‘ਪੰਜਾਬ ਟਾਈਮਜ਼’ ਨਾਲ ਜੁੜੀ ਸਾਂਝ ਦੀ ਤੰਦ

ਸੰਪਾਦਕ ਜੀ,
ਮੇਰੇ ਸਹੁਰਾ ਸਾਹਿਬ ਮਾਸਟਰ ਗੁਰਬਚਨ ਸਿੰਘ ਲੰਘੀ 6 ਅਕਤੂਬਰ ਨੂੰ ਸਵਰਗਵਾਸ ਹੋ ਗਏ ਹਨ। ਉਹ ‘ਪੰਜਾਬ ਟਾਈਮਜ਼’ ਦੇ ਨਿਯਮਿਤ ਪਾਠਕ ਸਨ। ਭਾਪਾ ਜੀ ਕਾਫੀ ਸਾਲ ਅਖਬਾਰ ਪੜ੍ਹਦੇ ਰਹੇ। ਹਰ ਸ਼ੁੱਕਰਵਾਰ ਅਸੀਂ ਉਨ੍ਹਾਂ ਲਈ ਅਖਬਾਰ ਲਿਆਉਂਦੇ ਸਾਂ। ਕਰੋਨਾ ਵਾਇਰਸ ਕਾਰਨ ਜਦੋਂ ‘ਪੰਜਾਬ ਟਾਈਮਜ਼’ ਛਪਣਾ ਬੰਦ ਹੋਇਆ ਤਾਂ ਅਖਬਾਰ ਦੀ ਵੈਬਸਾਈਟ ਤੋਂ ਅਖਬਾਰ ਪੜ੍ਹਨ ਦੀ ਸਹੂਲਤ ਲਈ ਅਸੀਂ ਭਾਪਾ ਜੀ ਨੂੰ ਲੈਪਟਾਪ ਲੈ ਕੇ ਦਿੱਤਾ, ਉਨ੍ਹਾਂ ਲਈ ਹੋਰ ਆਸਾਨੀ ਹੋ ਗਈ।

ਅਖਬਾਰ ਵਿਚ ਛਪਦੇ ਲੇਖਾਂ ‘ਤੇ ਸਾਡਾ ਕਾਫੀ ਵਿਚਾਰ-ਵਟਾਂਦਰਾ ਹੁੰਦਾ। ਉਨ੍ਹਾਂ ਦਾ ਸਭ ਤੋਂ ਪਸੰਦੀਦਾ ਕਾਲਮ ‘ਸ਼ਬਦ ਜੋਤ’ ਸੀ, ਜੋ ਡਾ. ਗੁਰਬਖਸ਼ ਸਿੰਘ ਭੰਡਾਲ ਲਿਖਦੇ ਹਨ।
ਭਾਪਾ ਜੀ ਦੀ ਜ਼ਿੰਦਗੀ ਦੇ ਆਖਰੀ ਮਹੀਨਿਆਂ ਦੌਰਾਨ ਉਹ ਪੜ੍ਹਨ ਤੋਂ ਅਸਮਰਥ ਹੋ ਗਏ ਸਨ, ਪਰ ਸੁਣਨ ਸ਼ਕਤੀ ਬਰਕਰਾਰ ਸੀ। ਫਿਰ ਉਨ੍ਹਾਂ ਨੂੰ ਬੋਲਣ ਲਈ ਵੀ ਬਹੁਤ ਸੰਘਰਸ਼ ਕਰਨਾ ਪੈਂਦਾ ਸੀ। ਇਸ ਸਮੇਂ ਦੌਰਾਨ ਜਦੋਂ ਉਨ੍ਹਾਂ ਨਾਲ ‘ਸ਼ਬਦ ਜੋਤ’ ਬਾਰੇ ਗੱਲ ਹੁੰਦੀ ਤਾਂ ਅੱਖਾਂ ਨਾਲ ਜਵਾਬ ਦਿੰਦੇ। ਮੈਂ ਉਨ੍ਹਾਂ ਨੂੰ ਉਹ ਲੇਖ ਸੁਣਾਉਣਾ ਸ਼ੁਰੂ ਕਰ ਦਿੱਤਾ ਅਤੇ ਇਹ ਸਿਲਸਿਲਾ ਅਕਤੂਬਰ ਦੇ ਪਹਿਲੇ ਅੰਕ ਤੱਕ ਚੱਲਦਾ ਰਿਹਾ। ਇਕ ਵਾਰ ਤਾਂ ਭਾਪਾ ਜੀ ਸੁੱਤੇ ਪਏ ਸਨ, ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਠੇ ਨਾ; ਮੈਂ ਲੇਖ ਪੜ੍ਹਨਾ ਸ਼ੁਰੂ ਕੀਤਾ, ਲੇਖ ਦੇ ਅੱਧ ਵਿਚ ਜਾਗ ਪਏ ਤੇ ਲੇਖ ਪੂਰਾ ਹੋਣ ਤੱਕ ਜਾਗਦੇ ਰਹੇ। ਬਾਅਦ ਵਿਚ ਅੱਖਾਂ ਉਤਾਂਹ ਚੁੱਕ ਕੇ ਸਹਿਮਤੀ ਦਿੱਤੀ। ਸਾਰੇ ਪਰਿਵਾਰ ਨੇ ਯਥਾਯੋਗ ਸੇਵਾ ਕੀਤੀ। ਭਾਪਾ ਜੀ 6 ਅਕਤੂਬਰ ਨੂੰ ਸਾਨੂੰ ਵਿਛੋੜਾ ਦੇ ਗਏ।
ਅਸੀਂ ਸ਼ ਅਮੋਲਕ ਸਿੰਘ ਦੇ ਸ਼ੁਕਰਗੁਜ਼ਾਰ ਹਾਂ, ਜੋ ਆਪਣੀ ਅਣਥੱਕ ਮਿਹਨਤ ਨਾਲ ਅਤੇ ਹਰ ਹਾਲਾਤ ਵਿਚ ‘ਪੰਜਾਬ ਟਾਈਮਜ਼’ ਰਾਹੀਂ ਸਾਨੂੰ ਮਿਆਰੀ ਅਤੇ ਸੰਪੂਰਨ ਅਖਬਾਰ ਦੇ ਰਹੇ ਹਨ। ਅਸੀਂ ਉਨ੍ਹਾਂ ਦੀ ਸਿਹਤਯਾਬੀ ਤੇ ਚੜ੍ਹਦੀ ਕਲਾ ਲਈ ਹਰ ਵੇਲੇ ਅਰਦਾਸ ਕਰਦੇ ਰਹਾਂਗੇ। ਧੰਨਵਾਦ।
-ਇੰਦਰਜੀਤ ਮੰਗਾ
ਪਿਟਸਬਰਗ, ਕੈਲੀਫੋਰਨੀਆ।