ਵੰਡ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ

ਸੰਪਾਦਕ ਜੀ,
ਇਹ ਖੁਸ਼ੀ ਦੀ ਗੱਲ ਹੈ ਕਿ ‘ਪੰਜਾਬ ਟਾਈਮਜ਼’ ਵਿਚ ਹਰ ਹਫਤੇ ਵੰਨ ਸੁਵੰਨੀ ਝਲਕ ਦਿਖਾਉਂਦੀਆਂ ਰਚਨਾਵਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ। ਅਖਬਾਰ ਇੱਕ ਅਜਿਹਾ ‘ਪਲੈਟਫਾਰਮ’ ਹੈ, ਜਿੱਥੇ ਹਰ ਸੋਚ ਅਤੇ ਵਿਚਾਰ ਨੂੰ ਬਣਦੀ ਥਾਂ ਮੁਹੱਈਆਂ ਕਰਵਾਈ ਜਾਂਦੀ ਹੈ। ਬੇਸ਼ੱਕ ਅਖਬਾਰ ਦੀ ਆਪਣੀ ਕੋਈ ਵੀ ਰਾਇ ਹੋਵੇ, ਪਰ ਇਸ ਵਿਚ ਹਰ ਪੱਖ ਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ‘ਪੰਜਾਬ ਟਾਈਮਜ਼’ ਇਹ ਫਰਜ਼ ਬਾਖੂਬੀ ਨਿਭਾ ਵੀ ਰਿਹਾ ਹੈ,

ਪਰ ਇਸ ਦੇ ਨਾਲ ਹੀ ਇੱਕ ਐਸੇ ਸੰਤੁਲਿਤ ਜ਼ਾਬਤੇ ਦੀ ਆਸ ਵੀ ਕੀਤੀ ਜਾਂਦੀ ਹੈ, ਜਿਸ ਨਾਲ ਭਾਈਚਾਰਿਆਂ ਦੀ ਸਾਂਝ ਨੂੰ ਖੋਰਾ ਲੱਗਣ ਤੋਂ ਬਚਾਇਆ ਜਾ ਸਕੇ।
‘ਪੰਜਾਬ ਟਾਈਮਜ਼’ ਦੇ 17 ਅਕਤੂਬਰ ਦੇ ਅੰਕ ਵਿਚ ਛਪੀ ਕਰਮਜੀਤ ਕੌਰ ਸਮਾਓ ਦੀ ਕਵਿਤਾ ‘ਮੈਂ ਪੰਜਾਬ ਪੱਗਾਂ ਵਾਲਿਆਂ ਦਾ, ਤੂੰ ਦਿੱਲੀਏ ਟੋਪੀ ਵਾਲਿਆਂ ਦੀ’ ਦੇਖ ਨਿਰਾਸ਼ਾ ਹੋਈ, ਕਿਉਂਕਿ ਇਹ ਸ਼ਬਦਾਵਲੀ ਹਿੰਦੂ-ਸਿੱਖ ਸਦਭਾਵਨਾ ਨੂੰ ਖੋਰਾ ਲਾਉਣ ਵਾਲੀ ਹੈ। ਪੰਜਾਬ ਪੰਜਾਬੀਆਂ ਦਾ ਹੈ, ਪੱਗਾਂ ਅਤੇ ਟੋਪੀ ਵਾਲਿਆਂ-ਦੋਹਾਂ ਦਾ। ਪੰਜਾਬ ਤੋਂ ਬਾਹਰ ਸਾਰੇ ਭਾਰਤ ਵਿਚ ਕੋਈ ਪੰਜ ਛੇ ਮਿਲੀਅਨ ਸਿੱਖ ਪਰਿਵਾਰ ਵੱਸ ਰਹੇ ਹਨ, ਜੋ ਨੌਕਰੀ, ਬਿਜਨਸ ਅਤੇ ਖੇਤੀਬਾੜੀ ਦੇ ਕਿੱਤਿਆਂ ਰਾਹੀਂ ਵਧੀਆ ਜੀਵਨ ਬਸਰ ਕਰ ਰਹੇ ਹਨ। ਪੰਜਾਬ ਵਿਖੇ ਪੱਗ ਅਤੇ ਟੋਪੀ ਦੇ ਵਿਤਕਰੇ ਦਾ ਖਮਿਆਜਾ ਅਸੀਂ ਭੁਗਤ ਚੁਕੇ ਹਾਂ। 1947 ਦੀ ਵੰਡ ਦਾ ਦਰਦ ਸਿਰਫ ਭੁਗਤਣ ਵਾਲਿਆਂ ਹੀ ਜਾਣਿਆ ਹੋਵੇਗਾ। ਸਰਕਾਰਾਂ ਦੀਆਂ ਨੀਤੀਆਂ ਨਾਲ ਅਸਹਿਮਤੀ ਰੱਖਣਾ ਸਾਡਾ ਹੱਕ ਹੈ ਅਤੇ ਬੇਸ਼ੱਕ ਇਨ੍ਹਾਂ ਦਾ ਵਿਰੋਧ ਵੀ ਸੰਵਿਧਾਨਕ ਦਾਇਰੇ ਵਿਚ ਰਹਿੰਦਿਆਂ ਜਾਇਜ਼ ਕਰਾਰ ਦਿੱਤਾ ਜਾਵੇਗਾ, ਪਰ ਇਸ ਦੀ ਆੜ ਹੇਠ ਸੰਪਰਦਾਇਕ ਏਕਤਾ ਨੂੰ ਢਾਹ ਲਾਉਣਾ ਹਰਗਿਜ਼ ਉਚਿਤ ਨਹੀਂ ਕਿਹਾ ਜਾ ਸਕਦਾ। ਫਿਰਕੂ ਕੱਟੜਤਾ ਹਮੇਸ਼ਾ ਹੀ ਇਨਸਾਨੀਅਤ ਦਾ ਘਾਣ ਕਰਦੀ ਰਹੀ ਹੈ। ਸਾਨੂੰ ਵੰਡ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਸੇ ਵਿਚ ਹੀ ਸਭ ਦੀ ਭਲਾਈ ਹੈ। ਧੰਨਵਾਦ।
-ਹਰਜੀਤ ਦਿਓਲ, ਬਰੈਂਪਟਨ