ਸ਼੍ਰੋਮਣੀ ਕਮੇਟੀ ਚੋਣਾਂ: ਭਾਜਪਾ ਨਾਲੋਂ ਤੋੜ-ਵਿਛੋੜੇ ਮਗਰੋਂ ਬਾਦਲਾਂ ਦੀ ਅਗਨ ਪ੍ਰੀਖਿਆ

ਅੰਮ੍ਰਿਤਸਰ: ਭਾਜਪਾ ਨਾਲੋਂ ਤੋੜ-ਵਿਛੋੜੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਗਨ ਪ੍ਰੀਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਹੋਵੇਗੀ। ਕੇਂਦਰ ਵਲੋਂ ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖ ਕਮਿਸ਼ਨਰ ਵਜੋਂ ਸੇਵਾ ਮੁਕਤ ਜਸਟਿਸ ਐਸ਼ਐਸ਼ ਸਾਰੋਂ ਦੀ ਨਿਯੁਕਤੀ ਪਿੱਛੋਂ ਜਿਥੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ ਛੇਤੀ ਹੀ ਹੋਣ ਦੀ ਸੰਭਾਵਨਾ ਹੈ, ਉਥੇ ਦਿੱਲੀ ਹਾਈ ਕੋਰਟ ਵਲੋਂ ਦਿੱਲੀ ਗੁਰਦੁਆਰਾ ਐਕਟ-1971 ਤਹਿਤ ਸਮੇਂ ‘ਤੇ ਦਿੱਲੀ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਹੁਕਮ ਸੁਣਾ ਦਿੱਤਾ ਹੈ। ਇਸ ਫੈਸਲੇ ਮਗਰੋਂ ਹੁਣ ਮਾਰਚ 2021 ਵਿਚ ਕਮੇਟੀ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੈ।

ਉਧਰ, ਤਾਜ਼ਾ ਫੈਸਲਿਆਂ ਪਿੱਛੋਂ ਜਿਥੇ ਬਾਦਲ ਦਲ ਦੇ ਖੇਮੇ ‘ਚ ਚਿੰਤਾ ਦੇ ਬੱਦਲ ਛਾਏ ਹੋਏ ਹਨ, ਉਥੇ ਬਾਦਲ ਵਿਰੋਧੀ ਪੰਥਕ ਧਿਰਾਂ ਬਾਗੋ-ਬਾਗ ਹਨ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣ ਲਈ ਹਾਕਾਂ ਮਾਰਨ ਲੱਗੇ ਹਨ। ਇਸ ਨਿਯੁਕਤੀ ਤੋਂ ਤੁਰਤ ਬਾਅਦ ਸੁਖਬੀਰ ਸਿੰਘ ਬਾਦਲ ਵਲੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਨੂੰ ਵੀ ਚੋਣ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮੁਲਾਕਾਤ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਹਾਜ਼ਰ ਸਨ। ਇਸ ਬੰਦ ਕਮਰਾ ਮੀਟਿੰਗ ਵਿਚ ਗੁਆਚੇ ਪਾਵਨ ਸਰੂਪਾਂ ਸਬੰਧੀ ਚਰਚਾ ਦੀਆਂ ਕਨਸੋਆਂ ਹਨ।
ਯਾਦ ਰਹੇ ਕਿ ਇਸ ਵਾਰ ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਚੁਣੌਤੀ ਹੋਣਗੀਆਂ। ਦਰਅਸਲ, ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਮੈਂਬਰਾਂ ਦਾ ਸ਼੍ਰੋਮਣੀ ਕਮੇਟੀ ਵਿਚ ਬੋਲਬਾਲਾ ਰਿਹਾ ਹੈ, ਪਰ ਇਸ ਵਾਰ ਮਾਹੌਲ ਕੁਝ ਵੱਖਰਾ ਹੈ। ਚੋਣਾਂ ਦਾ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਲਾਪਤਾ ਪਾਵਨ ਸਰੂਪਾਂ ਦਾ ਮਾਮਲਾ ਭਖਿਆ ਹੋਇਆ ਹੈ। ਸਿੱਖ ਸੰਗਤ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਖਿਲਾਫ ਰੋਹ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਤੇ ਬਰਗਾੜੀ ਕਾਂਡ ਵਿਚ ਬਾਦਲਾਂ ਦੇ ਖਾਸਮਖਾਸ ਰਹੇ ਸਾਬਕਾ ਡੀæਜੀæਪੀæ ਸੁਮੇਧ ਸੈਣੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਇਸ ਵਾਰ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਬਾਦਲ ਦਲ ਵਿਰੋਧੀ ਪੰਥਕ ਧਿਰਾਂ ਨੇ ਮੋਰਚੇ ਸੰਭਾਲ ਲਏ ਹਨ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਤੰਬਰ 2011 ‘ਚ ਹੋਈਆਂ ਸਨ। ਮੌਜੂਦਾ ਹਾਊਸ ਦੀ ਮਿਆਦ ਲੰਘਾ ਚੁੱਕੀ ਸ਼੍ਰੋਮਣੀ ਕਮੇਟੀ ‘ਤੇ ਅਕਾਲੀ ਦਲ ਬਾਦਲ ਦੀ ਸਿਆਸੀ ਸਰਪ੍ਰਸਤੀ ਹੋਣ ਕਾਰਨ ਪੰਥਕ ਧਿਰਾਂ ਲੰਮੇ ਸਮੇਂ ਤੋਂ ਚੋਣਾਂ ਕਰਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ, ਪਰ ਅਕਾਲੀ ਦਲ ਦੀ ਕੇਂਦਰ ਵਿਚ ਪਹੁੰਚ ਹੋਣ ਕਾਰਨ ਹੁਣ ਤੱਕ ਟਾਲਾ ਵੱਟਿਆ ਜਾ ਰਿਹਾ ਸੀ।
ਹੁਣ ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖ ਕਮਿਸ਼ਨਰ ਵਜੋਂ ਸੇਵਾ ਮੁਕਤ ਜਸਟਿਸ ਐਸ਼ਐਸ਼ ਸਾਰੋਂ ਦੀ ਨਿਯੁਕਤੀ ਪਿੱਛੋਂ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਹਾਲ ਹੀ ਵਿਚ ਗਠਿਤ ਅਕਾਲੀ ਦਲ ਡੈਮੋਕ੍ਰੇਟਿਕ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ‘ਚ ਹੋਂਦ ‘ਚ ਆਏ ਅਕਾਲੀ ਦਲ ਟਕਸਾਲੀ ਤੋਂ ਇਲਾਵਾ ਗਰਮ ਖਿਆਲੀ ਧਿਰਾਂ ਵੱਲੋਂ ਵੀ ਸ਼੍ਰੋਮਣੀ ਕਮੇਟੀ ਦੀਆਂ ਸੰਭਾਵੀ ਚੋਣਾਂ ਨੂੰ ਲੈ ਕੇ ਨਵੀਂ ਰਣਨੀਤੀ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।
ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਲਹਿਰ ਦੇ ਆਗੂ ਭਾਈ ਰਣਜੀਤ ਸਿੰਘ ਨੇ ਪੰਜਾਬ ਤੇ ਪੰਥ ਦੇ ਭਲੇ ਲਈ ਸ਼੍ਰੋਮਣੀ ਕਮੇਟੀ ਨੂੰ ਬਾਦਲਕਿਆਂ ਦੇ ਸ਼ਿਕੰਜੇ ਵਿਚੋਂ ਆਜ਼ਾਦ ਕਰਵਾਉਣਾ ਦਾ ਸੱਦਾ ਦੇ ਦਿੱਤਾ ਹੈ। ਬਾਦਲ ਵਿਰੋਧੀ ਧਿਰਾਂ ਵਲੋਂ ਇਸ ਵਾਰ ਬਰਗਾੜੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਉਤੇ ਘੇਰਾਬੰਦੀ ਦੀ ਰਣਨੀਤੀ ਬਣਾਈ ਜਾ ਰਹੀ ਹੈ। ਇਸੇ ਤਰ੍ਹਾਂ ਸਿਮਰਨਜੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਭਾਈ ਹਵਾਰਾ ਕਮੇਟੀ, ਅਕਾਲ ਫੈਡਰੇਸ਼ਨ ਤੇ ਪੰਥਕ ਤਾਲਮੇਲ ਸੰਗਠਨ, ਲੋਕ ਇਨਸਾਫ ਪਾਰਟੀ ਸਮੇਤ ਹੋਰ ਸਿੱਖ ਸੰਸਥਾਵਾਂ ਵਲੋਂ ਵੀ ਸ਼੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਆਰੰਭ ਕਰ ਦਿੱਤੀ ਗਈ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਆਉਂਦੇ ਸਮੇਂ ‘ਚ ਨਵੇਂ ਪੰਥਕ ਗੱਠਜੋੜ ਸਾਹਮਣੇ ਆ ਸਕਦੇ ਹਨ ਜੋ ਬਾਦਲ ਧੜੇ ਲਈ ਵੱਡੀ ਚੁਣੌਤੀ ਖੜ੍ਹੀ ਕਰ ਸਕਦੇ ਹਨ।
_________________________________________
ਕਮੇਟੀ ਚੋਣਾਂ ਲਈ ਅਸੀਂ ਤਿਆਰ ਹਾਂ: ਸੁਖਬੀਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਤਿਆਰ ਹੈ। ਉਨ੍ਹਾਂ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕਰਨ ਲਈ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ। ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਬਾਦਲ ਦਲ ਨੂੰ ਸ਼੍ਰੋਮਣੀ ਕਮੇਟੀ ਦੀ ਸੱਤਾ ਤੋਂ ਹਟਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ ਕਿ ਜਮਹੂਰੀਅਤ ‘ਚ ਸਾਰਿਆਂ ਨੂੰ ਚੋਣ ਲੜਨ ਦਾ ਹੱਕ ਹੈ। ਭਾਜਪਾ ਵੱਲੋਂ ਇਕੱਲੇ ਵਿਧਾਨ ਸਭਾ ਚੋਣਾਂ ਲੜਨ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਆਪਣਾ ਇਹ ਸੁਪਨਾ ਵੀ ਪੂਰਾ ਕਰ ਲਵੇ।