੁੱਪ ਨਾਲ ਸਮਝੌਤਾ ਇੱਕ ਵਾਰ ਕਰ ਲਿਆ ਤਾਂ ਇਹ ਤੇਈ ਵਾਲਾ ਕੋਟਾ ਹਰ ਹਾਲ ਵਧ ਜਾਣਾ ਹੈ, ਫਿਰ ਭਾਵੇਂ ਅਕਾਲੀ ਦਲ ਨਾਲ ਵੀ ਮੁੜ ਤਾਰ ਜੋੜ ਲਈਏ, ਇਸ ਤੋਂ ਵੱਧ ਸੀਟਾਂ ਹੀ ਮਿਲਣਗੀਆਂ ਤੇ ਏਸੇ ਲਈ ਇਸ ਵੇਲੇ ਅਕਾਲੀ ਦਲ ਦੇ ਮੁਕਾਬਲੇ ਦੀ ਧਿਰ ਲੱਭਣਾ ਉਨ੍ਹਾਂ ਲਈ ਪਹਿਲਾ ਕਦਮ ਸਮਝਿਆ ਜਾਣ ਲੱਗਾ ਹੈ।
ਦੂਜੇ ਪਾਸੇ ਅਕਾਲੀ ਦਲ ਦੀ ਲੀਡਰਸ਼ਿਪ ਵਿਚੋਂ ਬਿਨਾ ਸ਼ੱਕ ਕੁਝ ਲੋਕ ਅਜੇ ਵੀ ਭਾਜਪਾ ਨਾਲ ਮੁੜ ਜੁੜ ਜਾਣ ਦੀ ਗੱਲ ਰੱਦ ਨਹੀਂ ਕਰ ਰਹੇ, ਫਿਰ ਵੀ ਇਸ ਦੀ ਆਸ ਘੱਟ ਵੇਖਦੇ ਹੋਏ ਉਹ ਵੀ ਬਦਲ ਲੱਭਣ ਲੱਗੇ ਹਨ। ਪੰਜਾਬ ਵਿਚ ਇਸ ਮਕਸਦ ਲਈ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਤੱਕ ਪਹੁੰਚ ਕੀਤੀ ਸੁਣੀਂਦੀ ਹੈ। ਬਸਪਾ ਦੇ ਆਗੂ ਅਕਾਲੀਆਂ ਦੀ ਭਾਜਪਾ ਨਾਲ ਸਾਂਝ ਪੈਣ ਵਾਲੇ ਵਕਤ ਤੋਂ ਬਾਅਦ ਕਦੀ ਵੀ ਵਿਧਾਨ ਸਭਾ ਵਿਚ ਨਹੀਂ ਸਨ ਪਹੁੰਚ ਸਕੇ ਤੇ ਅਕਾਲੀਆਂ ਨਾਲ ਸਮਝੌਤਾ ਹੋ ਜਾਵੇ ਤਾਂ ਇਹ ਖੜੋਤ ਟੁੱਟ ਸਕਦੀ ਹੈ। ਉਂਜ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਸਪਾ ਨੇ ਪਿਛਲੇ ਸਾਲ ਜੋ ਕੁਝ ਕੀਤਾ ਸੀ, ਜਿਵੇਂ ਸਮਝੌਤੇ ਕੀਤੇ ਤੇ ਤੋੜੇ ਸਨ, ਉਸ ਵੱਲ ਵੇਖਦਿਆਂ ਅਕਾਲੀ ਆਗੂ ਅਜੇ ਤੱਕ ਇਸ ਪਾਰਟੀ ਦੀ ਲੀਡਰਸ਼ਿਪ ਦਾ ਪੱਕਾ ਭਰੋਸਾ ਨਹੀਂ ਕਰਦੇ। ਇਸ ਤੋਂ ਹਟਵੇਂ ਉਨ੍ਹਾਂ ਨੇ ਇੱਕ ਦੇਸ਼ ਪੱਧਰ ਦਾ ਗੱਠਜੋੜ ਖੜ੍ਹਾ ਕਰਨ ਦਾ ਭਰਮ ਵੀ ਪਾਉਣਾ ਸ਼ੁਰੂ ਕੀਤਾ ਹੈ, ਜਿਸ ਨਾਲ ਅਕਾਲੀ ਦਲ ਦੇ ਆਪਣੇ ਵਰਕਰ ਤਾਂ ਉਤਸ਼ਾਹ ਵਿਚ ਰੱਖੇ ਜਾ ਸਕਦੇ ਹਨ, ਅਮਲ ਵਿਚ ਇਸ ਦਾ ਕੋਈ ਲਾਭ ਨਹੀਂ ਹੋਣਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾ ਕੇ ਉਸ ਨੂੰ ਮਹਾਰਾਸ਼ਟਰ ਦੇ ਐੱਨ. ਸੀ. ਪੀ. ਦੇ ਆਗੂ ਸ਼ਰਦ ਪਵਾਰ ਤੇ ਤਾਮਿਲਨਾਡੂ ਵਿਚ ਡੀ. ਐੱਮ. ਕੇ. ਪਾਰਟੀ ਵਾਲਿਆਂ ਨਾਲ ਗੱਲ ਕਰਨ ਲਈ ਕਿਹਾ ਹੈ। ਉਨ੍ਹਾਂ ਦੀ ਰਾਏ ਹੈ ਕਿ ਇਸ ਤਰ੍ਹਾਂ ਉਹ ਇੱਕ ਨਵਾਂ ਫਰੰਟ ਖੜ੍ਹਾ ਕਰ ਕੇ ਭਾਜਪਾ ਨੂੰ ਹਲੂਣਾ ਦੇ ਸਕਦੇ ਹਨ, ਪਰ ਭਾਜਪਾ ਏਨਾ ਬੇਵਕੂਫਾਂ ਦਾ ਟੋਲਾ ਨਹੀਂ ਕਿ ਜੋ ਗੱਲ ਸਾਡੇ ਵਰਗੇ ਲੋਕਾਂ ਦੇ ਮੰਨਣ ਵਿਚ ਕਿਸੇ ਜ਼ੋਰ ਵਾਲੀ ਨਹੀਂ ਜਾਪਦੀ, ਉਸ ਨਾਲ ਭਾਜਪਾ ਦੇ ਆਗੂ ਤ੍ਰਹਿਕ ਜਾਣਗੇ। ਮਹਾਰਾਸ਼ਟਰ ਦਾ ਆਗੂ ਸ਼ਰਦ ਪਵਾਰ ਜਿਵੇਂ ਭਾਜਪਾ ਧੜੇ ਨਾਲੋਂ ਸ਼ਿਵ ਸੈਨਾ ਨੂੰ ਤੋੜਨ ਪਿੱਛੋਂ ਖੁਸ਼ ਹੈ, ਉਵੇਂ ਹੀ ਭਾਜਪਾ ਤੋਂ ਟੁੱਟੇ ਅਕਾਲੀ ਆਗੂਆਂ ਨਾਲ ਮਿਲਣ ਪਿੱਛੋਂ ਉਥੇ ਵੱਸਦੇ ਸਿੱਖ ਵੋਟਰਾਂ ਦੀ ਝਾਕ ਰੱਖ ਸਕਦਾ ਹੈ, ਪਰ ਉਸ ਦੀ ਪਾਰਟੀ ਪੰਜਾਬ ਵਿਚ ਅਕਾਲੀਆਂ ਦੀ ਕੀ ਮਦਦ ਕਰ ਸਕਦੀ ਹੈ, ਉਸ ਦਾ ਇਥੇ ਚਿਰਾਗ ਹੀ ਨਹੀਂ ਜਗਦਾ ਜਾਪਦਾ। ਦੂਜੀ ਤਾਮਿਲਨਾਡੂ ਦੀ ਪਾਰਟੀ ਡੀ. ਐੱਮ. ਕੇ. ਆਪਣੇ ਰਾਜ ਵਿਚ ਅਕਾਲੀ ਦਲ ਕੋਲੋਂ ਕੋਈ ਆਸ ਨਹੀਂ ਰੱਖ ਸਕਦੀ ਤੇ ਪੰਜਾਬ ਵਿਚ ਆਣ ਕੇ ਅਕਾਲੀਆਂ ਨੂੰ ਚੋਣਾਂ ਵਾਸਤੇ ਕੋਈ ਵੋਟਾਂ ਨਹੀਂ ਦਿਵਾ ਸਕਦੀ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚਿਰੋਕਣੀ ਝਾਕ ਹੈ ਕਿ ਕਿਸੇ ਤਰ੍ਹਾਂ ਭਾਰਤੀ ਰਾਜਨੀਤੀ ਦੀਆਂ ਨੈਸ਼ਨਲ ਪਾਰਟੀਆਂ ਵਿਚੋਂ ਇੱਕ ਪਾਰਟੀ ਦਾ ਆਗੂ ਮੰਨਿਆ ਜਾਵਾਂ। ਪੰਜਾਬ ਤੋਂ ਬਾਹਰ ਹਰਿਆਣਾ, ਦਿੱਲੀ ਅਤੇ ਹੋਰ ਰਾਜਾਂ ਵਿਚ ਅਕਾਲੀ ਦਲ ਵੱਲੋਂ ਚੋਣਾਂ ਵਿਚ ਬੰਦੇ ਖੜ੍ਹੇ ਕਰਨ ਦਾ ਉਸ ਦਾ ਮਕਸਦ ਇਹੋ ਹੁੰਦਾ ਸੀ, ਪਰ ਭਾਜਪਾ ਨੇ ਇਸ ਅੱਗੇ ਅੜਿੱਕਾ ਡਾਹੁਣ ਲਈ ਦਿੱਲੀ ਵਿਚ ਸੀਟਾਂ ਛੱਡ ਕੇ ਇਹ ਸ਼ਰਤ ਰੱਖ ਦਿੱਤੀ ਸੀ ਕਿ ਅਕਾਲੀ ਉਮੀਦਵਾਰ ਵੀ ਭਾਜਪਾ ਵਾਲੇ ਚੋਣ ਨਿਸ਼ਾਨ ਉੱਤੇ ਹੀ ਚੋਣਾਂ ਲੜਨਗੇ ਤਾਂ ਕਿ ਕੱਲ੍ਹ ਨੂੰ ਵੱਖਰੀ ਹੋਂਦ ਵਿਖਾਉਣ ਦੀ ਜੁਰਅੱਤ ਨਾ ਕਰ ਸਕਣ। ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ ਅਕਾਲੀ ਦਲ ਨੂੰ ਇਸੇ ਲਈ ਭਾਜਪਾ ਸੀਟਾਂ ਨਹੀਂ ਸਨ ਛੱਡੀਆਂ ਤੇ ਪੰਜਾਬ ਤੱਕ ਰੋਕੀ ਰੱਖਣ ਦੀ ਨੀਤੀ ਉੱਤੇ ਚੱਲਦੀ ਰਹੀ ਸੀ। ਇਸ ਵਕਤ ਜੇ ਸੁਖਬੀਰ ਸਿੰਘ ਬਾਦਲ ਨੈਸ਼ਨਲ ਪਾਰਟੀ ਦਾ ਲੀਡਰ ਨਹੀਂ ਬਣ ਸਕਦਾ ਤਾਂ ਨੈਸ਼ਨਲ ਗੱਠਜੋੜ ਦਾ ਉਸ ਤਰ੍ਹਾਂ ਦਾ ਲੀਡਰ ਬਣਨ ਦੇ ਸੁਫਨੇ ਵੇਖ ਰਿਹਾ ਹੈ, ਜਿਸ ਤਰ੍ਹਾਂ ਛੋਟੀ ਜਿਹੀ ਪਾਰਟੀ ਦਾ ਆਗੂ ਹੋਣ ਦੇ ਬਾਵਜੂਦ ਐੱਨ. ਡੀ. ਏ. ਗੱਠਜੋੜ ਦਾ ਆਗੂ ਜਾਰਜ ਫਰਨਾਂਡੇਜ਼ ਹੋਇਆ ਕਰਦਾ ਸੀ। ਇਸ ਤਰ੍ਹਾਂ ਪੰਜਾਬ ਤੋਂ ਬਾਹਰ ਦੀਆਂ ਪਾਰਟੀਆਂ ਨਾਲ ਸਾਂਝ ਪਾ ਕੇ ਕੌਮੀ ਰਾਜਨੀਤੀ ਵਿਚ ਇੱਕ ਵੱਡੀ ਧਿਰ ਬਣਨ ਦਾ ਸੁਫਨਾ ਤਾਂ ਸੁਖਬੀਰ ਸਿੰਘ ਬਾਦਲ ਕਿਸੇ ਹੱਦ ਤੱਕ ਪੂਰਾ ਕਰ ਸਕਦਾ ਹੈ, ਪਰ ਪੰਜਾਬ ਦੇ ਲੋਕਾਂ ਦਾ ਦੇਸ਼ ਦੀ ਰਾਜਨੀਤੀ ਨਾਲ ਕੋਈ ਮੋਹ ਨਹੀਂ ਹੁੰਦਾ, ਉਹ ਤਾਂ ਪੰਜਾਬ ਦੀ ਰਾਜਨੀਤੀ ਦੇ ਰੰਗ ਵੇਖਦੇ ਹਨ ਤੇ ਉਥੇ ਇਹ ਨਵਾਂ ਦਾਅ ਕੰਮ ਨਹੀਂ ਆ ਸਕਦਾ।
ਗੱਲ ਫਿਰ ਏਥੇ ਆਣ ਟਿਕਦੀ ਹੈ ਕਿ ਕੀ ਅਕਾਲੀ ਦਲ ਨੇ ਸੱਚਮੁੱਚ ਪੱਕਾ ਤੋੜ-ਵਿਛੋੜਾ ਕਰ ਲਿਆ ਜਾਂ ਅਜੇ ਵੀ ਇਸ ਦੀ ਅੰਦਰ ਦੀ ਰਾਜਨੀਤੀ ਹੋਰ ਤੇ ਜਾਹਰਾ ਨੀਤੀ ਹੋਰ ਹੋਵੇਗੀ? ਇਸ ਦਾ ਜਵਾਬ ਅਜੇ ਨਹੀਂ ਮਿਲ ਰਿਹਾ।