ਸਿਆਸਤ ਦੇ ਰੰਗ: ਕਾਂਗਰਸ ਹਾਈਕਮਾਨ ਲਈ ਚੁਣੌਤੀ ਬਣੇ ਨਵਜੋਤ ਸਿੱਧੂ

ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਬਹਾਲੀ ਕਾਂਗਰਸ ਹਾਈ ਕਮਾਨ ਲਈ ਵੱਡੀ ਚੁਣੌਤੀ ਬਣ ਰਹੀ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕੁਝ ਸਮਰਥਕ ਸਿੱਧੂ ਨੂੰ ਕੋਈ ਅਹਿਮ ਅਹੁਦਾ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ।

ਇਹੀ ਕਾਰਨ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਮੌਕੇ ਅਤੇ ਵਾਪਸੀ ਮਗਰੋਂ ਵੀ ਨਵਜੋਤ ਸਿੰਘ ਸਿੱਧੂ ਲਗਾਤਾਰ ਚਰਚਾ ‘ਚ ਬਣੇ ਹੋਏ ਹਨ, ਹਾਲਾਂਕਿ ਇਸ ਮਗਰੋਂ ਸਿੱਧੂ ਵਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਕਾਂਗਰਸ ਦੇ ਉਚ ਪੱਧਰੀ ਸੂਤਰਾਂ ਅਨੁਸਾਰ ਸਿੱਧੂ ਦਾ ਰਾਹੁਲ ਦੀ ਹਾਜ਼ਰੀ ‘ਚ ਵਤੀਰਾ ਜਿਥੇ ਪੰਜਾਬ ਕਾਂਗਰਸ ਦੇ ਮੰਤਰੀਆਂ ਅਤੇ ਹੋਰ ਆਗੂਆਂ ਨੂੰ ਹਜ਼ਮ ਨਹੀਂ ਹੋਇਆ, ਉਥੇ ਸਿੱਧੂ ਦੇ ਵਤੀਰੇ ਤੋਂ ਕਾਂਗਰਸ ਹਾਈ ਕਮਾਂਡ ਵੀ ਔਖੀ ਦੱਸੀ ਜਾ ਰਹੀ ਹੈ। ਕਾਂਗਰਸੀ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਦੇ ਕਰੀਬੀਆਂ ਨੇ ਰਾਹੁਲ ਦੇ ਕੰਨ ‘ਚ ਇਸ ਗੱਲ ਦੀ ਫੂਕ ਮਾਰ ਦਿੱਤੀ ਹੈ ਕਿ ਉਨ੍ਹਾਂ ਦੇ ਪੰਜਾਬ ਦੌਰੇ ਮੌਕੇ ਕੱਢੀ ਰੈਲੀ ਦੀ ਜਿੰਨੀ ਚਰਚਾ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਸਗੋਂ ਸਿੱਧੂ ਇਸ ਤੋਂ ਜ਼ਿਆਦਾ ਚਰਚਾ ‘ਚ ਰਹੇ ਹਨ। ਇਸ ਗੱਲ ਦਾ ਅਹਿਸਾਸ ਹੋਣ ਮਗਰੋਂ ਕਾਂਗਰਸ ਹਾਈ ਕਮਾਂਡ ਸਿੱਧੂ ਤੋਂ ਖਫਾ ਦੱਸੀ ਜਾ ਰਹੀ ਹੈ, ਜਿਸ ਦਾ ਅਸਰ ਇਹ ਦੇਖਣ ਨੂੰ ਮਿਲਿਆ ਕਿ ਕਾਂਗਰਸ ਹਾਈ ਕਮਾਂਡ ਵਲੋਂ ਸਿੱਧੂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚੋਂ ਬਾਹਰ ਕਰ ਦਿੱਤਾ ਗਿਆ।
ਉਧਰ, ਪੰਜਾਬ ਵਿਚਲੇ ਕਾਂਗਰਸੀ ਆਗੂਆਂ ਵਲੋਂ ਵੀ ਸਿੱਧੂ ਦੇ ਵਤੀਰੇ ਦਾ ਵਿਰੋਧ ਸ਼ੁਰੂ ਹੋ ਗਿਆ ਹੈ ; ਜਿੱਥੇ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਹਿ ਚੁੱਕੇ ਹਨ ਕਿ ਸਿੱਧੂ ਦੀ ਰਾਹੁਲ ਦੀ ਹਾਜ਼ਰੀ ‘ਚ ਸਟੇਜ ਤੋਂ ਕੀਤੀ ਟਿੱਪਣੀ ਨਾਲ ਉਨ੍ਹਾਂ ਦੀ ਨਹੀਂ ਸਗੋਂ ਹਾਈਕਮਾਂਡ ਦੀ ਹੱਤਕ ਹੋਈ ਹੈ, ਉਥੇ ਲੋਕ ਸਭਾ ਮੈਂਬਰ ਅਤੇ ਕਾਂਗਰਸੀ ਨੇਤਾ ਰਵਨੀਤ ਸਿੰਘ ਬਿੱਟੂ ਖੁੱਲ੍ਹ ਕੇ ਨਵਜੋਤ ਸਿੰਘ ਸਿੱਧੂ ਖਿਲਾਫ ਉੱਤਰ ਆਏ ਹਨ। ਹਾਲਾਂਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਨਵੇਂ ਇੰਚਾਰਜ ਹਰੀਸ਼ ਰਾਵਤ ਵਲੋਂ ਅਹੁਦਾ ਸੰਭਾਲਣ ਮਗਰੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਅਹੁਦਾ ਮਿਲਣ ਦਾ ਸੰਕੇਤ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਮਨਾਉਣ ਲਈ ਖੁਦ ਅੰਮ੍ਰਿਤਸਰ ਵੀ ਜਾ ਪੁੱਜੇ ਪਰ ਹਰੀਸ਼ ਰਾਵਤ ਵਲੋਂ ਯੂ-ਟਰਨ ਲੈਂਦਿਆਂ ਕਿਹਾ ਗਿਆ ਹੈ ਕਿ ਸਿੱਧੂ ਬਾਰੇ ਫੈਸਲੇ ਦਾ ਅਧਿਕਾਰ ਸਿਰਫ ਕਾਂਗਰਸ ਦੇ ਕੌਮੀ ਪ੍ਰਧਾਨ ਕੋਲ ਹੀ ਹੈ ਅਤੇ ਅਜੇ ਨਾ ਤਾਂ ਪੰਜਾਬ ਕਾਂਗਰਸ ਪ੍ਰਧਾਨ ਤੇ ਨਾ ਹੀ ਉਪ ਮੁੱਖ ਮੰਤਰੀ ਦਾ ਕੋਈ ਅਹੁਦਾ ਖਾਲੀ ਹੈ। ਹਰੀਸ਼ ਰਾਵਤ ਵਲੋਂ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅਜਿਹਾ ਬਿਆਨ ਦਿੱਤਾ ਗਿਆ, ਜਿਸ ਮਗਰੋਂ ਸਿਆਸੀ ਹਲਕਿਆਂ ‘ਚ ਨਵੀਂ ਹੀ ਚਰਚਾ ਛਿੜ ਗਈ। ਰਾਹੁਲ ਗਾਂਧੀ ਦੇ 3 ਦਿਨਾਂ ਪੰਜਾਬ ਟਰੈਕਟਰ ਰੈਲੀ ਮਗਰੋਂ ਅਚਾਨਕ ਹਰੀਸ਼ ਰਾਵਤ ਨੇ ਸਪਸ਼ਟ ਕੀਤਾ ਕਿ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੂੰ ਨਾ ਤਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਤੇ ਨਾ ਹੀ ਉਪ ਮੁੱਖ ਮੰਤਰੀ ਬਣਾਉਣ ਦਾ ਕੋਈ ਫੈਸਲਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਜਾਂ ਕਿਸੇ ਹੋਰ ਨੂੰ ਕੋਈ ਜ਼ਿੰਮੇਵਾਰੀ ਦੇਣ ਦਾ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕੋਲ ਹੈ।
ਦੱਸਣਯੋਗ ਹੈ ਕਿ ਇਸ ਬਿਆਨ ਤੋਂ ਦੋ ਦਿਨ ਪਹਿਲਾਂ ਹੀ ਹਰੀਸ਼ ਰਾਵਤ ਨੇ ਸਿੱਧੂ ਨੂੰ ਇਕ ਵੱਡੀ ਜ਼ਿੰਮੇਵਾਰੀ ਦੇਣ ਦੇ ਸਾਫ ਸੰਕੇਤ ਦਿੱਤੇ ਸਨ ਅਤੇ ਉਨ੍ਹਾਂ ਨੂੰ ਮਨਾ ਕੇ ਰਾਹੁਲ ਦੀ ਰੈਲੀ ‘ਚ ਵੀ ਲਿਆਏ ਸਨ ਪਰ ਉਥੇ ਸਿੱਧੂ ਦੇ ਤਿੱਖੇ ਤੇਵਰ ਦੇਖ ਜਿਥੇ ਰਾਹੁਲ ਗਾਂਧੀ ਹੈਰਾਨ ਦੱਸੇ ਜਾ ਰਹੇ ਹਨ, ਉਥੇ ਹਰੀਸ਼ ਰਾਵਤ ਨੇ ਵੀ ਹੁਣ ਸਿੱਧੂ ਦੀ ਖੁੱਲ੍ਹ ਕੇ ਹਮਾਇਤ ਕਰਨ ਤੋਂ ਪੈਰ ਪਿੱਛੇ ਖਿੱਚ ਲਏ ਹਨ। ਉਧਰ, ਪਿਛਲੇ ਦਿਨੀਂ ਕੈਪਟਨ ਵੀ ਸਪਸ਼ਟ ਕਹਿ ਚੁੱਕੇ ਹਨ ਕਿ ਸਿੱਧੂ ਅਜੇ ਕਾਂਗਰਸ ‘ਚ ਕੁਝ ਸਾਲ ਪਹਿਲਾਂ ਹੀ ਆਏ ਹਨ ਅਤੇ ਉਨ੍ਹਾਂ ਵੀ ਇਹੀ ਸੰਕੇਤ ਦਿੱਤੇ ਸਨ ਕਿ ਸਿੱਧੂ ਨੂੰ ਅਜੇ ਕਾਂਗਰਸ ‘ਚ ਕੋਈ ਵੱਡਾ ਅਹੁਦਾ ਨਹੀਂ ਦਿੱਤਾ ਜਾ ਰਿਹਾ ਪਰ ਉਸ ਦੇ ਬਾਵਜੂਦ ਹਰੀਸ਼ ਰਾਵਤ ਵਲੋਂ ਸਿੱਧੂ ਬਾਰੇ ਕਈ ਬਿਆਨ ਦਿੱਤੇ ਗਏ ਜੋ ਸ਼ਾਇਦ ਕਾਂਗਰਸ ਹਾਈ ਕਮਾਨ ਨੂੰ ਚੰਗਾ ਨਹੀਂ ਲੱਗਾ।
ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਨ ਇਸ ਗੱਲ ਤੋਂ ਵੀ ਔਖੀ ਹੈ ਕਿ ਹਰੀਸ਼ ਰਾਵਤ ਹਾਈ ਕਮਾਨ ਨੂੰ ਬਿਨਾ ਭਰੋਸੇ ‘ਚ ਲਏ ਹੀ ਸਿੱਧੂ ਨੂੰ ਮਨਾਉਣ ਉਨ੍ਹਾਂ ਦੇ ਘਰ ਜਾ ਪੁੱਜੇ ਅਤੇ ਇਹ ਗੱਲ ਕੈਪਟਨ ਨੂੰ ਵੀ ਬਹੁਤੀ ਪਸੰਦ ਨਹੀਂ ਆਈ। ਹਰੀਸ਼ ਰਾਵਤ ਵਲੋਂ ਲਏ ਯੂ-ਟਰਨ ਤੋਂ ਕਿਤੇ ਨਾ ਕਿਤੇ ਇਹ ਸੰਕੇਤ ਜ਼ਰੂਰ ਮਿਲ ਰਹੇ ਹਨ ਕਿ ਕਾਂਗਰਸ ਹਾਈ ਕਮਾਨ ਵਲੋਂ ਇਸ ਮਾਮਲੇ ‘ਚ ਕੋਈ ਨਾ ਕੋਈ ਹਦਾਇਤ ਜ਼ਰੂਰ ਦਿੱਤੀ ਹੈ ਜਿਸ ਮਗਰੋਂ ਕਾਂਗਰਸ ਇੰਚਾਰਜ ਆਪਣੇ ਹੀ ਬਿਆਨਾਂ ਤੋਂ ਪਲਟ ਗਏ ਹਨ।
____________________________________________
ਸਿੱਧੂ ਨੇ ਪਾਰਟੀ ਦੇ ਵੱਕਾਰ ਨੂੰ ਸੱਟ ਮਾਰੀ: ਬਿੱਟੂ
ਚੰਡੀਗੜ੍ਹ: ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ‘ਤੇ ਲਿਆ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮਗਰੋਂ ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਰਾਹੁਲ ਗਾਂਧੀ ਦੀ ‘ਖੇਤੀ ਬਚਾਓ ਯਾਤਰਾ’ ਦੌਰਾਨ ਪਾਰਟੀ ਦੇ ਵਕਾਰ ਨੂੰ ਸੱਟ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਇਕੱਲੇ ਹੀ ਖੇਡਣਾ ਚਾਹੁੰਦੇ ਹਨ ਜਿਸ ਕਰ ਕੇ ਉਨ੍ਹਾਂ ਨੂੰ ਵੱਖਰੀ ਪਾਰਟੀ ਬਣਾ ਕੇ ਚੋਣ ਲੜਨੀ ਚਾਹੀਦੀ ਹੈ। ਸ੍ਰੀ ਬਿੱਟੂ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਪਾਰਟੀ ਨੇ ਪੂਰਾ ਮਾਣ ਸਤਿਕਾਰ ਦਿੱਤਾ ਪਰ ਸ੍ਰੀ ਸਿੱਧੂ ਜਿਸ ਪਾਰਟੀ ਵਿਚ ਵੀ ਜਾਂਦੇ ਹਨ, ਉਸ ਦਾ ਹੀ ਨੁਕਸਾਨ ਕਰਦੇ ਹਨ।
__________________________________________
ਨਵਜੋਤ ਸਿੱਧੂ ਨੇ ਹਾਈਕਮਾਨ ਦੀ ਬੇਇੱਜ਼ਤੀ ਕੀਤੀ: ਰੰਧਾਵਾ
ਚੰਡੀਗੜ੍ਹ: ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਬੋਲਬਾਣੀ ਉਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਜਨਤਕ ਪ੍ਰੋਗਰਾਮ ‘ਚ ਹਾਈਕਮਾਨ ਦੀ ਬੇਇੱਜ਼ਤੀ ਕੀਤੀ ਹੈ ਜਦਕਿ ਹਾਈਕਮਾਨ ਦੇ ਸੀਨੀਅਰ ਆਗੂਆਂ ਵੱਲੋਂ ਨਵਜੋਤ ਸਿੱਧੂ ਨੂੰ ਮਾਣ ਸਤਿਕਾਰ ਦਿੱਤਾ ਗਿਆ। ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ‘ਖੇਤੀ ਬਚਾਓ ਯਾਤਰਾ’ ਤੋਂ ਪਹਿਲਾਂ ਬੱਧਨੀ ਕਲਾਂ ਵਿਖੇ ਰਾਹੁਲ ਗਾਂਧੀ ਦੀ ਹਾਜ਼ਰੀ ‘ਚ ਹੋਈ ਜਨਤਕ ਰੈਲੀ ਵਿਚ ਸਟੇਜ ਸਕੱਤਰ ਦੀ ਡਿਊਟੀ ਨਿਭਾ ਰਹੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੀ ਸ਼ਰੇਆਮ ਬੇਇੱਜ਼ਤੀ ਕਰ ਦਿੱਤੀ ਸੀ ਜਦੋਂ ਉਹ ਸਿੱਧੂ ਨੂੰ ਭਾਸ਼ਨ ਛੋਟਾ ਕਰਨ ਬਾਰੇ ਸਲਿੱਪ ਦੇ ਰਹੇ ਸਨ। ਸ੍ਰੀ ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਅਜਿਹਾ ਵਿਹਾਰ ਦਿਖਾ ਕੇ ਉਨ੍ਹਾਂ ਦੀ ਹੀ ਨਹੀਂ ਬਲਕਿ ਹਾਈਕਮਾਨ ਦੀ ਵੀ ਬੇਇੱਜ਼ਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਨੂੰ ਮੌਕੇ ‘ਤੇ ਸਿੱਧੂ ਨੂੰ ਉਦੋਂ ਹੀ ਵਰਜਣਾ ਚਾਹੀਦਾ ਸੀ ਪਰ ਅਫਸੋਸ, ਅਜਿਹਾ ਨਹੀਂ ਹੋਇਆ।