ਨਿੰਦਰ ਘੁਗਿਆਣਵੀ
ਇਹ ਸਵਾਲ ਆਪਣੇ ਆਪ ਨੂੰ ਪੁੱਛਦਾ ਹਾਂ ਕਿ ਆਪਣੇ ਵੱਡਿਆਂ ਦੀਆਂ ਨਿੱਕੀਆਂ-ਨਿੱਕੀਆਂ ਵਸਤਾਂ ਨਾਲ ਮੋਹ ਜਿਹਾ ਕਿਉਂ ਹੋ ਜਾਂਦਾ ਹੈ? ਇਕ ਲਗਾਓ ਜਿਹਾ ਸਦਾ ਕਿਉਂ ਬਣਿਆ ਰਹਿੰਦਾ ਹੈ। ਉਨ੍ਹਾਂ ਬਜੁਰਗਾਂ ਦੀਆਂ ਨਿੱਜੀ ਵਸਤਾਂ ਸਾਨੂੰ ਉਨ੍ਹਾਂ ਦੀ ਯਾਦ ਦਿਵਾਉਂਦੀਆਂ ਰਹਿੰਦੀਆਂ ਨੇ। ਦੇਸ਼-ਵਿਦੇਸ਼ ਗਾਹੁੰਦਿਆਂ ਮੈਂ ਕੁਝ ਗੋਰੇ ਲੋਕ ਦੇਖੇ, ਜੋ ਆਪਣੇ ਵੱਡਿਆਂ ਦੀਆਂ ਨਿੱਕੀਆਂ ਵੱਡੀਆਂ ਵਸਤਾਂ ਨੂੰ ਕਿਸੇ ਅਜਾਇਬ ਘਰ ਵਾਂਗ ਸਾਂਭ-ਸਾਂਭ ਰੱਖਦੇ ਨੇ ਅਤੇ ਇੰਜ ਕਰਦਿਆਂ ਉਹ ਉਨ੍ਹਾਂ ਦੇ ਨੇੜੇ-ਤੇੜੇ ਤੁਰੇ ਫਿਰਦੇ ਹੀ ਮਹਿਸੂਸ ਹੁੰਦੇ ਰਹਿੰਦੇ ਨੇ।
ਕਦੇ ਕਦੇ ਮੈਨੂੰ ਮੇਰੀ ਦਾਦੀ ਬਹੁਤ ਚੇਤੇ ਆਉਂਦੀ ਹੈ। ਮੈਂ ਉਹਦੀਆਂ ਵਸਤਾਂ ਦੇਖਣ ਲਗਦਾ ਹਾਂ। ਹੇ ਪਿਆਰੀ ਦਾਦੀ, ਮੈਂ ਤੇਰਾ ਪਿੱਤਲ ਦਾ ਕੜੇ ਵਾਲਾ ਵੱਡਾ ਗਲਾਸ ਸਾਂਭ-ਸਾਂਭ ਰਖਦਾਂ। ਘਰ ਦੇ ਜੀਅ ਇਸ ਨੂੰ ‘ਫਾਲਤੂ’ ਜਿਹਾ ਤੇ ਪਿੱਤਲ ਦਾ ਸਮਝ ਕੇ ਖੱਲ-ਖੂੰਜੇ ਲਾ ਦਿੰਦੇ ਨੇ ਜਾਂ ਫਿਰ ਨਕਾਰਾ ਭਾਂਡਿਆਂ ਵਿਚ ਧਰ ਦਿੰਦੇ ਨੇ, ਪਰ ਮੈਨੂੰ ਪਤੈ ਕਿ ਭਾਂਡੇ ਕਦੇ ਨਕਾਰਾ ਨਹੀਂ ਹੁੰਦੇ। ਭਾਂਡੇ ਤਾਂ ਖਾਲੀ-ਖਾਲੀ ਹੁੰਦੇ ਹੋਏ ਵੀ ਖੁਸ਼-ਖੁਸ਼ ਰਹਿੰਦੇ ਨੇ, ਬੰਦਾ ਭਰਿਆ-ਭਰਿਆ ਵੀ ਖਾਲੀ-ਖਾਲੀ ਜਾਪਦਾ ਹੈ। ਨਾਖੁਸ਼ ਹੈ ਬੰਦਾ। ਭਾਂਡਿਆ ਨੂੰ ‘ਭੰਡਣ’ ਵਾਲੇ ਬੇਅਕਲੇ ਹੁੰਦੇ ਨੇ। ਇਹ ਠੀਕ ਐ ਕਿ ਸਮੇਂ-ਸਮੇਂ ‘ਤੇ ਭਾਂਡੇ ਵੀ ਰੰਗ ਵਟਾਉਂਦੇ ਰਹਿੰਦੇ ਨੇ, ਬੰਦਿਆਂ ਵਾਂਗ!
ਪਿਆਰੀ ਦਾਦੀ, ਮੈਂ ਤੇਰੇ ਇਸ ਯਾਦਗਾਰੀ ਗਲਾਸ ਨੂੰ ਏਧਰੋਂ ਉਧਰੋਂ ਮੁੜ ਲੱਭ ਲੈਂਦਾ ਹਾਂ। ਸਵੇਰੇ-ਸਵੇਰੇ ਤੇਰੇ ਹੱਥੋਂ ਮੇਰਾ ਬਾਪ ਤੇ ਤਾਇਆ ਏਸੇ ਕੜੇ ਵਾਲੇ ਗਲਾਸ ਵਿਚ ਖੇਤ ਜਾਣ ਵੇਲੇ, ਤੇਰੀ ਰਿੜਕੀ ਲੱਸੀ ਪੀਆ ਕਰਦੇ ਸਨ ਤੇ ਬੂਰੀ ਮਹਿੰ ਦਾ ਦੁੱਧ ਡਕਾਰਦੇ ਰਹੇ ਸਨ। ਇਹ ਗਲਾਸ ਵੇਖ ਪਿਤਾ, ਤਾਇਆ ਤੇ ਤੇਰੀ ਬਹੁਤ ਯਾਦ ਆਉਂਦੀ ਹੈ ਤੇ ਨਾਲ ਨਾਲ ਉਸ ਸੱਜਰੀ ਸਵੇਰ ਦੀ ਮਿੱਠੀ ਮਿੱਠੀ ਯਾਦ ਵੀ। ਉਹੋ ਜਿਹੀ ਸੱਜਰੀ ਸਵੇਰ ਹੁਣ ਕਿਉਂ ਨਹੀਂ ਲੱਭਦੀ, ਪਿਆਰੀ ਦਾਦੀਏ ਸਾਡੇ ਪਿੰਡਾਂ ਵਿਚ? ਮਨੁੱਖਾਂ ਵਾਂਗ ਸਵੇਰਾਂ ਵੀ ਹੁਣ ਖੁਸ਼ਕ ਹੋ ਗਈਆਂ ਨੇ। ਦਾਦੀ! ਮੈਂ ਇਸ ਗਲਾਸ ਨੂੰ ਕਦੀ ਵੀ ਗੁਆਉਣਾ ਨਹੀਂ ਚਾਹੁੰਦਾ। ਨਾ ਤੇਰੀ ਪੀਹੜੀ ਗੁਆਈ ਹੈ ਤੇ ਨਾ ਤੇਰਾ ਤੈਨੂੰ ਦਾਜ ਵਿਚ ਮਿਲਿਆ ਸਵਾ ਸੌ ਸਾਲ ਪੁਰਾਣਾ ਪਲੰਘ ਹੀ ਕਿਧਰੇ ਜਾਣ ਦਿੱਤਾ ਹੈ। ਜੇ ਗੁਆਇਆ ਹੈ ਤਾਂ ਦਾਦੇ ਤੈਨੂੰ ਗੁਆਇਆ ਹੈ; ਪਿਓ ਤੇ ਦੋ ਭੂਆਂ ਵੀ ਗੁਆਚ ਗਈਆਂ ਨੇ ਅਤੇ ਤਾਇਆ ਰਾਮ ਤੇ ਚਾਚਾ ਸ਼ਾਮ ਵੀ ਚਲੇ ਗਏ ਨੇ। ਕਿੱਡਾ ਵੱਡਾ ਟੱਬਰ ਸੀ ਆਪਣਾ ਭਰਿਆ-ਭਰਿਆ। ਹੌਕਾ ਨਿਕਲਦਾ ਹੈ! ਹਰੇ-ਭਰੇ ਟੱਬਰ ਵੀ ਸਮੇਂ-ਸਮੇਂ ਸੁੱਕ ਜਾਂਦੇ ਨੇ। ਘਰ ਖਾਲੀ ਹੋ ਜਾਂਦੇ ਨੇ। ਪਸੂ ਡੰਗਰ ਵੀ ਮੂੰਹ ਫੇਰਨ ਲਗਦੇ ਨੇ, ਬੰਦਿਆਂ ਨੇ ਤਾਂ ਮੂੰਹ ਭੁਆਉਣੇ ਹੀ ਹੋਏ!
(ਗਲਾਸ ਦੀ ਕੰਨੀ ਉਤੇ ਉਰਦੂ ਵਿਚ ਕੁਛ ਲਿਖਿਆ ਹੋਇਆ ਹੈ, ਉਰਦੂ ਉਠਾਉਣ ਵਾਲਾ ਦਸਦਾ ਹੈ ਕਿ ਅਮਰਤ ਲਾਲ ਲਿਖਿਆ ਹੈ, ਮੇਰੇ ਦਾਦੇ ਦਾ ਨਾਂ)
ਭੂਆ ਦੀ ਚਿੱਠੀ: ਭੂਆ ਦੀ ਚਿੱਠੀ ਅਚਾਨਕ ਹੱਥ ਲੱਗ ਗਈ। ਅੱਖਾਂ ਭਰ ਆਈਆਂ। 26 ਅਪਰੈਲ 1996 ਦਾ ਲਿਖਿਆ ਹੋਇਆ ਪੀਲਾ ਪੋਸਟ ਕਾਰਡ। ਉਦੋਂ ਮੈਂ ਪਟਿਆਲੇ ਭਾਸ਼ਾ ਵਿਭਾਗ ਵਿਚ ਕੱਚੀ ਨੌਕਰੀ ਕਰਦਾ ਸਾਂ, ਭੂਆ ਨੇ ਉਥੋਂ ਦੇ ਪਤੇ ਉਤੇ ਇਹ ਕਾਰਡ ਲਿਖਿਆ ਸੀ। ਸੋਚਦਾ ਹਾਂ ਕਿ ਹੁਣ ਕੋਈ ਐਸੀ ਭੂਆ ਹੋਊ, ਭਤੀਜੇ ਨੂੰ ਖਤ ਲਿਖਣ ਵਾਲੀ? “ਨਹੀਂ!” ਆਪਣੇ ਆਪ ਜੁਆਬ ਮਿਲਦਾ ਹੈ। ਹੁਣ ਭੂਆ ਵੀ ਨਹੀਂ। ਫੁੱਫੜ ਵੀ ਨਹੀਂ, ਪਰ ਭੂਆ ਦਾ ਪਿੰਡ ਕੋਟਭਾਈ ਕਦੀ ਨਹੀਂ ਵਿੱਸਰਦਾ ਤੇ ਨਾ ਦੁੱਗਲ ਪਰਿਵਾਰ। ਸਭ ਚੇਤੇ ਵਿਚ ਵੱਸੇ ਹੋਏ ਹਨ। ਨਿੱਕਾ ਹੁੰਦਾ ਭੂਆ ਕੋਲ ਕਈ ਕਈ ਮਹੀਨਾ ਰਹਿੰਦਾ ਹੁੰਦਾ ਸਾਂ। ਪਿੰਡ ਆਉਣਾ, ਫਿਰ ਜੀਅ ਨਾ ਲੱਗਣਾ ਤੇ ਝੋਲਾ ਚੁੱਕ ਕੇ ਮੁਕਤਸਰ ਵਾਲੀ ਬਸ ਚੜ੍ਹ ਜਾਣਾ, ਉਥੋਂ ਕੋਟਭਾਈ ਵਾਲੀ ਬਸ ਲੈ ਲੈਣੀ। ਕਿੰਨਾ ਚਾਅ ਤੇ ਉਤਸ਼ਾਹ ਹੁੰਦਾ ਸੀ, ਕੋਈ ਲੇਖਾ ਨਹੀ।
ਸੰਧਿਆ ਵੇਲਾ! ਸ਼ਾਮ ਉਤਰ ਆਈ ਹੈ। ਰਹਿਰਾਸ ਦਾ ਪਾਠ ਹੋਣ ਲੱਗਿਆ ਹੈ। ਪੰਛੀ ਟਿਕਣ ਲੱਗੇ ਨੇ। ਆਲਣਾ ਟੋਂਹਦੀ ਹੈ ਚਿੜੀ। ਰੁੱਖ ਸੌਣ ਦੀ ਤਿਆਰੀ ‘ਚ ਨੇ। ਸੁਖਚੈਨ ਦਾ ਰੁੱਖ ਚੈਨ ਲੋਚਦਾ ਹੈ। ਚੁੱਲੇ ਦਾਲ ਰਿੱਝ ਰਹੀ ਹੈ। ਭਾਂਡੇ ਖੜਕਣ ਲੱਗੇ ਹਨ। ਕੋਠੇ ਉਤੇ ਬਿੱਲਾ ਭੁੜਕਿਆ, ਖਵਰੇ ਅੱਜ ਫਿਰ ਮੀਟ ਬਣੇਗਾ! ਵਿਹੜੇ ‘ਚ ਮੱਛਰ ਦੀ ਭਿਣਭਿਣਾਹਟ ਹੈ।
ਗਲੀ ‘ਚ ਕਰੋਨਾ ਦਾ ਭੈਅ ਭੱਜਿਆ ਫਿਰ ਰਿਹੈ। ਪਾਠ ਮੁਕਾ ਕੇ ਬਾਬਾ ਅਰਦਾਸ ਕਰੇਗਾ ਤੇ ਸਰਬੱਤ ਦਾ ਭਲਾ ਮੰਗੇਗਾ। ਵਾਕ ਲਵੇਗਾ, ਧਿਆਨ ਲਾ ਕੇ ਸੁਣਾਂਗਾ। ਮਨ ਹੀ ਮਨ ਬੁਣਤਾਂ ਬੁਣਾਂਗਾ। ਆਪਣੀ ਡਾਇਰੀ ਦੇ ਪੰਨੇ ਲਿਖ ਰਿਹਾ ਹਾਂ। ਰੱਬ ਖੈਰ ਕਰੇ!!
