ਡਾ. ਗੁਰਨਾਮ ਕੌਰ, ਕੈਨੇਡਾ
ਗੁਰੂ ਨਾਨਕ ਦੇਵ ਨਿਤਾਣੇ, ਲਤਾੜੇ, ਦੱਬੇ-ਕੁਚਲੇ ਮਨੁੱਖ ਨਾਲ ਖੜ੍ਹਦਿਆਂ ਇਹੀ ਅਰਦਾਸ ਕਰਦੇ ਹਨ ਕਿ ਉਨ੍ਹਾਂ ਦਾ ਸਾਥ ਅਜਿਹੇ ਲੋਕਾਂ ਨਾਲ ਬਣੇ, ਜੋ ਨੀਵੀਂ ਤੋਂ ਵੀ ਨੀਵੀਂ ਜਾਤਿ ਦੇ ਅਖਵਾਉਂਦੇ ਹਨ; ਅਰਥਾਤ ਵਰਣ-ਵੰਡ ਨੇ ਜਿਨ੍ਹਾਂ ਨੂੰ ਉਸ ਥਾਂ ‘ਤੇ ਲਿਆ ਕੇ ਖੜ੍ਹੇ ਕਰ ਦਿੱਤਾ ਹੈ, ਜਿਸ ਨੂੰ ਸਮਾਜ ਵਿਚ ਸਭ ਤੋਂ ਹੇਠਲਾ ਦਰਜਾ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਅਨੁਸਾਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਉਥੇ ਹੁੰਦੀ ਹੈ, ਜਿੱਥੇ ਗਰੀਬਾਂ ਦੀ ਸਾਰ ਲਈ ਜਾਂਦੀ ਹੈ। ਗੁਰੂ ਨਾਨਕ ਨੇ ਮਨੁੱਖਤਾ ਦੀ ਬਰਾਬਰੀ ਦਾ ਸਿਧਾਂਤ ੴ ਨੂੰ ਕਰਤਾ ਪੁਰਖ ਮੰਨ ਕੇ, ਜਿਸ ਨੇ ਸਾਰੇ ਬ੍ਰਹਿਮੰਡ ਦੀ ਰਚਨਾ ਆਪਣੇ ਆਪ ਵਿਚੋਂ ਕੀਤੀ ਹੈ, ਦਿੱਤਾ ਹੈ। ਇਸੇ ਨੂੰ ਗੁਰੂ ਅਰਜਨ ਦੇਵ ਪੰਜਵੀਂ ਨਾਨਕ ਜੋਤਿ ਨੇ ‘ਤੂੰ ਸਾਝਾ ਸਾਹਿਬੁ ਬਾਪੁ ਹਮਾਰਾ’ ਕਹਿ ਕੇ ਮਨੁੱਖੀ ਏਕਤਾ, ਬਰਾਬਰੀ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਅਤੇ ਆਪਣੇ ਪੂਰਵਜ ਗੁਰੂਆਂ ਦੇ ਦਿੱਤੇ ਜੀਵਨ ਦਰਸ਼ਨ ਨੂੰ ਅੱਗੇ ਵਧਾਉਂਦਿਆਂ ਅਜਿਹੇ ਸਮਾਜ ਦੀ ਸਿਰਜਣਾ ਨੂੰ ਦ੍ਰਿੜ ਕਰਾਇਆ,
ਜਿਸ ਵਿਚ ‘ਸਭੇ ਸਾਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’ ਅਨੁਸਾਰ ਸਾਰੇ ਜੀਵਾਂ ਨੂੰ ਸਿਰਫ ਤੇ ਸਿਰਫ ਉਸ ਇੱਕ ਦੀ ਆਸ ਬੰਨ੍ਹਾਈ ਹੈ, ਜੋ ਸਾਰਿਆਂ ਦੇ ਅੰਦਰ ਵੱਸ ਰਿਹਾ ਹੈ; ਕੋਈ ਵੀ ਉਸ ਤੋਂ ਬਾਹਰ ਨਹੀਂ ਹੈ। ਇਸੇ ਨੂੰ ਪੰਚਮ ਗੁਰੂ ਨੇ ‘ਹਲੇਮੀ ਰਾਜੁ’ ਕਿਹਾ ਹੈ। ਇੱਥੇ ਨਿਮਰਤਾ ਦਾ ਵਾਰਾ-ਪਹਿਰਾ ਹੈ, ਜਿਸ ਵਿਚ ਪਰਮਾਤਮਾ ਦੀ ਮਿਹਰ ਸਦਕਾ ਲੋਕ ਖੁਸ਼ੀ ਖੁਸ਼ੀ ਵੱਸਦੇ ਹਨ ਅਤੇ ਕੋਈ ਕਿਸੇ ਨਾਲ ਧੱਕਾ ਨਹੀਂ ਕਰ ਸਕਦਾ। ਅਜਿਹੀ ਪ੍ਰਾਪਤੀ ਲਈ ਮਨੁੱਖ ਨੂੰ ਕਾਮ, ਕਰੋਧ, ਲੋਭ, ਮੋਹ ਅਤੇ ਹਉਮੈ ਵਰਗੇ ਵਿਕਾਰਾਂ ਨੂੰ ਆਪਣੇ ਵੱਸ ਵਿਚ ਕਰਨਾ ਪੈਂਦਾ ਹੈ। ਇਨ੍ਹਾਂ ਨੂੰ ਬਾਣੀ ਵਿਚ ‘ਪੰਚ ਚੋਰ’ ਕਿਹਾ ਹੈ, ਕਿਉਂਕਿ ਅਸਲ ਵਿਚ ਇਹ ਵਿਕਾਰ ਜੇ ਸਤਿ, ਸੰਤੋਖ, ਦਇਆ ਅਤੇ ਗਿਆਨ ਆਦਿ ਗੁਣਾਂ ਰਾਹੀਂ ਕਾਬੂ ਵਿਚ ਨਾ ਰੱਖੇ ਜਾਣ ਤਾਂ ਹਰ ਤਰ੍ਹਾਂ ਦੀ ਬੁਰਾਈ ਨੂੰ ਜਨਮ ਦਿੰਦੇ ਹਨ; ਮਨੁੱਖ ਨੂੰ ਬੁਰੇ ਕਰਮ ਕਰਨ ਲਈ ਉਕਸਾਉਂਦੇ ਹਨ। ਇਨ੍ਹਾਂ ਵਿਕਾਰਾਂ ਨੂੰ ਕਾਬੂ ਕਰ ਲੈਣ ਨੂੰ ਹੀ ਪੰਜਵੇਂ ਗੁਰੂ ਨੇ ‘ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ’ ਕਿਹਾ ਹੈ।
ਅਜਿਹੇ ਸਥਾਨ ਦੀ ਵਿਆਖਿਆ ਕਰਦਿਆਂ, ਭਗਤ ਰਵਿਦਾਸ ਇਸ ਨੂੰ ‘ਬੇਗਮ ਪੁਰਾ’ ਕਹਿੰਦੇ ਹਨ, ਜਿਸ ਵਿਚ ਕਿਸੇ ਗ਼ਮ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਇਸ ਸਥਾਨ ‘ਤੇ ਕੋਈ ਦੁੱਖ ਅਤੇ ਕਿਸੇ ਕਿਸਮ ਦੀ ਚਿੰਤਾ ਜਾਂ ਫਿਕਰ ਨਹੀਂ ਹੈ। ਇਥੇ ਕੋਈ ਘਬਰਾਹਟ ਨਹੀਂ, ਨਾ ਕੋਈ ਦੁਨਿਆਵੀ ਜਾਇਦਾਦ ਹੈ ਅਤੇ ਨਾ ਹੀ ਉਸ ਜਾਇਦਾਦ ‘ਤੇ ਲੱਗਣ ਵਾਲਾ ਕੋਈ ਕਰ ਜਾਂ ਮਸੂਲ ਹੈ। ਇਥੇ ਕਿਸੇ ਕਿਸਮ ਦਾ ਕੋਈ ਖੌਫ ਨਹੀਂ ਅਤੇ ਨਾ ਹੀ ਕੋਈ ਬੁਰਾ ਕਰਮ ਕਰਨ ਦਾ ਖਤਰਾ ਹੈ। ਕੋਈ ਗਿਰਾਵਟ ਨਹੀਂ, ਕਿਸੇ ਘਾਟੇ ਦਾ ਡਰ ਨਹੀਂ। ਭਗਤ ਰਵਿਦਾਸ ਜੀ ਕਹਿੰਦੇ ਹਨ, ਮੇਰੇ ਭਾਈ! ਮੈਂ ਰਹਿਣ ਲਈ ਅਜਿਹੀ ਸੁਹਣੀ ਥਾਂ ਲੱਭ ਲਈ ਹੈ, ਜਿੱਥੇ ਸਦੀਵੀ ਸੁਖ ਹੀ ਸੁਖ ਹੈ। ਉਹ ਅਜਿਹੀ ਪਾਤਿਸ਼ਾਹੀ ਹੈ, ਜੋ ਸਦਾ ਟਿਕੀ ਰਹਿਣ ਵਾਲੀ ਹੈ। ਉਥੇ ਕੋਈ ਦਰਜਾਬੰਦੀ ਨਹੀਂ, ਕੋਈ ਪਹਿਲੇ ਦਰਜੇ ਜਾਂ ਦੂਜੇ, ਤੀਜੇ ਦਰਜੇ ਦਾ ਸ਼ਹਿਰੀ ਨਹੀਂ, ਸਭ ਬਰਾਬਰ ਹਨ। ਉਹ ਸ਼ਹਿਰ ਸਦਾ ਮਸ਼ਹੂਰ ਹੈ, ਜਿੱਥੇ ਸਾਰੇ ਧਨੀ ਅਤੇ ਰੱਜੇ ਹੋਏ ਬੰਦੇ ਵੱਸਦੇ ਹਨ ਅਰਥਾਤ ਕੋਈ ਥੁੜ੍ਹਾਂ ਦਾ ਮਾਰਿਆ ਹੋਇਆ ਨਹੀਂ ਹੈ। ਇੱਥੇ ਲੋਕ ਬੇਫਿਕਰ ਹੋ ਕੇ ਅਨੰਦ ਨਾਲ ਫਿਰਦੇ ਹਨ, ਕਿਉਂਕਿ ਉਹ ਸਾਰੇ ਉਸ ਮਹਿਲ ਦੇ ਭੇਤੀ ਹਨ। ਇਸ ਲਈ ਕੋਈ ਕਿਸੇ ਨੂੰ ਰੁਕਾਵਟ ਨਹੀਂ ਪਾ ਸਕਦਾ। ਭਗਤ ਰਵਿਦਾਸ, ਜਿਨ੍ਹਾਂ ਨੇ ਹਰ ਤਰ੍ਹਾਂ ਦੇ ਦੁੱਖਾਂ ਤਕਲੀਫਾਂ ਤੋਂ ਆਜ਼ਾਦੀ ਪਾ ਲਈ ਹੈ, ਕਹਿੰਦੇ ਹਨ ਕਿ ਜੋ ਸਾਡਾ ਮਿੱਤਰ ਹੈ, ਉਹ ਸਾਡਾ ਸਤਿਸੰਗੀ ਹੈ,
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੋ ਮੀਤੁ ਹਮਾਰਾ॥
ਇੱਥੇ ਇਸ ਤੱਥ ਨੂੰ ਸਮਝਣਾ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜੋ ਸਿਧਾਂਤ ਦਿੱਤੇ ਗਏ ਹਨ, ਉਨ੍ਹਾਂ ਦਾ ਜਿੱਥੇ ਅਧਿਅਤਾਮਕ ਸੰਦਰਭ ਹੈ, ਉਥੇ ਨਾਲ ਹੀ ਅਮਲੀ ਪ੍ਰਕਾਸ਼ਨ ਦੀ ਪੂਰੀ ਸੰਭਾਵਨਾ ਕਾਇਮ ਹੈ, ਜਿਸ ਲਈ ਯਤਨ ਕਰਨੇ ਪੈਂਦੇ ਹਨ ਅਤੇ ਯਤਨ ਕੀਤੇ ਗਏ। ਇਹ ਕੋਈ ਇਕੱਲਵਾਂਝੇ ਬੈਠ ਕੇ ਅਧਿਆਤਮਕ ਉਥਾਨ ਜਾਂ ਅਭਿਆਸ ਕਰਨ ਦੀ ਪ੍ਰਕਿਰਿਆ ਨਹੀਂ ਹੈ। ਸਮਾਜ ਵਿਚ ਅਜਿਹੇ ਹਾਲਾਤ ਦੀ ਸਿਰਜਣਾ ਕਰਨ ਦਾ ਉਪਰਾਲਾ ਹੈ, ਜਿੱਥੇ ਵੱਸਣ ਵਾਲੇ ਲੋਕ ਅਧਿਆਤਮਕ ਅਨੰਦ ਦੇ ਨਾਲ ਨਾਲ ਦੁਨਿਆਵੀ ਤੌਰ ‘ਤੇ ਮਨੁੱਖੀ ਸਮਾਨਤਾ, ਮਨੁੱਖੀ ਮਾਨ-ਸਨਮਾਨ, ਨਿਆਉਂਸ਼ੀਲ ਅਤੇ ਸੁਖੀ ਜੀਵਨ ਗੁਜ਼ਾਰ ਸਕਣ। ਜੋ ਸਿਧਾਂਤ ਅਮਲ ਵਿਚ ਨਹੀਂ ਆ ਸਕਦਾ, ਉਸ ਦੀ ਪੈਰਵੀ ਗੁਰਬਾਣੀ ਵਿਚ ਕਿਧਰੇ ਨਹੀਂ ਕੀਤੀ ਗਈ। ਇਸੇ ਲਈ ਗੁਰੂ ਨਾਨਕ ਸਹਿਬ ਤੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਤੱਕ, ਆਮ ਲੋਕਾਈ ‘ਤੇ ਹੋ ਰਹੇ ਕਿਸੇ ਵੀ ਕਿਸਮ ਦੇ ਧੱਕੇ ਅਤੇ ਜ਼ੁਲਮ ਦੇ ਵਿਰੁੱਧ ਅਵਾਜ਼ ਉਠਾਈ ਗਈ। ਇਹ ਧੱਕਾ ਜਾਂ ਜ਼ੁਲਮ ਭਾਵੇਂ ਹਕੂਮਤ ਜਾਂ ਉਸ ਦੀ ਅਫਸਰਸ਼ਾਹੀ ਵੱਲੋਂ ਸੀ, ਪੁਜਾਰੀ ਜਮਾਤ ਵੱਲੋਂ ਸੀ, ਜਾਤੀ ਜਾਂ ਜਮਾਤੀ ਵਰਗ-ਵੰਡ ਦੀ ਵਜ੍ਹਾ ਕਰਕੇ ਸੀ, ਤਕੜੇ ਵੱਲੋਂ ਮਾੜੇ ਅਤੇ ਕਮਜ਼ੋਰ ਵਰਗ ‘ਤੇ ਸੀ ਜਾਂ ਫਿਰ ਬਾਬਰ ਵਰਗੇ ਕਿਸੇ ਬਾਹਰੀ ਹਮਲਾਵਰ ਵੱਲੋਂ ਸੀ।
ਗੁਰੂ ਸਾਹਿਬਾਨ ਨੇ ਸਿਰਫ ਇੱਕ ਨਵੇਂ ਧਰਮ ਦੀ ਹੀ ਸਥਾਪਨਾ ਨਹੀਂ ਕੀਤੀ, ਸਗੋਂ ਇੱਕ ਨਵੇਂ ਸਮਾਜ ਦੀ ਸਿਰਜਣਾ ਲਈ ਸੰਗਤੀ ਅਤੇ ਸੰਸਥਾਗਤ ਉਪਰਾਲੇ ਕੀਤੇ। ਨਵੇਂ ਸਮਾਜ ਦੀ ਸਿਰਜਣਾ ਲਈ ਆਲੇ-ਦੁਆਲੇ ਨੂੰ ਬਦਲਨਾ ਪੈਂਦਾ ਹੈ ਅਤੇ ਆਲੇ-ਦੁਆਲੇ ਨੂੰ ਬਦਲਣ ਲਈ ਮਨੁੱਖੀ ਮਾਨਸਿਕਤਾ ਨੂੰ ਬਦਲਣਾ ਬਹੁਤ ਅਹਿਮ ਤੇ ਲਾਜ਼ਮ ਹੁੰਦਾ ਹੈ, ਕਿਉਂਕਿ ਸਾਰੀਆਂ ਬੁਰਾਈਆਂ ਮਨੁੱਖੀ ਮਾਨਸਿਕਤਾ ਵਿਚ ਨਿਹਿਤ ਹੁੰਦੀਆਂ ਹਨ। ਮਨੁੱਖੀ ਮਾਨਸਿਕਤਾ ਨੂੰ ਬਦਲੇ ਬਿਨਾ ਕਿਸੇ ਕਿਸਮ ਦਾ ਬਦਲਾਉ ਲਿਆਉਣਾ ਸੰਭਵ ਨਹੀਂ ਹੁੰਦਾ। ਸਥਾਪਤ ਧਾਰਮਿਕ ਵਿਚਾਰਧਾਰਾ, ਕਰਮ-ਕਾਂਡ, ਸਮਾਜਕ ਪਰੰਪਰਾਵਾਂ ਖਾਸ ਕਰਕੇ ਜਾਤ-ਪਾਤ ਜਿਹਾ ਵਰਣ-ਵੰਡ ਪ੍ਰਬੰਧ, ਜਿਸ ਨੂੰ ਧਾਰਮਿਕ ਪ੍ਰਵਾਨਗੀ ਮਿਲੀ ਹੋਈ ਹੋਵੇ, ਰਾਜਨੀਤਕ ਨਿਜ਼ਾਮ ਆਦਿ ਬਦਲਾਉ ਦੇ ਅਮਲ ਨੂੰ ਸੌਖੇ ਕੀਤਿਆਂ ਬਰਦਾਸ਼ਤ ਨਹੀਂ ਕਰਦੇ ਹੁੰਦੇ। ਮਨੁੱਖੀ ਮਾਨਸਿਕਤਾ ਨੂੰ ਬਦਲਣ ਅਤੇ ਦ੍ਰਿੜਤਾ ਪ੍ਰਦਾਨ ਕਰਨ ਲਈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ, ਦਸਵੀਂ ਨਾਨਕ ਜੋਤਿ ਤੱਕ ਕਰੀਬ ਦੋ-ਢਾਈ ਸੌ ਸਾਲ ਤੱਕ ਦਾ ਸਮਾਂ ਲੱਗਿਆ, ਜਿਸ ਵਿਚ ਸਥਾਪਤੀਆਂ ਵੱਲੋਂ ਬਹੁਤ ਤਰ੍ਹਾਂ ਦੇ ਅੜਿੱਕੇ ਡਾਹੁਣ ਦੇ ਨਾਲ ਨਾਲ ਵਿਚਾਰਧਾਰਾ ਵਿਚ ਘੁਸਪੈਠ ਕਰਨ, ਸੰਨ੍ਹ ਲਾਉਣ ਦੀ ਕੋਸ਼ਿਸ਼ ਵੀ ਲਗਾਤਾਰ ਜਾਰੀ ਰਹੀ। ਇਸ ਦੀ ਪਹਿਲੀ ਮਿਸਾਲ ਗੁਰੂ ਪਰਿਵਾਰ ਵਿਚੋਂ ਬਾਬਾ ਸ੍ਰੀ ਚੰਦ ਦੇ ਰੂਪ ਵਿਚ ਸੰਨ੍ਹ ਲਾਉਣਾ ਹੈ, ਜੋ ਗੁਰੂ ਨਾਨਕ ਸਾਹਿਬ ਦੇ ਗ੍ਰਹਿਸਥ-ਪ੍ਰਧਾਨ ਫਲਸਫੇ ਦੇ ਉਲਟ ਸੰਨਿਆਸ ਧਾਰਨ ਕਰਦਾ ਹੈ; ਇਸ ਦੇ ਨਾਲ ਹੀ ‘ਨਾਨਕ’ ਛਾਪ ਹੇਠਾਂ ਕੱਚੀ ਬਾਣੀ ਦਾ ਰਚਿਆ ਜਾਣਾ, ਜੋ ਗੁਰੂ ਅਮਰਦਾਸ ਜੀ ਦੇ ਵੇਲੇ ਤੱਕ ਸ਼ੁਰੂ ਹੋ ਚੁਕਾ ਸੀ, ਇਸ ਦਾ ਸੰਕੇਤ ਸਾਨੂੰ ਰਾਗੁ ਰਾਮਕਲੀ ਵਿਚ ਗੁਰੂ ਅਮਰ ਦਾਸ ਦੀ ਬਾਣੀ ‘ਅਨੰਦੁ’ ਵਿਚੋਂ ਮਿਲ ਜਾਂਦਾ ਹੈ, ‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ’ ਅਤੇ ‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥’ ਧੀਰ ਮੱਲੀਆਂ, ਪ੍ਰਿਥੀ ਚੰਦੀਆਂ ਜਾਂ ਰਾਮਰਾਈਆਂ ਦੇ ਰੂਪ ਵਿਚ ਸਿਧਾਂਤਕ ਅਤੇ ਵਿਹਾਰਕ ਘੁਸਪੈਠ ਕਰਨ, ਸੰਨ੍ਹ ਲਾਉਣ ਦੀਆਂ ਇਹ ਕੋਸ਼ਿਸ਼ਾਂ ਬਹੁਤ ਜੋਰ-ਸ਼ੋਰ ਨਾਲ ਲਗਾਤਾਰ ਚਲਦੀਆਂ ਰਹੀਆਂ।
ਗੁਰੂ ਰਾਮ ਦਾਸ ਜੀ ਦੇ ਸਮੇਂ ਤੱਕ ਸਿੱਖ ਧਰਮ ਦਾ ਪ੍ਰਚਾਰ ਅਤੇ ਪਾਸਾਰ ਸ਼ਾਂਤਮਈ ਰੂਪ ਵਿਚ ਚੱਲਦਾ ਰਿਹਾ, ਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਪਹੁੰਚਦਿਆਂ ਪਹੁੰਚਦਿਆਂ ਨਵਾਂ ਧਰਮ ਹਕੂਮਤ ਦੀਆਂ ਅੱਖਾਂ ਵਿਚ ਵੀ ਰੜਕਣ ਲੱਗ ਪਿਆ ਸੀ। ਇਹ ਇਤਿਹਾਸਕ ਤੱਥ ਹੈ ਕਿ ਜਹਾਂਗੀਰ ਬਾਦਸ਼ਾਹ ਦੇ ਹੁਕਮ ਨਾਲ ਹੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ, ਸੀਸ ‘ਤੇ ਗਰਮ ਰੇਤ ਪੁਆ ਕੇ ਸ਼ਹੀਦ ਕੀਤਾ ਗਿਆ; ਬੇਸ਼ੱਕ ਇਸ ਵਿਚ ਜਾਤਿ-ਅਭਿਮਾਨੀ ਚੰਦੂ ਦਾ ਵੀ ਬਹੁਤ ਵੱਡਾ ਹੱਥ ਸੀ। ਇਸ ਦਾ ਜ਼ਿਕਰ ‘ਤੁਜ਼ਕ-ਏ-ਜਹਾਂਗੀਰੀ’ (ਜਹਾਂਗੀਰ ਦੀਆਂ ਯਾਦਾਂ) ਵਿਚ ਜਹਾਂਗੀਰ ਬਾਦਸ਼ਾਹ ਵੱਲੋਂ ਕੀਤਾ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਸੀ ਕਿ ਜ਼ੁਲਮ ਦਾ ਮੁਕਾਬਲਾ ਕਰਨ ਲਈ ਹਥਿਆਰਬੰਦ ਰਸਤਾ ਅਪਨਾਉਣਾ ਪੈਣਾ ਹੈ। ਛੇਵੇਂ ਗੁਰੂ ਹਰਗੋਬਿੰਦ ਜੀ ਨੇ ਗੁਰਗੱਦੀ ਤੇ ਬਿਰਾਜਮਾਨ ਹੋਣ ਸਮੇਂ ਦੋ ਤਲਵਾਰਾਂ ਪਹਿਨੀਆਂ, ਜੋ ਪੀਰੀ ਅਤੇ ਮੀਰੀ ਦੀਆਂ ਪ੍ਰਤੀਕ ਹਨ ਅਤੇ ਜਿਸ ਦਾ ਅਰਥ ਹੈ ਕਿ ਗੁਰੂ ਦੇ ਸਿੱਖ ਨੇ ‘ਸੰਤ ਅਤੇ ਸਿਪਾਹੀ’ ਦੋਵਾਂ ਗੁਣਾਂ ਦਾ ਧਾਰਨੀ ਹੋਣਾ ਹੈ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ, ਜੋ ਅਧਿਆਤਮਕਤਾ ਦਾ ਪ੍ਰਤੀਕ ਹੈ ਅਤੇ ਜਿਸ ਦੀ ਉਸਾਰੀ ਕਰਦਿਆਂ ਚਾਰ ਦਿਸ਼ਾਵਾਂ ਵਿਚ ਚਾਰ ਦਰਵਾਜੇ ਰੱਖੇ ਗਏ, ਜੋ ਸਾਰੀ ਮਾਨਵਤਾ ਲਈ ਬਿਨਾ ਕਿਸੇ ਵਿਤਕਰੇ ਦੇ ਖੁੱਲ੍ਹੇ ਪ੍ਰਵੇਸ਼ ਦੇ ਸਵਾਗਤ ਦਾ ਪ੍ਰਤੀਕ ਹਨ ਭਾਵੇਂ ਕੋਈ ਸੰਸਾਰ ਦੇ ਕਿਸੇ ਵੀ ਸਥਾਨ, ਧਰਮ, ਜਾਤਿ ਜਾਂ ਵਰਗ ਨਾਲ ਸਬੰਧਤ ਹੋਵੇ। ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਬੁੰਗਾ (ਸ੍ਰੀ ਅਕਾਲ ਤਖਤ ਸਾਹਿਬ) ਦੀ ਉਸਾਰੀ ਕਰਵਾਈ, ਜਿੱਥੇ ਬੈਠ ਕੇ ਦੁਨਿਆਵੀ ਮਸਲਿਆਂ ਦਾ ਹੱਲ ਕੀਤਾ ਜਾਣ ਲੱਗਾ। ਸਿੱਖਾਂ ਨੂੰ ਮਾਰਸ਼ਲ ਆਰਟ ਅਤੇ ਸਰੀਰਕ ਸਿੱਖਿਆ ਦੀ ਸਿਖਲਾਈ ਦਿੱਤੀ ਜਾਣ ਲੱਗੀ ਅਤੇ ਫੌਜ ਤਿਆਰ ਕੀਤੀ ਗਈ। ਗੁਰੂ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਦੇ ਸਮੇਂ ਗਵਾਲੀਅਰ ਦੇ ਕਿਲੇ ਵਿਚ ਕੈਦ ਵੀ ਕੀਤਾ ਗਿਆ ਅਤੇ ਬਾਦਸ਼ਾਹ ਸ਼ਾਹਜਹਾਨ ਸਮੇਂ ਮੁਗਲਾਂ ਨਾਲ ਲੜਾਈਆਂ ਵੀ ਲੜਨੀਆਂ ਪਈਆਂ। ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਨਾਲ ਕਰਤਾਰਪੁਰ ਦੇ ਯੁੱਧ ਵਿਚ ਤੇਗ ਬਹਾਦਰ (ਗੁਰੂ) ਨੇ ਮਹਿਜ਼ 13 ਸਾਲ ਦੀ ਉਮਰ ਵਿਚ ਹਿੱਸਾ ਲਿਆ ਅਤੇ ਇੱਥੋਂ ਹੀ ਦੁਸ਼ਮਣ ਨਾਲ ਉਨ੍ਹਾਂ ਦੀ ਤਲਵਾਰ ਦੇ ਜੌਹਰ ਦੇਖਦਿਆਂ ਉਨ੍ਹਾਂ ਦਾ ਨਾਮ ਤੇਜ ਮੱਲ ਤੋਂ ਤੇਗ ਬਹਾਦਰ ਪਿਆ। ਕਹਿਣ ਤੋਂ ਭਾਵ ਮਜ਼ਲੂਮਾਂ ਨਾਲ ਖੜ੍ਹੇ ਹੋਣਾ ਅਤੇ ਜ਼ੁਲਮ ਨਾਲ ਟੱਕਰ ਲੈਣੀ, ਜਿਸ ਲਈ ਲੋੜ ਪੈਣ ‘ਤੇ ਸ਼ਹਾਦਤ ਵੀ ਦਿਤੀ ਜਾ ਸਕਦੀ ਹੈ, ਹਥਿਆਰ ਵੀ ਚੁੱਕਣੇ ਪੈ ਸਕਦੇ ਹਨ; ਅਤੇ ਅਧਿਆਤਮਕਤਾ ਅਤੇ ਸੰਸਾਰਕਤਾ ਦਾ ਸੁਮੇਲ, ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਬੇ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਤੱਕ ਵਿਰਾਸਤ ਵਿਚ ਮਿਲਿਆ।
ਬਾਲਕ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਦਾ ਜਨਮ ਪਟਨਾ (ਸਾਹਿਬ) ਵਿੱਖੇ 1666 ਈਸਵੀ ਨੂੰ ਹੋਇਆ, ਜਦੋਂ ਗੁਰੂ ਤੇਗ ਬਹਾਦਰ ਆਪਣੇ ਪਰਿਵਾਰ ਨੂੰ ਪਟਨਾ ਵਿਖੇ ਠਹਿਰਾ ਕੇ ਆਪ ਸਿੱਖ ਧਰਮ ਦੇ ਪ੍ਰਚਾਰ ਅਤੇ ਪਾਸਾਰ ਲਈ ਬੰਗਾਲ ਅਤੇ ਆਸਾਮ ਵਗੈਰਾ ਦੇ ਦੌਰੇ ‘ਤੇ ਸਨ। ਸੰਨ 1670 ਵਿਚ ਜਦੋਂ ਗੁਰੂ ਤੇਗ ਬਹਾਦਰ ਵਾਪਸ ਪਟਨਾ ਆਏ ਤਾਂ ਉਨ੍ਹਾਂ ਨੇ ਆਪਣੀ ਪਤਨੀ ਗੁਜਰੀ ਜੀ ਨੂੰ ਆਪਣੀ ਮਾਤਾ ਨਾਨਕੀ ਅਤੇ ਬਾਲਕ ਗੋਬਿੰਦ ਰਾਇ ਸਮੇਤ ਪੰਜਾਬ, ਚੱਕ ਨਾਨਕੀ (ਅਨੰਦਪੁਰ ਸਾਹਿਬ) ਵਾਪਸ ਜਾਣ ਲਈ ਕਿਹਾ। ਕਰੀਬ 1672 ਈ. ਵਿਚ ਪਰਿਵਾਰ ਪੰਜਾਬ ਪਹੁੰਚਿਆ। ਅਨੰਦਪੁਰ ਸਾਹਿਬ ਵਿਖੇ ਬਾਲਕ ਗੋਬਿੰਦ ਰਾਇ ਦੀ ਗੁਰਮੁਖੀ, ਫਾਰਸੀ, ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਦੀ ਸਿੱਖਿਆ ਦੇ ਨਾਲ ਨਾਲ ਸ਼ਸਤਰ ਵਿੱਦਿਆ ਆਦਿ ਦਾ ਪ੍ਰਬੰਧ ਮਾਤਾ ਗੁਜਰੀ ਨੇ ਕੀਤਾ। ਸੰਨ 1675 ਦੇ ਅਰੰਭ ਵਿਚ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਕਸ਼ਮੀਰੀ ਪੰਡਿਤ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਜੀ ਕੋਲ ਆਏ ਕਿ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਮੁਗਲ ਜਰਨੈਲ ਇਫਤਿਕਾਰ ਖਾਨ ਉਨ੍ਹਾਂ ਨੂੰ ਇਸਲਾਮ ਅਪਨਾਉਣ ਲਈ ਮਜ਼ਬੂਰ ਕਰ ਰਿਹਾ ਹੈ ਅਤੇ ਔਰੰਗਜ਼ੇਬ ਵੱਲੋਂ ਸੋਚਣ ਲਈ ਛੇ ਮਹੀਨੇ ਦਾ ਵਕਤ ਦਿੱਤਾ ਗਿਆ ਹੈ। ਜੇ ਉਹ ਇਸਲਾਮ ਕਬੂਲ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਮਹਿਜ 9 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਪਿਤਾ ਗੁਰੂ ਤੇਗ ਬਹਾਦਰ ਨੂੰ ਉਨ੍ਹਾਂ ਦੇ ਚਿਹਰੇ ‘ਤੇ ਉਭਰੀ ਡੂੰਘੀ ਸੋਚ ਦਾ ਕਾਰਨ ਪੁੱਛਿਆ ਤਾਂ ਪਿਤਾ ਗੁਰੂ ਨੇ ਕਸ਼ਮੀਰੀ ਪੰਡਿਤਾਂ ਦੀ ਸਮੱਸਿਆ ਅਤੇ ਫਰਿਆਦ ਬਾਰੇ ਦੱਸਦਿਆਂ ਇਹ ਵੀ ਕਿਹਾ ਕਿ ਇਸ ਵੇਲੇ ਧਰਤੀ ‘ਤੇ ਪਾਪਾਂ ਦਾ ਭਾਰ ਵਧਦਾ ਜਾਂਦਾ ਹੈ, ਜਿਸ ਨੂੰ ਰੋਕਣ ਲਈ ਕਿਸੇ ਮਹਾਪੁਰਸ਼ ਨੂੰ ਅੱਗੇ ਆਉਣਾ ਪਵੇਗਾ। ਇਸ ਦੇ ਉੱਤਰ ਵਿਚ ਬਾਲਕ ਗੋਬਿੰਦ ਰਾਇ ਦਾ ਕਹਿਣਾ ਸੀ ਕਿ ਉਨ੍ਹਾਂ (ਗੁਰੂ ਤੇਗ ਬਹਾਦਰ) ਤੋਂ ਵੱਧ ਹੋਰ ਕੌਣ ਇਸ ਦੇ ਯੋਗ ਹੋ ਸਕਦਾ ਹੈ। ਇਸ ਉਪਰੰਤ ਗੁਰੂ ਤੇਗ ਬਹਾਦਰ ਨੇ ਮਨੁੱਖੀ ਹੱਕਾਂ ਦੀ ਰਾਖੀ ਕਰਦਿਆਂ ਕਿ ਹਰ ਇੱਕ ਨੂੰ ਆਪਣੇ ਇਸ਼ਟ ਨੂੰ ਧਿਆਉਣ ਦਾ ਹੱਕ ਹੈ, ਗੁਰਗੱਦੀ ਗੋਬਿੰਦ ਰਾਇ ਨੂੰ ਸੌਂਪੀ ਅਤੇ ਦਿੱਲੀ ਜਾ ਕੇ ਨਵੰਬਰ 1675 ਵਿਚ ਔਰੰਗਜ਼ੇਬ ਦੇ ਜ਼ੁਲਮ ਦੇ ਖਿਲਾਫ ਆਪਣੀ ਸ਼ਹਾਦਤ ਦਿੱਤੀ।
ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦਸਮ ਗੁਰੂ ਨੇ ਐਲਾਨ ਕੀਤਾ ਕਿ ਉਹ ਅਜਿਹਾ ਪੰਥ ਤਿਆਰ ਕਰਨਗੇ, ਜੋ ਜ਼ੁਲਮ ਨਾਲ ਟੱਕਰ ਲਵੇਗਾ, ਜੀਵਨ ਦੇ ਹਰ ਖੇਤਰ ਵਿਚ ਮਾਨਵਤਾ ਲਈ ਨਿਆਉਂ, ਬਰਾਬਰਤਾ ਅਤੇ ਅਮਨ ਕਾਇਮ ਕਰਨ ਲਈ ਤੱਤਪਰ ਰਹੇਗਾ। ਸੰਨ 1685 ਵਿਚ ਨਾਹਨ ਦੇ ਰਾਜੇ ਨੇ ਬੜੇ ਸਤਿਕਾਰ ਨਾਲ ਦਸਮ ਗੁਰੂ ਨੂੰ ਆਪਣੇ ਰਾਜ ਵਿਚ ਸੱਦਾ ਪੱਤਰ ਦਿੱਤਾ ਅਤੇ ਯਮੁਨਾ ਦੇ ਕਿਨਾਰੇ ਪੌਂਟਾ ਵਿਖੇ ਉਨ੍ਹਾਂ ਲਈ ਕਿਲਾ ਨੁਮਾ ਰਿਹਾਇਸ਼ ਦੀ ਉਸਾਰੀ ਕੀਤੀ। ਇੱਥੇ ਦਸਮ ਗੁਰੂ 1685 ਤੋਂ 1689 ਤੱਕ ਚਾਰ ਸਾਲ ਰਹੇ, ਜਿੱਥੇ ਸਿੱਖਾਂ ਨੂੰ ਘੋੜ-ਸਵਾਰੀ ਅਤੇ ਮਾਰਸ਼ਲ ਆਰਟ ਵਿਚ ਸਿਖਲਾਈ ਦੇਣ ਦੇ ਨਾਲ ਨਾਲ ਸਾਹਿਤਕ ਗਤੀਵਿਧੀਆਂ ਵੀ ਪੂਰੀ ਸਰਗਰਮੀ ਨਾਲ ਜਾਰੀ ਰੱਖੀਆਂ। ਗੁਰੂ ਸਾਹਿਬ ਦੀ ਸੰਗਤਿ ਵਿਚ 52 ਵੱਖ ਵੱਖ ਇਲਾਕਿਆਂ ਅਤੇ ਭਾਸ਼ਾ ਦੇ ਕਵੀ ਰਹਿ ਰਹੇ ਸਨ। ਇਨ੍ਹਾਂ ਵਿਚੋਂ ਸੰਸਕ੍ਰਿਤ ਭਾਸ਼ਾ ਦੇ ਕਵੀਆਂ ਨੇ ਪੁਰਾਤਨ ਸੰਸਕ੍ਰਿਤ ਸਾਹਿਤ ਨੂੰ ਪੰਜਾਬੀ ਅਤੇ ਬ੍ਰਿਜ ਭਾਸ਼ਾ ਵਿਚ ਅਨੁਵਾਦ ਕਰਨ ਦਾ ਕਾਰਜ ਕੀਤਾ। ਗੁਰੂ ਸਾਹਿਬ ਦੀ ਚੜ੍ਹਤ ਅਤੇ ਫੌਜੀ ਸਿਖਲਾਈ ਨੂੰ ਦੇਖਦਿਆਂ ਰਾਜਪੂਤ ਪਹਾੜੀ ਰਾਜਿਆਂ ਨੂੰ ਈਰਖਾ ਹੋਣ ਲੱਗੀ। ਉਨ੍ਹਾਂ ਨੇ ਗੜ੍ਹਵਾਲ ਦੇ ਰਾਜਾ ਫਤਿਹ ਚੰਦ ਦੀ ਅਗਵਾਈ ਵਿਚ 1688 ਵਿਚ ਹਮਲਾ ਕਰ ਦਿੱਤਾ, ਪਰ ਪੌਂਟਾ ਤੋਂ 10 ਮੀਲ ਉੱਤਰ-ਪੂਰਬ ਵੱਲ ਭੰਗਾਣੀ ਦੇ ਯੁੱਧ ਵਿਚ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਹੱਥੋਂ ਹਾਰ ਖਾਣੀ ਪਈ। ਇਸ ਲੜਾਈ ਵਿਚ ਮੁਸਲਮਾਨ ਪੀਰ ਬੁਧੂ ਸ਼ਾਹ ਨੇ ਆਪਣੇ ਪੰਜ ਪੁੱਤਰਾਂ ਅਤੇ 500 ਮੁਰੀਦਾਂ ਸਮੇਤ ਗੁਰੂ ਸਾਹਿਬ ਦਾ ਸਾਥ ਦਿੱਤਾ ਅਤੇ ਉਸ ਦੇ ਦੋ ਪੁੱਤਰ ਸ਼ਹੀਦ ਹੋ ਗਏ। ਇਸ ਉਪਰੰਤ ਗੁਰੂ ਸਾਹਿਬ ਅਨੰਦਪੁਰ ਵਾਪਸ ਆ ਗਏ। ਇੱਥੇ ਆ ਕੇ ਵੀ ਪਹਾੜੀ ਰਾਜੇ ਭੀਮ ਚੰਦ ਦੀ ਅਗਵਾਈ ਵਿਚ ਅਨੰਦਪੁਰ ਸਾਹਿਬ ‘ਤੇ ਗਾਹੇ-ਵਗਾਹੇ ਹਮਲੇ ਕਰਦੇ ਰਹੇ।
ਗੁਰੂ ਨਾਨਕ ਸਾਹਿਬ ਦੇ ਅਰੰਭ ਕੀਤੇ ਮਿਸ਼ਨ ਦੀ ਪੂਰਤੀ ਲਈ ਦਸਮ ਗੁਰੂ ਨੇ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਨੂੰ ਅਮਲੀ ਜਾਮਾ ਪਹਿਨਾਉਂਦਿਆਂ 1699 ਦੀ ਵਿਸਾਖੀ ਨੂੰ ਸੰਗਤਿ ਦੇ ਭਾਰੀ ਇਕੱਠ ਵਿਚ ਵਾਰੀ ਵਾਰੀ ਪੰਜ ਸਿਰਾਂ ਦੀ ਮੰਗ ਕੀਤੀ, ਜਿਨ੍ਹਾਂ ਨੂੰ ਖੰਡੇ-ਬਾਟੇ ਦੀ ਪਾਹੁਲ ਦੇ ਕੇ ਪੰਜ ਪਿਆਰੇ ਸਾਜੇ; ‘ਸੰਗਤਿ’ ਨੂੰ ‘ਖਾਲਸੇ’ ਦਾ ਰੂਪ ਬਖਸ਼ਿਸ਼ ਕੀਤਾ। ਗੁਰੂ ਹਰਗੋਬਿੰਦ ਸਾਹਿਬ ਵੱਲੋਂ ਦਿੱਤੇ ‘ਪੀਰੀ ਅਤੇ ਮੀਰੀ’ ਦੇ ਸਿਧਾਂਤ ਨੂੰ ‘ਸੰਤ ਅਤੇ ਸਿਪਾਹੀ’ ਹੋਣ ਦਾ ਜਜ਼ਬਾ ਭਰ ਕੇ ਹੋਰ ਦ੍ਰਿੜ ਕਰਾ ਦਿੱਤਾ ਤਾਂ ਕਿ ਉਹ ਆਪਣਾ ਆਪਾ ਗੁਰੂ ਨੂੰ ਸਮਰਪਤਿ ਕਰਦਿਆਂ, ਨਿਆਉਂ ਦੀ ਸਥਾਪਤੀ ਅਤੇ ਦੱਬੇ-ਕੁੱਚਲੇ ਲੋਕਾਂ ਨੂੰ ਉੱਚਾ ਚੁੱਕਣ ਲਈ ਜ਼ੁਲਮ ਦੇ ਖਿਲਾਫ ਡਟ ਕੇ ਟੱਕਰ ਦੇਣ ਦੇ ਯੋਗ ਹੋ ਸਕਣ। ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਨੂੰ ਆਪਣੇ ਨਾਮ ਨਾਲ ‘ਸਿੰਘ’ ਦਾ ਤਖੱਲਸ ਬਖਸ਼ਿਸ਼ ਕੀਤਾ। ਫਿਰ ਉਨ੍ਹਾਂ ਅੱਗੇ ਗੁਜਾਰਿਸ਼ ਕੀਤੀ ਕਿ ਉਹ ਪੰਜੇ ਆਪਣੇ ਗੁਰੂ ਨੂੰ ਅੰਮ੍ਰਿਤ ਛਕਾਉਣ। ਇਸ ਤਰ੍ਹਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਹੋ ਗਏ। ਇਹ ਪੰਜ ਪਿਆਰੇ ਵੱਖ ਵੱਖ ਵਰਣਾਂ/ਜਾਤਾਂ ਤੋਂ ਅਤੇ ਹਿੰਦੁਸਤਾਨ ਦੇ ਵੱਖ ਵੱਖ ਇਲਾਕਿਆਂ ਨਾਲ ਸਬੰਧਤ ਸਨ। ਬਹੁਤ ਵਿਸਥਾਰ ਵਿਚ ਨਾ ਜਾਂਦਿਆਂ ਭਾਈ ਦਇਆ ਸਿੰਘ ਲਾਹੌਰ ਦੇ ਖੱਤਰੀ, ਭਾਈ ਧਰਮ ਸਿੰਘ ਹਸਤਨਾਪੁਰ ਦੇ ਜੱਟ, ਭਾਈ ਮੋਹਕਮ ਸਿੰਘ ਦਵਾਰਕਾ (ਗੁਜਰਾਤ) ਦੇ ਛੀਂਬਾ, ਭਾਈ ਹਿੰਮਤ ਸਿੰਘ ਜਗਨਨਾਥ ਪੁਰੀ ਤੋਂ ਝੀਵਰ ਜਾਤ, ਭਾਈ ਸਾਹਿਬ ਸਿੰਘ ਬਿਦਰ ਤੋਂ ਨਾਈ ਜਾਤ ਨਾਲ ਸਬੰਧਤ ਸਨ। ਅੰਮ੍ਰਿਤਧਾਰੀ ਖਾਲਸੇ ਲਈ (ਇਸਤਰੀ ਹੋਵੇ ਜਾਂ ਪੁਰਸ਼) ਪੰਜ ਕਕਾਰਾਂ ਕੇਸ, ਕੰਘਾ, ਕ੍ਰਿਪਾਨ, ਕੜਾ, ਕਛਹਿਰਾ ਦੀ ਰਹਿਤ ਲਾਜ਼ਮ ਬਣਾਈ। ਗੁਰੂ ਸਾਹਿਬ ਨੇ ਆਦੇਸ਼ ਕੀਤਾ ਕਿ ਅੰਮ੍ਰਿਤ ਛਕਣ ਉਪਰੰਤ ਖਾਲਸਾ ਅਨੰਦਪੁਰ ਦਾ ਵਾਸੀ ਹੈ, ਉਸ ਦੀ ਕੋਈ ਜਾਤ-ਗੋਤ ਨਹੀਂ, ਉਸ ਦੇ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਹਨ। ਪੰਜ ਪਿਆਰਿਆਂ ਦੇ ਰੂਪ ਵਿਚ ਗੁਰੂ ਨੂੰ ਖਾਲਸੇ ਦਾ ਹੁਕਮ ਮੰਨਣਾ ਪਵੇਗਾ। ਇਸ ਤਰ੍ਹਾਂ ‘ਪੰਚ ਪ੍ਰਧਾਨੀ’ ਪ੍ਰਬੰਧ ਕਾਇਮ ਕੀਤਾ। ਇਤਿਹਾਸਕਾਰਾਂ ਅਨੁਸਾਰ ਕੁਝ ਹੀ ਦਿਨਾਂ ਵਿਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਜਾਰਾਂ ਦੀ ਗਿਣਤੀ ਵਿਚ ਸਿੱਖ ਬੀਬੀਆਂ ਅਤੇ ਪੁਰਸ਼ਾਂ ਨੇ ਅੰਮ੍ਰਿਤ ਛਕਿਆ ਤੇ ਬੀਬੀਆਂ ਦੇ ਨਾਮ ਨਾਲ ਅੰਮ੍ਰਿਤ ਛਕਣ ਉਪਰੰਤ ‘ਕੌਰ’ ਤਖੱਲਸ ਲੱਗਿਆ (ਕੌਰ ਦਾ ਸ਼ਾਬਦਿਕ ਅਰਥ ਕੰਵਰ ਅਰਥਾਤ ਰਾਜਕੁਮਾਰ ਹੈ)।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਵਜ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦੀ ਸੰਪੂਰਨਤਾ ਹਿਤ ਪ੍ਰੇਮ, ਬਰਾਬਰੀ, ਸਮਾਜਕ ਨਿਆਉਂ ਦੇ ਸਿਧਾਂਤਾਂ ਦੀ ਸਥਾਪਤੀ ਨੂੰ ਅੱਗੇ ਵਧਾਇਆ; ਭਗਤ ਰਵੀਦਾਸ ਦੇ ਕਥਨ ‘ਨੀਚਹੁ ਊਚ ਕਰੈ ਮੇਰਾ ਗੋਬਿੰਦੁ’ (ਇੱਥੇ ਗੋਬਿੰਦ ਸ਼ਬਦ ਪਰਮਾਤਮਾ ਲਈ ਵਰਤਿਆ ਹੈ), ਜਿਨ੍ਹਾਂ ਦੀ ਛੂਹ ਲੈਣ ਤੋਂ ਵੀ ਲੋਕ ਪ੍ਰਹੇਜ਼ ਕਰਦੇ ਸੀ, ਉਨ੍ਹਾਂ ਨੂੰ ਹਕੂਮਤੀ ਅਤੇ ਸਮਾਜਕ ਜ਼ੁਲਮ ਨਾਲ ਟੱਕਰ ਲੈਣ ਦੇ ਯੋਗ ਬਣਾਉਂਦਿਆਂ ਪੰਥ ਲਈ ਰਹਿਤ ਮਰਿਆਦਾ, ਨੈਤਿਕ ਰਹਿਣੀ ਦੇ ਨੇਮ ਨਿਰਧਾਰਤ ਕੀਤੇ, ਜਿਨ੍ਹਾਂ ਦੀ ਪਾਲਣਾ ਕਰਨ ਦੀ ਹਰ ਇੱਕ ਨੂੰ ਸਖਤ ਹਦਾਇਤ ਕੀਤੀ। ਕ੍ਰਿਪਾਨ ਬਹਾਦਰੀ ਅਤੇ ਸਵੈਮਾਣ ਦੀ ਪ੍ਰਤੀਕ ਬਣ ਗਈ, ਜਿਸ ਨੂੰ ਆਖਰੀ ਹਥਿਆਰ ਵਜੋਂ ਮਜ਼ਲੂਮ ਦੀ ਹਿਫਾਜ਼ਤ ਅਤੇ ਸਵੈ-ਰੱਖਿਆ ਲਈ ਕੱਢਣ ਦੀ ਹਦਾਇਤ ਕੀਤੀ, ਜਦੋਂ ਬਾਕੀ ਸਾਰੇ ਹੀਲੇ ਮੁੱਕ ਜਾਣ।
ਇਤਿਹਾਸ ਵਿਚ ਬਹੁਤ ਜ਼ਿਆਦਾ ਨਾ ਜਾਂਦਿਆਂ ਇੱਥੇ ਕੁਝ ਨੁਕਤੇ ਧਿਆਨ ਗੋਚਰ ਕਰਨ ਦੀ ਕੋਸ਼ਿਸ਼ ਹੈ। ਪਹਿਲਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਿਆਉਂ, ਮਨੁੱਖੀ ਬਰਾਬਰੀ, ਮਨੁੱਖ ਦੇ ਮੌਲਿਕ ਹੱਕਾਂ ਦੀ ਸਥਾਪਤੀ ਲਈ ਹਰ ਯਤਨ ਕੀਤਾ, ਵਰਣ-ਵੰਡ ਪ੍ਰਬੰਧ ਨੂੰ ਤੋੜਆ, ਗਰੀਬਾਂ, ਲਿਤਾੜਿਆਂ, ਨਿਮਾਣਿਆਂ ਨੂੰ ਸਵੈਮਾਣ ਦਾ ਜੀਵਨ ਜਿਉਣਾ ਸਿਖਾਇਆ। ਪਹਾੜੀ ਰਾਜਪੂਤ ਰਾਜਿਆਂ ਅਤੇ ਮੁਗਲਾਂ ‘ਤੇ ਆਪ ਕੋਈ ਹਮਲਾ ਨਹੀਂ ਕੀਤਾ, ਪਰ ਹਰ ਹਮਲੇ ਦਾ ਮੁਕਾਬਲਾ ਸਿੱਖਾਂ ਨੇ ਬਹਾਦਰੀ ਨਾਲ ਕੀਤਾ। ਔਰਤ ਦਾ ਸਤਿਕਾਰ ਕਰਨਾ ਸਿਖਾਇਆ ਅਤੇ ਉਨ੍ਹਾਂ ਨੇ ਗੁਰੂ ਨਾਨਕ ਦੇ ਫਲਸਫੇ ਦੀ ਪਾਲਣਾ ਕਰਦਿਆਂ ਔਰਤ ਨੂੰ ਬਰਾਬਰ ਤੇ ਅੰਮ੍ਰਿਤ ਛਕਣ ਦਾ ਹੱਕ ਦਿੱਤਾ। ਜੇ ਆਪਣੇ ਆਪ ਨੂੰ ਖਾਲਸੇ ਦੇ ਪਿਤਾ ਸਦਾਇਆ ਤਾਂ ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ। ‘ਅੰਮ੍ਰਿਤ’ ਦੀ ਰਸਮ ਮਾਤਾ ਜੀ ਵੱਲੋਂ ਖੰਡੇ ਬਾਟੇ ਦੇ ਅੰਮ੍ਰਿਤ-ਜਲ ਵਿਚ ਪਤਾਸੇ ਪਾਉਣ ਨਾਲ ਪੂਰੀ ਹੋਈ। ਬੇਦਾਵਾ ਦੇ ਕੇ ਗਏ ਚਾਲੀ ਸਿੰਘਾਂ ਨੂੰ ਮਾਈ ਭਾਗੋ ਮੋੜ ਕੇ ਵਾਪਸ ਗੁਰੂ ਦੀ ਸ਼ਰਨ ਵਿਚ ਲਿਆਉਂਦੀ ਹੈ ਅਤੇ ਪੂਰੀ ਹਥਿਆਰਵੰਦ ਸਿੰਘਣੀ ਦੇ ਤੌਰ ‘ਤੇ ਖਿਦਰਾਣੇ ਦੀ ਢਾਬ ‘ਤੇ ਹੋਏ ਯੁੱਧ ਵਿਚ ਜਥੇ ਦੀ ਅਗਵਾਈ ਕਰਦੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਅੰਗ ਰੱਖਿਅਕ ਹੋਣ ਦਾ ਫਰਜ਼ ਵੀ ਨਿਭਾਉਂਦੀ ਹੈ। ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਗੁਰੂ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਖਾਲਸਾ ਪੰਥ ਦੇ ਨਾਮ ਹੁਕਮਨਾਮੇ ਵੀ ਜਾਰੀ ਕਰਦੇ ਰਹੇ। ਅਨੰਦਪੁਰ ਸਾਹਿਬ ਛੱਡਣ ਉਪਰੰਤ ਪਰਿਵਾਰ ਜਦੋਂ ਵਿਛੜ ਗਿਆ ਤਾਂ ਗੁਰੂ ਸਾਹਿਬ ਦੇ ਛੋਟੇ ਪੁੱਤਰਾਂ-ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨਾਲ ਉਨ੍ਹਾਂ ਦੇ ਦਾਦੀ ਮਾਤਾ ਗੁਜਰੀ ਜੀ ਸਨ; ਸਾਹਿਬਜ਼ਾਦਿਆਂ ਦੀ ਉਮਰ ਮਹਿਜ਼ ਨੌਂ ਅਤੇ ਸੱਤ ਸਾਲ ਸੀ। ਮਾਤਾ ਜੀ ਨੇ ਸ਼ਹਾਦਤ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਹੌਸਲਾ ਦੇ ਕੇ ਤਿਆਰ ਰੱਖਿਆ। ਗੁਰੂ ਗੋਬਿੰਦ ਸਿੰਘ ਨੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੂੰ ਚਮਕੌਰ ਦੀ ਅਸਾਵੀਂ ਜੰਗ ਦੇ ਮੈਦਾਨ ਵਿਚ ਆਪਣੇ ਹੱਥੀਂ ਤਿਆਰ ਕਰਕੇ ਤੋਰਿਆ। ਸ਼ਹਾਦਤ ਵੇਲੇ ਬਾਬਾ ਅਜੀਤ ਸਿੰਘ ਦੀ ਉਮਰ ਕਰੀਬ ਅਠਾਰਾਂ ਸਾਲ ਅਤੇ ਬਾਬਾ ਜੁਝਾਰ ਸਿੰਘ ਦੀ ਉਮਰ 14 ਸਾਲ ਸੀ। ਸ਼ਹੀਦ ਹੋ ਜਾਣ ‘ਤੇ ਪਰਵਦਗਾਰ ਦਾ ਸ਼ੁਕਰਾਨਾ ਕੀਤਾ। ਚਮਕੌਰ ਦੀ ਗੜ੍ਹੀ ਵਿਚੋਂ ਗੁਰੂ ਗੋਬਿੰਦ ਸਿੰਘ ਪੰਜ ਸਿੰਘਾਂ ਦੇ ਹੁਕਮ ਦੀ ਪਾਲਣਾ ਕਰਦਿਆਂ ਦੁਸ਼ਮਣ ਨੂੰ ਲਲਕਾਰ ਕੇ ਨਿਕਲੇ। ਦੀਨੇ ਕਾਂਗੜ ਦੇ ਰਸਤੇ ਵਿਚ ਜਦੋਂ ਉਨ੍ਹਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰਨ ਦੀ ਖਬਰ ਮਿਲੀ ਤਾਂ ਵੀ ਉਹ ਡੋਲੇ ਨਹੀਂ। ਉਨ੍ਹਾਂ ਨੇ ਇੱਕ ਬਹਾਦਰ ਆਗੂ ਦੇ ਤੌਰ ‘ਤੇ ਐਲਾਨ ਕੀਤਾ ਕਿ ਜੇ ਚਾਰ ਚਲੇ ਵੀ ਗਏ ਤਾਂ ਸਿੱਖਾਂ ਦੇ ਰੂਪ ਵਿਚ ਕਈ ਹਜ਼ਾਰ ਪੁੱਤਰ ਜਿਉਂਦੇ ਹਨ।
‘ਰਾਮ ਅਵਤਾਰ’ ਜਿਸ ਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਲਿਖੀ ‘ਰਮਾਇਣ’ ਕਿਹਾ ਗਿਆ ਹੈ, ਦੇ ਕੁਝ ਕੁ ਨੁਕਤਿਆਂ ਵੱਲ ਧਿਆਨ-ਕਰੀਏ। ਗੁਰਮਤਿ ਦਰਸ਼ਨ ਤੋਂ ਇਸ ਦੀ ਵਿਚਾਰਧਾਰਾ ਬਹੁਤ ਸਾਰੇ ਪੱਖਾਂ ਤੋਂ ਉਲਟ ਹੈ, ਪਰ ਇੱਥੇ ਸੰਖੇਪ ਵਿਚ ਕੁਝ ਨੁਕਤੇ ਹੀ ਵਿਚਾਰੇ ਜਾ ਸਕਦੇ ਹਨ। ‘ਅਵਤਾਰਵਾਦ’ ਬਾਰੇ ਪਹਿਲਾਂ ਹੀ ਚਰਚਾ ਕੀਤੀ ਜਾ ਚੁਕੀ ਹੈ। ‘ਰਾਮ ਅਵਤਾਰ’ ਦੇ ਅਰੰਭ ਵਿਚ ਹੀ ਦੱਸਿਆ ਹੈ ਕਿ ਇਹ ਪ੍ਰਸੰਗ ‘ਹਨੂਮਾਨ ਨਾਟਕ’ ਵਿਚ ਵਰਣਨ ਕੀਤਾ ਹੋਇਆ ਹੈ, ਅਰ ਅਸਾਂ ਭੀ ‘ਚਰਿਤ੍ਰ’ ਪਾਖਯਾਨ ਗ੍ਰੰਥ ਵਿਚ ਇਹ ਕਥਾ ਕਹੀ ਹੈ, “ਕਹੀ ਨਾਟਕ ਮੱਧ ਚਰਿਤ੍ਰ ਕਥਾ”…(170)। ਇੱਕ ਥਾਂ ‘ਤੇ ਕਵੀ ਨੇ ਆਪਣਾ ਨਾਮ ‘ਸਯਾਮ’ ਦੱਸਿਆ ਹੈ, “ਸੁ ਕਬਿ ਸਯਾਮ ਇਹ ਬਿਧਿ ਕਹਿਯੋ, ਰਘੁਬਰ ਜੁੱਧ ਪ੍ਰਸੰਗ” (323)। ‘ਕਬਿ ਰਾਮ’ ਅਤੇ ‘ਕਬਿ ਸਯਾਮ’ ਦਾ ਜ਼ਿਕਰ ‘ਚਰਿਤ੍ਰੋ ਪਖਿਯਾਨ’ ਵਿਚ ਵੀ ਵਾਰ ਵਾਰ ਆਇਆ ਹੈ। ‘ਰਾਮ ਅਵਤਾਰ’ ਵਿਚ ਕੁਦਰਤੀ ਅਸੂਲਾਂ ਦੇ ਉਲਟ ਮਨੁੱਖ ਦਾ ਜਨਮ ਹੋਣ ਦਾ ਜ਼ਿਕਰ ਕੀਤਾ ਗਿਆ ਹੈ, ਜਦ ਕਿ ਗੁਰਮਤਿ ਵਿਚ ਮਾਂ ਅਤੇ ਪਿਤਾ ਦੇ ਸੰਜੋਗ ਤੋਂ ਬੱਚੇ ਦਾ ਜਨਮ ਹੋਣਾ ਦੱਸਿਆ ਹੈ। ‘ਰੂਆਮਲ ਛੰਦ’ ਵਿਚ 50 ਤੋਂ 52 ਪਦੇ ਤੱਕ ਦੱਸਿਆ ਗਿਆ ਹੈ ਕਿ ਰਾਜਾ ਦਸਰਥ ਨੇ ਯੱਗ ਕੀਤਾ; ਮੁਨੀਵਰਾਂ ਨੇ ਉਸ ਨੂੰ ਦੁੱਧ ਦਾ ਕਟੋਰਾ ਦਿੱਤਾ, ਜਿਸ ਦੇ ਦਸਰਥ ਨੇ ਚਾਰ ਹਿੱਸੇ ਕੀਤੇ। ਦੋ ਰਾਣੀਆਂ ਨੂੰ ਇੱਕ ਇੱਕ ਹਿੱਸਾ ਦਿੱਤਾ ਅਤੇ ਇੱਕ ਨੂੰ ਦੋ ਹਿੱਸੇ ਦੇ ਦਿੱਤੇ (ਕਾਣੀ ਵੰਡ), ਜਿਸ ਨਾਲ ਤਿੰਨੋ ਰਾਣੀਆਂ ਗਰਭਵਤੀ ਹੋ ਗਈਆਂ, ਬਾਰਾਂ ਮਹੀਨੇ ਗਰਭਵਤੀ ਰਹਿਣ ਉਪਰੰਤ ਤੇਰ੍ਹਵੇਂ ਮਹੀਨੇ ਪਹਿਲਾਂ ਰਾਵਣ ਦੇ ਦੁਸ਼ਮਣ ਰਾਮ ਦਾ ਜਨਮ ਹੋਇਆ; ਫਿਰ ਭਰਤ, ਲੱਛਮਣ ਅਤੇ ਸ਼ਤਰੂਘਨ ਜਨਮੇ। ਇਸੇ ਤਰ੍ਹਾਂ ‘ਭੁਜੰਗ ਪ੍ਰਯਾਤ ਛੰਦ’ ਦੇ 726 ਤੋਂ 728 ਛੰਦ ਤੱਕ ਦੱਸਿਆ ਹੈ ਕਿ ਇੱਕ ਦਿਨ ਰਿਸ਼ੀ ਬਾਲਮੀਕ ਸੰਧਿਆ ਦੀ ਪੂਜਾ ਸਮੇਂ ਸਮਾਧੀ ਵਿਚ ਸੀ ਤਾਂ ਸੀਤਾ ਇਸ਼ਨਾਨ ਕਰਨ ਚੱਲੀ ਤਾਂ ਆਪਣੇ ਪੁੱਤਰ ਨੂੰ ਨਾਲ ਲੈ ਗਈ। ਉਸ ਦੇ ਜਾਣ ਪਿਛੋਂ ਜਦੋਂ ਰਿਸ਼ੀ ਬਾਲਮੀਕ ਸਮਾਧੀ ਤੋਂ ਬਾਹਰ ਆਏ ਤਾਂ ਬੱਚੇ ਨੂੰ ਉਥੇ ਨਾ ਦੇਖ ਕੇ ‘ਕੁਸ਼ਾ’ (ਇੱਕ ਕਿਸਮ ਦਾ ਘਾਹ) ਲੈ ਕੇ ਉਸ ਤੋਂ ਹੂ-ਬ-ਹੂ ਉਹੋ ਜਿਹਾ ਬੱਚਾ ਬਣਾ ਦਿੱਤਾ। ਜਦੋਂ ਸੀਤਾ ਵਾਪਸ ਆਉਂਦੀ ਹੈ ਤਾਂ ਆਪਣੇ ਪੁੱਤਰ ਵਰਗੇ ਬੱਚੇ ਨੂੰ ਦੇਖ ਕੇ ਕਹਿੰਦੀ ਹੈ ਕਿ ਮਹਾਨ ਰਿਸ਼ੀ ਤੂੰ ਮੇਰੇ ‘ਤੇ ਬਹੁਤ ਕਿਰਪਾ ਕੀਤੀ ਹੈ ਤੇ ਮੈਨੂੰ ਦੋ ਪੁੱਤਰਾਂ ਦੇ ਤੋਹਫੇ ਨਾਲ ਨਿਵਾਜਿਆ ਹੈ।
ਇਸਤਰੀ ਨੂੰ ਗੁਰੂ ਸਾਹਿਬਾਨ ਨੇ ਜੋ ਸਤਿਕਾਰਤ ਅਤੇ ਬਰਾਬਰ ਦਾ ਦਰਜਾ ਦਿੱਤਾ, ਇਸ ਬਾਰੇ ਵੀ ਵਿਚਾਰ-ਚਰਚਾ ਕੀਤੀ ਜਾ ਚੁੱਕੀ ਹੈ। ‘ਰਾਮ ਅਵਤਾਰ’ ਵਿਚ ਇਸਤਰੀ ਨੂੰ ਜਿਸ ਤਰ੍ਹਾਂ ਨੀਵਾਂ ਦਿਖਾਇਆ ਗਿਆ ਹੈ, ਉਹ ਵਿਚਾਰ ਦੀ ਮੰਗ ਕਰਦਾ ਹੈ। ਕੇਕਈ ਨੇ ਕਥਾ ਅਨੁਸਾਰ ਬੇਸ਼ੱਕ ਰਾਜੇ ਦਸਰਥ ਨੂੰ ਕਿਸੇ ਵੇਲੇ ਦਿੱਤੇ ਗਏ ਬਚਨਾਂ ਦੀ ਯਾਦ ਕਰਾਉਂਦਿਆਂ ਰਾਮ ਲਈ ਬਣਵਾਸ ਅਤੇ ਭਰਤ ਲਈ ਰਾਜ-ਭਾਗ ਆਦਿ ਦੀ ਮੰਗ ਕੀਤੀ ਹੈ। ਫਿਰ ਵੀ ਉਸ ਲਈ ਦਸਰਥ, ਲੱਛਮਣ ਅਤੇ ਭਰਤ ਵੱਲੋਂ ਜਿਸ ਕਿਸਮ ਦੀ ਭਾਸ਼ਾ ਵਰਤੀ ਗਈ ਹੈ, ਉਹ ਕਿਸੇ ਵੀ ਭੱਦਰ ਪੁਰਸ਼ ਨੂੰ ਸ਼ੋਭਾ ਨਹੀਂ ਦਿੰਦੀ। ‘ਕੇਕਈ ਬਾਚ’ (223) ਉਸ ਨੂੰ ਬੁਰੀ ਜ਼ੁਬਾਨ ਵਾਲੀ, ਰਾਜੇ ਨੂੰ ਕਮਜ਼ੋਰ ਕਰਨ ਵਾਲੀ ਅਤੇ ਹੋਰ ਕਈ ਕੁਝ ਕਿਹਾ ਗਿਆ ਹੈ। ਇੱਥੋਂ ਤੱਕ ਕਿ ਜਦੋਂ ਇਸ ਗੱਲ ਦੇ ਚਲਦਿਆਂ ਲੱਛਮਣ ਬਾਹਰੋਂ ਆਪਣੇ ਤੀਰ-ਕਮਾਣ ਸਮੇਤ ਅੰਦਰ ਆਉਂਦਾ ਹੈ ਤਾਂ ਪਤਾ ਲੱਗਣ ‘ਤੇ ਕਹਿੰਦਾ ਹੈ ਕਿ ਸਾਡੇ ਘਰ ਕੌਣ ਕਪੂਤ ਜੰਮਿਆ ਹੈ, ਜਿਸ ਨੇ ਰਾਮ ਲਈ ਬਣਵਾਸ ਮੰਗਿਆ ਹੈ? ਆਪਣੇ ਪਿਤਾ ਨੂੰ ਉਹ ਬੇਵਕੂਫ ਆਦਮੀ ਕਹਿੰਦਾ ਹੈ, ਜੋ ਕਾਮਦੇਵ ਦੇ ਤੀਰਾਂ ਦਾ ਵਿੰਨ੍ਹਿਆਂ ਹੋਇਆ ਬੇਵਕੂਫ ਇਸਤਰੀ ਦੇ ਇਸ਼ਾਰਿਆਂ ‘ਤੇ ਇਵੇਂ ਨੱਚ ਰਿਹਾ ਹੈ, ਜਿਵੇਂ ਸੋਟੀ ਦੇ ਇਸ਼ਾਰੇ ‘ਤੇ ਬਾਂਦਰ ਨੱਚਦਾ ਹੈ (251)।
ਇਸੇ ਤਰ੍ਹਾਂ ਜੰਗਲ ਵਿਚ ਜਦੋਂ ਰਾਮ ਅਤੇ ਲੱਛਮਣ ਇਸ਼ਨਾਨ ਕਰਨ ਲਈ ਗੋਦਾਵਰੀ ਨਦੀ ਤੇ ਜਾਂਦੇ ਹਨ, ਸਰੂਪ ਨਖਾ ਨੂੰ ਸੂਚਨਾ ਮਿਲਦੀ ਹੈ, ਉਹ ਰਾਮ ਨੂੰ ਦੇਖ ਕੇ ਮੋਹਿਤ ਹੋ ਜਾਂਦੀ ਹੈ, ਰਾਮ ਉਸ ਨੂੰ ਆਪਣੀ ਪਤਨੀ ਸੀਤਾ ਬਾਰੇ ਦੱਸ ਕੇ ਲੱਛਮਣ ਵੱਲ ਭੇਜਦਾ ਹੈ ਤਾਂ ਆਪਣਾ ਨੱਕ ਵੱਢਾ ਕੇ (336) ਉਹ ਗੁੱਸੇ ਵਿਚ ਘਰ ਨੂੰ ਚਲੀ ਗਈ (336)। ਇਹ ਵੀ ਕਿਸੇ ਸ਼ਿਸ਼ਟ ਪੁਰਸ਼ ਦਾ ਰਵੱਈਆ ਨਹੀਂ ਹੋ ਸਕਦਾ। ਸਰੂਪ ਨਖਾ ਦੀ ਬੇਇੱਜਤੀ ਕਰਨਾ ਹੀ ਅੱਗੇ ਚੱਲ ਕੇ ਸੀਤਾ ਦੇ ਉਧਾਲੇ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਰਾਵਣ ਦੇ ਯੁੱਧ ਵਿਚ ਮਰਨ ਅਤੇ ਲੰਕਾ ਦੀ ਹਾਰ ਪਿੱਛੋਂ ਹਨੂੰਮਾਨ ਸੀਤਾ ਨੂੰ ਉਸ ਨਾਲ ਰਾਮ ਕੋਲ ਚੱਲਣ ਦੀ ਬੇਨਤੀ ਕਰਦਾ ਹੈ। ਸੀਤਾ ਉਸ ਨਾਲ ਜਾਂਦੀ ਹੈ ਅਤੇ ਰਾਮ ਦੇ ਪੈਰੀਂ ਪੈਂਦੀ ਹੈ ਤਾਂ ਰਾਮ ਉਸ ਨੂੰ ਹੁਕਮ ਕਰਦਾ ਹੈ ਕਿ ਅਗਨੀ ਵਿਚ ਪ੍ਰਵੇਸ਼ ਕਰੋ ਤਾਂ ਕਿ ਤੂੰ ਪਵਿੱਤਰ ਹੋ ਜਾਵੇਂ। ਸੀਤਾ ਅਗਨ ਕੁੰਡ ਤਿਆਰ ਕਰਦੀ ਹੈ ਅਤੇ ਅੱਗ ਨਾਲ ਇੱਕਮਿੱਕ ਹੋ ਕੇ ਕੁੰਦਨ ਵਾਂਗ ਚਮਕ ਕੇ ਬਾਹਰ ਆਉਂਦੀ ਹੈ ((648)। ਇਹੀ ਨਹੀਂ, ਅੱਗੇ ਇਹ ਵੀ ਦੱਸਿਆ ਹੈ ਕਿ ਸਾਰੇ ਸਾਧਾਂ ਨੇ ਉਸ ਦੀ ਇਸ ਅਗਨੀ ਪ੍ਰੀਖਿਆ ਨੂੰ ਮੰਨ ਲਿਆ ਅਤੇ ਤਿੰਨ ਲੋਕਾਂ ਵਿਚ ਇਹ ਤੱਥ ਮੰਨਿਆ ਗਿਆ (650)। ਸੀਤਾ ਨੂੰ ਜਿੱਤ ਕੇ ਲਿਆਉਣਾ ਦੱਸਿਆ ਹੈ, ਜਿਵੇਂ ਉਹ ਜੀਵਨ ਸਾਥਣ ਨਾ ਹੋ ਕੇ ਕੋਈ ‘ਵਸਤੂ’ ਹੋਵੇ। ਹੁਣ ਇਸ ਤੋਂ ਵੱਡੀ ਕਿਸੇ ਔਰਤ ਦੀ ਹੋਰ ਕੀ ਬੇਇੱਜਤੀ ਹੋ ਸਕਦੀ ਹੈ ਕਿ ਉਸ ਨੂੰ ਅਗਨੀ ਪ੍ਰੀਖਿਆ ਦੇਣੀ ਪਵੇ?
ਦੂਜੇ ਪਾਸੇ ਰਾਵਣ ਹੈ, ਜੋ ਐਲਾਨ ਕਰਦਾ ਹੈ ਕਿ ਰਾਮ ਨੂੰ ਜੰਗ ਵਿਚ ਹਰਾ ਕੇ ਜਾਂ ਮਾਰ ਕੇ ਹੀ ਉਹ ਸੀਤਾ ਨਾਲ ਵਿਆਹ ਕਰੇਗਾ। ਭਾਵੇਂ ਦਮੋਦਰੀ ਲਈ ਵਰਤੀ ਹੋਈ ਉਸ ਦੀ ਬੋਲੀ ਵੀ ਕੋਈ ਆਦਰਯੋਗ ਨਹੀਂ ਹੈ। ‘ਅਬ ਸੀਤਾ ਕੋ ਬਨਬਾਸ ਦੀਬੋ’ ਵਿਚ ਦੱਸਿਆ ਹੈ ਕਿ ਰਾਮ ਨੇ ਸੀਤਾ ਨੂੰ ਪ੍ਰੇਮ ਨਾਲ ਅਜਿਹੇ ਬਾਗ ਦੀ ਰਚਨਾ ਕਰਨ ਲਈ ਕਿਹਾ, ਜਿਸ ਨੂੰ ਦੇਖ ਕੇ ਸਵਰਗ ਦੇ ਨੰਦਨ ਵਣ ਦੀ ਸੁੰਦਰਤਾ ਵੀ ਮਾਤ ਪੈ ਜਾਵੇ। ਸੀਤਾ ਨੇ ਇਹ ਸੁਣ ਕੇ ਬਹੁਤ ਹੀ ਸੁੰਦਰ ਬਾਗ ਦੀ ਰਚਨਾ ਕੀਤੀ, ਜੋ ਹੀਰੇ ਜਵਾਹਰਾਤਾਂ ਨਾਲ ਜੜਿਆ ਹੋਇਆ ਸੀ, ਜਿਸ ਦੀ ਸੁੰਦਰਤਾ ਦੇ ਸਾਹਮਣੇ ਇੰਦਰ ਦਾ ਬਾਗ ਵੀ ਤੁਛ ਲਗਦਾ ਸੀ। ਰਾਮ ਨੇ ਸੀਤਾ ਨਾਲ ਅਤੇ ਹੋਰ ਸੁੰਦਰੀਆਂ ਨਾਲ ਇੱਥੇ ਨਿਵਾਸ ਕੀਤਾ। ਇੱਕ ਸੁੰਦਰ ਮਹਿਲ ਬਣਾਇਆ, ਜਿੱਥੇ ਰਾਮ ਅਨੰਦ-ਮੰਗਲ ਮਾਣ ਰਿਹਾ ਸੀ। ਸੀਤਾ ਗਰਭਵਤੀ ਹੋ ਗਈ ਅਤੇ ਸਭ ਔਰਤਾਂ ਨੂੰ ਵੀ ਇਸ ਦਾ ਪਤਾ ਲੱਗ ਗਿਆ। ਇੱਕ ਦਿਨ ਸੀਤਾ ਨੇ ਰਾਮ ਨੂੰ ਕਿਹਾ ਕਿ ਉਸ ਨੇ ਬਾਗ ਵਿਚ ਬੇਹੱਦ ਘੁੰਮ-ਫਿਰ ਲਿਆ ਹੈ, ਹੁਣ ਉਸ ਨੂੰ ਉਥੋਂ ਵਿਦਾ ਕੀਤਾ ਜਾਵੇ। ਇਸ ‘ਤੇ ਰਾਮ ਨੇ ਲੱਛਮਣ ਨੂੰ ਸੀਤਾ ਨਾਲ ਭੇਜ ਦਿੱਤਾ। ਲੱਛਮਣ ਸੀਤਾ ਨੂੰ ਜੰਗਲ ਵਿਚ ਛੱਡ ਆਇਆ, ਜਿੱਥੇ ਸਾਲ ਤੇ ਤਮਾਲ ਦੇ ਦਰੱਖਤ ਉੱਗੇ ਸਨ। ਆਪਣੇ ਆਪ ਨੂੰ ਸੁੰਨੇ ਜੰਗਲ ਵਿਚ ਇਕੱਲੀ ਛੱਡੀ ਦੇਖ ਕੇ ਸੀਤਾ ਸਮਝ ਗਈ ਕਿ ਉਸ ਨੂੰ ਬਣਵਾਸ ਦੇ ਦਿੱਤਾ ਹੈ। ਉਸ ਨੇ ਘਾਇਲ ਸਿਪਾਹੀ ਦੀ ਤਰ੍ਹਾਂ ਉੱਚੀ ਉੱਚੀ ਵਿਰਲਾਪ ਕੀਤਾ। ਉਸ ਦਾ ਵਿਰਲਾਪ ਸੁਣ ਕੇ ਬਾਲਮੀਕ ਰਿਸ਼ੀ ਦੀ ਸਮਾਧੀ ਖੁੱਲ੍ਹ ਗਈ। ਉਹ ਮਨ, ਬਚਨ ਤੇ ਕਰਮ ਨਾਲ ਦੁਰਗਾ ਦਾ ਜਾਪ ਕਰਦਿਆਂ ਉਥੇ ਆ ਗਿਆ ਅਤੇ ਸੀਤਾ ਨੂੰ ਆਪਣੇ ਆਸ਼ਰਮ ਵਿਚ ਆਸਰਾ ਦਿੱਤਾ। (717-724)।
ਗੁਰੂ ਗੋਬਿੰਦ ਸਿੰਘ ਨੌਂ ਸਾਲ ਦੀ ਉਮਰ ਵਿਚ ਗੁਰੂ ਤੇਗ ਬਹਾਦਰ ਨੂੰ ਖੁਸ਼ੀ ਖੁਸ਼ੀ ਸ਼ਹਾਦਤ ਦੇਣ ਲਈ ਤੋਰਦੇ ਹਨ। ਫਿਰ ਚਾਰੇ ਪੁੱਤਰ ਅਤੇ ਮਾਤਾ ਗੁਜਰੀ ਦੇ ਸ਼ਹੀਦ ਹੋ ਜਾਣ ‘ਤੇ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ ਅਤੇ ਐਲਾਨਦੇ ਹਨ ਕਿ ਖਾਲਸਾ ਰੂਪੀ ਪੁੱਤਰ ਹਜ਼ਾਰਾਂ ਦੀ ਗਿਣਤੀ ਵਿਚ ਜਿਉਂਦਾ ਹੈ। ਦੂਜੇ ਪਾਸੇ ਦਸਰਥ ਰਾਮ ਨੂੰ ਬਣਵਾਸ ਜਾਣ ਦਾ ਸੁਣਾ ਕੇ ਪਹਿਲਾਂ ਬੇਹੋਸ਼ ਹੋ ਜਾਂਦਾ ਹੈ; ਫਿਰ ਬਣਵਾਸ ਵੱਲ ਤੁਰਨ ‘ਤੇ ਗਮ ਨਾਲ ਪ੍ਰਾਣ ਤਿਆਗ ਦਿੰਦਾ ਹੈ, (240)। ਜਦੋਂ ਰਿਸ਼ੀ ਵਸ਼ਿਸ਼ਟ ਭਰਤ ਨੂੰ ਰਾਜ ਮਿਲਣ ਅਤੇ ਰਾਮ ਨੂੰ ਚੌਦਾਂ ਸਾਲ ਦਾ ਬਣਵਾਸ ਮਿਲਣ ਦੀ ਖਬਰ ਸੁਣਾਉਂਦਾ ਹੈ ਤਾਂ ਰਾਮ ਸੁਣ ਕੇ ਉਦਾਸ ਹੋ ਕੇ ਚਲਿਆ ਜਾਂਦਾ ਹੈ, (243)। ਜਦੋਂ ਭਰਤ ਰਾਮ ਅਤੇ ਲੱਛਮਣ ਨੂੰ ਮਿਲਣ ਜੰਗਲ ਵਿਚ ਜਾਂਦਾ ਹੈ ਤਾਂ ਦਲਾਂ ਨੂੰ ਪਾਸੇ ਕਰਕੇ ਰਾਮ ਅਤੇ ਭਰਤ ਘੁੱਟ ਕੇ ਮਿਲੇ ਅਤੇ ਦੋਵੇਂ ਭਰਾ ਰੋ ਪਏ ਕਿ ਪਰਮਾਤਮਾ ਨੇ ਅਜਿਹਾ ਦੁੱਖ ਦਿੱਤਾ ਹੈ, ਸਭ ਸੁੱਖ ਭੁੱਲ ਗਏ, (284)। ਵਾਪਸ ਆਉਣ ਵੇਲੇ ਫਿਰ ਰਾਮ ਨੇ ਉਸ ਨੂੰ ਗਲੇ ਲਾਇਆ ਅਤੇ ਤਿੰਨੇ ਭਰਾ ਰੋਂਦੇ ਹਨ (288)। ਜਦੋਂ ਰਾਵਣ ਸੀਤਾ ਨੂੰ ਲੈ ਗਿਆ ਤਾਂ ਰਾਮ ਨੇ ਉਸ ਦੀ ਭਾਲ ਕੀਤੀ। ਉਸ ਨੇ ਚਾਰੇ ਪਾਸੇ ਇੱਕ ਵਾਰ ਫਿਰ ਦੇਖਿਆ ਅੰਤ ਵਿਚ ਨਿਰਾਸ਼ ਹੋ ਕੇ ਧਰਤੀ ‘ਤੇ ਡਿਗ ਪਿਆ (356)। ਉਸ ਦੀਆਂ ਅੱਖਾਂ ਵਿਚੋਂ ਧਰਤੀ ‘ਤੇ ਹੰਝੂ ਇਸ ਤਰ੍ਹਾਂ ਡਿੱਗ ਰਹੇ ਸਨ, ਜਿਵੇਂ ਤੱਤੇ ਤਵੇ ‘ਤੇ ਪਾਣੀ ਦੀਆਂ ਬੂੰਦਾਂ (361)। ਲੰਕਾ ਵਿਚ ਇੰਦਰਜੀਤ ਨਾਲ ਯੁੱਧ ਕਰਦਿਆਂ ਜਦੋਂ, ਰਾਮ ਤੇ ਲੱਛਮਣ ਦੋਵੇਂ ਜਾਪਦਾ ਹੈ ਕਿ ਮਰੇ ਪਏ ਹਨ, ਤਾਂ ਦੂਤ ਰਾਵਣ ਨੂੰ ਖਬਰ ਕਰਦਾ ਹੈ ਕਿ ਅੱਜ ਉਹ ਜ਼ਰੂਰ ਸੀਤਾ ਨਾਲ ਵਿਆਹ ਕਰ ਸਕੇਗਾ (475)। ਇਸ ‘ਤੇ ਰਾਮ ਦੀ ਹਾਲਤ ਦਿਖਾਉਣ ਲਈ ਸੀਤਾ ਨੂੰ ਉਥੇ ਲਿਆਏ ਤਾਂ ਰਾਮ ਦੀ ਹਾਲਤ ਦੇਖ ਕੇ ਉਸ ਦਾ ਮਨ ਦੁੱਖ ਨਾਲ ਭਰ ਗਿਆ, ਕਿਉਂਕਿ ਰਾਮ ਚੌਦਾਂ ਕਲਾਂ ਦਾ ਮਾਲਕ ਸੀ ਅਤੇ ਸੀਤਾ ਨੂੰ ਉਸ ਦੀ ਹਾਲਤ ‘ਤੇ ਵਿਸ਼ਵਾਸ ਨਹੀਂ ਹੁੰਦਾ। ਉਹ ਰਾਮ ਦੇ ਨੇੜੇ ਜਾ ਕੇ ਨਾਗ ਮੰਤਰ ਪੜ੍ਹਦੀ ਹੈ, ਜਿਸ ਨਾਲ ਰਾਮ ਅਤੇ ਲੱਛਮਣ ਹੋਸ਼ ਵਿਚ ਆ ਜਾਂਦੇ ਹਨ (477)।
ਬਾਣੀ ਵਿਚ ਭਗਤ ਕਬੀਰ ਜੀ ਦਾ ਸ਼ਬਦ ਹੈ, “ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥” ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸੂਰਵੀਰਾਂ ਦੀ ਤਰ੍ਹਾਂ ਯੁੱਧ ਕਰਨਾ ਸਿਖਾਇਆ, ਜਿਸ ਵਿਚ ਦੁਸ਼ਮਣ ਨੂੰ ਲਲਕਾਰ ਕੇ ਮਾਰਨਾ ਹੈ ਅਤੇ ਨਿਹੱਥੇ ਜਾਂ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ। ‘ਰਾਮ ਅਵਤਾਰ’ ਵਿਚ ਸੀਤਾ ਦੀ ਭਾਲ ਕਰਦਿਆਂ ਹਨੂੰਮਾਨ ਕੁਦਰਤੀ ਰਾਮ ਨੂੰ ਮਿਲ ਜਾਂਦਾ ਹੈ ਅਤੇ ਸੁਗਰੀਵ ਕੋਲ ਲੈ ਜਾਂਦਾ ਹੈ। ਰਾਮ ਸੁਗਰੀਵ ਦੇ ਭਾਈ ਬਾਲੀ ਨੂੰ ਮਾਰ ਕੇ ਸੁਗਰੀਵ ਨੂੰ ਗੱਦੀ ਦੁਆਉਂਦਾ ਹੈ ਅਤੇ ਦੋਸਤੀ ਹੋ ਜਾਂਦੀ ਹੈ (365)। ਇਸੇ ਤਰ੍ਹਾਂ ਰਾਵਣ-ਰਾਮ ਦੇ ਯੁੱਧ ਵਿਚ ਇੰਦਰਜੀਤ ਯੁੱਧ ਛੱਡ ਕੇ ਨਿਕੁੰਬਲਾ ਦੇ ਮੰਦਿਰ ਵਿਚ ਹੋਮ-ਯੱਗ ਕਰਨ ਜਾਂਦਾ ਹੈ ਤਾਂ ਵਿਭੀਸ਼ਣ (ਰਾਵਣ ਦਾ ਭਾਈ) ਲੱਛਮਣ ਦੇ ਨੇੜੇ ਆ ਕੇ ਦੱਸਦਾ ਹੈ ਕਿ ਇਸ ਵੇਲੇ ਦੁਸ਼ਮਣ ਦਾ ਪ੍ਰਮੁੱਖ ਯੋਧਾ ਉਸ ਦੇ ਘਾਤ ਦੇ ਨਜ਼ਦੀਕ ਹੈ, ਕਿਉਂਕਿ ਉਹ ਹਵਨ ਕਰ ਰਿਹਾ ਹੈ, ਜਿਸ ਵਿਚ ਉਸ ਨੇ ਆਪਣਾ ਮਾਸ ਕੱਟ ਕੇ ਹਵਨ ਕਰਨਾ ਹੈ। ਇਹ ਸੁਣ ਕੇ ਲੱਛਮਣ ਨਿੱਡਰ ਹੋ ਕੇ ਹੱਥ ਵਿਚ ਕਮਾਨ ਅਤੇ ਤੀਰਾਂ ਦਾ ਭੱਥਾ ਲੈ ਕੇ ਗਿਆ ਤੇ ਹਵਨ ਕਰ ਰਹੇ ਇੰਦਰਜੀਤ ‘ਤੇ ਤੀਰਾਂ ਦੀ ਵਾਛੜ ਕਰਕੇ ਮਾਰ ਦਿੱਤਾ (479-482)।
ਗੁਰੂ ਗੋਬਿੰਦ ਸਿੰਘ ਲਈ ‘ਰੰਘਰੇਟੇ ਗੁਰੂ ਕੇ ਬੇਟੇ’ ਹਨ ਅਤੇ ਉਨ੍ਹਾਂ ਨੇ ਦੱਬੇ-ਕੁਚਲੇ ਸਦੀਆਂ ਤੋਂ ਨੀਵੇਂ ਕਹੇ ਜਾਣ ਵਾਲੇ ਲੋਕਾਂ ਨੂੰ ਬਰਾਬਰ ਦਾ ਸਥਾਨ ਦਿੱਤਾ। ‘ਰਾਮ ਅਵਤਾਰ’ ਵਿਚ ਦੱਸਿਆ ਹੈ ਕਿ ਰਾਮ ਕੋਲ ਇੱਕ ਬ੍ਰਾਹਮਣ ਆਪਣੇ ਮੋਏ ਪੁੱਤਰ ਦੀ ਲਾਸ਼ ਲੈ ਕੇ ਆਇਆ, ਜਿਸ ਨੇ ਕਿਹਾ ‘ਜੇ ਮੇਰਾ ਪੁੱਤਰ ਜਿਉਂਦਾ ਨਾ ਹੋਇਆ ਤਾਂ ਮੈਂ ਤੈਨੂੰ ਸਰਾਪ ਦੇ ਦਿਆਗਾ’ ਅਤੇ ਰਾਮ ਨੇ ਆਪਣੇ ਮਨ ਵਿਚ ਇਸ ‘ਤੇ ਵਿਚਾਰ ਕੀਤਾ; ਆਪਣੇ ਉਡਣ ਖਟੋਲੇ ਵਿਚ ਬੈਠ ਕੇ ਪੱਛਮ ਵੱਲ ਰੁੱਖ ਕੀਤਾ (699)। ਉੱਤਰ-ਪੱਛਮ ਦੀ ਦਿਸ਼ਾ ਵਿਚ ਇੱਕ ਸ਼ੂਦਰ ਇੱਕ ਖੂਹ ਵਿਚ ਉਲਟਾ ਲਟਕ ਰਿਹਾ ਸੀ। ਉਹ ਪਸ਼ਚਾਤਾਪ ਕਰ ਰਿਹਾ ਸੀ ਅਤੇ ਰਾਮ ਨੇ ਆਪ ਉਸ ਦਾ ਵਧ ਕੀਤਾ (700)। ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਗਿਆ ਅਤੇ ਉਸ ਦਾ ਗਮ ਦੂਰ ਹੋ ਗਿਆ। ਰਾਮ ਦੀ ਕੀਰਤੀ ਚਾਰ ਦਿਸ਼ਾਵਾਂ ਵਿਚ ਫੈਲ ਗਈ (701)। ਗੁਰਮਤਿ ਵਿਚਾਰਧਾਰਾ ਨੂੰ ਵਿਚ ਨਾ ਵੀ ਲਿਆਈਏ ਤਾਂ ਕੀ ਇਸ ਤੋਂ ਵੱਧ ਕੋਈ ਘਿਨਾਉਣੀ ਗੱਲ ਹੋ ਸਕਦੀ ਹੈ ਕਿ ਇੱਕ ਬ੍ਰਾਹਮਣ ਦੇ ਪੁੱਤਰ ਨੂੰ ਜਿਵਾਉਣ ਲਈ ਸ਼ੂਦਰ ਦਾ ਕਤਲ ਕੀਤਾ ਜਾਵੇ? ਵੈਸੇ ਵੀ ਇਹ ਇੱਕ ਗੈਰ-ਕੁਦਰਤੀ ਵਰਤਾਰਾ ਹੈ, ਜੋ ਇੱਥੋਂ ਦੇ ਗਰੀਬ ਆਦਿਵਾਸੀਆਂ ਨੂੰ ਸ਼ੂਦਰ ਕਹਿ ਕੇ ਗੁਲਾਮ ਬਣਾਉਣ ਲਈ ਕੀਤਾ ਗਿਆ। ਅੱਗੇ ਹੋਰ ਲਿਖਿਆ ਹੈ ਕਿ ਚਾਰੇ ਵਰਣਾਂ ਨੂੰ ਆਪਣੇ ਆਪਣੇ ਵਰਣ ਦੇ ਕਰਮ ਸੌਂਪ ਦਿੱਤੇ ਗਏ, ‘ਖੱਤਰੀ ਬ੍ਰਾਹਮਣ ਦੀ ਸੇਵਾ ਕਰੇ; ਵੈਸ਼ ਖੱਤਰੀ ਦੀ ਅਤੇ ਸ਼ੂਦਰ ਸਭ ਦੀ ਸੇਵਾ ਕਰੇ; ਉਸ ਨੂੰ ਜਿੱਥੇ ਵੀ ਜਾਣ ਲਈ ਕਿਹਾ ਜਾਵੇ ਉਹ ਉਥੇ ਜਾਵੇ।
ਕੋਈ ਰਚਨਾ ਕਰਨ ਦਾ ਕਾਰਨ ਜਾਂ ਮਕਸਦ, ਇੱਕ ਸ਼ਰਧਾ ਦਾ ਹੋਣਾ, ਦੂਜੇ ਇਹ ਕਿ ਉਸ ਵਿਚ ਦਿੱਤੇ ਵਿਚਾਰਾਂ ਤੋਂ, ਜੀਵਨ ਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਲਿਖਣਾ ਹੁੰਦਾ ਹੈ ਅਤੇ ਤੀਜੇ ਉਸ ਦੀ ਵਿਚਾਰਧਾਰਾ ਵਿਚ ਕੋਈ ਐਸੀਆਂ ਧਾਰਨਾਵਾਂ ਹੋਣ, ਜੋ ਖਟਕਦੀਆਂ ਹੋਣ ਤਾਂ ਉਸ ਦੀ ਆਲੋਚਨਾ ਕੀਤੀ ਜਾਂਦੀ ਹੈ। ਉਪਰ ਸੰਖੇਪ ਚਰਚਾ ਕਰਦਿਆਂ ਦੇਖਿਆ ਹੈ ਕਿ ‘ਰਾਮ ਅਵਤਾਰ’ ਵਿਚ ਪ੍ਰਾਪਤ ਵਿਚਾਰਧਾਰਾ ਉਸ ਵਿਚਾਰਧਾਰਾ ਦੀ ਪੂਰੀ ਉਲਟ ਦਿਸ਼ਾ ਵਿਚ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਰਸੇ ਵਿਚ ਮਿਲੀ, ਉਸ ਪ੍ਰਾਪਤ ਜੀਵਨ ਦਰਸ਼ਨ ਦੇ ਬਿਲਕੁਲ ਵਿਪਰੀਤ ਹੈ। ਇਸ ਲਈ ਗੁਰੂ ਸਾਹਿਬ ਦੀ ਸ਼ਰਧਾ ਹੋਣ ਦਾ ਜਾਂ ਇਸ ਤੋਂ ਪ੍ਰਭਾਵਿਤ ਹੋਣ ਦਾ ਕੋਈ ਕਾਰਨ ਨਜ਼ਰ ਆਉਂਦਾ ਨਹੀਂ ਜਾਪਦਾ; ਸਾਰੀ ਕਥਾ ਵਿਚ ਵਿਚਾਧਾਰਕ ਕੋਈ ਆਲੋਚਨਾ ਵੀ ਕਿਧਰੇ ਕੀਤੀ ਨਹੀਂ ਮਿਲਦੀ, ਸਗੋਂ ਲਿਖਿਆ ਹੈ ਕਿ “ਜੋ ਇਹ ਕਥਾ ਸੁਨੈ ਅਰੁ ਗਾਵੈ। ਦੂਖ ਪਾਪ ਤਿਹ ਨਿਕਟਿ ਨ ਆਵੈ। ਬਿਸਨੁ-ਭਗਤਿ ਕੀਏ ਫਲੁ ਹੋਈ। ਆਧਿ ਬਯਾਧਿ ਛਵੈ ਸਕੇ ਨ ਕੋਈ।” (859)
ਸਵਾਲ ਹੈ ਕਿ ਇਹ ਰਚਨਾ ਗੁਰੂ ਸਾਹਿਬ ਦੇ ਨਾਮ ਨਾਲ ਕਿਸ ਆਧਾਰ ‘ਤੇ ਜੋੜ ਕੇ ਕਿਹਾ ਜਾਂਦਾ ਹੈ ਕਿ ਇਹ “ਗੁਰੂ ਗੋਬਿੰਦ ਸਿੰਘ ਨੇ ਰਮਾਇਣ ਲਿਖੀ।”