ਕਰੋਨਾ ਮਹਾਮਾਰੀ: ਵਿਗਿਆਨਕ, ਸਮਾਜਕ ਅਤੇ ਰਾਜਨੀਤਕ ਪਹਿਲੂ

ਕਰੋਨਾ ਵਾਇਰਸ ਨੇ ਮਨੁੱਖ ਦੇ ਵਰਤਮਾਨ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਇਸ ਪ੍ਰਭਾਵ ਦੇ ਨਤੀਜੇ ਆਉਣ ਵਾਲੇ ਕੱਲ੍ਹ ਵਿਚੋਂ ਅਜੇ ਦਿਸਣੇ ਹਨ। ਇਉਂ ਇਸ ਨੇ ਸਾਡੇ ਭਵਿੱਖ ਨੂੰ ਇਸ ਤੋਂ ਕਿਤੇ ਜ਼ਿਆਦਾ ਪ੍ਰਭਾਵਿਤ ਕਰਨਾ ਹੈ। ਡਾ. ਸੁਖਪਾਲ ਸੰਘੇੜਾ ਨੇ ਇਸ ਮਹਾਮਾਰੀ ਦੇ ਵਿਗਿਆਨਕ, ਸਮਾਜਕ ਅਤੇ ਰਾਜਨੀਤਕ ਪਹਿਲੂਆਂ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ

ਡਾ. ਸੁਖਪਾਲ ਸੰਘੇੜਾ
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਕਰੋਨਾ ਮਹਾਮਾਰੀ ਧਰਤੀ ਉਤੇ ਮਨੁੱਖੀ ਜੀਵਨ ਦੇ ਲਗਭਗ ਸਾਰੇ ਪਹਿਲੂਆਂ ‘ਤੇ ਪ੍ਰਭਾਵ ਅਤੇ ਦਬਾਅ ਪਾ ਰਹੀ ਹੈ। ਇਹ ਤਕਰੀਬਨ ਸਾਰੇ ਪ੍ਰਭਾਵ ਤੇ ਦਬਾਅ ਇਸ ਮਹਾਮਾਰੀ ਦੇ ਸਿਰਫ ਕੁਝ ਬੁਨਿਆਦੀ ਪਹਿਲੂਆਂ ਤੇ ਲੱਛਣਾਂ ਤੋਂ ਨਿੱਕਲਦੇ ਹਨ ਜਿਨ੍ਹਾਂ ਨੂੰ ਵਿਗਿਆਨਕ, ਸਮਾਜਕ ਅਤੇ ਰਾਜਨੀਤਕ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ। ਕਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵਾਂ ਤੇ ਦਬਾਵਾਂ ਦੇ ਸਿਰਫ ਆਕਾਰ ਹੀ ਨਹੀਂ, ਸਗੋਂ ਕੁਝ ਦੀ ਪੈਦਾਇਸ਼ ਵੀ ਵੱਡੇ ਪੱਧਰ ‘ਤੇ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਅਸੀਂ ਮਨੁੱਖ, ਕਰੋਨਾ ਵਾਇਰਸ ਦੇ ਇਨ੍ਹਾਂ ਬੁਨਿਆਦੀ ਪਹਿਲੂਆਂ ਅਤੇ ਲੱਛਣਾਂ ਨਾਲ ਕਿਵੇਂ ਨਜਿੱਠਦੇ ਹਾਂ। ਦਰਅਸਲ, ਵਿਗਿਆਨਕ ਯੁੱਗ ਵਿਚ ਰਹਿੰਦਿਆਂ ਤਰਕ ਕੀਤਾ ਜਾ ਸਕਦਾ ਹੈ ਕਿ ਵਾਇਰਸ ਜੋ ਹੈ ਸੋ ਹੈ, ਪਰ ਉਹ ਅਸੀਂ ਹੀ ਹਾਂ ਜੋ ਇਨ੍ਹਾਂ ਬੁਨਿਆਦੀ ਪਹਿਲੂਆਂ ਤੇ ਲੱਛਣਾਂ ਬਾਰੇ ਅਗਿਆਨ, ਬੇਸਮਝੀ ਜਾਂ ਬੇਪ੍ਰਵਾਹੀ ਕਾਰਨ ਅਤੇ ਇਨ੍ਹਾਂ ਪ੍ਰਤੀ ਗਲਤ ਰਵੱਈਆ ਅਪਣਾ ਕੇ ਇਸ ਨੂੰ ਮਹਾਮਾਰੀ ਬਣਾ ਦਿੰਦੇ ਹਾਂ।
ਵਿਗਿਆਨਕ ਪਹਿਲੂ
ਕੋਵਿਡ-19 ਮੌਜੂਦਾ ਮਹਾਮਾਰੀ ਦਾ ਕਾਰਨ ਬਣ ਰਹੀ ਕਰੋਨਾ ਵਾਇਰਸ ਦੀ ਕਿਸਮ ਹੈ। ਇਹ ਸਭ ਤੋਂ ਘਾਤਕ ਵਿਸ਼ਾਣੂਆਂ (ਵਾਇਰਸਾਂ) ਵਿਚੋਂ ਇਕ ਹੈ, ਫਿਰ ਵੀ ਸਾਰੇ ਵਾਇਰਸਾਂ ਵਿਚਲੇ ਸਾਂਝੇ ਲੱਛਣ ਵੀ ਪ੍ਰਦਰਸ਼ਿਤ ਕਰਦੀ ਹੈ। ਉਦਾਹਰਣਾਂ ਵਜੋਂ ਇਹ ਆਪਣੇ ਆਪ ਵਿਚ ਜੀਵਤ ਚੀਜ਼ ਨਹੀਂ ਹੈ। ਇਹਦੀ ਹੋਂਦ ਰਸਾਇਣਕ ਅਤੇ ਜੀਵਤ ਚੀਜ਼ ਦੇ ਵਿਚ-ਵਿਚਕਾਰ ਹੈ। ਮਨੁੱਖੀ ਅੱਖ ਲਈ ਅਦਿੱਖ ਇਹ ਮਾਈਕਰੋ ਕਣ ਹੈ। ਕਰੋਨਾ ਵਾਇਰਸ ਦੇ ਕਣ ਦਾ ਆਕਾਰ ਲਗਭਗ 125 ਨੈਨੋਮੀਟਰ ਹੈ ਜੋ 0.125 ਮਾਈਕਰੋਨ ਬਣਦਾ ਹੈ; ਔਸਤਨ ਮਨੁੱਖੀ ਵਾਲ ਦੀ ਮੋਟਾਈ ਨਾਲੋਂ 720 ਗੁਣਾ ਛੋਟਾ। ਹੋਰ ਵਾਇਰਸਾਂ ਵਾਂਗ ਇਹ ਵੀ ਛੂਤਕਾਰੀ ਹੈ, ਯਾਨੀ ਇਕ ਵਿਅਕਤੀ ਤੋਂ ਦੂਸਰੇ ਵਿਅਕਤੀਆਂ ਵਿਚ ਫੈਲ ਜਾਂਦਾ ਹੈ। ਇਹ ਖੁਦ ਭਾਵੇਂ ਜਿੰਦਾ ਨਹੀਂ ਪਰ ਇੱਕ ਵਾਰ ਜੀਵਤ ਮੇਜ਼ਬਾਨ ਦੇ ਸਰੀਰ ਦੇ ਅੰਦਰ ਗਿਆ ਤਾਂ ਇਹ ਮੇਜ਼ਬਾਨ ਦੇ ਸੈੱਲ ‘ਤੇ ਹਮਲਾ ਕਰ ਕੇ ਸੈੱਲ ਮਸ਼ੀਨਰੀ ਨੂੰ ਅਗਵਾ ਕਰ ਲੈਂਦਾ ਹੈ।
ਸਾਂਝੇ ਲੱਛਣ ਹੋਣ ਦੇ ਨਾਲ-ਨਾਲ ਹਰ ਵਾਇਰਸ ਦੇ ਆਮ ਤੌਰ ‘ਤੇ ਸਿਰਫ ਆਪਣੇ ਵਿਸ਼ੇਸ਼ ਲੱਛਣ ਤੇ ਨਤੀਜਤਨ ਪ੍ਰਭਾਵ/ਦਬਾਅ ਵੀ ਹੁੰਦੇ ਹਨ। ਇੱਥੋਂ ਤਕ ਕਿ ਹਰ ਵਾਇਰਸ ਦੀ ਕਿਸਮ ਦੇ ਆਧਾਰ ‘ਤੇ ਸਾਂਝੇ ਲੱਛਣ ਦੀ ਤਾਕਤ ਦੀ ਵਿਚ ਵੱਖੋ-ਵੱਖਰੀ ਹੋ ਸਕਦੀ ਹੈ। ਨਵਾਂ ਵਾਇਰਸ ਹੋਣ ਕਾਰਨ ਇਸ ਦੇ ਲੱਛਣ ਅਤੇ ਉਨ੍ਹਾਂ ਦੇ ਪ੍ਰਭਾਵ/ਦਬਾਅ ਅਜੇ ਵਿਗਿਆਨਕ ਜਾਂਚ ਅਧੀਨ ਹਨ। ਇਸ ਨਾਲ ਨਜਿੱਠਣ ਲਈ ਅਜੇ ਤੱਕ ਕੋਈ ਵੈਕਸੀਨ ਵਿਕਸਤ ਨਹੀਂ ਹੋਈ ਹੈ।
ਕਰੋਨਾ ਵਾਇਰਸ ਵੀ ਬੰਦਾ ਹੋਰ ਵਾਇਰਸਾਂ ਵਾਂਗ ਹੀ ਫੜਦਾ ਹੈ; ਜਿਵੇਂ ਚੀਜ਼ਾਂ ਦੀ ਸਤਹਿ ਨੂੰ ਹੱਥਾਂ ਨਾਲ ਛੂਹਣਾ ਜਿਨ੍ਹਾਂ ‘ਤੇ ਕੋਈ ਵਾਇਰਸ ਗ੍ਰਸਤ ਵਿਅਕਤੀ ਛੋਹ ਜਾਂ ਖੰਘ/ਛਿੱਕ ਦੁਆਰਾ ਪਹਿਲਾਂ ਹੀ ਵਾਇਰਸ ਸੁੱਟ ਗਿਆ ਹੋਵੇ, ਫਿਰ ਉਨ੍ਹਾਂ ਹੀ ਹੱਥਾਂ ਨਾਲ ਨੱਕ ਜਾਂ ਖਾਣਾ ਪੀਣ ਵਾਲੀਆਂ ਚੀਜ਼ਾਂ ਨੂੰ ਛੂਹਣਾ, ਇੰਝ ਆਖਰਕਾਰ ਵਾਇਰਸ ਦਾ ਸਰੀਰ ਅੰਦਰ ਦਾਖਲ ਹੋ ਜਾਣਾ। ਚੀਜ਼ਾਂ ਦੀਆਂ ਵਾਇਰਸ ਭੁੱਕੀਆਂ ਸਤਹਿਆਂ ਦੇ ਸਿੱਧੇ ਸੰਪਰਕ ਵਿਚ ਆਉਣ ਬਿਨਾ ਵੀ ਬੰਦਾ ਹਵਾ ਵਿਚੋਂ ਵਾਇਰਸ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਸਾਹਾਂ ਨਾਲ ਆਪਣੇ ਅੰਦਰ ਲੰਘਾ ਸਕਦਾ ਹੈ, ਉਹ ਬੂੰਦਾਂ ਜੋ ਨੇੜੇ ਵਾਲਾ ਵਿਅਕਤੀ ਖੰਘ, ਛਿੱਕ ਜਾਂ ਗੱਲਾਂ ਕਰਨ ਜਾਂ ਗਾਉਣ ਜਿਹੀਆਂ ਗਤੀਵਿਧੀਆਂ ਦੁਆਰਾ ਪੈਦਾ ਕਰਦਾ ਹਵਾ ਵਿਚ ਸੁੱਟ ਰਿਹਾ ਹੋਵੇ। ਕੋਵਿਡ-19 ਦਾ ਇਕ ਹੋਰ ਮਹੱਤਵਪੂਰਨ ਵਿਗਿਆਨਕ ਪਹਿਲੂ ਹੈ ਬੇ-ਲੱਛਣੇ ਮਰੀਜ਼, ਯਾਨੀ ਉਹ ਲੋਕ ਜਿਨ੍ਹਾਂ ਦੇ ਸਿਸਟਮ ਵਿਚ ਵਾਇਰਸ ਹੈ ਪਰ ਉਹ ਬਿਮਾਰ ਮਹਿਸੂਸ ਨਹੀਂ ਕਰਦੇ; ਕੋਈ ਲੱਛਣ ਨਹੀਂ ਦਿਖਾਉਂਦੇ, ਲੱਛਣ ਟਰੈਕਿੰਗ ਪ੍ਰਣਾਲੀ ਵਿਚੋਂ ਬਚ ਨਿੱਕਲਦੇ ਹਨ ਪਰ ਫਿਰ ਵੀ ਵਾਇਰਸ ਫੈਲਾਉਂਦੇ ਹਨ; ਟਰੋਜਨ ਘੋੜਿਆਂ (ਠਰੋਜਅਨ ਹੋਰਸeਸ) ਵਾਂਗ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕੋਵਿਡ-19 ਗ੍ਰਹਿਣ ਕਰਨ ਦਾ ਨਤੀਜਾ ਦੋ-ਟੁੱਕ (ਬਨਿਅਰੇ) ਨਹੀਂ ਹੁੰਦਾ: ਮੌਤ ਜਾਂ ਸਿਹਤ-ਬਹਾਲੀ। ਮਰੀਜ਼ ਦੇ ਅੰਕੜਿਆਂ ਦੇ ਆਧਾਰ ‘ਤੇ ਖੋਜਕਾਰਾਂ ਨੂੰ ਇਹ ਸੱਚਾਈ ਮਿਲੀ ਹੈ ਕਿ ਕੋਵਿਡ-19 ਤੋਂ ਬਚੇ ਬਹੁਤ ਸਾਰੇ ਮਰੀਜ਼ ਕਿੰਨੇ ਹੀ ਗੰਭੀਰ ਸਰੀਰਕ ਅਤੇ ਮਾਨਸਿਕ ਦਬਾਵਾਂ ਦੇ ਸ਼ਿਕਾਰ ਹੋ ਜਾਂਦੇ ਨੇ। ਇਨ੍ਹਾਂ ਵਿਚ ਸ਼ਾਮਲ ਨੇ- ਥਕਾਵਟ, ਦਸਤ, ਸਿਰਦਰਦ, ਜੋੜਾਂ ਦਾ ਦਰਦ, ਚਿੰਤਾ ਤੇ ਉਦਾਸੀ ਤੋਂ ਲੈ ਕੇ ਸਿਰ ਦੇ ਵਾਲਾਂ ਦਾ ਖੁਸਣਾ, ਧੁੰਦਲੀ ਨਜ਼ਰ, ਯਾਦਾਸ਼ਤ ਦੀਆਂ ਸਮੱਸਿਆਵਾਂ, ਧਿਆਨ ਕੇਂਦਰਤ ਕਰਨ ਵਿਚ ਮੁਸ਼ਕਿਲ, ਛਾਤੀ ਵਿਚ ਦਰਦ, ਫੇਫੜਿਆਂ ਦਾ ਨੁਕਸਾਨ, ਦਿਲ ਦੀ ਦੌੜ, ਸਾਹ ਦੀ ਕਮੀ ਜਾਂ ਸਾਹ ਲੈਣ ਵਿਚ ਮੁਸ਼ਕਿਲ ਅਤੇ ਬਾਅਦ-ਦੁਖਾਂਤ ਤਣਾਅ (ਪੋਸਟ-ਟਰਅੁਮਅਟਚਿ ਸਟਰeਸਸ) ਦਾ ਵਿਗਾੜ।
ਇਸ ਬਿਮਾਰੀ ਲਈ ਅਜੇ ਕੋਈ ਵੈਕਸੀਨ ਵਿਕਸਤ ਨਹੀਂ ਹੋਈ ਹੈ, ਇਸ ਸਮੇਂ ਕੋਵਿਡ-19 ਦਾ ਮੁੱਖ ਇਲਾਜ ਹੈ ਰੋਕਥਾਮ, ਯਾਨਿ ਪ੍ਰਹੇਜ਼, ਭਾਵ ਵਾਇਰਸ ਲੱਗਣ ਹੀ ਨਾ ਦੇਣ ਦੇ ਉਪਾਅ ਕਰਨੇ।
ਸਮਾਜਕ ਪਹਿਲੂ
ਕੋਵਿਡ-19 ਦੇ ਬੁਨਿਆਦੀ ਸਮਾਜਕ ਪਹਿਲੂ ਇਸ ਦੇ ਵਿਗਿਆਨਕ ਪਹਿਲੂਆਂ ਵਿਚੋਂ ਉਭਰਦੇ ਹਨ। ਉਦਾਹਰਨ ਵਜੋਂ ਅਕਸਰ ਤੇ ਸਹੀ ਤਰ੍ਹਾਂ ਹੱਥ ਧੋਣ ਦੀ ਸਿਫਾਰਸ਼ ਇਸ ਵਿਗਿਆਨਕ ਤੱਥ ਵਿਚੋਂ ਨਿੱਕਲਦੀ ਹੈ ਕਿ ਕਰੋਨਾ ਛੂਤਕਾਰੀ ਹੈ ਅਤੇ ਇਹ ਵਿਗਿਆਨਕ ਤੱਥ ਕਿ ਕੋਈ ਬੰਦਾ ਨਜ਼ਦੀਕ ਵਾਲੇ ਵਿਅਕਤੀ ਦੁਆਰਾ ਹਵਾ ਅੰਦਰ ਸੁੱਟੀਆਂ ਵਾਇਰਸ ਦੀਆਂ ਬੂੰਦਾਂ ਨੂੰ ਸਾਹ ਰਾਹੀਂ ਅੰਦਰ ਲੰਘਾ ਸਕਦਾ ਹੈ, ਨਕਾਬ (ਮਾਸਕ) ਪਹਿਨਣ ਅਤੇ ‘ਸਮਾਜਕ ਦੂਰੀ’ ਦੇ ਨਿਰਦੇਸ਼ਾਂ ਵੱਲ ਲੈ ਜਾਂਦਾ ਹੈ। ‘ਸਮਾਜਕ ਦੂਰੀ’ ਤੋਂ ਭਾਵ ਕਿ ਬੰਦਾ ਸਰੀਰਕ ਤੌਰ ‘ਤੇ ਹੋਰ ਵਿਅਕਤੀਆਂ ਤੋਂ ਲਗਭਗ ਛੇ ਫੁੱਟ ਦੂਰ ਰਹੇ। ਇਹ ਬੁਨਿਆਦੀ ਸਮਾਜਕ ਪਹਿਲੂ ਕੋਵਿਡ-19 ਵਿਰੁਧ ਰੋਕਥਾਮ ਜਾਂ ਪ੍ਰਹੇਜ਼ ਦੇ ਉਪਾਅ ਹਨ। ਇਨ੍ਹਾਂ ਬੁਨਿਆਦੀ ਸਮਾਜਕ ਪਹਿਲੂਆਂ ਅਤੇ ਉਨ੍ਹਾਂ ਦੇ ਵਿਸਥਾਰਾਂ ਨੂੰ ਲਾਗੂ ਕਰਨਾ ਹੋਰ ਸਮਾਜਕ ਪਹਿਲੂਆਂ ਅਤੇ ਕਾਰੋਬਾਰੀ ਤੇ ਆਰਥਿਕ ਕਾਰਜਾਂ ਨੂੰ ਜਨਮ ਦਿੰਦਾ ਹੈ, ਜਿਵੇਂ ਕੰਮ ਵਾਲੀ ਜਗ੍ਹਾ ਨੂੰ ਬੰਦ ਕਰਨਾ (ਲੌਨਡਾਊਨ), ਰੈਸਟੋਰੈਂਟਾਂ ਤੇ ਬਾਰਾਂ ਨੂੰ ਬੰਦ ਕਰਨਾ, ਵਿਸ਼ਾਲ ਜਨਤਕ ਇਕੱਠਾਂ ‘ਤੇ ਰੋਕ ਅਤੇ ਇਕਾਂਤਵਾਸ (ਕੁਆਰੰਟੀਨ), ਯਾਨੀ ਬੰਦੇ ਦੇ ਆਪਣੇ ਘੁਰਨੇ ਤੋਂ ਨਿਕਲ ‘ਤੇ ਪਾਬੰਦੀ। ਇਸ ਸਭ ਕਾਸੇ ਦੇ ਪ੍ਰਭਾਵ/ਦਬਾਅ ਕਈ ਰੂਪਾਂ ਵਿਚ ਪ੍ਰਗਟ ਹੁੰਦੇ ਨੇ: ਵਿਆਪਕ ਬੇਰੁਜ਼ਗਾਰੀ, ਆਰਥਿਕਤਾ ਦਾ ਮੂੰਹ ਦੇ ਭਾਰ ਡਿਗਣਾ, ਮੰਦਵਾੜਾ, ਉਦਾਸੀ (ਡਿਪਰੈਸ਼ਨ) ਆਦਿ।
ਸਰੀਰਕ ਸਮਾਜਕ ਦੂਰੀ ਅਤੇ ਇਕਾਂਤਵਾਸ ਵਰਗੇ ਉਪਾਵਾਂ ਦੇ ਲੰਬੇ ਸਮੇਂ ਲਈ ਲਾਗੂ ਹੋਣ ਦਾ ਨਤੀਜੇ ਸਮਾਜਕ ਅਲਗਾਵ ਅਤੇ ਸਰੀਰਕ ਗਤੀਵਿਧੀਆਂ ਦੇ ਸੀਮਤ ਹੋਣ ਵਿਚ ਨਿਕਲ ਸਕਦੇ ਹੈ, ਜਿਹਦੇ ਨਾਲ ਮਨੁੱਖੀ ਮਨੋਵਿਗਿਆਨਕ ਅਤੇ ਸਮਾਜਕ ਵਿਹਾਰਾਂ ਦੇ ਹੋਰ ਪਹਿਲੂਆਂ ‘ਤੇ ਗਹਿਰਾ ਪ੍ਰਭਾਵ/ਦਬਾਅ ਪੈ ਸਕਦਾ ਹੈ। ਸਮਾਜਕ ਵਿਹਾਰ ‘ਤੇ ਪਏ ਇਨ੍ਹਾਂ ਪ੍ਰਭਾਵਾਂ/ਦਬਾਵਾਂ ਤੇ ਤਬਦੀਲੀਆਂ ਵਿਚੋਂ ਕੁਝ ਕਰੋਨਾ ਮਹਾਮਾਰੀ ਤੋਂ ਬਾਅਦ ਵੀ ਸਾਡੇ ਸੰਗ ਰਹਿਣਗੀਆਂ। ਉਂਝ, ਇਹ ਸੱਚ ਨਹੀਂ ਕਿ ਸਾਰੀਆਂ ਹੀ ਤਬਦੀਲੀਆਂ ਨਕਾਰਾਤਮਕ ਹੋਣਗੀਆਂ। ਮਿਸਾਲ ਵਜੋਂ, ਭਾਵੇਂ ਜ਼ਰੂਰਤ ਕਰ ਕੇ ਹੀ ਸਹੀ, ਲੋਕਾਂ ਨੇ ਵੈੱਬ/ਆਨਲਾਈਨ ਤਕਨੀਕੀ ਉਪਕਰਨਾਂ ਦੀ ਵਰਤੋਂ ਵਿਚ ਬੜੀ ਤਰੱਕੀ ਕੀਤੀ। ‘ਜ਼ੁਮ’ ਦੀ ਵਰਤੋਂ ਜਿਵੇਂ ਵੱਡੀ ਗਿਣਤੀ ਵਿਚ ਹੋ ਰਹੀ ਹੈ, ਆਮ ਹਾਲਾਤ ਵਿਚ ਸ਼ਾਇਦ ਇੰਨੀ ਰਫਤਾਰ ਨਾਲ ਨਾ ਹੁੰਦੀ। ਇਸੇ ਤਰ੍ਹਾਂ ਕਰੋਨਾ ਮਹਾਮਾਰੀ ਧੱਕੇ ਟੀ.ਵੀ. ਸ਼ੋਅ ਮੀਡੀਆ ਉਦਯੋਗ ਨੂੰ ਸਟੂਡੀਓ ਲਾਈਵ ਸਰੋਤਿਆਂ ਤੋਂ ਬਿਨਾ ਹੀ ਆਪਣੇ ਸ਼ੋਅ ਜਾਰੀ ਰੱਖਣ ਲਈ ਆਨਲਾਈਨ ਟੈਕਨਾਲੋਜੀ ਦੀ ਵਰਤਦਿਆਂ ਨਵੀਆਂ ਜੁਗਤਾਂ ਲਾਗੂ ਕਰਨੀਆਂ ਪਈਆਂ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦੇ ਕੈਂਪਸਾਂ ਦੇ ਬੰਦ ਹੋਣ ਨਾਲ ਆਨਲਾਈਨ ਵਿਦਿਆ ਦਾ ਬੋਲਬਾਲਾ ਵਧਿਆ, ਤੇ ਇਹ ਪ੍ਰਫੁੱਲਤ ਹੋ ਰਹੀ ਹੈ।
ਰਾਜਨੀਤਕ ਪਹਿਲੂ
ਕੋਵਿਡ-19 ਦੇ ਬੁਨਿਆਦੀ ਰਾਜਨੀਤਕ ਪਹਿਲੂ ਵੀ ਇਸ ਦੇ ਵਿਗਿਆਨਕ ਪਹਿਲੂਆਂ ਤੋਂ ਨਿਕਲਦੇ ਹਨ। ਅਸੀਂ ਵਿਗਿਆਨ ਤੋਂ ਜਾਣਦੇ ਹਾਂ ਕਿ ਕਰੋਨਾ ਵਾਇਰਸ ਛੂਤਕਾਰੀ ਹੈ ਅਤੇ ਦੇਸ਼ ਸੂਬੇ ਆਪਸ ਵਿਚ ਜੁੜੇ ਹੋਏ ਹੁੰਦੇ ਹਨ। ਇਉਂ ਇਹ ਰਾਸ਼ਟਰੀ ਸੰਕਟ ਹੈ। ਇਸ ਨੂੰ ਭਾਵੇਂ ਸੂਬਾਈ, ਸ਼ਹਿਰ/ਪਿੰਡ/ਵਿਅਕਤੀਗਤ ਪੱਧਰਾਂ ‘ਤੇ ਨਜਿੱਠਣਾ ਪੈਂਦਾ ਹੈ, ਪਰ ਇਹ ਕਿਉਂਕਿ ਰਾਸ਼ਟਰੀ ਸੰਕਟ ਹੈ, ਇਸ ਲਈ ਰਾਸ਼ਟਰੀ ਸਰਕਾਰ ਉਤੇ ਸਭ ਤੋਂ ਵੱਧ ਜ਼ਿੰਮੇਵਾਰੀ ਪੈਂਦੀ ਹੈ। ਮਹਾਮਾਰੀ ਦੇ ਮੁੱਖ ਰਾਜਨੀਤਕ ਪਹਿਲੂ ਇਸ ਤੱਥ ਵਿਚ ਹੁੰਦੇ ਹਨ ਕਿ ਸਰਕਾਰ ਇਸ ਨੂੰ ਕਿਵੇਂ ਨਜਿੱਠਦੀ ਹੈ। ਸਰਕਾਰ ਵਿਗਿਆਨਕ ਪਹੁੰਚ ਨਾਲ ਕਾਰਵਾਈ ਕਰ ਰਹੀ ਹੈ ਜਾਂ ਗੈਰ-ਵਿਗਿਆਨਕ ਪਹੁੰਚ। ਇਸ ਨਾਲ ਨਜਿੱਠਣ ਲਈ ਰਾਸ਼ਟਰੀ ਯੋਜਨਾ ਬਣਾਉਣ ਦੀ ਬਜਾਏ ਇਸ ਨੂੰ ਅਣਡਿੱਠ ਕਰ ਦੇਣਾ। ਅੰਕੜਿਆਂ ਅਤੇ ਸੰਬੰਧਿਤ ਵਿਗਿਆਨਕ ਮਾਹਰਾਂ ਤੇ ਏਜੰਸੀਆਂ ਦੀ ਸਿਫਾਰਸ਼ ਦੇ ਆਧਾਰ ‘ਤੇ ਜਵਾਬੀ ਕਾਰਵਾਈ ਦੇ ਬਜਾਏ ਆਪਣੀ ਹਿੱਤਾਂ ਦੀ ਪੂਰਤੀ ਲਈ ਮਹਾਮਾਰੀ ਦੀ ਵਰਤੋਂ ਕਰਨਾ, ਗੈਰ-ਵਿਗਿਆਨਕ ਪਹੁੰਚ ਹੋਵੇਗੀ। ਵਿਗਿਆਨਕ ਪਹੁੰਚ ਲਈ ਕਰੋਨਾ ਦੀ ਵਿਗਿਆਨ ਅਤੇ ਇਕੱਠੇ ਕੀਤੇ ਅੰਕੜਿਆਂ ਤੇ ਆਧਾਰਤ ਜਵਾਬ ਕਾਰਵਾਈ ਦੀ ਜ਼ਰੂਰਤ ਹੋਏਗੀ।
ਮੁੱਕਦੀ ਗੱਲ, ਕਰੋਨਾ ਮਹਾਮਾਰੀ ਦੇ ਸਾਰੇ ਸਮਾਜਕ ਅਤੇ ਰਾਜਨੀਤਕ ਪਹਿਲੂ ਅਤੇ ਪ੍ਰਭਾਵ ਇਹਦੀ ਵਿਗਿਆਨ ਨੂੰ ਮੰਨਣ ਜਾਂ ਨਾ ਮੰਨਣ ਨਾਲ ਜੁੜੇ ਹੋਏ ਨੇ ਜਾਂ ਵੱਡੇ ਪੱਧਰ ‘ਤੇ ਇਸ ਮੰਨਣ ਜਾਂ ਨਾ-ਮੰਨਣ ‘ਚੋਂ ਪੈਦਾ ਹੁੰਦੇ ਹਨ।
ਕੁਦਰਤ ਦਾ ਤਜਰਬਾ
ਸੋਚੋ, ਕਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਤੇ ਸਰਕਾਰਾਂ ਦੇ ਅੰਦਰ ਤੇ ਬਾਹਰ ਦੇ ਆਗੂ ਵੱਖ-ਵੱਖ ਪ੍ਰਬਲਤਾ ਨਾਲ ਵੱਖੋ-ਵੱਖਰੇ ਤਰੀਕੇ ਅਪਣਾਉਣਗੇ। ਇਸ ਵਾਇਰਸ ਦੇ ਸੁਭਾਅ ਦੇ ਵਿਗਿਆਨਕ ਪਹਿਲੂਆਂ ਦੇ ਮੱਦੇਨਜ਼ਰ ਇਹ ਉਮੀਦ ਕਰ ਸਕਦੇ ਹਾਂ ਕਿ ਇਕ ਵਾਰ ਜਦੋਂ ਕਿਸੇ ਦੇਸ਼ ਵਿਚ ਵਾਇਰਸ ਦੀ ਨਿਸ਼ਾਨਦੇਹੀ ਤੋਂ ਬਾਅਦ ਇਹਦੇ ਫੈਲਣ ਨੂੰ ਗਿਣਨਾ ਸ਼ੁਰੂ ਹੋ ਜਾਵੇ, ਤਾਂ ਪਾਜ਼ੇਟਿਵ ਕੇਸਾਂ ਅਤੇ ਮੌਤਾਂ ਦੀ ਗਿਣਤੀ ਦੇਸ਼ ਦੀ ਸਰਕਾਰ ਦੁਆਰਾ ਅਪਣਾਏ ਗਏ ਵਾਇਰਸ ਨੂੰ ਨਜਿੱਠਣ ਦੇ ਤਰੀਕਿਆਂ ਤੇ ਇਨ੍ਹਾਂ ਦੀ ਪ੍ਰਬਲਤਾ ‘ਤੇ ਸਿੱਧੀ ਨਿਰਭਰ ਹੋਵੇਗੀ। ਵਾਇਰਸ ਨਾਲ ਟੱਕਰ ਤਰਕ ਅਤੇ ਵਿਗਿਆਨ ਦੇ ਆਧਾਰ ਖੜ੍ਹ ਕੇ ਲੈਣ ਦੇ ਨਤੀਜੇ ਵਜੋਂ ਮਨੁੱਖੀ ਜਾਨਾਂ ਬਚਾਈਆਂ ਜਾਣਗੀਆਂ ਅਤੇ ਇਸ ਦਾ ਸਾਹਮਣਾ ਗੈਰ-ਵਿਗਿਆਨਕ ਪਹੁੰਚ ਨਾਲ ਕਰਨਾ ਮਨੁੱਖੀ ਪੀੜਾ ਅਤੇ ਮੌਤਾਂ ਲਿਆਏਗਾ। ਇਹ ਬਿਆਨ ਜਿੰਨਾ ਸਿੱਧਾ ਤੇ ਆਸਾਨ ਜਾਪਦਾ ਹੈ, ਉਤਨਾ ਸੱਚਾ ਵੀ ਹੈ। ਇੰਝ, ਪਾਜ਼ੇਟਿਵ ਕੇਸਾਂ ਤੇ ਮੌਤਾਂ ਦੀ ਗਿਣਤੀ ਤੇ ਹੋਰ ਅੰਕੜੇ ਵਿਸ਼ਵ ਭਰ ਵਿਚ ਇਕੱਠੇ ਕੀਤੇ ਜਾਣਗੇ। ਫਿਰ ਡੇਟਾ (ਅੰਕੜਿਆਂ ਦੇ) ਵਿਸ਼ਲੇਸ਼ਣ ਦੇ ਆਧਾਰ ‘ਤੇ ਮੇਰਾ ਉਕਤ (ਤੇ ਹੋਰ ਕਿਤਨੇ ਹੀ) ਬਿਆਨ ਜਾਂ ਪਰਿ-ਸਿਧਾਂਤ (ਹੇਪੋਟਹeਸeਸ) ਪਰਖ ਸਕਦੇ ਹਾਂ।
ਇਹ ਮਹਾਮਾਰੀ ਅਸਲ ਵਿਚ ਕੁਦਰਤ ਦਾ ਵਿਰਾਟ ਵਿਗਿਆਨਕ ਪ੍ਰਯੋਗ ਹੈ ਜਿਸ ਵਿਚ ਮਨੁੱਖ ਦੀ ਤਰਕ, ਵਿਗਿਆਨ ਤੇ ਮਾਨਵਵਾਦ ਨਾਲ ਪ੍ਰਤੀਬੱਧਤਾ ਦੀ ਪਰਖ ਹੋ ਜਾਵੇਗੀ। ਧਰਤੀ ਉਤੇ ਸਾਰੇ ਮਨੁੱਖੀ ਇਤਿਹਾਸ ਵਿਚ ਕਿਤੇ ਵੀ ਇਸ ਤਰ੍ਹਾਂ ਦੇ ਅਤੇ ਅਜਿਹੇ ਗਲੋਬਲ ਪੈਮਾਨੇ ‘ਤੇ ਕੁਦਰਤੀ ਪ੍ਰਯੋਗ ਦੀ ਮਿਸਾਲ ਨਹੀਂ ਮਿਲਦੀ।
ਇਹ ਇਸ ਤਰ੍ਹਾਂ ਹੈ ਜਿਵੇਂ ਕੁਦਰਤ ਮਨੁੱਖ ਨੂੰ ਪੁੱਛ ਰਹੀ ਹੋਵੇ:
1. ਕੀ ਤੁਸੀਂ ਮੇਰੀਆਂ ਚੀਜ਼ਾਂ ਦੀ ਕਦਰ ਕਰਦੇ ਹੋ, ਭਾਵ ਉਨ੍ਹਾਂ ਨਾਲ ਮੇਰੇ ਸਿਧਾਂਤਾਂ ਅਨੁਸਾਰ ਸਲੂਕ ਕਰ ਰਹੇ ਹੋ; ਮਿਸਾਲ ਵਜੋਂ ਕਰੋਨਾ ਦੇ ਕੇਸ ਵਿਚ, ਕਰੋਨਾ ਦੇ ਵਿਗਿਆਨਕ ਸੱਚ ਨੂੰ ਮੰਨਦੇ, ਨਾ ਕਿ ਨਜ਼ਰਅੰਦਾਜ਼ ਕਰਦੇ ਜਾਂ ਮਜ਼ਾਕ ਉਡਾਉਂਦੇ ਹੋਏ, ਵਾਇਰਸ ਨੂੰ ਆਪਣਾ ਜਵਾਬ ਇਸ ਵਿਗਿਆਨਕ ਸੱਚ ‘ਤੇ ਆਧਾਰਤ ਰੱਖਦੇ ਹੋ?
2. ਕੀ ਤੁਸੀਂ ਮਨੁੱਖਤਾਵਾਦ ਦੇ ਤਰੀਕਿਆਂ ਨਾਲ ਇਸ ਵਾਇਰਸ ਨਾਲ ਲੜ ਰਹੇ ਹੋ, ਅਰਥਾਤ ਸਮਾਜਕ ਤਾਲਮੇਲ ਨਾਲ? ਉਦਾਹਰਨ ਵਜੋਂ, ਮਾਸਕ ਪਹਿਨਣਾ ਤੁਹਾਡੇ ਆਸ ਪਾਸ ਦੇ ਲੋਕਾਂ ਨੂੰ ਸੁਰੱਖਿਅਤ ਰੱਖਦਾ ਹੈ; ਇਸ ਲਈ ਜੇ ਸਾਰੇ ਮਾਸਕ ਪਹਿਨਦੇ ਹੋ ਤਾਂ ਇਕ ਦੂਜੇ ਦੀ ਵਾਇਰਸ ਤੋਂ ਰੱਖਿਆ ਕਰਦੇ ਹੋ।
3. ਵਾਇਰਸ ਨਾਲ ਨਜਿੱਠਣ ਵੇਲੇ, ਕੀ ਤੁਸੀਂ ਆਮ ਵਿਗਿਆਨਕ ਸੂਝ ਤੇ ਤਰਕ ਦੀ ਵਰਤੋਂ ਕਰ ਰਹੇ ਹੋ ਨਾ ਕਿ ਸਿਰਫ ਆਪਣੇ ਧਾਰਮਿਕ ਜਾਂ ਹੋਰ ਵਿਸ਼ਵਾਸ ਦੀ?
ਜੇ ਇਨ੍ਹਾਂ ਪ੍ਰਸ਼ਨਾਂ ਦਾ ਉਤਰ ‘ਹਾਂ’ ਵਿਚ ਹੈ, ਤੁਸੀਂ ਠੀਕ ਹੋ; ਇਹ ਜਵਾਬ ‘ਨਹੀਂ’ ਵਿਚ ਹੈ ਤਾਂ ਮੇਰੇ ਟੈਸਟ ਵਿਚ ਫੇਲ੍ਹ ਹੁੰਦੇ ਹੋਏ ਤੁਸੀਂ ਵਾਇਰਸ ਤੋਂ ਮਹਾਮਾਰੀ ਦੇ ਵਿਕਾਸ ਵਿਚ ਯੋਗਦਾਨ ਪਾ ਰਹੇ ਹੋ। ਦੂਜੇ ਸ਼ਬਦਾਂ ਵਿਚ, ਇਸ ਨਵੀਂ ਕਰੋਨਾ ਵਾਇਰਸ, ਕੋਵਿਡ-19 ਨਾਲ, ਕੁਦਰਤ ਨੇ ਵਿਸ਼ਵ ਨੂੰ ਪ੍ਰਯੋਗਸ਼ਾਲਾ ਵਿਚ ਬਦਲ ਦਿੱਤਾ, ਆਧੁਨਿਕ ਯੁੱਗ ਵਿਚ ਮਨੁੱਖ ਦੀ ਤਰਕ, ਵਿਗਿਆਨ ਤੇ ਮਾਨਵਵਾਦ ਪ੍ਰਤੀ ਵਚਨਬੱਧਤਾ ਦੀ ਪਰਖ ਕਰਨ ਲਈ; ਉਹੀ ਤਰਕ, ਵਿਗਿਆਨ ਤੇ ਮਾਨਵਵਾਦ ਜਿਨ੍ਹਾਂ ਨੇ ਆਧੁਨਿਕ ਯੁੱਗ ਲਿਆਂਦਾ ਸੀ।
ਪ੍ਰਯੋਗ ਨੂੰ ਕੈਲੀਬਰੇਟ ਕਰਨਾ
ਵਿਸ਼ਵ ਭਰ ਵਿਚ ਰਾਸ਼ਟਰਾਂ ਦੇ ਊਬੜ-ਖਾਬੜ ਵਿਕਾਸ ਕਾਰਨ ਕਰੋਨਾ ਵਾਇਰਸ ਮਹਾਮਾਰੀ ਨਾਲ ਟੱਕਰ ਲੈਣ ਵਿਚ ਵੱਖ-ਵੱਖ ਦੇਸ਼ਾਂ ਦੀ ਸਫਲਤਾ ਦੀ ਅੰਨ੍ਹੇਵਾਹ ਤੁਲਨਾ ਕਰਨਾ ਉਚਿਤ ਨਹੀਂ ਹੋਵੇਗਾ; ਖਾਸ ਕਰ ਕੇ ਵਿਗਿਆਨਕ, ਮੈਡੀਕਲ ਤੇ ਆਰਥਿਕ ਸਰੋਤਾਂ ਦੀ ਨਾ-ਬਰਾਬਰ ਉਪਲਬਧਤਾ ਦਾ ਸਾਹਮਣੇ। ਇਸ ਲਈ ਅਸੀਂ ਕੁਦਰਤ ਦੇ ਹਥਲੇ ਪ੍ਰਯੋਗ ਨੂੰ ਕੈਲੀਬਰੇਟ ਜਾਂ ਇਹਦਾ ਮਾਨਕੀਕਰਨ ਕਰ ਸਕਦੇ ਹਾਂ, 24 ਅਕਤੂਬਰ 2019 ਨੂੰ ਪ੍ਰਕਾਸ਼ਤ ਹੋਏ ਇੱਕ ਸਕੋਰ-ਕਾਰਡ ਦੁਆਰਾ, ਜਿਸ ਨੂੰ ਗਲੋਬਲ ਹੈਲਥ ਸਿਕਿਓਰਟੀ ਇੰਡੈਕਸ ਕਿਹਾ ਜਾਂਦਾ ਹੈ। ਇਸ ਸਕੋਰ-ਕਾਰਡ ਨੇ ਸੰਸਾਰ ਦੇ ਦੇਸ਼ਾਂ ਨੂੰ ਦਰਜਾ ਦਿੱਤਾ ਕਿ ਉਹ ਕੋਈ ਗੰਭੀਰ ਸਿਹਤ ਭੜਕ (ੁਟਬਰeਅਕ) ਨਾਲ ਨਜਿੱਠਣ ਲਈ ਕਿੰਨੇ ਕੁ ਤਿਆਰ ਸਨ; ਉਦਾਹਰਨ ਲਈ ਘਾਤਕ ਜੀਵ-ਵਿਗਿਆਨਕ ਵਾਇਰਸ ਨਾਲ। ਦੇਸ਼ਾਂ ਨੂੰ ਦਰਜਾ ਕਈ ਪੈਮਾਨਿਆਂ ਦੇ ਆਧਾਰ ‘ਤੇ ਦਿੱਤਾ ਗਿਆ ਜਿਵੇਂ ਕੋਈ ਦੇਸ਼ ਕਿੰਨੀ ਜਲਦੀ ਜਵਾਬ ਦੇਣ ਲਈ ਤਿਆਰ ਹੈ ਅਤੇ ਇਸ ਦੀ ਸਿਹਤ-ਸੰਭਾਲ ਪ੍ਰਣਾਲੀ ਕਿੰਨੀ ਚੰਗੀ ਤਰ੍ਹਾਂ ਬਿਮਾਰਾਂ ਦਾ ਇਲਾਜ ਤੇ ਇਸ ਪ੍ਰਕਿਰਿਆ ਵਿਚ ਸਿਹਤ ਕਰਮਚਾਰੀਆਂ ਦੀ ਰੱਖਿਆ ਕਰਨ ਦੇ ਕਾਬਲ ਹੈ। ਵਿਸ਼ਵ ਭਰ ਵਿਚ ਕੋਵਿਡ-19 ਦੇ ਪਹਿਲੇ ਸ਼ੱਕੀ ਕੇਸ ਦੇ ਐਲਾਨ ਤੋਂ 45 ਦਿਨ ਪਹਿਲਾਂ ਜਾਰੀ ਕੀਤੇ 195 ਦੇਸ਼ਾਂ ਦੇ ਇਸ ਸਕੋਰ-ਕਾਰਡ ਵਿਚ ਅਮਰੀਕਾ, ਇੰਗਲੈਂਡ ਤੇ ਨੀਦਰਲੈਂਡ ਨੂੰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਦਿਖਾਇਆ ਗਿਆ।
ਇੱਥੇ ਵਿਅੰਗਾਤਮਕ ਗੱਲ ਇਹ ਹੈ ਕਿ ਉਪਰੋਕਤ ਦਰਜਾਬੰਦੀ ਅਨੁਸਾਰ ਦੋ ਦੇਸ਼ਾਂ- ਅਮਰੀਕਾ ਤੇ ਇੰਗਲੈਂਡ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਕੋਵਿਡ-19 ਵਰਗੇ ਸਿਹਤ ਸੰਕਟ ਦਾ ਸਫਲਤਾਪੂਰਵਕ ਮੁਕਾਬਲਾ ਕਰਨ ਵਿਚ ਸੰਸਾਰ ਭਰ ਵਿਚ ਪਹਿਲੇ ਤੇ ਦੂਜੇ ਆਉਣਗੇ ਪਰ ਇਸ ਦੀ ਬਜਾਏ ਜੂਨ ਦੇ ਆਖਰੀ ਹਫਤੇ ਤੱਕ ਅਮਰੀਕਾ ਪਹਿਲੇ ਤੇ ਇੰਗਲੈਂਡ ਕੋਵਿਡ-19 ਨਾਲ ਨਜਿੱਠਣ ਵਿਚ ਅਸਫਲ ਰਹਿਣ ਵਾਲੇ ਦੇਸ਼ਾਂ ਵਿਚ ਦੂਜੇ ਸਥਾਨ ‘ਤੇ ਉਭਰ ਕੇ ਸਾਹਮਣੇ ਆਏ। 1,22,000 ਤੋਂ ਵੱਧ ਲੋਕਾਂ ਦੀ ਮੌਤ ਅਮਰੀਕਾ ਅਤੇ 65,700 ਤੋਂ ਵੱਧ ਇੰਗਲੈਂਡ ਵਿਚ ਹੋਈ। ਇਸ ਦਾ ਕਾਰਨ ਕੀ ਹੋ ਸਕਦਾ ਸੀ? ਇਹ ਦੋਵੇਂ ਦੇਸ਼ ਗਲੋਬਲ ਹੈਲਥ ਸਿਕਿਓਰਟੀ ਇੰਡੈਕਸ ਦੁਆਰਾ ਨਿਰਧਾਰਤ ਉਮੀਦਾਂ ਨੂੰ ਪੂਰਾ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੇ ਹਨ, ਕਿਉਂਕਿ ਗਲੋਬਲ ਹੈਲਥ ਸਿਕਿਓਰਟੀ ਇੰਡੈਕਸ ਤਿਆਰ ਕਰਨ ਲਈ ਰਾਸ਼ਟਰੀ ਨੀਤੀ ਦੇ ਰਾਜਨੀਤਕ ਪ੍ਰਸੰਗ ਨੂੰ ਧਿਆਨ ਵਿਚ ਨਹੀਂ ਰੱਖਿਆ ਜੋ ਮਹਾਮਾਰੀ ਨਾਲ ਟੱਕਰ ਵਿਚ ਰੋਲ ਨਿਭਾਏਗਾ। ਇਹ ਨੁਕਤਾ ਗਾਵਿਨ ਯੇਮੀ ਅਤੇ ਕਲੇਰ ਵੈਨਹੈਮ ਨੇ ਵੀ 1 ਜੁਲਾਈ ਦੇ ਆਪਣੇ ‘ਟਾਈਮਜ਼’ ਦੇ ਲੇਖ ਵਿਚ ਵੀ ਉਠਾਇਆ ਸੀ।
ਇਹ ਪੁੱਛਣਾ ਬਹੁਤ ਵਾਜਬ ਬਣਦਾ ਹੈ ਕਿ ‘ਕੌਮੀ ਨੀਤੀ ਦੇ ਰਾਜਨੀਤਕ ਪ੍ਰਸੰਗ’ ਵਿਚ ਕੀ ਸੀ ਜਿਸ ਨੇ ਅਮਰੀਕਾ ਤੇ ਇੰਗਲੈਂਡ ਨੂੰ ਕਰੋਨਾ ਵਾਇਰਸ ਮਹਾਮਾਰੀ ਦੇ ਟਾਕਰੇ ਵਿਚ ਸਫਲ ਹੋਣ ਵਾਲਿਆਂ ਦੀ ਬਜਾਏ ਫੇਲ੍ਹ ਹੋਣ ਵਾਲਿਆਂ ਦੇ ਲੀਡਰ ਬਣਾ ਦਿੱਤਾ?
ਅਗਲੇ ਲੇਖ ਵਿਚ ਅਸੀਂ ਅੰਕੜਿਆਂ ਦੇ ਆਧਾਰ ‘ਤੇ ਇਸ ਮੁੱਦੇ ਦੀ ਪੁਣ-ਛਾਣ ਕਰਾਂਗੇ।
(ਚਲਦਾ)