ਗਿਰਝਾਂ ਅਤੇ ਘੁੱਗੀਆਂ

ਇੰਦਰਜੀਤ ਚੁਗਾਵਾਂ
ਅਮਰੀਕਾ ਦੇ ਵੱਖ-ਵੱਖ ਸੂਬਿਆਂ ‘ਚ ਡਰਾਈਵਿੰਗ ਕਰਦਿਆਂ ਕੁਦਰਤ ਦੇ ਬਹੁਤ ਸਾਰੇ ਰੰਗ ਦੇਖਣ ਨੂੰ ਮਿਲ ਰਹੇ ਹਨ। ਇਸ ਦੌਰਾਨ ਪੰਜਾਬ ‘ਚੋਂ ਗਾਇਬ ਹੋ ਗਈਆਂ ਚਿੜੀਆਂ ਵੀ ਏਧਰ ਦੇਖਣ ਨੂੰ ਮਿਲੀਆਂ ਹਨ। ਉਨ੍ਹਾਂ ਦੀ ਤਸਵੀਰਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਜੇ ਤੱਕ ਨਾਕਾਮ ਰਿਹਾ ਹਾਂ। ਇਹ ਸੋਚ ਕੇ ਚੰਗਾ ਲਗਦੈ ਕਿ ਪੰਛੀਆਂ-ਪਰਿੰਦਿਆਂ ਨੂੰ ਸਰਹੱਦ ਪਾਰ ਕਰਨ ਲਈ ਕਿਸੇ ਵੀਜ਼ੇ ਦੀ ਲੋੜ ਨਹੀਂ ਪੈਂਦੀ। ਜਿੱਥੇ ਵੀ ਦਾਣਾ-ਪਾਣੀ ਨਜ਼ਰ ਆਇਆ, ਓਧਰ ਤੁਰ ਪਏ! ਚੰਗਾ ਲਗਦੈ ਇਨ੍ਹਾਂ ਨੂੰ ਦੇਖ ਕੇ ਤੇ ਇਨ੍ਹਾਂ ‘ਤੇ ਰਸ਼ਕ ਵੀ ਆਉਂਦੈ! ਮੈਨੂੰ ਇਨ੍ਹਾਂ ਵੱਲ ਨੀਝ ਲਾ ਤੱਕਦਿਆਂ ਮੇਰਾ ਕੋ-ਡਰਾਈਵਰ ਬਹੁਤ ਖੁਸ਼ ਹੁੰਦੈ! “ਭਾਅ ਜੀ ਪੰਛੀਆਂ-ਪਰਿੰਦਿਆਂ ਨਾਲ ਤੁਹਾਡਾ ਖਾਸਾ ਈ ਮੋਹ ਐ,” ਜਰਨੈਲ ਸਿੰਘ ਆਖਦੈ।

“ਹਾਂ, ਮੋਹ ਤਾਂ ਹੈ! ਦਰਅਸਲ ਬੰਦਾ ਉਸ ਨਾਲ ਈ ਮੋਹ ਕਰਦੈ, ਜਿਸ ‘ਚੋਂ ਉਸ ਨੂੰ ਆਪਣਾ-ਆਪ ਨਜ਼ਰ ਆਵੇ ਜਾਂ ਜਿਸ ਨੂੰ ਉਹ ਹਾਸਲ ਕਰਨਾ ਚਾਹੁੰਦਾ ਹੋਵੇ।” ਮੱਠੀ ਜਿਹੀ ਮੁਸਕਰਾਹਟ ਨਾਲ ਮੈਂ ਜੁਆਬ ਦਿੱਤਾ। ਜਰਨੈਲ ਸਿੰਘ ਮੁਸਕਰਾਇਆ। ਉਹਨੂੰ ਮੇਰੀ ਗੱਲ ਚੰਗੀ ਲੱਗੀ ਸੀ ।
ਜਿਲਾ ਹੁਸ਼ਿਆਰਪੁਰ ਨਾਲ ਸਬੰਧਤ ਜਰਨੈਲ ਸਿੰਘ ਨੂੰ ਅਮਰੀਕਾ ਆਏ ਨੂੰ ਪੰਜ ਸਾਲ ਤੋਂ ਉਪਰ ਸਮਾਂ ਹੋ ਗਿਐ। ਮੇਰੇ ਵਾਂਗ ਉਹ ਵੀ ਦੋਧੀਆਂ ਦਾ ਬਾਪ ਹੈ ਤੇ ਉਸ ਨੂੰ ਵੀ ਉਸ ਦੀ ਵੱਡੀ ਧੀ ਨੇ ਹੀ ਅਮਰੀਕਾ ਸੱਦਿਆ ਹੋਇਐ। ਉਹ ਚੰਗੀ ਤਰ੍ਹਾਂ ਇੱਥੋਂ ਦੀ ਜੀਵਨ-ਸ਼ੈਲੀ ਨਾਲ ਰਚ-ਮਿਚ ਗਿਐ। ਮੇਰੇ ਵਾਂਗ ਨਹੀਂ ਹੈ, ਜਿਵੇਂ ਖਰੀਦਿਆ ਬਲਦ ਖੁਰਲੀ ‘ਤੇ ਬੱਝਾ ਓਪਰਾ-ਓਪਰਾ ਝਾਕੀ ਜਾ ਰਿਹਾ ਹੋਵੇ। ਜਰਨੈਲ ਸਿੰਘ ਪੂਰਨ ਗੁਰਸਿੱਖ ਹੈ, ਮੇਰੀ ਨਜ਼ਰੇ ਸਹੀ ਮਾਅਨੇ ‘ਚ ਸਿੱਖ! ਆਪਣੀ ਕੰਪਨੀ ਦੇ ਮਾਲਕਾਂ ਤੋਂ ਸੁਣਿਐਂ ਉਸ ਬਾਰੇ। ਪੰਜਾਬ ਤੋਂ ਨਵੇਂ ਆਏ ਕਿੰਨੇ ਬੰਦਿਆਂ ਦੀ ਉਹ ਨਿਰ-ਸੁਆਰਥ ਮਦਦ ਕਰ ਚੁੱਕੈ, ਕੋਈ ਗਿਣਤੀ ਨਹੀਂ! ਉਸ ‘ਚੋਂ ਕੱਟੜਪ੍ਰਸਤੀ ਦੀ ਜ਼ਰਾ ਜਿੰਨੀ ਵੀ ਬੂਅ ਨਹੀਂ ਆਉਂਦੀ। ਉਹ ਪੂਰਾ ਆਸਤਿਕ ਤੇ ਮੈਂ ਨਾਸਤਿਕ। ਕਦੇ ਵੀ ਤਕਰਾਰ ਜਾਂ ਟਕਰਾਅ ਦਾ ਮੌਕਾ ਨਹੀਂ ਆਇਆ। ਉਹ ਜਦ ਠਰ੍ਹੰਮੇ ਨਾਲ ਆਪਣਾ ਪੱਖ ਰੱਖਦੈ ਤਾਂ ਮੈਨੂੰ ਬਹੁਤ ਚੰਗਾ ਲਗਦੈ। ਜਦ ਮੈਂ ਬਾਬੇ ਨਾਨਕ ਪ੍ਰਤੀ ਆਪਣੇ ਮੋਹ ਬਾਰੇ ਉਸ ਨੂੰ ਦੱਸਿਆ ਤੇ ਆਪਣੀ ਕਵਿਤਾ “ਇਹ ਨਹੀਂ ਨਾਨਕ” ਪੜ੍ਹਨ ਲਈ ਦਿੱਤੀ ਤਾਂ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ, “ਸਿੱਖ ਤੁਸੀਂ ਵੀ ਓ, ਇਹ ਗੱਲ ਵੱਖਰੀ ਐ ਕਿ ਤੁਸੀਂ ਬਾਣਾ ਨਹੀਂ ਪਾਇਆ।” ਜਰਨੈਲ ਸਿੰਘ ਜਦ ਗੁੱਝੀ ਗੱਲ ਕਰਕੇ ਮੁਸਕਰਾਉਂਦੈ ਤਾਂ ਮੈਨੂੰ ਆਪਣਾ ਬੇਲੀ ਚਾਨੀਆਂ ਵਾਲਾ ਦਵਿੰਦਰ ਉਸ ‘ਚੋਂ ਨਜ਼ਰ ਆਉਣ ਲੱਗਦੈ।
ਮੈਂ ਜਦ ਚਿੜੀਆਂ ਦੇ ਪੰਜਾਬ ‘ਚੋਂ ਗਾਇਬ ਹੋਣ ਤੇ ਏਧਰ ਨਜ਼ਰ ਆਉਣ ਦੀ ਗੱਲ ਉਸ ਨਾਲ ਛੇੜੀ ਤਾਂ ਉਸ ਦਾ ਜੁਆਬ ਸੀ, “ਇਹ ਸਭ ਕੁਦਰਤ ਦੀ ਮਾਇਆ ਹੈ, ਇੱਕ ਥਾਂ ਤੋਂ ਦਾਣਾ-ਪਾਣੀ ਮੁੱਕਿਆ ਤਾਂ ਦੂਜੀ ਜਗ੍ਹਾ ਪ੍ਰਬੰਧ ਵੀ ਨਾਲ ਈ ਹੋ ਜਾਂਦੈ! ਏਸ ਨੂੰ ਈ ਤਾਂ ਪਰਵਾਸ ਦਾ ਨਾਂ ਦਿੱਤਾ ਗਿਐ!”
ਮੈਂ ਹੱਸਦਿਆਂ ਕਿਹਾ, “ਜਰਨੈਲ ਸਿੰਹਾਂ, ਗਾਇਬ ਤਾਂ ਗਿਰਝਾਂ ਵੀ ਹੋਈਆਂ ਹਨ ਪੰਜਾਬ ‘ਚੋਂ, ਪਰ ਉਹ ਏਧਰ ਨਜ਼ਰ ਨਹੀਂ ਆਈਆਂ!”
ਅੱਗੋਂ ਜਰਨੈਲ ਸਿੰਘ ਦੇ ਇਸ ਜੁਆਬ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ, “ਵੱਡੇ ਭਾਅ ਜੀ, ਗਿਰਝਾਂ ਵੀ ਆਈਆਂ ਹੋਈਆਂ ਤੇ ਘੁੱਗੀਆਂ ਵੀ। ਜੇ ਤੁਸੀਂ ਚਿੜੀਆਂ ਦੀ ਫੋਟੋ ਨਹੀਂ ਖਿੱਚ ਪਾ ਰਹੇ ਤਾਂ ਇਹ ਗਿਰਝਾਂ ਵੀ ਤੁਹਾਡੀ ਪਕੜ ‘ਚ ਨਹੀਂ ਆਉਣਗੀਆਂ, ਕਿਉਂਕਿ ਇਨ੍ਹਾਂ ਨੇ ਆਪਣੇ ਪਰ ਗਾਇਬ ਕਰ ਦਿੱਤੇ ਹਨ!…ਉਹ ਗੁਰਦੁਆਰਿਆਂ-ਮੰਦਿਰਾਂ ‘ਚ ਸਾਫ-ਸੁਥਰੇ ਬਾਣੇ ਪਾ ਕੇ ਜਾਂਦੀਆਂ ਹਨ, ਇੱਕ ਡਾਲਰ ਦਾ ਮੱਥਾ ਟੇਕ ਕੇ ਭਰ-ਪੇਟ ਲੰਗਰ ਪਾਣੀ ਛਕਦੀਆਂ ਹਨ ਤੇ ਫਿਰ ਸੰਗਤ ‘ਚੋਂ ਨਿਆਸਰੀਆਂ-ਨਿਤਾਣੀਆਂ, ਮਾਸੂਮ ਘੁੱਗੀਆਂ ਦੀ ਭਾਲ ਕਰਨ ਲੱਗਦੀਆਂ ਹਨ!”
ਗੱਲ ਸਮਝ ਤਾਂ ਪੈ ਗਈ ਸੀ, ਪਰ ਚਾਹੁੰਦਾ ਸੀ ਕਿ ਗੁਰੂ ਦਾ ਸਿੱਖ ਹੀ ਆਪਣੇ ਮੂੰਹੋਂ ਪਰਦਾ ਚੁੱਕੇ। ਇਸ ਲਈ ਆਖ ਦਿੱਤਾ, “ਭੇਤ ਭਰੀਆਂ ਗੱਲਾਂ ਸਮਝਣ ਜੋਗੀ ਮੱਤ ਨਹੀਂ ਮੇਰੀ ਜਰਨੈਲ ਸਿੰਘ ਜੀ! ਜ਼ਰਾ ਖੋਲ੍ਹ ਕੇ ਵਿਖਿਆਨ ਕਰੋ!”
ਉਹ ਥੋੜ੍ਹਾ ਭਾਵੁਕ ਹੋ ਗਿਆ ਸੀ! “ਮੈਨੂੰ ਆਪਣਾ ਝੱਗਾ ਚੁੱਕਣ ਲਈ ਆਖ ਰਿਹੈ ਵੱਡਾ ਭਰਾ!…ਕੋਈ ਗੱਲ ਨਹੀਂ, ਢਿੱਡ ਮੇਰਾ ਈ ਨਹੀਂ, ਤੁਹਾਡਾ ਵੀ ਨੰਗਾ ਹੋਣੈਂ!” ਏਨਾ ਆਖ ਜਰਨੈਲ ਸਿੰਘ ਡੂੰਘਾ ਸਾਹ ਲੈ ਆਖਣ ਲੱਗਾ, “ਲੈ ਸੁਣੋ ਜ਼ਰਾ ਤਕੜਾ ਹੋ ਕੇ…!” ਤੇ ਉਹ ਸ਼ੁਰੂ ਹੋ ਗਿਆ, “ਨਿਰਵੈਰ ਸਿੰਹੁ ਨੂੰ ਜਾਣਦੇ ਓ ਨਾ!”
ਮੇਰੇ ਸਾਹਮਣੇ ਉਹ ਵਿਅਕਤੀ ਵੀ ਆ ਖੜੋਇਆ-ਪੂਰਨ ਗੁਰਸਿੱਖ, ਲੰਮਾ ਦਾੜ੍ਹਾ, ਸਫੈਦ ਕੁੜਤਾ-ਪਜਾਮਾ ਤੇ ਹਰ ਵੇਲੇ ਸਿਮਰਨ! ਪਤਾ ਲੱਗਾ ਸੀ ਕਿ ਉਹ ਤਾਂ ਟਰੱਕ ਚਲਾਉਂਦੇ ਸਮੇਂ ਵੀ ਸ਼ਬਦ-ਕੀਰਤਨ ਈ ਸਰਵਣ ਕਰਦੈ। ਕੋ-ਡਰਾਈਵਰ ਵੀ ਕੋਈ ਦੂਜਾ ਗੀਤ ਨਹੀਂ ਸੁਣ ਸਕਦਾ, ਉਸ ਦੇ ਨਾਲ ਬੈਠਿਆਂ! ਉਹ ਅਮਰੀਕਾ ‘ਚ ਵਿਜ਼ਿਟਰ ਵੀਜ਼ੇ ‘ਤੇ ਆਇਆ ਸੀ ਤੇ ਬਾਅਦ ‘ਚ ਉਸੇ ਦੀ ਭਾਸ਼ਾ ‘ਚ ‘ਸਾਲਮ’ (ਪੁਲਿਟੀਕਲ ਅਸਾਈਲਮ) ਦਾ ਕੇਸ ਲਾ ਦਿੱਤਾ। ਉਸ ਬਾਰੇ ਕਦੇ ਕੋਈ ਮਾੜੀ-ਚੰਗੀ ਸੁਣਨ ਨੂੰ ਨਹੀਂ ਮਿਲੀ ਸੀ। ਮਿਲਣੀ ਵੀ ਕਿੱਥੋਂ ਸੀ, ਬਹੁਤ ਦੂਰ ਰਹਿੰਦਾ ਸੀ ਸਾਡੇ ਕੋਲੋਂ। ਉਸ ਦਾ ਜ਼ਿਕਰ ਸੁਣਦਿਆਂ ਈ ਮੇਰੇ ਕੰਨ ਖੜ੍ਹੇ ਹੋ ਗਏ।
“ਉਹ ਮੁੰਡੇ ਦਾ ਵਿਆਹ ਕਰਨ ਗਿਆ ਹੋਇਐ ਇੰਡੀਆ!” ਜਰਨੈਲ ਸਿੰਘ ਨੇ ਗੱਲ ਅੱਗੇ ਤੋਰੀ। ਮੈਂ ਹੈਰਾਨ ਹੋ ਗਿਆ ਕਿ ਉਹ ਇੰਡੀਆ ਕਿਵੇਂ ਚਲੇ ਗਿਆ। ਉਸ ਨੇ ਤਾਂ ਅਸਾਈਲਮ ਲਈ ਕੇਸ ਕੀਤਾ ਹੋਇਐ! ਜਰਨੈਲ ਸਿੰਘ ਨੇ ਸ਼ੰਕੇ ਨਵਿਰਤ ਕਰਦਿਆਂ ਦੱਸਿਆ ਕਿ ਨਿਰਵੈਰ ਸਿੰਹੁ ਨੇ ਫਿਜ਼ੀ ਦੀ ਇੱਕ ਭਾਰਤੀ ਮੂਲ ਦੀ ਸੱਤਰ ਵਰ੍ਹਿਆਂ ਦੀ ਬੀਬੀ ਨੂੰ ਕੁੜਿੱਕੀ ‘ਚ ਲੈ ਕੇ ਗਰੀਨ ਕਾਰਡ ਹਾਸਲ ਕਰਕੇ ਅਸਾਈਲਮ ਵਾਲਾ ਕੇਸ ਵਾਪਸ ਲੈ ਲਿਐ।
ਫਿਜ਼ੀ ਦੀ ਇਸ ਬੀਬੀ ਦੇ ਪਤੀ ਦੀ ਮੌਤ ਹੋ ਚੁਕੀ ਹੈ। ਉਸ ਦੀਆਂ ਤਿੰਨ ਧੀਆਂ ਹਨ, ਜਿਨ੍ਹਾਂ ਕੋਲ ਉਹ ਏਥੇ ਅਮਰੀਕਾ ਆ ਗਈ ਸੀ। ਉਸ ਨੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਹੋਈ ਹੈ। ਉਹ ਕਦੇ ਇੱਕ ਧੀ ਕੋਲ, ਕਦੇ ਦੂਸਰੀ ਕੋਲ ਰਹਿ ਕੇ ਦਿਨ-ਕਟੀ ਕਰ ਰਹੀ ਸੀ। ਧੀਆਂ ਦੇ ਸਹੁਰੇ ਉਸ ਨੂੰ ਆਪਣੇ ਨਾਲ ਰੱਖ ਕੇ ਖੁਸ਼ ਨਹੀਂ ਸਨ। ਧੀਆਂ ਨੇ ਸੋਚਿਆ ਕਿ ਜੇ ਮਾਂ ਨੂੰ ਕੋਈ ਸਾਥੀ ਮਿਲ ਜਾਵੇ ਤਾਂ ਉਹ ਬੁਢੇਪੇ ‘ਚ ਬੇਚਾਰਗੀ ਤੋਂ ਬਚ ਜਾਵੇਗੀ। ਉਹ ਪੱਲਿਓਂ ਪੈਸਾ ਖਰਚਣ ਲਈ ਤਿਆਰ ਸਨ। ਇਸ ਗੱਲ ਦੀ ਭਿਣਕ ਨਿਰਵੈਰ ਸਿੰਘ ਨੂੰ ਲੱਗ ਗਈ। ਉਸ ਲਈ ਇਹ ਸੁਨਹਿਰੀ ਮੌਕਾ ਸੀ। ਸੌਦਾ ਤੈਅ ਕਰ ਲਿਆ ਗਿਆ! ਇੰਡੀਆ ਵਾਲੀ ਪਤਨੀ ਤੋਂ ਕਾਗਜ਼ੀ ਤਲਾਕ ਲੈ ਕੇ ਉਸ ਬੀਬੀ ਨਾਲ ਵਿਆਹ ਕਰ ਲਿਆ। ਮਿੱਥੇ ਸੌਦੇ ਮੁਤਾਬਕ ਧੀਆਂ ਨੇ ਆਪਣੀ ਮਾਂ ਦੇ ਬੈਂਕ ਖਾਤੇ ‘ਚ ਪੰਜਾਹ ਹਜ਼ਾਰ ਡਾਲਰ ਜਮ੍ਹਾਂ ਕਰਵਾ ਦਿੱਤੇ ਤਾਂ ਕਿ ਉਹ ਆਪਣੇ ਲਈ ਘਰ ਖਰੀਦ ਸਕਣ!
ਜਰਨੈਲ ਸਿੰਘ ਦੁਖੀ ਮਨ ਨਾਲ ਦੱਸ ਰਿਹਾ ਸੀ, “ਗੁਰੂ ਦੇ ‘ਸਿੰਘ’ ਨੇ ਆਪਣੀ ਨਵੀਂ ਪਤਨੀ ਨੂੰ ਭਰਮਾ ਕੇ ਉਹ ਪੰਜਾਹ ਹਜ਼ਾਰ ਡਾਲਰ ਆਪਣੇ ਖਾਤੇ ‘ਚ ਟਰਾਂਸਫਰ ਕਰਵਾ ਲਏ। ਗਰੀਨ ਕਾਰਡ ਮਿਲਦਿਆਂ ਹੀ, ਘਰ ਖਰੀਦਣ ਦੀ ਥਾਂ ਟਿਕਟ ਲੈ ਇੰਡੀਆ ਆਪਣੇ ਪੁੱਤ ਦਾ ਵਿਆਹ ਕਰਨ ਚਲੇ ਗਿਆ।”
ਆਪਣੀ ਗੱਲ ਜਾਰੀ ਰੱਖਦਿਆਂ ਜਰਨੈਲ ਸਿੰਘ ਆਖ ਰਿਹਾ ਸੀ, “ਕਹਾਣੀ ਏਥੇ ਖਤਮ ਹੋ ਜਾਂਦੀ ਤਾਂ ਫੇਰ ਵੀ ਹੋਊ ਪਰੇ ਕੀਤਾ ਜਾ ਸਕਦਾ ਸੀ। ਹੁਣ ਉਹ ਰਹਿੰਦਾ ਤਾਂ ਆਪਣੀ ਨਵੀਂ ਪਤਨੀ ਨਾਲ ਕਿਰਾਏ ਦੇ ਅਪਾਰਟਮੈਂਟ ‘ਚ ਹੈ, ਪਰ ਸੌਂਦਾ ਉਸ ਨਾਲ ਨਹੀਂ। ਇਸ ਕੰਮ ਲਈ ਉਸ ਨੇ ਪੰਜਾਬ ਤੋਂ ਵਿਜ਼ਿਟਰ ਵੀਜ਼ੇ ‘ਤੇ ਆਈ ਇੱਕ ਲੜਕੀ ਰੱਖੀ ਹੋਈ ਹੈ, ਜਿਸ ਨੂੰ ਪਨਾਹ ਦੇਣ ਵਾਲਾ ਉਸ ਦਾ ਕੋਈ ਵੀ ਰਿਸ਼ਤੇਦਾਰ ਏਥੇ ਨਹੀਂ ਹੈ। ਇਸ ਲੜਕੀ ਨੇ ਵੀ ਅਸਾਈਲਮ ਦਾ ਕੇਸ ਫਾਈਲ ਕੀਤਾ ਹੋਇਐ ਤੇ ਉਸ ਨੂੰ ਵੀ ਰਾਤ ਗੁਜ਼ਾਰਨ ਲਈ ਛੱਤ ਦੀ ਲੋੜ ਸੀ। ਇਹ ਲੜਕੀ ਉਸ ਦੀ ਆਪਣੀ ਧੀ ਦੇ ਹਾਣ ਦੀ ਹੋਵੇਗੀ। ਇਹ ਵੀ ਗੁਰਦੁਆਰੇ ‘ਚੋਂ ਉਸ ਦੀ ਕੁੜਿੱਕੀ ‘ਚ ਫਸੀ ਹੈ ਤੇ ਧੀ ਬਣਾ ਕੇ ਹੀ ਉਸ ਨੂੰ ਆਪਣੇ ਕੋਲ ਲਿਆਇਆ ਸੀ। ਹੁਣ ਨਾ ਤਾਂ ਫਿਜ਼ੀ ਵਾਲੀ ਬੀਬੀ ਕੁਝ ਕਹਿ ਸਕਦੀ ਹੈ ਤੇ ਨਾ ਹੀ ਉਹ ਲੜਕੀ। ਦੋਵੇਂ ਮਜਬੂਰ ਹਨ, ਦੋਹਾਂ ਦਾ ਕੋਈ ਝਾਲੂ ਨਹੀਂ ਹੈਂ! ਸਿਤਮ ਦੇਖੋ! ਨਾਂ ਹੈ ਨਿਰਵੈਰ ਤੇ ਕਰਤੂਤਾਂ…! ਇਹੋ ਜਿਹੇ ਲੋਕਾਂ ਦੇ ਨਾਂ ਨਾਲ ਸਿੰਘ ਲਾਉਣਾ ਮੈਨੂੰ ਗੁਨਾਹ ਜਾਪਦੈ!”
“ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਨਹੀਂ ਖਬਰ ਉਹਦੀਆਂ ਇਨ੍ਹਾਂ ਕਰਤੂਤਾਂ ਦੀ?” ਮੇਰਾ ਸੁਆਲ ਸੀ।
“ਸਭ ਜਾਣਦੇ ਹਨ, ਪਰ ਬੋਲਣ ਜੋਗਾ ਕੋਈ ਨਹੀਂ ਤੇ ਸਾਡੇ ਵਰਗਿਆਂ ਨੂੰ ਉਹ ਨੇੜੇ ਨਹੀਂ ਲੱਗਣ ਦਿੰਦੇ! ਦਾਲ ਹੀ ਕਾਲੀ ਹੈ, ਕਰੀਏ ਤਾਂ ਕੀ ਕਰੀਏ?”
ਦੁਖੀ ਮਨ ਨਾਲ ਮੈਂ ਕਿਹਾ, “ਜਰਨੈਲ ਸਿੰਘਾ, ਬਾਣਾ ਦੇਖ ਕੇ ਤਾਂ ਨਹੀਂ ਲੱਗਦਾ ਕਿ ਅਜਿਹੇ ਨੀਚ ਕਿਰਦਾਰ ਦਾ ਮਾਲਕ ਹੋਵੇਗਾ ਨਿਰਵੈਰ ਸਿੰਹੁ! ਦੇਖਣ ਨੂੰ ਕਿੰਨਾ ਸੋਹਣਾ ਗੁਰਸਿੱਖ ਜਾਪਦੈ। ਲੱਗਦਾ ਨਹੀਂ ਸੀ ਕਿ ਇਸ ਕਰਤੂਤ ਦਾ ਮਾਲਕ ਹੋਵੇਗਾ! ਬਾਣਾ ਤੁਹਾਡੇ ਵੀ ਉਹੀ ਹੈ, ਪਰ ਕਿਰਦਾਰ ‘ਚ ਕਿੰਨਾ ਵੱਡਾ ਫਰਕ ਐ!”
“ਬਾਣਾ ਪਹਿਨ ਕੇ ਤੇ ਬਾਣੀ ਪੜ੍ਹ ਕੇ ਹੀ ਕੋਈ ਗੁਰਸਿੱਖ ਨਹੀਂ ਬਣ ਜਾਂਦਾ, ਗੁਰਸਿੱਖ ਹੋਣ ਲਈ ਪਹਿਲਾਂ ਆਪਾ ਕੁਰਬਾਨ ਕਰਨ ਦਾ ਤਹੱਈਆ ਕਰਨਾ ਪੈਂਦਾ ਹੈ, ਨਿਮਾਣਿਆਂ-ਨਿਤਾਣਿਆਂ ਦੀ ਰਾਖੀ ਨੂੰ ਸਭ ਤੋਂ ਉੱਪਰ ਰੱਖਣ ਦਾ ਸੰਕਲਪ ਹਰ ਵੇਲੇ ਮਨ-ਮਸਤਕ ‘ਚ ਵਸਾਉਣਾ ਪੈਂਦਾ ਹੈ!…ਅਜਿਹੇ ਵਿਅਕਤੀ ਗੁਰਸਿੱਖ ਨਹੀਂ, ਇਹ ਤਾਂ ਗਿਰਝਾਂ ਹਨ! ਹੁਣ ਤੁਸੀਂ ਦੱਸੋ ਕਿ ਗਿਰਝਾਂ ਵੀ ਪਰਵਾਸ ਕਰਕੇ ਆਈਆਂ ਹੋਈਆਂ ਹਨ ਕਿ ਨਹੀਂ! …ਇਸ ਦੇ ਪੰਜੇ ‘ਚ ਆਈ ਪੰਜਾਬਣ ਕੁੜੀ ‘ਘੁੱਗੀ’ ਨਹੀਂ ਤਾਂ ਹੋਰ ਕੀ ਹੈ! ਤੇ ਇਹ ਇਕੱਲਾ ਨਹੀਂ, ਬਹੁਤ ਸਾਰੀਆਂ ਅਜਿਹੀਆਂ ਗਿਰਝਾਂ ਹਨ, ਪਰ ਸਾਡੇ ਭਾਈਚਾਰੇ ਨੂੰ ਪਤਾ ਨਹੀਂ ਕੀ ਹੋ ਗਿਐ ਕਿ ਇਨ੍ਹਾਂ ਖਿਲਾਫ ਜ਼ੁਬਾਨ ਈ ਨਹੀਂ ਖੋਲ੍ਹ ਰਿਹਾ! ਤੁਸੀਂ ਪਰਵਾਸ ਕਰਕੇ ਆਈਆਂ ਚਿੜੀਆਂ ਦੀ ਤਸਵੀਰ ਉਤਾਰਨ ਲਈ ਉਤਾਵਲੇ ਓ, ਇਨ੍ਹਾਂ ਗਿਰਝਾਂ ਦੀ ਸਹੀ ਤਸਵੀਰਕਸ਼ੀ ਕੌਣ ਕਰੇਗਾ, ਘੁੱਗੀਆਂ ਨੂੰ ਇਨ੍ਹਾਂ ਦੇ ਪੰਜਿਆਂ ‘ਚੋਂ ਕੌਣ ਬਚਾਏਗਾ?” ਜਰਨੈਲ ਸਿੰਘ ਦੇ ਅੰਦਰਲੇ ਰੋਹ ਤੇ ਉਸ ਦੀ ਸੰਵੇਦਨਾ ਦੀਆਂ ਤਰੰਗਾਂ ਮੈਨੂੰ ਹਲੂਣ ਰਹੀਆਂ ਸਨ।
“ਇਨ੍ਹਾਂ ਗਿਰਝਾਂ ਨੂੰ ਬੇਪਰਦ ਕਰਨ ਦੀ ਸਖਤ ਲੋੜ ਹੈ ਤੇ ਇਹ ਕਾਰਜ ਵੀ ਸਿੱਖ ਭਾਈਚਾਰੇ ਦੇ ਅੰਦਰੋਂ ਹੋਵੇ ਤਾਂ ਉਸ ਦਾ ਅਸਰ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਹੋਵੇਗਾ।…ਤੇ ਇਹ ਗਿਰਝਾਂ ਕੇਵਲ ਸਿੱਖੀ ਬਾਣੇ ਵਾਲੀਆਂ ਈ ਨਹੀਂ, ਹੋਰ ਵੀ ਹਨ।” ਮੈਂ ਕਿਹਾ।
“ਠੀਕ ਐ ਤੁਹਾਡੀ ਗੱਲ। ਮੈਂ ਤਾਂ ਜਿੱਥੇ ਵੀ ਮੌਕਾ ਮਿਲੇ ਇਨ੍ਹਾਂ ਗਿਰਝਾਂ ਖਿਲਾਫ ਨਫੇ-ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾ ਖੁੱਲ੍ਹ ਕੇ ਬੋਲਦਾ ਹਾਂ, ਤੁਸੀਂ ਵੀ ਕਲਮਾਂ ਵਾਲੇ ਓ, ਤੁਹਾਡਾ ਵੀ ਕੋਈ ਫਰਜ਼ ਬਣਦਾ ਹੈ ਕਿ ਨਹੀਂ?” ਜਰਨੈਲ ਸਿੰਘ ਨੇ ਸੁਆਲ ਕਰਕੇ ਮੇਰੇ ਵੱਲ ਗਹੁ ਨਾਲ ਦੇਖਿਆ।
“ਵੱਡਾ ਭਰਾ ਹੋਵੇ ਗੁਰੂ ਦੇ ਜਰਨੈਲ ਦਾ ਤੇ ਫਰਜ਼ ਤੋਂ ਮੂੰਹ ਮੋੜ ਜਾਵੇ, ਇਹ ਕਿਵੇਂ ਹੋ ਸਕਦੈ!” ਆਪਣੇ ਜੁਆਬ ਨਾਲ ਜਰਨੈਲ ਸਿੰਘ ਦੇ ਚਿਹਰੇ ਤੋਂ ਤਸੱਲੀ ਦੇ ਭਾਵ ਮੈਂ ਸਾਫ ਪੜ੍ਹ ਰਿਹਾ ਸੀ!
ਅੱਗੇ ਬਹੁਤ ਤਿੱਖੀ ਢਲਾਣ ਸੀ। ਜਰਨੈਲ ਸਿੰਘ ਮੈਨੂੰ ਦੱਸ ਰਿਹਾ ਸੀ ਕਿ ਇੰਜਣ-ਬ੍ਰੇਕ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ, ਮੈਨੂਅਲ ਗੀਅਰਦੀ ਵਰਤੋਂ ਕਦੋਂ ਕਰਨੀ ਹੈ! ਮੈਂ ਉਸ ਦੀ ਸਲਾਹ ‘ਤੇ ਅਮਲ ਕਰਦਿਆਂ ਟਰੱਕ ਚਲਾ ਰਿਹਾ ਸੀ ਤੇ ਨਾਲੋ ਨਾਲ ਸੋਚ ਰਿਹਾ ਸੀ ਕਿ ਸਾਡਾ ਭਾਈਚਾਰਾ ਢਲਾਣ ਵੱਲ ਜਾ ਰਹੇ ਆਪਣੇ ਟਰੱਕ ਦੀਆਂ ਇੰਜਣ-ਬ੍ਰੇਕਾਂ ਦੀ ਸੁਯੋਗ ਵਰਤੋਂ ਕਦੋਂ ਕਰੇਗਾ?…ਗਿਰਝਾਂ ਨੂੰ ਸ਼ੱਰੇਆਮ ਬੇਪਰਦ ਕਰਨ ਦੀ ਹਿੰਮਤ ਕਦ ਜੁਟਾਵੇਗਾ? ਘੁੱਗੀਆਂ ਨੂੰ ਗਿਰਝਾਂ ਦੇ ਪੰਜਿਆਂ ‘ਚੋਂ ਬਚ ਨਿਕਲਣ ਦਾ ਵੱਲ ਕਦ ਆਵੇਗਾ?