ਜ਼ਿੰਦਗੀ ਨੂੰ ਰੁਸ਼ਨਾਉਂਦੀ ਰਹੇ ਜਾਗੋ

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਜ਼ਿੰਦਗੀ ਵਿਚ ਰੰਗਾਂ ਤੇ ਰੌਸ਼ਨੀਆਂ ਦਾ ਮਹੱਤਵ ਇਸ ਹੱਦ ਤੱਕ ਬਣਿਆ ਰਹਿੰਦਾ ਹੈ ਕਿ ਇਸ ਦੀ ਮਾਤਰਾ ਨੂੰ ਕਿਸੇ ਯੰਤਰ ਨਾਲ ਨਾਪਿਆ-ਤੋਲਿਆ ਨਹੀਂ ਜਾ ਸਕਦਾ। ਖੁਸ਼ੀ ਦੇ ਮੌਕਿਆਂ ‘ਤੇ ਰੰਗਾਂ-ਰੌਸ਼ਨੀਆਂ ਦਾ ਮਹੱਤਵ ਹੋਰ ਵਧ ਜਾਂਦਾ ਹੈ। ਜਾਗੋ ਕੱਢਣ ਨੂੰ ਜ਼ਿੰਦਗੀ ਦੀਆਂ ਖੁਸ਼ੀਆਂ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਪਹਿਲੇ ਸਮਿਆਂ ਵਿਚ ਵਿਆਹ ਦੇ ਮੌਕੇ ‘ਤੇ ਜਾਗੋ ਕੱਢਣ ਅਤੇ ਜਾਗੋ ਦਾ ਗਿੱਧਾ ਪਾਉਣ ਦਾ ਵਿਸ਼ੇਸ਼ ਮਹੱਤਵ ਹੁੰਦਾ ਸੀ। ਕੁੜੀਆਂ/ਔਰਤਾਂ ਇੱਕ ਵਿਸ਼ੇਸ਼ ਗਾਗਰ ਨੂੰ ਆਟੇ ਦੇ ਬਣਾਏ ਦੀਵਿਆਂ ਨਾਲ ਸਜਾ ਕੇ ਤਿਆਰ ਕਰਦੀਆਂ ਸਨ।

ਗੁੰਨ੍ਹ ਕੇ ਤਿਆਰ ਕੀਤੇ ਆਟੇ ਦੀ ਤਹਿ ਨੂੰ ਗਾਗਰ ਦੇ ਮੂੰਹ ਉੱਤੇ ਲਾ ਕੇ, ਉਸ ਉੱਤੇ ਇੱਕ ਥਾਲੀ ਚਿਪਕਾ ਦਿੱਤੀ ਜਾਂਦੀ ਸੀ। ਥਾਲੀ ਵਿਚ ਵਿਸ਼ਵਾਸ ਅਨੁਸਾਰ ਪੰਜ, ਸੱਤ ਜਾਂ ਗਿਆਰਾਂ ਆਟੇ ਦੇ ਦੀਵੇ ਤਰਤੀਬ ਵਿਚ ਰੱਖ ਲਏ ਜਾਂਦੇ ਸਨ। ਗਾਗਰ ਦੇ ਪਾਸਿਆਂ ‘ਤੇ ਵੀ ਆਟੇ ਦੇ ਬਣਾਏ ਦੀਵੇ ਅਜਿਹੀ ਜੁਗਤ ਨਾਲ ਟਿਕਾਅ ਦਿੱਤੇ ਜਾਂਦੇ ਸਨ ਕਿ ਉਹ ਦੇਰ ਤਕ ਗਾਗਰ ਨਾਲ ਚਿਪਕੇ ਰਹਿ ਸਕਣ। ਦੀਵਿਆਂ ਵਿਚ ਬੱਤੀਆਂ ਰੱਖ ਕੇ ਤੇ ਘਿਉ ਪਾ ਕੇ ਉਨ੍ਹਾਂ ਨੂੰ ਬੜੇ ਚਾਵਾਂ ਨਾਲ ਬਾਲਿਆ ਜਾਂਦਾ ਸੀ।
ਗੋਲ ਦਾਇਰਿਆਂ ਵਿਚ ਜਗਮਗ-ਜਗਮਗ ਕਰਕੇ ਬਲਦੇ ਦੀਵੇ ਬਹੁਤ ਸੁੰਦਰ ਲੱਗਦੇ ਸਨ। ਘੁੰਮ ਫਿਰ ਕੇ ਚਾਨਣ ਦੀਆਂ ਬਰਕਤਾਂ ਵੰਡਣ ਲਈ ਤਿਆਰ ਜਾਗੋ ਬਹੁਤ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਸੀ। ਜਾਗੋ ਕੱਢਣ ਲਈ ਤਿਆਰ ਕੁੜੀਆਂ/ਔਰਤਾਂ ਪਹਿਲਾਂ ਅਕਸਰ ਜਾਗੋ ਨੂੰ ਮਾਮੀ ਦੇ ਸਿਰ ਉੱਤੇ ਰੱਖਦੀਆਂ ਸਨ ਤੇ ਨਾਲ-ਨਾਲ ਗੀਤ ਗਾਉਣੇ ਸ਼ੁਰੂ ਕਰ ਦਿੰਦੀਆਂ ਸਨ। ਜਦੋਂ ਸਮਾਜ ਵਿਚ ਪਿਆਰ, ਇਤਫਾਕ ਤੇ ਭਾਈਚਾਰਕ ਸਾਂਝ ਦਾ ਤਾਣਾ-ਬਾਣਾ ਮਜ਼ਬੂਤ ਹੁੰਦਾ ਸੀ ਤਾਂ ਔਰਤਾਂ ਜਾਗੋ ਕੱਢਦੀਆਂ ਹੋਈਆਂ ਸਾਰੇ ਪਿੰਡ ਦਾ ਚੱਕਰ ਲਾ ਆਉਂਦੀਆਂ ਸਨ। ਨੱਚਦੀਆਂ, ਗਾਉਂਦੀਆਂ, ਹਾਸਾ ਮਜ਼ਾਕ ਕਰਦੀਆਂ, ਕਿਸੇ ਨੂੰ ਛੇੜਦੀਆਂ, ਕਿਸੇ ਨੂੰ ਮਸ਼ਕਰੀਆਂ ਕਰਦੀਆਂ, ਕਿਸੇ ਦਾ ਬੂਹਾ ਖੜਕਾਉਂਦੀਆਂ ਮੇਲਣਾਂ ਜਿਸ ਘਰ ਅੱਗਿਓਂ ਵੀ ਲੰਘਦੀਆਂ, ਉਸ ਘਰ ਦੇ ਪੁਰਸ਼ ਮੁਖੀ ਦਾ ਨਾਂ ਲੈ ਕੇ ਉਸ ਨੂੰ ਆਪਣੀ ਸੁੱਤੀ ਪਈ ਘਰਵਾਲੀ ਨੂੰ ਜਗਾਉਣ ਵਾਸਤੇ ਕਹਿੰਦੀਆਂ ਸਨ ਤੇ ਮਜ਼ਾਕ ਕਰ ਕਰ ਕੇ ਢਿੱਡੀਂ ਪੀੜਾਂ ਪਾ ਦਿੰਦੀਆਂ ਸਨ,
ਜੈਲਿਆ, ਜੋਰੂ ਨੂੰ ਜਗਾ ਲੈ ਵੇ,
ਜਾਗੋ ਆਈ ਆ…
ਸੁੱਤੀ ਨੂੰ ਜਗਾ ਲੈ ਵੇ,
ਜਾਗੋ ਆਈ ਆ…
ਰੁੱਸੀ ਨੂੰ ਮਨਾ ਲੈ ਵੇ,
ਜਾਗੋ ਆਈ ਆ…
ਸੋਨ ਚਿੜੀ ਗਲ ਲਾ ਵੇ,
ਜਾਗੋ ਆਈ ਆ…।
ਫਿਰ ਦੂਜੀ ਟੋਲੀ ਦੇ ਬੋਲ ਕੁਝ ਇਸ ਤਰ੍ਹਾਂ ਦੇ ਹੁੰਦੇ ਸਨ,
ਚੁੱਪ ਕਰ ਬੀਬੀ, ਮਸਾਂ ਸਵਾਈ ਆ
ਮਸਾਂ ਸਵਾਈ ਆ
ਲੋਰੀ ਦੇ ਕੇ ਪਾਈ ਆ
ਨੀ, ਹੁਣ ਜਾਗੋ ਆਈ ਆ…।
ਉੱਠ ਖੜੂਗੀ, ਅੜੀ ਕਰੂਗੀ
ਚੁੱਕਣੀ ਪਊਗੀ
ਜਾਗੋ ਆਈ ਆ…।
ਅਜਿਹੇ ਗੀਤ ਗਾਉਂਦਿਆਂ, ਨੱਚਦੀਆਂ-ਟੱਪਦੀਆਂ, ਹੱਸਦੀਆਂ-ਖੇਡਦੀਆਂ ਮੇਲਣਾਂ ਵਾਹੋ-ਦਾਹੀ ਉਸ ਘਰ ਦੇ ਅੰਦਰ ਵੜ ਜਾਂਦੀਆਂ ਸਨ। ਕੁੜੀਆਂ ਹੱਥਾਂ ਵਿਚ ਫੜੀ ਘੁੰਗਰੂਆਂ ਵਾਲੀ ਸੋਟੀ ਦੇ ਹੇਠਲੇ ਸਿਰੇ ਨੂੰ ਜ਼ੋਰ ਦੀ ਥਾਪ ਨਾਲ ਖੜਕਾਅ ਕੇ ਜ਼ਮੀਨ ‘ਤੇ ਮਾਰਦੀਆਂ ਸਨ ਤੇ ਨੱਚਣਾ ਸ਼ੁਰੂ ਕਰ ਦਿੰਦੀਆਂ ਸਨ। ਨਾਚ ਦੀ ਗਤੀ ਨਾਲ ਆਵਾਜ਼ ਮਿਲਾ ਕੇ ਉਹ ਬੋਲੀਆਂ ਪਾਉਂਦੀਆਂ ਸਨ, ਗਾਉਂਦੀਆਂ ਸਨ ਅਤੇ ਜਾਗੋ ਦੇ ਰੰਗਾਂ ਦੀਆਂ ਰੌਸ਼ਨੀਆਂ ਵਿਚ ਹੋਰ ਗੂੜ੍ਹੇ ਰੰਗ ਭਰ ਦਿੰਦੀਆਂ ਸਨ। ਉਸ ਸਮੇਂ ਜਾਗੋ ਨੂੰ ਮਿਲਿਆ ਹੁੰਗਾਰਾ ਤੇ ਉਤਸ਼ਾਹ ਨੱਚਣ, ਸੁਣਨ ਵਾਲੀਆਂ ਦੇ ਜੋਸ਼ ਨੂੰ ਦੂਣਾ-ਚੌਗੁਣਾ ਕਰ ਦੇਣ ਵਾਲਾ ਹੁੰਦਾ ਸੀ,
ਆਉਂਦੀ ਕੁੜੀਏ, ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਮਾਲਾ
ਬਈ, ਜਾਗੋ ਵਿਚੋਂ ਤੇਲ ਮੁੱਕਿਆ
ਕੋਈ ਪਾਊਗਾ ਨਸੀਬਾਂ ਵਾਲਾ
ਬਈ ਜਾਗੋ ਵਿਚੋਂ ਤੇਲ ਮੁੱਕਿਆ…।
ਉਸ ਘਰ ਵਾਲੇ ਜਾਗੋ ਦੇ ਦੀਵਿਆਂ ਵਿਚ ਤੇਲ/ਘਿਉ ਪਾਉਂਦੇ ਸਨ ਤੇ ਉਹ ਵੀ ਜਾਗੋ ਦੀਆਂ ਰੌਣਕਾਂ ਵਿਚ ਸ਼ਾਮਲ ਹੋ ਜਾਂਦੇ ਸਨ। ਮੇਲਣਾਂ ਜਗਦੇ ਦੀਵਿਆਂ ਵਾਲੀ ਗਾਗਰ (ਜਾਗੋ) ਸਿਰ ਉੱਤੇ ਰੱਖ ਕੇ ਅਗਲੇ ਘਰਾਂ ਵੱਲ ਨੂੰ ਹੋ ਤੁਰਦੀਆਂ ਸਨ। ਅਗਲੇ ਘਰ ਦੇ ਦਰਵਾਜੇ ਨੂੰ ਉਹ ਮੁੜ ਘੁੰਗਰੂਆਂ ਵਾਲੀ ਸੋਟੀ ਨਾਲ ਮੁੜ-ਮੁੜ ਜ਼ੋਰ-ਜ਼ੋਰ ਦੀ ਮਾਰ ਕੇ ਖੜਕਾਉਂਦੀਆਂ ਸਨ ਤੇ ਹੋਰ ਵਧੇਰੇ ਉਤਸ਼ਾਹ ਨਾਲ ਨੱਚਣਾ ਗਾਉਣਾ ਜਾਰੀ ਰੱਖਦੀਆਂ ਸਨ,
ਵੇ ਗਵਾਂਢੀਓ, ਜਾਗਦੇ ਕਿ ਸੁੱਤੇ,
ਵੇ ਗਵਾਂਢੀਓ…।
ਗਵਾਂਢੀ ਸਾਡੇ ਸੌਂ ਗਏ
ਤੇ ਗਵਾਂਢਣ ਨੂੰ ਲੈ ਗਏ ਕੁੱਤੇ…।
ਵੇ ਗਵਾਂਢੀਓ, ਜਾਗਦੇ ਕਿ ਸੁੱਤੇ,
ਵੇ ਗਵਾਂਢੀਓ…।
ਇਸ ਤਰ੍ਹਾਂ ਉੱਚੀ ਉੱਚੀ ਰਲਵੀਂ ਸੁਰ ਵਿਚ ਹਾਸਾ-ਮਜ਼ਾਕ ਕਰਦੀਆਂ, ਨੱਚਦੀਆਂ, ਗਾਉਂਦੀਆਂ ਮੇਲਣਾਂ ਘਰ ਦੇ ਅੰਦਰ ਦਾਖਲ ਹੋ ਜਾਂਦੀਆਂ ਸਨ। ਨੱਚ-ਨੱਚ ਕੇ ਉਨ੍ਹਾਂ ਨੂੰ ਘੁਮੇਟਣੀਆਂ ਆਉਣ ਲੱਗ ਜਾਂਦੀਆਂ ਸਨ। ਇਸ ਤਰ੍ਹਾਂ ਘਰੋ-ਘਰੀ ਗੇੜਾ ਲਾਉਂਦੀਆਂ ਮੇਲਣਾਂ ਜਾਗੋ ਦੇ ਮਿੱਥੇ ਰਾਹ ‘ਤੇ ਚੱਲਣਾ ਜਾਰੀ ਰੱਖਦੀਆਂ ਸਨ। ਜਾਗੋ ਕੱਢ ਰਹੀਆਂ ਔਰਤਾਂ ਸਾਂਝ ਵਾਲੇ ਘਰਾਂ ਵਿਚ, ਸ਼ਰੀਕੇ-ਭਾਈਚਾਰੇ ਵਾਲੇ ਘਰਾਂ ਵਿਚ ਵਿਸ਼ੇਸ਼ ਤੌਰ ‘ਤੇ ਜਮ੍ਹਾਂ ਹੁੰਦੀਆਂ ਸਨ ਤੇ ਜਾਗੋ ਦੀਆਂ ਰੌਸ਼ਨੀਆਂ ਵੰਡਦੀਆਂ ਜਾਂਦੀਆਂ ਸਨ। ਜਾਗੋ ਦੀਆਂ ਰੌਸ਼ਨੀਆਂ ਬਿਖੇਰਦਿਆਂ ਜਾਂਦਿਆਂ ਉਹ ਕਈ ਕੁਝ ਕਹਿੰਦੀਆਂ-ਸੁਣਦੀਆਂ ਵੀ ਜਾਂਦੀਆਂ ਸਨ। ਗਲੀ ਵਿਚੋਂ ਆਉਂਦਿਆਂ-ਜਾਂਦਿਆਂ ਨਾਲ ਉਹ ਹਾਸਾ ਮਜ਼ਾਕ ਕਰਦੀਆਂ ਜਾਂਦੀਆਂ ਸਨ। ਕਿਸੇ ਸੁੱਤੇ ਪਏ ਦਾ ਮੰਜਾ ਉਲਟਾਅ ਜਾਂਦੀਆਂ ਸਨ, ਕਈਆਂ ਦੇ ਚੁੱਲ੍ਹੇ, ਭੜੋਲੀਆਂ, ਮੰਜੇ, ਪੀੜ੍ਹੀਆਂ ਆਦਿ ਭੰਨ ਜਾਂਦੀਆਂ ਸਨ, ਚੌਂਕੇ ਵਿਚ ਚਿਣ ਕੇ ਰੱਖੇ ਬਰਤਨ, ਬਾਲਣ ਖਿਲਾਰ ਜਾਂਦੀਆਂ ਸਨ। ਅਖੀਰ ਦੇਰ ਰਾਤ ਗਈ ਤਕ ਉਹ ਮੁੜ ਵਿਆਹ ਵਾਲੇ ਘਰ ਪਹੁੰਚਦੀਆਂ ਸਨ। ਗਾਗਰ ਨੂੰ ਸਿਰ ‘ਤੇ ਚੁੱਕੀ ਮਾਮੀ ਗਿੱਧਾ ਪਾਉਣ ਲਈ ਬਣਾ ਲਏ ਗਏ ਦਾਇਰੇ ਵਿਚ ਨੱਚਣ ਲੱਗ ਜਾਂਦੀ ਸੀ, ਬਾਕੀ ਮੇਲਣਾਂ ਉਸ ਦਾ ਸਾਥ ਦਿੰਦੀਆਂ ਸਨ ਤੇ ਗਿੱਧੇ ਦਾ ਪਿੜ ਫਿਰ ਆਪਣੇ ਰੰਗ ਵਿਚ ਆ ਜਾਂਦਾ ਸੀ। ਗਿੱਧੇ ਵਿਚ ਸਭ ਵਾਰੋ-ਵਾਰੀ ਨੱਚਦੀਆਂ ਗਾਉਂਦੀਆਂ ਸਨ ਤੇ ਗਿੱਧੇ ਦਾ ਧੂਮ-ਧੜੱਕਾ ਰਹਿੰਦਾ ਸੀ।
ਸਮੇਂ ਦੇ ਬਦਲਣ ਨਾਲ ਜਾਗੋ ਦੇ ਰਵਾਇਤੀ ਰੰਗ ਰੂਪ ਵਿਚ ਬਹੁਤ ਵੱਡੀ ਤਬਦੀਲੀ ਆ ਗਈ ਹੈ। ਹੁਣ ਵੀ ਜਾਗੋ (ਸਿਰਫ ਕਹਿਣ ਨੂੰ) ਕੱਢੀ ਜਾਂਦੀ ਹੈ। ਜਾਗੋ ਦਾ ਸ਼ੋਅ ਦਿਖਾਵਟੀ ਬਣ ਕੇ ਰਹਿ ਗਿਆ ਹੈ। ਜਾਗੋ ਬਾਜ਼ਾਰੋਂ ਵੱਖ-ਵੱਖ ਆਕਾਰਾਂ, ਬਲਬਾਂ ਦੀ ਗਿਣਤੀ ਦੇ ਹਿਸਾਬ ਨਾਲ, ਬਲਬਾਂ ਨਾਲ ਜੜੀ, ਗਾਗਰ ਜਾਂ ਵਲਟੋਹੀ ਉੱਪਰ ਸਜਾਈ ਕਿਰਾਏ ‘ਤੇ ਮਿਲ ਜਾਂਦੀ ਹੈ। ਜਾਗੋ ਵਿਚ ਹੁਣ ਦੀਵਿਆਂ ਦੀ ਥਾਂ ਬੈਟਰੀ/ਸੈੱਲਾਂ ਨਾਲ ਜਗਣ ਵਾਲੇ ਬਿਜਲਈ ਬਲਬਾਂ ਨੇ ਲੈ ਲਈ ਹੈ। ਹੁਣ ਜਾਗੋ ਵਿਚੋਂ ਤੇਲ ਨਹੀਂ ਮੁੱਕਦਾ, ਸੈੱਲ ਮੁੱਕ ਸਕਦੇ ਹਨ ਤੇ ਬਲਬ ਜਗਣੋਂ ਬੰਦ ਹੋ ਸਕਦੇ ਹਨ।
ਹੁਣ ਜਾਗੋ ਕੱਢਣ ਵਾਲੀਆਂ ਮੇਲਣਾਂ ਦੀ ਥਾਂ, ਨੱਚਣ/ਗਾਉਣ ਦੀ ਕਲਾ ਦੀਆਂ ਜਾਣਕਾਰ ਕਿੱਤਾਵਰ ਹੁਨਰਮੰਦ ਕਲਾਕਾਰ ਕੁੜੀਆਂ ਨੇ ਲੈ ਲਈ ਹੈ। ਉਨ੍ਹਾਂ ਨਾਲ ਜਾਗੋ ਕੱਢਣ ਦਾ ਠੇਕਾ ਕਰ ਲਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਤੈਅ ਕੀਤੀ ਗਈ ਰਕਮ ਦਾ ਭੁਗਤਾਨ ਕਰ ਦਿੱਤਾ ਜਾਂਦਾ ਹੈ। ਇਹ ਮੰਡੀ ਸੱਭਿਆਚਾਰ ਦੀ ਦੇਣ ਹੈ। ਅਸਲ ਵਿਚ ਕੱਢੀ ਜਾਂਦੀ ਰਵਾਇਤੀ ਜਾਗੋ ਦੇ ਦ੍ਰਿਸ਼ ਪ੍ਰਭਾਵਸ਼ਾਲੀ ਹੁੰਦੇ ਸਨ। ਹੁਣ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ਵਿਚ ਪੇਸ਼ ਕਈ ਗਿੱਧਿਆਂ ਦੇ ਪ੍ਰਾਰੰਭਿਕ ਦ੍ਰਿਸ਼ ਜਾਗੋ ਦੀ ਝਲਕੀ ਨਾਲ ਸ਼ੁਰੂ ਕੀਤੇ ਜਾਂਦੇ ਹਨ। ਪਹਿਲੇ ਸਮਿਆਂ ਵਿਚ ਲੋਕ ਹਾਸੇ-ਮਜ਼ਾਕ ਵੀ ਕਰਦੇ ਸਨ, ਸਹਿੰਦੇ ਵੀ ਸਨ ਤੇ ਮਾਣਦੇ ਵੀ ਸਨ। ਉਨ੍ਹਾਂ ਕੋਲ ਠੱਠਾ-ਮਸ਼ਕਰੀਆਂ ਕਰਨ ਅਤੇ ਸਹਿਣ ਕਰਨ ਲਈ ਜਿਗਰਾ ਹੁੰਦਾ ਸੀ।
ਸਮੇਂ ਦੇ ਬਦਲ ਜਾਣ ਨਾਲ ਨਾ ਹੁਣ ਉਹ ਵੱਡੇ ਜਿਗਰੇ ਰਹੇ ਹਨ, ਨਾ ਸਮੁੰਦਰ ਵਰਗੇ ਡੂੰਘੇ ਤੇ ਵਿਸ਼ਾਲ ਦਿਲ! ਹੁਣ ਨਾ ਕੋਈ ਕਿਸੇ ਨੂੰ ਹਾਸੇ-ਮਜ਼ਾਕ ਵਾਲੀ ਕੋਈ ਗੱਲ ਕਹਿੰਦਾ ਹੈ, ਨਾ ਕਿਸੇ ਦੀ ਕਹੀ ਹੋਈ ਤਨਜ਼ ਭਰਪੂਰ ਗੱਲ ਨੂੰ ਹਜ਼ਮ ਕਰਨ ਦਾ ਕਿਸੇ ਕੋਲ ਮਾਦਾ ਹੈ। ਮੇਲ-ਜੋਲ, ਖੁੱਲ੍ਹੇ-ਡੁੱਲ੍ਹੇ ਸੁਭਾਅ ਤੇ ਹਾਸੇ ਠੱਠੇ ਕਰਨ/ਕਰਾਉਣ ਵਾਲਾ ਉਹ ਸੱਭਿਆਚਾਰ ਹੁਣ ਗੁੰਮ-ਗੁਆਚ ਗਿਆ ਹੈ। ਬੇਸ਼ੱਕ ਹੁਣ ਰਵਾਇਤੀ ਜਾਗੋ ਬਹੁਤ ਘੱਟ ਜਗਦੀ ਹੈ, ਫਿਰ ਵੀ ਆਓ, ਕਾਮਨਾ ਕਰੀਏ ਕਿ ਕਿਧਰੇ ਨਾ ਕਿਧਰੇ ਜਗਦੀ ਜਾਗੋ ਮਨੁੱਖ ਦੀ ਜ਼ਿੰਦਗੀ ਨੂੰ ਰੁਸ਼ਨਾਉਂਦੀ ਰਹੇ! ਮਨੁੱਖ ਦੀ ਜ਼ਿੰਦਗੀ ਰੰਗਾਂ, ਖੁਸ਼ੀਆਂ, ਖੇੜਿਆਂ, ਰੌਸ਼ਨੀਆਂ ਨਾਲ ਲਬਰੇਜ਼ ਰਹੇ!