ਕਰੋਨਾ ਦੀ ਮਾਰ ਦੇ ਬਾਵਜੂਦ ਅਮਰੀਕਾ ਵਿਚ ਰਾਸ਼ਟਰਪਤੀ ਲਈ ਚੋਣਾਂ ਦਾ ਪਿੜ ਹੁਣ ਪੂਰੀ ਤਰ੍ਹਾਂ ਭਖ ਗਿਆ ਹੈ। ਵੋਟਾਂ 3 ਨਵੰਬਰ ਨੂੰ ਪੈਣੀਆਂ ਹਨ। ਰਾਸ਼ਟਰਪਤੀ ਡੋਨਲਡ ਟਰੰਪ, ਜੋ ਰਿਪਬਲਿਕਨ ਪਾਰਟੀ ਦਾ ਐਤਕੀਂ ਫਿਰ ਉਮੀਦਵਾਰ ਹੈ, ਨੇ ਪਹਿਲਾਂ-ਪਹਿਲ ਕਰੋਨਾ ਦਾ ਸਭ ਤੋਂ ਵੱਧ ਮਜ਼ਾਕ ਬਣਾਇਆ ਅਤੇ ਆਪਣੀ ਸਿਆਸੀ ਪੈਂਠ ਬਣਾਉਣ ਲਈ ਇਸ ਨੂੰ ਚੀਨੀ ਵਾਇਰਸ ਤੱਕ ਗਰਦਾਨਿਆ, ਪਰ ਹੁਣ ਚੋਣਾਂ ਦੇ ਆਖਰੀ ਦਿਨਾਂ ਦੌਰਾਨ ਇਸੇ ਕਰੋਨਾ ਨੇ ਟਰੰਪ ਦੀ ਚੋਣ ਰਫਤਾਰ ਮੱਠੀ ਪਾ ਦਿੱਤੀ।
ਹੁਣ ਭਾਵੇਂ ਉਹ ਇਕ ਵਾਰ ਫਿਰ ਮੈਦਾਨ ਵਿਚ ਆਣ ਨਿੱਤਰੇ ਹਨ, ਪਰ ਉਸ ਦਾ ਟੈਸਟ ਕੋਵਿਡ-19 ਪਾਜ਼ੇਟਿਵ ਆਉਣ ਕਾਰਨ ਉਸ ਦੀ ਮੁਹਿੰਮ ‘ਤੇ ਅਸਰ ਜ਼ਰੂਰ ਪਿਆ ਹੈ। ਉਂਜ ਵੀ ਉਹ ਆਪਣੇ ਵਿਰੋਧੀ ਉਮੀਦਵਾਰ, ਡੈਮੋਕਰੈਟਿਕ ਪਾਰਟੀ ਦੇ ਜੋਅ ਬਾਇਡਨ ਤੋਂ ਕਾਫੀ ਪਿਛਾਂਹ ਚੱਲ ਰਹੇ ਹਨ। ਤਾਜ਼ਾ ਸਰਵੇਖਣਾਂ ਅਨੁਸਾਰ ਬਾਇਡਨ ਦਾ ਅੰਕੜਾ 50 ਤੋਂ ਉਪਰ ਹੈ। ਜਾਹਰ ਹੈ ਕਿ ਟਰੰਪ ਦਾ ਗਰਾਫ 50 ਤੋਂ ਘੱਟ ਚੱਲ ਰਿਹਾ ਹੈ। ਉਂਜ, ਇਕ ਤੱਥ ਇਹ ਵੀ ਗੌਲਣ ਵਾਲਾ ਹੈ ਕਿ ਪਿਛਲੀ ਵਾਰ ਟਰੰਪ ਨੂੰ ਪਾਪੂਲਰ ਵੋਟਾਂ ਆਪਣੇ ਵਿਰੋਧੀ ਉਮੀਦਵਾਰ ਤੋਂ ਕਾਫੀ ਘੱਟ ਮਿਲੀਆਂ ਸਨ, ਪਰ ਉਹ ਚੋਣ ਜਿੱਤ ਗਏ ਸਨ। ਇਸ ਲਈ ਵਿਸ਼ਲੇਸ਼ਣਕਾਰਾਂ ਦਾ ਆਖਣਾ ਹੈ ਕਿ ਚੋਣ ਸਰਵੇਖਣਾਂ ਵਿਚ ਭਾਵੇਂ ਬਾਇਡਨ ਅਗਾਂਹ ਚੱਲ ਰਹੇ ਹਨ, ਪਰ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਸ ਚੋਣ ਵਿਚ ਕੌਣ ਜਿੱਤੇਗਾ। ਇਹੀ ਗੱਲ ਦੂਜੇ ਢੰਗ ਨਾਲ ਕਹਿਣੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਟਰੰਪ ਦੀ ਜਿੱਤ ‘ਤੇ ਸਵਾਲੀਆਂ ਨਿਸ਼ਾਨ ਲੱਗ ਚੁਕਾ ਹੈ। ਅਸਲ ਵਿਚ ਐਤਕੀਂ ਟਰੰਪ ਦੀ ਚੋਣ ਮੁਹਿੰਮ ਦਾ ਉਹ ਮੂੰਹ-ਮੱਥਾ ਨਹੀਂ ਬਣ ਸਕਿਆ, ਜਿਹੜਾ ਚਾਰ ਸਾਲ ਪਹਿਲਾਂ ਬਣ ਗਿਆ ਸੀ। ਉਸ ਵਕਤ ਤਾਂ ਹਰ ਨਵਾਂ ਦਿਨ ਟਰੰਪ ਦੀ ਚੜ੍ਹਾਈ ਨਾਲ ਹੀ ਨਿਕਲਦਾ ਜਾਪਦਾ ਸੀ। ਐਤਕੀਂ ਕਰੋਨਾ ਨੂੰ ਨਜਿੱਠਣ ਦੇ ਮਾਮਲੇ ‘ਤੇ ਉਸ ਦੀ ਲੋਕਪ੍ਰਿਯਤਾ ‘ਤੇ ਬਿਨਾ ਸ਼ੱਕ ਫਰਕ ਪਿਆ ਹੈ। ਆਉਣ ਵਾਲੇ ਦਿਨਾਂ ਵਿਚ ਇਹ ਚੋਣ ਮੁਹਿੰਮ ਕੀ ਕਰਵਟ ਬਦਲਦੀ ਹੈ, ਇਸ ਦਾ ਅਸਰ ਚੋਣ ਨਤੀਜਿਆਂ ‘ਤੇ ਪੈਣਾ ਹੈ। ਇਨ੍ਹਾਂ ਚੋਣਾਂ ਵਿਚ ਪੂਰੇ ਸੰਸਾਰ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।
ਇਸੇ ਤਰ੍ਹਾਂ ਹੀ ਬਿਹਾਰ ਚੋਣਾਂ ‘ਤੇ ਨਜ਼ਰਾਂ ਸਾਰੇ ਭਾਰਤੀਆਂ ਦੀਆਂ ਲੱਗੀਆਂ ਹੋਈਆਂ ਹਨ। ਬਿਹਾਰ ਵਿਧਾਨ ਸਭਾ ਦੀਆਂ ਕੁੱਲ 243 ਸੀਟਾਂ ਲਈ ਚੋਣਾਂ ਤਿੰਨ ਗੇੜਾਂ (28 ਅਕਤੂਬਰ, 3 ਨਵੰਬਰ ਤੇ 7 ਨਵੰਬਰ) ਵਿਚ ਹੋ ਰਹੀਆਂ ਹਨ ਅਤੇ ਨਤੀਜਾ 10 ਨਵੰਬਰ ਨੂੰ ਐਲਾਨਿਆ ਜਾਣਾ ਹੈ। ਇਨ੍ਹਾਂ ਚੋਣ ਨਤੀਜਿਆਂ ਨੇ ਮੁਲਕ ਦੀ ਸਿਆਸਤ ਉਤੇ ਅਸਰ ਪਾਉਣਾ ਹੈ। ਅਗਲੇ ਸਾਲ ਦੇ ਮੱਧ ਤਕ ਚਾਰ ਹੋਰ ਅਹਿਮ ਸੂਬਿਆਂ-ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ ਤੇ ਅਸਾਮ ਵਿਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ ਆਰæ ਐਸ਼ ਐਸ਼ ਹੁਣ ਇਕ-ਇਕ ਕਰ ਕੇ ਆਪਣੇ ਭਾਈਵਾਲਾਂ ਤੋਂ ਖਹਿੜਾ ਛੁਡਾ ਰਹੀ ਹੈ। ਇਹ ਅਸਲ ਵਿਚ ਵੱਖ-ਵੱਖ ਸੂਬਿਆਂ ਵਿਚ ਆਪ ਵੱਡੀ ਪਾਰਟੀ ਵਜੋਂ ਸਥਾਪਤ ਹੋਣਾ ਚਾਹੁੰਦੀ ਹੈ। ਮਹਾਰਾਸ਼ਟਰ ਵਿਚ ਇਸ ਦਾ ਸ਼ਿਵ ਸੈਨਾ ਨਾਲ ਇਸੇ ਮਸਲੇ ‘ਤੇ ਰੱਫੜ ਵਧਿਆ। ਇਹੀ ਖੇਡ ਹੁਣ ਇਹ ਬਿਹਾਰ ਵਿਚ ਵੀ ਖੇਡ ਰਹੀ ਹੈ। ਇਹ ਉਥੇ ਭਾਵੇਂ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂæ) ਨਾਲ ਰਲ ਕੇ ਚੋਣਾਂ ਲੜ ਰਹੀ ਹੈ, ਪਰ ਚਾਹੁੰਦੀ ਇਹੀ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਨਿਤੀਸ਼ ਕੁਮਾਰ ਦੀ ਪਾਰਟੀ ਦੀ ਤਾਕਤ ਘਟਾ ਕੇ ਭਾਰਤੀ ਜਨਤਾ ਪਾਰਟੀ ਲਈ ਦਰਵਾਜੇ ਖੋਲ੍ਹੇ ਜਾਣ। ਕੇਂਦਰ ਵਿਚ ਸੱਤਾ ਉਤੇ ਕਾਬਜ਼ ਹੋਣ ਕਾਰਨ ਭਾਰਤੀ ਜਨਤਾ ਪਾਰਟੀ ਇਹ ਕੰਮ ਬੇਹੱਦ ਚੁਸਤੀ ਨਾਲ ਕਰ ਰਹੀ ਹੈ। ਬਿਹਾਰ ਦੀ ਹੀ ਇਕ ਹੋਰ ਧਿਰ ਲੋਕ ਜਨਸ਼ਕਤੀ ਪਾਰਟੀ ਨੂੰ ਨਿਤੀਸ਼ ਕੁਮਾਰ ਦੀ ਪਾਰਟੀ ਖਿਲਾਫ ਝੋਕ ਦਿੱਤਾ ਗਿਆ ਹੈ।
ਪੰਜਾਬ ਵਿਚ ਚੋਣਾਂ ਭਾਵੇਂ 2022 ਵਿਚ, ਭਾਵ ਡੇਢ ਸਾਲ ਨੂੰ ਹੋਣੀਆਂ ਹਨ, ਪਰ ਸੂਬੇ ਦਾ ਸਿਆਸੀ ਪਿੜ ਹੁਣ ਤੋਂ ਭਖ ਰਿਹਾ ਹੈ। ਅਸਲ ਵਿਚ ਜਦੋਂ ਤੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਭਖਿਆ ਹੈ, ਹਰ ਸਿਆਸੀ ਪਾਰਟੀ ਦਾ ਇਹ ਜ਼ੋਰ ਲੱਗਿਆ ਹੋਇਆ ਹੈ ਕਿ ਇਹ ਇਸ ਸੰਘਰਸ਼ ਨੂੰ ਆਪਣੀ ਵੋਟਾਂ ਪੱਕੀਆਂ ਕਰਨ ਲਈ ਵਰਤ ਲਵੇ। ਇਸੇ ਨੁਕਤੇ ਨੂੰ ਆਧਾਰ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੀ ਪਾਰਟੀ ਦੀ ਹਾਈ ਕਮਾਨ ਤਰਕੀਬਾਂ ਘੜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕੇਂਦਰੀ ਵਜ਼ਾਰਤ ਵਿਚੋਂ ਅਸਤੀਫਾ ਅਤੇ ਫਿਰ ਐਨæ ਡੀæ ਏæ ਛੱਡਣ ਦਾ ਫੈਸਲਾ ਵੀ ਵੋਟਾਂ ਦੀ ਗਿਣਤੀ-ਮਿਣਤੀ ਵਿਚੋਂ ਹੀ ਕੀਤਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਇਸ ਕਿਸਾਨ ਘੋਲ ਤੋਂ ਲਾਹਾ ਲੈਣ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਦਿੱਲੀ ਵਿਖੇ ਸਰਗਰਮੀ ਕਰ ਰਹੀ ਹੈ। ਵੱਖਰੇ ਸਿੱਖ ਰਾਜ ਵਾਲੇ ਵੀ ਕਿਸਾਨ ਸੰਘਰਸ਼ ਨੂੰ ਆਪਣੇ ਹੱਕ ਵਿਚ ਕਰਨ ਲਈ ਜਾਂ ਘੱਟੋ-ਘੱਟ ਆਪਣੀ ਪਹੁੰਚ ਵੱਧ ਤੋਂ ਵੱਧ ਲੋਕਾਂ ਤਕ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਇਸ ਮਾਮਲੇ ‘ਤੇ ਸਭ ਤੋਂ ਦਿਲਚਸਪ ਅਤੇ ਵਿਚਾਰਨਯੋਗ ਮਸਲਾ ਭਾਰਤੀ ਜਨਤਾ ਪਾਰਟੀ ਦਾ ਹੈ। ਇਸ ਪਾਰਟੀ ਦੀ ਪੰਜਾਬ ਇਕਾਈ ਦਾ ਇਕ ਧੜਾ ਬੜੇ ਚਿਰਾਂ ਤੋਂ ਦਾਅਵਾ ਕਰ ਰਿਹਾ ਹੈ ਕਿ ਪਾਰਟੀ ਨੂੰ ਹੁਣ ਇਕੱਲਿਆਂ ਚੋਣ ਮੈਦਾਨ ਵਿਚ ਨਿੱਤਰਨਾ ਚਾਹੀਦਾ ਹੈ। ਹੁਣ ਇਸ ਦੇ ਆਗੂ ਐਲਾਨ ਵੀ ਕਰ ਰਹੇ ਹਨ ਕਿ ਅਗਲੀਆਂ ਚੋਣਾਂ ਇਕੱਲਿਆਂ ਹੀ ਲੜੀਆਂ ਜਾਣਗੀਆਂ, ਪਰ ਫਿਲਹਾਲ ਤਾਂ ਕਿਸਾਨ ਘੋਲ ਨੇ ਪਾਰਟੀ ਦੇ ਛੋਟੇ-ਵੱਡੇ, ਸਭ ਆਗੂ ਇਕ ਤਰ੍ਹਾਂ ਨਾਲ ਘਰਾਂ ਅੰਦਰ ਵਾੜ ਦਿੱਤੇ ਹਨ। ਲੋਕਾਂ ਨੂੰ ਪਿਛਲੀਆਂ ਚੋਣਾਂ ਤੋਂ ਪਹਿਲਾਂ ਵਾਲਾ ਮਾਹੌਲ ਅਜੇ ਭੁੱਲਿਆ ਨਹੀਂ ਹੋਵੇਗਾ, ਜਦੋਂ ਆਪਣੀ ਪਾਰਟੀ ਦਾ ਬਹੁਤਾ ਹੁੰਗਾਰਾ ਨਾ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਖਰੀ ਪਾਰਟੀ ਬਣਾ ਕੇ ਚੋਣਾਂ ਲੜਨ ਦੀਆਂ ਖਬਰਾਂ ਆਉਣ ਲੱਗ ਪਈਆਂ ਸਨ। ਹਾਲਾਤ ਸੂਹ ਦਿੰਦੇ ਹਨ ਕਿ ਭਾਰਤੀ ਜਨਤਾ ਪਾਰਟੀ ਦੀ ਅੱਖ ਅਜਿਹੀ ਟੁੱਟ-ਭੱਜ ਉਤੇ ਵੀ ਹੈ।