ਲਾਹੌਰ ਸੰਗਤ ਪਾਕਿਸਤਾਨ ਦੀ ਖੁਸ਼ਗਵਾਰ ਪਹਿਲ-ਕਦਮੀ

ਗੁਲਜ਼ਾਰ ਸਿੰਘ ਸੰਧੂ
ਪਾਕਿਸਤਾਨ ਦੀ ਇੱਕ ਗੈਰ ਸਰਕਾਰੀ ਸੰਸਥਾ ਵਲੋਂ ਅਖੰਡ ਪੰਜਾਬ ਦੇ ਨਾਇਕਾਂ ਨੂੰ ਚੇਤੇ ਕਰਨ ਦਾ ਇਕ ਦੀ ਰੂਹ ਅਫਜ਼ਾ ਉਪਰਾਲਾ ਭਾਰਤੀ ਮੀਡੀਆ ਦੀਆਂ ਸੁਰਖੀਆਂ ਬਣ ਰਿਹਾ ਹੈ। ਲਾਹੌਰ ਸੰਗਤ ਨਾਮ ਦੀ ਇਸ ਸੰਸਥਾ ਨੇ ਅਣਵੰਡੇ ਪੰਜਾਬ ਦੇ ਜਿਨ੍ਹਾਂ ਨਾਇਕਾਂ ਨੂੰ ਲੋਕ ਮਨਾਂ ਵਿਚ ਵਸਾਉਣ ਦਾ ਅਮਲ ਸ਼ੁਰੂ ਕੀਤਾ ਹੈ, ਉਨ੍ਹਾਂ ਵਿਚ ਹੋਰਨਾਂ ਤੋਂ ਬਿਨਾ ਅਲਾਮਾ ਇਕਬਾਲ, ਅਬਦੁਲ ਰਹਿਮਾਨ ਚੁਗਤਾਈ, ਭਾਈ ਰਾਮ ਸਿੰਘ ਨਿਰਮਾਤਾ, ਗਾਮਾ ਪਹਿਲਵਾਨ, ਅੰਮ੍ਰਿਤਾ ਪ੍ਰੀਤਮ, ਨੂਰ ਜਹਾਂ, ਲਾਲਾ ਲਾਜਪਤ ਰਾਇ, ਮਹਾਰਾਜ ਗੁਲਾਮ ਹੁਸੈਨ ਕਥੱਕ, ਬੜੇ ਗੁਲਾਮ ਅਲੀ ਖਾਂ, ਮੁਹੰਮਦ ਰਫੀ, ਦਿਆਲ ਸਿੰਘ ਮਜੀਠੀਆ ਤੇ ਹੋਰ ਅਨੇਕਾਂ ਡਾਕਟਰ, ਸੰਤ, ਸੰਗੀਤਕਾਰ, ਖਿਡਾਰੀ, ਪੱਤਰਕਾਰ, ਗਾਇਕ ਤੇ ਕੋਮਲ ਕਲਾ ਦੇ ਧਨੀ ਸ਼ਾਮਲ ਹਨ।

ਇਨ੍ਹਾਂ ਦੇ ਨਾਂਵਾਂ ਤੇ ਕਰਮਾਂ ਦੀਆਂ ਤਖਤੀਆਂ ਉਨ੍ਹਾਂ ਦੇ ਜਨਮ ਸਥਾਨ ਜਾਂ ਕਰਮ ਖੇਤਰ ਵਿਚ ਲਾਈਆਂ ਜਾ ਰਹੀਆਂ ਹਨ। ਤਖਤੀਆਂ ਲਾਉਣ ਵਾਸਤੇ ਚੁਣੀਆਂ ਗਈਆਂ ਥਾਂਵਾਂ ਵਿਚ ਅਨਾਰਕਲੀ, ਗੋਲ ਬਾਗ, ਲਾਹੌਰ ਮਿਊਜ਼ੀਅਮ ਤੇ ਨੈਸ਼ਨਲ ਕਾਲਜ ਆਫ ਆਰਟਸ ਹੀ ਨਹੀਂ, ਦੂਰ ਦੁਰਾਡੇ ਖੈਬਰ ਪਾਸ ਤੇ ਪਖਤੂਨਵਾ ਸਥਾਨ ਵੀ ਸ਼ਾਮਲ ਹਨ।
ਲਾਹੌਰ ਸੰਗਤ ਨੇ ਤਖਤੀਆਂ ਲਈ ਨੀਲੇ ਰੰਗ ਦੀ ਚੋਣ ਕਰਦਿਆਂ ਗੋਰੇ ਹਕਮਾਂ ਦੀ ਨਕਲ ਮਾਰੀ ਹੈ ਤਾਂ ਕਿ ਇਸ ਨੂੰ ਹਿੰਦੂ ਜਾਂ ਮੁਸਲਿਮ ਭਾਵਨਾ ਨਾਲ ਜੋੜ ਕੇ ਇਸ ਦੀ ਧਾਰਨਾ ਤੇ ਪਹੁੰਚ ਨੂੰ ਸੀਮਤ ਨਾ ਰਖਿਆ ਜਾਵੇ। ਤਖਤੀਆਂ ਲਈ ਵੀ ਫਾਰਸੀ ਤੇ ਰੋਮਨ ਲਿਪੀ ਵਰਤੀ ਗਈ ਹੈ ਤਾਂ ਕਿ ਹਰ ਕੋਈ ਪੜ੍ਹ ਸਕੇ। ਬਰਤਾਨਵੀ ਸਰਕਾਰ ਨੇ ਆਪਣੇ ਕਵੀਆਂ ਤੇ ਕਲਾਕਾਰਾਂ ਦੇ ਨਾਂਵਾਂ ਦੀਆਂ ਗਲੀਆਂ ਤੇ ਯਾਦਗਾਰਾਂ ਉਤੇ ਇਸ ਰੰਗ ਦੀਆਂ ਤਖਤੀਆਂ ਲਈਆਂ ਹਨ। ਲਾਹੌਰ ਸੰਗਤ ਨੇ ਇਹ ਅਮਲ ਮਾਰਚ 2020 ਵਿਚ ਸ਼ੁਰੂ ਕੀਤਾ ਸੀ, ਪਰ ਕਰੋਨਾ ਦੀ ਤਾਲਾਬੰਦੀ ਨੇ ਵਿਘਨ ਪਾਉਣ ਵਿਚ ਕੋਈ ਕਸਰ ਨਹੀਂ ਛੱਡੀ। ਸਦਕੇ ਜਾਈਏ ਸੰਗਤ ਦੇ, ਜਿਨ੍ਹਾਂ ਨੇ ਇਹ ਕੰਮ ਮੁੜ ਪੂਰੀ ਗਤੀ ਨਾਲ ਵਿੱਢ ਲਿਆ ਹੈ। ਪਤਾ ਲਗਿਆ ਹੈ ਕਿ ਇਹ ਸੰਗਤ ਹੁਣ ਤੱਕ ਸਵਾ ਸੌ ਹਸਤੀਆਂ ਦੇ ਨਾਂ ਚੁਣ ਚੁਕੀ ਹੈ ਤੇ ਚੁਣੇ ਜਾਣ ਦਾ ਅਮਲ ਜਾਰੀ ਹੈ। ਇੱਕ ਲੇਖਕ ਹੋਣ ਦੇ ਨਾਤੇ ਮੇਰਾ ਵਿਸ਼ਵਾਸ ਹੈ ਕਿ ਇਸ ਵਿਚ ਪੱਤਰਕਾਰ ਖੁਸ਼ਵੰਤ ਸਿੰਘ ਤੇ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਨਾਂ ਵੀ ਜ਼ਰੂਰ ਹੋਵੇਗਾ।
ਸਾਰੀ ਉਮਰ ਉੱਨਤ ਖੇਤੀ ਦਾ ਪ੍ਰਚਾਰਕ ਰਿਹਾ ਹੋਣ ਸਦਕਾ ਮੇਰੀ ਇਹ ਵੀ ਸ਼ੁਭ ਕਾਮਨਾ ਹੈ ਕਿ ਇਸ ਲਿਸਟ ਵਿਚ ਕਿਸਾਨਾਂ ਦੇ ਮਸੀਹਾ ਹਰਿਆਣਾ ਦੇ ਜਾਟ ਸਰ ਛੋਟੂ ਰਾਮ ਦਾ ਨਾਂ ਵੀ ਜ਼ਰੂਰ ਹੋਵੇਗਾ। ਖੁਸ਼ਵੰਤ ਸਿੰਘ ਦਾ ਜੱਦੀ ਪਿੰਡ (ਪਾਕਿਸਤਾਨ) ਹੈ ਤੇ ਸਰ ਛੋਟੂ ਰਾਮ ਦੇਸ਼ ਵੰਡ ਤੋਂ ਪਹਿਲਾਂ ਅਖੰਡ ਪੰਜਾਬ ਵਿਚ ਮੰਤਰੀ ਸੀ। ਉਸ ਪੰਜਾਬ ਦਾ ਮੰਤਰੀ, ਜਿਸ ਵਿਚ ਅਜੋਕੇ ਪੰਜਾਬ ਤੋਂ ਬਿਨਾ ਸਾਰਾ ਹਰਿਆਣਾ ਤੇ ਕਾਫੀ ਸਾਰਾ ਹਿਮਾਚਲ ਪ੍ਰਦੇਸ਼ ਸ਼ਾਮਲ ਸੀ।
ਮੈਨੂੰ ਪੂਨਾ ਨਿਵਾਸੀ ਉਰਦੂ ਅਦਬ ਦੇ ਮੱਦਾਹ ਸੁਮੀਤ ਪਾਲ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਪੇਸ਼ਾਵਰ ਦੀ ਖੈਬਰ ਪਖਤੂਨਵਾ ਸਰਕਾਰ ਨੇ ਪ੍ਰਸਿਧ ਫਿਲਮੀ ਸਿਤਾਰਿਆਂ-ਦਲੀਪ ਕੁਮਾਰ ਤੇ ਰਾਜ ਕਪੂਰ ਦੀਆਂ ਹਵੇਲੀਆਂ ਨੂੰ ਸਰਕਾਰੀ ਕਬਜ਼ੇ ਵਿਚ ਲੈ ਕੇ ਨਵਿਆਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਉਨ੍ਹਾਂ ਦੇ ਜਨਮ ਸਥਾਨਾਂ ਨੂੰ ਯਾਦਗਾਰ ਬਣਾਇਆ ਜਾ ਸਕੇ। ਸੁਮੀਤ ਪਾਲ ਨੇ ਲਾਹੌਰ ਯੂਨੀਵਰਸਿਟੀ ਤੋਂ ਮੁਹੰਮਦ ਰਫੀ ਸਵਰ ਤਾਲਾਂ ‘ਤੇ ਡਾਕਟਰੇਟ ਕੀਤੀ ਹੈ ਤੇ ਸਹਿਜੇ ਹੀ ਪਾਕਿਸਤਾਨ ਜਾਂਦਾ ਰਹਿੰਦਾ ਹੈ। ਉਸ ਦੇ ਕਹਿਣ ਅਨੁਸਾਰ ਜੇ ਉਥੇ ਵੀ ਕੋਈ ਯੋਗੀ ਵਰਗੀ ਸੌੜੀ ਸੋਚ ਵਾਲਾ ਹੁੰਦਾ ਤਾਂ ਇਨ੍ਹਾਂ ਜਨਮ ਸਥਾਨਾਂ ਨੂੰ ਮਲੀਆਮੇਟ ਕਰਕੇ ਉਥੇ ਕੋਈ ਮਦਰਸਾ ਸਥਾਪਤ ਕਰ ਸਕਦਾ ਸੀ। ਜਦੋਂ ਸੁਮੀਤ ਪਾਲ ਸਿੰਧ ਜਿਲੇ ਵਿਚ ਪੈਂਦੇ ਜਰਕਾਣਾ ਵਿਖੇ ਸਿੰਧ ਘਾਟੀ ਦਾ ਮੋਹਿੰਜੋਦਾਰੋ ਸਥਾਨ ਵੇਖਣ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਥੋਂ ਵਾਲਾ ਅਜਾਇਬਘਰ ਰਖਲਦਾਸ ਬੈਨਰਜੀ ਨੂੰ ਸਮਰਪਿਤ ਹੈ, ਜਿਸ ਨੇ ਸਿੰਧ ਘਾਟੀ ਦੀ ਖੋਦ ਖੁਦਾਈ ਵਿਚ ਸਰ ਜੌਹਨ ਮਾਰਸ਼ਲ ਦਾ ਹੱਥ ਵਟਾਇਆ ਸੀ। ਕਰਾਚੀ ਯੂਨੀਵਰਸਿਟੀ ਦੇ ਪੁਰਾਲੇਖ ਵਿਭਾਗ ਨੇ ਤਾਂ ਉਹਦੇ ਨਾਂ ਦੀ ਹੀ ਨਹੀਂ, ਸਗੋਂ ਦਯਾ ਰਾਮ ਸਾਹਨੀ ਦੇ ਨਾਂ ਦੀ ਵੀ, ਜਿਸ ਦਾ ਸਿੰਧ ਘਾਟੀ ਦੀ ਖੁਦਾਈ ਵਿਚ ਉਹਦੇ ਵਰਗਾ ਹੀ ਯੋਗਦਾਨ ਸੀ, ਚੇਅਰ ਸਥਾਪਤ ਕਰ ਰੱਖੀ ਹੈ। ਇਸ ਘਾਟੀ ਦੀ ਲੱਭਤ ਨੂੰ 2022 ਵਿਚ ਸੌ ਸਾਲ ਹੋ ਜਾਣੇ ਹਨ ਤੇ ਪੁਰਾਤਵ ਸਬੰਧੀ ਖੋਜ ਦਾ ਕੰਮ ਹਾਲੀ ਤੱਕ ਜਾਰੀ ਹੈ।
ਸਿਰਜਣਾ ਪਰਿਵਾਰ ਦੀ ਰਚਨਾ ਸਿੰਘ ਬੀ. ਸੀ. ਚੋਣਾਂ ਵਿਚ: ਸਵਰਗੀ ਤੇਰਾ ਸਿੰਘ ਚੰਨ ਦੀ ਦੋਹਤੀ ਸੁਲੇਖਾ ਅਤੇ ਰਘਬੀਰ ਸਿੰਘ ਸਿਰਜਣਾ ਦੀ ਬੇਟੀ ਇਸ ਵਾਰੀ ਫਿਰ ਬ੍ਰਿਟਿਸ਼ ਕੋਲੰਬੀਆਂ ਤੋਂ ਚੋਣ ਲੜ ਰਹੀ ਹੈ। ਉਹ ਨੈਸ਼ਨਲ ਡੈਮੋਕਰੈਟਿਕ ਪਾਰਟੀ (ਐਨ. ਡੀ. ਪੀ.) ਵਲੋਂ ਗਰੀਨ ਟਿੰਬਰ ਸਟਰੀਟ, ਸਰੀ ਤੋਂ ਉਮੀਦਵਾਰ ਹੈ। ਮੌਜੂਦਾ ਸਰਕਾਰ ਵਿਚ ਸੀਨੀਅਰ ਸਿਟੀਜ਼ਨ ਮਾਮਲਿਆਂ ਦੀ ਇੰਚਾਰਜ ਵਜੋਂ ਬਜੁਰਗਾਂ ਦੀ ਬਿਹਤਰੀ ਲਈ ਕੀਤੇ ਉਸ ਦੇ ਪ੍ਰਮਾਣਿਕ ਕੰਮ ਦਾ ਸਰੀ ਨਿਵਾਸੀ ਕੀ ਮੁੱਲ ਪਾਉਂਦੇ ਹਨ, 24 ਅਕਤੂਬਰ 2020 ਦੇ ਚੋਣ ਪ੍ਰਣਾਮ ਦੱਸਣਗੇ। ਨਿੱਕ-ਸੁੱਕ ਵਲੋਂ ਸ਼ੁਭ ਕਾਮਨਾਵਾਂ।
ਅੰਤਿਕਾ: ਰਣਧੀਰ ਸਿੰਘ ਚੰਦ
ਇਸ ਬਸਤੀ ‘ਚੋਂ ਤਹਿਜ਼ੀਬਾਂ ਦੇ
ਰੰਗ ਤੂੰ ਆਪੇ ਲੱਭ ਲਵੀਂ,
ਯਾਦਾਂ ਦੇ ਕੁਝ ਖੰਡਰ ਵੀ ਨੇ
ਦੁੱਖਾਂ ਦਾ ਮੇਲਾਪ ਵੀ ਹੈ।