‘ਲੋਕਾਂ ਦਾ ਸਿਆਸਤ ਤੋਂ ਮੋਹ ਭੰਗ ਨਹੀਂ ਹੋ ਰਿਹਾ’

ਬੀਬੀ ਅਰੁੰਧਤੀ ਰਾਏ ਸਾਡੇ ਸਮਿਆਂ ਦੀ ਐਸੀ ਵਿਰਲੀ ਲੇਖਕਾ ਹੈ ਜੋ ਸਰਕਾਰੀ ਜਬਰ, ਅਨਿਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਖ਼ਿਲਾਫ਼ ਨਿਡਰਤਾ ਅਤੇ ਬੇਬਾਕੀ ਨਾਲ ਲਗਾਤਾਰ ਆਪਣੀ ਕਲਮ ਚਲਾ ਰਹੀ ਹੈ। ਉਹ ਸਮਾਜ ਦੇ ਸਭ ਤੋਂ ਵਾਂਝੇ, ਲੁੱਟੇ-ਪੁੱਟੇ ਅਤੇ ਹਾਸ਼ੀਏ ‘ਤੇ ਖੜ੍ਹੇ ਲੋਕਾਂ ਨਾਲ ਧੜੱਲੇ ਨਾਲ ਖੜ੍ਹਦੀ ਹੈ। ਨਰੈਨ ਸਿੰਘ ਰਾਵ ਨਾਲ ਆਪਣੀ ਇਸ ਇੰਟਰਵਿਊ ਵਿਚ ਉਸ ਨੇ ਸਰਮਾਏਦਾਰੀ, ਮਾਰਕਸਵਾਦ, ਭਾਰਤ ਦੀ ਖੱਬੀ ਧਿਰ, ਭਾਰਤੀ ਸਿਆਸਤ ਅਤੇ ਸਮਾਜ ਨਾਲ ਜੁੜੇ ਵੱਖੋ-ਵੱਖਰੇ ਮੁੱਦਿਆਂ ਉਪਰ ਠੋਕ-ਵਜਾ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਸ ਇੰਟਰਵਿਊ ਦਾ ਅਨੁਵਾਦ ‘ਪੰਜਾਬ ਟਾਈਮਜ਼’ ਨਾਲ ਜੁੜੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਇਸ ਇੰਟਰਵਿਊ ਵਿਚ ਵਿਚਾਰਾਂ ਦੇ ਚੰਗਿਆੜੇ ਫੁੱਟਦੇ ਦਿਸਦੇ ਹਨ ਜਿਹੜੇ ਅਰੁੰਧਤੀ ਦੀਆਂ ਲਿਖਤਾਂ ਵਿਚ ਬਹੁਤ ਸਹਿਜ ਨਾਲ ਸਜਾਏ ਹੁੰਦੇ ਹਨ। ਇਸ ਦਾ ਦੂਜਾ ਹਿੱਸਾ ਅਗਲੇ ਅੰਕ ਵਿਚ ਛਾਪਿਆ ਜਾਵੇਗਾ। -ਸੰਪਾਦਕ

ਸਵਾਲ: ਅੱਜ ਦੇ ਦੌਰ ਵਿਚ ਤੁਸੀਂ ਬਰਾਬਰੀ ਆਧਾਰਤ ਸਮਾਜ ਦੇ ਵਿਚਾਰ ਨੂੰ ਕਿਵੇਂ ਦੇਖਦੋ ਹੋ?
ਅਰੁੰਧਤੀ: ਮੇਰੇ ਖ਼ਿਆਲ ‘ਚ ਬਹੁਤ ਘੱਟ ਲੋਕ ਇਸ ਬਾਰੇ ਸੋਚਦੇ ਹਨ। 1968-69 ਵਿਚ ਜਦੋਂ ਪਹਿਲਾ ਨਕਸਲਬਾੜੀ ਅੰਦੋਲਨ ਹੋਇਆ ਸੀ ਜਾਂ ਬਰਾਬਰੀ ਆਧਾਰਤ ਸਮਾਜ ਬਾਰੇ ਜੋ ਪੂਰੀ ਸੋਚ ਹੁੰਦੀ ਸੀ, ਲੋਕ ਕਹਿੰਦੇ ਹੁੰਦੇ ਸਨ ਕਿ ਜ਼ਮੀਨ ਹਲਵਾਹਕ ਨੂੰ ਮਿਲਣੀ ਚਾਹੀਦੀ ਹੈ, ਯਾਨੀ ਜਿਸ ਦੇ ਕੋਲ ਜ਼ਮੀਨ ਹੈ, ਉਸ ਤੋਂ ਖੋਹ ਕੇ ਜਿਸ ਦੇ ਕੋਲ ਨਹੀਂ ਹੈ, ਉਸ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਹ ਪੂਰੀ ਸੋਚ ਹੁਣ ਖ਼ਤਮ ਹੋ ਗਈ ਹੈ। ਹੁਣ ਸਿਰਫ਼ ਇਹ ਹੈ ਕਿ ਜਿਸ ਦੇ ਕੋਲ ਥੋੜ੍ਹਾ ਬਹੁਤ ਬਚਿਆ ਹੈ, ਉਹ ਨਾ ਖੋਹਿਆ ਜਾਵੇ। ਇਸ ਨਾਲ ਕੀ ਹੋਇਆ ਕਿ ਅਤਿ ਖੱਬੇ, ਜਿਨ੍ਹਾਂ ਨੂੰ ਨਕਸਲਬਾੜੀ ਜਾਂ ਮਾਓਵਾਦੀ ਕਿਹਾ ਜਾਂਦਾ ਹੈ, ਉਹ ਵੀ ਇਸ ਤੋਂ ਪਿੱਛੇ ਹਟ ਗਏ ਹਨ। ਉਹ ਲੋਕ ਉਨ੍ਹਾਂ ਲੋਕਾਂ ਲਈ ਲੜ ਰਹੇ ਹਨ ਜਿਨ੍ਹਾਂ ਤੋਂ ਰਾਜ ਨੇ ਉਨ੍ਹਾਂ ਦੀ ਜ਼ਮੀਨ ਖੋਹ ਲਈ ਹੈ। ਦਰਅਸਲ, ਇਹ ਉਹ ਲੋਕ ਹਨ ਜਿਨ੍ਹਾਂ ਕੋਲ ਜ਼ਮੀਨ ਹੈ, ਪਰ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈ, ਉਹ ਸ਼ਹਿਰੀ ਗ਼ਰੀਬ ਹਨ ਜਾਂ ਦਲਿਤ ਹਨ ਅਤੇ ਜੋ ਪੂਰੀ ਤਰ੍ਹਾਂ ਨਾਲ ਹਾਸ਼ੀਏ ਉੱਪਰ ਖੜ੍ਹੇ ਮਜ਼ਦੂਰ ਹਨ। ਉਨ੍ਹਾਂ ਵਿਚ ਹੁਣ ਕਿਹੜੀ ਲਹਿਰ ਚੱਲ ਰਹੀ ਹੈ? ਕੋਈ ਵੀ ਨਹੀਂ! ਜੋ ਰੈਡੀਕਲ ਲਹਿਰ ਵਾਲੇ ਹਨ, ਉਹ ਇਹ ਹਨ ਜੋ ਪਿੰਡ ਵਾਲੇ ਕਹਿੰਦੇ ਹਨ-ਸਾਡੀ ਜ਼ਮੀਨ ਨਾ ਖੋਹੋ। ਜਿਸ ਦੇ ਕੋਲ ਜ਼ਮੀਨ ਨਹੀਂ ਹੈ, ਜੋ ਕੱਚਾ ਮਜ਼ਦੂਰ ਹੈ ਜਾਂ ਜੋ ਸ਼ਹਿਰੀ ਗ਼ਰੀਬ ਹਨ, ਉਹ ਸਿਆਸੀ ਪ੍ਰਵਚਨ ਤੋਂ ਉੱਕਾ ਹੀ ਬਾਹਰ ਹਨ। ਬਰਾਬਰੀ ‘ਤੇ ਆਧਾਰਤ ਸਮਾਜ ਦੇ ਮਾਮਲੇ ਵਿਚ ਅਸੀਂ ਸੱਤਰ ਦੇ ਦਹਾਕੇ ਤੋਂ ਬਹੁਤ ਪਿੱਛੇ ਜਾ ਚੁੱਕੇ ਹਾਂ, ਅੱਗੇ ਨਹੀਂ ਵਧੇ। ਨਵਉਦਾਰਵਾਦ ਦੀ ਪੂਰੀ ਭਾਸ਼ਾ ਜਿਸ ਨੂੰ ‘ਟ੍ਰਿਕਲ ਡਾਊਨ’ ਕਹਿੰਦੇ ਹਨ (ਜੋ ਕੁਝ ਬਚਿਆ ਹੈ, ਉਹ ਵੀ ਉਨ੍ਹਾਂ ਨੂੰ ਖੋਹ ਲੈਣ ਦਿਉ), ਉਸ ਨੂੰ ਹੀ ਦੇਖ ਲਉ। ਬਰਾਬਰੀ ‘ਤੇ ਆਧਾਰਤ ਸਮਾਜ ਦੇ ਵਿਚਾਰ ਦੀ ਜੋ ਬੋਲੀ ਹੈ, ਉਹ ਮੁਕੰਮਲ ਹੈ। ਜੇ ਤੁਸੀਂ ਕਮਿਊਨਿਸਟ ਨਹੀਂ ਹੋ ਅਤੇ ਸਰਮਾਏਦਾਰ ਹੋ, ਤੇ ਹੁਣ ਜੋ ਹੋ ਰਿਹਾ ਹੈ, ਉਹ ਤਾਂ ਸਰਮਾਏਦਾਰ ਵੀ ਨਹੀਂ ਕਰਦੇ। ਇਥੇ ਜੋ ਮੁਕਾਬਲੇਬਾਜ਼ੀ ਲਈ ਇਕਸਾਰ ਮੈਦਾਨ ਹੁੰਦਾ ਹੈ, ਉਹ ਹੁਣ ਹੈ ਹੀ ਨਹੀਂ। ਕਾਰੋਬਾਰੀ ਲੋਕਾਂ (ਵਪਾਰੀਆਂ) ਨੂੰ ਕਾਰਪੋਰੇਟਾਂ ਨੇ ਖੂੰਜੇ ਲਾ ਦਿੱਤਾ ਹੈ। ਛੋਟੇ ਵਪਾਰੀਆਂ ਨੂੰ ਮਾਲਜ਼ ਨੇ ਖੂੰਜੇ ਲਾ ਦਿੱਤਾ ਹੈ। ਇਹ ਸਰਮਾਏਦਾਰੀ ਨਹੀਂ ਹੈ। ਇਹ ਪਤਾ ਨਹੀਂ ਕੀ ਹੈ? ਇਹ ਕੋਈ ਹੋਰ ਹੀ ਬਲਾ ਹੈ?
ਸਵਾਲ: ਲੇਖਕ ਅਤੇ ਕਾਰਕੁਨ ਵਜੋਂ ਤੁਸੀਂ ਮਾਰਕਸਵਾਦ ਨੂੰ ਕਿਵੇਂ ਦੇਖਦੇ ਹੋ?
ਅਰੁੰਧਤੀ: ਪਹਿਲੀ ਗੱਲ ਤਾਂ ਇਹ ਕਿ ਮੈਂ ਖ਼ੁਦ ਨੂੰ ਲੇਖਕ ਹੀ ਸਮਝਦੀ ਹੈ ਨਾ ਕਿ ਕਾਰਕੁਨ। ਅਜਿਹਾ ਇਸ ਲਈ ਕਿ ਇਨ੍ਹਾਂ ਦੋਹਾਂ ਨਾਲ ਖ਼ਾਸ ਤਰ੍ਹਾਂ ਦੀਆਂ ਸੀਮਾਵਾਂ ਤੈਅ ਹੁੰਦੀਆਂ ਹਨ। ਇਕ ਵਕਤ ਸੀ ਜਦੋਂ ਲੇਖਕ ਹਰ ਗੱਲ ਉਪਰ ਆਪਣੀ ਰਾਇ ਦਿੰਦੇ ਸਨ ਅਤੇ ਸਮਝਦੇ ਸਨ ਕਿ ਉਨ੍ਹਾਂ ਦਾ ਇਹੀ ਫਰਜ਼ ਹੈ। ਅੱਜਕੱਲ੍ਹ ਸਾਹਿਤਕ ਮੇਲਿਆਂ ‘ਚ ਜਾਣਾ ਉਨ੍ਹਾਂ ਦਾ ‘ਫਰਜ਼’ ਬਣ ਗਿਆ ਹੈ। ਕਾਰਕੁਨਾਂ ਬਾਰੇ ਉਹ ਸਮਝਦੇ ਹਨ ਕਿ ਉਨ੍ਹਾਂ ਦਾ ਕੰਮ ਕੁਝ ਹਟਵਾਂ ਹੈ ਜਿਸ ਵਿਚ ਡੂੰਘਾਈ ਨਹੀਂ ਹੈ। ਕੰਮ ਦੀ ਇਹ ਵੰਡ ਮੈਨੂੰ ਪਸੰਦ ਨਹੀਂ ਹੈ।
ਮੈਂ ਮਾਰਕਸਵਾਦ ਨੂੰ ਵਿਚਾਰਧਾਰਾ ਦੇ ਰੂਪ ‘ਚ ਦੇਖਦੀ ਹਾਂ। ਇਕ ਅਦਭੁੱਤ ਵਿਚਾਰਧਾਰਾ ਜਿਸ ਵਿਚ ਸਮਾਨਤਾ ਵਜੂਦ ਸਮੋਈ ਹੈ, ਮਹਿਜ਼ ਸਿਧਾਂਤਕ ਤੌਰ ‘ਤੇ ਹੀ ਨਹੀਂ ਸਗੋਂ ਪ੍ਰਸ਼ਾਸਕੀ ਤੌਰ ‘ਤੇ ਵੀ। ਜੇ ਭਾਰਤ ਦੇ ਪ੍ਰਸੰਗ ‘ਚ ਜ਼ਿੰਦਗੀ ਦੀਆਂ ਪੇਚੀਦਗੀਆਂ ਨੂੰ ਮਾਰਕਸਵਾਦ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਬਹੁਤ ਸਾਰੇ ਮਸਲੇ ਦਿਖਾਈ ਦਿੰਦੇ ਹਨ, ਪਰ ਮਾਰਕਸਵਾਦੀ ਨਜ਼ਰੀਏ ਤਹਿਤ ਜਾਤਪਾਤ ਨਾਲ ਨਹੀਂ ਨਜਿੱਠਿਆ ਗਿਆ। ਆਮ ਤੌਰ ‘ਤੇ ਉਹ ਕਹਿੰਦੇ ਹਨ ਕਿ ਜਾਤ ਹੀ ਜਮਾਤ ਹੈ, ਪਰ ਹਕੀਕਤ ‘ਚ ਜਾਤ ਹਮੇਸ਼ਾ ਜਮਾਤ ਨਹੀਂ ਹੁੰਦੀ।
ਜਾਤ ਜਮਾਤ ਹੋ ਸਕਦੀ ਹੈ, ਕਿਉਂਕਿ ਮੇਰੇ ਖ਼ਿਆਲ ‘ਚ ਬਹੁਤ ਸਾਰੇ ਰੈਡੀਕਲ ਦਲਿਤ ਬੁੱਧੀਜੀਵੀਆਂ ਨੇ ਮਾਰਕਸਵਾਦ ਦਾ ਪੜਚੋਲੀਆ ਚਿੰਤਨ ਪੇਸ਼ ਕੀਤਾ ਹੈ ਜੋ ਅੰਬੇਦਕਰ ਦੀ ਡਾਂਗੇ ਨਾਲ ਬਹਿਸ ਦੇ ਵਕਤ ਤੋਂ ਹੀ ਸ਼ੁਰੂ ਹੋ ਚੁੱਕਾ ਸੀ; ਪਰ ਮੇਰੇ ਖ਼ਿਆਲ ‘ਚ ਅੱਜ ਵੀ ਰੈਡੀਕਲ ਖੱਬਿਆਂ ਨੇ ਇਸ ਮੁੱਦੇ ਨੂੰ ਹੱਲ ਕਰਨ ਦਾ ਰਾਹ ਨਹੀਂ ਲੱਭਿਆ। ਇੰਞ ਕਿਉਂ ਹੈ ਕਿ ਰੈਡੀਕਲ ਖੱਬੇ, ਮਾਓਵਾਦ ਅਤੇ ਸਮੁੱਚੀ ਨਕਸਲਬਾੜੀ ਲਹਿਰ (ਜਿਸ ਦੇ ਲਈ ਮੇਰੇ ਮਨ ਵਿਚ ਬਹੁਤ ਸਤਿਕਾਰ ਹੈ), ਸਿਰਫ਼ ਜੰਗਲਾਂ ਅਤੇ ਆਦਿਵਾਸੀ ਇਲਾਕਿਆਂ ਵਿਚ ਸਭ ਤੋਂ ਤਕੜੀ ਹੈ, ਜਿਥੇ ਲੋਕਾਂ ਕੋਲ ਜ਼ਮੀਨਾਂ ਹਨ? ਉਨ੍ਹਾਂ ਦੀ ਰਣਨੀਤੀ ਅਤੇ ਤਸੱਵਰ ਸ਼ਹਿਰਾਂ ਤਕ ਕਿਉਂ ਨਹੀਂ ਪਹੁੰਚ ਸਕੇ? ਇਨ੍ਹਾਂ ਸੀਮਾਵਾਂ ਕਾਰਨ ਦਲਿਤ ਇਕ ਵਾਰ ਫਿਰ ਅਲੱਗ-ਥਲੱਗ ਪੈ ਗਏ ਹਨ। ਜਦੋਂ ਮੈਂ ਦਲਿਤਾਂ ਦੀ ਗੱਲ ਕਰ ਰਹੀ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਥੇ ਸਭ ਕੁਝ ਸਾਫ਼-ਸੁਥਰਾ ਹੈ। ਜੋ ਖ਼ੁਦ ਨੂੰ ਦਲਿਤ ਕਹਿ ਰਹੇ ਹਨ, ਉਨ੍ਹਾਂ ਦੇ ਅੰਦਰ ਵੀ ਬਹੁਤ ਭੇਦਭਾਵ ਹੈ। ਫਿਰ ਇਨ੍ਹਾਂ ਮੁੱਦਿਆਂ ਦੇ ਰੂ-ਬ-ਰੂ ਹੋਣ ‘ਚ, ਸਾਡੀ ਜ਼ਬਾਨ ‘ਚ ਕਿਸ ਤਰ੍ਹਾਂ ਦੀ ਤੀਖਣਤਾ ਹੋਵੇਗੀ ਜਿਸ ਨਾਲ ਇਹ ਜਾਬ੍ਹਾਂ ਦਾ ਭੇੜ ਨਾ ਬਣ ਕੇ ਰਹਿ ਜਾਏ। ਅਸੀਂ ਕਿੰਨੇ ਖੁਸ਼ ਸੀ ਜਦੋਂ ਸੰਸਾਰ ਸੋਸ਼ਲ ਮੰਚ ਵਿਚ ਲੱਖਾਂ ਲੋਕ ਸ਼ਾਮਲ ਹੋਏ, ਪਰ ਹਕੀਕਤ ਇਹ ਵੀ ਹੈ ਕਿ ਕਰੋੜਾਂ ਲੋਕ ਕੁੰਭ ਮੇਲੇ ਵਿਚ ਵੀ ਜਾਂਦੇ ਹਨ। ਜੇ ਸਿਰਫ਼ ਅਵਾਮ ਦੇ ਹੜ੍ਹ ਨੂੰ ਦੇਖਿਆ ਜਾਵੇ ਤਾਂ ਇਸ ਹਿਸਾਬ ਨਾਲ ਇਹ ਸਭ ਤੋਂ ਵੱਡਾ ਅੰਦੋਲਨ ਹੈ! ਜਾਂ ਫਿਰ ਬਾਬਰੀ ਮਸਜਿਦ ਢਾਹੇ ਜਾਣ ਨੂੰ ਵੀ ਸਭ ਤੋਂ ਵੱਡਾ ਅੰਦੋਲਨ ਕਿਹਾ ਜਾ ਸਕਦਾ ਹੈ! ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਆਰæਐਸ਼ਐਸ਼, ਵੀæਐਚæਪੀæ ਅਤੇ ਸ਼ਿਵ ਸੈਨਾ ਵਰਗੀਆਂ ਸੱਜੇਪੱਖੀ ਤਾਕਤਾਂ ਅਤੇ ਆਮ ਜਨਤਾ ਅੰਦਰ ਫਾਸ਼ੀਵਾਦੀ ਰੁਚੀ ਵੱਲ ਅਸੀਂ ਕਦੇ ਜ਼ਿਆਦਾ ਧਿਆਨ ਨਹੀਂ ਦਿੱਤਾ। ਇਹ ਮਹਿਜ਼ ਹਕੂਮਤ, ਆਰæਐਸ਼ਐਸ ਅਤੇ ਭਾਜਪਾ ਦੀ ਗੱਲ ਨਹੀਂ ਹੈ। ਨਿੱਤ ਰੋਜ਼, ਹਰ ਥਾਂ, ਹਰ ਗਲੀ ਮੁਹੱਲੇ ਵਿਚ, ਮੀਡੀਆ ਵਿਚ ਇਸੇ ਹੰਕਾਰ ਦੀ ਗੱਲ ਚਲਦੀ ਹੈ। ਇੰਞ ਕਿਉਂ ਹੈ ਕਿ ਧਰਮ, ਜਾਤ ਅਤੇ ਅਣਖ ਦੇ ਸਵਾਲ ਬਾਰੇ ਲੋਕਾਂ ਦੀ ਚੇਤਨਾ ਨੂੰ ਤੇਜ਼ੀ ਨਾਲ ਲਾਮਬੰਦ ਕੀਤਾ ਜਾ ਸਕਦਾ ਹੈ (ਅਜਿਹਾ ਅਸੀਂ ਗੁੱਜਰ ਅੰਦੋਲਨ ‘ਚ ਦੇਖਿਆ), ਪਰ ਮੁੰਬਈ ਵਿਚ ਰਹਿਣ ਵਾਲੇ ਸ਼ਹਿਰੀ ਗ਼ਰੀਬ ਕਦੇ ਲਾਮਬੰਦ ਨਹੀਂ ਹੁੰਦੇ। ਉਥੇ ਸਭ ਕੁਝ ਜਾਂ ਤਾਂ ਬਿਹਾਰੀ ਬਨਾਮ ਮਰਾਠੀ ਹੁੰਦਾ ਹੈ ਜਾਂ ਫਿਰ ਯੂæਪੀæ ਬਨਾਮ ਠਾਕਰੇ। ਭਾਰਤ ਅਜਿਹਾ ਸਮਾਜ ਜਾਂ ਰਾਸ਼ਟਰ ਹੈ ਜੋ ਲਗਾਤਾਰ ਕਾਰਪੋਰੇਟ ਸਰਮਾਏਦਾਰੀ ਵੱਲ ਵਧ ਰਿਹਾ ਹੈ, ਪਰ ਟਾਕਰੇ ਦੀ ਆਵਾਜ਼ ਨੂੰ ਧਰਮ, ਜਾਤ, ਬੋਲੀ ਅਤੇ ਅਣਖਾਂ ਦੇ ਆਧਾਰ ‘ਤੇ ਸੁਖਾਲਿਆਂ ਹੀ ਵੰਡਿਆ ਜਾ ਸਕਦਾ ਹੈ। ਜਦੋਂ ਤਕ ਅਸੀਂ ਸਾਂਝੇ ਵਿਰੋਧ ਦੇ ਵਿਚਾਰ ਦਾ ਸਾਹਮਣਾ ਨਹੀਂ ਕਰਾਂਗੇ, ਹਾਲਤ ਜਿਉਂ ਦੀ ਤਿਉਂ ਬਣੀ ਰਹੇਗੀ। ਮੈਂ ਇਹ ਨਹੀਂ ਕਹਿ ਰਹੀ ਕਿ ਸਾਰੇ ਲੋਕਾਂ ਨੂੰ ਇਕੋ ਰੱਸੇ ਬੰਨ੍ਹਣਾ ਹੋਵੇਗਾ, ਕਿਉਂਕਿ ਬਹੁਤ ਸਾਰੇ ਅੰਦੋਲਨ ਇਕ ਥਾਂ ਆ ਹੀ ਨਹੀਂ ਸਕਦੇ, ਪਰ ਕੁਝ ਮੁੱਦਿਆਂ ਉਪਰ ਉਨ੍ਹਾਂ ਵਿਚ ਸਮਾਨਤਾ ਹੋਵੇਗੀ। ਭਾਰਤ ਵਿਚ ਜੋ ਸਭ ਤੋਂ ਇਕਜੁੱਟ ਤਾਕਤ ਹੈ, ਉਸ ਦੇ ਬਾਰੇ ਮੇਰਾ ਮੰਨਣਾ ਹੈ ਕਿ ਉਹ ਉੱਚ ਹਿੰਦੂ ਜਾਤ ਦਾ ਮੱਧ ਵਰਗ ਹੈ। ਇਹ ਲੋਕ ਕਿਸੇ ਵੀ ਖੱਬੀ ਧਿਰ ਜਾਂ ਖੱਬੇਪੱਖੀਆਂ (ਜਿਨ੍ਹਾਂ ਦੀ ਵਿਚਾਰਧਾਰਾ ਹੀ ਏਕਤਾ ਉੱਪਰ ਆਧਾਰਤ ਹੈ) ਨਾਲੋਂ ਕਿਤੇ ਵੱਧ ਇਕਜੁੱਟ ਹਨ।
ਸਵਾਲ: ਜੋ ਲੋਕ ਹਾਸ਼ੀਏ ਉਪਰ ਹਨ, ਉਨ੍ਹਾਂ ਦਾ ਸਿਆਸਤ ਤੋਂ ਮੋਹ ਲਗਾਤਾਰ ਭੰਗ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਭਾਰਤੀ ਪ੍ਰਸੰਗ ‘ਚ ਮਾਰਕਸਵਾਦ ਦੇ ਭਵਿੱਖ ਬਾਰੇ ਤੁਹਾਡਾ ਕੀ ਖ਼ਿਆਲ ਹੈ?
ਅਰੁੰਧਤੀ: ਦੇਖੋ, ਮੈਂ ਐਨੀ ਅਸਾਨੀ ਨਾਲ ਇਹ ਨਹੀਂ ਮੰਨ ਸਕਦੀ ਕਿ ਉਨ੍ਹਾਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਮੋਹ ਭੰਗ ਹੋ ਜਾਵੇ! ਪਰ ਅਜਿਹਾ ਹੋਇਆ ਨਹੀਂ ਹੈ। ਅਜੇ ਵੀ ਉਹ ਬਹੁਤ ਵੱਡੀ ਤਾਦਾਦ ‘ਚ ਵੋਟਾਂ ਪਾਉਣ ਆਉਂਦੇ ਹਨ। ਅਸੀਂ ਲੋਕ ਕਹਿੰਦੇ ਰਹਿੰਦੇ ਹਾਂ ਕਿ ਇਹ ਸਾਰੇ ਇਕ ਹੀ ਹਨ, ਇਹ ਪਾਰਟੀ ਹੋਵੇ ਜਾਂ ਉਹ ਪਾਰਟੀ; ਪਰ ਲੋਕਾਂ ‘ਚ ਹਾਲੇ ਵੀ ਉਤਸ਼ਾਹ ਹੈ, ਇਹ ਮੰਨਣਾ ਹੀ ਪਵੇਗਾ। ਕਿਸ ਲਈ ਹੈ, ਉਨ੍ਹਾਂ ਦੀਆਂ ਉਮੀਦਾਂ ਕੀ ਹਨ? ਉਨ੍ਹਾਂ ਦੀਆਂ ਉਮੀਦਾਂ ਸ਼ਾਇਦ ਇਹ ਨਹੀਂ ਕਿ ਜ਼ਿੰਦਗੀ ਬਦਲ ਜਾਵੇਗੀ ਜਾਂ ਮੁਲਕ ਬਦਲ ਜਾਵੇਗਾ ਜਾਂ ਸਰਮਾਏਦਾਰੀ ਖ਼ਤਮ ਹੋ ਜਾਵੇਗੀ! ਉਨ੍ਹਾਂ ਦਾ ਸੁਪਨਾ ਹੈ ਕਿ ਇਥੇ ਟੂਟੀ ਲੱਗ ਜਾਵੇਗੀ, ਹਸਪਤਾਲ ਖੁੱਲ੍ਹ ਜਾਵੇਗਾ ਵਗੈਰਾ। ਹਾਲਾਂਕਿ ਚੋਣ ਅਮਲ ਤੋਂ ਮੈਨੂੰ ਤਾਂ ਇਹ ਉਮੀਦ ਨਹੀਂ ਹੈ, ਪਰ ਜਨਤਾ ਨੂੰ ਭਾਰੀ ਉਮੀਦ ਹੈ। ਉਹ ਵੋਟ ਪਾਉਣ ਆਉਂਦੇ ਹਨ, ਸਾਨੂੰ ਮੰਨਣਾ ਹੀ ਪਵੇਗਾ। ਐਨੀ ਵੱਡੀ ਸਿਆਸੀ ਤਾਕਤ ਨੂੰ ਉਂਞ ਹੀ ਰੱਦ ਨਹੀਂ ਕੀਤਾ ਜਾ ਸਕਦਾ। ਅੱਜਕੱਲ੍ਹ ਦੀਆਂ ਬਹਿਸਾਂ ਦੋਖੋ-ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜਾਂ ਆਮ ਆਦਮੀ ਪਾਰਟੀ ਬਾਰੇ। ਮੈਂ ਉਨ੍ਹਾਂ ਨੂੰ ਸਵਾਲ ਕਰਦੀ ਰਹਿੰਦੀ ਹਾਂ ਕਿ ਜਿਸ ਜਗਨਮੋਹਨ ਰੈਡੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ, ਜੇ ਉਹ ਕੋਈ ਰੈਲੀ ਕਰੇਗਾ ਤਾਂ ਉਸ ਨੂੰ ਸੁਣਨ ਲਈ ਲੋਕ ਰੇਲ ਗੱਡੀ ਤੋਂ ਉਤਰ ਕੇ ਪੰਦਰਾਂ ਕਿਲੋਮੀਟਰ ਪੈਦਲ ਤੁਰ ਕੇ ਆਉਂਦੇ ਹਨ। ਲੋਕ ਚੰਗੇ ਲੋਕਾਂ ਨੂੰ ਵੋਟ ਨਹੀਂ ਪਾਉਂਦੇ। ਉਹ ਵੋਟ ਕਿਉਂ ਪਾ ਰਹੇ ਹਨ, ਕਿਸ ਨੂੰ ਪਾ ਰਹੇ ਹਨ? ਸਾਰੇ ਭ੍ਰਿਸ਼ਟਾਚਾਰ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਅਸੀਂ ਉਹੀ ਸੋਚਦੇ ਹਾਂ ਜੋ ਅਸੀਂ ਲੋਕਾਂ ਨੂੰ ਸੋਚਦਿਆਂ ਦੇਖਣਾ ਚਾਹੁੰਦੇ ਹਾਂ, ਜਾਂ ਜੋ ਸਾਨੂੰ ਚੰਗਾ ਲਗਦਾ ਹੈ! ਇਹ ਬਹੁਤ ਦੂਰ ਦੀ ਕਲਪਨਾ ਹੈ ਕਿ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਦੇ ਬਾਵਜੂਦ, ਲੋਕ ਇਸ ਚੋਣ ਅਮਲ ਵਿਚ ਪੂਰੀ ਤਰ੍ਹਾਂ ਹਿੱਸਾ ਲੈਂਦੇ ਹਨ। ਲੋਕ ਇਸ ਨੂੰ ਭਲੀ ਭਾਂਤ ਦੇਖ ਵੀ ਸਕਦੇ ਹਨ, ਫਿਰ ਵੀ ਉਹ ਇਸ ਵਿਚ ਹਿੱਸਾ ਲੈਂਦੇ ਹਨ। ਅਜਿਹਾ ਇਸ ਲਈ ਨਹੀਂ ਹੈ ਕਿ ਇਹ ਲੋਕ ਬੇਵਕੂਫ ਹਨ, ਸਗੋਂ ਅਜਿਹਾ ਬਹੁਤ ਸਾਰੇ ਪੇਚੀਦਾ ਕਾਰਨਾਂ ਕਰਕੇ ਹੈ। ਮੈਂ ਮੰਨਦੀ ਹਾਂ ਕਿ ਸਾਨੂੰ ਨਿਸ਼ਚਿਤ ਤੌਰ ‘ਤੇ ਖ਼ੁਦ ਨੂੰ ਬੇਵਕੂਫ ਬਣਾਉਣਾ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਅਸੀਂ ਕੁਝ ਚੀਜ਼ਾਂ ਜਾਣਦੇ ਹਾਂ, ਇਨ੍ਹਾਂ ਚੀਜ਼ਾਂ ਦੀ ਲੋਕਾਂ ਦੇ ਵੋਟ ਪਾਉਣ ਜਾਂ ਨਾ ਪਾਉਣ ਵਿਚ ਕੋਈ ਭੂਮਿਕਾ ਨਹੀਂ ਹੈ। ਮੈਂ ਜੋ ਸੋਚਦੀ ਹਾਂ, ਉਹ ਇਹ ਹੈ ਕਿ ਸਾਡੇ ਅੱਗੇ ਕੋਈ ਸੋਹਣਾ ਜਿਹਾ ਬਦਲ ਉਭਰਨ ਵਾਲਾ ਨਹੀਂ ਹੈ। ਚਲੋ ਇਸ ਨੂੰ ਵੋਟ ਪਾ ਦਿੰਦੇ ਹਾਂ, ਇਹ ਪ੍ਰਬੰਧ ਨੂੰ ਬਦਲ ਦੇਵੇਗਾ। ਇੰਞ ਹੋਣ ਵਾਲਾ ਨਹੀਂ ਹੈ। ਪ੍ਰਬੰਧ ਬਹੁਤ ਪੱਕੇ ਪੈਰੀਂ ਹੈ-ਕਾਰਪੋਰੇਟ, ਸਿਆਸੀ ਪਾਰਟੀਆਂ, ਮੀਡੀਆ; ਜਿਵੇਂ ਰਿਲਾਇੰਸ ਕੋਲ 27 ਟੀæਵੀæ ਚੈਨਲ ਹਨ। ਕਿਸੇ ਹੋਰ ਕੋਲ ਅਖ਼ਬਾਰ ਹੈ। ਇਸ ਨਾਲ ਕੀ ਹੋਵੇਗਾ? ਇਸ ਨਾਲ ਲੁੰਪਨਕਰਨ ਅਤੇ ਅਪਰਾਧੀਕਰਨ ਬਹੁਤ ਜ਼ਿਆਦਾ ਵਧ ਜਾਵੇਗਾ। ਜਿਵੇਂ ਹਾਲ ਹੀ ਵਿਚ ਜੋ ਛੱਤੀਸਗੜ੍ਹ ਅਤੇ ਝਾਰਖੰਡ ਵਿਚ ਚੱਲ ਰਿਹਾ ਹੈ। ਉਥੇ ਸਿਆਸਤ, ਵਿਚਾਰਧਾਰਾਵਾਂ, ਬਹਿਸਾਂ ਅਤੇ ਸੰਰਚਨਾਵਾਂ ਵਿਚ ਇਕਰੂਪਤਾ ਦਿਖਾਈ ਦਿੰਦੀ ਹੈ, ਪਰ ਜਿਵੇਂ ਤੁਸੀਂ ਸਾਰਿਆਂ ਨੂੰ ਸ਼ਹਿਰਾਂ ਵੱਲ ਭਜਾਉਂਦੇ ਜਾਵੋਗੇ, ਉਨ੍ਹਾਂ ਦਾ ਤੁਸੀਂ ਅਪਰਾਧੀਕਰਨ ਕਰੋਗੇ; ਜਿਵੇਂ ਜਬਰ ਜਨਾਹ ਦੀ ਘਟਨਾ ਪਿੱਛੋਂ ਮਨਮੋਹਨ ਸਿੰਘ ਨੇ ਸਾਫ਼ ਕਿਹਾ ਕਿ ਸਾਨੂੰ ਇਨ੍ਹਾਂ ਪਰਵਾਸੀਆਂ ਜੋ ਸ਼ਹਿਰਾਂ ਵਿਚ ਆ ਰਹੇ ਹਨ, ਤੋਂ ਚੁਕੰਨੇ ਰਹਿਣਾ ਹੋਵੇਗਾ। ਪਹਿਲਾਂ ਤੁਸੀਂ ਉਨ੍ਹਾਂ ਨੂੰ ਸ਼ਹਿਰਾਂ ਵੱਲ ਧੱਕਦੇ ਹੋ ਅਤੇ ਫਿਰ ਉਨ੍ਹਾਂ ਦਾ ਅਪਰਾਧੀਕਰਨ ਕਰਦੇ ਹੋ। ਇਨ੍ਹਾਂ ਹਾਲਾਤ ‘ਚ ਫਿਰ ਤੁਹਾਡੇ ਲੋਕ ਵਧੇਰੇ ਪੁਲਿਸ, ਸੁਰੱਖਿਆ ਅਤੇ ਵੱਧ ਸਖ਼ਤ ਕਾਨੂੰਨਾਂ ਦੀ ਗੱਲ ਕਰਦੇ ਹਨ। ਇਕ ਵਾਰ ਅਪਰਾਧੀਕਰਨ ਹੋ ਜਾਣ ‘ਤੇ ਉਨ੍ਹਾਂ ਨੂੰ ਅਪਰਾਧੀਆਂ ਵਾਂਗ ਵਿਹਾਰ ਕਰਨਾ ਹੀ ਪੈਂਦਾ ਹੈ। ਉਨ੍ਹਾਂ ਕੋਲ ਕੋਈ ਕਾਨੂੰਨ ਅਤੇ ਕੰਮ ਨਹੀਂ ਹੈ। ਤੁਸੀਂ ਇਕ ਅਜਿਹਾ ਪ੍ਰਬੰਧ ਕਾਇਮ ਕਰਨਾ ਚਾਹੁੰਦੇ ਹੋ ਜਿੱਥੇ ਲੋਕਾਂ ਦੇ ਵਿਆਪਕ ਹਿੱਸੇ ਦੀ ਹੋਂਦ ਹੀ ਨਾ ਹੋਵੇ। ਇਹ ਗ਼ਲਤ ਹੈ। ਹੁਣ ਇਨ੍ਹਾਂ ਹਾਲਾਤ ‘ਚ ਖੱਬੀ ਧਿਰ ਕੀ ਕਰਨ ਵਾਲੀ ਹੈ, ਕਿਉਂਕਿ ਜਿਸ ਨੂੰ ਅਸੀਂ ਅਤਿ ਖੱਬਾ ਪੱਖ ਕਹਿੰਦੇ ਹਾਂ, ਉਹ ਤਾਂ ਜੰਗਲਾਂ ਵਿਚ ਉਲਝਿਆ ਹੋਇਆ ਹੈ, ਆਦਿਵਾਸੀ ਫ਼ੌਜ ਲੈ ਕੇ। ਬੁੱਧੀਜੀਵੀ ਲੋਕਾਂ ਲਈ ਇਹ ਕਹਿਣਾ ਬਿਲਕੁਲ ਜਾਇਜ਼ ਅਤੇ ਸੁਖਾਲਾ ਹੈ ਕਿ ਉਹ ਪੈਰਿਸ ਕਮਿਊਨ ਵਰਗਾ ਖ਼ਵਾਬ ਦੇਖ ਰਹੇ ਹਨ। ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਤਾਂ ਜਾਣਦੇ ਹੀ ਨਹੀਂ ਕਿ ਜਗਦਲਪੁਰ, ਭੋਪਾਲ ਦੀ ਵੀ ਕੋਈ ਹੋਂਦ ਹੈ; ਪਰ ਨਕਸਲੀ ਲੜ ਰਹੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਉਹ ਕਾਹਦੇ ਲਈ ਲੜ ਰਹੇ ਹਨ। ਇਹ ਹੋ ਸਕਦਾ ਹੈ ਕਿ ਪਾਰਟੀਆਂ, ਤੁਸੀਂ ਅਤੇ ਮੈਂ ਵਿਚਾਰਧਾਰਕ ਤੌਰ ‘ਤੇ ਉਨ੍ਹਾਂ ਨਾਲ ਸਹਿਮਤ ਨਾ ਹੋਈਏ, ਪਰ ਜੰਗਲ ਤੋਂ ਬਾਹਰ ਖੱਬੀ ਧਿਰ ਕੀ ਕਰ ਰਹੀ ਹੈ? ਜਦੋਂ ਮਾਰਕਸ ਪ੍ਰੋਲੇਤਾਰੀ ਦੀ ਗੱਲ ਕਰਦਾ ਹੈ, ਤਾਂ ਉਸ ਦੀ ਪ੍ਰੋਲੇਤਾਰੀ ਤੋਂ ਮੁਰਾਦ ਮਜ਼ਦੂਰ ਜਮਾਤ ਹੈ। ਜ਼ਿਆਦਾਤਰ ਥਾਵਾਂ ‘ਤੇ ਮਜ਼ਦੂਰਾਂ ਦੀ ਤਾਦਾਦ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਰੋਬੋਟ ਅਤੇ ਉੱਚ ਤਕਨੀਕ ਵਰਤੀ ਜਾ ਰਹੀ ਹੈ। ਹੁਣ ਕਿਰਤੀਆਂ ਦੀ ਤਾਦਾਦ ਉਹ ਨਹੀਂ ਰਹੀ ਜੋ ਹੋਇਆ ਕਰਦੀ ਸੀ-ਕਲਾਸਿਕ ਮਾਇਨਿਆਂ ‘ਚ। ਹਾਂ, ਇਸ ਨਵੇਂ ਦੌਰ ਵਿਚ ਬਹੁਤ ਹੀ ਵਿਸ਼ੇਸ਼ ਅਧਿਕਾਰ ਪ੍ਰਾਪਤ ਕਿਰਤ ਸ਼ਕਤੀ ਹੈ, ਮਾਰੂਤੀ ਵਿਚ ਕੰਮ ਕਰਨ ਵਾਲੇ ਕਿਰਤੀਆਂ ਦੀ ਮਿਸਾਲ ਲਈ ਜਾ ਸਕਦੀ ਹੈ; ਪਰ, ਉਨ੍ਹਾਂ ਨਾਲ ਕੀ ਵਾਪਰਿਆ-ਉੱਥੇ ਖੱਬੀ ਧਿਰ ਕੀ ਕਰ ਰਹੀ ਹੈ? ਖੱਬੀ ਧਿਰ ਕੋਲ ਉਨ੍ਹਾਂ ਨੂੰ ਕਹਿਣ ਲਈ ਕੁਝ ਨਹੀਂ ਹੈ। ਨਕਸਲੀ ਇਲਾਕਿਆਂ ਤੋਂ ਬਾਹਰ ਅਜਿਹੀ ਕੋਈ ਖੱਬੀ ਧਿਰ ਨਹੀਂ ਹੈ ਜੋ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਲੜ ਰਹੀ ਹੋਵੇ। ਮੈਂ ਨਹੀਂ ਜਾਣਦੀ ਕਿ ਤੁਸੀਂ ਉਨ੍ਹਾਂ ਦਾ ਸਿਆਸੀਕਰਨ ਕਿਵੇਂ ਕਰੋਗੇ। ਬਹੁਤ ਵੱਡੀ ਤਾਦਾਦ ‘ਚ ਸ਼ਹਿਰੀ ਗ਼ਰੀਬ ਹਨ ਜਿਨ੍ਹਾਂ ਨੂੰ ਕੋਈ ਬਾਕਾਇਦਾ ਕੰਮ ਨਹੀਂ ਮਿਲਿਆ ਹੋਇਆ, ਜੋ ਕਾਮੇ ਨਹੀਂ ਹਨ। ਉਨ੍ਹਾਂ ਨੂੰ ਫਿਰਕਾਪ੍ਰਸਤ ਅਨਸਰਾਂ ਵਲੋਂ ਕਦੇ ਵੀ ਵਰਗਲਾਇਆ ਅਤੇ ਭੜਕਾਇਆ ਜਾ ਸਕਦਾ ਹੈ। ਉਨ੍ਹਾਂ ਨੂੰ ਕਦੇ ਵੀ ਇਕ ਦੂਜੇ ਦੇ ਖ਼ਿਲਾਫ਼ ਖੜ੍ਹਾ ਕੀਤਾ ਜਾ ਸਕਦਾ ਹੈ।
ਸਵਾਲ: ਕੀ ਤੁਹਾਨੂੰ ਲਗਦਾ ਹੈ ਕਿ ਭਾਰਤ ਫਾਸ਼ੀਵਾਦ ਵੱਲ ਵਧ ਰਿਹਾ ਹੈ?
ਅਰੁੰਧਤੀ: ਮੈਨੂੰ ਲਗਦਾ ਹੈ ਕਿ ਜੇ ਤੁਸੀਂ ਇਹ ਸਵਾਲ ਪੰਜ ਵਰ੍ਹੇ ਪਹਿਲਾਂ ਪੁੱਛਿਆ ਹੁੰਦਾ ਤਾਂ ਮੈਂ ਕਹਿੰਦੀ, ਹਾਂ ਵਧ ਰਿਹਾ ਹੈ। ਹੁਣ ਮੈਂ ਇਹ ਨਹੀਂ ਕਹਾਂਗੀ ਕਿ ਵਧ ਰਿਹਾ ਹੈ। ਉਸ ਦੇ ਅੱਗੇ ਇਹ ਸਮੁੱਚਾ ਕਾਰਪੋਰੇਟ ਅਤੇ ਮੱਧ ਵਰਗੀ ਕੁਲੀਨ ਵਰਗ ਹੈ। ਉਨ੍ਹਾਂ ਦਾ ਜੋ ਨਰੇਂਦਰ ਮੋਦੀ ਵੱਲ ਰੁਝਾਨ ਹੈ, ਇਹ ਇਕ ਫਾਸ਼ੀਵਾਦ ਤੋਂ ਦੂਜੇ ਫਾਸ਼ੀਵਾਦ ਵੱਲ ਮੁਹਾਣ ਮੋੜਨਾ ਹੈ। ਇਥੇ ਇਕ ਪਾਸੇ ਅਨਿਲ ਅੰਬਾਨੀ ਅਤੇ ਦੂਜੇ ਪਾਸੇ ਮੁਕੇਸ਼ ਅੰਬਾਨੀ ਬੈਠ ਕੇ ਇਹ ਕਹਿੰਦੇ ਹਨ ਕਿ ਇਹ (ਮੋਦੀ) ਰਾਜਿਆਂ ਦਾ ਰਾਜਾ ਹੈ। ਇਸ ਦਾ ਭਾਵ ਇਹ ਨਹੀਂ ਕਿ ਉਹ ਬਦਲ ਗਿਆ ਹੈ। ਹਾਲਾਂਕਿ, ਹਕੀਕਤ ਇਹ ਹੈ ਕਿ ਉਹ ਇਕ ਤਰ੍ਹਾਂ ਦੇ ਫਾਸ਼ੀਵਾਦੀ ਤੋਂ ਦੂਜੀ ਤਰ੍ਹਾਂ ਦਾ ਫਾਸ਼ੀਵਾਦੀ ਬਣ ਗਿਆ ਹੈ। ਹੁਣ ਬਹੁਤ ਵੱਡੀ ਤਾਦਾਦ ‘ਚ ਮੱਧ ਵਰਗ ਪੈਦਾ ਕਰ ਲਿਆ ਗਿਆ ਹੈ। ਉਨ੍ਹਾਂ ਦੇ ਮਨ ਵਿਚ, ਉਨ੍ਹਾਂ ਦੇ ਖ਼ਵਾਬਾਂ ‘ਚ ਇਕ ਪਰਿਪੇਖ ਮਾਰਗ (ਟਰਅਜeਚਟੋਰੇ) ਬਣਾ ਦਿੱਤਾ ਗਿਆ ਹੈ, ਜਿਸ ਨਾਲ ਉਹ ਉਸ ਪਾਸਿਉਂ ਇਸ ਪਾਸੇ ਆ ਜਾਣ ਅਤੇ ਹੁਣ ਉਹ ਬਿਲਕੁਲ ਰੁਕ ਗਏ ਹਨ। ਇਥੇ ਅਗਾਂਹ ਕੋਈ ਰਾਹ ਨਹੀਂ ਹੈ। ਤੇ ਹੁਣ ਇਹ ਗੁੱਸਾ ਵੱਖ-ਵੱਖ ਤਰ੍ਹਾਂ ਫੁੱਟਦਾ ਦਿਖਾਈ ਦੇ ਰਿਹਾ ਹੈ, ਪਰ ਮੈਨੂੰ ਇਹ ਬਹੁਤ ਸਦਮਾ ਪਹੁੰਚਾਉਂਦਾ ਹੈ।
ਸਵਾਲ: ਹਾਲੀਆ ਅੰਦੋਲਨਾਂ ਦਾ ਭਵਿੱਖ ਕੀ ਹੈ? ਜਿਵੇਂ ਅੰਨਾ ਹਜ਼ਾਰੇæææ?
ਅਰੁੰਧਤੀ: ਅੰਨਾ ਹਜ਼ਾਰੇ ਤਾਂ ਦਫ਼ਤਰ ਬੰਦ ਕਰ ਕੇ ਚਲਾ ਗਿਆ। ਜਦੋਂ ਇਹ ਲੋਕ ਬਿਨਾਂ ਕੋਈ ਕੰਮ ਕੀਤੇ ਟੀæਵੀæ ਚੈਨਲਾਂ ਦੇ ਸਟੂਡੀਓ ਵਿਚ ਆਪਣੀ ਲਹਿਰ ਸਿਰਜਦੇ ਹਨ ਤਾਂ ਉਨ੍ਹਾਂ ਦਾ ਭਵਿੱਖ ਕੀ ਹੋ ਸਕਦਾ ਹੈ ਭਲਾ? ਦੱਸੋ? ਜਦੋਂ ਟੀæਵੀæ ਚੈਨਲ ਚਾਹੁਣਗੇ ਤਾਂ ਇਨ੍ਹਾਂ ਨੂੰ ਪੂਰਾ ਸਿਰ ‘ਤੇ ਚੁੱਕਣਗੇ! ਜਦੋਂ ਉਨ੍ਹਾਂ ਨੂੰ ਕੋਈ ਖ਼ਤਰਾ ਦਿਖਾਈ ਦੇਵੇਗਾ ਤਾਂ ਇਨ੍ਹਾਂ ਲਹਿਰਾਂ ਨੂੰ ਠੱਪ ਕਰ ਦੇਣਗੇ। ਉਸ ਵਿਚ ਕੀ ਹੈ? ਮਿਸਾਲ ਵਜੋਂ ਆਮ ਆਦਮੀ ਪਾਰਟੀ ਨੂੰ ਦੇਖ ਲਉ! ੀਜਸ ਨੇ ਇਕ ਵਾਰ ਰਿਲਾਇੰਸ ਦਾ ਜ਼ਿਕਰ ਕੀਤਾ ਅਤੇ ਠੁੱਸ ਹੋ ਗਈ। ਜਦੋਂ ਮੀਡੀਆ ਉਨ੍ਹਾਂ (ਕਾਰਪੋਰੇਟ ਦਾ) ਹੈ ਤਾਂ ਤੁਹਾਡੀ ਥਾਂ ਆਖ਼ਿਰ ਉਥੇ ਕਿਵੇਂ ਹੋ ਸਕਦੀ ਹੋ? ਮਤਲਬ ਕੁਝ ਤਾਂ ਅੱਗੇ ਸੋਚਣਾ ਚਾਹੀਦਾ ਹੈ ਨਾ! ਇੰਞ ਨਹੀਂ ਚੱਲੇਗਾ। ਇਹ ਬਚਗਾਨਾਪਣ, ਕਿਵੇਂ ਚਲੇਗਾ? ਮਤਲਬ ਐਨਾ ਹੋ-ਹੱਲਾ ਮਚਾਈ ਰੱਖਦੇ ਹਨ, ਜੇ ਕੋਈ ਇਨ੍ਹਾਂ ਦੇ ਖ਼ਿਲਾਫ਼ ਬੋਲੇਗਾ ਤਾਂ ਸਾਬਤ ਕਰ ਦੇਣਗੇ ਕਿ ਉਹ ਜਾਂ ਤਾਂ ਭ੍ਰਿਸ਼ਟਾਚਾਰ ਦੇ ਹੱਕ ‘ਚ ਹੈ ਜਾਂ ਫਿਰ ਬਲਾਤਕਾਰ ਦੇ ਹੱਕ ‘ਚ। ਕੀ ਇਨ੍ਹਾਂ ਨੂੰ ਰਾਜਸੀ ਇਤਿਹਾਸ ਦੀ ਭੋਰਾ ਵੀ ਸਮਝ ਨਹੀਂ ਹੈ? ਇਸ ਵਿਚ ਕੁਝ ਲੋਕ ਵਧੀਆ ਕੰਮ ਕਰਦੇ ਹਨ। ਉਹ ਇਸ ਨੂੰ ਅੱਗੇ ਲਿਜਾਣ ਦਾ ਯਤਨ ਕਰਦੇ ਹਨ। ਮੇਰੇ ਖ਼ਿਆਲ ‘ਚ ਜਿਸ ਥਾਂ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ, ਉਹ ਸਾਨੂੰ ਬਹੁਤ ਉਤੇਜਤ ਕਰਦਾ ਹੈ, ਪਰ ਲੋਕ ਉਸ ਨਜ਼ਰੀਏ ਨਾਲ ਚੀਜ਼ਾਂ ਨੂੰ ਨਹੀਂ ਦੇਖ ਰਹੇ। ਉਹ ਨਹੀਂ ਸਮਝਦੇ ਕਿ ਹਰ ਵਿਰੋਧ ਪ੍ਰਦਰਸ਼ਨ ਯਕੀਨਨ ਹੀ ਅਗਾਂਹਵਧੂ ਅਤੇ ਇਨਕਲਾਬੀ ਹੋ ਸਕਦਾ ਹੈ। ਹਰ ਲੋਕ ਅੰਦੋਲਨ ਮਹਾਨ ਨਹੀਂ ਹੁੰਦਾ। ਜਿਵੇਂ ਮੈਂ ਅਕਸਰ ਕਹਿੰਦੀ ਹਾਂ ਕਿ ਇਸ ਮੁਲਕ ਵਿਚ ਸਭ ਤੋਂ ਵੱਡਾ ਅੰਦੋਲਨ ਬਾਬਰੀ ਮਸਜਿਦ ਢਾਹੇ ਜਾਣ ਦਾ ਹੈ ਜਿਸ ਦਾ ਸੰਚਾਲਨ ਵੀæਐਚæਪੀæ ਅਤੇ ਬਜਰੰਗ ਦਲ ਨੇ ਕੀਤਾ। ਜਿਵੇਂ ਜਦੋਂ ਕੁੜੀ ਨਾਲ ਜਬਰ ਜਨਾਹ ਹੋਇਆ ਸੀ, ਉਸ ਹਫ਼ਤੇ ਦੋ-ਤਿੰਨ ਦਿਨ ਅੱਗੜ-ਪਿੱਛੜ ਨਰੇਂਦਰ ਮੋਦੀ ਨੇ ਚੋਣ ਜਿੱਤੀ। ਹੁਣ ਉਨ੍ਹਾਂ ਹੀ ਟੀæਵੀæ ਚੈਨਲਾਂ ਵਿਚ ਉਹੀ ਲੋਕ ਜੋ ਜਬਰ ਜਨਾਹ ਦੇ ਖ਼ਿਲਾਫ਼ ਐਨਾ ਹੋ-ਹੱਲਾ ਮਚਾ ਰਹੇ ਸਨ, ਉਸ ਆਦਮੀ (ਮੋਦੀ) ਜਿਸ ਦੇ ਰਾਜ ਵਿਚ ਔਰਤਾਂ ਦੇ ਜਿਸਮ ਚੀਰ ਕੇ ਉਨ੍ਹਾਂ ਦੀਆਂ ਬੱਚੇਦਾਨੀਆਂ ਕੱਢੀਆਂ ਗਈਆਂ, ਜਿਨ੍ਹਾਂ ਨਾਲ ਜਬਰ ਜਨਾਹ ਕਰ ਕੇ ਜਿਉਂਦੀਆਂ ਸਾੜਿਆ ਗਿਆ, ਹੁਣ (ਟੀæਵੀæ ਚੈਨਲ) ਕਹਿ ਰਹੇ ਹਨ ਕਿ ਇਹ ਪੁਰਾਣੀਆਂ ਗੱਲਾਂ ਭੁੱਲ ਜਾਉ। ਤੁਸੀਂ ਬੀਤੇ ਵਿਚ ਕਿਉਂ ਜਾ ਰਹੇ ਹੋ? ਇਹ ਕੈਸੀ ਸਿਆਸਤ ਹੈ, ਮੈਨੂੰ ਸਮਝ ਨਹੀਂ ਆਉਂਦੀ। ਮੈਨੂੰ ਇਸ ਨੂੰ ਸਮਝਣ ‘ਚ ਬਹੁਤ ਮੁਸ਼ਕਿਲ ਆਉਂਦੀ ਹੈ। ਇਹ ਬਹੁਤ ਹੀ ਗੁੰਝਲਦਾਰ, ਬੌਧਿਕ ਅਤੇ ਭਾਵੁਕ ਬੁਝਾਰਤ ਹੈ। ਕਿਉਂਕਿ, ਤੁਸੀਂ ਉਦੋਂ ਵਿਰੋਧ ਨਹੀਂ ਕਰਦੇ, ਜਦੋਂ ਸੰਸਥਾਗਤ ਤਰੀਕੇ ਨਾਲ ਔਰਤਾਂ ਨਾਲ ਜਬਰ ਜਨਾਹ ਹੁੰਦਾ ਹੈ। ਨਾਰੀਵਾਦ ਦੀ ਸਿਆਸਤ ਬਹੁਤ ਹੀ ਗੁੰਝਲਦਾਰ ਹੈ। ਜਦੋਂ ਹਾਲਤ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਜਬਰ ਜਨਾਹ ਨੂੰ ਹਥਿਆਰ ਵਾਂਗ ਵਰਤਿਆ ਜਾਂਦਾ ਹੈ-ਚਾਹੇ ਕਸ਼ਮੀਰ ਹੋਵੇ, ਚਾਹੇ ਮਨੀਪੁਰ ਹੋਵੇ, ਚਾਹੇ ਨਾਗਾਲੈਂਡ ਹੋਵੇ ਜਾਂ ਉੱਚੀ ਜਾਤ ਦਾ ਕੋਈ ਬੰਦਾ ਦਲਿਤ ਔਰਤ ਨਾਲ ਜਬਰ ਜਨਾਹ ਕਰ ਰਿਹਾ ਹੋਵੇ ਜਾਂ ਹਰਿਆਣਾ ਵਿਚ ਇੱਜ਼ਤ ਖ਼ਾਤਰ ਕਤਲ ਹੋਵੇ। ਇਨ੍ਹਾਂ ਤਮਾਮ ਮਾਮਲਿਆਂ ਵਿਚ ਇਕ ਹੀ ਤਰ੍ਹਾਂ ਦਾ ਪ੍ਰਤੀਕਰਮ ਹੁੰਦਾ ਹੈ। ਜੋ ਬੱਚੀਆਂ ਵੱਡੀਆਂ ਹੋ ਰਹੀਆਂ ਹਨæææ æææਮੁਟਿਆਰ ਹੋ ਰਹੀਆਂ ਕੁੜੀਆਂ ਨੂੰ ਸੜਕਾਂ ਉੱਪਰ ਘੁੰਮਦੇ ਦੇਖਣਾ ਕਿੰਨਾ ਸੁਹਣਾ ਅਤੇ ਮਨਮੋਹਣਾ ਹੁੰਦਾ ਹੈ। ਤੇ ਜੋ ਹੋਇਆ, ਉਹ ਕਿੰਨਾ ਭਿਆਨਕ ਹੈ। ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਲੋਕ ਜਬਰ ਜਨਾਹ ਦੇ ਮਾਮਲੇ ਨੂੰ ਲੈ ਕੇ ਪ੍ਰੇਸ਼ਾਨ ਸਨ, ਜਦਕਿ ਉਹ ਸਿਰਫ਼ ‘ਇਸ ਜਬਰ ਜਨਾਹ’ ਦੇ ਮਾਮਲੇ ਕਾਰਨ ਹੀ ਪ੍ਰੇਸ਼ਾਨ ਸਨ। ਇਹ ਠੀਕ ਹੈ, ਪਰ ਇਹ ਖ਼ਾਸ ਤਰ੍ਹਾਂ ਦੀ ਸਿਆਸਤ ਹੈ! ਇਹ ਬਹੁਤ ਹੀ ਮੁਸ਼ਕਿਲ ਬੁਝਾਰਤ ਹੈ। ਇਸ ਬਾਰੇ ਸੋਚ-ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਅਤੇ ਮੈਂ ਸੋਚਦੀ ਹਾਂ ਕਿ ਤੁਸੀਂ ਲੋਕਾਂ ਤੋਂ ਇਹ ਆਸ ਨਹੀਂ ਕਰ ਸਕਦੇ ਕਿ ਜੋ ਚੀਜ਼ਾਂ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕਰਦੀਆਂ, ਉਹ ਉਨ੍ਹਾਂ ਨੂੰ ਝੰਜੋੜ ਦੇਣ, ਪਰ ਇਸ ਵਜਾ੍ਹ ਕਰ ਕੇ ਤੁਸੀਂ ਬਹੁਤ ਵੱਡੀ ਸਿਆਸਤ ਨੂੰ ਉਂਞ ਹੀ ਦਰਕਿਨਾਰ ਨਹੀਂ ਕਰ ਸਕਦੇ। ਤੁਸੀਂ ਇਹ ਸਮਝਣਾ ਚਾਹੋਗੇ ਕਿ ਇਹ ਕੀ ਹੈ।
(ਚੱਲਦਾ)

Be the first to comment

Leave a Reply

Your email address will not be published.