ਤ੍ਰੇਲ-ਤੁਪਕਿਆਂ ਦੀ ਤਾਸੀਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਜਗਿਆਸਾ ਦੀ ਜਾਗ ਲਾਉਣ ਦੀ ਨਸੀਹਤ ਕੀਤੀ ਸੀ ਕਿ ਜਗਿਆਸਾ ਜਿਉਂਦੀ ਤਾਂ ਬੰਦਾ ਜਿਉਂਦਾ। ‘ਕੇਰਾਂ ਜਗਿਆਸਾ ਮਰ ਜਾਵੇ ਤਾਂ ਵਿਅਕਤੀਤਵ ਦਾ ਵਿਕਾਸ ਰੁਕ ਜਾਂਦਾ। ਜਗਿਆਸਾ ਜਦ ਵਿਅਕਤੀ ਵਿਚ ਪੈਦਾ ਹੁੰਦੀ ਤਾਂ ਵਿਅਕਤੀ ਪੂਰਨ ਰੂਪ ਵਿਚ ਬਦਲ ਜਾਂਦਾ, ਕਿਉਂਕਿ ਜਗਿਆਸਾ ਹੀ ਬਦਲਾਅ ਦਾ ਸ਼ੁਭ-ਅਰੰਭ ਹੁੰਦਾ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਤ੍ਰੇਲ ਦੇ ਤੁਪਕਿਆਂ ਦੀ ਛੋਹ ਜਿਹਾ ਅਹਿਸਾਸ ਪ੍ਰਗਟਾਇਆ ਹੈ।

ਉਹ ਕਹਿੰਦੇ ਹਨ ਕਿ ਤ੍ਰੇਲ ਵਰਗੇ ਲੋਕ ਜਦ ਜ਼ਿੰਦਗੀ ਵਿਚ ਮਿਲਦੇ ਤਾਂ ਜ਼ਿੰਦਗੀ ਦੀ ਸੁੱਚਮਤਾ ਤੇ ਉਚਮਤਾ ਵਿਚ ਜ਼ਿਕਰਯੋਗ ਵਾਧਾ ਹੁੰਦਾ ਬਸ਼ਰਤੇ ਸਾਨੂੰ ਅਜਿਹੇ ਲੋਕਾਂ ਦੀ ਪਛਾਣ ਹੋਵੇ। ਉਹ ਕਹਿੰਦੇ ਹਨ, “ਜ਼ਿੰਦਗੀ ਵੀ ਤ੍ਰੇਲ-ਤੁਪਕਿਆਂ ਜਿਹੀ ਹੀ ਹੋਣੀ ਚਾਹੀਦੀ ਤਾਂ ਕਿ ਇਹ ਖੁਸ਼ੀਆਂ, ਖੇੜਿਆਂ ਤੇ ਪਾਕੀਜ਼ਗੀ ਦਾ ਸੁਨੇਹੇ ਜੀਵਨ-ਦਰਾਂ ‘ਤੇ ਤ੍ਰੌਂਕਦੀ, ਜੀਵਨ ਦੇ ਉਦਾਸ ਪਲਾਂ ਨੂੰ ਹੁਲਾਸ ਨਾਲ ਭਰ, ਆਪਣੀ ਰੁਖਸਤਗੀ ਦਾ ਜਸ਼ਨ ਮਨਾਏ।” ਡਾਕਟਰੀ ਸਲਾਹ ਜਿਹੇ ਬੋਲਾਂ ਵਾਂਗ ਡਾ. ਭੰਡਾਲ ਦਾ ਕਹਿਣਾ ਹੈ ਕਿ ਕਦੇ-ਕਦਾਈਂ ਤ੍ਰੇਲੇ ਘਾਹ ‘ਤੇ ਨੰਗੇ ਪੈਰੀਂ ਟਹਿਲਣਾ, ਦੁਨਿਆਵੀ ਜ਼ਿੰਮੇਵਾਰੀਆਂ ਤੇ ਪ੍ਰੇਸ਼ਾਨੀਆਂ ਦਰ-ਕਿਨਾਰ ਹੋਣਗੀਆਂ। ਤੁਹਾਨੂੰ ਆਪਣੇ ਆਪ ਦੇ ਰੂਬਰੂ ਹੋਣ, ਸਵੈ-ਚਿੰਤਨ ਕਰਨ ਦਾ ਮੌਕਾ ਮਿਲੇਗਾ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਤ੍ਰੇਲ, ਪਾਣੀ ਦਾ ਸੁੱਚਾ ਰੂਪ। ਵਾਸ਼ਪ ਕਣਾਂ ਦਾ ਮਿਲ ਬੈਠਣਾ। ਬਨਸਪਤੀ ਦੇ ਮੁਖਾਰਬਿੰਦ ਨੂੰ ਸਜਾਉਣਾ ਤੇ ਧਰਤ ਦੀ ਪਿਆਸ ਮਿਟਾਉਣਾ।
ਤ੍ਰੇਲ, ਫੁੱਲ-ਪੱਤੀਆਂ ਦੇ ਮੁੱਖੜੇ ਦੀ ਆਭਾ। ਚਿਹਰਿਆਂ ‘ਤੇ ਤ੍ਰੌਂਕੀ ਜਾ ਰਹੀ ਤਾਜ਼ਗੀ। ਬਿਰਖਾਂ ਦਾ ਨਿਖਾਰਿਆ ਰੂਪ। ਧੋਤਾ-ਧੋਤਾ ਮੁਹਾਂਦਰਾ ਅਤੇ ਲਿਸ਼ਕ ਰਿਹਾ ਪਾਰਦਰਸ਼ੀ ਬਿੰਬ।
ਤ੍ਰੇਲ, ਉਤਰਦੀ ਰਾਤ ਨੂੰ ਉਡੀਕਦੀ। ਤਾਪਮਾਨ ਘਟਦਾ ਅਤੇ ਪਾਣੀ ਦੇ ਵਾਸ਼ਪ-ਕਣ ਮਿਲ ਬੈਠਣ ਦਾ ਸਬੱਬ ਬਣਾਉਂਦੇ। ਇਸ ਸਬੱਬ ਦਾ ਸੁੰਦਰ ਰੂਪ ਏ ਤ੍ਰ.ੇਲ-ਤੁਪਕਿਆਂ ਦਾ ਮੋਤੀ ਹਾਰ। ਇਨ੍ਹਾਂ ‘ਤੇ ਪੈ ਰਹੀਆਂ ਸਰਘੀ ਦੀਆਂ ਕਿਰਨਾਂ ਅਤੇ ਛਣ ਛਣ ਕੇ ਆ ਰਹੀ ਰੰਗਾਂ ਦੀ ਆਬਸ਼ਾਰ ਦੀ ਨਿਰੰਤਰਤਾ।
ਤ੍ਰੇਲ ਬਿਰਖਾਂ, ਫਸਲਾਂ, ਪੌਦਿਆਂ ਦੇ ਸਿਰਿਆਂ ਨੂੰ ਭਿਉਂਦੀ। ਪਿੰਡਿਆਂ ਤੋਂ ਸੇਕ ਨੂੰ ਚੂਸ, ਹਿਰਦਿਆਂ ਵਿਚ ਠੰਢਕ ਪਹੁੰਚਾਉਂਦੀ, ਜੜ੍ਹਾਂ ਵਿਚ ਉਤਰੇ ਸੋਕੇ ਨੂੰ ਦੂਰ ਕਰਦੀ ਅਤੇ ਵਧਣ-ਫੁਲਣ ਵਿਚ ਆਸਰਾ ਦਿੰਦੀ।
ਤ੍ਰੇਲ, ਪੱਤਿਆਂ ਤੇ ਸਜੀ ਮੋਤੀਆਂ ਦੀ ਮਾਲਾ। ਤਨ ਤੋਂ ਥਿਰਕਦੀ ਤਰਲਤਾ। ਇਸ ਵਿਚੋਂ ਹੀ ਪੈਦਾ ਹੋਈ ਜੀਵਨ ਵਿਚਲੀ ਥਿਰਕਣ, ਸੰਗੀਤਕਤਾ ਨੂੰ ਮਨ ਦੀ ਜੂਹ ਦੇ ਨਾਮ ਕਰਦੀ।
ਤ੍ਰੇਲ ਦੇ ਕਣ ਮਿਲ ਕੇ ਨਿੱਕੇ-ਵੱਡੇ ਤ੍ਰੇਲ-ਤੁਪਕਿਆਂ ਦਾ ਰੂਪ ਧਾਰਦੇ ਅਤੇ ਫਿਰ ਹੌਲੀ ਹੌਲੀ ਤਿਲਕਦੇ ਜੜ੍ਹਾਂ ਵਿਚ ਉਤਰ ਜਾਂਦੇ।
ਤ੍ਰੇਲ-ਤੁਪਕਿਆਂ ਦੀ ਕਲਾ-ਕ੍ਰਿਤ, ਕਾਦਰ ਦਾ ਕ੍ਰਿਸ਼ਮਾ। ਇਸ ਦੀ ਪਾਰਦਰਸ਼ਤਾ ਵਿਚ ਘੁੱਲਿਆ ਏ ਸੱਤਰੰਗਾ ਮਿਸ਼ਰਣ। ਜਦ ਸੂਰਜ ਦੀਆਂ ਕਿਰਨਾਂ ਇਨ੍ਹਾਂ ਵਿਚੀਂ ਆਰ-ਪਾਰ ਹੁੰਦੀਆਂ ਤਾਂ ਸੱਤਰੰਗੀ ਫਿਜ਼ਾ ਦੇ ਨਾਮ ਹੁੰਦੀ।
ਤ੍ਰੇਲ-ਤੁਪਕਿਆਂ ਨੂੰ ਨਿਹਾਰਨਾ, ਜੀਵਨ ਦੇ ਸੂਖਮ ਅਤੇ ਸੁੰਦਰ ਪਲ। ਜੀਵਨ ਦੀ ਸੁੱਚਮਤਾ ਅਤੇ ਉਚਮਤਾ ਦੇ ਦੀਦਾਰੇ। ਇਸ ਨਾਲ ਜੀਵਨ-ਰੂਪੀ ਪ੍ਰਿਜ਼ਮ ਵਿਚੋਂ ਕਈ ਪਰਤਾਂ ਫਰੋਲ ਸਕਦੇ ਹਾਂ। ਇਨ੍ਹਾਂ ਵਿਚੋਂ ਤੁਸੀਂ ਕਿਹੜੀ ਪਰਤ ਦਾ ਸਿਰਨਾਵਾਂ ਬਣਨਾ ਅਤੇ ਕਿਸ ਪਰਤ ਨੂੰ ਨਕਾਰਨਾ, ਇਹ ਮਨੁੱਖੀ ਸੋਚ ਵਿਚ ਬੈਠੀ ਸੰਵੇਦਨਾ ਦਾ ਆਧਾਰ ਹੁੰਦਾ।
ਤ੍ਰੇਲ ਜਦ ਘਾਹ ਦੀਆਂ ਪੱਤੀਆਂ ‘ਤੇ ਆਪਣੀ ਸਪੱਰਸ਼ ਦਾ ਜਾਦੂ ਧੂੜਦੀ ਤਾਂ ਇਸ ਦੀ ਰੂਹ ਵਿਚ ਕੋਮਲਤਾ ਦਾ ਸਰੂਰ ਪੈਦਾ ਹੁੰਦਾ। ਉਸ ਨੂੰ ਸਕੂਨ ਤੇ ਸਬੂਰੀ ਹਾਸਲ ਹੁੰਦੀ। ਕਦੇ ਨੰਗੇ ਪੈਰੀ ਘਾਹ ‘ਤੇ ਤੁਰਨਾ, ਇਕ ਵਿਸਮਾਦ ਮਨ-ਮੰਦਰ ਵਿਚ ਤਾਰੀ ਹੋਵੇਗਾ ਅਤੇ ਪੈਰਾਂ ਨੂੰ ਠੰਢਕ ਦਾ ਅਹਿਸਾਸ ਹੋਵੇਗਾ, ਜਿਸ ਨਾਲ ਮਨੁੱਖ ਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਤੇ ਤਾਜ਼ਗੀ ਦਾ ਅਹਿਸਾਸ ਹੁੰਦਾ। ਕਿੰਨਾ ਚੰਗਾ ਲੱਗਦਾ ਸੀ ਬਚਪਨੇ ਵਿਚ ਸਵੇਰ ਵੇਲੇ ਵੱਟਾਂ ‘ਤੇ ਤੁਰਨਾ, ਪੈਰਾਂ ਨੂੰ ਤ੍ਰੇਲ ਨਾਲ ਭਿਉਣਾ ਅਤੇ ਇਸ ਨੂੰ ਰੂਹ-ਏ-ਰਵਾਨੀ ਬਣਾਉਣਾ। ਕੇਹੇ ਪਲ ਸਨ, ਜਿਨ੍ਹਾਂ ਨੂੰ ਮੁੜ ਜਿਉਣ ਨੂੰ ਜੀਅ ਕਰਦਾ। ਕਦੇ ਵੀ ਬੱਚੇ ਨੂੰ ਨੰਗੇ ਪੈਰੀਂ ਘਾਹ ‘ਤੇ ਤੁਰਨ ਤੋਂ ਨਾ ਵਰਜਣਾ, ਕਿਉਂਕਿ ਜਿਹੜੇ ਪਲਾਂ ਦੀ ਯਾਦ ਅਸੀਂ ਸਾਂਭੀ ਬੈਠੈ ਹਾਂ, ਉਹ ਪਲ ਬੱਚਿਆਂ ਰਾਹੀਂ ਜਿਉਣਾ, ਬਹੁਤ ਵੱਡਾ ਧੰਨਭਾਗ ਹੁੰਦਾ।
ਤ੍ਰੇਲ ਜੀਵਨ ਦਾ ਅਧਾਰ। ਭਾਵੇਂ ਇਹ ਬਨਸਪਤੀ ਹੋਵੇ, ਕਾਇਨਾਤ ਹੋਵੇ ਅਤੇ ਕਾਇਨਾਤ ਦਾ ਕਿਣਕਾ ਮਾਤਰ ਇਕ ਮਨੁੱਖ ਹੋਵੇ। ਤ੍ਰੇਲੇ ਰਾਹਾਂ ਨੂੰ ਮਨ-ਮਾਰਗ ਬਣਾਉਣਾ, ਤ੍ਰੇਲ ਭਿੱਜੀਆਂ ਮੰਜ਼ਿਲਾਂ ਦਾ ਸਿਰਨਾਵਾਂ ਤੁਹਾਡੇ ਮੱਥੇ ‘ਤੇ ਖੁਣਿਆ ਜਾਵੇਗਾ।
ਤ੍ਰੇਲ ਤੇਹ ਦਾ ਰੂਪ, ਪਿਆਰ ਦਾ ਮੁਜੱਸਮਾ। ਤ੍ਰੇਲ ਦਾ ਬੂਟਿਆਂ ਨਾਲ ਤੇਹ ਹੀ ਹੁੰਦਾ ਕਿ ਉਹ ਹਰ ਰੋਜ਼ ਇਨ੍ਹਾਂ ਨੂੰ ਧਾਅ ਕੇ ਮਿਲਦੀ। ਇਨ੍ਹਾਂ ਨੂੰ ਨਿਖਾਰਦੀ, ਸੰਵਾਰਦੀ, ਸ਼ਿੰਗਾਰਦੀ, ਨਿਹਾਰਦੀ ਅਤੇ ਫਿਰ ਅਗਲੇ ਦਿਨ ਦਾ ਵਾਅਦਾ ਕਰਕੇ ਅਲਵਿਦਾ ਹੁੰਦੀ।
ਤ੍ਰੇਲ-ਤੁਪਕਿਆਂ ਵਰਗੇ ਕੁਝ ਹੀ ਲੋਕ ਹੁੰਦੇ, ਜੋ ਖੁਦ ਨੂੰ ਕਿਸੇ ਲਈ ਅਰਪਿੱਤ ਕਰ, ਆਪਣੀ ਹੋਂਦ ਵਿਚੋਂ ਕਿਸੇ ਹਸਤੀ ਦੀ ਸਿਰਜਣਾ ਕਰਦੇ ਅਤੇ ਵਾਸ਼ਪ ਹੋ ਕੇ, ਨਵੇਂ ਸਫਰ ਦੀ ਤਿਆਰੀ ਵਿਚ ਰੁੱਝ ਜਾਂਦੇ।
ਤ੍ਰੇਲ ਵਰਗੇ ਲੋਕ ਜਦ ਜ਼ਿੰਦਗੀ ਵਿਚ ਮਿਲਦੇ ਤਾਂ ਜ਼ਿੰਦਗੀ ਦੀ ਸੁੱਚਮਤਾ ਤੇ ਉਚਮਤਾ ਵਿਚ ਜ਼ਿਕਰਯੋਗ ਵਾਧਾ ਹੁੰਦਾ ਬਸ਼ਰਤੇ ਸਾਨੂੰ ਅਜਿਹੇ ਲੋਕਾਂ ਦੀ ਪਛਾਣ ਹੋਵੇ। ਇਨ੍ਹਾਂ ਤ੍ਰੇਲ-ਤੁਪਕਿਆਂ ਨੂੰ ਰੂਹ ਵਿਚ ਰਮਾ, ਸੰਜੀਵਨੀ ਸਮਝ, ਖੁਦ ਨੂੰ ਉਚਾਰੂ ਤੇ ਸੁਚਾਰੂ ਰੂਪ ਵੱਲ ਸੇਧਤ ਕਰ ਸਕੀਏ।
ਤ੍ਰੇਲ ਵਰਗੇ ਕੁਝ ਰਿਸ਼ਤੇ ਵੀ ਹੁੰਦੇ, ਜੋ ਆਪਸੀ ਨੇੜਤਾ ਵਿਚਲੇ ਅਹਿਸਾਸਾਂ ਨੂੰ ਨਿਵੇਕਲਾਪਣ ਤੇ ਨਰੋਇਆਪਣ ਬਖਸ਼, ਸਬੰਧਾਂ ਨੂੰ ਨਵੀਂ ਤਸ਼ਬੀਹ ਦਿੰਦੇ। ਇਹ ਸਬੰਧ ਖੁਦ ਦੇ ਸਮਰਪਣ ਅਤੇ ਨਿਛਾਵਰਤਾ ਰਾਹੀਂ, ਕਿਸੇ ਦੀ ਜ਼ਿੰਦਗੀ ਦੇ ਅੰਬਰ ਦਾ ਸਿਰਨਾਵਾਂ ਸਿਰਜਣ ਵਿਚ ਅਹਿਮ ਹੁੰਦੇ।
ਤ੍ਰੇਲ-ਤੁਪਕਿਆਂ ਵਰਗੇ ਕੁਝ ਲੋਕ ਵੀ ਸਾਡੀ ਜ਼ਿੰਦਗੀ ਵਿਚ ਪਰਵੇਸ਼ ਕਰਦੇ, ਜਿਨ੍ਹਾਂ ਸਦਕਾ ਅਸੀਂ ਕਦਰਾਂ-ਕੀਮਤਾਂ ਨੂੰ ਸਮਝਣ, ਅਪਨਾਉਣ ਅਤੇ ਇਸ ਦੀ ਸਮੁੱਚਤਾ ਨੂੰ ਵਿਅਕਤੀਤਵ ਵਿਚ ਰਚਾਉਣ ਦੇ ਕਾਬਲ ਹੁੰਦੇ। ਸਾਡੀਆਂ ਪ੍ਰਾਪਤੀਆਂ, ਸਫਲਤਾਵਾਂ ਅਤੇ ਨਵੇਂ ਦਿਸਹੱਦਿਆਂ ਦੀ ਸਿਰਜਣਾ ਵਿਚ ਇਨ੍ਹਾਂ ਤ੍ਰੇਲ-ਤੁਪਕਿਆਂ ਵਰਗੀਆਂ ਅਜ਼ੀਮ ਸ਼ਖਸੀਅਤਾਂ ਦਾ ਅਹਿਮ ਯੋਗਦਾਨ। ਭਾਵੇਂ ਇਹ ਅਧਿਆਪਕ, ਰਹਿਨੁਮਾ, ਰਹਿਬਰ ਜਾਂ ਰਾਹ-ਦਸੇਰਾ ਹੋਵੇ। ਇਹ ਮਾਪੇ ਵੀ ਹੁੰਦੇ। ਤੁਹਾਡੀ ਪ੍ਰਾਪਤੀਆਂ ਵਿਚੋਂ ਆਪਣੇ ਨਕਸ਼ ਨਿਹਾਰਨ ਵਾਲੇ ਕੁਝ ਆਪਣੇ ਵੀ ਹੁੰਦੇ। ਆਪਣੀਆਂ ਤਰਜ਼ੀਹਾਂ ਵਿਚ ਤਕਦੀਰ ਸਿਰਜਣ ਵਾਲੇ ਅਚੇਤ ਰੂਪ ਵਿਚ ਉਹ ਸੱਜਣ ਵੀ ਹੁੰਦੇ, ਜੋ ਅਲੋਪ ਰਹਿ ਕੇ ਵੀ ਕੁਝ ਅਜਿਹੇ ਕਰ ਜਾਂਦੇ ਕਿ ਬੰਦੇ ਵਿਚ ਦੇ ਮਨ ਵਿਚ ਸ਼ੁਕਰਗੁਜ਼ਾਰੀ ਦੇ ਅਹਿਸਾਸ, ਅਦਬ ਬਣ ਜਾਂਦੇ।
ਤ੍ਰੇਲ-ਤੁਪਕਿਆਂ ਵਰਗੇ ਕੁਝ ਪਲ ਵੀ ਹੁੰਦੇ, ਜਦ ਰੱਕੜ ਵਰਗੀ ਜਿੰ.ਦਗੀ ਵਿਚ ਤ੍ਰੇਲ-ਤੁਪਕਿਆਂ ਦੀ ਰਿਮਝਿਮ ਦਾ ਨਾਦ ਗੁੰਜਦਾ। ਜ਼ਿੰਦਗੀ ਦੀ ਬੇਲਿਹਾਜ਼ੀ ਤੋਂ ਅੱਕਿਆਂ ਦੇ ਮਨਾਂ ਵਿਚ ਫਿਰ ਤੋਂ ਜ਼ਿੰਦਗੀ ਨੂੰ ਜਿਉਣ ਦਾ ਚਾਅ ਪੈਦਾ ਹੁੰਦਾ। ਜ਼ਿੰਦਗੀ ਤੋਂ ਰੁਖਸਤਗੀ ਭਾਲਣ ਵਾਲੇ ਪੈਰ ਘਰਾਂ ਨੂੰ ਪਰਤਦੇ ਅਤੇ ਗਰਾਂ, ਦਰਾਂ ਤੇ ਘਰਾਂ ਨੂੰ ਆਪਣਿਆਂ ਦੀ ਛੋਹ ਅਤੇ ਕੋਮਲਤਾ ਭਰੀ ਗਲਵਕੜੀ ਮਿਲਦੀ।
ਤ੍ਰੇਲ-ਤੁਪਕਿਆਂ ਜਿਹੀਆਂ ਕੁਝ ਰੂਹਾਂ ਵੀ ਹੁੰਦੀਆਂ ਜਿਨ੍ਹਾਂ ਨਾਲ ਕੁਝ ਪਲਾਂ ਦਾ ਮਿਲਾਪ ਜਾਂ ਮਿਲ ਬੈਠਣੀ, ਮਨ ਦੇ ਅਵੈੜੇ ਵਿਚਾਰਾਂ ਨੂੰ ਸੇਧ ਤੇ ਸੰਭਾਵਨਾ ਬਣਾ ਦਿੰਦੀ ਜੋ ਨਵੀਆਂ ਸਫ਼ਲਤਾਵਾਂ ਦਾ ਸਿਰਨਾਵਾਂ ਹੋ ਨਿਬੜਦੀਆਂ। ਕਦੇ ਮਹਾਨ ਵਿਅਕਤੀਆਂ ਦੀ ਸੰਗਤ ਮਾਣਨਾ, ਉਨ੍ਹਾਂ ਦੇ ਜੀਵਨ ਵਿਚਲੀਆਂ ਅਹਿਮ ਘਟਨਾਵਾਂ ਦੀਆਂ ਪਰਤਾਂ ਫਰੋਲਣਾ, ਰੁੱਖੀ ਜਿਹੀ ਜ਼ਿੰਦਗੀ ਵਿਚ ਸਪਰਸ਼-ਛੋਹ ਦੀ ਅਜਿਹੀ ਤਮੰਨਾ ਪੈਦਾ ਹੋਵੇਗੀ ਕਿ ਤੁਸੀਂ ਉਨ੍ਹਾਂ ਦੇ ਸੰਗਤੀ ਸੰਦੇਸ਼ ਨਾਲ ਜੀਵਨ ਨੂੰ ਨਵੀਂ ਤਰਤੀਬ ਦੇਣ ਦੇ ਕਾਬਲ ਹੋ ਜਾਵੋਗੇ।
ਤ੍ਰੇਲ-ਤੁਪਕੇ ਪਿਆਰ ਦੇ ਸੂਚਕ। ਤੇਹ ਦੀ ਤਮੰਨਾ, ਨਰਮ ਗਲਵੱਕੜੀ, ਨਿੱਘ-ਮਿਲਣੀ ਵਰਗਾ ਵਿਸਮਾਦ। ਆਪਣਿਆਂ ਦੇ ਗਲ ਲੱਗ ਕੇ ਸੁੱਖਦ ਪਲਾਂ ਨੂੰ ਮਾਣਨਾ। ਪਾਕੀਜ਼ਗੀ ਦੀ ਪਾਹੁਲ ਤੇ ਮੁਹੱਬਤ ਦਾ ਚਸ਼ਮਾ, ਜਿਸ ਦਾ ਸੰਗੀਤ ਤੇ ਮਧੁਰਤਾ ਜੀਵਨ ਨਾਦ ਬਣਦਾ।
ਤ੍ਰੇਲ-ਤੁਪਕੇ ਵਰਗੇ ਪਲ ਹਰੇਕ ਦੀ ਜ਼ਿੰਦਗੀ ਵਿਚ ਦਸਤਕ ਦਿੰਦੇ। ਇਸ ਦੀ ਤਰਲਤਾ ਤੇ ਪਾਰਦਰਸ਼ਤਾ ਕਾਰਨ ਮਨ ਵਿਚ ਹਲੂਸ ਅਤੇ ਖਲੂਸ ਭਰਿਆ ਜਾਂਦਾ। ਇਹ ਮਨੁੱਖ ਦੇ ਨਿੱਜ ‘ਤੇ ਨਿਰਭਰ ਕਿ ਉਸ ਨੇ ਇਨ੍ਹਾਂ ਪਲ ਨੂੰ ਜੀਵਨ ਭਰ ਦਾ ਸਾਥ ਬਣਾਉਣਾ ਜਾਂ ਇਨ੍ਹਾਂ ਦੀ ਅਣਦੇਖੀ ਕਰਕੇ, ਖੁਦ ਨੂੰ ਕਿਸੇ ਗੁੰਮਨਾਮੀ ਦੇ ਰਾਹ ਪਾਉਣਾ।
ਤ੍ਰੇਲ ਵਰਗੀਆਂ ਰੁੱਤਾਂ ਕਦੇ ਕਦਾਈਂ ਹੀ ਮਨ-ਵਿਹੜੇ ਵਿਚ ਦਸਤਕ ਦਿੰਦੀਆਂ। ਇਸ ਦਸਤਕ ਨੂੰ ਕਿਹੜੇ ਰੂਪ ਵਿਚ ਸੁਣਨਾ, ਕੀ ਹੁੰਗਾਰਾ ਭਰਨਾ ਤੇ ਕਿਵੇਂ ਖੁਸ਼ਆਮਦੀਦ ਕਹਿਣਾ-ਇਹ ਮਨੁੱਖੀ ਸੰਵੇਦਨਾ ਲਈ ਅਹਿਮ ਸਵਾਲ। ੀeਸ ਦਾ ਜਵਾਬ ਵੀ ਮਨੁੱਖ ਨੂੰ ਹੀ ਲੱਭਣਾ ਪੈਣਾ।
ਤ੍ਰੇਲ-ਭਿੱਜੀਆਂ ਰੂਹਾਂ, ਪਾਕ ਪਵਿੱਤਰ। ਇਨ੍ਹਾਂ ਦੇ ਬੋਲਾਂ ਵਿਚ ਖੁਦਾਵੰਦ ਦੀ ਖੁਦਾਈ ਅਤੇ ਚੌਗਿਰਦੇ ਵਿਚ ਸਿਰਜਣਾਮਈ ਆਭਾ-ਮੰਡਲ। ਇਸ ‘ਚ ‘ਕੇਰਾਂ ਖੁਦ ਨੂੰ ਲਬਰੇਜ਼ ਕਰਕੇ ਦੇਖਣਾ, ਜੀਵਨ ਦੇ ਅਰਥ ਹੀ ਬਦਲ ਜਾਣਗੇ। ਜੀਵਨ ਦੇ ਮਕਸਦ ਤੇ ਇਸ ਦੀ ਪੂਰਤੀ ਦਰਮਿਆਨ ਵਿੱਥਾਂ ਖੁਦ ਹੀ ਪੂਰੀਆਂ ਜਾਣਗੀਆਂ।
ਤ੍ਰੇਲ-ਤੁਪਕੇ, ਕੁਦਰਤ ਨੂੰ ਸ਼ਿੰਗਾਰਨ ਜਾਂ ਇਸ ਦੀ ਸੁੰਦਰਤਾ ਵਿਚ ਅਸੀਮ ਵਾਧਾ ਕਰਨ ਦੇ ਨਾਲ-ਨਾਲ ਇਹ ਕੁਦਰਤ ਦਾ ਰੂਪ ਧਾਰਦੇ ਅਤੇ ਕੁਦਰਤ ਦੇ ਵਧਣ-ਫੁਲਣ ਤੇ ਵਿਗਸਣ ਵਿਚ ਵੀ ਸਹਾਈ ਹੁੰਦੇ।
ਤ੍ਰੇਲ-ਤੁਪਕੇ ਲਈ ਜਰੂਰੀ ਹੁੰਦਾ ਏ, ਸੂਰਜ ਦਾ ਡੁੱਬਣਾ, ਰਾਤ ਦਾ ਉਤਰਨਾ, ਤਾਪਮਾਨ ਦਾ ਨਿਸ਼ਚਿਤ ਤਾਪਮਾਨ ਤੋਂ ਹੇਠਾਂ ਜਾਣਾ, ਵਾਯੂਮੰਡਲ ਵਿਚ ਜਲ-ਵਾਸ਼ਪਾਂ ਦੀ ਵੱਧ ਮਾਤਰਾ। ਤਾਪਮਾਨ ਘੱਟਣ ਨਾਲ ਤ੍ਰੇਲ ਤੁਪਕੇ ਆਪਣਾ ਰੂਪ ਧਾਰਦੇ, ਵਿਸਥਾਰਦੇ ਅਤੇ ਬਨਸਪਤੀ ਨੂੰ ਆਪਣੇ ਕਲਾਵੇ ਵਿਚ ਲੈਂਦੇ। ਇਸ ਲਈ ਸਾਜ਼ਗਾਰ ਮਾਹੌਲ ਦਾ ਹੋਣਾ ਲਾਜ਼ਮੀ ਤਾਂ ਹੀ ਅਜਿਹੇ ਮੌਕੇ ਪੈਦਾ ਹੋਣ, ਜਿਨ੍ਹਾਂ ਵਿਚ ਤ੍ਰੇਲ-ਤੁਪਕਿਆਂ ਵਰਗੇ ਅਜ਼ੀਮ ਸ਼ਖਸਾਂ ਦਾ ਸਾਥ ਮਿਲੇ ਅਤੇ ਜੀਵਨੀ ਪਤਝੜ ਵਿਚ ਬਹਾਰਾਂ ਦੀ ਆਮਦ ਹੋਵੇ।
ਯਾਦ ਰੱਖਣਾ! ਤ੍ਰੇਲ-ਤੁਪਕੇ ਬਹੁਤ ਹੀ ਸੋਹਲ ਤੇ ਅਸਥਿੱਰ ਹੁੰਦੇ। ਜਰਾ ਜਿੰਨੀ ਹਰਕਤ ਜਾਂ ਸੂਰਜੀ ਤਪਸ਼ ਵਿਚ ਆਪਣਾ ਰੂਪ ਵਟਾਉਂਦਿਆਂ ਦੇਰ ਨਹੀਂ ਲਾਉਂਦੇ। ਲੋੜ ਹੈ, ਤ੍ਰੇਲ-ਤੁਪਕਿਆਂ ਦੀ ਥੋੜ੍ਹਚਿਰੀ ਅਉਧ ਵਿਚ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਤਾਂ ਕਿ ਤ੍ਰੇਲ-ਤੁਪਕਿਆਂ ਨੂੰ ਆਪਣੀ ਸਾਰਥਕਤਾ ‘ਤੇ ਵੀ ਨਾਜ਼ ਹੋਵੇ। ਫਿਰ ਉਹ ਵਾਰ ਵਾਰ ਤੁਹਾਡੇ ਦਰਾਂ ‘ਤੇ ਅਲਖ ਜਗਾਉਂਦੇ, ਫਕੀਰ ਵਾਂਗ ਹੋਕਰਾ ਲਾਉਂਦੇ ਅਤੇ ਦੁਆਵਾਂ ਨਾਲ ਨਵੀਆਂ ਸੰਭਾਵਨਾਵਾਂ ਦਾ ਜਾਗ ਲਾਉਂਦੇ। ਸੋਚਾਂ ਵਿਚ ਮੌਲਿਕਤਾ ਅਤੇ ਕਦਮਾਂ ਵਿਚ ਹਿੰਮਤ ਤੇ ਸਿਰੜ ਦਾ ਪੈਗਾਮ ਧਰ ਨਵੇਂ ਰਾਹਾਂ ਦਾ ਰਾਹੀ ਬਣਨ ਲਈ ਪ੍ਰੇਰਿਤ ਕਰਦੇ।
ਕਦੇ-ਕਦਾਈਂ ਤ੍ਰੇਲੇ ਘਾਹ ‘ਤੇ ਨੰਗੇ ਪੈਰੀ ਟਹਿਲਣਾ, ਦੁਨਿਆਵੀ ਜ਼ਿੰਮੇਵਾਰੀਆਂ ਤੇ ਪ੍ਰੇਸ਼ਾਨੀਆਂ ਦਰ-ਕਿਨਾਰ ਹੋਣਗੀਆਂ। ਤੁਹਾਨੂੰ ਆਪਣੇ ਆਪ ਦੇ ਰੂਬਰੂ ਹੋਣ, ਸਵੈ-ਚਿੰਤਨ ਕਰਨ ਦਾ ਮੌਕਾ ਮਿਲੇਗਾ। ਇਸ ਨਾਲ ਸ਼ੁਭ ਵਿਚਾਰਾਂ ਨਾਲ ਰੰਗੀ ਚੇਤਨਾ ਉਦੈ ਹੋਵੇਗੀ, ਜੋ ਤੁਹਾਡੇ ਨਸੀਬਾਂ ਨੂੰ ਉਜਵਲ ਕਰਦੀ, ਨਵੀਆਂ ਬੁਲੰਦੀਆਂ ਦਾ ਮਾਣ ਵੀ ਬਣ ਸਕਦੀ ਏ।
ਤ੍ਰੇਲ-ਤੁਪਕਿਆਂ ਨੂੰ ਵਾਚਦੇ ਤੁਸੀਂ ਕੁਦਰਤ ਦੇ ਸਭ ਤੋਂ ਕਰੀਬ। ਸਵੇਰੇ ਸਵੇਰੇ ਪੰਛੀਆਂ ਦਾ ਚਹਿਕਣਾ, ਆਲ੍ਹਣੇ ਤੋਂ ਉਡਾਰੀਆਂ ਭਰ ਰਹੇ ਪਰਿੰਦਿਆਂ ਦੀਆਂ ਡਾਰਾਂ ਅਤੇ ਬੋਟਾਂ ਦੀ ਚੀਂ ਚੀਂ ਇਕ ਮਧੁਰ ਸੰਗੀਤ ਬਣ, ਤੁਹਾਡੇ ਮਨ ਵਿਚ ਕੁਦਰਤੀ ਇਕਸੁਰਤਾ ਪੈਦਾ ਕਰੇਗੀ। ਇਹ ਮਨੁੱਖੀ ਪ੍ਰੇਸ਼ਾਨੀਆਂ ਤੇ ਭਟਕਣਾ ਲਈ ਰਾਹਤ। ਮਨੁੱਖ ਹੌਲਾ ਹੌਲਾ ਫੁੱਲ ਹੋ, ਨਵੀਂ ਊਰਜਾ ਨਾਲ ਨਵੇਂ ਦਿਨ ਦੀ ਸ਼ੁਰੂਆਤ ਕਰਦਾ। ਲੋਕ ਅਕਸਰ ਤ੍ਰੇਲ ਧੋਤੇ ਰਾਹਾਂ ‘ਤੇ ਨਵੀਆਂ ਪੈੜਾਂ ਤੇ ਪਹਿਲਕਦਮੀਆਂ ਦੀ ਸਿਰਜਣਾ ਦਾ ਸੁਪਨਾ ਲੈਂਦੇ। ਇਹ ਸੁਪਨੇ ਹੀ ਸੱਚ ਬਣ ਕੇ ਜੀਵਨ ਦੀਆਂ ਮੂਲ ਧਾਰਨਾਵਾਂ ਦੀ ਸੁੱਚਮਤਾ ਦੀ ਤਸ਼ਬੀਹ ਅਤੇ ਤਕਦੀਰ ਬਣਦੇ।
ਤ੍ਰੇਲ-ਤੁਪਕੇ ਖੁਦ ਵੀ ਬਣਨ ਦਾ ਮਨ ਵਿਚ ਵਿਚਾਰ ਜਰੂਰ ਪੈਦਾ ਕਰਨਾ, ਕਿਉਂਕਿ ਤ੍ਰੇਲ-ਤੁਪਕੇ ਬਣ ਕੇ ਜਦ ਤੁਸੀਂ ਕਿਸੇ ਦਾ ਮੁੱਖ ਧੋਵੋਗੇ, ਉਸ ਦੇ ਪਿੰਡੇ ਤੇ ਸੱਤਰੰਗੀ ਫੈਲਾਉਗੇ ਅਤੇ ਉਸ ਦੀ ਮਨ-ਜੂਹ ਵਿਚ ਸੁਹਜਤਾ, ਸਹਿਜਤਾ, ਕੋਮਲਤਾ ਅਤੇ ਮਾਸੂਮੀਅਤ ਭਰੇ ਪਲਾਂ ਨੂੰ ਉਪਜਾਓਗੇ ਤਾਂ ਕਿਸੇ ਦੇ ਮਰਨਾਉ ਪਲਾਂ ਵਿਚ ਜਿਉਣ ਦੀ ਤਮੰਨਾ ਜਰੂਰ ਪੈਦਾ ਹੋਵੇਗੀ। ਫਿਰ ਜਾਗੇ ਹੋਏ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। ਤ੍ਰੇਲ-ਤੁਪਕਿਆਂ ਦੇ ਛਿੱਟੇ ਮਾਰ ਕੇ ਸੁੱਤਿਆਂ ਨੂੰ ਜਗਾਉਣਾ, ਮਨੁੱਖਤਾ ਸਦਾ ਰਿਣੀ ਰਹੇਗੀ।
ਤ੍ਰੇਲ, ਜਿੰ.ਦਗੀ ਲਈ ਸਭ ਤੋਂ ਵੱਡੀ ਰਹਿਮਤ ਤੇ ਦੁਆ, ਗਨੀਮਤ ਤੇ ਗਰੀਮਾ, ਸੁਖਨ ਤੇ ਸਕੂਨ, ਸਹਿਜ ਤੇ ਸੁਹਜ, ਸੁੰਦਰ ਸਰੂਪ ਤੇ ਅਨੰਤ ਅਨੂਪ ਅਤੇ ਵਰਤ-ਵਰਤਾਰਾ ਤੇ ਜੀਵਨ-ਆਧਾਰਾ। ਇਸ ਨਿਆਮਤ ਵਿਚ ਕਦੇ ਖਿਆਨਤ ਨਾ ਕਰਨਾ। ਬਰਕਤਾਂ ਨੂੰ ਝੋਲੀ ਪਵਾਉਣਾ। ਸੰਗੀਆਂ, ਸਾਥੀਆਂ ਤੇ ਪਿਆਰਿਆਂ ਵਿਚ ਵਰਤਾਣਾ, ਜ਼ਿੰਦਗੀ ਦਾ ਹਰ ਸੁੱਖ-ਸਾਧਨ ਤੇ ਸਬਰ-ਸਬੂਰੀ ਮਨੁੱਖੀ ਹਾਸਲ ਬਣੇਗੀ।
ਤ੍ਰੇਲਿਆ ਪਹਿਰ, ਜ਼ਿੰਦਗੀ ਦੇ ਮੰਡਲ ਦੀ ਸੈਰ। ਜੀਵਨ ਨਿਰੰਤਰਤਾ ਦਾ ਘੁਮੇਰ, ਸਰਘੀ ਦੀ ਪੈੜ, ਕਿਰਨ-ਕਾਫਲੇ ਦਾ ਧਰਤੀ ‘ਤੇ ਪੱਬ ਟਿਕਾਣਾ, ਬਿਰਖਾਂ ਦੀਆਂ ਸ਼ਾਖਾਵਾਂ ਵਿਚੋਂ ਛਣ ਕੇ ਆਉਂਦੀ ਰੌਸ਼ਨੀ ਅਤੇ ਤ੍ਰੇਲ ਵਿਚੋਂ ਆਰ-ਪਾਰ ਹੁੰਦੀ ਰੌਸ਼ਨੀ ਵਿਚਲੇ ਰੰਗਾਂ ਦਾ ਬਿਖਰਾਅ। ਬਹੁਤ ਕੁਝ ਧਰਦੇ ਨੇ ਤ੍ਰੇਲ-ਤੁਪਕੇ, ਜ਼ਿੰਦਗੀ ਦੀ ਮਸਤਕ-ਜੂਹੇ।
ਤ੍ਰੇਲ-ਤੁਪਕੇ ਬੱਚਿਆਂ ਵਰਗੇ। ਕੁਝ ਪਲ ਮਾਪਿਆਂ ਤੇ ਬਜੁਰਗਾਂ ਦੀਆਂ ਚਿੰਤਾਵਾਂ ਅਤੇ ਫਿਕਰਾਂ ਨੂੰ ਰਾਹਤ। ਇਸੇ ਕਰਕੇ ਬੰਦਾ ਸਾਰੀ ਉਮਰ ਆਪਣੇ ਬਚਪਨੇ ਨੂੰ ਨਹੀਂ ਭੁਲਾਉਂਦਾ। ਮੁੜ ਮੁੜ ਬਚਪਨੇ ਵਿਚ ਪਰਤਣਾ ਚਾਹੁੰਦਾ; ਤਾਂ ਹੀ ਬਜੁਰਗਾਂ ਦੀਆਂ ਆਦਤਾਂ ਬਚਪਨੇ ਵਾਲੀਆਂ ਹੁੰਦੀਆਂ।
ਤ੍ਰੇਲ ਤੀਬਰਤਾ, ਤਾਂਘ ਅਤੇ ਤਮੰਨਾਵਾਂ ਦੀ ਤੜਪ। ਗਲਵੱਕੜੀ, ਗੱਲਬਾਤ ਅਤੇ ਗੌਰਵਮਈ ਪਲਾਂ ਦੀ ਅਨਾਇਤ। ਕਾਇਨਾਤ ਦੀ ਸੁੱਚੀ ਇਬਾਰਤ ਅਤੇ ਕਾਦਰ ਦੀ ਉਚਤਮ ਇਬਾਦਤ। ਕਦੇ ਕਦੇ ਇਸ ਇਬਾਦਤ ਰੂਪੀ ਇਬਾਰਤ ਨੂੰ ਅੰਤਰੀਵ ਵਿਚ ਜਰੂਰ ਗੁਣਗੁਣਾਉਣਾ।
ਤ੍ਰੇਲ-ਤੁਪਕਿਆਂ ਦੀ ਦਾਤ ਸਭ ਲਈ ਇਕਸਾਰ। ਨਹੀਂ ਕੋਈ ਮੇਰ-ਤੇਰ। ਇਸ ਵਿਚੋਂ ਕੁਦਰਤ ਦੀ ਅਨੰਨਤਾ ਅਤੇ ਅਸੀਮਤਾ ਨੂੰ ਮਨੁੱਖੀ ਮਨ ਵਿਚ ਜੀਵਾਇਆ ਜਾ ਸਕਦਾ, ਕਿਉਂਕਿ ਮਨੁੱਖੀ ਸੰਕੀਰਨਤਾ ਅਤੇ ਸ਼ੁਹਦੇਪਣ ਨਾਲ ਤ੍ਰੇਲ ਵਰਗੀ ਦਰਿਆ-ਦਿਲੀ ਤੇ ਫਰਾਖਦਿਲੀ ਦਾ ਕਿਵੇਂ ਮੁਕਾਬਲਾ ਕਰ ਸਕੋਗੇ?
ਕਦੇ ਤ੍ਰੇਲ-ਤੁਪਕਿਆਂ ਨੂੰ ਫੁੱਲ-ਪੱਤੀਆਂ ‘ਤੇ ਥਰਕਦੇ ਦੇਖਣਾ। ਫਿਰ ਮਨ ਵਿਚ ਸਮੇਂ ਦੀ ਸਰਦਲ ‘ਤੇ ਜ਼ਿੰਦਗੀ ਦਾ ਨਾਚ ਨੱਚ ਕੇ, ਖੁਦ ਨੂੰ ਅਰਪਿਤ ਕਰਨ ਦਾ ਵੱਲ ਜਰੂਰ ਆ ਜਾਵੇਗਾ। ਜਿਹੜੇ ਲੋਕ ਤ੍ਰੇਲ-ਤੁਪਕੇ ਵਾਂਗ ਥਿਰਕਣਾ ਸਿੱਖ ਜਾਂਦੇ, ਉਨ੍ਹਾਂ ਦੇ ਕਦਮ ਕੰਡਿਆਂ ‘ਤੇ ਵੀ ਨੱਚਣ ਦੀ ਅਦਾ ਸਿੱਖ ਜਾਂਦੇ।
ਤ੍ਰੇਲ-ਤੁਪਕੇ ਜਦ ਫੁੱਲ ਨੂੰ ਚੁੰਮਦੇ ਨੇ ਤਾਂ ਹਾਬੜੇ ਮਨੁੱਖ ਦੀ ਸੋਚ ਵਿਚ ਸਹਿਜਤਾ ਭਰੇ ਚੁੰਮਣ ਨਾਲ ਅਸੀਮਤ ਪ੍ਰਸੰਨਤਾ ਨੂੰ ਹਾਸਲ ਕਰਨ ਦਾ ਗੁਰ ਵੀ ਸਿਖਾਉਂਦੇ। ਭਾਵੇਂ ਇਕ ਮਾਂ ਵਲੋਂ ਬੱਚੇ ਦਾ ਮੁੱਖ ਚੁੰਮਣਾ ਹੋਵੇ, ਪ੍ਰੇਮੀ ਦਾ ਪ੍ਰੇਮਿਕਾ ਨੂੰ ਚੁੰਮਣਾ ਹੋਵੇ ਜਾਂ ਕਿਸੇ ਬਾਪ ਦਾ ਬੱਚਿਆਂ ਨੂੰ ਢੇਰ ਸਾਰੀਆਂ ਦੁਆਵਾਂ ਦਿੰਦਿਆਂ ਚੁੰਮਣਾ ਹੋਵੇ।
ਤ੍ਰੇਲ-ਤੁਪਕਿਆਂ ਦਾ ਪੱਤਿਆਂ ਸੰਗ ਮਿਲਾਪ, ਕੁਦਰਤ ਵਲੋਂ ਖੁਸ਼ੀ ਮਨਾਉਣ ਦਾ ਅੰਦਾਜ਼। ਸਰਘੀ ਦੀਆਂ ਰਾਹਾਂ ਵਿਚ ਤ੍ਰੇਲ-ਬੂੰਦਾਂ ਦਾ ਛਿੜਕਾਅ। ਧੂੜ ‘ਚ ਲਿਪਟੇ ਫੁੱਲਾਂ ਦਾ ਮੁਖੜਾ ਧੋਣਾ। ਦਿਨ ਦੀ ਆਮਦ ਲਈ ਸਮੁੱਚੇ ਰੂਪ ਵਿਚ ਨਿਖਰਦੀ ਹੈ ਕੁਦਰਤ।
ਜ਼ਿੰਦਗੀ ਵੀ ਤ੍ਰੇਲ-ਤੁਪਕਿਆਂ ਵਰਗੀ ਹੀ ਹੋਣੀ ਚਾਹੀਦੀ ਤਾਂ ਕਿ ਇਹ ਖੁਸ਼ੀਆਂ, ਖੇੜਿਆਂ ਤੇ ਪਾਕੀਜ਼ਗੀ ਦਾ ਸੁਨੇਹੇ ਜੀਵਨ-ਦਰਾਂ ‘ਤੇ ਤ੍ਰੌਂਕਦੀ, ਜੀਵਨ ਦੇ ਉਦਾਸ ਪਲਾਂ ਨੂੰ ਹੁਲਾਸ ਨਾਲ ਭਰ, ਆਪਣੀ ਰੁਖਸਤਗੀ ਦਾ ਜਸ਼ਨ ਮਨਾਏ।
ਜਦ ਤ੍ਰੇਲ-ਤੁਪਕਿਆਂ ਵਰਗੇ ਮਧੁਰ ਬੋਲ ਪਿਆਰੇ ਦੇ ਹੋਠਾਂ ‘ਤੇ ਥਿਰਕਦੇ ਨੇ ਤਾਂ ਇਨ੍ਹਾਂ ਵਿਚਲੀ ਪਵਿੱਤਰਤਾ ਅਤੇ ਪਾਰਦਸ਼ਤਾ ਜੀਵਨ ਵਿਚਲੇ ਕੋਹਜ, ਕੂੜ ਅਤੇ ਕੁਸੱਤ ਨੂੰ ਸੁੱਚੇ ਰੰਗ ਵਿਚ ਰੰਗਦੀ, ਜੀਵਨ ਨੂੰ ਸਾਰਥਕਤਾ, ਸਿਆਣਪ, ਸੁਘੜਤਾ ਤੇ ਸਾਦਗੀ ਦਾ ਲਿਬਾਸ ਪਹਿਨਾਉਂਦੀ।
ਤ੍ਰੇਲ-ਤੁਪਕੇ, ਮੋਹਲੇਧਾਰ ਬਾਰਸ਼ ਜਿਹੇ ਨਹੀਂ ਹੁੰਦੇ, ਜੋ ਕਈ ਵਾਰ ਬਰਬਾਦੀ ਅਤੇ ਵਿਨਾਸ਼ ਦਾ ਨਾਮ ਵੀ ਹੁੰਦੀ। ਇਹ ਤਾਂ ਫੁੱਲ-ਪੱਤੀਆਂ ‘ਤੇ ਪੋਲੇ ਪੋਲੇ ਪੈਰ ਧਰਦੇ, ਮਟਕਦੇ, ਮਟਕਾਉਂਦੇ, ਫੁੱਲ-ਪੱਤੀਆਂ ਨੂੰ ਨਚਾਉਂਦੇ ਅਤੇ ਦਿਲਕਸ਼ ਨਜ਼ਾਰਿਆਂ ਨੂੰ ਮਨ ਦੀ ਬਸਤੀ ਵਿਚ ਧਰ ਜਾਂਦੇ। ਤ੍ਰੇਲ-ਤੁਪਕੇ ਬਣ ਕੇ ਕਿਸੇ ਦੇ ਦਿਲ ਵਿਚ ਉਤਰ ਸਕਦੇ ਹੋ, ਪਰ ਤੇਜ ਬਾਰਸ਼ ਵਿਚ ਤੁਸੀਂ ਖੁਦ ਵੀ ਰੁੜ੍ਹੋਗੇ ਅਤੇ ਬਹੁਤ ਕੁਝ ਰੋੜ੍ਹ ਕੇ ਵੀ ਲੈ ਜਾਵੋਗੇ। ਕਈ ਵਾਰ ਤਾਂ ਫੁੱਲ ਵਿਚਾਰਾ ਵੀ ਪੱਤੀ ਪੱਤੀ ਹੋ, ਪੀੜ-ਰੱਤਿਆ ਨਾਸੂਰ ਹੀ ਬਣ ਜਾਂਦਾ।
ਤ੍ਰੇਲ-ਤੁਪਕੇ ਫੁੱਲਾਂ ਤੇ ਕੰਡਿਆਂ ‘ਤੇ ਰੈਣ ਬਸੇਰਾ ਬਣਾਉਂਦੇ, ਥੋਹਰ ਤੇ ਗੁਲਾਬ ‘ਤੇ ਵੀ, ਰੋਹੀਆਂ ਵਿਚ ਵੀ ਤੇ ਰੱਕੜਾਂ ਵਿਚ ਵੀ। ਨਹੀਂ ਕੋਈ ਵਖਰੇਵਾਂ। ਮਨੁੱਖ ਤਾਂ ਐਂਵੇਂ ਹੀ ਵੱਖਰਤਾਵਾਂ ਵਣਜਦਾ ਰਹਿੰਦਾ।
ਕਦੇ ਕਦੇ ਸੋਚਦਾਂ ਕਿ ਜੋ ਜੀਵਨ ਦੀ ਪਤਝੜ ਵਿਚ ਬਹਾਰ ਬਣਦੇ ਨੇ, ਉਹੀ ਲੋਕ ਰੂਹ ਭਿਉਣ ਲਈ ਤ੍ਰੇਲ-ਤੁਪਕਿਆਂ ਦੇ ਯਾਰ ਬਣਦੇ ਨੇ। ਗਰਮ ਰਾਤ ਵਿਚ ਜਿਹੜੀ ਠੰਢਕ ਮਹਿਸੂਸ ਹੁੰਦੀ ਆ। ਇਉਂ ਲੱਗਦਾ ਏ, ਜਿਵੇਂ ਤ੍ਰੇਲ ਤੁਪਕਿਆਂ ‘ਤੇ ਸੌਂਦਾ ਹਾਂ।
ਕਦੇ ਕਦਾਈਂ ਤਾਂ ਇਉਂ ਲੱਗਦਾ ਜਿਵੇਂ ਇਹ ਤ੍ਰੇਲ-ਤੁਪਕੇ ਲੂਆਂ ਦੇ ਦਰਦ ਵਿਚ ਪੱਤਿਆਂ ਦੇ ਉਮੜੇ ਅੱਥਰੂ ਨੇ, ਜੋ ਪੱਤਿਆਂ ਵਿਚੋਂ ਨਿਕਲ ਕੇ ਫਿਰ ਪੱਤੀਆਂ ਦੇ ਗਲ ਲੱਗ ਕੇ ਆਪਣੀ ਹੋਂਦ ਮਿਟਾਉਣ ਲਈ ਬਜ਼ਿਦ ਨੇ। ਪੱਤੀਆਂ ਤੋਂ ਪੱਤੀਆਂ ਦਾ ਸਫਰਨਾਮਾ ਜਦ ਤ੍ਰੇਲ-ਤੁਪਕੇ ਬਣਦੇ ਤਾਂ ਮਨੁੱਖੀ ਮਨ ਵਿਚਲੇ ਸੈਲਾਬ ਨੂੰ ਕਿਵੇਂ ਠੱਲ੍ਹਿਆ ਜਾ ਸਕਦੈ?
ਆਬੋ ਹਵਾ ਦਾ ਕੇਹਾ ਅਸਰ ਕਿ ਕੁਝ ਜਲਵਾਸ਼ਪ ਤ੍ਰੇਲ-ਤੁਪਕੇ ਬਣ ਕੇ ਪੱਤਿਆਂ ਦਾ ਸਾਥ ਮਾਣਦੇ। ਕੁਝ ਵਾਸ਼ਪ ਬੱਦਲ ਬਣ ਕੇ ਲੰਮੀ ਉਡਾਣ ਭਰਦੇ। ਸਫਰ ਕਿਹੋ ਜਿਹਾ ਹੋਣਾ, ਤਰਬੀਅਤ, ਤਾਸੀਰ ਅਤੇ ਖਾਸੀਅਤ ਕੀ ਹੋਣੀ-ਇਹ ਤਾਂ ਵਾਤਾਵਰਣ ਅਤੇ ਵਾਯੂਮੰਡਲ ‘ਤੇ ਨਿਰਭਰ, ਜਿਸ ਦੇ ਵਿਗਾੜ ਲਈ ਮਨੁੱਖ ਜਿੰ.ਮੇਵਾਰ।
ਕਦੇ ਕਦੇ ਦੋ ਤ੍ਰੇਲ-ਤੁਪਕੇ ਮਿਲ ਕੇ ਜਦ ਇਕ ਬਣ ਜਾਂਦੇ ਤਾਂ ਮਨੁੱਖੀ ਮਨ ਵਿਚ ਉਸਰ ਰਹੇ ਸਬੰਧਾਂ ਅਤੇ ਪਿਆਰ ਪੁੰਗਾਰਿਆਂ ਦੀ ਨਵੀਂ ਪੇਸ਼ੀਨਗੋਈ ਹੁੰਦੀ। ਦੋ ਤ੍ਰੇਲ-ਤੁਪਕਿਆਂ ਦੇ ਮਿਲਾਪ ਵਿਚੋਂ ਪੈਦਾ ਹੋਏ ਇਕ ਤ੍ਰੇਲ-ਤੁਪਕੇ ਦੀ ਤਾਸੀਰ ਵੀ ਇਕਸਾਰ ਹੀ ਹੋ ਜਾਂਦੀ। ਜੀਵਨ ਵਿਚ ਦੋ ਤੋਂ ਇਕ ਹੋਣ ਦਾ ਧਿਆਨ ਜਰੂਰ ਧਰਨਾ, ਪਰ ਕਦੇ ਵੀ ਇਕ ਤੋਂ ਦੋ ਹੋਣ ਦਾ ਖਿਆਲ ਮਨ ਵਿਚ ਪੈਦਾ ਨਾ ਕਰਨਾ। ਇਹ ਹੀ ਜੀਵਨ ਦਾ ਗੁਰਮੰਤਰ ਏ, ਜੋ ਤ੍ਰੇਲ-ਤੁਪਕੇ ਅਚੇਤ ਹੀ ਮਨ ਵਿਚ ਧਰ ਜਾਂਦੇ ਨੇ।