ਪੂਰੇ ਮੁਲਕ ‘ਚ ਫੈਲੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਤੋਂ ਉਠੀ ਰੋਹ ਦੀ ਲਹਿਰ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਪੰਜਾਬ ਤੋਂ ਉਠੀ ਰੋਹ ਦੀ ਲਹਿਰ ਪੂਰੇ ਮੁਲਕ ਵਿਚ ਫੈਲਣ ਲੱਗੀ ਹੈ। ਇਥੋਂ ਤੱਕ ਕਿ ਭਾਜਪਾ ਹਕੂਮਤ ਵਾਲੇ ਸੂਬਿਆਂ ਵਿਚ ਵੀ ਕਿਸਾਨ ਸੜਕਾਂ ਉਤੇ ਆ ਗਏ ਹਨ। ਹਰਿਆਣਾ, ਉੱਤਰ ਪ੍ਰਦੇਸ਼ ਤੇ ਉਤਰਾਖੰਡ ਵਿਚ ਕਿਸਾਨਾਂ ਜ਼ਬਰਦਸਤ ਜੋਸ਼ ਵਿਖਾਇਆ ਹੈ। ਉੱਤਰ ਪ੍ਰਦੇਸ਼ ਤੇ ਉਤਰਾਖੰਡ ਦੇ ਤਰਾਈ ਵਾਲੇ ਇਲਾਕਿਆਂ ਵਿਚ ਵੀ ਕਿਸਾਨਾਂ ਵਲੋਂ ਥਾਂ-ਥਾਂ ਧਰਨੇ ਦੇ ਕੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ।

ਅਜਿਹੇ ਰੋਸ ਪ੍ਰਦਰਸ਼ਨ ਬਿਲਾਸਪੁਰ (ਰਾਮਪੁਰ ਜ਼ਿਲ੍ਹਾ) ਰੁਦਰਪੁਰ, ਸਿਤਾਰਗੰਜ (ਸ਼ਹੀਦ ਊਧਮ ਸਿੰਘ ਨਗਰ), ਬਾਜਪੁਰ ਵਰਗੇ ਸਿੱਖ ਕਿਸਾਨ ਵੱਸੋਂ ਵਾਲੇ ਇਲਾਕਿਆਂ ਵਿਚ ਕੀਤੇ ਜਾ ਰਹੇ ਹਨ।
ਸਿਰਸਾ ਵਿਖੇ ਕਿਸਾਨਾਂ ਦੇ ਰੁਝੇਵਿਆਂ ਦੇ ਬਾਵਜੂਦ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਦਿਨੋਂ ਦਿਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਉਪ ਮੁੱਖ ਮੰਤਰੀ ਦੇ ਘਰ ਦੇ ਨੇੜੇ ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਲਾਏ ਗਏ ਬੇਮਿਆਦੀ ਧਰਨੇ ‘ਚ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕਿਸਾਨਾਂ ਵਲੋਂ ਦਿਨ ਰਾਤ ਧਰਨਾ ਲਗਾਇਆ ਜਾ ਰਿਹਾ ਹੈ। ਹਰਿਆਣਾ ਦੇ ਕਿਸਾਨਾਂ ਦੀ ਹਮਾਇਤ ‘ਚ ਪੰਜਾਬ ਦੇ ਕਿਸਾਨਾਂ ਵਲੋਂ ਦੋ ਘੰਟਿਆਂ ਲਈ ਕੀਤੇ ਗਏ ਪੰਜਾਬ ਬੰਦ ਉਤੇ ਹਰਿਆਣਾ ਦੇ ਕਿਸਾਨਾਂ ਨੇ ਜਿਥੇ ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਕੀਤਾ ਹੈ। ਧਰਨੇ ‘ਤੇ ਸਵਰਾਜ ਇੰਡੀਆ ਪਾਰਟੀ ਦੇ ਕਨਵੀਨਰ ਯੋਗਿੰਦਰ ਯਾਦਵ, ਰਾਜੀਵ ਗੋਦਾਰਾ ਐਡਵੋਕੇਟ, ਅਮਰਇੰਦਰਜੀਤ ਸਿੰਘ ਐਡਵੋਕੇਟ ਤੋਂ ਇਲਾਵਾ ਹਰਿਆਣਾ ਕਿਸਾਨ ਯੂਨੀਅਨ ਦੇ ਆਗੂ ਪ੍ਰਹਿਲਾਦ ਸਿੰਘ ਭਾਰੂਖੇੜਾ ਸਮੇਤ ਅਨੇਕ ਕਿਸਾਨ ਆਗੂ ਮੌਜੂਦ ਸਨ। ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਰਣਜੀਤ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਬੇਮਿਆਦੀ ਧਰਨਾ ਦਿੱਤਾ ਜਾ ਰਿਹਾ ਹੈ। ਡੇਢ ਦਰਜਨ ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਜਿਥੇ ਇਸ ਬੇਮਿਆਦੀ ਧਰਨੇ ‘ਚ ਸ਼ਾਮਲ ਹਨ, ਉਥੇ ਹੀ ਕਈ ਵਿਦਿਆਰਥੀ ਜਥੇਬੰਦੀਆਂ ਤੇ ਕਰਮਚਾਰੀ ਜਥੇਬੰਦੀਆਂ ਵਲੋਂ ਵੀ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਧਰਨੇ ‘ਤੇ ਬੈਠੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਭਾਜਪਾ ਦੇ ਖਿਲਾਫ ਕਿਸਾਨੀ ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਸੀ ਪਰ ਜਿੱਤਣ ਮਗਰੋਂ ਕਿਸਾਨਾਂ ਦੇ ਮੁੱਦਿਆਂ ਨੂੰ ਛਿੱਕੇ ਟੰਗਦੇ ਹੋਏ ਕੁਰਸੀ ਦੇ ਮੋਹ ‘ਚ ਭਾਜਪਾ ਦੀ ਝੋਲੀ ਜਾ ਬੈਠੇ ਹਨ, ਜਦੋਂ ਤੱਕ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਭਾਜਪਾ ਸਰਕਾਰ ਤੋਂ ਆਪਣੀ ਅਸਤੀਫੇ ਨਹੀਂ ਦੇ ਦਿੰਦੇ, ਉਦੋਂ ਤੱਕ ਉਨ੍ਹਾਂ ਦਾ ਕਿਸਾਨਾਂ ਵਲੋਂ ਵਿਰੋਧ ਜਾਰੀ ਰਹੇਗਾ।
_________________________________________
ਖੇਤੀ ਕਾਨੂੰਨਾਂ ਖਿਲਾਫ ਭਾਜਪਾ ਆਗੂਆਂ ਵਲੋਂ ਅਸਤੀਫੇ
ਦੋਰਾਹਾ: ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਤੋਂ ਖਫਾ ਹੋਏ ਭਾਜਪਾ ਕਿਸਾਨ ਮੋਰਚਾ, ਦੋਰਾਹਾ ਦੇ ਅਹੁਦੇਦਾਰਾਂ ਵਲੋਂ ਸਮੂਹਿਕ ਅਸਤੀਫੇ ਦਿੱਤੇ ਗਏ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਭਾਜਪਾ ਆਗੂਆਂ ਪ੍ਰਿੰਸੀਪਲ ਜਤਿੰਦਰ ਸ਼ਰਮਾ, ਭਾਜਪਾ ਯੁਵਾ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੀਸ਼ ਸੂਦ, ਨਰੇਸ਼ ਆਨੰਦ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਨੂੰ ਅਲਵਿਦਾ ਕਿਹਾ ਸੀ। ਦੋਰਾਹਾ ‘ਚ ਭਾਜਪਾ ਨੂੰ ਇਹ ਵੱਡਾ ਦੂਜਾ ਸਿਆਸੀ ਝਟਕਾ ਹੈ। ਭਾਜਪਾ ਦੇ ਕਿਸਾਨ ਮੋਰਚਾ ਮੰਡਲ ਦੇ ਪ੍ਰਧਾਨ ਰਮਨਜੀਤ ਸਿੰਘ ਗੋਲਡੀ ਮਾਨ ਦੇ ਨਾਲ-ਨਾਲ ਭਾਜਪਾ ਦੇ ਸਾਬਕਾ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਬਲਵੰਤ ਸਿੰਘ ਧਾਮੀ, ਰਾਜਨ ਕੁਮਾਰ, ਰਵੀ ਕੁਮਾਰ, ਗੁਰਦੀਪ ਸਿੰਘ ਲਾਡੀ, ਅਕਾਸ਼ ਬਾਵਾ, ਤੇਜੀ ਗਿੱਲ ਦੋਰਾਹਾ ਨੇ ਅਸਤੀਫੇ ਦਿੱਤੇ।
_______________________________________
ਅਕਾਲੀ ਦਲ ਵਲੋਂ ਕੈਪਟਨ ਸਰਕਾਰ ਨੂੰ ਅਲਟੀਮੇਟਮ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਕ ਹਫਤੇ ਦੇ ਅੰਦਰ ਵਿਧਾਨ ਸਭਾ ਦਾ ਸੈਸ਼ਨ ਨਾ ਸੱਦਿਆ ਗਿਆ ਤਾਂ ਪਾਰਟੀ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰੇਗੀ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਥੇ ਹੋਈ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਨੇ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਸਾਰੇ ਪੰਜਾਬ ਨੂੰ ਨੋਟੀਫਾਈਡ ਮੰਡੀ ਐਲਾਨਿਆ ਜਾਵੇ ਅਤੇ ਕੇਂਦਰ ਦੇ ਖੇਤੀਬਾੜੀ ਬਾਰੇ ਐਕਟ ਰੱਦ ਕੀਤੇ ਜਾਣ।
ਉਨ੍ਹਾਂ ਸੂਬੇ ਦਾ ਆਪਣਾ 2017 ਵਿਚ ਸੋਧਿਆ ਏ.ਪੀ.ਐਮ.ਸੀ. ਐਕਟ ਵੀ ਰੱਦ ਕਰਨ ਲਈ ਕਿਹਾ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਦੱਸਿਆ ਕਿ ਅਮਰਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਬਹਾਨੇਬਾਜ਼ੀ ਨੂੰ ਦੇਖਦਿਆਂ ਅਲਟੀਮੇਟਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸੈਸ਼ਨ ਸੱਦਣ ਬਾਰੇ ਲੋਕਾਂ ਅਤੇ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਲੁੱਕਣ ਮੀਚੀ ਖੇਡ ਰਹੇ ਹਨ, ਕਦੇ ਇਕ ਦਿਨ ਵਾਅਦਾ ਕਰਦੇ ਹਨ ਕਿ ਸੈਸ਼ਨ ਸੱਦਣਗੇ ਤੇ ਦੂਜੇ ਦਿਨ ਮੁੱਕਰ ਵੀ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਇਹੀ ਰਵੱਈਆ ਤਿੰਨ ਐਕਟਾਂ ਬਾਰੇ ਵੀ ਹੈ। ਸ੍ਰੀ ਬੈਂਸ ਨੇ ਕਿਹਾ ਕਿ ਅਕਾਲੀ ਦਲ ਚਾਹੁੰਦਾ ਹੈ ਕਿ ਕੇਂਦਰ ਕਿਸਾਨਾਂ ਦੀ ਜਿਣਸ ਦੇ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ਼ਪੀ.) ਉਤੇ ਖਰੀਦ ਦੀ ਸੰਵਿਧਾਨਕ ਗਾਰੰਟੀ ਦੇਵੇ ਅਤੇ ਇਸ ਨੂੰ ਹੋਰ ਮੌਲਿਕ ਅਧਿਕਾਰਾਂ ਦੇ ਬਰਾਬਰ ਦਾ ਅਧਿਕਾਰ ਬਣਾਵੇ। ਪਾਰਟੀ ਇਹ ਵੀ ਚਾਹੁੰਦੀ ਹੈ ਕਿ ਐਮ.ਐਸ਼ਪੀ. ਸਵਾਮੀਨਾਥਨ ਫਾਰਮੂਲੇ ਅਨੁਸਾਰ ਤੈਅ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਉਹ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਦੀ ਮੰਗ ਛੇਤੀ ਹੀ ਵਿਦੇਸ਼ ਮੰਤਰੀ ਕੋਲ ਚੁੱਕੇਗੀ।