ਕੋਵਿਡ-19 ਦੀ ਤਰਥੱਲੀ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਅੱਜ ਕੋਵਿਡ-19 ਨੇ ਸਾਰੀ ਦੁਨੀਆਂ ‘ਚ ਤਰਥੱਲੀ ਮਚਾਈ ਹੋਈ ਹੈ। ਸਭ ਕੁਝ ਉਥਲ-ਪੁਥਲ ਹੋ ਕੇ ਰਹਿ ਗਿਆ ਹੈ। ਇਹ ਇੱਕ ਨਿੱਕਾ ਜਿਹਾ ਜਰਾਸੀਮ ਹੈ, ਜੋ ਨਾ ਦਿਸਦਾ ਹੈ, ਨਾ ਹੀ ਉਸ ਨੂੰ ਹੱਥ ਲਾ ਕੇ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਆਮ ਖੁਰਦਬੀਨ ਨਾਲ ਦੇਖਿਆ ਜਾ ਸਕਦਾ ਹੈ। ਇਸ ਦੇ ਦਰਸ਼ਨ ਤਾਂ ਇੱਕ ਖਾਸ ਕਿਸਮ ਦੇ ਮਹਾਯੰਤਰ ਨਾਲ ਹੀ ਕੀਤੇ ਜਾ ਸਕਦੇ ਹਨ, ਜਿਸ ਨੂੰ ਇਲੈਕਟਰੌਨ ਮਾਈਕਰੋਸਕੋਪ ਕਹਿੰਦੇ ਹਨ। ਕੁਝ ਸਮਾਂ ਪਹਿਲਾਂ ਇਹ ਕਿਆਸ ਅਰਾਈ ਵੀ ਨਹੀਂ ਸੀ ਕੀਤੀ ਜਾ ਸਕਦੀ ਕਿ ਦੁਨੀਆਂ ਨੂੰ ਇਸ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਨਿੱਕੇ ਜਿਹੇ ਕਰੋਨਾ ਵਾਇਰਸ ਨੇ ਬੰਦੇ ਦੀਆਂ ਸਭ ਚਤੁਰਾਈਆਂ ਰੋਲ ਕੇ ਰੱਖ ਦਿੱਤੀਆਂ ਹਨ; ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਕੀਤੀਆਂ ਤਰੱਕੀਆਂ ਨੂੰ ਮੂਧੇ ਮੂੰਹ ਭੁਆਂਟਣੀਆਂ ਦੇ ਦਿੱਤੀਆਂ ਹਨ। ਹਾਲੇ ਤੱਕ ਇਸ ਮਹਾਮਾਰੀ ਨੂੰ ਕਾਬੂ ਕਰਨ ਦਾ ਕੋਈ ਢੁਕਵਾਂ ਉਪਾਅ ਨਹੀਂ ਉਪਲਬਧ ਹੋ ਸਕਿਆ, ਬੰਦਾ ਇੱਕ ਕਿਸਮ ਦਾ ਕੈਦ ਹੋ ਕੇ ਰਹਿ ਗਿਆ ਹੈ। ਬੰਦੇ ਤੋਂ ਬੰਦੇ ਦੀ ਦੂਰੀ ਬਣਾ ਕੇ ਰੱਖਣ ਲਈ ਸੀਮਤ ਕਰ ਦਿੱਤਾ ਹੈ। ਗਲੇ ਮਿਲਣ, ਹੱਥ ਮਿਲਾਉਣ ਤੋਂ ਸਭ ਨੂੰ ਤਿਲਾਂਜਲੀ ਦੁਆ ਦਿੱਤੀ ਹੈ, ਸਮਾਜਕ ਤਾਣਾ-ਬਾਣਾ ਉਧੜ-ਪੁਧੜ ਕੇ ਰਹਿ ਗਿਆ ਹੈ; ਲੱਖਾਂ ਨੌਕਰੀਆਂ ਖਤਮ ਹੋ ਗਈਆਂ ਹਨ। ਲੱਖਾਂ ਲੋਕਾਂ ਲਈ, ਰੋਜ਼ ਦੀਆਂ ਲੋੜਾਂ ਦੀ ਪੂਰਤੀ ਕਰਨਾ ਅਹਿਮ ਸਮੱਸਿਆ ਬਣ ਗਿਆ ਹੈ। ਸਾਰੀ ਦੁਨੀਆਂ ‘ਚ ਲੱਖਾਂ ਲੋਕ ਇਸ ਨਾਲ ਪੀੜਤ ਹਨ ਤੇ ਲੱਖਾਂ ਦੀ ਮੌਤ ਹੋ ਚੁਕੀ ਹੈ।
ਇੱਕ ਦੂਜੇ ਨੂੰ ਮਿਲਣ ਲਈ ਵੀ ਤਰਸਣ ਲੱਗੇ ਹਾਂ। ਵਿਆਹ-ਸ਼ਾਦੀਆਂ ਦੇ ਸਮਾਗਮ, ਘੜਮੱਸ ਮਈ ਪਾਰਟੀਆਂ, ਵੱਡੇ ਧਾਰਮਿਕ ਇਕੱਠ-ਸਭ ਨੂੰ ਲਕਵਾ ਹੋ ਗਿਆ ਹੈ। ਆਮ ਚਲਿਆ ਆ ਰਿਹਾ ਰੋਜ਼ਾਨਾ ਜੀਵਨ ਖੜੋਤ ‘ਚ ਆ ਗਿਆ ਲਗਦਾ ਹੈ। ਗਰਮੀਆਂ ‘ਚ ਵਿਆਹਾਂ ਦੀ ਭਰਮਾਰ ਰਹਿੰਦੀ ਸੀ, ਇਕ ਤੋਂ ਬਾਅਦ ਦੂਜੇ ਵਿਆਹ ਦਾ ਸੱਦਾ ਪੱਤਰ ਸਮੇਤ ਮਠਿਆਈ ਦੇ ਡੱਬਿਆਂ, ਆਈ ਹੀ ਜਾਂਦਾ ਸੀ। ਮੈਟਰੋ-ਵੈਨਕੂਵਰ ‘ਚ ਸੰਘਣੀ ਪੰਜਾਬੀ ਵਸੋਂ ਹੋਣ ਕਰਕੇ, ਸਾਲ ਦੇ ਪੰਦਰਾਂ-ਵੀਹ ਵਿਆਹਾਂ ‘ਚ ਸ਼ਿਰਕਤ ਕਰਨਾ ਮਾਮੂਲੀ ਗੱਲ ਸੀ। ਇੱਕ ਵਿਆਹ ਹਫਤਾ ਹਫਤਾ ਚਲਦਾ ਸੀ, ਹੁਣ ਕੋਵਿਡ-19 ਨੇ ਸਭ ਕਾਸੇ ਨੂੰ ਬਰੇਕਾਂ ਲਾ ਕੇ ਰੱਖ ਦਿੱਤੀਆਂ ਹਨ। ਵਿਆਹਾਂ ਦੇ ਸੀਜ਼ਨ ‘ਚ ਵਿਆਹਾਂ ‘ਤੇ ਜਾ ਜਾ ਅੱਕ ਜਾਈਦਾ ਸੀ। ਪਹਿਲਾਂ ਪਹਿਲ ਜਦੋਂ ਪਾਬੰਦੀਆਂ ਲੱਗੀਆਂ ਤਾਂ ਥੋੜ੍ਹੀ ਜਿਹੀ ਰਾਹਤ ਵੀ ਮਿਲੀ ਲੱਗੀ ਕਿ ਹੁਣ ਉਹੀ ਪਾਰਟੀਆਂ, ਉਹੀ ਮਾਈਆਂ ਦੀ ਰਸਮ ਦਾ ਘੜਮੱਸ, ਨਿਕਲਦੀ ਜਾਗੋ ਦੇ ਢੋਲ ਢਮੱਕੇ ਆਦਿ ਤੋਂ ਖਹਿੜਾ ਛੁੱਟਿਆ। ਪਰ ਹੁਣ ਜਦੋਂ ਮਹੀਨਿਆਂ ਬੱਧੀ ਕੋਵਿਡ-19 ਦਾ ਪ੍ਰਕੋਪ ਜਾਰੀ ਹੈ ਤੇ ਮੂਹਰੇ ਕੋਈ ਕਿਸੇ ਰਾਹਤ ਦੀ ਆਸ ਵੀ ਨਹੀਂ ਦਿਸਦੀ, ਸਗੋਂ ਸਿਆਲਾਂ ‘ਚ ਤਾਂ ਇਸ ਦੀ ਮਾਰ ਵੱਧ ਪੈਣ ਦੀਆਂ ਵੀ ਪੇਸ਼ੀਨਗੋਈਆਂ ਕੀਤੀਆਂ ਜਾ ਰਹੀਆਂ ਹਨ, ਤੇ ਇੰਜ ਮਨਾਂ ‘ਚ ਕੁਝ ਘਬਰਾਹਟ ਦਾ ਹੋਣਾ ਸੁਭਾਵਿਕ ਹੈ।
ਲੰਘੀਆਂ ਗਰਮੀਆਂ ‘ਚ ਸਾਡੇ ਦੋ ਬਹੁਤ ਨਜ਼ਦੀਕੀ ਵਿਆਹ, ਜੋ ਖੂਬ ਧੂਮ ਧੜੱਕੇ ਨਾਲ ਹੋਣੇ ਸਨ ਅਤੇ ਉਨ੍ਹਾਂ ਦੀਆਂ ਤਰੀਕਾਂ ਵੀ ਪਿਛਲੇ ਡੇਢ ਸਾਲ ਤੋਂ ਮੁਕੱਰਰ ਹੋਈਆਂ ਹੋਈਆਂ ਸਨ: ਉਹ ਵੀ ਪਹਿਲਾਂ ਤਾਂ ਉਡੀਕ ‘ਚ ਰਹੇ ਕਿ ਪਾਬੰਦੀਆਂ ਹਟੀਆਂ ਤੇ ਨਵੀਂ ਤਰੀਕ ਤੇ ਸਾਹਾ ਰੱਖ ਵਿਆਹ ਕਰ ਲਵਾਂਗੇ, ਪਰ ਜਦੋਂ ਸਾਰੀਆਂ ਗਰਮੀਆਂ ਪਾਬੰਦੀਆਂ ਹਟਣ ਦੀ ਥਾਂ ਵਧਦੀਆਂ ਹੀ ਗਈਆਂ ਤਾਂ ਉਨ੍ਹਾਂ ਚਾਲੀ ਕੁ ਬੰਦਿਆਂ ਦੇ ਨਿਰਧਾਰਤ ਸੀਮਤ ਇਕੱਠ ਨੂੰ ਸਨਮੁੱਖ ਨਵੀਆਂ ਤਰੀਕਾਂ ਮਿੱਥ ਵਿਆਹਾਂ ਦੀਆਂ ਰਸਮਾਂ ਨਿਭਾ ਲਈਆਂ ਤਾਂ ਲੱਗਣ ਲੱਗਿਆ ਕਿ ਜਿਨ੍ਹਾਂ ਵਿਆਹਾਂ ‘ਤੇ ਜਾ ਜਾ ਅੱਕੇ-ਥੱਕੇ ਪਏ ਸਾਂ, ਹੁਣ ਤਾਂ ਨਜ਼ਦੀਕੀ ਵਿਆਹਾਂ ‘ਚ ਚਾਲੀ ਬੰਦਿਆਂ ਦੀ ਨਫਰੀ ਵਾਲੇ ਵਿਆਹਾਂ ‘ਚ ਵੀ ਵਾਰੀ ਨਹੀਂ ਆਉਂਦੀ, ਤਾਂ ਮਨ ‘ਚ ਉਥਲ-ਪੁਥਲ ਜਰੂਰ ਹੋਈ। ਮਠਿਆਈ ਦੇ ਡੱਬੇ ਨੂੰ ਵੀ ਤਰਸ ਗਏ, ਜਦੋਂ ਕਿ ਅੱਗੇ ਉਸੇ ਮਠਿਆਈ ਦੇ ਡੱਬੇ ਨੂੰ ਕਿੰਨੀਆਂ ਹੀ ਨੋਕਾਂ-ਝੋਕਾਂ ਕਰੀਦੀਆਂ ਸਨ ਕਿ ਇਹ ਲੱਡੂ ਖਾਣ ਵਾਲੇ ਨਹੀਂ, ਹਮਕ ਆਉਂਦਾ ਹੈ; ਮਠਿਆਈ ਵਾਲੇ ਡੱਬੇ ‘ਚੋਂ ਫਰਨੈਲ ਦਾ ਮੁਸ਼ਕ ਆਉਂਦਾ ਹੈ।
ਅਕਸਰ ਹੀ ਕਾਰਡਾਂ ਦੀ ਛਪਾਈ, ਵਿਆਹ ਦੀ ਖਰੀਦੋ-ਫਰੋਖਤ ਕਰਨ ਗਏ ਪਰਿਵਾਰ ਪੰਜਾਬ ਤੋਂ ਹੀ ਕਰਾ ਕੇ ਲਿਆਉਂਦੇ ਸਨ ਤੇ ਨਾਲ ਹੀ ਮਠਿਆਈ ਦੇ ਡੱਬਿਆਂ ਤੇ ਵਿਆਹੁੰਦੜ ਮੁੰਡੇ ਕੁੜੀ ਦਾ ਨਾਮ ਲਿਖਾ ਕੇ, ਖਾਲੀ ਡੱਬੇ ਵੀ ਉੱਥੋਂ ਹੀ ਲੈ ਆਉਂਦੇ ਸਨ। ਪਤਾ ਨਹੀਂ ਕਿਉਂ ਜਦੋਂ ਕੈਨੇਡਾ ਆ ਕੇ ਉਨ੍ਹਾਂ ਡੱਬਿਆਂ ‘ਚ ਤਾਜੇ ਬਣੇ ਲੱਡੂ ਜਾਂ ਹੋਰ ਮਠਿਆਈ ਪਾ ਘਰਾਂ ‘ਚ ਵੰਡਦੇ ਤਾਂ ਡੱਬਾ ਤੇ ਕਾਰਡ ਫੜਦਿਆਂ ਸਾਰ ਹੀ ਫਰਨੈਲ ਦੀ ਮਹਿਕ ਆਉਣ ਲੱਗਦੀ, ਜਿਸ ਕਾਰਨ ਮਠਿਆਈ ਖਾਣ ਤੋਂ ਜੀਅ ਉੱਕਾ ਹੀ ਕਿਰਕਿਰਾ ਹੋ ਜਾਂਦਾ। ਇਹ ਹਾਲੇ ਤਾਈਂ ਪਤਾ ਨਹੀਂ ਲੱਗਾ ਕਿ ਡੱਬੇ ਅਤੇ ਵਿਆਹ ਦੇ ਕਾਰਡ ਛਾਪਣ ਵਾਲੇ ਆਪਣੇ ਛਾਪੇਖਾਨੇ ‘ਚ ਫਰਨੈਲ ਦਾ ਇਸਤੇਮਾਲ ਕਰਦੇ ਹਨ ਜਾਂ ਲੋਕੀ ਕੈਨੇਡਾ ਵਾਪਸ ਮੁੜਦੇ ਆਪਣੇ ਅਟੈਚੀਆਂ ‘ਚ ਫਰਨੈਲ ਦੀਆਂ ਗੋਲੀਆਂ ਰੱਖ ਲਿਆਉਂਦੇ ਸਨ, ਮਤਾਂ ਜਹਾਜ ‘ਚ ਉਨ੍ਹਾਂ ਦਾ ਨਵਾਂ ਖਰੀਦਿਆ ਕੱਪੜਾ-ਲੱਤਾ ਕਿਤੇ ਟਿੱਡੀਆਂ ਨਾ ਖਾ ਜਾਣ? ਮੈਨੂੰ ਯਾਦ ਐ, ਪੰਜਾਬ ‘ਚ ਕੱਪੜਿਆਂ ਨੂੰ ਟਿੱਡੀਆਂ ਦੇ ਖਾਣ ਤੋਂ ਬਚਾਓ ਲਈ ਸੰਦੂਕਾਂ, ਪੇਟੀਆਂ ਆਦਿ ‘ਚ ਕੱਪੜਿਆਂ ਦੀਆਂ ਤਹਿਆਂ ‘ਚ ਫਰਨੈਲ ਦੀਆਂ ਗੋਲੀਆਂ ਰੱਖੀਆਂ ਜਾਂਦੀਆਂ ਸਨ। ਮੁੱਕਦੀ ਗੱਲ, ਹੁਣ ਤਾਂ ਫਰਨੈਲ ਵਾਲੀਆਂ ਗੋਲੀਆਂ ਦੇ ਮਹਿਕ ਵਾਲੇ ਮਠਿਆਈ ਦੇ ਡੱਬਿਆਂ ਨੂੰ ਵੀ ਤਰਸ ਗਏ।
ਹਾਂ! ਹੁਣ ਮੈਂ ਉਹ ਦੋ ਨਜ਼ਦੀਕੀ ਵਿਆਹਾਂ ਵਲ ਮੁੜ ਆਉਨਾਂ; ਵਿਆਹ ‘ਤੇ ਤਾਂ ਸਾਨੂੰ ਨਾ ਸੱਦਿਆ, ਪਰ ਵਿਆਹ ਹੁੰਦਾ ਦੇਖਣ ਲਈ ਯੂ-ਟਿਊਬ ਦਾ ਲਿੰਕ ਜਰੂਰ ਭੇਜ ਦਿੱਤਾ। ਦੋਵੇਂ ਵਿਆਹ ਉਪਰੋਥਲੀ ਸਨ-ਇੱਕ ਐਤਵਾਰ ਤੇ ਦੂਜਾ ਸੋਮਵਾਰ। ਵਿਆਹ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਪੂਰੀ ਤਿਆਰੀ ਖਿੱਚ, ਜਿਵੇਂ ਸੱਚੀਂ ਹੀ ਵਿਆਹ ਜਾਣਾ ਹੋਵੇ ਬਣ ਠਣ ਕੇ ਸੋਫਿਆਂ ‘ਤੇ ਆਪੋ ਆਪਣੀ ਥਾਂ ਟੈਲੀਵਿਜ਼ਨ ਮੂਹਰੇ ਬੈਠ ਗਏ। ਮੇਰਾ ਢਾਈ ਸਾਲ ਦਾ ਪੋਤਾ ਤੇ ਸਾਢੇ ਚਾਰ ਸਾਲ ਦੀ ਪੋਤੀ ਇੱਕ ਦਿਨ ਪਹਿਲਾਂ ਹੀ ਟੀ. ਵੀ. ‘ਤੇ ਵਿਆਹ ਦੇਖਣ ਦੀ ਤਿਆਰੀ ਕਰੀ ਬੈਠੇ ਸਨ। ਸਵੇਰੇ ਹੀ ਮੇਰੇ ਪੋਤੇ ਨੇ ਗਲਾਸਗੋ ਤੋਂ ਮੇਰੇ ਵੱਡੇ ਭਰਾ ਭਰਜਾਈ ਦਾ ਭੇਜਿਆ ‘ਮਾਰਕਸ ਐਂਡ ਸਪੈਂਸਰ’ ਦਾ ਦੋ ਪੀਸ ਸੂਟ ਪਾ, ਗਲ ‘ਚ ਬੋ ਟਾਈ ਲਾ ਤੇ ਸਿਰ ‘ਤੇ ਸੂਟ ਦੇ ਰੰਗ ਦੀ ਹੀ ਦਸਤਾਰ ਸਜਾ, ਸਭ ਤੋਂ ਮੂਹਰੇ ਤਿਆਰ ਹੋ ਕੇ ਬੈਠ ਗਿਆ। ਉਹ ਅਕਸਰ ਹੀ ਆਮ ਕਹਿ ਦਿੰਦਾ ਸੀ, “ਬਾਬਾ ਜੀ, ਆਪਾਂ ਨੂੰ ਹੁਣ ਕੋਈ ਵਿਆਹ ਨਹੀਂ ਸਦਦਾ।” ਇਹੀ ਗੱਲ ਕਈ ਵਾਰੀ ਦੁਹਰਾਉਂਦਾ ਰਹਿੰਦਾ।
ਉਸ ਦੇ ਇਸ ਤਕੀਆ-ਕਲਾਮ ਬਾਰੇ ਮੈਂ ਦੱਸਦਾਂ! ਕੋਵਿਡ ਪ੍ਰਕੋਪ ਸੁ.ਰੂ ਹੋਣ ਤੋਂ ਪਹਿਲਾਂ ਦਸੰਬਰ ਦੇ ਸੁ.ਰੂ ‘ਚ, ਸਾਨੂੰ ਗੁਆਂਢ ‘ਚ ਦੋ ਘਰ ਛੱਡ ਕੇ, ਨਵੇਂ ਹੀ ਆਏ ਗੁਆਂਢੀਆਂ ਦੇ ਵਿਆਹ ‘ਚ ਸ਼ਾਮਲ ਹੋਣ ਲਈ ਲੱਡੂ ਤੇ ਕਾਰਡ ਆਏ। ਮੈਂ ਸੋਚਾਂ ਕਿ ਉਨ੍ਹਾਂ ਸਾਨੂੰ ਸੱਦਣ ਦੀ ਕਾਹਨੂੰ ਖੇਚਲ ਕਰਨੀਂ ਸੀ? ਉਨ੍ਹਾਂ ਤਾਂ ਗੁਆਂਢ ‘ਚ ਨਵਾਂ ਨਵਾਂ ਵਾਸਾ ਕੀਤਾ ਹੈ। ਮੈਂ ਸੋਚਾਂ ‘ਚ ਗੁਆਚਿਆ ਕਾਰਨ ਲੱਭਣ ਲੱਗਾ ਤੇ ਇੱਕ ਦਮ ਖਿਆਲ ਦੌੜਿਆ ਕਿ ਸ਼ਾਇਦ ਇਸ ਦੇ ਪਿੱਛੇ ਕਾਰਨ ਇਹ ਹੋਵੇ ਕਿ ਪਿਛਲੀਆਂ ਗਰਮੀਆਂ ‘ਚ ਵੀ ਆਮ ਵਾਂਗ ਮੈਂ ਬਹੁਤਾ ਸਮਾਂ ਘਰ ਦੇ ਮੂਹਰੇ ਫਲਾਂ ਦੇ ਦਰੱਖਤਾਂ ਦੀ ਛਾਂਵੇਂ ਬੈਠਦਾ ਤੇ ਮੇਰਾ ਪੋਤਾ ਵੀ ਮੇਰੇ ਨਾਲ ਹੀ ਬੈਠ ਉੱਥੇ ਖੇਡਦਾ ਰਹਿੰਦਾ। ਉਹ ਗੁਆਂਢੀ ਬਜੁਰਗ ਸ਼ਾਮ ਨੂੰ ਜਦੋਂ ਕੰਮ ਤੋਂ ਆਉਂਦੇ ਤਾਂ ਇਹ ਮੇਰੇ ਕੋਲੋਂ ਉੱਠ ਨੱਠ ਕੇ ਜਾ ਜੱਫੀ ਪਾ ਕੇ ਮਿਲਦਾ ਤੇ ਨਾਲੇ ਮੇਰੀ ਬੁਕਲ ‘ਚੋਂ ਨਿਲਦਾ ਹੀ ਉੱਚੀ ਉੱਚੀ ਕਹਿਣ ਲੱਗਦਾ, “ਬਾਬਾ ਜੀ ਸਾਸਰੀ ਕਾਲ, ਬਾਬਾ ਜੀ ਸਾਸਰੀ ਕਾਲ।” ਤੇ ਉਨ੍ਹਾਂ ਨੂੰ ਝੱਟ ਜਾ ਚੰਬੜਦਾ। ਅੱਗੋਂ ਪਿਛੋਂ ਵੀ ਜਦੋਂ ਕਦੇ ਉਹ ਉਸ ਨੂੰ ਦਿਸ ਪੈਂਦੇ ਤਾਂ ਉੱਚੀ ਅਵਾਜ਼ ‘ਚ ਕਹਿੰਦਾ “ਬਾਬਾ ਜੀ, ਸਾਸਰੀ ਕਾਲ! ਤੁਸੀਂ ਕੀ ਕਰਦੇ ਆਂ?”
ਜਦੋਂ ਮੈਂ ਲੱਡੂਆਂ ਦਾ ਡੱਬਾ ਤੇ ਕਾਰਡ ਲੈ, ਅੰਦਰ ਵੜਿਆ ਤਾਂ ਮੈਨੂੰ ਇੱਕ ਦਮ ਖੁੜਕਿਆ ਕਿ ਇਸ ਵਿਆਹ ਦਾ ਸੱਦਾ ਸਾਨੂੰ ਮੇਰੇ ਪੋਤੇ ਦੀ ਸਾਂਝ ਕਰਕੇ ਮਿਲਿਆ ਹੈ; ਕਿਉਂਕਿ ਉਸ ਦਾ ਗੂੜ੍ਹਾ ਸਨੇਹ ਉਸ ਬਜੁਰਗ ਨਾਲ ਪੈ ਗਿਆ ਸੀ, ਜਿਸ ਦੇ ਲੜਕੇ ਦਾ ਵਿਆਹ ਸੀ। ਵਿਆਹ ਸ਼ੁੱਕਰਵਾਰ ਸੀ, ਸਾਡੇ ਬਾਕੀ ਜੀਅ ਕੰਮ ‘ਤੇ ਸਨ, ਮੈਂ ਤੇ ਮੇਰਾ ਪੋਤਾ ਹੀ ਵਿਆਹ ਗਏ। ਵਿਆਹ ‘ਤੇ ਮਿਲਣੀ ਹੋਣ ਲੱਗੀ ਤਾਂ ਮੇਰਾ ਪੋਤਾ ਜਾਂਦਾ ਹੀ ‘ਬਾਬਾ ਜੀ, ਬਾਬਾ ਜੀ’ ਕਰਦਾ ਗੁਆਂਢੀ ਬਾਬਾ ਜੀ ਦੀਆਂ ਲੱਤਾਂ ਨੂੰ ਜਾ ਚੰਬੜਿਆ ਤੇ ਉਨ੍ਹਾਂ ਗੋਦੀ ਚੁੱਕ ਲਿਆ। ਲਾਵਾਂ ਅਤੇ ਪੂਰਾ ਵਿਆਹ ਹੁੰਦੇ ਦੌਰਾਨ ਵੀ ਉਸੇ ਬਾਬਾ ਜੀ ਦੇ ਦੁਆਲੇ ਹੀ ਘੁੰਮਦਾ ਰਿਹਾ। ਹੁਣ ਮੇਰਾ ਵਿਸ਼ਵਾਸ ਪੱਕਾ ਹੋ ਗਿਆ ਕਿ ਇਹ ਵਿਆਹ ਸਾਨੂੰ ਮੇਰੇ ਪੋਤੇ ਕਰਕੇ ਹੀ ਆਇਆ ਹੈ।
ਕੋਵਿਡ ਮਹਾਮਾਰੀ ਦੌਰਾਨ ਅਜਿਹੇ ਵਿਆਹ ਦੇਖਣਾ ਤਾਂ ਦੂਰ ਦੀ ਗੱਲ, ਹੁਣ ਤਾਂ ਵਾਰ ਵਾਰ ਸਾਬਣ ਨਾਲ ਹੱਥ ਧੋਣ, ਸੈਨੇਟਾਈਜ਼ਰ ਵਰਤਣਾ, ਮੂੰਹ ਤੇ ਮਾਸਕ ਪਾਉਣਾ ਰੋਜਾਨਾ ਜੀਵਨ ਦਾ ਅੰਗ ਬਣ ਗਿਆ ਹੈ। ਅੱਗੇ, ਜਦੋਂ ਮਰਜੀ ਕਿਸੇ ਸਾਕ ਸਬੰਧੀ ਦੇ ਘਰ ਜਾ ਦਸਤਕ ਦਿਓ; ਅਗਲੇ ਖਿੜੇ ਮੱਥੇ ਜੀ ਆਇਆਂ ਕਹਿ, ਪੰਜਾਬੀ ਖੁੱਲੇ ਡੁੱਲੇ ਸੁਭਾਅ ਮੁਤਾਬਕ ਅੰਦਰ ਬਿਠਾ ਚਾਹ ਪਾਣੀ ਪਿਆ, ਆਪ ਵੀ ਅਨੰਦ ਮਾਣਦੇ ਸਨ ਤੇ ਜਾਣ ਵਾਲੇ ਨੂੰ ਵੀ ਇੱਕ ਅਜੀਬ ਖੁਸ਼ੀ ਦਾ ਅਨੁਭਵ ਕਰਵਾAੁਂਦੇ ਸਨ। ਹੁਣ ਕੋਵਿਡ-19 ਨੇ ਇਹ ਸਭ ਕੁਝ ਲੀਹੋਂ ਲਾਹ ਮਾਰਿਆ ਹੈ। ਮੈਂ ਇਹ ਖੁਦ ਮਹਿਸੂਸ ਕਰ ਰਿਹਾ ਹਾਂ ਕਿ ਕਿਸੇ ਦੇ ਜਾਣਾ ਜਾਂ ਕਿਸੇ ਦਾ ਆਉਣਾ ਤਾਂ ਦੂਰ ਦੀ ਗੱਲ, ਲੋਕ ਇੱਕ ਦੂਸਰੇ ਨੂੰ ਫੋਨ ਕਰਨ ਤੋਂ ਵੀ ਝਿਜਕਣ ਲੱਗੇ ਹਨ ਜਿਵੇਂ ਕਿ ਫੋਨ ਦੇ ਵਿਚਦੀ ਵੀ ਕਿਤੇ ਕਰੋਨਾ ਵਾਇਰਸ ਨਾ ਆ ਚੰਬੜੇ। ਇਹ ਇੱਕ ਸੁਭਾਅ ਬਣਨ ਵਲ ਨੂੰ ਤੁਰ ਪਿਆ ਹੈ ਕਿ ਜੇ ਮਿਲਣ-ਗਿਲਣ ਤੋਂ ਰੁਕਾਵਟ ਹੈ ਤਾਂ ਫੋਨ ਕਰਨ ਤੋਂ ਵੀ ਝਿਜਕ ਹੋਣ ਲੱਗਾ ਹੈ। ਸੈਲ ਫੋਨ ਤਾਂ ਭਾਵੇਂ ਮੇਰੇ ਕੋਲ ਹੈ ਨਹੀਂ, ਪਰ ਘਰ ਦੇ ਬਾਹਰ ਮੁਹਰੇ ਜਾਂ ਪਿਛਵਾੜੇ, ਸੰਘਣੇ ਦਰੱਖਤਾਂ ਦੀ ਛਾਂਵੇਂ ਬੈਠਾ ਸਾਰਾ ਦਿਨ ਲੈਂਡ ਲਾਈਨ ਵਾਲਾ ਫੋਨ ਹੀ ਜੇਬ ‘ਚ ਪਾ ਕੇ ਬੈਠਾ ਰਹਿੰਦਾ ਹਾਂ; ਪਰ ਜਦੋਂ ਚੌਥੇ ਪੰਜਵੇਂ ਦਿਨ ਇਕ ਅੱਧ ਵਾਰ ਉਸ ਦੀ ਰਿੰਗ ਵੱਜਦੀ ਹੈ, ਉਸ ਵਿਚੋਂ ਵੀ ਬਹੁਤੀ ਵਾਰੀ ਜਾਂ ਤਾਂ ਫਰਾਡ ਕਾਲ ਹੁੰਦੀ ਹੈ ਜਾਂ ਕੋਈ ਟੈਲੀਮਾਰਕਿਟਰ। ਸਾਰਾ ਦਿਨ ਜੇਬ ‘ਚ ਪਾਇਆ ਫੋਨ ਵੀ ਹੁਣ ਮੈਨੂੰ ਅਕੇਵਾਂ ਮਹਿਸੂਸ ਕਰਵਾAਣ ਲੱਗ ਪਿਆ ਹੈ ਕਿ ਕਿਉਂ ਮੈਂ ਬੋਝੇ ‘ਚ ਫੋਨ ਦਾ ਭਾਰ ਚੁੱਕੀ ਬੈਠਾ ਰਹਿੰਦਾ ਹਾਂ, ਜਦੋਂ ਕਿਸੇ ਫੋਨ ਤਾਂ ਕਰਨਾ ਹੀ ਨਹੀਂ!
ਕਿਸੇ ਦੇ ਜਾਣ ਜਾਂ ਕਿਸੇ ਦੇ ਆਉਣ ਦਾ ਚਾਅ ਬਣਿਆ ਰਹਿੰਦਾ ਸੀ, ਹੁਣ ਨਾ ਕੋਈ ਕਿਸੇ ਦੇ ਆਏ ਤੇ ਨਾ ਕਿਸੇ ਦੇ ਜਾਓ। ਵਡੇਰੀ ਉਮਰ ਵਾਲਿਆਂ ਦੇ ਮਨਾਂ ‘ਚ ਤਾਂ ਇਸ ਮਹਾਮਾਰੀ ਦਾ ਭੈ ਹੋਰ ਵੀ ਬਣਿਆ ਹੋਇਆ ਹੈ। ਮੇਰੇ ਮਨ ‘ਚ ਇਹ ਵਿਚਾਰ ਹਾਲੇ ਘੁੰਮ ਹੀ ਰਹੇ ਸਨ ਕਿ ਮੇਰੀ ਜੇਬ ‘ਚ ਪਏ ਫੋਨ ਦੀ ਘੰਟੀ ਵੱਜਣ ਲੱਗੀ, ਮੇਰਾ ਮਨ ਇੱਕ ਦਮ ਖਿੜ ਗਿਆ ਕਿ ਕੋਈ ਫੋਨ ਤਾਂ ਆਇਆ, ਐਵੇਂ ਚਹੁੰ ਦਿਨਾਂ ਦਾ ਪੈਂਟ ਦੇ ਬੋਝੇ ‘ਚ ਪਾਈ ਫਿਰਦਾਂ; ਪਿਛਲੇ ਚਾਰ ਦਿਨ ਤਾਂ ਕੋਈ ਘੰਟੀ ਵੱਜੀ ਹੀ ਨਹੀਂ! ਮੈਂ ਦਬਾ ਦਬ ਫੋਨ ਕੱਢਣ ਲੱਗਾ ਤਾਂ ਮੈਂ ਜਿੰਨਾ ਜਲਦੀ ਉਸ ਨੂੰ ਕੱਢਣ ਦਾ ਯਤਨ ਕਰਾਂ, ਉਹ ਉਤਨਾ ਹੀ ਹੋਰ ਸੱਜੀ ਜੇਬ ਦੀ ਨੁੱਕਰੇ ਸਿਰ ਅੜਾਈ ਜਾਏ; ਮੇਰੇ ਕੱਢਦੇ ਕੱਢਦੇ ਦੋ ਘੰਟੀਆਂ ਜੇਬ ‘ਚ ਹੀ ਵੱਜ ਗਈਆਂ ਤਾਂ ਮੈਨੂੰ ਭੈਅ ਬਣਨ ਲੱਗਾ ਕਿ ਅਗਲਾ ਫੋਨ ਰੱਖ ਹੀ ਨਾ ਦਏ! ਖਿੱਚ ਧੂਹ ਕਰਦੇ ਨੇ ਜੇਬ ‘ਚੋਂ ਫੋਨ ਕੱਢ ਹੀ ਲਿਆ ਤੇ ਦਬਾ ਦਬ ਹਰਾ ਬਟਨ ਦਬਾ ਉੱਚੀ ਦੇ ਕੇ ਹੈਲੋ ਕਿਹਾ, ਜੋ ਆਲੇ-ਦੁਆਲੇ ਦੋ ਦੋ ਘਰਾਂ ‘ਚ ਸੁਣਿਆ ਹੋਊ।
ਇਹ ਸਾਡੀ ਰਿਸ਼ਤੇਦਾਰੀ ‘ਚੋਂ ਇੱਕ ਬੀਬੀ ਦਾ ਫੋਨ ਸੀ, ਹੁਣ ਮੈਂ ਘਰ ਦੇ ਮੂਹਰੇ ਫਲਾਂ ਦੇ ਦਰੱਖਤਾਂ ਦੀ ਛਾਂਵੇਂ ਆਰਾਮ ਕੁਰਸੀ ‘ਤੇ ਬੈਠੇ, ਉਸ ਨਾਲ ਗੱਲਾਂ ਕਰਨ ਨੂੰ ਡਡਿਆਏ ਪਏ ਨੇ ਲਗਦੀ ਹੀ ਸੱਟੇ ਉਸ ਦਾ ਹਾਲ ਚਾਲ ਪੁੱਛ ਮਾਰਿਆ। ਮਹੀਨਾ ਕੁ ਪਹਿਲਾਂ ਉਸ ਦਾ ਸੱਜਾ ਗੋਡਾ ਨਵਾਂ ਪਾਇਆ ਸੀ ਤਾਂ ਉਦੋਂ ਮੈਂ ਆਪਣੀ ਬੇਟੀ ਨੂੰ ਨਾਲ ਲੈ ਉਨ੍ਹਾਂ ਦੇ ਘਰ ਦੂਰੋਂ ਹੀ ਬੈਠ ਉਸ ਦੀ ਖਬਰਸਾਰ ਲੈ ਆਏ ਸਾਂ। ਮੈਂ ਸੋਚਦਾ ਸਾਂ ਕਿ ਹੁਣ ਤਾਂ ਉਹ ਨੌ-ਬਰ-ਨੌ ਹੋ ਠੁਮਕ-ਠੁਮਕ ਤੁਰੀ ਫਿਰਦੀ ਹੋਊ, ਪਰ ਜਦੋਂ ਉਸ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ ਉਸ ਦਾ ਤਾਂ ਰੰਗ ਢੰਗ ਈ ਹੋਰ ਸੀ। ਇਸ ਮਹਾਮਾਰੀ ਦੌਰਾਨ ਉਹ ਗੋਡਾ ਤਾਂ ਨਵਾਂ ਪੁਆ ਆਈ, ਪਰ ਰੀ-ਹੈਬ ਲਈ ਉਸ ਦੀ ਵਾਰੀ ਆਉਣ ‘ਚ ਦੇਰੀ ਹੋਣ ਕਰਕੇ ਘਰੇ ਹੀ ਡਾਕਟਰਾਂ ਦੇ ਦੱਸੇ ਮੁਤਾਬਕ, ਕੁਝ ਕਸਰਤ ਕਰਨ ਦਾ ਯਤਨ ਤਾਂ ਕਰਦੀ ਰਹੀ ਪਰ ਉਸ ਦਾ ਗੋਡਾ ਸਹੀ ਹੋਣ ਦੀ ਥਾਂ ਹੋਰ ਵੀ ਜਕੜਿਆ ਗਿਆ। ਹੁਣ ਉਸ ਨੂੰ ਤੁਰਨ ‘ਚ ਵੀ ਤਕਲੀਫ ਅਤੇ ਬੈਠਣ ਉੱਠਣ ‘ਚ ਵੀ ਔਖਿਆਈ ਡਾਢੀ ਸੀ। ਸਭ ਤੋਂ ਵੱਧ ਉਹ ਕੋਵਿਡ-19 ਕਾਰਨ ਘਰੇ ਕੈਦ ਹੋਣ ਤੋਂ ਦੁਖੀ ਸੀ। ਮਹਾਮਾਰੀ ਤੋਂ ਪਹਿਲਾਂ ਜੋ ਖੁੱਲ੍ਹਾਂ ਸਨ, ਉਨ੍ਹਾਂ ਦਾ ਝੋਰਾ ਉਸ ਨੂੰ ਵੱਧ ਖਾਈ ਜਾ ਰਿਹਾ ਸੀ। ਮੈਂ ਸੋਚਾਂ ਕਿ ਮੈਂ ਤਾਂ ਸੋਚਦਾ ਸੀ ਕਿ ਮੈਨੂੰ ਕੋਈ ਫੋਨ ਨਹੀਂ ਆਉਂਦਾ, ਇਸ ਕਰਕੇ ਝੋਰਾ ਕਰਦਾਂ, ਅੱਗੋਂ ਇਹ ਬੀਬੀ ਮੇਰੇ ਨਾਲੋਂ ਵੀ ਵੱਧ ਦੁਖੀ ਹੈ, ਸਾਰਿਆਂ ਵਾਂਗ ਇਸ ਮਹਾਮਾਰੀ ਦੌਰਾਨ ਬੰਦਿਸ਼ਾਂ ਤੋਂ ਤਾਂ ਔਖੀ ਹੈ ਹੀ, ਪਰ ਜਿਹੜਾ ਉੱਪਰੋਂ ਉਸ ਦੇ ਗੋਡੇ ਦਾ ਮੁਰੰਮਤ ਕਰਵਾਉਣ ਉਪਰੰਤ ਵੀ ਠੀਕ ਨਾ ਹੋਣਾ ਉਸ ਲਈ ਦੂਹਰੇ ਸਦਮੇ ਵਾਲੀ ਗੱਲ ਹੈ।
ਜਹਾਜਾਂ ‘ਚ ਸਫਰ ਕਰਨ ਤੋਂ ਵੀ ਭੈਅ ਆਉਣ ਲੱਗਾ ਹੈ, ਜਦੋਂ ਹਜ਼ਾਰਾਂ ਹੀ ਯਾਤਰੂ, ਆਮ ਵਾਂਗ ਪੰਜਾਬ ਫੇਰੀ ‘ਤੇ ਗਏ, ਉੱਥੇ ਹੀ ਫਸ ਗਏ ਤੇ ਕਿਵੇਂ ਤਰਲਿਆਂ ਨਾਲ ਤਿੱਗਣਾ-ਚੌਗਣਾ ਭਾੜਾ ਜਹਾਜਾਂ ਵਾਲਿਆਂ ਨੂੰ ਦੇ ਵਾਪਸ ਪਰਤੇ, ਖੱਜਲ-ਖੁਆਰੀ ਵਾਧੂ। ਜਿਨ੍ਹਾਂ ਇਹ ਤਜ਼ਰਬਾ ਹੱਡੀਂ ਹੰਢਾਇਆ, ਉਹ ਤਾਂ ਮੁੜ ਜਾਣ ਤੋਂ ਪਹਿਲਾਂ ਸੌ ਵਾਰੀ ਸੋਚਣਗੇ। ਸਾਡੇ ਕਈ ਨਜ਼ਦੀਕੀ ਰਿਸ਼ਤੇਦਾਰ ਜਿਵੇਂ ਜਿਵੇਂ ਮੁੜ ਕੇ ਆ ਕੇ ਆਪਣੀਆਂ ਹੱਡ ਬੀਤੀਆਂ ਸੁਣਾਉਂਦੇ ਹਨ ਤਾਂ ਸੁਣ ਕੇ ਹੈਰਾਨੀ ਤੇ ਡਾਢਾ ਦੁੱਖ ਹੁੰਦਾ ਹੈ ਕਿ ਕਿਵੇਂ ਚੰਗੇ ਭਲੇ ਜਾਣ-ਪਛਾਣ ਵਾਲੇ ਤੇ ਹੋਰ ਸਾਕ ਸਬੰਧੀ ਵੀ, ਮਿਲਣੋਂ ਗੁਰੇਜ਼ ਕਰਨ ਲੱਗ ਪਏ ਸਨ। ਜੇ ਕੋਈ ਬਾਹਰੋਂ ਗਿਆ ਪੰਜਾਬ ‘ਚ ਮਰ ਗਿਆ ਤਾਂ ਉਸ ਦੀ ਅਰਥੀ ਨੂੰ ਮੋਢਾ ਦੇਣਾ ਤਾਂ ਦੂਰ ਦੀ ਗੱਲ, ਉਸ ਦੀ ਦੇਹ ਨੂੰ ਅਗਨ ਭੇਟ ਕਰਨ ਤੋਂ ਵੀ ਨੱਕ ਵੱਟਦੇ ਸਨ ਕਿ ਕਿਤੇ ਸਿਵਾ ਜਲਦੇ ਦੇ ਧੂਏਂ ਨਾਲ ਹੀ ਉਨ੍ਹਾਂ ਨੂੰ ਕਰੋਨਾ ਨਾ ਹੋ ਜਾਏ।
ਅਜਿਹੀ ਮਹਾਮਾਰੀ ‘ਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਮਲੇ-ਫੈਲੇ ਨੂੰ ਦਾਦ ਦੇਣੀ ਬਣਦੀ ਹੈ; ਜਿਨ੍ਹਾਂ ਇੰਨੀ ਸ਼ਿੱਦਤ ਨਾਲ ਅੱਗੇ ਹੋ ਕੇ ਮੋਰਚਾ ਸੰਭਾਲਿਆ ਹੋਇਆ ਹੈ; ਜਿਵੇਂ ਕਿ ਨਰਸਾਂ, ਡਾਕਟਰ ਤੇ ਹੋਰ ਕਰਮਚਾਰੀ, ਜੋ ਹਸਪਤਾਲਾਂ ‘ਚ ਰੋਜ਼ ਹੀ ਮਹਾਮਾਰੀ ਪੀੜਤ ਮਰੀਜ਼ਾਂ ਦੀ ਦੇਖ-ਭਾਲ ਲਗਾਤਾਰ ਕਰਦੇ ਆ ਰਹੇ ਹਨ। ਅਸੀਂ ਤਾਂ ਘਰ ਬੈਠੇ ਹੀ ਡਰਦੇ ਹਾਂ, ਉਹ ਹਰ ਰੋਜ਼ ਖਤਰਾ ਮੁੱਲ ਲੈ ਕੇ ਕੋਵਿਡ-19 ਦੇ ਰੋਗੀਆਂ ਦੀ ਸਾਰ, ਪੱਬਾਂ ਭਾਰ ਹੋ ਕੇ ਲੈ ਰਹੇ ਹਨ।
ਇਸ ਮਹਾਮਾਰੀ ਨੇ ਕਿਸੇ ਨੂੰ ਬਖਸ਼ਿਆ ਨਹੀਂ, ਚਾਹੇ ਕੋਈ ਗਰੀਬ ਹੈ ਜਾਂ ਅਮੀਰ-ਸਾਰੀ ਦੁਨੀਆਂ ਨੂੰ ਭੁਆਂਟਣੀ ਦੇ ਦਿੱਤੀ ਹੈ। ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ, ਜਿਸ ‘ਚ ਰਹਿਣ-ਸਹਿਣ, ਮਿਲਣ-ਵਰਤਣ ਆਦਿ ਦੇ ਤੌਰ ਤਰੀਕੇ ਹੀ ਬਦਲ ਗਏ ਹਨ। ਰੈਸਟੋਰੈਂਟ, ਹਵਾਈ ਸਫਰ, ਸਮੁੰਦਰੀ ਜਹਾਜਾਂ ਦੀਆਂ ਅਨੰਦਮਈ ਯਾਤਰਾਵਾਂ, ਵੱਡੇ ਵੱਡੇ ਸੰਗੀਤ ਦੇ ਸੰਮੇਲਨ, ਸਿਆਸੀ ਤੇ ਧਾਰਮਿਕ ਇਕੱਠ, ਖੇਡ ਦਰਸ਼ਕਾਂ ਦੀਆਂ ਭੀੜਾਂ-ਸਭ ਬੀਤੇ ਦੀ ਗੱਲ ਬਣ ਕੇ ਰਹਿ ਗਈਆਂ ਹਨ। ਇਸ ਸਭ ਕਾਸੇ ਨਾਲ ਵਪਾਰ ਤੇ ਨੌਕਰੀਆਂ ਨੂੰ ਡਾਢੀ ਢਾਹ ਲੱਗੀ ਹੈ, ਲੋਕਾਂ ਦੇ ਰੁਜ਼ਗਾਰ ਖੁੱਸੇ ਹਨ, ਇਹ ਸਭ ਬੇਮਿਸਾਲ ਹੈ। ਭਾਵੇਂ ਕੁਝ ਮੁਲਕਾਂ ਦੀਆਂ ਸਰਕਾਰਾਂ ਰਾਹਤ ਕਾਰਜਾਂ ‘ਚ ਲੋਕਾਂ ਦੀ ਮਦਦ ਕਰ ਰਹੀਆਂ ਹਨ, ਪਰ ਜਿਹੜੇ ਮੁਲਕ ਇਸ ਦੇ ਸਮਰੱਥ ਨਹੀਂ ਅਤੇ ਜਿਨ੍ਹਾਂ ਕੋਲ ਸਾਧਨਾਂ ਤੇ ਵਸੀਲਿਆਂ ਦੀ ਘਾਟ ਹੈ, ਉਨ੍ਹਾਂ ਦੇਸ਼ਾਂ ਦੇ ਲੋਕਾਂ ਦਾ ਕੀ ਹਾਲ ਹੈ? ਲਗਦੈ ਇਸ ਮਹਾਮਾਰੀ ਨੂੰ ਨਜਿੱਠਣ ਤੇ ਢੁਕਵੇਂ ਸਥਾਈ ਹੱਲ ਅਨੁਸਾਰ ਇਸ ‘ਤੇ ਕਾਬੂ ਪਾਉਣ ਲਈ ਹਾਲੇ ਲੰਬੀ ਅਤੇ ਅਣਮੁੱਕ ਜੱਦੋ ਜਹਿਦ ਕਰਨੀ ਪੈਣੀ ਹੈ; ਨਾਲ ਹੀ ਹਰ ਪੱਖੋਂ ਇਸ ਦਾ ਸਾਹਮਣਾ ਸਿਰੜ, ਜ਼ਾਬਤੇ ਤੇ ਪਰਪੱਕ ਇਰਾਦੇ ਨਾਲ ਕਰਨ ਦੀ ਲੋੜ ਹੈ।