ਕਰਮ ਖੰਡ ਕੀ ਬਾਣੀ ਜੋਰੁ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਪਿਛਲੀ ਇਕ ਪਉੜੀ ਵਿਚ ਗੁਰੂ ਸਾਹਿਬ ਨੇ ‘ਆਖਣਿ ਜੋਰੁ’ ਲਿਖ ਕੇ ਰਿੱਧੀਆਂ ਸਿੱਧੀਆਂ ਰਾਹੀਂ ਕੁਦਰਤੀ ਸ਼ਕਤੀਆਂ ‘ਤੇ ਕਾਬੂ ਪਾਉਣ ਵਾਲਿਆਂ ‘ਤੇ ਵਿਅੰਗ ਕੱਸਿਆ ਸੀ। ਫਿਰ ‘ਜਿਸੁ ਹਥਿ ਜੋਰੁ ਕਰਿ ਵੇਖੈ ਸੋਇ।॥ ਨਾਨਕ ਉਤਮੁ ਨੀਚੁ ਨਾ ਕੋਇ॥’ ਲਿਖ ਕੇ ਉਨ੍ਹਾਂ ਨੇ ਇਨ੍ਹਾਂ ਅਧਿਆਤਮਵਾਦੀ ਅੰਤਰ-ਧਿਆਨੀਆਂ ਨੂੰ ਸਾਹਮਣੇ ਆ ਕੇ ਆਪਣੇ ਦਾਅਵਿਆਂ ਦੇ ਪ੍ਰਮਾਣ ਦੇਣ ਲਈ ਵੰਗਾਰਿਆ ਸੀ। ਹੁਣ 37ਵੀਂ ਪਉੜੀ ਵਿਚ ਇਕ ਵਾਰ ਫਿਰ ਉਹ ਜੋਰ ਦੀ ਗੱਲ ਕਰਦਿਆਂ ਕਹਿੰਦੇ ਹਨ, ‘ਕਰਮ ਖੰਡ ਕੀ ਬਾਣੀ ਜੋਰ॥’ ਆਖਿਰ ਇਹ ਜੋਰ ਤੇ ਕਰਮ ਕੀ ਹਨ? ਇਨ੍ਹਾਂ ਦੀ ਐਸੀ ਕੀ ਮਹਤੱਤਾ ਹੈ, ਜੋ ਗੁਰੂ ਸਾਹਿਬ ਨੇ ਕਈ ਪਉੜੀਆਂ ਵਿਚ ਇਨ੍ਹਾਂ ਦਾ ਜ਼ਿਕਰ ਕੀਤਾ ਹੈ?

ਗੁਰੂ ਸਾਹਿਬ ਨੇ ਜੋਰ ਨੂੰ ਦੋ ਅਰਥਾਂ ਵਿਚ ਵਰਤਿਆ ਹੈ। ‘ਆਖਣਿ ਜੋਰੁ’ ਵਾਲੀ 33ਵੀਂ ਪਉੜੀ ਵਿਚ ਇਹ ਵਸ (ਛੋਨਟਰੋਲ) ਕਰਨ ਭਾਵ ਕੁਦਰਤੀ ਵਰਤਾਰਿਆਂ ਨੂੰ ਮਨੁੱਖੀ ਪ੍ਰਭਾਵ ਹੇਠ ਕਰਨ ਵਜੋਂ ਆਇਆ ਹੈ। ਸਿੱਧ ਪੁਰਖਾਂ, ਨਾਥ ਜੋਗੀਆਂ ਤੇ ਹੋਰ ਅਧਿਆਤਮਵਾਦੀਆਂ ਨੂੰ ਭਰਮ ਸੀ ਕਿ ਉਹ ਪੂਜਾ ਪਾਠ, ਤਪੱਸਿਆ ਤੇ ਮੰਤਰਜਾਪ ਰਾਹੀਂ ਗੁਪਤ ਤਾਕਤਾਂ ਪ੍ਰਾਪਤ ਕਰ ਕੇ ਕੁਦਰਤ ਨੂੰ ਉਂਗਲਾਂ ‘ਤੇ ਨਚਾ ਸਕਦੇ ਸਨ। ਗੁਰੂ ਸਾਹਿਬ ਨੇ ਉਨ੍ਹਾਂ ਦੀਆਂ ਅੰਤਰਮੁਖੀ ਪ੍ਰਾਪਤੀਆਂ ਦੀ ਗੱਲ ਰੱਦ ਕਰਦਿਆਂ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਵੰਗਾਰਿਆ। ਇੱਥੇ ਜੋਰ ਦਾ ਅਰਥ ਇਕ ਅਦਿੱਖ ਅੰਦਰੂਨੀ ਸਮਰੱਥਾ (ਛਅਪਅਬਲਿਟੇ) ਅਰਥਾਤ ਸ਼ਕਤੀ, ਕਰਾਮਾਤ ਜਾਂ ਆਤਮ-ਬਲ ਹੈ, ਜਿਸ ਨੂੰ ਅਧਿਆਤਮਕ ਸਾਧਨਾ ਰਾਹੀਂ ਉਤਪੰਨ ਕਰਕੇ ਕੁਦਰਤ ਨੂੰ ਮਨੁੱਖੀ ਇੱਛਾ ਅਧੀਨ ਲਿਆਇਆ ਜਾ ਸਕੇ।
ਦੂਜੇ ਪਾਸੇ 37ਵੀਂ ਪਉੜੀ ਵਿਚ ਜੋਰ ਨੂੰ ਸਰੀਰਕ ਸ਼ਕਤੀ (ਫਹੇਸਚਿਅਲ ਫੋੱeਰ) ਦੇ ਅਰਥਾਂ ਵਿਚ ਵਰਤਿਆ ਗਿਆ ਹੈ। ਇਹ ਜੋਰ ਤਨ ਦੀ ਸ਼ਕਤੀ ਹੈ, ਜੋ ਮਨੁੱਖੀ ਕੰਮਾਂ (Aਚਟਿਨਸ) ਵਿਚ ਬਾਹੂਬਲ ਰਾਹੀਂ ਵਰਤੀ ਜਾਂਦੀ ਹੈ। ਇਸ ਤਰ੍ਹਾਂ ਦਾ ਜੋਰ ਸਿਰੜੀ ਹੱਡ-ਕਰਮੀਆਂ, ਪ੍ਰਕਿਰਤੀ ਨਾਲ ਜੂਝਦੇ ਮਿਹਨਤਕਸ਼ਾਂ, ਵਿਵੇਕ-ਕਲਾ ਵਾਲੇ ਬੁੱਧੀਜੀਵੀਆਂ ਜਾਂ ਸੂਰਬੀਰ ਯੋਧਿਆਂ ਕੋਲ ਹੁੰਦਾ ਹੈ ਤੇ ਉਹ ਇਸ ਦਾ ਪ੍ਰਗਟਾਵਾ ਵੀ ਕਰ ਸਕਦੇ ਹਨ। ਇਸੇ ਜੋਰ ਦੀ ਦੂਜੀ ਕਿਸਮ ਮਕਾਨਕੀ ਬਲ, ਜੋ ਮਸ਼ੀਨ ਕਲਾ, ਬਿਜਲਈ ਜੰਤਰਾਂ ਤੇ ਹੋਰ ਭੌਤਿਕ ਸਾਧਨਾਂ ਰਾਹੀਂ ਪੈਦਾ ਕੀਤਾ ਹੁੰਦਾ ਹੈ। ਇਹ ਜੀਵ-ਰਹਿਤ ਜੋਰ ਹੈ, ਜੋ ਮਸ਼ੀਨੀ ਸਾਧਨਾਂ ਨੂੰ ਮਨੁੱਖੀ ਅਕਲ ਨਾਲ ਵਰਤ ਕੇ ਬਣਾਇਆ ਗਿਆ ਹੈ। ਇਹ ਇਕ ਤਰ੍ਹਾਂ ਨਾਲ ਮਨੁੱਖੀ ਬਲ ਦਾ ਹੀ ਵਧਿਆ ਭਾਗ (ਓਣਟeਨਸਿਨ) ਹੈ।
ਗੁਰੂ ਸਾਹਿਬ ਦੀ ਧਾਰਨਾ ਹੈ ਕਿ ਅੰਤਰਮੁਖੀ ਸਾਧਨਾ ਵਾਲੇ ਜੋਰ ਦਾ ਕੋਈ ਅਸਤਿਤਵ ਨਹੀਂ ਹੈ, ਪਰ ਅਧਿਆਤਮਿਕ ਰਾਹ ਪਏ ਲੋਕ ਇਸ ਨੂੰ ਤਪਸਿਆ ਤੇ ਮੰਤਰ-ਜਾਪਾਂ ਰਾਹੀਂ ਪ੍ਰਾਪਤ ਕਰਨ ਦਾ ਭਰਮ ਪਾਲਦੇ ਹਨ। ਦੂਜੇ ਪਾਸੇ ਬੁੱਧੀ ਤੇ ਸਰੀਰ ਵਾਲਾ ਬਲ ਅਸਲੀ ਜੋਰ ਹੈ, ਜਿਸ ਨਾਲ ਸੰਸਾਰਕ ਕੰਮ ਹੋ ਸਕਦੇ ਹਨ, ਪਰ ਇਸ ਨੂੰ ਪੈਦਾ ਕਰਨ ਦਾ ਸਮਾਜ ਵਿਚ ਕੋਈ ਰੁਝਾਨ ਨਹੀਂ, ਭਾਵ ਅਸਲ ਬਲ ਨੂੰ ਪੈਦਾ ਕਰਨ ਵਲ ਕਿਸੇ ਦਾ ਧਿਆਨ ਨਹੀਂ। ਗੁਰੂ ਸਾਹਿਬ ਦੀ ਵਿਡੰਬਨਾ ਜਾਇਜ਼ ਸੀ, ਕਿਉਂਕਿ ਅਧਿਆਤਮਵਾਦੀਆਂ ਨੇ ਬਲ ਨੂੰ ਸਮਝਣ ਵਿਚ ਗਲਤੀ ਖਾਈ ਹੋਈ ਸੀ। ਜੇ ਮਨੁੱਖ ਕੁਦਰਤ ‘ਤੇ ਕਾਬੂ ਪਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਕੁਦਰਤੀ ਸ਼ਕਤੀਆਂ ਬਾਰੇ ਜਾਣਨਾ ਪਵੇਗਾ। ਕੁਦਰਤੀ ਸ਼ਕਤੀਆਂ ਵੀ ਇਕ ਤਰ੍ਹਾਂ ਦਾ ਭੌਤਿਕ ਜਾਂ ਯੰਤ੍ਰਿਕ ਬਲ ਹਨ, ਜੋ ਹਰ ਇਕ ਕੁਦਰਤੀ ਵਰਤਾਰੇ ਪਿੱਛੇ ਕੰਮ ਕਰਦਾ ਹੈ। ਜੇ ਇਸ ਬਲ ਨੂੰ ਰੋਕਣ ਲਈ ਮਨੁੱਖ ਆਪਣਾ ਬਲ ਲਾਵੇ ਤਾਂ ਇਸ ਦੀ ਮਾਤਰਾ ਕੁਦਰਤੀ ਬਲ ਦੇ ਬਰਾਬਰ ਤੇ ਉਲਟ ਦਿਸ਼ਾ ਵਿਚ ਹੋਣੀ ਚਾਹੀਦੀ ਹੈ। ਅਰਥਾਤ ਸੌ ਕਿਲੋਗਰਾਮ ਭਾਰ ਨੂੰ ਚੁੱਕਣ ਲਈ ਸੌ ਕਿਲੋਗਰਾਮ ਤੋਂ ਥੋੜ੍ਹੀ ਵੱਧ ਤਾਕਤ ਵਾਲਾ ਪਹਿਲਵਾਨ ਚਾਹੀਦਾ ਹੈ, ਜੋ ਉਸ ਭਾਰ ਨੂੰ ਉਲਟ ਦਿਸ਼ਾ ਵਿਚ ਜੋਰ ਲਾ ਕੇ ਉਪਰ ਚੁੱਕ ਸਕੇ।
ਪਰ ਉਕਤ ਸਮੀਕਰਣ ਵਿਚ ਜੋ ਗੱਲ ਸਮਝਣ ਵਾਲੀ ਹੈ ਤੇ ਜੋ ਅਧਿਆਤਮਵਾਦੀਆਂ ਦੇ ਧਿਆਨ ਵਿਚ ਨਹੀਂ ਆਈ, ਉਹ ਇਹ ਹੈ ਕਿ ਕੁਦਰਤੀ ਬਲ ਤੇ ਮੋੜਵੇਂ ਮਨੁੱਖੀ ਬਲ ਦੀ ਕਿਸਮ ਇਕੋ ਜਿਹੀ ਹੋਣੀ ਚਾਹੀਦੀ ਹੈ। ਭਾਵ ਕੁਦਰਤ ਦੇ ਭੌਤਿਕ ਬਲ ਨੂੰ ਜਿੱਤਣ ਲਈ ਮਨੁੱਖ ਨੂੰ ਵੀ ਭੌਤਿਕ ਬਲ ਹੀ ਵਰਤਣਾ ਪਵੇਗਾ। ਇਸ ਦਾ ਅਰਥ ਇਹ ਹੋਇਆ ਕਿ ਦੂਜੇ ਤਰ੍ਹਾਂ ਦੇ ਬਲ ਜਿਵੇਂ ਰਸਾਇਣਕ, ਤਾਪ, ਪ੍ਰਕਾਸ਼ ਤੇ ਬਿਜਲਈ ਬਲ ਇਸ ਵਿਰੁਧ ਉਦੋਂ ਤੀਕ ਨਹੀਂ ਵਰਤੇ ਜਾ ਸਕਦੇ, ਜਦੋਂ ਤੀਕ ਇਨ੍ਹਾਂ ਬਲਾਂ ਨੂੰ ਕਿਸੇ ਉਪਕਰਣ ਰਾਹੀਂ ਭੌਤਿਕ ਬਲ ਵਿਚ ਨਹੀਂ ਬਦਲਿਆ ਜਾਂਦਾ। ਅਰਥਾਤ ਮੋਟਰ ਬਿਨਾ ਬਿਜਲਈ ਸ਼ਕਤੀ, ਰੇਲ ਦੇ ਇੰਜਣ ਬਿਨਾ ਤਾਪ-ਸ਼ਕਤੀ ਤੇ ਆਟੋ-ਇੰਜਣ ਬਿਨਾ ਪੈਟਰੋਲ ਸ਼ਕਤੀ ਕੋਈ ਕੰਮ ਨਹੀਂ ਕਰ ਸਕਦੀ। ਬਿਨਾ ਢੁਕਵੇਂ ਉਪਕਰਣ ਮਨੁੱਖ ਇਨ੍ਹਾਂ ਨੂੰ ਕੁਦਰਤ ਵਿਰੁਧ ਨਹੀਂ ਵਰਤ ਸਕਦਾ, ਕਿਉਂਕਿ ਕੁਦਰਤ ਵਿਚ ਕੁਝ ਵੀ ਬਦਲਣ ਲਈ ਭੌਤਿਕ ਬਲ ਦੀ ਲੋੜ ਹੈ। ਮਾਦੇ ਦੀ ਇਕ ਕੁਦਰਤੀ ਅਵਸਥਾ ਨੂੰ ਭੰਗ ਕਰਕੇ ਸ਼ਕਤੀਆਂ ਦਾ ਨਵਾਂ ਸਮੀਕਰਣ ਸਿਰਜਣ ਲਈ ਮਨੁੱਖ ਨੂੰ ਭੌਤਿਕ ਕਿਸਮ ਦੇ ਬਲ ਨਾਲ ਹੀ ਬਰਾਬਰ ਦਾ ਭੁਗਤਾਨ ਕਰਨਾ ਪਵੇਗਾ, ਕਿਸੇ ਹੋਰ ਤਰ੍ਹਾਂ ਦੇ ਬਲ ਨਾਲ ਨਹੀਂ। ਇਹ ਇਵੇਂ ਹੀ ਹੈ, ਜਿਵੇਂ ਦੂਜੇ ਦੇਸ਼ ਵਿਚ ਉਥੋਂ ਦੀ ਮੁਦਰਾ ਵਿਚ ਹੀ ਬਰਾਬਰ ਦਾ ਭੁਗਤਾਨ ਕਰਨਾ ਪੈਂਦਾ ਹੈ, ਕਿਸੇ ਹੋਰ ਮੁਦਰਾ ਵਿਚ ਨਹੀਂ। ਇਸ ਲਈ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਸਾਧ, ਸੰਤ ਤੇ ਸਿੱਧ ਜੋਗੀ ਆਪਣੀ ਅਖੌਤੀ ਅਧਿਆਤਮਕ ਸ਼ਕਤੀ ਨਾਲ ਕੁਦਰਤ ਦੇ ਭੌਤਿਕ ਸ਼ਕਤੀ ਨਾਲ ਹੋਣ ਵਾਲੇ ਕੰਮ ਕਰ ਸਕਣ।
ਇਹ ਠੀਕ ਹੈ ਕਿ ਕੁਦਰਤ ਦੇ ਭੌਤਿਕ ਬਲ ਤੋਂ ਸੁਤੰਤਰਤਾ ਹਾਸਲ ਕਰਨ ਲਈ ਮੋੜਵਾਂ ਭੌਤਿਕ ਬਲ ਲਾਉਣਾ ਪੈਂਦਾ ਹੈ, ਪਰ ਇਹ ਜਰੂਰੀ ਨਹੀਂ ਕਿ ਮਨੁੱਖ ਇਸ ਬਲ ਨੂੰ ਇਕ ਵਾਰ ਵਿਚ ਹੀ ਪੂਰਾ ਕਰੇ। ਆਪਣੀ ਸਮਰੱਥਾ ਅਤੇ ਜੰਤਰਾਂ ਦੀ ਉਪਲੱਭਦੀ ਅਨੁਸਾਰ ਉਹ ਇਸ ਦੀ ਪੂਰਤੀ ਸਹਿਜ ਨਾਲ ਕਈ ਉਪਰਾਲਿਆਂ ਵਿਚ ਵੀ ਕਰ ਸਕਦਾ ਹੈ। ਉਹ ਕਿਸੇ ਦਰਖਤ ਨੂੰ ਕੱਟਣ ਦਾ ਕੰਮ, ਖੂਹ ਪੁੱਟਣ ਦਾ ਕੰਮ ਜਾਂ ਲੰਮਾ ਪੈਂਡਾ ਤੈਅ ਕਰਨ ਦਾ ਕੰਮ ਇਕ ਵਾਰ ਵਿਚ ਵੀ ਕਰ ਸਕਦਾ ਹੈ ਤੇ ਹੌਲੀ ਹੌਲੀ ਵੀ, ਪਰ ਸ਼ਕਤੀ ਹਰ ਹਾਲਤ ਵਿਚ ਉਨੀ ਹੀ ਅਦਾ ਕਰਨੀ ਪਵੇਗੀ। ਗੁਰੂ ਸਾਹਿਬ ਇਹ ਗੱਲ ਭਲੀਭਾਂਤ ਜਾਣਦੇ ਸਨ। ਇਸੇ ਲਈ ਉਨ੍ਹਾਂ ਨੇ ਕਰਮ ਖੇਤਰ ਵਿਚ ਕੋਈ ਪ੍ਰਾਪਤੀ ਨਾ ਹੋਣ ਤੇ ਅਸਚਰਜ ਪ੍ਰਗਟ ਕੀਤਾ ਹੈ।
ਉਨ੍ਹਾਂ ਦਾ ਇਹ ਅਸਚਰਜ ਇਸ ਗੱਲ ‘ਤੇ ਸੀ ਕਿ ਭਾਵੇਂ ਕਰਮ ਖੰਡ ਦੀ ਬਾਣੀ ਜੋਰ ਹੈ, ਪਰ ਇੱਥੇ ਕੋਈ ਜੋਰ ਪੈਦਾ ਕਰਨ ਵਲ ਨਹੀਂ ਵਧਦਾ। ਸਰੀਰਕ ਤੇ ਬਾਹੂਬਲੀ ਜੋਰ ਨਾਲ ਯੋਧੇ ਪੈਦਾ ਹੋਣੇ ਸਨ, ਪਰ ਸਮਕਾਲੀ ਇਤਿਹਾਸ ਵਿਚ ਇਕ ਵੀ ਸਿਰਕੱਢ ਸੂਰਮਾ ਦਿਖਾਈ ਨਹੀਂ ਸੀ ਦਿੰਦਾ। ਬਾਹਰਲੇ ਧਾੜਵੀ ਆ ਕੇ ਹਮਲੇ ਕਰਦੇ ਸਨ ਤੇ ਉਹ ਜਨਤਾ ਨੂੰ ਜਾਨਵਰਾਂ ਵਾਂਗ ਲੁਟਦੇ ਮਾਰਦੇ ਸਨ। ਹਮਲਾਵਰ ਉਨ੍ਹਾਂ ਦੀ ਸੰਪਤੀ ਲੁੱਟਦੇ, ਧਰਮ-ਅਸਥਾਨ ਢਾਹੁੰਦੇ, ਤ੍ਰੀਮਤਾਂ ਨੂੰ ਗੁਲਾਮ ਬਣਾ ਕੇ ਲੈ ਜਾਂਦੇ, ਪਰ ਉਹ ਲਾਚਾਰ ਬਣੇ ਸਭ ਕੁਝ ਦੇਖਦੇ ਰਹਿੰਦੇ। ਜੇ ਲੋਕਾਂ ਨੂੰ ਸੂਰਬੀਰਤਾ ਦੀ ਕਦਰ ਹੁੰਦੀ ਤਾਂ ਉਹ ਇਸ ਪਾਸੇ ਧਿਆਨ ਦਿੰਦੇ ਤੇ ਆਪਣੀ ਰਾਖੀ ਕਰਦੇ, ਪਰ ਉਨ੍ਹਾਂ ਦੇ ਅੰਦਰ ਗੈਰਤ ਤੇ ਬਹਾਦਰੀ ਦੀ ਚਿਣਗ ਨਹੀਂ ਸੀ। ਸਾਧੂ, ਸੰਤ, ਮਹਾਤਮਾ ਤੇ ਨਜੂਮੀ ਉਂਜ ਆਪਣੀ ਸ਼ਕਤੀ ਤੇ ਕਲਾ ਦੀਆਂ ਡੀਂਗਾਂ ਮਾਰਦੇ, ਪਰ ਮੌਕੇ ‘ਤੇ ਆ ਕੇ ਉਨ੍ਹਾਂ ਦੀ ਕੋਈ ਸ਼ਕਤੀ ਕੰਮ ਨਾ ਕਰਦੀ। ਜੇ ਉਨ੍ਹਾਂ ਨੇ ਜੋਰ ਬਣਾਇਆ ਹੁੰਦਾ, ਭਾਵ ਸਿਹਤ ਬਣਾਈ ਹੁੰਦੀ; ਤਲਵਾਰ, ਭਾਲਾ, ਤੀਰ ਕਮਾਨ ਚਲਾਉਣੇ ਸਿੱਖੇ ਹੁੰਦੇ ਅਤੇ ਘੋੜ-ਸਵਾਰੀ ਤੇ ਜੰਗੀ ਪੈਂਤੜਿਆਂ ਵਿਚ ਮੁਹਾਰਤ ਹਾਸਲ ਕੀਤੀ ਹੁੰਦੀ, ਤਾਂ ਉਹ ਸਵੈਮਾਣ ਨਾਲ ਵਿਚਰਦੇ। ਉਨ੍ਹਾਂ ਨੇ ਕੁਦਰਤ ‘ਤੇ ਕਾਬੂ ਤਾਂ ਕੀ ਪਾਉਣਾ, ਆਪਣੇ ਆਪ ਨੂੰ ਸੁਤੰਤਰ ਰੱਖਣ ਜਿੰਨਾ ਜੋਰ ਵੀ ਪੈਦਾ ਨਾ ਕਰ ਸਕੇ। ਇਹੀ ਹਾਲ ਮਕਾਨਕੀ ਜੋਰ ਦਾ ਸੀ। ਭਾਵੇਂ ਇਸ ਜੋਰ ਦੀ ਦੁਨਿਆਵੀ ਕੰਮਾਂ ਵਿਚ ਅਤਿਅੰਤ ਲੋੜ ਸੀ, ਪਰ ਇਸ ਨੂੰ ਪੈਦਾ ਕਰਨ ਤੇ ਨਵਿਆਉਣ ਦਾ ਕੰਮ ਠੱਪ ਸੀ। ਲੋਕ ਬਸ ਪਸੂਆਂ ਦੀ ਸਵਾਰੀ ਕਰਦੇ ਤੇ ਇਨ੍ਹਾਂ ‘ਤੇ ਬੈਠ ਕੇ ਲੜਦੇ। ਸਾਧਾਰਨ ਬੈਲ ਗੱਡੇ, ਤੇ ਤੀਰ ਕਮਾਨ ਤੋਂ ਵਧ ਕੋਈ ਜੰਤਰ ਨਹੀਂ ਸੀ। ਸਮੇਂ ਦੇ ਬੁੱਧੀਜੀਵੀ ਭੌਤਿਕ ਸ਼ਕਤੀਆਂ ਨੂੰ ਦੈਵੀ ਸ਼ਕਤੀਆਂ ਨਾਲ ਸਾਧਣ ਦਾ ਉਲਟ-ਪੰਗਾ ਲੈਂਦੇ ਰਹੇ ਤੇ ਪੂਜਾ-ਪਾਠ ਵਲ ਝੁਕੇ ਰਹੇ।
ਜੋਰ ਬਾਰੇ ਗੁਰੂ ਸਾਹਿਬ ਦੀ ਸਮਝ ਇਤਿਹਾਸਕ ਤੇ ਵਿਗਿਆਨਕ ਸੀ। ਅੱਜ ਕੱਲ ਵੀ ਪੱਛੜੇ ਹੋਏ ਤੇ ਉੱਨਤ ਦੇਸ਼ਾਂ ਦੇ ਫਰਕ ਦਾ ਆਧਾਰ ਸ਼ਕਤੀ ਦਾ ਇਸਤੇਮਾਲ ਹੀ ਮੰਨਿਆ ਜਾਂਦਾ ਹੈ। ਜਿਨ੍ਹਾਂ ਦੇਸ਼ਾਂ ਵਿਚ ਸਰੀਰਕ ਜੋਰ ਜਾਂ ਪਸੂ ਬਲ ਦਾ ਵਧੇਰੇ ਇਸਤੇਮਾਲ ਹੁੰਦਾ ਹੈ, ਉਹ ਪੱਛੜੇ ਹੋਏ ਹਨ ਤੇ ਜੋ ਦੇਸ਼ ਗੈਰ-ਸਰੀਰਕ ਜਾ ਪੈਦਾ ਕੀਤਾ ਗਿਆ ਮਸ਼ੀਨੀ ਜੋਰ ਵਧੇਰੇ ਵਰਤਦੇ ਹਨ, ਉਹ ਉਨਤ ਹਨ। ਭਾਵ ਜਿੰਨੇ ਵਧ ਕਿਸੇ ਮੁਲਕ ਨੇ ਮਸ਼ੀਨੀ ਜੋਰ ਦੇ ਸਾਧਨ ਪੈਦਾ ਕੀਤੇ ਹੋਏ ਹਨ, ਉਨਾ ਹੀ ਉਹ ਦੂਜਿਆਂ ਤੋਂ ਵੱਧ ਵਿਕਸਿਤ ਤੇ ਖੁਸ਼ਹਾਲ ਹੈ।
ਕਈ ਵਿਦਵਾਨ ਸਮਝਣਗੇ ਕਿ ਇਹ ਵਿਆਖਿਆ ਤਰਕ-ਸੰਗਤ ਨਹੀਂ ਹੈ। ਉਹ ਕਹਿਣਗੇ ਕਿ ਅੱਜ ਦੇ ਮਸ਼ੀਨੀ ਯੁਗ ਦੀਆਂ ਗੱਲਾਂ ਗੁਰੂ ਸਾਹਿਬ ਕਿਵੇਂ ਸੋਚ ਸਕਦੇ ਸਨ! ਪਰ ਉਨ੍ਹਾਂ ਨੂੰ ਇਹ ਦੋਸ਼ਪੂਰਣ ਇਸ ਕਰਕੇ ਲਗਦੀ ਹੈ, ਕਿਉਂਕਿ ਉਨ੍ਹਾਂ ਨੇ ਜਪੁਜੀ ਦੀ ਕਿਸੇ ਪਉੜੀ ਦੀ ਸਹੀ ਵਿਆਖਿਆ ਕੀਤੀ ਹੀ ਨਹੀਂ। ਉਨ੍ਹਾਂ ਨੇ ਕਦੇ ‘ਕਰਮ’ ਦਾ ਅਰਥ ‘ਕੰਮ’ ਨਹੀਂ ਕੀਤਾ, ਸਗੋਂ ਪੂਜਾ-ਪਾਠ ਜਾਂ ਅਧਿਆਤਮਕ ਲਾਹੇ ਵਾਲਾ ਕਾਰਜ ਕੀਤਾ ਹੈ। ਅਰਥਾਤ ਉਨ੍ਹਾਂ ਨੇ ਕਰਮ ਨੂੰ ਕਦੇ ਇਸ ਦੁਨੀਆਂ ਦੇ ਸੰਧਰਵ ਵਿਚ ਨਹੀਂ ਲਿਆ, ਸਗੋਂ ਹਮੇਸ਼ਾ ‘ਮਿਰਤੂਪ੍ਰਾਂਤ ਜੀਵਨ’ ਦੇ ਸੰਦਰਭ ਵਿਚ ਲਿਆ ਹੈ। ਉਨ੍ਹਾਂ ਨੇ ਜੋਰ ਦਾ ਅਰਥ ਕਦੇ ਬਲ ਜਾਂ ਸ਼ਕਤੀ ਨਹੀਂ ਕੀਤਾ, ਸਗੋਂ ਕਰਾਮਾਤ ਤੇ ਦੈਵੀ ਤਾਕਤ ਕੀਤਾ ਹੈ। ਉਨ੍ਹਾਂ ਦੇ ਅਰਸ਼ਮੁਖੀ ਦ੍ਰਿਸ਼ਟੀਕੋਣ ਤੋਂ ਜੋਰ ਕੋਈ ਵਿਗਿਆਨਕ ਸ਼ਬਦ (ਠeਰਮ) ਨਹੀਂ ਹੈ। ਜੇ ਉਹ ਇਸ ਸੰਸਾਰ ਵੱਲ ਮੂੰਹ ਕਰ ਕੇ ਦੇਖਣ ਤੇ ਕਰਮ ਨੂੰ ਕੋਈ ਅਜਿਹਾ ਕੰਮ ਸਮਝਣ, ਜਿਸ ਦਾ ਸਿੱਟਾ ‘ਜੋਰ’ ਹੋਵੇ ਭਾਵ ਜੋ ਸ਼ਕਤੀ ਪੈਦਾ ਕਰਦਾ ਹੋਵੇ ਜਾਂ ਇਸ ਨੂੰ ਗੁਣਾਤਮਕ ਢੰਗ ਨਾਲ ਕਈ ਗੁਣਾ ਵਧਾ ਦਿੰਦਾ ਹੋਵੇ, ਤਾਂ ਉਹ ਸਮਝ ਸਕਦੇ ਹਨ ਕਿ ਕਰਮ ਖੰਡ ਤੇ ਜੋਰ ਅਸਲ ਵਿਚ ਇਸ ਦੁਨੀਆਂ ਨਾਲ ਹੀ ਸਬੰਧਿਤ ਭੌਤਿਕ ਸੰਕਲਪ ਹਨ, ਕੋਈ ਗੈਬੀ ਗੱਲਾਂ ਨਹੀਂ। ਗੁਰੂ ਸਾਹਿਬ ਨੇ ਜਿੰਨਾ ਲਿਖਿਆ ਹੈ ਤੇ ਜਿਵੇਂ ਲਿਖਿਆ ਹੈ, ਉਸੇ ਮੁਤਾਬਿਕ ਕਹਿਣਾ ਬਣਦਾ ਹੈ ਤੇ ਇਹ ਉਸੇ ਮੁਤਾਬਿਕ ਹੈ।
ਫਿਰ ਵੀ ਅਧਿਆਤਮਵਾਦ ਦੀ ਲਪੇਟ ਵਿਚ ਆਏ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਗੁਰੂ ਸਾਹਿਬ ਦੇ ਸਪਸ਼ਟ ਤੇ ਯੋਗਕਾਰੀ ਸੁਨੇਹੇ ਨੂੰ ਭਗਤੀ ਭਾਵ ਵਾਲੀ ਵਿਆਖਿਆ ਨਾਲ ਹੀ ਆਇਆ ਗਿਆ ਕਰ ਦਿੰਦੇ ਹਨ। ਮਿਸਾਲ ਵਜੋਂ ਉਨ੍ਹਾਂ ਦਾ 37ਵੀਂ ਪੌੜੀ ਦਾ ਉਲੱਥਾ ਹੇਠਾਂ ਪੇਸ਼ ਹੈ, ਪਰ ਪਹਿਲਾਂ ਇਸ ਪਉੜੀ ਦੀਆਂ ਤੁਕਾਂ ਤੇ ਉਨ੍ਹਾਂ ਦੇ ਬਣਦੇ ਅਰਥ ਦਿੱਤੇ ਗਏ ਹਨ,
ਕਰਮ ਖੰਡ ਕੀ ਬਾਣੀ ਜੋਰੁ॥
ਤਿਥੈ ਹੋਰੁ ਨ ਕੋਈ ਹੋਰੁ॥
ਤਿਥੈ ਜੋਧ ਮਹਾਬਲ ਸੂਰ॥
ਤਿਨ ਮਹਿ ਰਾਮੁ ਰਹਿਆ ਭਰਪੂਰ॥
ਤਿਥੈ ਸੀਤੋ ਸੀਤਾ ਮਹਿਮਾ ਮਾਹਿ॥
ਤਾ ਕੇ ਰੂਪ ਨ ਕਥਨੇ ਜਾਹਿ॥
ਨਾ ਓਹਿ ਮਰਹਿ ਨ ਠਾਗੇ ਜਾਹਿ॥
ਜਿਨ ਕੈ ਰਾਮੁ ਵਸੈ ਮਨ ਮਾਹਿ॥
ਤਿਥੈ ਭਗਤ ਵਸਹਿ ਕੇ ਲੋਅ॥
ਕਰਹਿ ਅਨੰਦੁ ਸਚਾ ਮਨਿ ਸੋਇ॥
ਇਸ ਪੂਰੀ ਪਉੜੀ ਵਿਚ ਦੋ ਖੰਡਾਂ ਦਾ ਜ਼ਿਕਰ ਹੈ, ਇਸ ਲਈ ਵਿਆਖਿਆ ਦੀ ਦ੍ਰਿਸ਼ਟੀ ਤੋਂ ਇਸ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਉਪਰ ਦਿੱਤੀਆਂ ਤੁਕਾਂ ਇਸ ਵੰਡ ਦਾ ਪਹਿਲਾ ਹਿੱਸਾ ਹੈ, ਜਿਸ ਵਿਚ ਗੁਰੂ ਸਾਹਿਬ ਨੇ ਕਰਮ ਖੰਡ ਬਾਰੇ ਲਿਖਿਆ ਹੈ। ਉਹ ਕਹਿੰਦੇ ਹਨ ਕਿ ਕਰਮ ਖੰਡ ਦੀ ਬਾਣੀ ਜੋਰ ਹੈ, ਭਾਵ ਇਸ ਸੰਸਾਰ ਦਾ ਕਰਮ ਖੇਤਰ ਬਲ-ਪ੍ਰਧਾਨ ਹੈ। ਇਸ ਖੰਡ ਵਿਚ ਹਰ ਕਾਰਜ ਜੋਰ, ਬਲ ਜਾਂ ਸ਼ਕਤੀ ਨਾਲ ਹੁੰਦਾ ਹੈ; ਪਰ ਇੱਥੇ ਤਾਂ ਸੂਰਬੀਰ ਯੋਧਿਆਂ ਦੀ ਪ੍ਰਸ਼ੰਸਾ ਤੇ ਭਗਤੀ ਤੋਂ ਬਿਨਾ ਕਿਸੇ ਹੋਰ ਗੱਲ ਵਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਅਰਥਾਤ ਬਲ ਦੀਆਂ ਕਈ ਕਿਸਮਾਂ ਜਾਂ ਬੋਲੀਆਂ (ਓਣਪਰeਸਸਿਨਸ) ਹਨ, ਜੋ ਕੰਮ ਕਰਨ ਵਿਚ ਸਹਾਈ ਹੋ ਸਕਦੀਆਂ ਹਨ, ਪਰ ਉਨ੍ਹਾਂ ਬਾਰੇ ਕਦੇ ਨਹੀਂ ਸੋਚਿਆ ਗਿਆ। ਜੋਰ ਦੇ ਵਿਕਾਸ ਦੇ ਨਾਂ ‘ਤੇ ਸੂਰਮਿਆਂ ਦੀਆਂ ਗਾਥਾਵਾਂ ਗਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਸਭ ਤੋਂ ਭਰਪੂਰ ਭਾਵ ਸਭ ਤੋਂ ਮਸ਼ਹੂਰ ਰਾਮ ਚੰਦਰ ਹੈ। ਅਰਥਾਤ ਪੂਜਨੀਕ ਯੋਧਿਆਂ ਦੀ ਸੂਚੀ ਵਿਚ ਸਭ ਤੋਂ ਉਪਰ ਰਾਮ ਚੰਦਰ ਦਾ ਨਾਂ ਆਉਂਦਾ ਹੈ। ਬਹੁਤੇ ਲੋਕ ਉਸੇ ਦਾ ਨਾਮ ਜਪਦੇ ਹਨ ਤੇ ਹਰ ਸਾਲ ਰਾਮਲੀਲਾ ਦੇ ਨਾਟਕ ਖੇਡਦੇ ਹਨ। ਇਸ ਖੇਤਰ ਵਿਚ ਸੀਤਾ ਹੀ ਸੀਤਾ (ਸੀਤਾ-ਓ-ਸੀਤਾ) ਹੈ, ਭਾਵ ਚਾਰੇ ਪਾਸੇ ਇੱਕਲੀ ਸੀਤਾ ਦੀ ਮਹਿਮਾ ਹੁੰਦੀ ਹੈ, ਜੋ ਰਾਮ ਚੰਦਰ ਦੀ ਪਤਨੀ ਸੀ। ਦੋਹਾਂ ਦੀ ਕਹਾਣੀ ਭਾਵ ਚਿਹਰਿਆਂ ਨੂੰ ਇੰਨੇ ਰੂਪਾਂ (ਛੋਸਟੁਮeਸ) ਵਿਚ ਪੇਸ਼ ਕੀਤਾ ਜਾਂਦਾ ਹੈ ਕਿ ਬਿਆਨ ਕਰਨਾ ਮੁਸ਼ਕਿਲ ਹੈ। ਸਾਰੀ ਦੁਨੀਆਂ ਹੀ ਇਨ੍ਹਾਂ ਦੀ ਦਿਵਾਨੀ ਹੈ। ਜਿਨ੍ਹਾਂ ਦੇ ਮਨ ਵਿਚ ਰਾਮ ਵਸਦਾ ਹੈ, ਭਾਵ ਜੋ ਰਾਮ ਦੇ ਭਗਤ ਹਨ, ਉਨ੍ਹਾਂ ਦੀ ਗਿਣਤੀ ਕਦੇ ਘਟੀ ਨਹੀਂ। ਨਾ ਉਹ ਮਰ ਕੇ ਘਟੇ ਤੇ ਨਾ ਹੀ ਉਨ੍ਹਾਂ ਦਾ ਧਿਆਨ ਕਿਸੇ ਹੋਰ ਪਾਸੇ ਵਟਿਆ। ਭਾਵ ਉਨ੍ਹਾਂ ਨੇ ਕਦੇ ਰਾਮ ਭਗਤੀ ਤੋਂ ਹਟ ਕੇ ਕਿਸੇ ਹੋਰ ਪਾਸੇ ਨਹੀਂ ਦੇਖਿਆ। ਇਸ ਸੰਸਾਰ ਵਿਚ ਕਈ ਹੋਰ ਬਾਹੂ-ਬਲੀਆਂ ਦੇ ਭਗਤ ਵੀ ਵਸਦੇ ਹਨ, ਜੋ ਉਨ੍ਹਾਂ ਦੇ ਚਰਨਾਂ ਵਿਚ ਸੀਸ ਨਿਵਾਉਣ ਨੂੰ ਹੀ ਸੱਚਾ ਮਾਨਸਿਕ ਅਨੰਦ ਸਮਝਦੇ ਹਨ। ਅਰਥਾਤ ਹਿੰਦੂ ਮਿਥਿਹਾਸ ਵਿਚ ਹੀ ਲਛਮਣ, ਹਨੁਮਾਨ, ਰਾਵਣ, ਕ੍ਰਿਸ਼ਨ ਤੇ ਰਾਧਾ ਜਿਹੇ ਕਈ ਹੋਰ ਪੂਜਾ-ਪਾਤਰ ਵੀ ਹਨ, ਜਿਨ੍ਹਾਂ ਦੇ ਨਾਂ ਦੀ ਮਾਲਾ ਵੀ ਕਈ ਲੋਕ ਸ਼ਰਧਾ ਨਾਲ ਫੇਰਦੇ ਹਨ। ਉਹ ਉਨ੍ਹਾਂ ਦੀ ਬੰਦਗੀ ਨਾਲ ਹੀ ਆਪਣਾ ਪੂਜਾ-ਧਰਮ ਪੂਰਾ ਕਰ ਲੈਂਦੇ ਹਨ।
ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਕਰਮ ਖੰਡ ਵਿਚ ਮਨੁੱਖੀ ਪ੍ਰਾਪਤੀ ਨਾਂਹ ਦੇ ਬਰਾਬਰ ਹੈ। ਉਹ ਕਹਿੰਦੇ ਜਾਪਦੇ ਹਨ, “ਇੱਥੇ ਲੋਕਾਂ ਨੇ ਜੋਰ ਨੂੰ ਬਹਾਦਰੀ ਸਮਝਿਆ ਹੋਇਆ ਹੈ, ਪਰ ਆਪ ਬਹਾਦਰ ਬਣਨ ਦੀ ਥਾਂ ਪੁਰਾਣੇ ਬਹਾਦਰਾਂ ਤੇ ਲੋਕ-ਨਾਇਕਾਂ ਦੀ ਪੂਜਾ ਵਿਚ ਲੱਗੇ ਹੋਏ ਹਨ। ਆਪਣੇ ਸਮਾਜ ਨੂੰ ਧਾੜਵੀਆਂ ਕੋਲੋਂ ਬਚਾਉਂਦੇ ਨਹੀਂ, ਮਿਥਿਹਾਸਕ ਯੋਧਿਆਂ ਅੱਗੇ ਅਰਦਾਸ ਕਰਨ ਲਈ ਮੰਦਿਰਾਂ ਵਿਚ ਚਲੇ ਜਾਂਦੇ ਹਨ। ਦੂਜਿਆਂ ਦੇ ਜੰਗੀ ਕਾਰਨਾਮਿਆਂ ਨੂੰ ਸੁਣ ਕੇ ਮਧੁਰਤਾ ਵਿਚ ਲੀਨ ਹੋ ਜਾਂਦੇ ਹਨ, ਪਰ ਆਪ ਆਲਸੀ ਤੇ ਨਿਕੰਮੇ ਹਨ। ਸਮਾਜ ਵਿਚ ਵਿਅਕਤੀਗਤ ਤੇ ਸਮੂਹਿਕ ਅਨਿਆਂ ਫੈਲਿਆ ਹੋਇਆ ਹੈ, ਇਸ ਵਿਰੁਧ ਕੋਈ ਨਿੱਡਰ ਹੋ ਕੇ ਨਿਤਰਦਾ ਨਹੀਂ। ਜੋਰ ਨੂੰ ਪ੍ਰਸਿੱਧ ਸੂਰਮਿਆਂ ਦੇ ਕਰਤਵਾਂ ਨਾਲ ਜੋੜਦੇ ਹਨ, ਪਰ ਇਸ ਨੂੰ ਸਮਾਜ ਦੇ ਏਕੇ, ਸਿਰੜ ਤੇ ਜੁਗਤ ਨਾਲੋਂ ਦੂਰ ਰੱਖਿਆ ਹੋਇਆ ਹੈ। ਬੈਲਾਂ ਨਾਲ ਹਲ ਚਲਾਉਂਦੇ ਹਨ, ਪਰ ਜ਼ਮੀਨ ਪੁੱਟਣ ਦੀ ਕੋਈ ਵਧੀਆ ਤਰਕੀਬ ਨਹੀਂ ਸੋਚਦੇ। ਮੀਂਹ ਨਾਲ ਖੇਤੀ ਕਰਦੇ ਹਨ, ਪਰ ਸਿੰਚਾਈ ਦਾ ਕੋਈ ਰਾਹ ਨਹੀਂ ਕੱਢਦੇ। ਪਾਰਸੀਆਂ ਨੇ ਪਸੂਆਂ ਨਾਲ ਚੱਲਣ ਵਾਲੇ ਟਿੰਡਾਂ ਵਾਲੇ ਖੂਹ ਦੀ ਕਾਢ ਕੱਢ ਲਈ ਹੈ, ਪਰ ਇਹ ਪੁਜਾਰੀ ਜਲ ਦੇਵਤੇ ਦੀ ਪੂਜਾ ਵਿਚ ਲੀਨ ਹਨ। ਖੂਹੀਆਂ ਪੁੱਟ ਕੇ ਹੱਥਾਂ ਨਾਲ ਘੜੇ ਖਿੱਚਦੇ ਹਨ, ਪਰ ਕਿਸੇ ਨੇ ਪੁਲੀ ਦੇ ਜੁਗਾੜ ਬਾਰੇ ਨਹੀਂ ਸੋਚਿਆ। ਹੱਥ ‘ਤੇ ਹੱਥ ਧਰ ਕੇ ਬੈਠੇ ਰਹਿੰਦੇ ਹਨ, ਪਰ ਇਹ ਨਹੀਂ ਕਿ ਕੋਈ ਨਹਿਰ, ਤਲਾਅ ਜਾਂ ਨਿਕਾਸੀ ਨਾਲੇ ਪੁੱਟ ਲੈਣ। ਢੱਕੀ ਦੇ ਪੱਤਿਆਂ ‘ਤੇ ਲਿਖਦੇ ਰਹੇ, ਪਰ ਕਾਗਜ਼ ਤਿਆਰ ਨਾ ਕਰ ਸਕੇ। ਹੱਥਾਂ ਨਾਲ ਗ੍ਰੰਥਾਂ ਦੀਆਂ ਕਾਪੀਆਂ ਲਿਖਦੇ ਰਹੇ, ਪਰ ਕਿਸੇ ਛਪਾਈ ਜੰਤਰ ਦੀ ਖੋਜ ਵਲ ਨਾ ਗਏ। ਹੱਥਾਂ ਨਾਲ ਕਪਾਹ ਕੱਤਦੇ ਤੇ ਵੇਲਦੇ ਰਹੇ, ਪਰ ਇਨ੍ਹਾਂ ਕੰਮਾਂ ਨੂੰ ਤੇਜ ਤੇ ਸੁਖਹਾਲਾ ਕਰਨ ਲਈ ਕੋਈ ਜੰਤਰ ਨਾ ਘੜ੍ਹ ਸਕੇ। ਪਰੰਪਰਾਗਤ ਖੱਡੀਆਂ ਨਾਲ ਮੋਟੇ ਕੱਪੜੇ ਬੁਣਦੇ ਰਹੇ, ਪਰ ਬੁਣਨ ਕ੍ਰਿਆ ਵਿਚ ਕੋਈ ਸੁਧਾਰ ਨਾ ਲਿਆ ਸਕੇ। ਕਹਿਣ ਨੂੰ ਕਰਮ ਖੰਡ ਹੈ, ਪਰ ਇਹ ਅਸਲ ਜੋਰ ਤੋਂ ਸੱਖਣਾ ਹੈ।”
ਕਰਮ ਕਰਨ ਦੇ ਰਾਹ ਵਿਚ ਹਮੇਸ਼ਾ ਰੁਕਾਵਟਾਂ ਰਹੀਆਂ ਹਨ, ਜਿਨ੍ਹਾਂ ਨੂੰ ਅਭਿਆਸ ਦੇ ਜੋਰ ਨਾਲ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ, ਪਰ ਅਧਿਆਤਮਵਾਦ ਦੇ ਪ੍ਰਭਾਵ ਹੇਠ ਅਜਿਹਾ ਕੁਝ ਨਾ ਕੀਤਾ ਗਿਆ। ਜੇ ਕੋਈ ਸ਼ਰਧਾਲੂ ਬੁਣਕਰ ਹੋਇਆ, ਉਹ ਦੱਸਦੇ ਉਸ ਦੀ ਲੋਈ ਰੱਬ ਬੁਣ ਗਿਆ। ਜੇ ਕੋਈ ਭਗਤ ਕਿਸਾਨ ਹੋਇਆ ਤਾਂ ਕਹਿੰਦੇ ਉਸ ਦੇ ਪੈਲੀ ਪਰਮੇਸਰ ਵਾਹ ਗਿਆ। ਅਧਿਆਤਮਵਾਦੀਆਂ ਨੇ ਨਾ ਕੁਝ ਕੀਤਾ ਤੇ ਨਾ ਕਿਸੇ ਨੂੰ ਕਰਨ ਦਿੱਤਾ। ਦੋ ਹਜਾਰ ਸਾਲਾਂ ਤੋਂ ਸਮਾਜ ਉਥੇ ਦਾ ਉਥੇ ਖੜ੍ਹਾ ਰਿਹਾ। ਇਤਿਹਾਸਕਾਰ ਕਹਿੰਦੇ ਹਨ ਕਿ ਉਨ੍ਹਾਂ ਦੋ ਹਜਾਰ ਸਾਲਾਂ ਵਿਚ ਭਾਰਤ ਦਾ ਕੋਈ ਇਤਿਹਾਸ ਹੀ ਨਹੀਂ ਸੀ। ਹਲ ਨਾਲ ਬੀਜੀ, ਹੱਥ ਨਾਲ ਕੱਟੀ, ਚੱਕੀ ਨਾਲ ਪੀਸੀ, ਮਿੱਟੀ ਦੇ ਭੜੋਲਿਆਂ ਵਿਚ ਸਾਂਭੀ ਤੇ ਮਿੱਟੀ ਦੇ ਭਾਂਡਿਆਂ ਵਿਚ ਮਿੱਟੀ ਦੇ ਚੁੱਲ੍ਹਿਆਂ ਤੇ ਰਿੱਧੀ, ਅਤੇ ਮਿੱਟੀ ਦੇ ਤਵਿਆਂ ‘ਤੇ ਪਕਾਈ ਦਾਲ ਰੋਟੀ ਉਹ ਦੋ ਹਜਾਰ ਸਾਲ ਤੋਂ ਉਵੇਂ ਹੀ ਖਾਂਦੇ ਆ ਰਹੇ ਸਨ। ਦੋ ਹਜ਼ਾਰ ਸਾਲ ਤੋਂ ਸਿਰਫ ਉਨ੍ਹਾਂ ਦੇ ਰਾਜੇ-ਮਹਾਰਾਜੇ ਹੀ ਬਦਲਦੇ ਰਹੇ ਸਨ ਅਤੇ ਆਦਰਸ਼ਵਾਦੀ ਸਮਝ ਦੇ ਮਾਲਕ ਇਸੇ ਨੂੰ ਹੀ ਇਤਿਹਾਸ ਮੰਨਦੇ ਆ ਰਹੇ ਸਨ। ਮਨੁੱਖ ਸੂਰਮਿਆਂ ਦੀ ਪੂਜਾ ਕਰਦਾ ਸੀ, ਪਰ ਸੂਰਮਗਤੀ ਨਾਲ ਕਿਰਤ ਅਤੇ ਕਿਰਤ ਦੇ ਸਾਧਨਾਂ ਵਲ ਧਿਆਨ ਨਹੀਂ ਸੀ ਦੇ ਰਿਹਾ।
ਕਿਸੇ ਵੀ ਸਮਾਜ ਵਿਚ ਉਤਪਾਦਨ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ। ਕੱਚਾ ਮਾਲ, ਜਿਸ ਤੋਂ ਲੋੜੀਂਦਾ ਸਾਮਾਨ ਤਿਆਰ ਕਰਨਾ ਹੈ ਜਿਵੇਂ ਫਰਨੀਚਰ ਲਈ ਲੱਕੜ; ਔਜਾਰ ਜਿਵੇਂ ਖੇਤੀ ਬਾੜੀ ਲਈ ਹਲ ਤੇ ਰੰਬਾ; ਅਤੇ ਜੋਰ ਭਾਵ ਮਿਹਨਤ ਜਿਵੇਂ ਰੰਬਾ ਚਲਾਉਣ ਲਈ ਮਨੁੱਖ ਤੇ ਹਰਟ ਚਲਾਉਣ ਲਈ ਪਸੂ। ਇਨ੍ਹਾਂ ਤਿੰਨਾਂ ਨੂੰ ਮਿਲਾ ਕੇ ਪੈਦਾਵਾਰੀ ਢਾਂਚੇ ਦੀਆਂ ਉਤਪਾਦਨ ਸਕਤੀਆਂ ਕਹਿੰਦੇ ਹਨ। ਇਨ੍ਹਾਂ ਵਿਚ ਜੋਰ (ਾਂੋਰਚe) ਭਾਵ ਮਿਹਨਤ (.ਅਬੋਰ) ਸਭ ਤੋਂ ਕ੍ਰਿਆਸ਼ੀਲ ਹੈ ਕਿਉਂਕਿ ਇਸ ਨੇ ਉਤਪਾਦਨ ਕ੍ਰਿਆ ਵਿਚ ਸਿੱਧਾ ਯੋਗਦਾਨ ਪਾਉਣ ਦੇ ਨਾਲ ਨਾਲ ਬਾਕੀ ਦੇ ਦੋਵੇਂ ਸਾਧਨ ਵੀ ਜੁਟਾਉਣੇ ਹੁੰਦੇ ਹਨ। ਇਹ ਇਸ ਲਈ ਵੀ ਮਹਤੱਵਪੂਰਣ ਹੈ ਕਿਉਂਕਿ ਇਸ ਵਿਚ ਮਨੁੱਖ ਦੇ ਹੱਥਾਂ ਦੀ ਮਿਹਨਤ ਦੇ ਨਾਲ ਨਾਲ ਉਸ ਦੀ ਬੁੱਧ, ਕਾਰਜ-ਕੁਸ਼ਲਤਾ ਅਤੇ ਤਕਨਾਲੋਜੀ (ੀਨਟeਲਲeਚਟ, ੰਕਲਿਲ ਅਨਦ ਠeਚਹਨੋਲੋਗੇ) ਵੀ ਸ਼ਾਮਲ ਹਨ। ਗੁਰੂ ਸਾਹਿਬ ਲਿਖਦੇ ਹਨ ਕਿ ਸਰਮ ਖੰਡ ਵਿਚ ਹੀ ਮਨੁੱਖੀ ਬੁੱਧ ਤੇ ਸੁਧ ਦਾ ਵਿਕਾਸ ਹੁੰਦਾ ਹੈ। ਬੁੱਧੀ ਦੇ ਜੋਰ ਨਾਲ ਮਨੁੱਖ ਕੰਮ ਕਰਨ ਦੇ ਨਵੇਂ ਢੰਗ ਸੋਚਦਾ ਹੈ। ਨਵੀਆਂ ਕਾਢਾਂ ਨਿਕਲਦੀਆਂ ਹਨ ਤੇ ਨਵੀਨ ਤਕਨਾਲੋਜੀ ਪੈਦਾ ਹੁੰਦੀ ਹੈ। ਉਤਪਾਦਨ ਸ਼ਕਤੀਆਂ ਪਿੱਛੇ ਮਨੁੱਖ ਦੀ ਲਗਾਤਾਰ ਮਿਹਨਤ ਕਰਨ ਦੀ ਪ੍ਰਵਿਰਤੀ ਛਿਪੀ ਹੁੰਦੀ ਹੈ, ਜਿਸ ਦੇ ਜੋਰ ਨਾਲ ਗਤੀਸ਼ੀਲ ਹੋ ਕੇ ਇਹ ਹਮੇਸ਼ਾ ਵਧਦੀਆਂ ਫੁਲਦੀਆਂ ਰਹਿੰਦੀਆਂ ਹਨ। ਇਨ੍ਹਾਂ ਦਾ ਲਗਾਤਾਰ ਉਨਤ ਹੋਣਾ ਇਕ ਕੁਦਰਤੀ ਨਿਯਮ (.ਅੱ ਾ ਂਅਟੁਰe) ਹੈ, ਜਿਸ ਨੂੰ ਕੋਈ ਮਾਈ ਦਾ ਲਾਲ ਨਹੀਂ ਰੋਕ ਸਕਦਾ। ਇਹ ਜੋਰ ਮਨੁੱਖੀ ਹੋਂਦ ਦੀ ਰੀੜ੍ਹ ਦੀ ਹੱਡੀ ਹੈ। ਬਾਕੀ ਦਾ ਸਮਾਜਕ, ਰਾਜਸੀ ਤੇ ਸਭਿਆਚਾਰਕ ਤਾਣਾ-ਬਾਣਾ, ਜਿਸ ਨੂੰ ਉਤਪਾਦਨੀ ਸਬੰਧ (੍ਰeਲਅਟਿਨਸ ਾ ਫਰੋਦੁਚਟਿਨ) ਕਹਿੰਦੇ ਹਨ, ਇਸੇ ‘ਤੇ ਨਿਰਭਰ ਕਰਦਾ ਹੈ। ਸਪਸ਼ਟ ਹੈ ਕਿ ਉਤਪਾਦਨ ਸ਼ਕਤੀਆਂ, ਜੋ ਸਦਾ ਵਿਕਾਸ ਕਰਦੀਆਂ ਰਹਿੰਦੀਆਂ ਹਨ, ਦੇ ਵਧਣ ਨਾਲ ਬਾਹਰੀ ਢਾਂਚਾ ਤੇ ਇਸ ਵਿਚਲੇ ਮਨੁੱਖੀ ਸਬੰਧ ਤੇ ਮਨੁੱਖੀ ਸੋਚ ਵਿਚਾਰ ਵੀ ਬਦਲਦੇ ਰਹਿੰਦੇ ਹਨ।
ਇਹ ਇਕ ਯਥਾਰਥਕ ਸਥਿਤੀ ਹੈ, ਜਿਸ ਵਿਚ ਮਨੁੱਖ ਦੇ ਸਰੀਰਕ ਤੇ ਮਾਨਸਿਕ ਜੋਰ ਦਾ ਅਹਿਮ ਸਥਾਨ ਹੈ। ਇਸ ਦ੍ਰਿਸ਼ਟੀ ਤੋਂ ਮਿਹਨਤ, ਸਰਮ, ਕਿਰਤ ਜਾਂ ਕਰਮ ਮਨੁੱਖ ਦੀ ਇੱਛਤ ਕ੍ਰਿਆ (ੌਪਟਿਨਅਲ Aਚਟਵਿਟੇ) ਨਹੀਂ, ਸਗੋਂ ਕੁਦਰਤੀ ਤੌਰ ‘ਤੇ ਨਿਰਧਾਰਤ ਫਰਜ਼ ਹੈ, ਜੋ ਉਸ ਨੇ ਸਮਾਜ ਭਲਾਈ ਲਈ ਕਰਨਾ ਹੀ ਹੈ। ਗੁਰੂ ਸਾਹਿਬ ਇਸ ਗੱਲ ਬਾਰੇ ਬੜੇ ਸੁਚੇਤ ਸਨ ਤੇ ਉਨ੍ਹਾਂ ਨੇ ਇਸ ਨੂੰ ਕਈ ਥਾਂਵਾਂ ‘ਤੇ ਚਿਤਾਰਿਆ ਹੈ। ਇਸੇ ਲਈ ਸਮਾਜ ਵਿਚ ਕੰਮ ਭਾਵ ਸਰੀਰਕ ਤੇ ਬੌਧਿਕ ਜੋਰ ਦਾ ਅਭਾਵ ਅਤੇ ਨਾਇਕ-ਭਗਤੀ ਦਾ ਰੁਝਾਨ ਦੇਖ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਸ ਧਰਤੀ ‘ਤੇ ਕਰਮ ਖੰਡ ਵੀ ਖੜੋਤ ਵਿਚ ਹੈ।
ਪਰ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਇਸ ਦੀ ਵਿਆਖਿਆ ਉਨ੍ਹਾਂ ਦੀ ਸਿਖਿਆ ਤੋਂ ਉਲਟ ਕਰਦੇ ਹਨ। ਉਘਾ ਵਿਦਵਾਨ ਤੇ ਟੀਕਾਕਾਰ ਭਾਈ ਵੀਰ ਸਿੰਘ ਇਸ ਪਉੜੀ ਦੀ ਵਿਆਖਿਆ ਕਰਦਿਆਂ ਲਿਖਦੇ ਹਨ, “(ਕਰਮ ਖੰਡ) ਫਜ਼ਲ ਦੇ ਖੰਡ ਦੀ ਰਚਨਾ ਜੋਰ ਹੈ। ਉਥੇ ਦੂਸਰਾ ਹੋਰ ਕੋਈ ਨਹੀਂ ਹੈ (ਬਿਨਾ ਬਖਸ਼ੇ ਹੋਇਆਂ ਦੇ) ਉਥੇ ਹਨ ਜੋਧੇ, ਮਹਾਂਬਲੀ ਤੇ ਸੂਰਮੇ। ਉਨ੍ਹਾਂ ਵਿਚ (ਵਿਆਪਕ) ਰਾਮ ਭਰਪੂਰ ਹੋ ਰਿਹਾ ਹੈ। ਉਥੇ ਹਨ (ਭਰਪੂਰ ਤੇ ਵਿਆਪਕ ਰਾਮ ਦੀ ਮਹਿਮਾ ਵਿਚ ਮਗਨ ਹੋ ਰਹੇ ਅਨੇਕਾਂ) ਰਾਮ ਤੇ ਸੀਤਾ। ਉਨ੍ਹਾਂ ਦੇ ਰੂਪ ਕਹੇ ਨਹੀਂ ਜਾ ਸਕਦੇ। ਉਹ ਮਰਦੇ (ਬੀ) ਨਹੀਂ ਤੇ ਨਾ ਹੀ ਠੱਗੇ ਜਾਂਦੇ ਹਨ। ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵਸਦਾ ਹੈ। ਉਥੇ ਕਈ ਲੋਕਾਂ ਦੇ ਭਗਤ ਵਸਦੇ ਹਨ, ਜੋ ਅਨੰਦ ਮਾਣਦੇ ਹਨ (ਕਿਉਂਕਿ) ਉਹ ਸਚਾ (ਪਰਮੇਸੁਰ ਉਨ੍ਹਾਂ ਦੇ) ਮਨ ਵਿਚ ਵਸਦਾ ਹੈ।”
ਇਸ ਟੀਕਾਕਾਰ ਅਨੁਸਾਰ ਕਰਮ ਖੰਡ ਰੱਬ ਦੀ ਕਿਰਪਾ ਦਾ ਖੰਡ ਹੈ। ਇਸ ਵਿਚ ਉਹੀ ਲੋਕ ਸ਼ਾਮਲ ਹਨ, ਜਿਨ੍ਹਾਂ ‘ਤੇ ਬਖਸ਼ਿਸ਼ ਹੋਈ ਹੁੰਦੀ ਹੈ। ਇੱਥੇ ਸੂਰਬੀਰ ਰਾਮ ਚੰਦਰ ਤੇ ਸੁੰਦਰ ਸੀਤਾ ਜਿਹੇ ਪ੍ਰਭੂ ਦੇ ਨਿਵਾਜੇ ਹੋਏ ਮਹਾ-ਨਾਇਕ ਤੇ ਭਗਤਜਨ ਹੀ ਜਾ ਸਕਦੇ ਹਨ, ਕੋਈ ਦੂਜਾ ਨਹੀਂ ਵੜ ਸਕਦਾ। ਇਸ ਖੰਡ ਦੇ ਲੋਕ ਨਾ ਮਰਦੇ ਹਨ ਤੇ ਨਾ ਠੱਗੇ ਜਾਂਦੇ ਹਨ, ਕਿਉਂਕਿ ਉਨ੍ਹਾਂ ਦੇ ਹਿਰਦੇ ਵਿਚ ਅਕਾਲ ਪੁਰਖ ਆਪ ਵਸਦਾ ਹੈ। ਇੱਥੇ ਕਈ ਦੇਸ਼ਾਂ ਦੇ ਭਗਤ ਵੀ ਰਹਿੰਦੇ ਹਨ, ਜੋ ਪ੍ਰਭੂ-ਕਿਰਪਾ ਨਾਲ ਅਨੰਦ ਮਾਣਦੇ ਹਨ। ਭਾਵ, ਗੈਰ ਭਗਤ ਤਾਂ ਇਸ ਖੰਡ ਵਲ ਮੂੰਹ ਵੀ ਨਹੀਂ ਕਰ ਸਕਦੇ!
ਇਸ ਵਿਦਵਾਨ ਨੇ ਹੀ ਨਹੀਂ, ਸਭ ਸਿੱਖ ਟੀਕਾਕਾਰਾਂ ਨੇ ਇਸ ਪਉੜੀ ਦੀ ਇਸੇ ਭਾਵ ਦੀ ਵਿਆਖਿਆ ਕੀਤੀ ਹੈ। ਇਨ੍ਹਾਂ ਵਿਆਖਿਆਵਾਂ ਵਿਚ ਸੂਰਬੀਰ ਨਾਇਕਾਂ ਉਤੇ ਰੱਬ ਦੇ ਰਹਿਮੋ ਕਰਮ ਦੀ ਚਰਚਾ ਤੇ ਉਨ੍ਹਾਂ ਦੀ ਪ੍ਰਸ਼ੰਸਾ ਤੋਂ ਇਲਾਵਾ ਹੋਰ ਕੁਝ ਨਹੀਂ। ਇਹ ਟੀਕੇ ਤਾਂ ਇਸ ਪਉੜੀ ਦੇ ਸ਼ਬਦ-ਅਰਥ ਵੀ ਨਹੀਂ ਕਰਦੇ, ਕਿਉਂਕਿ ਸ਼ਬਦ-ਅਰਥ ਵੀ ਸਮਝ ਕੇ ਕੀਤੇ ਜਾਂਦੇ ਹਨ ਤੇ ਪੜ੍ਹਨ ਵਾਲਿਆਂ ਦੀ ਸਮਝ ਵਿਚ ਆਉਂਦੇ ਹਨ। ਇਨ੍ਹਾਂ ਬਾਰੇ ਤਾਂ ਜੇ ਗੁਰੂ ਸਾਹਿਬ ਆਪ ਆ ਜਾਣ, ਉਹ ਵੀ ਇਹੀ ਕਹਿਣ, ‘ਮੈਂ ਉਹ ਨਾਨਕ ਨਹੀਂ ਜਿਸ ਨੇ ਇੱਦਾਂ ਦੀ ਕੋਈ ਗੱਲ ਕਹੀ ਹੋਵੇ।’