ਸੂਰਾਂ ਨੂੰ ਪੋਨੇ

ਚਰਨਜੀਤ ਸਿੰਘ ਸਾਹੀ
ਫੋਨ: 317-430-6545
ਰਵਿੰਦਰ ਦੇ ਫੋਨ ਦੀ ਘੰਟੀ ਦੇਰ ਤੋਂ ਵੱਜ ਰਹੀ ਸੀ, ਮੰਨਤ ਨੇ ਅਵਾਜ਼ ਮਾਰੀ, “ਆਹ ਫੋਨ ਚੁਕਿਓ, ਕਦੋਂ ਦਾ ਵੱਜਦਾ।”
“ਭਾਗਵਾਨੇ ਤੂੰ ਸੁਣ ਲੈ।”

“ਮੈ ਨਹੀਂ ਚੁੱਕ ਸਕਦੀ, ਮੇਰੇ ਹੱਥ ਵਿਹਲੇ ਨਹੀਂ।”
ਰਵਿੰਦਰ ਨੇ ਨੇੜੇ ਆ ਕੇ ਫੋਨ ਦੀ ਸਕਰੀਨ ‘ਤੇ ਨੰਬਰ ਵੇਖਿਆ ਤੇ ਸਿਰ ਝਟਕ ਕੇ ਬੋਲਿਆ, “ਓ ਹੋ! ਐਵੇ ਈ ਲੱਗਦਾ, ਪਤਾ ਨਹੀਂ ਕੌਣ ਏ? ਕੈਨੇਡਾ ਦਾ ਨੰਬਰ ਲੱਗਦਾ, ਕੋਈ ਟੈਲੀਮਾਰਕੀਟ ਵਾਲੀ ਹੋਣੀ ਏ।”
ਕਾਲ ਕਰਨ ਵਾਲੇ ਨੇ ਮੈਸਜ ਛੱਡ ਦਿੱਤਾ। ਰਵਿੰਦਰ ਕੰਮ ਵਿਚ ਏਨਾ ਬਿਜ਼ੀ ਸੀ ਕਿ ਉਹਨੇ ਮੈਸਜ ਦੀ ਗੌਰ ਨਾ ਕੀਤੀ। ਸ਼ਾਮੀਂ ਫੇਰ ਉਸੇ ਨੰਬਰ ਤੋਂ ਕਾਲ ਆਈ, ਉਹਨੇ ਫੇਰ ਨਾ ਚੁੱਕਿਆ। ਸੋਚਣ ਲੱਗਾ, ‘ਕਿਉਂ ਨਾ ਮੈਸਜ ਸੁਣ ਲਿਆ ਜਾਵੇ, ਕੋਈ ਜਰੂਰੀ ਈ ਨਾ ਹੋਵੇ।’ ਮੈਸਜ ਸੀ, “ਮੈ ਕੈਲਗਰੀ ਤੋਂ ਤਰਲੋਚਨ ਸਿੰਘ ਬੋਲਦਾਂ, ਕਾਲ ਕਰੀਂ।”
ਉਹ ਸੋਚੀ ਪੈ ਗਿਆ, “ਕੈਨੇਡਾ ਵਿਚ ਕਿਹੜਾ ਤਰਲੋਚਨ ਸਿੰਘ? ਜਿਹੜਾ ਐਨੀ ਅਪਣੱਤ ਨਾਲ ਕਾਲ ਕਰਨ ਨੂੰ ਕਹਿ ਰਿਹਾ ਏ?” ਉਹਨੇ ਘਰ ਵਾਲੀ ਨੂੰ ਪੁੱਛਿਆ, “ਮੰਨਤ! ਤਰਲੋਚਨ ਸਿੰਘ ਨਾਂ ਦਾ ਸ਼ਖਸ ਤੁਹਾਡਾ ਰਿਸ਼ਤੇਦਾਰ ਜਾਂ ਜਾਣਕਾਰ ਤਾਂ ਨਹੀਂ?”
“ਕੀ ਗੱਲ ਕਰਦੇ ਓ? ਮੇਰਾ ਕੋਈ ਵੱਖਰਾ ਜਾਣਕਾਰ ਹੋਣਾ! ਰਿਸ਼ਤੇਦਾਰਾਂ ਸਾਰਿਆਂ ਨੂੰ ਤੁਸੀਂ ਜਾਣਦੇ ਓ।”
ਹਾਰ ਕੇ ਰਵਿੰਦਰ ਨੇ ਕਾਲ ਕੀਤੀ ਤੇ ਕਿਹਾ, “ਮੈ ਕੈਲੀਫੋਰਨੀਆ ਤੋਂ ਬੋਲਦਾਂ ਜੀ। ਮੈਨੂੰ ਕਿਸੇ ਨੇ, ਸ਼ਾਇਦ ਤਰਲੋਚਨ ਸਿੰਘ ਨਾਂ ਏ, ਏਸ ਨੰਬਰ ਤੋਂ ਮੈਨੂੰ ਕਾਲ ਕੀਤੀ ਸੀ।”
ਅੱਗੋਂ ਬੋਲ ਸਨ, “ਕਾਲ ਤਾਂ ਮੈਂ ਈ ਕੀਤੀ ਸੀ, ਤੁਸੀਂ ਕੌਣ?”
“ਮੈਂ ਰਵਿੰਦਰ ਸਿੰਘ ਬੋਲਦਾਂ ਜੀ।”
“ਅੱਛਾ! ਰਵੀ।”
“ਹਾਂ ਜੀ, ਪਰ ਤੁਸੀਂ ਕੌਣ?”
“ਪਛਾਣੋ ਭਲਾ, ਮੈਂ ਕੌਣ ਆਂ?”
“ਉਂ…ਉਂ…ਨਹੀਂ ਜੀ, ਮੈਂ ਪਛਾਣਿਆ ਨਹੀਂ।”
“ਉਏ ਪਤੰਦਰਾ! ਮੈਂ ਤੋਚੀ ਬੋਲਦਾਂ, ਤੋਚੀ! ਤੇਰਾ ਪੰਜਵੀਂ ਤੋਂ ਲੈ ਕੇ ਇੰਜੀਨੀਅਰਿੰਗ ਤੱਕ ਦਾ ਕਲਾਸ ਫੈਲੋ। ਬੜੀ ਮੁਸ਼ਕਿਲ ਨਾਲ ਮਿਲਿਆ ਤੇਰਾ ਫੋਨ ਨੰਬਰ।”
“ਬੱਲੇ ਬੱਲੇ! ਓਏ ਸਾਲਿਆ ਤੂੰ ਪਹਿਲਾਂ ਕਹਿੰਦਾ ਤੋਚੀ, ਅਖੇ ਤਰਲੋਚਨ ਸਿੰਘ! ਤੇਰਾ ਅਸਲੀ ਨਾਂ ਤਾਂ ਨਕਲੀ ਲੱਗਦਾ ਏ, ਨਾਲੇ ਅੱਜ ਪਤਾ ਲੱਗਾ, ਮੈਂ ਤਾਂ ਭੁੱਲ ਗਿਆ ਸੀ ਤੇਰਾ ਅਸਲੀ ਨਾਂਉ। ਉਏ! ਤੂੰ ਕੱਦੋਂ ਪਹੁੰਚਿਆ ਕੈਨੇਡਾ?”
“ਉਹ ਵੀ ਦੱਸਦਾਂ, ਪਹਿਲਾਂ ਤੂੰ ਦੱਸ, ਕਦੀ ਇੰਡੀਆ ਗਿਆ ਵੀ ਮਿਲਿਆ ਨਹੀਂ। ਮੇਰਾ ਖਿਆਲ ਏ ਤੂੰ ਵਿਆਹ ਤੋਂ ਪਿੱਛੋਂ ਈ ਕਿਤੇ ਗਾਇਬ ਹੋ ਗਿਆ ਸੀ।”
“ਯਾਰ ਗਾਇਬ ਕਿੱਥੇ ਹੋਣਾ ਸੀ! ਪੱਚੀ ਸਾਲ ਹੋ ਗਏ ਇੰਡੀਆ ਛੱਡਿਆਂ। ਵਿਆਹ ਪਿੱਛੋਂ ਛੇਤੀ ਹੀ ਮੈਂ ਕੈਨੇਡਾ ਆ ਗਿਆ ਸੀ।”
“ਰਵੀ! ਤੈਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਆਪਣੀ ਕਾਲਜ ਵਾਲੀ ਚੌਂਕੜੀ ਕੈਨੇਡਾ ਆ ਗਈ-ਮੈਂ, ਖੰਨੇ ਵਾਲਾ ਬੰਨੀ ਤੇ ਜਰਗੜੀ ਵਾਲਾ ਗਿੱਲ; ਤੂੰ ਪਹਿਲਾਂ ਈ ਏਥੇ ਸੀ। ਅਸੀਂ ਤਿੰਨੇ ਪਰਿਵਾਰਾਂ ਸਮੇਤ ਪੁਆਇੰਟ ਬੇਸ ‘ਤੇ ਪਿਛਲੇ ਸਾਲ ਕੈਨੇਡਾ ਆ ਗਏ ਸੀ, ਉਹ ਦੋਵੇਂ ਟੋਰਾਂਟੋ ਨੇ ਤੇ ਮੈਂ ਕੈਲਗਰੀ।”
“ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਏ। ਨਾਲੇ ਸੁਣ, ਮੈਂ ਤੇਨੂੰ ਤੋਚੀ ਈ ਕਹਿਣਾ ਤੇ ਤੂੰ ਮੈਨੂੰ ਰਵੀ। ਤਰਲੋਚਨ ਤਾਂ ਓਪਰਾ ਲੱਗਦਾ! ਹੋਰ ਦੱਸ! ਤੇਰਾ ਦਿਲ ਦੁਲ ਲੱਗ ਗਿਆ ਕੈਨੇਡਾ ਵਿਚ?”
“ਉਹ ਤਾਂ ਯਾਰ ਲਾਉਣਾ ਈ ਪੈਣਾ। ਏਥੇ ਕਿਹੜੇ ਬਾਪੂ ਦੇ ਭੜੋਲੇ ਵਿਚ ਦਾਣੇ ਪਾਏ ਹੋਏ ਨੇ! ਬੇਸਮੈਂਟ ਵਿਚ ਰਹਿੰਦੇ ਆਂ, ਅਜੇ ਫੈਕਟਰੀ ਵਿਚ ਮਾੜੀ ਮੋਟੀ ਜੌਬ ਕਰੀ ਜਾਨੇ ਆਂ, ਕੁਝ ਗੌਰਮਿੰਟ ਬੱਚਿਆਂ ਦੇ ਪੈਸੇ ਦਈ ਜਾਂਦੀ, ਬੱਸ ਰੋਟੀ ਪਾਣੀ ਚੱਲੀ ਜਾਂਦਾ। ਬੰਨੀ ਤਾਂ ਕਹਿੰਦਾ, ਇੰਡੀਆ ਮੁੜ ਜਾਣਾ। ਉਹਦੀ ਘਰ ਵਾਲੀ ਦਾ ਚਿੱਤ ਨਹੀਂ ਲੱਗਾ। ਉੱਥੇ ਗਜ਼ਟਿਡ ਅਫਸਰ ਲੱਗਾ ਸੀ, ਘਰ ਨੌਕਰ ਚਾਕਰ, ਉੱਪਰੋਂ ਵਾਧੂ ਮਾਯਾ ਬਣਦੀ ਸੀ।”
“ਗੱਲ ਸੁਣ ਤੋਚੀ! ਜਿਹੜਾ ਏਥੇ ਆ ਗਿਆ, ਕਾਹਨੂੰ ਮੁੜਦਾ, ਬੱਸ ਕਹਿਣ ਦੀਆਂ ਗੱਲਾਂ ਨੇ; ਹੱਡ ਈ ਜਾਣਗੇ ਕੀਰਤਪੁਰ। ਚੱਲ ਛੱਡ! ੀਮਲ ਕੇ ਗੱਲਾਂ ਕਰਾਂਗੇ। ਬਣਾਓ ਪ੍ਰੋਗਰਾਮ ਤਿੰਨੇ, ਸਣੇ ਪਰਿਵਾਰ।”
“ਰਵੀ! ਤੂੰ ਦੱਸ, ਤੇਰਾ ਕੀ ਕਾਰੋਬਾਰ ਆ। ਤੂੰ ਤਾਂ ਉਨੀ ਸੌ ਕੰਨਵੇਂ ਵਿਚ ਹੀ ਵਿਆਹ ਕਰਵਾ ਕੇ ਆ ਗਿਆ ਸੀ ਕੈਨੇਡਾ।”
“ਤੋਚੀ! ਫੋਨ ‘ਤੇ ਈ ਗੱਲਾਂ ਮੁੱਕਾ ਲੈਣੀਆਂ? ਮੇਰੀ ਪੱਚੀ ਸਾਲਾਂ ਦੀ ਲੰਮੀ ਸਟ੍ਰਗਲ ਦੀ ਕਹਾਣੀ ਏ, ਗੱਲਾਂ ਮਿਲ ਕੇ ਕਰਾਂਗੇ।”
“ਚੱਲ ਰਵੀ! ਠੀਕ ਆ, ਮੈਂ ਗਿੱਲ ਤੇ ਬੰਨੀ ਨੂੰ ਤੇਰਾ ਨੰਬਰ ਦੇਨਾਂ, ਨਾਲੇ ਅਸੀਂ ਪ੍ਰੋਗਰਾਮ ਬਣਾ ਕੇ ਤੈਨੂੰ ਦੱਸਦੇ ਆਂ।”
“ਮੰਨਤ! ਇਹ ਤਿੰਨੇ ਮੇਰੇ ਇੰਜੀਨੀਅਰਿੰਗ ਡਿਗਰੀ ਦੇ ਕਲਾਸ ਫੈਲੋ ਨੇ, ਸਗੋਂ ਤਰਲੋਚਨ ਤੇ ਮੈਂ ਪੰਜਵੀਂ ਕਲਾਸ ਤੋਂ ਇਕੱਠੇ ਇਕ ਬੈਂਚ ‘ਤੇ ਬੈਠਦੇ ਸਾਂ। ਆਉਣਗੇ ਸਾਰੇ ਪਰਿਵਾਰਾਂ ਸਮੇਤ ਆਪਣੇ ਕੋਲ।”

ਦੋ ਮਹੀਨੇ ਬੀਤ ਗਏ। ਰਵੀ ਦੀ ਤਿੰਨਾਂ ਮਿੱਤਰਾਂ ਨਾਲ ਵੀਕ ਐਂਡ ‘ਤੇ ਗੱਲਬਾਤ ਹੁੰਦੀ ਰਹਿੰਦੀ। ਤਰਲੋਚਨ ਤਾਂ ਕਈ ਵਾਰ ਵੀਕ ਡੇਅ ਵਿਚ ਵੀ ਫੋਨ ਕਰ ਲੈਂਦਾ।
“ਆ ਰਹੇ ਹਾਂ ਸਾਰੇ।” ਤਰਲੋਚਨ ਨੇ ਰਵਿੰਦਰ ਨੂੰ ਫੋਨ ਕਰਕੇ ਦੱਸਿਆ। “ਤਿੰਨੇ ਸਣੇ ਪਰਿਵਾਰ ਏਸ ਸ਼ੁੱਕਰਵਾਰ ਪਹੁੰਚਾਂਗੇ ਤੇ ਸਾਡੀ ਐਤਵਾਰ ਸ਼ਾਮੀਂ ਛੇ ਵਜੇ ਸੈਨ ਫਰਾਂਸਿਸਕੋ ਤੋਂ ਵਾਪਸੀ ਦੀ ਫਲਾਈਟ ਏ।” ਤਰਲੋਚਨ ਨੇ ਪਹੁੰਚਣ ਦੀ ਫਲਾਈਟ ਨੰਬਰ ਤੇ ਟਾਈਮ ਦੱਸ ਦਿੱਤਾ।
ਦੱਸੇ ਮੁਤਾਬਿਕ ਮਿੱਤਰ ਸਣੇ ਪਰਿਵਾਰਾਂ ਪਹੁੰਚ ਗਏ। ਸਾਰਿਆਂ ਨੂੰ ਮਿਲ ਕੇ ਰਵਿੰਦਰ ਖੁਸ਼ੀ ਵਿਚ ਉਛਲ ਉਠਿਆ, “ਬੱਲੇ, ਬੱਲੇ ਮਿਤਰੋ! ਐਂ ਲੱਗਦਾ ਜਿਵੇਂ ਸਦੀਆਂ ਪਿੱਛੋਂ ਮਿਲੇ ਆਂ।” ਇਕ ਦੂਜੇ ਨੂੰ ਗਲਵੱਕੜੀਆਂ ਤੇ ਜੱਫੀਆਂ ਪਈਆਂ।
“ਉਏ ਰਵੀ! ਤੂੰ ਤਾਂ ਉਵੇਂ ਪਿਆ ਏ, ਜਮਾਂ ਨਹੀਂ ਚੇਂਜ ਆਈ।” ਬੰਨੀ ਨੇ ਹੱਸ ਕੇ ਰਵੀ ਨੂੰ ਨੀਝ ਨਾਲ ਵੇਖਦਿਆਂ ਕੇਹਾ।
ਰਵੀ ਨੇ ਜਵਾਬ ਦਿੱਤਾ, “ਚੇਂਜ ਕਿਵੇਂ ਆ ਜਾਂਦੀ! ਅਮਰੀਕਾ ‘ਚ ਵੱਸਦੇ ਆਂ, ਵਾਹਿਗੁਰੂ ਦੀ ਕਿਰਪਾ ਏ। ਦਸਾਂ ਨਹੁੰਆਂ ਦੀ ਕਿਰਤ ਕਰੀਦੀ ਏ, ਚਿਕਨ ਤੇ ਬੱਕਰਾ ਖਾਈਦਾ ਤੇ ਵਾਈਨ ਪੀਨੇ ਆਂ। ਕਿਸੇ ਟੁੰਡੀਲਾਟ ਦਾ ਭੌ ਨਹੀਂ, ਬਿਨਾ ਉਪਰ ਵਾਲੇ ਤੋਂ।” ਸੁਣ ਕੇ ਸਾਰੇ ਠਹਾਕਾ ਮਾਰ ਕੇ ਹੱਸ ਪਏ।
“ਉਏ! ਭਰਜਾਈਆਂ ਤੇ ਬੱਚਿਆਂ ਦੀ ਇੰਟਰੋਡਕਸ਼ਨ ਤੇ ਕਰਾਓ।” ਰਵਿੰਦਰ ਨੇ ਤਰਲੋਚਨ ਨੂੰ ਕਿਹਾ।
“ਲੈ! ਇਹ ਪਛਾਣ ਕਰਨੀ ਕਿਹੜੀ ਔਖੀ ਏ, ਜਿਹੜੀ ਜਿਸ ਨੂੰ ‘ਏ ਜੀ!’ ਕਹਿ ਕੇ ਬੁਲਾਵੇ, ਬੱਸ ਸਮਝ ਜਾਵੀਂ, ਉਹ ਉਹਦੀ ਏ। ਚੱਲ ਫਿਰ ਵੀ ਦੱਸਦਾਂ, ਆਹ ਚਾਰਾਂ ਬੱਚਿਆਂ ਵਿਚੋਂ ਇਹ ਬੇਟਾ, ਬੇਟੀ ਮੇਰੇ ਤੇ ਆਹ ਬੇਟਾ ਗਿੱਲ ਦਾ ਤੇ ਆਹ ਬੇਟੀ ਬੰਨੀ ਦੀ। ਬਾਕੀ ਘਰ ਵਾਲੀਆਂ ਦੀ ਪਛਾਣ ਤੂੰ ਆਪ ਕਰਨੀ ਏ।” ਦੱਸ ਕੇ ਤਰਲੋਚਨ ਜ਼ੋਰ ਦੀ ਹੱਸਿਆ।
“ਚੱਲੋ ਬੈਠੋ ਗੱਡੀਆਂ ਵਿਚ।” ਰਵਿੰਦਰ ਨੇ ਗੱਡੀ ਵਿਚ ਅਟੈਚੀ ਰੱਖਦਿਆਂ ਆਖਿਆ। ਰਵਿੰਦਰ ਤੇ ਮੰਨਤ ਇਕ ਕਾਰ ਤੇ ਇਕ ਵੈਨ ਲੈ ਕੇ ਆਏ ਸਨ।
“ਐਂ ਕਰਦੇ ਆਂ! ਬੱਚੇ ਤੇ ਭਰਜਾਈਆਂ ਮੰਨਤ ਨਾਲ ਵੈਨ ਵਿਚ ਤੇ ਆਪਾਂ ਸਾਰੇ ਮਿੱਤਰ ਕਾਰ ਵਿਚ ਗੱਪਸ਼ੱਪ ਮਾਰਦੇ ਜਾਵਾਂਗੇ।” ਰਵੀ ਨੇ ਸਲਾਹ ਦਿੱਤੀ, ਸਾਰੇ ਬੈਠ ਗਏ। ਉਨ੍ਹਾਂ ਸਾਢੇ ਤਿੰਨ ਘੰਟਿਆਂ ਵਿਚ ਗੱਡੀਆਂ ਆਪਣੇ ਫਾਰਮ ਹਾਊਸ ਦੀ ਪਾਰਕਿੰਗ ਵਿਚ ਜਾ ਖੜ੍ਹੀਆਂ ਕੀਤੀਆਂ।
ਗੱਡੀ ਵਿਚੋਂ ਬਾਹਰ ਨਿਕਲਦਿਆਂ ਹੀ ਸਾਰੇ ਮਿੱਤਰ ਬੋਲ ਉਠੇ, “ਵਾਹ ਬਈ ਵਾਹ! ਰਵੀ! ਘਰ ਕਾਹਦਾ ਇਹ ਤਾਂ ਮਹੱਲ ਉਸਾਰੀ ਬੈਠਾ ਏਂ-ਜੰਗਲ ਵਿਚ ਮੰਗਲ।”
ਸ਼ਾਮ ਪੈ ਚੁਕੀ ਸੀ ਤੇ ਹਨੇਰਾ ਪਸਰਨਾ ਸ਼ੁਰੂ ਹੋ ਰਿਹਾ ਸੀ। ਤਰਲੋਚਨ ਥੋੜ੍ਹਾ ਗੱਡੀ ਤੋਂ ਪਰੇ ਹੱਟ ਕੇ ਇਸ਼ਾਰੇ ਨਾਲ ਕਹਿਣ ਲੱਗਾ, “ਰਵੀ! ਆਹ ਵੇਲਾਂ ਕਾਹਦੀਆਂ?”
“ਵਾਈਨ ਗਰੇਪਸ ਨੇ। ਆ ਜਾਓ, ਸਵੇਰੇ ਵਿਖਾਵਾਂਗਾ ਸਾਰਾ ਫਾਰਮ, ਕਰੀਬ ਸੌ ਏਕੜ ਏ।”
ਮੇਨ ਡੋਰ ‘ਤੇ ਰਵੀ ਦੇ ਮੰਮੀ-ਡੈਡੀ ਖੜ੍ਹੇ ਇੰਤਜ਼ਾਰ ਕਰ ਰਹੇ ਸਨ। ਸਾਰਿਆਂ ਨੇ ਆਦਰ ਸਹਿਤ ਝੁਕ ਕੇ ਗੋਡਿਆਂ ਨੂੰ ਹੱਥ ਲਾ ਕੇ ਉਨ੍ਹਾਂ ਕੋਲੋਂ ਦੁਆਵਾਂ ਲਈਆਂ।
ਘਰ ਦੇ ਅੰਦਰ ਦੀ ਡੈਕੋਰੇਸ਼ਨ ਵੇਖ ਕੇ ਸਾਰਿਆਂ ਦੀਆਂ ਅੱਖਾਂ ਤੇ ਮੂੰਹ ਅੱਡੇ ਰਹਿ ਗਏ ਅਤੇ ਸੁਭਾਵਿਕ ਹੀ ਸਭ ਦੇ ਮੂੰਹੋਂ ਨਿਕਲਿਆ, “ਵਾਓ!” ਤੇ ਗੈਸਟ ਸੋਫਿਆਂ ‘ਤੇ ਜਾ ਬਿਰਾਜੇ।
“ਮੈਂ ਸਾਰਿਆਂ ਦਾ ਸਮਾਨ ਅੱਡ ਅੱਡ ਬੈੱਡ ਰੂਮਾਂ ਵਿਚ ਰੱਖ ਦਿੱਤਾ।” ਰਵਿੰਦਰ ਨੇ ਸੋਫੇ ‘ਤੇ ਬੈਠਦਿਆਂ ਦੱਸਿਆ।
ਮੰਨਤ ਛੇਤੀ ਨਾਲ ਜੂਸ ਤੇ ਪਾਣੀ ਦੇ ਗਲਾਸ ਸਰਵ ਕਰਨ ਲੱਗੀ ਤੇ ਨਾਲੇ ਪੁੱਛਿਆ, “ਭੈਣ ਜੀ! ਚਾਹ ਪੀਉਗੇ? ਵੇਸੇ ਰੋਟੀ ਤਿਆਰ ਏ।”
ਭੈਣਾਂ ਨੇ ਇਕ ਦੂਜੀ ਨੂੰ ਪੁੱਛਿਆ, “ਪੀਣੀ?” ਸਭ ਦਾ ਜਵਾਬ ਸੀ, “ਨਹੀਂ!” ਫਿਰ ਮਿਸਿਜ਼ ਤਰਲੋਚਨ ਨੇ ਰਾਏ ਦਿੱਤੀ, “ਦੀਦੀ ਚਾਹ ਨਹੀਂ, ਰੋਟੀ ਹੀ ਖਾਂਵੇਗੇ, ਵੇਟ ਕਰ ਲਵੋ ਅੱਧਾ ਘੰਟਾ।”
“ਗੱਲ ਸੁਣਿਓ।” ਮੰਨਤ ਨੇ ਰਵੀ ਨੂੰ ਕਿਚਨ ਵਿਚੋਂ ਅਵਾਜ਼ ਮਾਰੀ। ਰਵੀ ਮੰਨਤ ਕੋਲ ਆ ਖਲੋਤਾ ਤੇ ਕੁਝ ਕੁੱਕ ਕਰਨ ਦਾ ਸਲਾਹ-ਮਸ਼ਵਰਾ ਕਰਨ ਲੱਗੇ।
“ਵੇਖਿਆ! ਮੰਨਤ ਭਾਬੀ ਕਿਵੇਂ ਭੰਮੀਰੀ ਵਾਂਗ ਕੰਮ ਕਰਦੀ ਫਿਰਦੀ।” ਬੰਨੀ ਨੇ ਆਪਣੀ ਘਰ ਵਾਲੀ ਨੂੰ ਇਸ਼ਾਰਾ ਕਰਕੇ ਦੱਸਿਆ।
“ਅੱਛਾ! ਸਾਡਾ ਗਵਾਂਢੀ ਕਰਦੇ ਨੇ? ਅਸੀਂ ਵੀ ਐਂ ਈ ਕਰਦੇ ਆਂ।” ਬੰਨੀ ਦੀ ਘਰ ਵਾਲੀ ਨੇ ਮੱਥੇ ‘ਤੇ ਤਿਉੜੀਆਂ ਪਾਉਂਦਿਆਂ ਜਵਾਬ ਦਿੱਤਾ।
ਰਵੀ ਨੇ ਬਾਰ ਵੱਲ ਜਾਂਦਿਆਂ ਮੰਨਤ ਨੂੰ ਕਿਹਾ, “ਹਨੀ! ਮੈਂ ਵਾਈਨ ਸਰਵ ਕਰਦਾਂ ਸਭ ਨੂੰ।…ਆ ਜਾਓ ਮਿੱਤਰੋ, ਪਹਿਲਾਂ ਤੁਹਾਨੂੰ ਆਪਣਾ ਸ਼ੌਕ ਵਿਖਾਵਾਂ।” ਸਾਰੇ ਵਾਈਨ ਕੂਲਰ ਦੇ ਸਾਹਮਣੇ ਆ ਖੜ੍ਹੇ ਹੋਏ ਤੇ ਵਾਈਨ ਬਾਰੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨ ਲੱਗੇ। ਰਵੀ ਵਿਸਥਾਰ ਨਾਲ ਦੱਸਣ ਲੱਗਾ, “ਇਹ ਅੰਦਾਜ਼ਨ ਇਕ ਸੌ ਪਝੱਤਰ ਬੋਤਲਾਂ ਹੋਣਗੀਆਂ ਵਾਈਨ ਦੀਆਂ। ਬਾਕੀ ਆਪਣੀ ਵੇਅਰ ਹਾਊਸ ਵਿਚ ਪਈ ਹੋਣੀ ਕੋਈ ਪੰਜ ਸੌ ਕੇਸ ਤੇ ਏਸ ਸਾਲ ਦੀ ਅਜੇ ਬੌਟਲਿੰਗ ਕਰਨੀ। ਇਹ ਕੂਲਰ ਵਾਲੀ ਵੱਖ ਵੱਖ ਕੰਟਰੀ ਦੀ ਏ, ਕੁਝ ਸ਼ਿੱਪ ਕਰਵਾਈ, ਕੁਝ ਖੁਦ ਲੈ ਕੇ ਆਏ। ਇਹ ਸਾਰੀ ਇਟਲੀ, ਫਰਾਂਸ ਸਪੇਨ, ਜਰਮਨ ਤੇ ਨਾਪਾ ਵੈਲੀ ਦੀ ਏ।”
ਬੰਨੀ ਨੇ ਪੁੱਛ ਹੀ ਲਿਆ, “ਰਵੀ! ਕਾਫੀ ਮਹਿੰਗੀ ਹੋਣੇ ਏ?”
“ਮਿੱਤਰੋ ਸ਼ੌਕ ਦਾ ਮੁੱਲ ਨਹੀਂ, ਮੈ ਹਾਰਡ ਡਰਿੰਕ ਕਈ ਸਾਲਾਂ ਦੀ ਨਹੀਂ ਪੀਤੀ। ਇਹ ਵਾਈਨ ਘੱਟ ਤੋਂ ਘੱਟ ਪਝੱਤਰ ਡਾਲਰ ਦੀ ਬੋਤਲ ਤੇ ਵੱਧ ਤੋਂ ਵੱਧ ਢਾਈ ਸੌ ਡਾਲਰ ਦੀ ਏ।”
ਮੰਨਤ ਨੇ ਥੋੜ੍ਹੀ ਕਾਹਲੀ ਪੈਂਦਿਆਂ ਰਵੀ ਨੂੰ ਅਵਾਜ਼ ਦਿੱਤੀ, “ਰਵੀ! ਲੈ ਆਉ ਹੁਣ, ਰੋਟੀ ਖਾ ਕੇ ਸੌਣਾਂ ਵੀ ਏਨ੍ਹਾਂ।”
“ਓ ਕੇ ਹਨੀ!” ਰਵੀ ਨੇ ਫਰਾਂਸ ਦੀ ਰੈਡ ਵਾਈਨ ਦੀ ਬੋਤਲ ਖੋਲ੍ਹੀ, ਜੋ ਸੌ ਡਾਲਰ ਦੀ ਸੀ। ਗਲਾਸਾਂ ਵਿਚ ਵਾਈਨ ਪਾ ਕੇ ਗਲਾਸ ਟਰੇਅ ਵਿਚ ਟਿਕਾ ਲਏ ਤੇ ਸਾਰੇ ਗੈਸਟ ਰੂਮ ਵਿਚ ਆ ਗਏ। “ਲਓ ਡੈਡੀ!” ਉਹਨੇ ਇਕ ਗਲਾਸ ਆਪਣੇ ਡੈਡੀ ਨੂੰ ਦਿੱਤਾ ਬਾਕੀ ਚਾਰਾਂ ਦੋਸਤਾਂ ਨੇ ਚੁੱਕ ਲਏ। ਰਵੀ ਨੇ ਮੰਨਤ ਵੱਲ ਟਰੇਅ ਵਧਾਈ, “ਲੈ, ਭਰਜਾਈਆਂ ਨੂੰ ਤੂੰ ਪੁੱਛ ਲੈ।”
“ਲਉ ਜੀ!” ਮੰਨਤ ਨੇ ਭੈਣਾਂ ਵੱਲ ਟਰੇਅ ਕੀਤੀ। ਬੰਨੀ ਦੀ ਵਾਇਫ ਨੇ ਗਲਾਸ ਚੁੱਕ ਲਿਆ। ਤਰਲੋਚਨ ਤੇ ਗਿੱਲ ਦੀ ਵਾਈਫ ਨੇ ਕਿਹਾ, “ਨਾ ਭੈਣ ਜੀ! ਪਲੀਜ਼ ਸਾਨੂੰ ਕੰਪੈਲ ਨਾ ਕਰਿਓ।”
“ਡੈਡ-ਮੌਮ! ਤੁਹਾਨੂੰ ਡਿਨਰ ਲਾ ਦਿਆਂ?” ਮੰਨਤ ਨੇ ਮੰਮੀ-ਡੈਡੀ ਨੂੰ ਪੁੱਛਿਆ। ਅੱਗੋਂ ਜਵਾਬ ਸੀ, “ਹਾਂ, ਲਾ ਦੇ ਬੇਟਾ।”
“ਭੈਣ ਜੀ! ਸਾਡੀ ਵੀ ਲਾ ਦਿਉ ਨਾਲ ਹੀ।” ਤਰਲੋਚਨ ਦੀ ਵਾਈਫ ਨੇ ਕਿਹਾ।
ਬੱਚੇ ਵੀ ਉਂਘਲਾ ਰਹੇ ਸਨ। ਰੋਟੀ ਲੱਗ ਗਈ। ਰਵੀ ਤੇ ਦੋਸਤਾਂ ਨੇ ਕਹਿ ਦਿੱਤਾ, ‘ਅਸੀਂ ਲੇਟ ਖਾਵਾਂਗੇ।’ ਮੰਨਤ ਤੇ ਬੰਨੀ ਦੀ ਵਾਈਫ ਨੇ ਰੋਟੀ ਨਾਲ ਵੀ ਵਾਈਨ ਦੇ ਚਾਰ ਚਾਰ ਗਲਾਸ ਪੀ ਲਏ। ਸਾਰੇ ਗੁੱਡ ਨਾਈਟ ਕਰਕੇ ਆਪਣੇ ਆਪਣੇ ਬੈੱਡ ਰੂਮਾਂ ਵਿਚ ਚਲੇ ਗਏ।
ਰਵੀ ਥੋੜ੍ਹਾ ਬਹਿਕ ਗਿਆ ਤੇ ਕਹਿਣ ਲੱਗਾ, “ਤੋਚੀ! ਤੂੰ ਉਸ ਦਿਨ ਫੋਨ ‘ਤੇ ਪੁੱਛਦਾ ਸੀ, ‘ਤੁੰ ਕੀ ਕਰਦਾਂ?’ ਲਉ ਦੋਸਤੋ ਸੁਣੋ ਮੇਰੀ ਦਾਸਤਾਨ-ਏ-ਲੈਲਾ। ਉਨੀ ਸੌ ਕੰਨਵੇਂ ਵਿਚ ਕੈਨੇਡਾ ਆਇਆ। ਮੈਂ ਆਉਂਦਿਆਂ ਹੀ ਸਹੁਰਿਆਂ ਤੋਂ ਵੱਖ ਹੋ ਬੇਸਮੈਟ ਕਿਰਾਏ ‘ਤੇ ਲੈ ਲਈ। ਮੈਂ ਔਡ ਜਾਬਾਂ ਕੀਤੀਆਂ, ਚੌਦਾਂ-ਚੌਦਾਂ ਘੰਟੇ ਲਾਏ। ਦੋ ਦੋ ਜਾਬਾਂ ਕੀਤੀਆਂ, ਪੈਸੇ ਇਕੱਠੇ ਕੀਤੇ। ਤਿਅਰੀ ਕਰਕੇ ਇੰਜੀਨਅਰਿੰਗ ਦਾ ਲਾਇਸੈਂਸ ਲਿਆ, ਫੇਰ ਯੌਰਕ ਯੂਨੀਵਰਸਿਟੀ ਤੋਂ ਐਮ. ਬੀ. ਏ ਕੀਤੀ। ਮਾਰਕੀਟਿੰਗ ਇੰਜੀਨੀਅਰ ਦੀ ਚੰਗੀ ਜਾਬ ਮਿਲ ਗਈ। ਉਸੇ ਬੇਸ ‘ਤੇ ਅਮਰੀਕਾ ਆਇਆ ਤੇ ਕੰਪਨੀ ਨੇ ਗਰੀਨ ਕਾਰਡ ਦਿਵਾ ਦਿੱਤਾ। ਜਾਬ ਟੂਰਿੰਗ ਦੀ ਸੀ, ਕੰਪਨੀ ਦੇ ਟੂਰ ‘ਤੇ ਕਈ ਵਾਰੀ ਗਰੁਪ ਨਾਲ ਵਾਈਨ ਪੀਣ ਦਾ ਸਬੱਬ ਬਣਦਾ। ਬੱਸ ਉੱਥੋਂ ਹੀ ਵਾਈਨ ਨਾਲ ਇਸ਼ਕ ਹੋ ਗਿਆ। ਜਾਬ ਛੱਡ ਕੇ ਰੀਅਲ ਅਸਟੇਟ ਵਿਚ ਹੱਥ ਅਜ਼ਮਾਏ, ਵਾਹਿਗੁਰੂ ਦੀ ਕਿਰਪਾ ਨਾਲ ਕੰਮ ਬਾਗੋ ਬਾਗ ਹੋ ਗਿਆ। ਵਾਈਨ ਪੀਣ ਦੇ ਸ਼ੌਕ ਨੇ ਸਾਰਾ ਯੂਰਪ ਘੁੰਮਾ ਦਿੱਤਾ। ਫਿਰ ਯੂ. ਸੀ. ਡੇਵਿਸ ਤੋਂ ਵਾਈਨ ਮੇਕਿੰਗ ਦੀ ਡਿਗਰੀ ਕੀਤੀ। ਨਾਪਾ ਤੋਂ ਵਾਈਨ ਮੇਕਿੰਗ ਦੀ ਐਪਰਿੰਟਸ-ਇਹ ਸਾਰਾ ਸਫਰ ਪੰਦਰਾਂ ਸਾਲਾਂ ਵਿਚ ਤੈਅ ਕੀਤਾ ਤੇ ਫਿਰ ਕੁਝ ਸਾਲ ਪਹਿਲਾਂ ਸੌ ਏਕੜ ਜ਼ਮੀਨ ਲੈ ਕੇ ਅੰਗੂਰ ਲਵਾਏ। ਦੋ ਸਾਲਾਂ ਤੋਂ ਆਪਣੀ ਵਾਈਨ ਬਣਾਈਦੀ ਏ। ਇੰਡੀਆਨਾ ਸਟੇਟ ਵਿਚ ਰੀਅਲ ਅਸਟੇਟ ਦਾ ਕੰਮ ਚੱਲੀ ਜਾਂਦਾ ਏ। ਮਹੀਨੇ ਵਿਚ ਇਕ ਚੱਕਰ ਮਾਰ ਆਈਦਾ, ਬਾਕੀ ਕੰਮ ਕੰਪਿਊਟਰ ‘ਤੇ ਔਨਲਾਈਨ ਹੋਈ ਜਾਂਦਾ। ਬੱਚੇ ਯੂਨੀਵਰਸਟੀਆਂ ਦੀਆਂ ਡਿਗਰੀਆਂ ਕਰਕੇ ਆਪਣੇ ਆਪਣੇ ਕੰਮਕਾਰ ਲੱਗ ਗਏ ਮਿੱਤਰੋ!”
ਰਵੀ ਪੂਰੇ ਸਰੂਰ ਵਿਚ ਸੀ, “ਆਉਣ ਲੱਗਿਆਂ ਇੰਡੀਆ ਤੋਂ ਪੰਜਾਹ ਡਾਲਰ ਤੇ ਇਕ ਕੱਪੜਿਆਂ ਵਾਲਾ ਅਟੈਚੀ ਲੈ ਕੇ ਆਏ ਸਾਂ। ਇਹ ਸਾਰਾ ਕੁਝ ਅਮਰੀਕਾ ਨੇ ਦਿੱਤਾ। ਕਹਿੰਦੇ ਨੇ, ਹਿੰਮਤੇ ਮਰਦ, ਮੱਦਤੇ ਖੁਦਾ! ਉਸ ਮਾਲਕ ਦੀ ਕਿਰਪਾ ਤੇ ਆਪਣੀ ਮਿਹਨਤ। ਸੋ ਯਾਰੋ! ਮਿਹਨਤ ਕਰੋ, ਪਹਿਲਾਂ ਸਾਰਿਆਂ ਨੂੰ ਬੇਸਮੈਟਾਂ ਵਿਚ ਰਹਿਣਾ ਪੈਂਦਾ।…ਲਓ, ਮੇਰੀ ਰਾਮ ਕਹਾਣੀ ਤਾਂ ਹੋਈ ਖਤਮ; ਹੁਣ ਆਪਾਂ ਖੋਲ੍ਹਦੇ ਆਂ ਢਾਈ ਸੌ ਡਾਲਰ ਵਾਲੀ ਇਟਾਲੀਅਨ ਵਾਈਨ।”
ਵੈਸੇ ਹੁਣ ਤੱਕ ਸਾਰੇ ਵਾਈਨ ਦੀਆਂ ਪੰਜ ਮਹਿੰਗੀਆਂ ਬੋਤਲਾਂ ਪੀ ਚੁਕੇ ਸਨ। ਰਵੀ ਚਾਹੁੰਦਾ ਸੀ, ਯਾਰਾਂ ਨੂੰ ਮਹਿੰਗੀ ਤੋਂ ਮਹਿੰਗੀ ਤੇ ਵਧੀਆ ਤੋਂ ਵਧੀਆ ਵਾਈਨ ਪਿਆਵੇ।
“ਨਹੀਂ! ਵੀਰੇ ਹੁਣ ਤਾਂ ਢਿੱਡ ਆਫਰ ਗਏ ਨੇ ਵਾਈਨ ਪੀ ਪੀ ਕੇ।” ਬੰਨੀ ਨੇ ਢਿੱਡ ‘ਤੇ ਹੱਥ ਫੇਰਦਿਆਂ ਆਖਿਆ।
ਤੋਚੀ ਨੇ ਵੀ ਹਾਂ ‘ਚ ਹਾਂ ਮਿਲਾਈ, “ਰਵੀ! ਬੰਨੀ ਬਾਈ ਠੀਕ ਆਖਦਾ।”
ਰਵੀ ਤੋਂ ਬਗੈਰ ਤਿੰਨੇ ਮਿੱਤਰ ਸੋਫੀ ਲੱਗ ਰਹੇ ਸਨ। ਤਰਲੋਚਨ ਥੋੜ੍ਹਾ ਜਕਦਾ ਜੱਕਦਾ ਬੋਲਿਆ, “ਰਵੀ! ਇਹ ਬਕਬਕਾ ਸ਼ਰਬਤ ਤਾਂ ਬਥੇਰਾ ਪੀ ਲਿਆ, ਤੂੰ ਕੋਈ ਵਿਸਕੀ ਵੁਸਕੀ ਨਹੀਂ ਰੱਖਦਾ? ਜੀਹਨੂੰ ਪੀ ਕੇ ਨੀਂਦ ਆ ਜਾਵੇ।” ਇਹ ਸੁਣ ਕੇ ਰਵੀ ਦਾ ਸੇਵਾ ਭਾਵਨਾ ਵਾਲਾ ਜੋਸ਼ ਠੁੱਸ ਹੋ ਗਿਆ। ਵਾਈਨ ਦੀ ਮਹਿੰਗੀ ਬੋਤਲ ਉਹਦੇ ਹੱਥ ਵਿਚ ਫੜੀ ਰਹਿ ਗਈ। ਉਹਦੇ ਮੂੰਹ ਵਿਚੋਂ ਆਪ ਮੁਹਾਰੇ ਨਿਕਲ ਗਿਆ, “ਸੁਰਾਂ ਨੂੰ ਪੋਨੇ।”