ਗੁਰੂ ਸਾਹਿਬਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਪ੍ਰਭਾਵਤ ਸੀ ਚੀ ਗੁਵੇਰਾ

ਮਾਸਟਰ ਦਇਆ ਸਿੰਘ ਸੰਧੂ
ਪੜ੍ਹਾਈ ਅਤੇ ਟ੍ਰੇਨਿੰਗ ਪੂਰੀ ਕਰਨ ਉਪਰੰਤ ਚਾਰ ਕੁ ਹਫਤੇ ਪਿਛੋਂ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ, ਪਰ ਮਿਲੀ ਦੂਜੇ ਜਿਲੇ ਵਿਚ, ਜੋ ਮਾਲਵੇ ਨਾਲ ਸਬੰਧਤ ਸੀ। ਸੋ, ਘਰੋਂ ਬਾਹਰ ਹੀ ਰਹਿਣਾ ਪੈਂਦਾ ਸੀ, ਕਿਉਂਕਿ ਸੜਕਾਂ ਕੱਚੀਆਂ ਹੋਣ ਕਾਰਨ ਆਉਣਾ-ਜਾਣਾ ਔਖਾ ਸੀ। ਸਰਕਾਰੀ ਡਿਊਟੀ ਦੇ ਨਾਲ-ਨਾਲ ਖੱਬਾ ਸਾਹਿਤ ਪੜ੍ਹਿਆ ਹੋਣ ਕਰਕੇ ਅਧਿਆਪਕ ਜਥੇਬੰਦੀਆਂ ਵਿਚ ਮੂਹਰਲੀਆਂ ਕਤਾਰਾਂ ਵਿਚ ਭਾਗ ਲੈਣ ਲੱਗਾ। ਉਸ ਸਮੇਂ ਸੰਸਾਰ ਪ੍ਰਸਿੱਧ ਕ੍ਰਾਂਤੀਕਾਰੀ ਨੌਜਵਾਨ ਚੀ ਗੁਵੇਰਾ ਲਹੂ ਵੀਟਵਾਂ ਸੰਘਰਸ਼ ਕਰਦਾ ਸ਼ਹੀਦੀ ਪ੍ਰਾਪਤ ਕਰ ਚੁਕਾ ਸੀ। ਨੌਜਵਾਨਾਂ ਦਾ ਆਈਕੌਨ ਹੀਰੋ ਸੀ ਉਹ, ਜਿਸ ਦੇ ਨਾਂ ਉਕਰੇ ਦੀਆਂ ਫੋਟੋਆਂ ਲੱਗੀਆਂ ਟੀ-ਸ਼ਰਟਾਂ ਨੌਜਵਾਨ ਪਹਿਨਦੇ ਸਨ। ਬੜਾ ਫਖਰ ਮਹਿਸੂਸ ਕਰਦੇ ਸਨ।

ਉਦੋਂ ਤਾਂ ਨਹੀਂ, ਪਰ ਹੁਣ ਜਦੋਂ ਜ਼ਿੰਦਗੀ ਦੀ ਸ਼ਾਮ ਹੋ ਗਈ ਤਾਂ ਉਸ ਦਾ ਦੇਸ਼ ਕਿਊਬਾ ਵੇਖਣ ਦਾ ਉਤਸ਼ਾਹ ਪੈਦਾ ਹੋਇਆ। ਥੋੜ੍ਹੀ ਜਿਹੀ ਕੋਸ਼ਿਸ਼ ਕਰਨ ‘ਤੇ ਉਸ ਦੇਸ਼ ਜਾਣ ਦਾ ਗਰੁੱਪ ਟੂਰਿਸਟ ਵੀਜ਼ਾ ਮਿਲ ਗਿਆ। ਕਿਊਬਾ ਟਾਪੂਨੁਮਾ ਦੇਸ਼, ਜਿਸ ਦਾ ਖੇਤਰਫਲ ਲਗਪਗ 110 ਵਰਗ ਕਿਲੋਮੀਟਰ ਹੈ ਅਤੇ ਆਬਾਦੀ ਇਕ ਕਰੋੜ, ਸਤਾਰਾਂ ਲੱਖ; ਜੋ ਉਤਰੀ ਅਮਰੀਕਾ ਮਹਾਦੀਪ ਅਤੇ ਦੱਖਣੀ ਅਮਰੀਕਾ ਮਹਾਂਦੀਪ ਦੇ ਵਿਚਕਾਰ ਹੈ, ਜਿਸ ਦੇ ਚਾਰੇ ਪਾਸੇ ਸਮੁੰਦਰ ਹੈ, ਇਕ ਬੱਤਖ ਦੀ ਧੌਣ ਵਰਗਾ ਲੰਬੂਤਰਾ ਜਿਹਾ ਟਾਪੂ (ਦੇਸ਼) ਹੈ ਅਤੇ ਦਿੱਲੀ ਤੋਂ ਉਸ ਦਾ ਰਾਜਧਾਨੀ ਵਾਲਾ ਸ਼ਹਿਰ ਹਵਾਨਾ ਕਰੀਬ 14,000 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਹ ਦੇਸ਼ ਗੰਨੇ ਦੀ ਭਰਪੂਰ ਫਸਲ ਪੈਦਾ ਕਰਦਾ ਹੈ। ਦੁਨੀਆਂ ਭਰ ਦਾ ਮਹਿੰਗਾ ਪੌਦਾ ਇਸ ਧਰਤੀ ‘ਤੇ ਪੈਦਾ ਹੁੰਦਾ ਹੈ, ਜਿਸ ਤੋਂ ਸਿਗਾਰ ਬਣਦੀ ਹੈ, ਜਿਸ ਨੂੰ ਅਮੀਰ, ਬਹੁਤ ਅਮੀਰ ਕਸ਼ ਖਿੱਚ ਕੇ ਲੈਂਦੇ ਹਨ। ਇਸ ਦੇ ਇਕ ਪੀਸ ਦੀ ਕੀਮਤ ਚਾਲੀ ਤੋਂ ਪੰਜਾਹ ਅਮਰੀਕੀ ਡਾਲਰ ਹੈ।
ਜਦ ਸਾਡੇ ਟੂਰਿਸਟ ਗਰੁੱਪ ਦਾ ਉਤਾਰਾ ਹਵਾਨਾ ਸਿਟੀ ਹੋਇਆ ਤਾਂ ਮਨ ਵਿਚ ਹਵਾਨਾ ਸਿਟੀ ਵੇਖਣ ਦੀ ਜੋ ਇੱਛਾ ਸੀ, ਪੂਰੀ ਹੋ ਗਈ। ਇਹ ਜਰਖੇਜ਼ ਧਰਤੀ ਵਾਲਾ ਦੇਸ਼ ਪਹਿਲਾਂ ਪਹਿਲ ਸ਼ਪੈਨਿਸ ਕਾਲੋਨੀ ਸੀ। ਉਨ੍ਹਾਂ ਇਸ ਦੀ ਖੂਬ ਲੁੱਟ ਕੀਤੀ। ਉਸ ਤੋਂ ਬਾਅਦ 1898 ਈਸਵੀ ਤੋਂ ਇਥੇ ਅਮਰੀਕਾ ਦੀ ਕਠਪੁਤਲੀ ਹਕੂਮਤ ਸੀ, ਜੋ 1959 ਈਸਵੀ ਤੱਕ ਰਹੀ। ਅਮਰੀਕਾ ਨੇ ਵੀ ਇਹਨੂੰ ਰੱਜ ਕੇ ਲੁੱਟਿਆ, ਪਰ ਅਮੀਰਾਂ ਦੇ ਐਸ਼ ਕਰਨ ਲਈ ਹਵਾਨਾ ਵਿਚ ਐਸ਼ੋ-ਇਸ਼ਰਤ ਦੇ ਅੱਡੇ ਖੋਲ੍ਹੇ ਅਤੇ ਹਜ਼ਾਰਾਂ ਕੈਸੀਨੋ ਘਰ। ਦੁਨੀਆਂ ਭਰ ਦੇ ਅਮੀਰ ਲੋਕਾਂ ਲਈ ਸੈਰਗਾਹ ਬਣ ਗਿਆ ਸੀ, ਪਰ ਮੇਰਾ ਮਕਸਦ ਸੀ ਚੀ ਗੁਵੇਰਾ ਨਾਲ ਜੁੜੇ ਭਾਵਨਾਤਮਕ ਲੋਕਾਂ ਨਾਲ ਮਿਲਣਾ ਅਤੇ ਚੀ ਗੁਵੇਰਾ ਨਾਲ ਉਸ ਦੇਸ਼ ਦੇ ਲੋਕ ਕਿੰਨਾ ਕੁ ਪਿਆਰ ਕਰਦੇ ਹਨ, ਇਹ ਅਨੁਭਵ ਕਰਨਾ।
ਆਪਣੇ ਗਰੁੱਪ ਨੂੰ ਛੱਡ ਆਪਣੇ ਬੌਸ ਤੋਂ ਇਜਾਜ਼ਤ ਲੈ ਤੁਰ ਪਿਆ ਆਪਣੀ ਮੰਜ਼ਿਲ ਵੱਲ। ਸਵੇਰੇ-ਸਵੇਰੇ ਸ਼ਾਮ ਨੂੰ ਪਰਤ ਆਉਣ ਦਾ ਵਾਅਦਾ ਕਰਕੇ। ਇਤਫਾਕਨ ਜੋ ਵਿਅਕਤੀ ਮੈਂ ਭਾਲਿਆ, ਉਸ ਨੇ ਮੇਰੀ ਖਾਹਿਸ਼ ਪੂਰੀ ਕਰ ਦਿੱਤੀ, 8-9 ਘੰਟੇ ਦੀ ਸੰਗਤ ਕਰਕੇ। ਉਸ ਪੜ੍ਹੇ-ਲਿਖੇ ਸੋਹਣੇ ਸੁਨੱਖੇ 40-45 ਸਾਲ ਦੇ ਪ੍ਰੋਫੈਸਰ ਨਾਲ ਮੇਰਾ ਮੇਲ ਹੋ ਗਿਆ-ਨਾਂ ਸੀ ਪ੍ਰੋ. ਇਵਾਨ ਪੈਡਰੋਸੋ। ਬੜਾ ਹੀ ਮਿਲਣਸਾਰ, ਜੋ ਹਵਾਨਾ ਯੂਨੀਵਰਸਿਟੀ ਡਿਊਟੀ ਕਰਦਾ ਸੀ ਅਤੇ ਇਤਿਹਾਸ ਦਾ ਇਕ ਕ੍ਰਾਂਤੀਕਾਰੀ ਪ੍ਰੋਫੈਸਰ ਸੀ। ਉਸ ਨੇ ਮੈਨੂੰ ਯੂਨੀਵਰਸਿਟੀ ਘੁਮਾਇਆ। ਯੂਨੀਵਰਸਿਟੀ ਵਿਚ ਨੌਜਵਾਨ ਲੜਕੇ-ਲੜਕੀਆਂ ਨੇ ਚੀ ਗੁਵੇਰਾ ਦੀਆਂ ਫੋਟੋਆਂ ਲੱਗੀਆਂ ਟੀ-ਸ਼ਰਟਾਂ ਪਾਈਆਂ ਹੋਈਆ ਸਨ। ਯੂਨੀਵਰਸਿਟੀ ਘੁਮਾਉਣ ਪਿਛੋਂ ਉਹ ਪ੍ਰੋਫੈਸਰ ਮੈਨੂੰ ਯੂਨੀਵਰਸਿਟੀ ਵਿਚ ਮਿਲੇ ਹੋਸਟਲ ਵਾਲੇ ਆਪਣੇ ਘਰ ਲੈ ਗਿਆ। ਉਸ ਦੇ ਇਕ ਰੂਮ ਵਿਚ ਸਾਰੀਆਂ ਕੰਧਾਂ ਉਪਰ ਬਹੁਤ ਹੀ ਜ਼ਿਆਦਾ ਕ੍ਰਾਂਤੀਕਾਰੀਆਂ ਭਾਵ ਇਨਕਲਾਬੀ ਆਗੂਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ।
ਮੇਰਾ ਫੋਟੋ ਵੇਖਦਿਆਂ-ਵੇਖਦਿਆਂ ਇਕਦਮ ਧਿਆਨ ਪਿਆ ਤਿੰਨ ਫੋਟੋਆਂ ਉਤੇ-ਗੁਰੂ ਗੋਬਿੰਦ ਸਿੰਘ, ਗੁਰੂ ਹਰਿਗੋਬਿੰਦ ਸਾਹਿਬ ਤੇ ਬਾਬਾ ਬੰਦਾ ਸਿੰਘ ਬਹਾਦਰ। ਇਸ ਤੋਂ ਇਲਾਵਾ ਜੋ ਹੋਰ ਫੋਟੋਆਂ ਸਨ, ਉਨ੍ਹਾਂ ਦੀ ਗਿਣਤੀ 800 ਤੋਂ ਉਪਰ ਹੋਵੇਗੀ। ਮੈਂ ਉਸ ਨੂੰ ਬੁਲਾ ਕੇ ਕਿਹਾ, ਸਰ ਇਨ੍ਹਾਂ ਤਿੰਨਾਂ ਇਨਕਲਾਬੀਆਂ ਬਾਰੇ ਕੁਝ ਜਾਣਕਾਰੀ ਦਿਉ। ਉਹ ਮੁਸਕਰਾ ਕੇ ਕਹਿਣ ਲੱਗਾ, ਸਰ! ਸਗੋਂ ਤੁਸੀਂ ਦੱਸੋ ਕੁਝ ਮੈਨੂੰ। ਮੈਂ ਆਖਿਆ ‘ਨਹੀਂ! ਮੈਂ ਤੁਹਾਡੇ ਤੋਂ ਹੀ ਸੁਣਨਾ ਹੈ’ ਤਾਂ ਉਸ ਨੇ ਜੋ ਮੈਨੂੰ ਆਪਣੇ ਮੂੰਹੋਂ ਜਾਣਕਾਰੀ ਦਿੱਤੀ, ਸੁਣ ਕੇ ਮੈਂ ਹੈਰਾਨ ਵੀ ਹੋਇਆ ਤੇ ਖੁਸ਼ ਵੀ।
ਇਵਾਨ ਪਹਿਲੀ ਫੋਟੋ ‘ਤੇ ਹੱਥ ਰੱਖ ਕੇ ਕਹਿਣ ਲੱਗਾ ਕਿ ਇਹ ਤੁਹਾਡੇ ਵਡੇਰੇ ਆਗੂਆਂ ਦੀ ਲੜੀ ਵਿਚੋਂ ਛੇਵੀਂ ਥਾਂ ਰੱਖਦੇ ਨੇ, ਪਰ ਸਾਡੀ ਨਜ਼ਰ ਵਿਚ ਇਹ ਤੁਹਾਡੇ ਪਹਿਲੇ ਕ੍ਰਾਂਤੀਕਾਰੀ ਹੋਏ ਨੇ, ਜਿਨ੍ਹਾਂ ਆਪਣੀ ਮੁੱਠੀ ਵਿਚ ਤਲਵਾਰ ਲਈ ਤੇ ਹੱਕ ਸੱਚ ਦੇ ਯੁੱਧ ਲੜੇ। ਉਸ ਵਕਤ ਦੀ ਜ਼ਾਲਮ ਹਕੂਮਤ ਨੇ ਤੁਹਾਡੇ ਖਿੱਤੇ ਵਿਚ ਘੋੜੇ ‘ਤੇ ਚੜ੍ਹਨ ‘ਤੇ ਪਾਬੰਦੀ ਲਾ ਰੱਖੀ ਸੀ। ਤਲਵਾਰ ਰੱਖਣ ‘ਤੇ ਪਾਬੰਦੀ, ਪੱਗ ਸਜਾਉਣ ‘ਤੇ ਪਾਬੰਦੀ, ਉਪਰ ਕਲਗੀ (ਤਾਜ) ‘ਤੇ ਪਾਬੰਦੀ; ਵਿਆਹ ਕਰਵਾਉਣ ਤੇ ਡੋਲੇ (ਪਤਨੀਆਂ) ਲੁੱਟ ਲੈਣੇ। ਤੁਹਾਡੇ ਇਸ ਕ੍ਰਾਂਤੀਕਾਰੀ ਨੇ ਘੋੜੇ ਦੀ ਸਵਾਰੀ ਕੀਤੀ, ਤਲਵਾਰ ਉਠਾਈ, ਦਸਤਾਰ ਸਜਾਈ, ਕਲਗੀ ਸਜਾਈ। ਨਿਡਰ ਹੋ ਕੇ ਇਕ ਤੋਂ ਵੱਧ ਸੁਰੱਖਿਅਤ ਵਿਆਹ ਕਰਵਾਏ। ਜ਼ਾਲਮ ਹਕੂਮਤ ਦੇ ਮੁਕਾਬਲੇ ਤਖਤ ਸਜਾਇਆ, ਜਿਸ ਦਾ ਪਰਚਮ ਝੂਲਦਾ ਮੈਂ ਵੇਖ ਆਇਆ ਹਾਂ। ਇਸ ਕ੍ਰਾਂਤੀਕਾਰੀ ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਜੋ ਨਾਂ ਦਿੱਤਾ, ਉਹ ਹੈ ਸਿੰਘ (ਸ਼ੇਰ)। ਫੋਟੋ ਦੇ ਹੇਠ ਅੰਗਰੇਜ਼ੀ ਵਿਚ ਤੇ ਕਿਊਬੀਅਨ ਭਾਸ਼ਾ ਵਿਚ ਲਿਖਿਆ ਸੀ, ‘ਸ਼ੇਰ ਕਦੀ ਨਾ ਜਿਉਂਦੇ ਨੱਕ ਨੱਥ ਪੁਵਾ ਕੇ।’ ਇਸ ਨੇ ਤੁਹਾਡੇ ਲੋਕਾਂ ਵਿਚ ਅਜਿਹੀ ਸਪਿਰਟ ਭਰੀ, ਜਿਸ ਨੂੰ ਤੁਸੀਂ ਲੋਕ ਅੰਮ੍ਰਿਤ ਛਕਣਾ ਕਹਿੰਦੇ ਹੋ; ਕਿ ਇਕ-ਇਕ ਨੇ ਕਈ-ਕਈ ਲੋਕਾਂ ਦਾ ਮੁਕਾਬਲਾ ਕੀਤਾ। ਜਿਸ ਨੂੰ ਇਨ੍ਹਾਂ ‘ਸਵਾ ਲਾਖ ਸੇ ਏਕ ਲੜਾਊਂ’ ਕਿਹਾ। ਇਸ ਕ੍ਰਾਂਤੀਕਾਰੀ ਦੀ ਮਿਸਾਲ ਪੂਰੀ ਦੁਨੀਆਂ ਵਿਚ ਕਿਧਰੇ ਨਹੀਂ ਮਿਲਦੀ, ਇਸ ਦੀ ਭਰੀ ਸਪਿਰਟ ਕਰਕੇ ਤੁਸੀਂ ਦੁਨੀਆਂ ਭਰ ਵਿਚ ਯੋਧੇ ਮੰਨੇ ਜਾਂਦੇ ਹੋ।
ਫਿਰ ਹੋਰ ਕਹਿਣ ਲੱਗਾ, ਪਰ ਸਰਦਾਰ ਜੀ ਇਕ ਗੱਲ ਕਹਾਂ, ਬੁਰਾ ਨਾ ਮਨਾਇਓ, ਤੁਸੀਂ ਲੜਦੇ ਮਰਦੇ ਕਿਸੇ ਹੋਰ ਦੀ ਖਾਤਰ ਹੋ। ਪਹਿਲਾਂ ਤੁਹਾਨੂੰ ਗੋਰੇ ਲੁਟੇਰੇ ਵਰਤ ਗਏ, ਹੁਣ ਕਾਲੇ ਲੁਟੇਰੇ ਵਰਤ ਰਹੇ ਹਨ।
ਤੀਜੇ ਕ੍ਰਾਂਤੀਕਾਰੀ ਬੰਦਾ ਸਿੰਘ ਬਹਾਦਰ ਨਾਲ ਸਾਡਾ ਰਿਸ਼ਤਾ ਵੀ ਹੈ ਤੇ ਪਿਆਰ ਵੀ। ਸਾਡਾ ਚੀ ਗੁਵੇਰਾ ਇਸ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਹੋਇਆ ਸੀ। ਜਿਵੇਂ ਇਸ ਕ੍ਰਾਂਤੀਕਾਰੀ ਨੇ ਰਾਜ ਪ੍ਰਾਪਤ ਕਰ ਕੇ ਵੱਡੇ-ਵੱਡੇ ਫਿਊਡਲਾਂ ਭਾਵ ਜ਼ਿਮੀਂਦਾਰਾਂ ਤੋਂ, ਜੋ ਹਜ਼ਾਰਾਂ ਏਕੜਾਂ ਦੇ ਮਾਲਕ ਸਨ, ਜ਼ਮੀਨ ਖੋਹ ਕੇ ਵਾਹੀਕਾਰਾਂ ਵਿਚ ਵੰਡ ਦਿੱਤੀ ਸੀ, ਉਸੇ ਤਰ੍ਹਾਂ ਸਾਡੇ ਮਹਿਬੂਬ ਨੇਤਾ ਚੀ ਗੁਵੇਰਾ ਨੇ ਵੱਡੇ-ਵੱਡੇ ਜ਼ਿਮੀਂਦਾਰਾਂ ਤੋਂ ਜ਼ਮੀਨ ਖੋਹ ਕੇ ਗਰੀਬਾਂ ਵਿਚ ਵੰਡ ਦਿੱਤੀ ਸੀ ਅਤੇ ਉਨ੍ਹਾਂ ਨੂੰ ਦੰਡਿਤ ਕੀਤਾ ਸੀ; ਇਹ ਘਟਨਾ 1959 ਈਸਵੀ ਦੀ ਹੈ। ਚੀ ਗੁਵੇਰਾ ਵਲੋਂ ਸ਼ੁਰੂ ਕੀਤੀਆਂ ਨੀਤੀਆਂ, ਜੋ ਗਰੀਬ ਪੱਖੀ ਹਨ, ਅੱਜ ਤੱਕ ਵੀ ਲਾਗੂ ਹਨ।
ਚੀ ਗੁਵੇਰਾ ਹੋਰ ਦੇਸ਼ ਅਰਜਨਟੀਨਾ ਵਿਚ ਪੈਦਾ ਹੋਇਆ, ਗਰੀਬਾਂ ਦੀ ਹਾਲਤ ਜਾਣਨ ਲਈ ਉਸ ਨੇ ਦੱਖਣੀ ਅਮਰੀਕਾ ਦਾ ਮੋਟਰ ਸਾਈਕਲ ‘ਤੇ ਦੋ ਵਾਰ ਦੌਰਾ ਕੀਤਾ। ਪਹਿਲਾ 8000 ਕਿਲੋਮੀਟਰ, ਦੂਜਾ 45,000 ਕਿਲੋਮੀਟਰ ਅਤੇ ਉਨ੍ਹਾਂ ਦੀ ਹਾਲਤ ਬਾਰੇ ਇਕ ਕਿਤਾਬ ਲਿਖੀ, ਜੋ ਮੋਟਰਸਾਈਕਲ ਡਾਇਰੀ ਕਰਕੇ ਪ੍ਰਸਿੱਧ ਹੈ। ਹੈਰਾਨੀ ਦੀ ਗੱਲ ਇਹ ਕਿ ਇਹ ਕਿਤਾਬ ਦੁਨੀਆਂ ਭਰ ਵਿਚ ਸਭ ਤੋਂ ਵੱਧ ਵਿਕੀ। 1945 ਈਸਵੀ ਤੋਂ ਸ਼ੁਰੂ ਕਰਕੇ 1959 ਈਸਵੀ ਤੱਕ 14 ਸਾਲ ਫਿਦਲ ਕਾਸਟਰੋ ਦੇ ਨਾਲ ਮੋਢੇ ਨਾਲ ਮੋਢਾ ਜੋੜ ਲਹੂ ਵੀਟਵਾਂ ਸੰਘਰਸ਼ ਕੀਤਾ। ਉਦੋਂ ਸਾਡਾ ਦੇਸ਼ ਅਮਰੀਕਾ ਦੀ ਇਕ ਬਸਤੀ ਸੀ, ਉਦੋਂ ਫਲੰਜਸੀਓ ਬੀਟਿਸਟਾ ਡਿਕਟੇਟਰ ਦੀ ਹਕੂਮਤ ਸੀ, ਜਿਸ ਨੇ ਸਾਡੇ ਦੇਸ਼ ਉਪਰ ਬਹੁਤ ਜ਼ੁਲਮ ਕੀਤਾ ਸੀ। ਜਦ ਬੀਟਿਸਟਾ ਦਾ ਤਖਤਾ ਪਲਟ ਕੇ ਸਾਡੀ ਆਪਣੀ ਹਕੂਮਤ ਬਣੀ ਤਾਂ ਕਾਸਟਰੋ ਤੋਂ ਬਾਅਦ ਦੂਜੀ ਪੁਜੀਸ਼ਨ ਸੀ, ਚੀ ਗੁਵੇਰਾ ਦੀ-ਫੌਜ ਮੁਖੀ, ਖਜਾਨਾ ਮੰਤਰੀ, ਜ਼ਮੀਨੀ ਸੁਧਾਰ ਮੰਤਰੀ। ਪਰ ਗੁਵੇਰਾ ਸੱਤਾ ਮਾਣਨ ਲਈ ਨਹੀਂ ਸੀ ਬਣਿਆ। ਸਗੋਂ ਇਹ ਤਾਂ ਸਾਰੀ ਦੁਨੀਆਂ ਵਿਚ ਇਨਕਲਾਬ ਲਿਆਉਣਾ ਚਾਹੁੰਦਾ ਸੀ। ਇਹ ਅਫਰੀਕਾ ਮਹਾਦੀਪ ਦੇ ਬਹੁਤ ਦੇਸ਼ਾਂ ਵਿਚ ਘੁੰਮਿਆ। ਇਹ ਭਾਰਤ, ਪਾਕਿਸਤਾਨ, ਇੰਡੋਨੇਸ਼ੀਆ ਵਿਚ ਵੀ ਘੁੰਮਿਆ। ਦੱਖਣੀ ਅਮਰੀਕਾ ਮਹਾਦੀਪ ਵਿਚ ਇਨਕਲਾਬ ਕਰਨ ਲਈ 14 ਦੇ 14 ਦੇਸ਼ ਘੁੰਮੇ; ਬੋਲੀਵੀਆ ਦੇਸ਼ ਵਿਚ ਲੋਕਾਂ ਦਾ ਸਾਥ ਦਿੰਦਾ ਦਿੰਦਾ ਅਥਵਾ ਇਨਕਲਾਬ ਕਰਦਾ ਅਮਰੀਕਾ ਦੇ 1400 ਸੈਨਿਕਾਂ ਵਲੋਂ ਫੜਿਆ ਗਿਆ, ਕਿਉਂਕਿ ਅਮਰੀਕਾ ਇਸ ਦਾ 1945 ਈਸਵੀ ਤੋਂ 1967 ਤੱਕ 22 ਸਾਲ ਤੋਂ ਪਿੱਛਾ ਕਰ ਰਿਹਾ ਸੀ। ਜਿਵੇਂ ਤੁਹਾਡਾ ਕ੍ਰਾਂਤੀਕਾਰੀ ਬੰਦਾ ਸਿੰਘ ਬਹਾਦਰ ਜੰਮੂ ਕਸ਼ਮੀਰ ਵਿਚ ਪੈਦਾ ਹੋਇਆ, ਸਾਰਾ ਭਾਰਤ ਘੁੰਮਿਆ, ਉਤਰੀ ਭਾਰਤ ਵਿਚ ਯੁੱਧ ਕਰਕੇ ਸਿੱਖ ਰਾਜ ਸਥਾਪਿਤ ਕੀਤਾ, ਪਰ ਜ਼ਾਲਮ ਹਕੂਮਤ ਦੇ ਲੱਖਾਂ ਸੈਨਿਕਾਂ ਨੇ ਘੇਰੇ ਪਾ-ਪਾ ਉਹਨੂੰ ਫੜਿਆ ਅਤੇ ਦਿੱਲੀ ਵਿਚ ਕਈ ਸਿੰਘਾਂ ਸਮੇਤ ਤਸੀਹੇ ਦੇ-ਦੇ ਕੇ ਸ਼ਹੀਦ ਕੀਤਾ। ਇਸੇ ਤਰ੍ਹਾਂ ਚੀ ਗੁਵੇਰਾ ਨੂੰ ਬੋਲੀਵੀਆ ਵਿਚ ਜ਼ਾਲਮ ਹਕੂਮਤ ਦੀ ਫੌਜ ਨੇ ਫੜ, ਤਸੀਹੇ ਦੇ-ਦੇ ਕੇ ਸ਼ਹੀਦ ਕੀਤਾ।
ਸਰਦਾਰ ਜੀ! ਤੁਸੀਂ ਚੀ ਗੁਵੇਰਾ ਨੂੰ ਲੱਭਣ ਕਿੰਨੀ ਦੂਰ ਆਏ ਹੋ, ਤੁਹਾਡਾ ਚੀ ਗੁਵੇਰਾ ਤਾਂ ਤੁਹਾਡੇ ਕੋਲ ਹੀ ਹਾਜ਼ਰ-ਨਾਜ਼ਰ ਹੈ। ਬਾਬਾ ਬੰਦਾ ਸਿੰਘ ਬਹਾਦਰ। ਸਾਡਾ ਚੀ ਗੁਵੇਰਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਹੁਤ ਪ੍ਰਭਾਵਤ ਸੀ। ਸੋ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ, ਬੰਦਾ ਸਿੰਘ ਬਹਾਦਰ ਬਾਰੇ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਤੁਹਾਡੇ ਕਾਲਜਾਂ ਵਿਚ ਬੰਦਾ ਬਹਾਦਰ ਇਕ ਸਬਜੈਕਟ (ਵਿਸ਼ਾ) ਹੋਵੇ। ਆਓ! ਹੁਣ ਇਕ ਵਾਰ ਬੰਦਾ ਸਿੰਘ ਬਹਾਦਰ ਅਤੇ ਚੀ ਗੁਵੇਰਾ ਨੂੰ ਇਕੱਠੇ ਨਤਮਸਤਕ ਹੋਈਏ।