ਉਡਦੀ ਧੂੜ ‘ਚ ਗਵਾਚ ਰਹੀਆਂ ਪੁਰਾਣੀਆਂ ਯਾਦਾਂ

ਬਲਜੀਤ ਖਾਨ
ਪਤਾ ਨਹੀਂ ਦੁਪਹਿਰੇ ਬਾਤਾਂ ਪਾਉਣ ਨਾਲ ਰਾਹੀ ਰਾਹ ਕਿਉਂ ਭੁੱਲ ਜਾਂਦੇ ਸਨ! “ਕੰਨ ਬੋਲੇ ਹੋ ਜਾਣਗੇ,” ਕਹਿ ਕੇ ਕਿੱਕਰ ਦੇ ਤੁੱਕੇ ਖਾਣ ਤੋਂ ਵਰਜਿਆ ਕਿਉਂ ਜਾਂਦਾ ਸੀ!
ਮੋਰ ਤੋਂ ਉਹਦੇ ਸੋਹਣੇ ਪੈਰ ਕਿਸੇ ਹੋਰ ਪੰਛੀ ਸ਼ਾਇਦ ਗਟਾਰ ਨੇ ਵਾਂਡੇ ਜਾਣ ਲਈ ਉਧਾਰੇ ਲਏ ਸਨ, ਪਰ ਮਗਰੋਂ ਮੋੜੇ ਨਹੀਂ ਸਨ ਤੇ ਮੋਰ ਆਪਣੇ ਕਰੂਪ ਪੈਰਾਂ ਨੂੰ ਦੇਖ-ਦੇਖ ਰੋਂਦਾ ਸੀ।
ਕਹਿੰਦੇ ਸਨ, ਬਿੱਲੀ ਸ਼ੇਰ ਦੀ ਮਾਸੀ ਏ। ਮਾਸੀ ਨੇ ਭਾਣਜੇ ਨੂੰ ਹੋਰ ਸਾਰੇ ਗੁਰ ਤਾਂ ਸਿਖਾ ਦਿੱਤੇ ਸਨ, ਪਰ ਛਾਲ ਮਾਰ ਕੇ ਦਰਖਤ ‘ਤੇ ਚੜ੍ਹਨ ਦਾ ਗੁਰ ਨਹੀਂ ਸਿਖਾਇਆ ਸੀ। ਕਾਟੋ ਦੇ ਸਿਰ ਵਿਚ ਕਹਿੰਦੇ ਹੁੰਦੇ ਸੀ, ਅਠਿਆਨੀ ਹੁੰਦੀ ਏ; ਪਰ ਕਾਟੋ ਨੂੰ ਮਾਰਦਾ ਕੋਈ ਨਹੀਂ ਸੀ।

ਸਾਉਣ ਮਹੀਨੇ ਮੀਂਹ ਪੈਣੇ, ਬਿਜਲੀ ਗੜ੍ਹਕਣੀ ਤਾਂ ਬੁੜ੍ਹੀਆਂ ਨੇ ਕਾਲੇ ਕੱਪੜੇ ਪਾ ਕੇ ਬਾਹਰ ਜਾਣ ਅਤੇ ਮਾਮੇ-ਭਾਣਜੇ ਨੂੰ ਇਕੱਠੇ ਹੋਣ ਤੋਂ ਰੋਕਣਾ। ਸ੍ਰੀ ਕ੍ਰਿਸ਼ਨ ਤੇ ਰਾਜੇ ਕੰਸ ਦਾ ਹਵਾਲਾ ਦੇ ਕੇ ‘ਸਮਾਨੀ ਬਿਜਲੀ ਅਤੇ ਮਾਮੇ-ਭਾਣਜੇ ਦੀ ਜੋੜੀ ‘ਚ ਵੈਰ ਦੀਆਂ ਗੱਲਾਂ ਦੱਸਣੀਆਂ।
ਮਾੜੇ ਜਿਹੇ ਛੜਾਕੇ ਤੋਂ ਬਾਅਦ ਮਿੱਟੀਆਂ ਨੇ ਮਹਿਕਣਾ, ਕੁੜੀਆਂ ਨੇ ਕੱਚੇ ਰੋੜ ਲੱਭਦੀਆਂ ਫਿਰਨਾ। ਗੁਲਗਲੇ ਪੱਕਣੇ, ਜਵਾਕਾਂ ਨੇ ਮਾਲਪੂੜੇ ਬਣਾਉਣ ਲਈ ਭੱਜ-ਭੱਜ ਕੇ ਪਿੱਪਲ ਦੇ ਪੱਤੇ ਤੋੜ ਲਿਆਉਣੇ। ਸੱਤਰੰਗੀ ਪੀਂਘ ਦੇਖ ਕੇ ਜਿਸ ਨੂੰ ਬੁਢਾਪੇ ‘ਚ ਵੀ ਚਾਅ ਚੜ੍ਹਦਾ ਏ, ਉਹ ਬੰਦਾ ਜ਼ਰੂਰ ਨਵਾਜ਼ਿਆ ਹੋਇਆ ਏ।
ਦੁੱਧ ਉਦੋਂ ਤੇਰ੍ਹਵਾਂ ਰਤਨ ਅਖਾਉਂਦਾ ਸੀ, ਦੁੱਧ ਤੇ ਪੁੱਤ ਵੇਚਣਾ ਇੱਕ ਸਮਾਨ ਮੰਨਿਆ ਜਾਂਦਾ ਸੀ।
ਗੁਰਦੁਆਰੇ ਜਾਂ ਡੇਰੇ ‘ਚ ਗਜ਼ਾ ਕਰਕੇ ਲਿਆਂਦੀ ਸੱਤ ਭਾਂਤੀ ਦਾਲ-ਸਬਜ਼ੀ ਘਿਉ, ਮਖਣੀ ਨਾਲ ਚੋਂਦੀ ਹੋਣੀ ਤੇ ਉਸੇ ਵਿਚ ਹੀ ਕਿਸੇ ਦਾ ਪਾਇਆ ਦਹੀਂ ਵੱਖਰੇ ਸਵਾਦ ਦਾ ਸਬੱਬ ਬਣਦਾ।
ਜਦੋਂ ਤਾਂਗੇ ਦੀ ਸਵਾਰੀ ਉੱਡਣ-ਖਟੋਲੇ ਤੋਂ ਘੱਟ ਨਹੀਂ ਲੱਗਦੀ ਸੀ, ਹੈਲੀਕਾਪਟਰ ਜਾਂ ਜਹਾਜ ਦੀ ਅਵਾਜ਼ ਸੁਣਨੀ ਤਾਂ ਨਿਗ੍ਹਾ ਅਸਮਾਨ ਵੱਲ ਸੇਧ ਲੈਂਦੇ ਸਾਂ। ਅਸਚਰਜ ਹੋਇਆ ਕਰਦੇ ਸਾਂ ਕੀ ਇਹ ਸੱਚੀਂ ਲੋਹੇ ਦਾ ਪੁਰਜਾ ਆਪਣੇ ਵਿਚ ਬੰਦੇ ਲੱਦ ਉੱਡ ਰਿਹਾ ਏ!
ਬੱਚੇ ਬਿਮਾਰ ਹੋ ਕੇ ਵੀ ਖੁਸ਼ ਹੁੰਦੇ ਸਨ, ਸਕੂਲੋਂ ਛੁੱਟੀ ਦੀ ਗਾਰੰਟੀ ਜੋ ਹੋ ਜਾਂਦੀ ਸੀ। ਅੰਗੂਰਾਂ ਵਾਲੀ ਖੰਡ ਖਾਣ ਲਈ ਜਵਾਕ ਬੁਖਾਰ ਨੂੰ ਵੀ ਖਿੜੇ ਮੱਥੇ ਲਿਆ ਕਰਦੇ ਸਨ, ਬੱਸ ਇੱਕ ਟੀਕੇ ਦਾ ਡਰ ਜ਼ਰੂਰ ਤ੍ਰਾਹ ਕੱਢ ਦਿੰਦਾ ਸੀ। ਬਰੈੱਡ, ਦਲੀਆ, ਖਿਚੜੀ ਬਿਮਾਰਾਂ ਦਾ ਖਾਈਆ ਸਮਝਿਆ ਜਾਂਦਾ ਸੀ।
ਲੀੜਿਆਂ ‘ਚੋਂ ਵਲ ਕੱਢਣ ਲਈ ਸਿਰਹਾਣੇ ਹੇਠ ਤਹਿ ਲਾ ਕੇ ਰੱਖ ਲਏ ਜਾਂਦੇ ਸਨ।
ਸਿਆਲ ਆਉਣ ‘ਤੇ ਪੇਟੀ ‘ਚੋਂ ਕੱਢੀਆਂ ਰਜਾਈਆਂ ਦੀ ਮਹਿਕ ਕੌਣ ਭੁੱਲ ਸਕਦਾ ਏ?
ਗਰੁੱਪ ਫੋਟੋ ਲਈ ਸਾਰੇ ਪਾੜ੍ਹੇ ਪੱਗਾਂ ਬੰਨ੍ਹ ਸਕੂਲ ਜਾਇਆ ਕਰਦੇ ਸਨ।
ਵਿਆਹ ‘ਤੇ ਦਰਜ਼ੀ ਨੇ ਵਿਆਹ ਵਾਲੇ ਘਰੇ ਹੀ ਫੱਟਾ ਡਾਹ ਲੈਣਾ ਅਤੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਦੀਆਂ ਪੁਸ਼ਾਕਾਂ ਸਿਉਂ ਦੇਣੀਆਂ। ਵਿਆਹ ‘ਤੇ ਮੰਜੇ-ਬਿਸਤਰੇ ਇਕੱਠੇ ਕਰਨੇ, ਨੰਬਰ ਲਾਉਣੇ। ਵਿਆਹ ਵਾਲੀ ਕਾਰ ਉੱਤੋਂ ਸੁੱਟੀ ਭਾਨ ਚੁਗਣੀ, ਦੋਵੇਂ ਹੱਥਾਂ ਦਾ ਘੁੱਗੂ ਜਿਹਾ ਬਣਾ ਕੇ ਵਿਚ ਸਿੱਕੇ ਖੜਕਾਉਣੇ।
ਲੋਕ ਕਿੱਕਰ ਜਾਂ ਨਿੰਮ ਦੀ ਦਾਤਣ ਸੁਬ੍ਹਾ ਉੱਠ ਕੇ ਕਰ ਲੈਂਦੇ ਸਨ-ਨਾ ਹਿੰਗ ਲੱਗਦੀ ਸੀ, ਨਾ ਫਟਕੜੀ। ਹਰ ਟੁੱਥਪੇਸਟ ਕੌਲਗੇਟ ਹੋਇਆ ਕਰਦੀ ਸੀ। ਜਦੋਂ ਨਵੀਂ ਪੇਸਟ ਪੈਪਸੂਡੈਂਟ ਆਈ ਤਾਂ ਭੋਲੇ ਲੋਕ ਆਖਦੇ, ਨਵੀਂ ਕੌਲਗੇਟ ਆਈ ਏ। ਸਪੈਦੇ ਦੇ ਪੱਤੇ ਚੱਬ ਕੇ ਮੂੰਹ ਤਾਜ਼ਾ ਹੋ ਜਾਂਦਾ ਸੀ।
ਸ਼ਿਕਾਕਾਈ ਸਾਬਣ ਨਾਲ ਕੇਸੀਂ ਨਹਾਉਣ ਵਾਲੀ ਸੁਆਣੀ ਹਾਈ ਸਟੇਟਸ ਵਾਲੀ ਮੰਨੀ ਜਾਂਦੀ ਸੀ, ਨਹੀਂ ਤਾਂ ਮੇਰੇ-ਤੇਰੇ ਅਰਗੇ ਮਹਾਤੜ ਤਾਂ ਲੀੜਿਆਂ ਆਲੇ ਸਾਬਣ ਨਾਲ ਈ ਨਹਾ ਲਿਆ ਕਰਦੇ ਸੀ। ਲੱਕੜ ਦੇ ਗੀਟੇ ਵਰਗੇ ਲਾਈਫਬਵਾਏ ਸਾਬਣ ਵਿਚ ਤਰੇੜਾਂ ਆ ਜਾਂਦੀਆਂ ਸਨ, ਪਰ ਘਸਦਾ ਨਈਂ ਸੀ। ਨਹਾਉਣ ਲਈ ਨਵਾਂ ਸਾਬਣ ਵਰਤਣਾ ਵੀ ਸ਼ਾਹੀ ਠਾਠ ਲੱਗਿਆ ਕਰਦੀ ਸੀ।
ਸਰੋਂ ਦੇ ਤੇਲ ਵਿਚ ਹਲਦੀ ਰਲਾ ਕੇ ਲਾਉਣ ਨਾਲ ਮਾੜੀ-ਮੋਟੀ ਸੱਟ ਉਂਜ ਹੀ ਠੀਕ ਹੋ ਜਾਂਦੀ ਸੀ।
ਅੱਧੀ ਬਾਲਟੀ ਪਾਣੀ ਵਿਚ ਇੱਕ ਨਿੰਬੂ ਨਿਚੋੜਨਾ ਤੇ ਕੰਜੂਸੀ ਨਾਲ ਖੰਡ ਘੋਲਣੀ, ਸਾਰੇ ਟੱਬਰ ਨੇ ਆਪੋ-ਆਪਣਾ ਗਲਾਸ ਲੈ ਸਕੰਜਵੀਂ ਲਈ ਬੀਬੀ ਦੇ ਆਲੇ-ਦੁਆਲੇ ਗੇੜੇ ਮਾਰਨੇ।
ਸਕੂਲੋਂ ਘਰੇ ਆਉਂਦਿਆਂ ਰਾਹ ਵਿਚ ਈ ਕਿਸੇ ਇੱਕ ਦੇ ਘਰ ਇਕੱਠੇ ਬਹਿ ਕੇ ਸਕੂਲ ਦਾ ਕੰਮ ਕਰਨ ਦੀਆਂ ਵਿਉਂਤਾਂ ਹੋ ਜਾਂਦੀਆਂ ਸਨ। ਆਮ ਕਰਕੇ ਵੱਡੀ ਭੈਣ ਮਿੰਨਤਾਂ ਕਰਾ ਕੇ ਜਾਂ ਭਰਾ ਦੇ ਪਿਆਰ ਵੱਸ ਭਰਾ ਦਾ ਸਕੂਲ ਦਾ ਕੰਮ ਕਰ ਦਿਆ ਕਰਦੀ ਸੀ, ਛੋਟੀ ‘ਤੇ ਤਾਂ ਡਰਾਵਾ ਵੀ ਚੱਲ ਜਾਂਦਾ ਸੀ।
ਗਾਚੀ ਨਾਲ ਪੋਚ ਕੇ ਫੱਟੀ ਸੁਕਾਉਂਦਿਆਂ ਨਿਆਣਿਆਂ ਨੇ ਗਾਉਣਾ, “ਸੂਰਜਾ, ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਘਰ ਨੂੰ ਜਾਹ।” ਫਿਰ ਪੈਂਸਲ (ਪੈਨਸਿਲ) ਨਾਲ ਲਕੀਰਾਂ ਲਾਉਣੀਆਂ। ਸਿਆਹੀ ਕੁੱਟ ਕੇ ਦਵਾਤ ਵਿਚ ਪਾਉਣੀ, ਕਾਨੇ ਦੀ ਕਲਮ ਘੜਨੀ, ਟੋਬਾ ਲਾ ਕੇ ਸਭ ਤੋਂ ਪਹਿਲਾਂ ਫੱਟੀ ‘ਤੇ ੴ ਲਿਖਣਾ ਅਤੇ ਫਿਰ ਲਿਖਾਈ ਕਰਨੀ। ਪੇਪਰ ਵੀ ‘ਸਤਿਗੁਰ ਤੇਰੀ ਓਟ, ਮੇਰਾ ਪੇਪਰ ਕਰ ਦੇ ਲੋਟ’ ਲਿਖ ਕੇ ਸ਼ੁਰੂ ਕਰਨਾ।
ਪੇਪਰਾਂ ਦੇ ਦਿਨ ਚਿੰਤਾ-ਫਿਕਰ ‘ਚ ਲੰਘਣੇ ਪਰ ਆਖਰੀ ਪੇਪਰ ਵਾਲੇ ਦਿਨ ਮਨ ਖੁੱਸੀ-ਖੁੱਸੀ ਜਾਣਾ ਕਿ ਪੇਪਰ ਏਨੀ ਛੇਤੀ ਕਿਉਂ ਮੁੱਕ ਗਏ।
ਕਿਸੇ ਦੇ ਵਿਆਹ ਹੋਇਆ ਹੋਣਾ, ਉਡੀਕੀ ਜਾਣਾ ਵਿਆਹ ਦੀ ਮੂਵੀ ਦੇਖਣ ਲਈ ਵੀ. ਸੀ. ਆਰ. ਕਦੋਂ ਲਿਆਉਣਗੇ ਜਾਂ ਵੀ. ਸੀ. ਆਰ. ਕਿਰਾਏ ‘ਤੇ ਲਿਆਉਣਾ ‘ਮਰਦ’, ‘ਸ਼ੋਲੇ’, ‘ਯਾਰੀ ਜੱਟ ਦੀ’ ਫਿਲਮਾਂ ਪੱਕੀਆਂ ਈ ਹੁੰਦੀਆਂ ਸੀ ਲਿਆਉਣੀਆਂ।
ਸੁਬ੍ਹਾ ਦੀਆਂ ਪਕਾਈਆਂ ਰੋਟੀਆਂ ਦੁਪਹਿਰੇ ਲੂਣ, ਮਿਰਚ ਭੁੱਕ ਕੇ ਚਾਹ ਨਾਲ ਖਾ ਲੈਣੀਆਂ, ਕਈ ਕੋਕਲੀ ਬਣਾ ਕੇ ਚਾਹ ਦੇ ਗਲਾਸ ਵਿਚ ਡੁਬੋ-ਡੁਬੋ ਕੇ ਵੀ ਖਾਂਦੇ ਹੁੰਦੇ ਸੀ। ਕੋਕਲੀ ਨੂੰ ਨਵਾਂ ਜ਼ਮਾਨਾ ਹੁਣ ‘ਰੋਲ’ ਕਹਿੰਦਾ ਏ। ਗੰਢੇ ਨੂੰ ਮੰਜੇ ਦੇ ਪਾਵੇ ‘ਤੇ ਰੱਖ ਕੇ ਮੁੱਕੀ ਨਾਲ ਭੰਨ ਲੈਣਾ, ‘ਥੇਲੀਆਂ ਨਾਲ ਨੱਪ ਕੇ ਕੌੜਾ ਪਾਣੀ ਕੱਢ ਦੇਣਾ, ਸਲਾਦ ਬਣ ਜਾਣਾ। ਪੜ੍ਹੇ-ਲਿਖੇ ਗੰਢੇ ਨੂੰ ਪਿਆਜ਼ ਆਖਦੇ ਹਨ, ਸੂਈ ਦੇ ਨਖਾਰੇ ਨੂੰ ਨੀਡਲ-ਹੋਲ ਆਖਦੇ ਹਨ, ਰਸੋਈ ਨੂੰ ਕਿਚਨ ਤੇ ਗੁਸਲਖਾਨੇ ਨੂੰ ਬਾਥਰੂਮ ਆਖਣ ਲੱਗ ਪਏ ਹਨ। ਜਿਵੇਂ ਗੱਡੇ ਨਾਲ ਸਬੰਧਤ ਕਈ ਸ਼ਬਦ ਭੁੱਲ-ਭੁਲਾ ਗਏ ਹਨ, ਤਿਵੇਂ ਚਰਖੇ ਨਾਲ ਜੁੜੇ ਸ਼ਬਦ ਤੱਕਲਾ, ਚਰਮਖ, ਮਾਹਲ, ਮੁੰਨਾ ਵੀ ਗਵਾਚ ਗਏ ਹਨ।
ਕੀ ਉਹ ਵੇਲੇ ਕਦੇ ਮੁੜ ਪਰਤਣਗੇ? ਕੀ ਵਕਤ ਨੂੰ ਕਦੇ ਪਿਛਲ-ਖੁਰੀ ਗੇੜ ਪੈਣਗੇ?