ਲਿਆਕਤ ਅਲੀ ਖਾਨ ਨੂੰ ਜੋਗਿੰਦਰਨਾਥ ਮੰਡਲ ਦਾ ਅਸਤੀਫਾ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਡਾ. ਅੰਬੇਡਕਰ ਦੀ ਸੱਜੀ ਬਾਂਹ ਮੰਨੇ ਜਾਂਦੇ ਜੋਗਿੰਦਰਨਾਥ ਮੰਡਲ, ਬੰਗਾਲੀ ਦਲਿਤਾਂ ਦੇ ਕੱਦਾਵਰ ਨੇਤਾ ਸਨ। ਦੇਸ਼ ਵੰਡ ਹੋਈ ਤਾਂ 1947 ਵਿਚ ਉਨ੍ਹਾਂ ਨੇ ਸੋਚਿਆ ਇੱਥੋਂ ਦੇ ਮੁਸਲਮਾਨਾਂ ਅਤੇ ਦਲਿਤਾਂ ਦੀ ਗਰੀਬੀ ਤੇ ਜਹਾਲਤ ਇੱਕੋ ਜਿਹੀ ਹੈ, ਫਿਰ ਭਾਰਤ ਵਿਚ ਜਾਣ ਦਾ ਕੀ ਲਾਭ? ਉਹ ਬੰਗਾਲ ਦੇ ਉਸ ਹਿੱਸੇ ਵਿਚ ਰਹਿ ਗਏ, ਜੋ ਉਦੋਂ ਪਾਕਿਸਤਾਨ ਸੀ; ਹੁਣ ਬੰਗਲਾ ਦੇਸ਼ ਹੈ। ਥੋੜ੍ਹੇ ਸਮੇਂ ਬਾਅਦ ਮੰਡਲ ਨੂੰ ਅਹਿਸਾਸ ਹੋ ਗਿਆ ਕਿ ਦਲਿਤਾਂ ਨੂੰ ਹਿੰਦੂ ਜਾਣ ਕੇ ਮੁਸਲਮਾਨ ਸਖਤ ਨਫਰਤ ਕਰਦੇ ਹਨ। ਉਹ ਕੇਂਦਰੀ ਵਜ਼ਾਰਤ ਵਿਚ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਦੇ ਕਾਨੂੰਨ ਮੰਤਰੀ ਸਨ। ਅੱਕ ਕੇ 9 ਅਕਤੂਬਰ 1950 ਨੂੰ ਉਨ੍ਹਾਂ ਨੇ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਸੌਂਪ ਦਿੱਤਾ। ਪੇਸ਼ ਹਨ, ਅਸਤੀਫੇ ਦੇ ਕੁਝ ਅੰਸ਼। ਅਸਤੀਫਾ ਲਿਖਣ ਦੀ ਤਰੀਕ 8 ਅਕਤੂਬਰ ਹੈ।

“ਮੇਰੇ ਪਿਆਰੇ ਪ੍ਰਧਾਨ ਮੰਤਰੀ ਜੀ, ਪੂਰਬੀ ਬੰਗਾਲ ਦੇ ਪਛੜੇ ਹੋਏ ਹਿੰਦੂ ਦਲਿਤਾਂ ਵਾਸਤੇ ਭਲਾ ਕਰ ਸਕਾਂਗਾ, ਇਸ ਵਾਸਤੇ ਮੈਂ ਤੁਹਾਡੀ ਵਜ਼ਾਰਤ ਵਿਚ ਸ਼ਾਮਲ ਹੋਇਆ ਸਾਂ, ਪਰ ਭਰੇ ਮਨ ਨਾਲ ਆਪਣਾ ਅਸਤੀਫਾ ਆਪਦੇ ਸਪੁਰਦ ਕਰਦਾ ਹੋਇਆ ਕਾਰਨ ਵੀ ਦੱਸਦਾ ਹਾਂ ਕਿ ਭਾਰਤ-ਪਾਕਿ ਉਪ-ਮਹਾਦੀਪਾਂ ਵਿਚ ਮੈਨੂੰ ਅਜਿਹਾ ਕਿਉਂ ਕਰਨਾ ਪਿਆ।
ਲੰਮੀਆਂ ਲੰਮੀਆਂ ਛੱਡਣ ਦੀ ਥਾਂ ਸੰਖੇਪ ਵਿਚ ਉਹ ਕਾਰਨ ਪਹਿਲਾਂ ਦਸਦਾ ਹਾਂ, ਜਿਨ੍ਹਾਂ ਸਦਕਾ ਮੈਂ ਲੀਗ ਦੀ ਹਮਾਇਤ ਕੀਤੀ। ਫਰਵਰੀ 1943 ਵਿਚ ਬੰਗਾਲ ਲੀਗ ਦੇ ਲੀਡਰ ਮੈਨੂੰ ਮਿਲੇ, ਜਿਨ੍ਹਾਂ ਨੇ ਮੈਨੂੰ ਬੰਗਾਲ ਵਿਧਾਨ ਸਭਾ ਵਿਚ ਉਨ੍ਹਾਂ ਦੀ ਹਮਾਇਤ ਕਰਨ ਲਈ ਮਨਾਇਆ। ਮਾਰਚ 1943 ਵਿਚ ਜਦੋਂ ਫਜ਼ਲੁਲ ਹੱਕ ਦੀ ਵਜ਼ਾਰਤ ਡਿਗੀ, ਉਸ ਵਿਚ 21 ਦਲਿਤ ਵਿਧਾਇਕ ਸਨ। ਮੁਸਲਿਮ ਲੀਗ ਦੇ ਲੀਡਰ ਉਦੋਂ ਖਵਾਜਾ ਨਜ਼ੀਮੁੱਦੀਨ ਸਨ, ਜਿਨ੍ਹਾਂ ਨੇ ਸਾਡੀ ਮਦਦ ਨਾਲ ਅਪਰੈਲ 1943 ਨੂੰ ਵਜ਼ਾਰਤ ਗਠਿਤ ਕੀਤੀ।
ਅਸੀਂ ਇਸ ਸ਼ਰਤ ‘ਤੇ ਹਮਾਇਤ ਦਿੱਤੀ ਸੀ ਕਿ ਦਲਿਤਾਂ ਵਿਚੋਂ ਦੋ ਵਜ਼ੀਰ ਲਏ ਜਾਣਗੇ। ਦਲਿਤਾਂ ਦੇ ਵਿਕਾਸ ਵਾਸਤੇ ਹਰ ਸਾਲ ਪੰਜ ਲੱਖ ਰੁਪਏ ਬਜਟ ਵਿਚ ਰੱਖੇ ਜਾਇਆ ਕਰਨਗੇ। ਸਰਕਾਰੀ ਨੌਕਰੀਆਂ ਜਨਸੰਖਿਆ ਦੇ ਅਨੁਪਾਤ ਅਨੁਸਾਰ ਰਿਜ਼ਰਵ ਹੋਣਗੀਆਂ।
ਹਮਾਇਤ ਦੇਣ ਦਾ ਮੇਰਾ ਇੱਕ ਕਾਰਨ ਇਹ ਵੀ ਸੀ ਕਿ ਮੁਸਲਮਾਨਾਂ ਅਤੇ ਦਲਿਤਾਂ ਦੀ ਮਾਇਕ ਹਾਲਤ ਲਗਭਗ ਇੱਕੋ ਜਿਹੀ ਸੀ। ਕਿਸਾਨ ਅਤੇ ਮਜ਼ਦੂਰ ਸਨ। ਦੋਹਾਂ ਵਰਗਾਂ ਵਿਚ ਮਛੇਰੇ ਸਨ। ਦੋਵੇਂ ਵਰਗ ਜਹਾਲਤ ਦੇ ਸ਼ਿਕਾਰ ਸਨ। ਦੋਹਾਂ ਵਰਗਾਂ ਨੂੰ ਸੁਖ ਮਿਲੇ ਤਾਂ ਦੇਸ਼ ਵਿਚ ਅਮਨ-ਸ਼ਾਂਤੀ ਹੋਵੇਗੀ।
ਖਵਾਜਾ ਨੇ ਦਲਿਤਾਂ ਵਿਚੋਂ ਤਿੰਨ ਮੰਤਰੀ ਅਤੇ ਤਿੰਨ ਪਾਰਲੀਮਾਨੀ ਸਕੱਤਰ ਚੁਣ ਲਏ। ਮਾਰਚ 1946 ਵਿਚ ਪਾਰਲੀਮਾਨੀ ਚੋਣਾਂ ਹੋਈਆਂ, ਤਦ ਸੁਹਰਾਵਰਦੀ ਲੀਗ ਦੇ ਲੀਡਰ ਚੁਣੇ ਗਏ ਤੇ ਅਪਰੈਲ ਵਿਚ ਉਨ੍ਹਾਂ ਨੇ ਵਜ਼ਾਰਤ ਦਾ ਗਠਨ ਕਰ ਲਿਆ। ਦਲਿਤਾਂ ਵਿਚੋਂ ਸਿਰਫ ਮੈਂ ਚੋਣ ਜਿੱਤ ਸਕਿਆ।
ਮੈਨੂੰ ਵਜ਼ਾਰਤ ਵਿਚ ਲੈ ਲਿਆ। ਉਸ ਸਾਲ 16 ਅਗਸਤ ਨੂੰ ਮੁਸਲਿਮ ਲੀਗ ਨੇ ਕਲਕੱਤੇ ਵਿਚ ਸਿੱਧੇ ਐਕਸ਼ਨ ਦਾ ਐਲਾਨ ਕਰ ਦਿੱਤਾ। ਤੁਸੀਂ ਜਾਣਦੇ ਹੋ, ਉਸ ਘੱਲੂਘਾਰੇ ਵਿਚ ਕੀ ਕੀ ਹੋਇਆ! ਹਿੰਦੂ ਕਤਲ ਹੋਏ, ਜਿਸ ਕਾਰਨ ਉਨ੍ਹਾਂ ਨੇ ਮੈਨੂੰ ਅਸਤੀਫਾ ਦੇਣ ਲਈ ਕਿਹਾ। ਮੈਨੂੰ ਧਮਕੀਆਂ ਮਿਲਣ ਲੱਗੀਆਂ ਤੇ ਜਾਨ ਖਤਰੇ ਵਿਚ ਆ ਗਈ। ਮੈਂ ਆਪਣੇ ਅਸੂਲ ਉੱਤੇ ਡਟਿਆ ਰਿਹਾ ਤੇ ਆਪਣੇ ਰਿਸਾਲੇ ‘ਜਾਗਰਣ’ ਵਿਚ ਦਲਿਤਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਅਤੇ ਮੁਸਲਿਮ ਲੀਗ ਦੇ ਰੱਫੜ ਤੋਂ ਗੁੰਮਰਾਹ ਨਾ ਹੋਣ, ਮੇਰੀ ਜਾਨ ਦਾ ਫਿਕਰ ਨਾ ਕਰਨ। ਕਲਕੱਤੇ ਕਤਲੇਆਮ ਤੋਂ ਬਾਅਦ ਅਕਤੂਬਰ 1946 ਵਿਚ ਮੁੜ ਨੌਆਖਲੀ ਦੰਗਿਆਂ ਨੇ ਹਾਹਾਕਾਰ ਮਚਾ ਦਿੱਤੀ। ਹਿੰਦੂ, ਦਲਿਤਾਂ ਸਮੇਤ ਵੱਢ ਦਿੱਤੇ ਤੇ ਸੈਂਕੜਿਆਂ ਨੂੰ ਇਸਲਾਮ ਵਿਚ ਸ਼ਾਮਲ ਕਰ ਲਿਆ। ਹਿੰਦੂ ਔਰਤਾਂ ਉਧਾਲੀਆਂ ਅਤੇ ਬਲਾਤਕਾਰ ਕੀਤੇ। ਮੇਰੇ ਕਬੀਲੇ ਦੀ ਮਾਰਧਾੜ ਹੋਈ, ਲੁੱਟ ਮਚਾਈ। ਹਿੰਦੂਆਂ ਵਿਚ ਵਿਆਪਕ ਦੁਖ ਸੀ ਤਾਂ ਵੀ ਮੈਂ ਮੁਸਲਿਮ ਲੀਗ ਨਾਲ ਮਿਲਵਰਤਣ ਜਾਰੀ ਰੱਖੀ। ਕਲਕੱਤੇ ਦੇ ਘੱਲੂਘਾਰੇ ਮਗਰੋਂ ਸੁਹਰਾਵਰਦੀ ਵਜ਼ਾਰਤ ਵਿਰੁੱਧ ਬੇਪ੍ਰਤੀਤੀ ਦਾ ਮਤਾ ਪੇਸ਼ ਹੋਇਆ। ਮੇਰੇ ਯਤਨਾਂ ਸਦਕਾ ਚਾਰ ਦਲਿਤ ਮੈਂਬਰ ਅਤੇ ਚਾਰ ਐਂਗਲੋ ਇੰਡੀਅਨ ਸੁਹਰਾਵਰਦੀ ਦੀ ਹਮਾਇਤ ‘ਤੇ ਆ ਗਏ, ਨਹੀਂ ਤਾਂ ਵਜ਼ਾਰਤ ਟੁੱਟ ਜਾਣੀ ਸੀ।
ਅਕਤੂਬਰ 1946 ਵਿਚ ਅਚਨਚੇਤ ਮੈਨੂੰ ਸੁਹਰਾਵਰਦੀ ਰਾਹੀਂ ਪੇਸ਼ਕਸ਼ ਹੋਈ ਕਿ ਮੈਂ ਭਾਰਤ ਦੀ ਇੰਤਰਮ ਸਰਕਾਰ ਵਿਚ ਸ਼ਾਮਲ ਹੋਵਾਂ। ਮੈਂ ਇੱਕ ਘੰਟਾ ਉਲਝਣ ਵਿਚ ਪਿਆ ਰਿਹਾ, ਆਖਰ ਇਹ ਆਖ ਕੇ ਹਾਂ ਕਰ ਦਿੱਤੀ ਕਿ ਡਾ. ਅੰਬੇਡਕਰ ਦੀ ਅਜੇ ਸਲਾਹ ਨਹੀਂ ਲਈ, ਜੇ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ, ਫਿਰ ਮੈਂ ਅਸਤੀਫਾ ਦੇ ਦਿਆਂਗਾ। ਮੈਂ ਮੁੱਖ ਮੰਤਰੀ ਸੁਹਰਾਵਰਦੀ ਨੂੰ ਕਿਹਾ ਕਿ ਮੇਰੀ ਥਾਂ ਕੈਬਨਿਟ ਵਿਚ ਦੋ ਵਜ਼ੀਰ ਅਤੇ ਦੋ ਪਾਰਲੀਮਾਨੀ ਸਕੱਤਰ ਦਲਿਤਾਂ ਵਿਚੋਂ ਲਵੋ। ਖੁਸ਼ਕਿਸਮਤੀ ਨਾਲ ਲੰਡਨ ਤੋਂ ਅੰਬੇਡਕਰ ਦੀ ਤਾਰ ਆ ਗਈ, ਉਨ੍ਹਾਂ ਮੈਨੂੰ ਪ੍ਰਵਾਨਗੀ ਦੇ ਦਿੱਤੀ।
ਇੱਕ ਮਹੀਨੇ ਬਾਅਦ ਮੈਂ ਕਲਕੱਤੇ ਆ ਕੇ ਸੁਹਰਾਵਰਦੀ ਨੂੰ ਮਿਲਿਆ। ਉਸ ਨੇ ਦੱਸਿਆ ਕਿ ਪੂਰਬੀ ਬੰਗਾਲ ਦੇ ਗੋਪਾਲਗੰਜ ਇਲਾਕੇ ਵਿਚ ਨਾਮਸ਼ੂਦਰ ਬਹੁਗਿਣਤੀ ਵਿਚ ਹਨ ਤੇ ਉਹ ਬਦਲਾ ਲੈਣ ਦੀਆਂ ਵਿਉਂਤਾਂ ਬਣਾ ਰਹੇ ਹਨ। ਮੈਂ ਨਾਮਸ਼ੂਦਰਾਂ ਅਤੇ ਮੁਸਲਮਾਨਾਂ ਨਾਲ ਦਰਜਨ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿਚ ਵੱਡੇ ਇਕੱਠ ਹੋਏ। ਨਾਮਸ਼ੂਦਰ ਮੰਨ ਗਏ, ਸ਼ਾਂਤ ਹੋ ਗਏ।
ਤਿੰਨ ਜੂਨ 1947 ਨੂੰ ਬਰਤਾਨਵੀ ਸਰਕਾਰ ਦਾ ਬਿਆਨ ਆਇਆ ਕਿ ਦੇਸ਼-ਵੰਡ ਦੀ ਸਕੀਮ ਤਿਆਰ ਹੈ। ਸਾਰਾ ਦੇਸ਼, ਖਾਸ ਕਰਕੇ ਗੈਰ ਮੁਸਲਿਮ ਲੋਕ ਹੱਕੇ ਬੱਕੇ ਰਹਿ ਗਏ। ਮੈਂ ਸੋਚਿਆ ਕਰਦਾ ਸਾਂ, ਦੇਸ਼ ਵੰਡ ਦਾ ਨਾਅਰਾ ਮੁਸਲਿਮ ਲੀਗ ਆਪਣਾ ਦਬਾਉ ਬਣਾਉਣ ਵਾਸਤੇ ਮਾਰਿਆ ਕਰਦੀ ਹੈ, ਹੋਰ ਕੋਈ ਗੱਲ ਨਹੀਂ। ਮੈਂ ਸੋਚਿਆ ਕਰਦਾ, ਦੇਸ਼ ਵੰਡ ਨਾਲ ਫਿਰਕੂ ਤਣਾਉ ਘਟੇਗਾ ਨਹੀਂ, ਵਧੇਗਾ; ਬੇਸ਼ੱਕ ਉਚ ਜਾਤੀ ਹਿੰਦੂਆਂ ਦਾ ਮੁਸਲਮਾਨਾਂ ਬਾਰੇ ਵਰਤਾਰਾ ਚੰਗਾ ਨਹੀਂ ਸੀ। ਮੈਨੂੰ ਇਹ ਵੀ ਪਤਾ ਸੀ, ਪਾਕਿਸਤਾਨ ਬਣਨ ਨਾਲ ਮੁਸਲਮਾਨਾਂ ਦੀ ਦਸ਼ਾ ਸੁਧਰੇਗੀ ਨਹੀਂ। ਦੋਹਾਂ ਦੇਸ਼ਾਂ ਵਿਚ ਗਰੀਬੀ, ਅਨਪੜ੍ਹਤਾ ਅਤੇ ਫਿਰਕਾਪ੍ਰਸਤੀ ਵਧੇਗੀ। ਮੈਨੂੰ ਲਗਦਾ, ਜਿਵੇਂ ਪਾਕਿਸਤਾਨ ਦੱਖਣ ਪੂਰਬੀ ਏਸ਼ੀਆ ਦਾ ਸਭ ਤੋਂ ਪਛੜਿਆ ਹੋਇਆ ਦੇਸ਼ ਬਣ ਜਾਏਗਾ।
11 ਅਗਸਤ 1947 ਨੂੰ ਜਿਨਾਹ ਦਾ ਬਿਆਨ ਆਇਆ ਕਿ ਪਾਕਿਸਤਾਨ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਹੱਕ ਮਿਲਣਗੇ, ਉਹ ਸਾਰੇ ਸਿਰਫ ਪਾਕਿਸਤਾਨੀ ਹੋਣਗੇ। ਗੈਰ-ਮੁਸਲਿਮ ਲੋਕ ਕਾਫਰ ਨਹੀਂ ਜਾਣੇ ਜਾਣਗੇ। ਤੁਸੀਂ ਦੇਖ ਹੀ ਲਿਆ, ਕਾਇਦੇ-ਆਜ਼ਮ ਦੇ ਬਿਆਨ ਦਾ ਕੀ ਹਸ਼ਰ ਹੋ ਰਿਹਾ ਹੈ!
ਮੈਂ ਬੰਗਾਲ-ਵੰਡ ਦੇ ਖਿਲਾਫ ਸਾਂ। ਇਸ ਕਾਰਨ ਜੋ ਬੇਇੱਜਤੀ ਮੇਰੀ ਹੋਈ, ਉਹ ਸਿਰਫ ਮੈਂ ਜਾਣਦਾ ਹਾਂ। ਮੈਨੂੰ ਕਿੰਨਾ ਦੁੱਖ ਹੋਇਆ, ਜਦੋਂ ਭਾਰਤ ਦੇ 32 ਕਰੋੜ ਹਿੰਦੂਆਂ ਨੇ ਮੈਨੂੰ ਗੱਦਾਰ ਕਿਹਾ, ਹਿੰਦੂਆਂ ਅਤੇ ਹਿੰਦੁਸਤਾਨ ਦਾ ਦੁਸ਼ਮਣ ਕਿਹਾ। ਮੈਂ ਪਾਕਿਸਤਾਨ ਦੀ ਵਫਾਦਾਰੀ ਨਿਭਾਉਣ ਵਿਚ ਚੱਟਾਨ ਵਾਂਗ ਖਲੋਤਾ ਰਿਹਾ। ਮੈਨੂੰ ਮਾਣ ਹੋਇਆ ਕਿ ਮੇਰੇ ਕਹਿਣ ‘ਤੇ 70 ਲੱਖ ਦਲਿਤ ਪਾਕਿਸਤਾਨ ਦੇ ਹੱਕ ਵਿਚ ਖਲੋ ਗਏ।
14 ਅਗਸਤ 1947 ਨੂੰ ਪਾਕਿਸਤਾਨ ਸਥਾਪਿਤ ਹੋ ਗਿਆ। ਤੁਸੀਂ ਵਜ਼ਾਰਤ ਦਾ ਗਠਨ ਕੀਤਾ, ਮੈਨੂੰ ਸ਼ਾਮਲ ਕੀਤਾ, ਨਜ਼ੀਮੁੱਦੀਨ ਨੇ ਪੂਰਬੀ ਬੰਗਾਲ ਵਿਚ ਅੰਤ੍ਰਿਮ ਵਜ਼ਾਰਤ ਕਾਇਮ ਕਰ ਲਈ। ਦਸ ਅਗਸਤ ਕਰਾਚੀ ਵਿਚ ਮੈਂ ਖਵਾਜਾ ਨਜ਼ੀਮੁੱਦੀਨ ਨੂੰ ਮਿਲਿਆ ਤੇ ਕਿਹਾ, ਬੰਗਾਲੀ ਵਜ਼ਾਰਤ ਵਿਚ ਦੋ ਦਲਿਤਾਂ ਨੂੰ ਸ਼ਾਮਲ ਕਰ ਲਉ। ਉਸ ਨੇ ਕਿਹਾ, ਰਤਾ ਠਹਿਰੋ, ਕਰਾਂਗਾ। ਫਿਰ ਤਾਂ ਜਿਸ ਨਾਲ ਵੀ ਮੈਂ ਗੱਲ ਕਰਦਾ, ਮੂੰਹ ਪਰੇ ਕਰ ਲੈਂਦਾ। ਇਸ ਬਹਾਨੇਬਾਜ਼ੀ ਤੋਂ ਮੈਂ ਛਿੱਥਾ ਪੈ ਗਿਆ। ਮੁਸਲਿਮ ਲੀਗ ਦੇ ਸਾਰੇ ਲੀਡਰਾਂ ਨਾਲ ਗੱਲ ਕੀਤੀ, ਵਿਅਰਥ। ਫਿਰ ਮਸਲਾ ਤੁਹਾਡੇ ਧਿਆਨ ਵਿਚ ਲਿਆਂਦਾ। ਮੇਰੇ ਸਾਹਮਣੇ ਤੁਸੀਂ ਆਪਣੀ ਕੋਠੀ ਵਿਚ ਖਵਾਜਾ ਨਜ਼ੀਮੁੱਦੀਨ ਨਾਲ ਗੱਲ ਕੀਤੀ। ਖਵਾਜ਼ਾ ਮੰਨ ਗਿਆ ਕਿ ਢਾਕੇ ਜਾ ਕੇ ਇੱਕ ਜਣੇ ਨੂੰ ਵਜ਼ੀਰ ਲੈ ਲਵਾਂਗਾ। ਮੈਨੂੰ ਸ਼ੱਕ ਸੀ, ਇਸ ਕਰਕੇ ਪੁੱਛਿਆ, ‘ਕਿੰਨੇ ਸਮੇਂ ਵਿਚ?’ ਉਹ ਸੋਚਣ ਲੱਗਾ ਤਾਂ ਮੈਂ ਕਹਿ ਦਿੱਤਾ, ਇੱਕ ਮਹੀਨੇ ਅੰਦਰ ਅੰਦਰ ਜੇ ਇਹ ਕੰਮ ਨਾ ਕੀਤਾ, ਮੇਰਾ ਅਸਤੀਫਾ ਸਮਝਿਉ।
ਮੈਨੂੰ ਪਤਾ ਸੀ ਤੁਸੀਂ ਬੋਲ ਨਹੀਂ ਪੁਗਾਓਗੇ। ਨੂਰੁਲ ਅਮੀਨ ਬੰਗਾਲ ਦਾ ਮੁੱਖ ਮੰਤਰੀ ਬਣ ਗਿਆ, ਫਿਰ ਉਸ ਕੋਲ ਮਸਲਾ ਉਠਾਇਆ। ਉਹ ਵੀ ਬਹਾਨੇਬਾਜ਼ੀ ਕਰਨ ਲੱਗਾ। ਤੁਸੀਂ 1949 ਵਿਚ ਢਾਕੇ ਆਏ। ਤੁਹਾਡੇ ਨਾਲ ਫਿਰ ਗੱਲ ਕੀਤੀ। ਤੁਸੀਂ ਕਿਹਾ, ਘੱਟ ਗਿਣਤੀਆਂ ਵਿਚੋਂ ਵਜ਼ੀਰ ਲੈਣੇ ਹਨ, ਵਿਚਾਰਨ ਵਾਸਤੇ ਦੋ ਤਿੰਨ ਨਾਮ ਦਿਉ। ਤਿੰਨ ਨਾਮ ਤੁਹਾਨੂੰ ਦੇ ਦਿੱਤੇ। ਸਮਾਂ ਬੀਤਿਆ, ਮੈਂ ਤੁਹਾਨੂੰ ਪੁੱਛਿਆ, ‘ਉਨ੍ਹਾਂ ਤਿੰਨ ਨਾਂਵਾਂ ਦਾ ਕੀ ਬਣਿਆ?’ ਤੁਹਾਡਾ ਬੜਾ ਰੁੱਖਾ ਉਤਰ ਸੀ, ‘ਨੂਰੁਲ ਅਮੀਨ ਨੂੰ ਦਿੱਲੀ ਤੋਂ ਵਾਪਸ ਤਾਂ ਮੁੜਨ ਦੇਹ।’
ਮੈਂ ਫਿਰ ਜ਼ਿਕਰ ਕੀਤਾ, ਤੁਸੀਂ ਟਾਲ ਗਏ। ਮੈਂ ਸਮਝ ਗਿਆ। ਦਲਿਤਾਂ ਵਿਚੋਂ ਤੁਸੀਂ ਹੋਰ ਵਜ਼ੀਰ ਨਹੀਂ ਲਵੋਗੇ। ਮੈਂ ਦੇਖਿਆ, ਮੇਰੀ ਮਜ਼ਬੂਤ ਲੀਡਰਸ਼ਿਪ ਤੁਹਾਡੇ ਲਈ ਸੁਖਾਵੀਂ ਨਹੀਂ, ਸੋ ਤੁਸੀਂ ਦਲਿਤਾਂ ਵਿਚ ਫੁੱਟ ਪਾਉਣ ਦੇ ਰਸਤੇ ਤੁਰ ਪਏ। ਸਿਰਫ ਦਲਿਤਾਂ ਦੇ ਨਹੀਂ, ਫਿਰ ਮੈਂ ਪੂਰੀ ਮਜ਼ਬੂਤੀ ਨਾਲ ਪਾਕਿਸਤਾਨ ਦੀਆਂ ਘੱਟ ਗਿਣਤੀਆਂ ਦੇ ਹਿਤ ਬਚਾਉਣ ਵਾਸਤੇ ਡਟ ਗਿਆ। ਕਾਇਦੇ ਆਜ਼ਮ ਸਾਡੀ ਗੱਲ ਤਾਂ ਸੁਣ ਲੈਂਦੇ ਸਨ, ਹੁਣ ਤਾਂ ਉਨ੍ਹਾਂ ਦੀ ਮੌਤ ਬਾਅਦ ਗੱਲ ਸੁਣਨ ਵਾਲਾ ਕੋਈ ਨਹੀਂ।
ਪੁਲਿਸ ਅਤੇ ਪ੍ਰਸ਼ਾਸਨ ਦੀ ਦਲਿਤਾਂ ਵਿਰੁੱਧ ਕਰੂਰਤਾ ਮੈਂ ਤੁਹਾਡੇ ਧਿਆਨ ਵਿਚ ਲਿਆਉਂਦਾ ਰਿਹਾ। ਗੋਪਾਲਗੰਜ ਨੇੜੇ ਦੀਗਰਕੁਲ ਪਿੰਡ ਦੇ ਦਲਿਤਾਂ ਉੱਪਰ ਪੁਲਿਸ ਨੇ ਕਹਿਰ ਢਾਹਿਆ। ਹੋਇਆ ਇਹ ਕਿ ਪਿੰਡ ਦੇ ਨਾਮਸ਼ੂਦਰ ਮਛੇਰੇ ਨੇ ਜਾਲ ਸੁੱਟਿਆ ਹੋਇਆ ਸੀ। ਪਿੱਛੋਂ ਆ ਕੇ ਉਸ ਦੇ ਬਰਾਬਰ ਕਿਸ਼ਤੀ ਵਿਚ ਬੈਠੇ ਮੁਸਲਮਾਨ ਨੇ ਆਪਣਾ ਜਾਲ ਸੁੱਟ ਦਿੱਤਾ। ਦਲਿਤ ਨੇ ਇਤਰਾਜ਼ ਕੀਤਾ। ਮੁਸਲਮਾਨ ਮਛੇਰਾ ਮੁਸਲਮਾਨਾਂ ਦੇ ਪਿੰਡ ਜਾ ਕੇ ਲੋਕਾਂ ਨੂੰ ਕਹਿੰਦਾ, ਮੇਰੀ ਕਿਸ਼ਤੀ ਵਿਚ ਇੱਕ ਔਰਤ ਸੀ ਤੇ ਮੈਂ ਉਸ ਨੂੰ ਲਿਜਾ ਰਿਹਾ ਸਾਂ। ਇਸ ਸ਼ੂਦਰ ਨੇ ਸਾਡੇ ਨਾਲ ਜ਼ਬਰਦਸਤੀ ਕੀਤੀ। ਉਸੇ ਨਹਿਰ ਵਿਚ ਕਿਸ਼ਤੀ ‘ਤੇ ਸਵਾਰ ਗੋਪਾਲਗੰਜ ਦਾ ਐਸ਼ ਡੀ. ਐਮ. ਲੰਘ ਰਿਹਾ ਸੀ। ਉਸ ਨੇ ਬਿਨ ਪੜਤਾਲ ਸ਼ਿਕਾਇਤ ਸੱਚ ਮੰਨ ਕੇ ਪੁਲਿਸ ਬੁਲਾ ਲਈ। ਪੁਲਿਸ ਨਾਲ ਹਥਿਆਰਬੰਦ ਗੁੰਡੇ ਰਲ ਗਏ। ਸਭ ਨੇ ਨਾਮਸ਼ੂਦਰ ਮਰਦ ਤੇ ਔਰਤਾਂ ਕੁੱਟੇ ਅਤੇ ਘਰ ਲੁੱਟ ਲਏ। ਗੁੰਡਾਗਰਦੀ ਦੌਰਾਨ ਇੱਕ ਔਰਤ ਦਾ ਗਰਭਪਾਤ ਹੋਇਆ। ਇਲਾਕੇ ਵਿਚ ਹਫੜਾ ਦਫੜੀ ਮੱਚ ਗਈ।
ਦੂਜੀ ਘਟਨਾ 1949 ਦੇ ਸ਼ੁਰੂ ਵਿਚ ਬਾਰੀਸਾਲ ਜਿਲੇ ਦੇ ਗੁਰਨਾਦੀ ਇਲਾਕੇ ਵਿਚ ਘਟੀ। ਪੁਲਿਸ ਨਾਲ ਮਿਲੇ ਹੋਏ ਇੱਕ ਧੜੇ ਨੇ ਆਪਣੇ ਵਿਰੋਧੀਆਂ ਦੀ ਸ਼ਿਕਾਇਤ ਕਰ ਦਿੱਤੀ ਕਿ ਉਹ ਕਮਿਊਨਿਸਟ ਹਨ ਅਤੇ ਠਾਣਾ ਲੁੱਟਣ ਦੀ ਵਿਉਂਤ ਬਣਾ ਰਹੇ ਹਨ। ਠਾਣੇ ਉੱਪਰ ਹਮਲਾ ਹੋ ਸਕਦਾ ਹੈ, ਫੌਜੀ ਟੁਕੜੀ ਬੁਲਾ ਲਈ। ਪਿੰਡ ਘੇਰ ਲਿਆ, ਲੁੱਟਮਾਰ ਸ਼ੁਰੂ ਹੋ ਗਈ। ਅੰਗਰੇਜ਼ੀ ਹਾਈ ਸਕੂਲਾਂ ਦੇ ਮਾਸਟਰ ਤੇ ਵਿਦਿਆਰਥੀਆਂ ਨੂੰ ਕਮਿਊਨਿਸਟ ਆਖ ਕੇ ਧੱਕਾ ਕੀਤਾ। ਪੀੜਿਤ ਲੋਕਾਂ ਨੇ ਪੜਤਾਲ ਦੀ ਮੰਗ ਕੀਤੀ, ਨਹੀਂ ਹੋਈ। ਇਹ ਮਸਲਾ ਮੈਂ ਤੁਹਾਡੇ ਧਿਆਨ ਵਿਚ ਲਿਆਂਦਾ, ਕੋਈ ਅਸਰ ਨਹੀਂ।
ਸਿਲਹਟ ਜਿਲੇ ਦਾ ਪਿੰਡ ਹਬੀਬਗੜ੍ਹ ਪੁਲਿਸ ਅਤੇ ਸਥਾਨਕ ਮੁਸਲਮਾਨਾਂ ਨੇ ਘੇਰ ਲਿਆ। ਮਾਸੂਮ ਹਿੰਦੂਆਂ ਅਤੇ ਦਲਿਤਾਂ ਉੱਪਰ ਜ਼ਿਆਦਤੀ ਕੀਤੀ, ਘਰ ਲੁੱਟ ਲਏ। ਫਿਰ ਫੌਜ ਆ ਗਈ, ਉਹੀ ਫੌਜ ਨੇ ਕੀਤਾ। ਪੇਂਡੂਆਂ ਨੂੰ ਹੁਕਮ ਦਿੱਤਾ, ‘ਰਾਤ ਨੂੰ ਆਪਣੀਆਂ ਔਰਤਾਂ ਫੌਜੀ ਕੈਂਪ ਵਿਚ ਭੇਜਿਆ ਕਰਨ।’ ਇਹ ਗੱਲ ਤੁਹਾਨੂੰ ਦੱਸੀ। ਕੋਈ ਅਸਰ ਨਹੀਂ।
ਇਸ ਪਿੱਛੋਂ ਰਾਜਾਸ਼ਾਹੀ ਜਿਲੇ ਦੇ ਪਿੰਡ ਨਚੌਲ ਵਿਚ ਕਮਿਊਨਿਸਟਾਂ ਨੂੰ ਦਬਾਉਣ ਦੇ ਬਹਾਨੇ ਹੇਠ ਸਥਾਨਕ ਲੋਕਾਂ ਨੇ ਪੁਲਿਸ ਨਾਲ ਰਲ ਕੇ ਹਿੰਦੂਆਂ ਦੇ ਘਰ ਘਾਟ ਲੁੱਟੇ। ਬਾਰਡਰ ਪਾਰ ਕਰਕੇ ਸੰਥਾਲ ਆਪਣੀਆਂ ਜਾਨਾਂ ਬਚਾਉਣ ਵਾਸਤੇ ਪੱਛਮੀ ਬੰਗਾਲ ਵਿਚ ਹਿਜਰਤ ਕਰ ਗਏ ਤੇ ਆਪਣੇ ਉੱਪਰ ਹੋਏ ਜ਼ੁਲਮ ਦੀਆਂ ਦਾਸਤਾਨਾਂ ਸੁਣਾਈਆਂ।
ਜਿਲਾ ਖੁਲਣਾ ਦੇ ਮੋਲਾਰਹੱਟ ਥਾਣੇ ਦੇ ਪਿੰਡ ਕਲਸ਼ੀਰਾ ਵਿਚ 20 ਦਸੰਬਰ 1949 ਨੂੰ ਇੱਕ ਹੋਰ ਘਟਨਾ ਘਟੀ। ਇਹ ਕਹਿ ਕੇ ਕਿ ਇੱਥੇ ਕਮਿਊਨਿਸਟ ਲੁਕੇ ਹੋਏ ਹਨ, ਚਾਰ ਪੁਲਸੀਆਂ ਨੇ ਜੋਏਦੇਵ ਬ੍ਰਹਮਾ ਦੇ ਘਰ ਛਾਪਾ ਮਾਰਿਆ। ਕੋਈ ਅੱਧੀ ਦਰਜਨ ਦੇ ਕਰੀਬ ਜੁਆਨ, ਜੋ ਸ਼ਾਇਦ ਕਾਮਰੇਡ ਹੋਣ, ਉੱਥੋਂ ਭੱਜ ਗਏ। ਪੁਲਸੀਆਂ ਨੇ ਬ੍ਰਹਮਾ ਦੀ ਔਰਤ ਨਾਲ ਜ਼ਿਆਦਤੀ ਕੀਤੀ, ਉਹ ਚੀਕਾਂ ਮਾਰਨ ਲੱਗੀ। ਚੀਕਾਂ ਸੁਣ ਕੇ ਭੱਜੇ ਮੁੰਡੇ ਅਤੇ ਬ੍ਰਹਮਾ ਵਾਪਸ ਘਰ ਪਰਤੇ। ਦੇਖਿਆ ਚਾਰ ਸਿਪਾਹੀਆਂ ਕੋਲ ਸਿਰਫ ਇੱਕ ਬੰਦੂਕ ਹੈ। ਇੱਕ ਮੁੰਡਾ ਇਹ ਦੇਖ ਕੇ ਤੈਸ਼ ਵਿਚ ਆ ਗਿਆ ਤੇ ਉਸ ਨੇ ਸਿਪਾਹੀ ਦੇ ਉਹ ਜ਼ਬਰਦਸਤ ਘਸੁੰਨ ਮਾਰਿਆ ਕਿ ਸਿਪਾਹੀ ਡਿੱਗ ਪਿਆ ਤੇ ਥਾਂਏਂ ਮਰ ਗਿਆ। ਉਸ ਨੇ ਦੂਜੇ ਸਿਪਾਹੀ ਉੱਪਰ ਹੱਲਾ ਬੋਲਿਆ ਤਾਂ ਦੋ ਭੱਜ ਗਏ ਤੇ ਇਹ ਸਿਪਾਹੀ ਚਿਲਾਉਣ ਲੱਗਾ।
ਘਟਨਾ ਸੂਰਜ ਚੜ੍ਹਨ ਤੋਂ ਪਹਿਲਾਂ ਦੀ ਹੈ, ਮੁੰਡੇ ਲਾਸ਼ ਚੁੱਕ ਕੇ ਭੱਜ ਗਏ। ਖੁਲਣਾ ਦਾ ਐਸ਼ ਪੀ. ਫੌਜ ਅਤੇ ਪੁਲਿਸ ਲੈ ਕੇ ਪੁੱਜ ਗਿਆ। ਕਾਤਲ ਅਤੇ ਸਿਆਣੇ ਗਵਾਂਢੀ ਹਨੇਰੇ ਦਾ ਲਾਭ ਉਠਾ ਕੇ ਭੱਜ ਗਏ, ਬਾਕੀ ਪਿੰਡ ਨੂੰ ਕੋਈ ਪਤਾ ਨਹੀਂ। ਫੌਜ ਅਤੇ ਪੁਲਿਸ ਨੇ ਮਾਸੂਮ ਹਿੰਦੂਆਂ ਨੂੰ ਕੁੱਟਣਾ ਸ਼ੁਰੂ ਕੀਤਾ, ਮੁਸਲਮਾਨ ਉਨ੍ਹਾਂ ਦੇ ਘਰ ਲੁੱਟਣ ਲੱਗੇ। ਹਿੰਸਕਾਂ ਨੇ ਵੱਡੀ ਗਿਣਤੀ ਵਿਚ ਹਿੰਦੂ ਮਾਰੇ, ਘਰਾਂ ਵਿਚ ਪਈਆਂ ਮੂਰਤੀਆਂ ਤੋੜੀਆਂ ਤੇ ਬੱਚਿਆਂ ਨੂੰ ਇਸਲਾਮ ਵਿਚ ਸ਼ਾਮਲ ਕੀਤਾ। ਸਥਾਨਕ ਮੁਸਲਮਾਨਾਂ, ਪੁਲਿਸ ਅਤੇ ਫੌਜ ਨੇ ਬਲਾਤਕਾਰ ਕੀਤੇ।
28 ਫਰਵਰੀ 1950 ਨੂੰ ਮੈਂ ਕਲਸ਼ੀਰਾ ਅਤੇ ਆਸ-ਪਾਸ ਦੇ ਪਿੰਡਾਂ ਦਾ ਦੌਰਾ ਕੀਤਾ। ਐਸ਼ ਪੀ. ਅਤੇ ਜਿਲੇ ਦੇ ਲੀਗ ਲੀਡਰ ਮੇਰੇ ਨਾਲ ਸਨ। ਵਿਆਪਕ ਤਬਾਹੀ ਦੇਖੀ। ਸਾਨੂੰ ਦੱਸਿਆ ਗਿਆ ਕਿ ਇੱਥੇ 350 ਘਰ ਵਸਦੇ ਹੁੰਦੇ ਸਨ, ਸਿਰਫ ਤਿੰਨ ਘਰ ਬਚੇ। ਸ਼ੂਦਰਾਂ ਦੀਆਂ ਕਿਸ਼ਤੀਆਂ ਅਤੇ ਪਸੂ ਲੁੱਟ ਲਏ। ਇਸ ਦੀ ਰਿਪੋਰਟ ਮੈਂ ਪੁਲਿਸ ਆਈ. ਜੀ., ਚੀਫ ਸਕੱਤਰ, ਮੁੱਖ ਮੰਤਰੀ ਅਤੇ ਤੁਹਾਨੂੰ ਭੇਜੀ। ਇਸ ਘਟਨਾ ਦੀ ਖਬਰ ਅਖਬਾਰਾਂ ਵਿਚ ਛਪੀ ਤਾਂ ਪੱਛਮੀ ਬੰਗਾਲ ਦੇ ਹਿੰਦੂ ਤੈਸ਼ ਵਿਚ ਆ ਗਏ। ਕਲਸ਼ੀਰਾ ਦੇ ਉਜੜੇ ਉਖੜੇ ਦਲਿਤ ਕਲਕੱਤੇ ਪੁੱਜ ਗਏ ਤੇ ਆਪਣੇ ਨਾਲ ਹੋਈ ਬੀਤੀ ਦੱਸੀ, ਜਿਸ ਦੇ ਫਲਸਰੂਪ ਪੱਛਮੀ ਬੰਗਾਲ ਵਿਚ ਫਿਰਕੂ ਗੜਬੜ ਹੋਈ। ਪੂਰਬੀ ਬੰਗਾਲ ਦੀ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋ ਗਿਆ ਤਾਂ ਕਾਂਗਰਸ ਵਿਧਾਇਕਾਂ ਨੇ ਦੋ ਵਾਰ ਕਲਸ਼ੀਰਾ ਦੀ ਘਟਨਾ ਉੱਪਰ ਵਿਚਾਰ ਕਰਨ ਲਈ ਮਤਾ ਭੇਜਿਆ, ਪਰ ਉਨ੍ਹਾਂ ਦੀ ਸੁਣਵਾਈ ਨਾ ਹੋਈ। ਵਿਰੋਧ ਕਰਦਿਆਂ ਕਾਂਗਰਸ ਵਿਧਾਇਕ ਵਾਕ ਆਊਟ ਕਰ ਗਏ। ਹਿੰਦੂ ਵਿਧਾਇਕਾਂ ਦੇ ਵਾਕ ਆਊਟ ਸਦਕਾ ਨਾ ਸਿਰਫ ਵਜ਼ੀਰ ਸਗੋਂ ਸੂਬੇ ਦੇ ਮੁਸਲਮਾਨ ਨੇਤਾ ਅਤੇ ਅਫਸਰ ਨਾਰਾਜ਼ ਹੋਏ। ਇਸੇ ਵਜ੍ਹਾ ਕਰਕੇ ਫਰਵਰੀ 1950 ਵਿਚ ਢਾਕਾ ਅਤੇ ਪੂਰਬੀ ਬੰਗਾਲ ਵਿਚ ਫਿਰਕੂ ਫਸਾਦ ਹੋਏ।
10 ਫਰਵਰੀ 1950, ਸਵੇਰੇ 10 ਵਜੇ ਇੱਕ ਔਰਤ ਨੂੰ ਲਾਲ ਰੰਗ ਨਾਲ ਰੰਗ ਦਿੱਤਾ ਤੇ ਜਲੂਸ ਦੇ ਅੱਗੇ ਲਾ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਲਕੱਤੇ ਦੇ ਹਿੰਦੂਆਂ ਨੇ ਇਸ ਮੁਸਲਮਾਨ ਔਰਤ ਦੀ ਛਾਤੀ ਕੱਟ ਦਿੱਤੀ। ਢਾਕੇ ਦੇ ਸਕੱਤਰੇਤ ਕੋਲੋਂ ਦੀ ਇਹ ਜਲੂਸ ਲੰਘਿਆ ਤਾਂ ਸਕੱਤਰੇਤ ਦੇ ਮੁਲਾਜ਼ਮ ਕੰਮ ਛੱਡ ਕੇ ਸ਼ਾਮਲ ਹੋ ਗਏ। ਬਾਰਾਂ ਵਜੇ ਤੱਕ ਜਲੂਸ ਇੱਕ ਮੀਲ ਲੰਮਾ ਹੋ ਗਿਆ। ਜ਼ਿਕਰਯੋਗ ਹੈ ਕਿ ਐਨ ਇਸੇ ਸਮੇਂ ਇਸੇ ਬਿਲਡਿੰਗ ਦੇ ਇੱਕ ਕਮਰੇ ਵਿਚ ਪੂਰਬੀ ਅਤੇ ਪੱਛਮੀ ਬੰਗਾਲ ਦੇ ਚੀਫ ਸਕੱਤਰਾਂ ਦੀ ਇਸ ਮੁੱਦੇ ਬਾਰੇ ਮੀਟਿੰਗ ਚੱਲ ਰਹੀ ਸੀ ਕਿ ਫਿਰਕੂ ਦੰਗੇ ਕਿਵੇਂ ਰੋਕੇ ਜਾਣ?
ਦੁਪਹਿਰ ਇੱਕ ਵਜੇ ਢਾਕਾ ਵਿਚ ਦੰਗੇ ਸ਼ੁਰੂ ਹੋ ਗਏ। ਹਿੰਦੂਆਂ ਨੂੰ ਮਾਰਨਾ, ਘਰ, ਦੁਕਾਨਾਂ ਲੁੱਟਣੀਆਂ ਅਰੰਭ। ਪੁਲਿਸ ਦੀ ਹਾਜ਼ਰੀ ਵਿਚ ਘੱਲੂਘਾਰਾ ਹੁੰਦਾ ਰਿਹਾ। ਰੋਕਣਾ ਤਾਂ ਕੀ, ਪੁਲਿਸ ਦੱਸਦੀ ਰਹੀ ਕਿ ਗਹਿਣਿਆਂ ਦੀਆਂ ਦੁਕਾਨਾਂ ਕਿਵੇਂ ਲੁੱਟਣੀਆਂ ਹਨ। ਸ਼ਾਮੀਂ ਪੰਜ ਵਜੇ ਜਦੋਂ ਮੈਂ ਢਾਕੇ ਪੁੱਜਾ, ਸਭ ਉਜਾੜਾ ਮੇਰੀਆਂ ਅੱਖਾਂ ਅੱਗੇ ਸੀ, ਦਿਲ ਕੰਬਾਊ ਦ੍ਰਿਸ਼ ਸਨ।
ਢਾਕਾ ਫਸਾਦ ਦੇ ਪੰਜ ਕਾਰਨ ਸਨ:
1. ਹਿੰਦੂ ਵਿਧਾਇਕਾਂ ਨੇ ਵਾਕ ਆਊਟ ਕਰਨ ਦੀ ਜ਼ੁਰਅਤ ਕਿਵੇਂ ਕਰ ਲਈ?
2. ਸੁਹਰਾਵਰਦੀ ਅਤੇ ਨਜ਼ੀਮੁੱਦੀਨ ਧੜੇ ਦੀ ਫੁੱਟ ਗੰਭੀਰ ਹੋ ਗਈ ਹੋਈ ਸੀ।
3. ਖਬਰ ਫੈਲ ਗਈ ਸੀ ਕਿ ਪੂਰਬੀ ਅਤੇ ਪੱਛਮੀ ਬੰਗਾਲ ਫਿਰ ਤੋਂ ਇੱਕ ਹੋ ਰਹੇ ਹਨ। ਮੁਸਲਿਮ ਇਸ ਤੋਂ ਘਬਰਾ ਗਏ ਸਨ।
4. ਬੰਗਾਲੀ ਅਤੇ ਗੈਰ-ਬੰਗਾਲੀ ਮੁਸਲਮਾਨਾਂ ਵਿਚ ਵੀ ਤਕਰਾਰ ਸੀ। ਇਹ ਤਕਰਾਰ ਤਦ ਠੰਢਾ ਹੋ ਸਕਦਾ ਸੀ, ਜੇ ਸਾਰੇ ਰਲ ਕੇ ਹਿੰਦੂਆਂ ਨੂੰ ਨਫਰਤ ਕਰਨ। ਇਸ ਨਾਲ ਬੋਲੀ ਦਾ ਮਸਲਾ ਵੀ ਜੁੜਿਆ ਹੋਇਆ ਸੀ।
5. ਦੇਸ਼ ਵੰਡ ਸਦਕਾ ਵਪਾਰ ਨੂੰ ਸੱਟ ਵੱਜੀ, ਮੰਦਾ ਆ ਗਿਆ, ਇਸ ਮੰਦਹਾਲੀ ਵੱਲੋਂ ਧਿਆਨ ਹਟਾਉਣ ਲਈ ਹਿੰਦੂ-ਮੁਸਲਿਮ ਦੰਗੇ ਠੀਕ ਰਹਿਣਗੇ।
ਨੌਂ ਦਿਨ ਢਾਕੇ ਵਿਚ ਬਿਤਾ ਕੇ ਮੈਂ ਹਰ ਕੋਨੇ ਦੀ ਤਬਾਹੀ ਦੇਖੀ। ਰੇਲਾਂ ਵਿਚ ਸਫਰ ਕਰਦੇ ਹਿੰਦੂ ਵੱਢ ਦਿੱਤੇ। ਇੱਕ ਜ਼ਿਮੀਂਦਾਰ ਦੀ ਹਵੇਲੀ ਵਿਚ ਸ਼ਰਨ ਲਈ ਬੈਠੇ ਦੋ ਸੌ ਹਿੰਦੂ ਕਤਲ ਕੀਤੇ, ਚਾਲੀ ਜ਼ਖਮੀ ਬਚ ਗਏ। ਗਿਰਝਾਂ ਅਤੇ ਕੁੱਤੇ ਮਨੁੱਖੀ ਲਾਸ਼ਾਂ ਚੂੰਡ ਰਹੇ ਸਨ। ਇਧਰ-ਉਧਰ ਪਿੰਜਰ ਖਿਲਰੇ ਪਏ ਸਨ।
ਮਰਦਾਂ ਨੂੰ ਕਤਲ ਕਰਕੇ ਔਰਤਾਂ ਆਪੋ ਵਿਚ ਵੰਡ ਲੈਂਦੇ ਸਨ। ਲੁੱਟਣ ਬਾਅਦ ਦੁਕਾਨਾਂ ਨੂੰ ਅੱਗ ਲਾਉਣੀ ਜ਼ਰੂਰੀ ਹੁੰਦੀ। ਇਕੱਲੇ ਜਿਲਾ ਬਾਰੀਸਾਲ ਵਿਚ 2500 ਮੌਤਾਂ ਦਾ ਅੰਦਾਜ਼ਾ ਹੈ, ਜੇ ਕੁੱਲ ਗਿਣਤੀ ਕਰੀਏ ਤਾਂ ਦਸ ਹਜ਼ਾਰ ਹੈ। ਮੈਂ ਰਹਿ ਰਹਿ ਸੋਚਦਾ ਰਿਹਾ, ਇਸਲਾਮ ਦੇ ਨਾਮ ‘ਤੇ ਪਾਕਿਸਤਾਨ ਵਿਚ ਕੀ ਹੋ ਰਿਹਾ ਹੈ?
ਮਾਰਚ ਦੇ ਮਹੀਨੇ ਹਿੰਦੂ ਭਾਰਤ ਵੱਲ ਹਿਜ਼ਰਤ ਕਰਨ ਲੱਗੇ। ਲਗਦਾ ਸੀ, ਪੂਰਾ ਉਜਾੜਾ ਹੋਵੇਗਾ। ਉਧਰ ਭਾਰਤ ਵਿਚ ਦੰਗੇ ਆਹਟ ਦੇਣ ਲੱਗੇ, ਪਰ 8 ਅਪਰੈਲ ਦੇ ਦਿੱਲੀ ਸਮਝੌਤੇ ਤਹਿਤ ਭਾਰਤ ਨੇ ਅਜਿਹਾ ਨਹੀਂ ਹੋਣ ਦਿੱਤਾ। ਮੈਂ ਥਾਂ ਥਾਂ ਹਿੰਦੂਆਂ ਨੂੰ ਸਮਝਾਉਂਦਾ ਫਿਰਦਾ ਰਿਹਾ ਕਿ ਆਪਣੇ ਜੱਦੀ ਚੁੱਲ੍ਹੇ ਚੌਂਕੇ ਛੱਡ ਕੇ ਭਾਰਤ ਨਾ ਜਾਉ, ਸਰਕਾਰ ਤੁਹਾਡੀ ਰਾਖੀ ਕਰੇਗੀ, ਪਰ ਸਰਕਾਰ ਜਾਂ ਮੁਸਲਿਮ ਲੀਗ ਉੱਪਰ ਦਿੱਲੀ ਸਮਝੌਤੇ ਦਾ ਕੋਈ ਅਸਰ ਨਹੀਂ ਸੀ। ਮੇਰੀ ਪੁਕਾਰ ਉੱਤੇ ਅਮਲ ਕਰਦਿਆਂ ਬਹੁਤ ਸਾਰੇ ਹਿੰਦੂ ਵਾਪਸ ਪਰਤੇ, ਪਰ ਉਨ੍ਹਾਂ ਦੇ ਘਰ ਜ਼ਮੀਨਾਂ ਉੱਪਰ ਮੁਸਲਮਾਨ ਕਾਬਜ਼ ਹੋ ਚੁਕੇ ਸਨ, ਜਿਨ੍ਹਾਂ ਨੇ ਕਬਜ਼ੇ ਛੱਡੇ ਨਹੀਂ।
ਲੀਗੀਆਂ ਦੀ ਮੰਦਭਾਵਨਾ ਮੇਰੇ ਅੱਗੇ ਉਦੋਂ ਸਾਫ ਹੋ ਗਈ, ਜਦੋਂ ਅਕਰਮ ਖਾਨ ਨੇ ਡਾ. ਏ. ਐਮ. ਮਲਿਕ, ਘੱਟ ਗਿਣਤੀਆਂ ਦੇ ਵਜ਼ੀਰ ਦੇ ਬਿਆਨ ਉੱਪਰ ਪ੍ਰਤੀਕਰਮ ਦਿੱਤਾ। ਮਲਿਕ ਨੇ ਰੇਡੀਓ ਬ੍ਰਾਡਕਾਸਟ ਉੱਤੇ ਕਿਹਾ ਸੀ, “ਪੈਗੰਬਰ ਮੁਹੰਮਦ ਨੇ ਅਰਬ ਦੇ ਯਹੂਦੀਆਂ ਨੂੰ ਧਾਰਮਿਕ ਆਜ਼ਾਦੀ ਦਿੱਤੀ ਸੀ।”
ਪ੍ਰਦੇਸ਼ ਲੀਗੀ ਪ੍ਰਧਾਨ ਅਕਰਮ ਖਾਨ ਦਾ ਬਿਆਨ ਆਇਆ, “ਚੰਗਾ ਹੁੰਦਾ ਡਾ. ਮਲਿਕ ਅਰਬ ਦੇ ਯਹੂਦੀਆਂ ਬਾਰੇ ਨਬੀ ਦਾ ਬਿਆਨ ਨਾ ਦਿੰਦੇ। ਇਹ ਤਾਂ ਪੈਗੰਬਰ ਦਾ ਪਹਿਲਾ ਅਧਿਆਇ ਸੀ। ਆਖਰੀ ਅਧਿਆਇ ਵਿਚ ਨਬੀ ਨੇ ਫੁਰਮਾਇਆ, ਅਰਬ ਵਿਚੋਂ ਸਾਰੇ ਯਹੂਦੀਆਂ ਨੂੰ ਹੂੰਝ ਦਿਉ।” ਹਿੰਦੂ ਆਤਮ ਵਿਸ਼ਵਾਸ ਨਾਲ ਰਹਿ ਸਕਣ, ਇਨ੍ਹਾਂ ਲੀਡਰਾਂ ਦੀ ਇੱਛਾ ਹੀ ਨਹੀਂ ਸੀ। ਪੂਰਬੀ ਬੰਗਾਲ ਦੀ ਸਰਕਾਰ ਉਨ੍ਹਾਂ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸੀ। ਪੱਛਮੀ ਪਾਕਿਸਤਾਨ ਵਿਚੋਂ ਹਿੰਦੂਆਂ ਨੂੰ ਹੂੰਝ ਦਿੱਤਾ ਹੈ, ਉਹੀ ਇਧਰ ਹੋਣ ਲੱਗਾ ਹੈ। ਉਧਰ ਗਏ ਭਾਰਤੀ ਦਲਿਤ ਬੰਗਾਲ ਵਿਚੋਂ ਇਧਰ ਪਰਤ ਰਹੇ ਹਨ, ਇਸ ਦਾ ਕਾਰਨ ਇਹ ਨਹੀਂ ਕਿ ਉਹ ਇਧਰ ਆ ਕੇ ਖੁਸ਼ ਹਨ; ਕਾਰਨ ਹੈ, ਉਧਰ ਇਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ।
ਪਾਕਿਸਤਾਨੀ ਪੰਜਾਬ ਦੇ ਗਵਰਨਰ ਨੇ ਭਾਸ਼ਣ ਦਿੱਤਾ ਹੈ ਕਿ ਪਾਕਿਸਤਾਨ ਕੋਲ ਮਜ਼ਬੂਤ ਫੌਜ ਚਾਹੀਦੀ ਹੈ, ਤਦ ਭਾਰਤ ਵਿਚ ਮੁਸਲਮਾਨ ਬਚ ਸਕਣਗੇ। ਆਜ਼ਾਦੀ ਪਿੱਛੋਂ ਪੂਰਬੀ ਬੰਗਾਲ ਵਿਚੋਂ 50 ਲੱਖ ਹਿੰਦੂ ਹਿਜਰਤ ਕਰ ਗਏ। ਮੁਸਲਮਾਨਾਂ ਨੇ ਹਿੰਦੂ ਵਕੀਲਾਂ, ਡਾਕਟਰਾਂ, ਦੁਕਾਨਦਾਰਾਂ, ਵਪਾਰੀਆਂ ਦਾ ਬਾਈਕਾਟ ਕਰ ਦਿੱਤਾ ਹੈ, ਉਜੜਨ ਤੋਂ ਬਿਨਾ ਹੋਰ ਉਹ ਕੀ ਕਰਨ? ਕਿਰਾਏਦਾਰ, ਹਿੰਦੂ ਮਕਾਨ ਮਾਲਕਾਂ ਨੂੰ ਕਿਰਾਇਆ ਨਹੀਂ ਦਿੰਦੇ। ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਸਵੇਰ ਵੇਲੇ ਸਾਰੇ ਮਾਸਟਰ ਅਤੇ ਵਿਦਿਆਰਥੀ ਨਮਾਜ਼ ਪੜ੍ਹਨ ਪਿੱਛੋਂ ਕਲਾਸਾਂ ਵਿਚ ਜਾਇਆ ਕਰਨ। ਪੂਰਬੀ ਬੰਗਾਲ ਵਿਚ 1500 ਹਾਈ ਸਕੂਲਾਂ ਵਿਚੋਂ ਸਿਰਫ 500 ਚੱਲ ਰਹੇ ਹਨ। ਹਿੰਦੂ ਮੁੰਡੇ-ਕੁੜੀਆਂ ਦੇ ਵਿਆਹ ਨਹੀਂ ਹੋ ਰਹੇ, ਪੁਜਾਰੀ ਭੱਜ ਗਏ ਹਨ। ਮੂਰਤੀਆਂ ਬਣਾਉਣ ਵਾਲੇ ਕਾਰੀਗਰ ਦੌੜ ਗਏ ਹਨ। ਹਿੰਦੂ ਹੈਡਮਾਸਟਰ ਹਟਾ ਕੇ ਮੁਸਲਮਾਨ ਲਾ ਦਿੱਤੇ ਹਨ। ਹਿੰਦੂ ਸ਼ਿਕਾਇਤ ਲੈ ਕੇ ਜਾਂਦੇ ਹਨ, ਠਾਣੇਦਾਰ ਸ਼ਿਕਾਇਤ ਨਹੀਂ ਫੜਦਾ। ਇਸ ਵੇਲੇ ਪੂਰਬੀ ਪਾਕਿਸਤਾਨ ਵਿਚ 12 ਤੋਂ 30 ਸਾਲ ਤੱਕ ਦੀ ਕੋਈ ਹਿੰਦੂ ਕੁੜੀ ਨਹੀਂ। ਹਿੰਦੂਆਂ ਤੋਂ ਸਾਮਾਨ ਖਰੀਦਣ ਵੇਲੇ ਪੂਰੀ ਕੀਮਤ ਕੋਈ ਨਹੀਂ ਦਿੰਦਾ। ਮੁਕਦੀ ਗੱਲ, ਲਾਅ ਅਤੇ ਆਰਡਰ ਨਾਮ ਦੀ ਕੋਈ ਚੀਜ਼ ਬਾਕੀ ਨਹੀਂ ਬਚੀ।
ਪੱਛਮੀ ਪਾਕਿਸਤਾਨ ਵਿਚ ਇੱਕ ਲੱਖ ਦਲਿਤ ਸਨ, ਬਹੁਤਿਆਂ ਨੂੰ ਇਸਲਾਮ ਧਾਰਨ ਕਰਵਾ ਦਿੱਤਾ ਹੈ। ਉਧਾਲੀਆਂ ਦਲਿਤ ਕੁੜੀਆਂ ਵਿਚੋਂ ਸਿਰਫ ਤੀਜਾ ਹਿੱਸਾ ਵਾਪਸ ਆਈਆਂ ਹਨ। ਰਿਕਵਰੀ ਅਫਸਰ ਕੋਲ ਇਤਰਾਜ਼ ਕੀਤਾ ਤਾਂ ਉਸ ਦਾ ਜਵਾਬ ਸੀ, ਮੇਰੀ ਡਿਊਟੀ ਹਿੰਦੂ ਕੁੜੀਆਂ ਰਿਕਵਰ ਕਰਨਾ ਹੈ, ਦਲਿਤ ਹਿੰਦੂ ਨਹੀਂ ਹਨ। ਕੁਲ 363 ਮੰਦਿਰ ਅਤੇ ਗੁਰਦੁਆਰੇ ਮੁਸਲਮਾਨਾਂ ਦੇ ਕਬਜ਼ੇ ਵਿਚ ਹਨ, ਜਿਨ੍ਹਾਂ ਵਿਚ ਮੋਚੀਆਂ ਨੇ ਦੁਕਾਨਾਂ ਖੋਲ੍ਹ ਲਈਆਂ, ਬੁਚੜਖਾਨੇ ਬਣਾ ਲਏ, ਕੁਝ ਵਿਚ ਹੋਟਲ ਬਣਾ ਲਏ।
ਤੁਹਾਡੀ ਇਸਲਾਮਿਕ ਸਟੇਟ ਵਿਚ ਗੈਰ-ਮੁਸਲਮਾਨ ਕਾਫਰ ਹਨ, ਮਿਸਟਰ ਪ੍ਰਾਈਮ ਮਿਨਿਸਟਰ, ਸੁਰੱਖਿਅਤ ਜੀਵਨ ਬਤੀਤ ਕਰਨ ਵਾਸਤੇ ਕਾਫਰਾਂ ਨੂੰ ਕੀਮਤ ਦੇਣੀ ਪਵੇਗੀ। ਉਪਰਲੀ ਸ਼੍ਰੇਣੀ, ਸਿਆਣੇ ਹਿੰਦੂ ਤੇ ਦਲਿਤ ਪਹਿਲੋਂ ਹੀ ਪਾਕਿਸਤਾਨੋਂ ਜਾ ਚੁਕੇ ਹਨ। ਜਿਹੜੇ ਰਹਿ ਜਾਣਗੇ, ਉਨ੍ਹਾਂ ਨੂੰ ਇਸਲਾਮ ਵਿਚ ਆਉਣਾ ਪਏਗਾ ਜਾਂ ਮਾਰੇ ਜਾਣਗੇ। ਜੇ ਮੈਂ ਦੁਨੀਆਂ ਅੱਗੇ ਸਾਬਤ ਨਹੀਂ ਕਰ ਸਕਦਾ ਕਿ ਪਾਕਿਸਤਾਨ ਵਿਚ ਹਿੰਦੂ ਅਤੇ ਦਲਿਤ ਸ੍ਵੈਮਾਣ ਨਾਲ ਰਹਿ ਸਕਦੇ ਹਨ, ਫਿਰ ਵਜ਼ਾਰਤ ‘ਚ ਰਹੀ ਜਾਣ ਦੀ ਕੀ ਤੁਕ?
ਲੀਗ ਦੇ ਹਾਕਮਾਂ ਨੂੰ ਛੱਡ ਕੇ ਬਾਕੀ ਮੁਸਲਮਾਨਾਂ ਦੀ ਪਾਕਿਸਤਾਨ ਵਿਚ ਕੀ ਦਸ਼ਾ ਹੈ? ਅਬਦੁਲ ਗਫਾਰ ਖਾਨ ਦੀ ਹੋਣੀ ਦੇਖ ਲਉ। ਉਸ ਤੋਂ ਅਤੇ ਉਸ ਦੇ ਭਰਾ ਤੋਂ ਵਧੀਕ ਸਵੱਛ ਮੁਸਲਮਾਨ ਧਰਤੀ ਉੱਪਰ ਹੋਰ ਕਿੱਥੇ ਹੋਵੇਗਾ? ਉਨ੍ਹਾਂ ਸਮੇਤ ਹੋਰ ਬਥੇਰੇ ਨੇਤਾ ਬਿਨਾ ਮੁਕੱਦਮੇ ਦੇ ਜੇਲ੍ਹਾਂ ਵਿਚ ਬੰਦ ਹਨ।
ਬੰਗਾਲ ਵਿਚ ਲੀਗ ਦੀ ਜਿੱਤ ਸੁਹਰਾਵਰਦੀ ਸਦਕੇ ਹੋਈ ਸੀ, ਜੋ ਹੁਣ ਆਪਣੇ ਘਰ ਵਿਚ ਨਜ਼ਰਬੰਦ ਹੈ, ਬਿਨਾ ਆਗਿਆ ਦੇ ਬਾਹਰ ਨਹੀਂ ਜਾ ਸਕਦਾ। ਪੂਰਬੀ ਪਾਕਿਸਤਾਨ ਦੇ ਮੁਸਲਮਾਨਾਂ ਦੀ ਇਹ ਦਸ਼ਾ ਕਿ ਪੂਰਾ ਇਲਾਕਾ ਪੱਛਮੀ ਪਾਕਿਸਤਾਨ ਦੀ ਕਾਲੋਨੀ ਹੈ।
ਪੂਰਬੀ ਪਾਕਿਸਤਾਨ ਦੇ ਮੁਸਲਮਾਨ ਰੋਟੀ ਮੰਗਦੇ ਹਨ, ਪੱਛਮੀ ਪਾਕਿਸਤਾਨ ਤੋਂ ਉਨ੍ਹਾਂ ਨੂੰ ਪੱਥਰ ਮਿਲਦੇ ਹਨ।
ਤੁਸੀਂ ਮੈਨੂੰ ਇੱਕ ਬਿਆਨ ਦੇਣ ਵਾਸਤੇ ਕਿਹਾ, ਜੋ ਮੈਂ ਪਿਛਲੇ ਅੱਠ ਸਤੰਬਰ ਨੂੰ ਦੇ ਦਿੱਤਾ। ਤੁਹਾਨੂੰ ਪਤੈ, ਮੈਂ ਝੂਠਾ ਬਿਆਨ ਦੇਣ ਵਾਸਤੇ ਤਿਆਰ ਨਹੀਂ ਸਾਂ, ਇਹ ਤਾਂ ਝੂਠ ਤੋਂ ਵੀ ਮਾੜਾ ਬਿਆਨ ਸੀ, ਪਰ ਜਦੋਂ ਮੈਂ ਤੁਹਾਡਾ ਵਜ਼ੀਰ ਸਾਂ, ਮੈਂ ਤੁਹਾਡਾ ਹੁਕਮ ਕਿਵੇਂ ਮੋੜਦਾ? ਝੂਠ ਅਤੇ ਪਖੰਡ ਦੀ ਇਸ ਪੰਡ ਦਾ ਬੋਝ ਹੁਣ ਹੋਰ ਨਹੀਂ ਚੁੱਕਿਆ ਜਾਂਦਾ, ਜਿਸ ਕਾਰਨ ਆਪਣਾ ਅਸਤੀਫਾ ਤੁਹਾਡੇ ਸਪੁਰਦ ਕਰਦਾ ਹਾਂ ਅਤੇ ਆਸ ਹੈ ਤੁਸੀਂ ਬਿਨਾ ਦੇਰੀ ਮਨਜ਼ੂਰ ਕਰ ਲਉਗੇ। ਜਿਸ ਤਰ੍ਹਾਂ ਇਸਲਾਮਿਕ ਸਟੇਟ ਨੂੰ ਜਾਂ ਤੁਹਾਨੂੰ ਠੀਕ ਲੱਗੇ, ਮੇਰੀ ਥਾਂ ਹੋਰ ਕੋਈ ਬੰਦੋਬਸਤ ਕਰ ਲਵੋ।
8 ਅਕਤੂਬਰ, 1950
ਤੁਹਾਡਾ ਵਿਸ਼ਵਾਸਪਾਤਰ,
ਸਹੀ/- ਜ਼ ਨ. ਮੰਡਲ

1904 ਵਿਚ ਜੰਮੇ ਮੰਡਲ ਦਾ ਦੇਹਾਂਤ ਸਾਲ 1968, ਕਲਕੱਤੇ ਦੀ ਝੁੱਗੀ ਝੋਂਪੜੀ ਦਲਿਤ ਬਸਤੀ ਵਿਚ ਹੋਇਆ। ਉਦੋਂ ਡਕਾਰੀਆ ਝੀਲ ਦੀ ਇਹ ਬੇਕਾਰ ਜ਼ਮੀਨ ਦਲਦਲੀ ਸੀ। ਉਨ੍ਹਾਂ ਦੀ ਉਮਰ ਉਦੋਂ 46 ਸਾਲ ਦੀ ਸੀ, ਜਦੋਂ ਅਸਤੀਫਾ ਦੇ ਕੇ ਭਾਰਤ ਆਏ। ਮੌਤ ਵਕਤ ਉਮਰ 64 ਸਾਲ ਸੀ। ਭਾਰਤ ਆ ਕੇ ਉਨ੍ਹਾਂ ਨੇ ਚਾਰ ਵਾਰ ਚੋਣ ਲੜੀ, ਹਰ ਵਾਰ ਜ਼ਮਾਨਤ ਜਬਤ ਹੋਈ। ਉਨ੍ਹਾਂ ਉਪਰ ਪਾਕਿਸਤਾਨੀ ਏਜੰਟ ਹੋਣ ਦਾ ਦੋਸ਼ ਲੱਗਾ, ਜੋ 70 ਲੱਖ ਦਲਿਤਾਂ ਨੂੰ ਮੌਤ ਹਵਾਲੇ ਕਰਕੇ ਭਾਰਤ ਵਿਚ ਭੱਜ ਆਇਆ। ਪਾਕਿਸਤਾਨ ਟੁੱਟ ਕੇ 1971 ਵਿਚ ਬੰਗਲਾਦੇਸ਼ ਬਣ ਗਿਆ ਤਾਂ ਵੀ ਉਥੋਂ ਦੇ ਦਲਿਤਾਂ ਦੀ ਦਸ਼ਾ ਸੁਧਰੀ ਨਹੀਂ। ਮੰਡਲ ਨੇ 1950 ਵਿਚ ਅਸਤੀਫਾ ਦਿੱਤਾ ਸੀ, ਅੰਬੇਡਕਰ ਨੇ ਕਾਨੂੰਨ ਮੰਤਰੀ ਵੱਜੋਂ 1951 ਵਿਚ ਅਸਤੀਫਾ ਦਿੱਤਾ।