ਸਰਕਾਰ ਨੇ ਵਪਾਰੀਆਂ ਨੂੰ ਦਿੱਤੀ ਕਿਸਾਨਾਂ ਨੂੰ ਲੁੱਟਣ ਦੀ ‘ਖੁੱਲ੍ਹ’

ਚੰਡੀਗੜ੍ਹ: ਕਿਸਾਨ ਅੰਦੋਲਨ ਦੌਰਾਨ ਹੀ ਨਰਮਾ ਪੱਟੀ ਵਿਚ ਕਿਸਾਨਾਂ ਨੂੰ ਨਰਮੇ ਦਾ ਸਰਕਾਰੀ ਭਾਅ ਨਹੀਂ ਮਿਲ ਰਿਹਾ। ਭਾਰਤੀ ਕਪਾਹ ਨਿਗਮ ਨੇ ਭਾਵੇਂ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਪ੍ਰਾਈਵੇਟ ਵਪਾਰੀ ਹੀ ਫਸਲ ਦੀ ਜ਼ਿਆਦਾ ਖਰੀਦ ਕਰ ਰਹੇ ਹਨ। ਵੱਡਾ ਬਹਾਨਾ ਜਿਣਸ ਵਿਚ ਨਮੀ ਵਧੇਰੇ ਹੋਣ ਦਾ ਲਾਇਆ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਨਰਮਾ ਪੱਟੀ ਵਿਚ 19 ਨਰਮਾ ਮੰਡੀਆਂ ਵਿਚ ਫਸਲ ਦੀ ਆਮਦ ਤੇਜ਼ ਹੋ ਗਈ ਹੈ। ਭਾਰਤੀ ਕਪਾਹ ਨਿਗਮ ਦੇ ਦਖਲ ਮਗਰੋਂ ਵੀ ਫਸਲ ਦੇ ਭਾਅ ਵਿਚ ਤੇਜ਼ੀ ਵੇਖਣ ਨੂੰ ਨਹੀਂ ਮਿਲ ਰਹੀ ਹੈ।

ਕਿਸਾਨਾਂ ਦਾ 1.59 ਲੱਖ ਕੁਇੰਟਲ ਨਰਮਾ-ਕਪਾਹ ਹੁਣ ਤੱਕ ਸਰਕਾਰੀ ਭਾਅ ਤੋਂ ਹੇਠਾਂ ਵਿਕ ਚੁੱਕਾ ਹੈ। ਮੋਟੇ ਅੰਦਾਜ਼ੇ ਅਨੁਸਾਰ ਹਰ ਕਿਸਾਨ ਨੂੰ ਪ੍ਰਤੀ ਕੁਇੰਟਲ ਇਕ ਹਜ਼ਾਰ ਤੋਂ ਦੋ ਹਜ਼ਾਰ ਤੱਕ ਦਾ ਘੱਟ ਮੁੱਲ ਰਿਹਾ ਹੈ। ਇਸ ਲਿਹਾਜ਼ ਨਾਲ ਹੁਣ ਤੱਕ ਕਿਸਾਨਾਂ ਨੂੰ ਸਰਕਾਰੀ ਭਾਅ ਤੋਂ ਹੇਠਾਂ ਕੀਮਤ ਮਿਲਣ ਕਰਕੇ 16 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਇਹੋ ਰਫਤਾਰ ਰਹੀ ਤਾਂ ਕਿਸਾਨਾਂ ਦਾ ਘਾਟਾ 200 ਕਰੋੜ ਨੂੰ ਵੀ ਪਾਰ ਕਰ ਸਕਦਾ ਹੈ। ਅਬੋਹਰ ਮੰਡੀ ‘ਚ ਕਿਸਾਨਾਂ ਨੂੰ ਸਭ ਤੋਂ ਘੱਟ ਕੀਮਤ ਮਿਲ ਰਹੀ ਹੈ ਜਿਥੇ ਹੁਣ ਤੱਕ 32,249 ਕੁਇੰਟਲ ਨਰਮਾ ਸਰਕਾਰੀ ਭਾਅ ਤੋਂ ਹੇਠਾਂ ਵਿਕ ਚੁੱਕਾ ਹੈ। ਮਾਨਸਾ ਮੰਡੀ ਵਿਚ 23,296 ਕੁਇੰਟਲ ਨਰਮਾ ਘੱਟ ਭਾਅ ਉਤੇ ਵਿਕਿਆ ਹੈ। ਮਲੋਟ ਵਿਚ 12,136 ਅਤੇ ਬਠਿੰਡਾ ਵਿਚ 8904 ਕੁਇੰਟਲ ਨਰਮਾ ਘੱਟੋ ਘੱਟ ਸਮਰਥਨ ਮੁੱਲ ਤੋਂ ਡਿੱਗ ਕੇ ਵਿਕਿਆ ਹੈ। ਕਿਸਾਨਾਂ ਵਿਚ ਰੋਸ ਵਧਣ ਲੱਗਾ ਹੈ ਅਤੇ ਉਨ੍ਹਾਂ ਨਰਮੇ ਦੀਆਂ ਢੇਰੀਆਂ ਨੂੰ ਅੱਗ ਲਾ ਕੇ ਸਾੜਿਆ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ-ਚੀਨ ਟਕਰਾਅ ਕਰਕੇ ਨਰਮੇ ਵਿਚ ਮੰਦੀ ਬਣੇ ਰਹਿਣ ਦੇ ਆਸਾਰ ਹਨ। ਨਰਮੇ ਦੀ ਖਰੀਦ ਨਾ ਹੋਣ ਵਿਰੁੱਧ ਕਿਸਾਨਾਂ ਨੇ ਮੌੜ ਮੰਡੀ ਵਿਚ ਧਰਨਾ ਲਾ ਦਿੱਤਾ।
ਮੌੜ ਮੰਡੀ ਵਿਚ ਕਿਸਾਨਾਂ ਨੇ ਕਪਾਹ ਦੇ ਨਾਕਸ ਖਰੀਦ ਪ੍ਰਬੰਧਾਂ ਖਿਲਾਫ ਤਹਿਸੀਲਦਾਰ ਨੂੰ ਘੇਰ ਲਿਆ। ਵੇਰਵਿਆਂ ਅਨੁਸਾਰ ਭਾਰਤ ਸਰਕਾਰ ਵੱਲੋਂ 20 ਫੀਸਦੀ ਐਕਸਪੋਰਟ ਇਕੱਲੇ ਚੀਨ ਨੂੰ ਕੀਤੀ ਜਾਂਦੀ ਹੈ ਜੋ ਐਤਕੀਂ ਬੰਦ ਹੋ ਗਈ ਹੈ। ਅਮਰੀਕਾ ਵਿਚ ਹੋ ਰਹੀਆਂ ਚੋਣਾਂ ਦਾ ਪ੍ਰਭਾਵ ਵੀ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ ਹਾਲਾਤ ਵਿਚ ਘਰੇਲੂ ਖਪਤ ਦੇ ਭੰਡਾਰ ਵਿਚ ਹਾਲੇ ਵੀ ਇਕ ਕਰੋੜ ਨਰਮੇ ਦੀ ਗੱਠ ਪਈ ਹੈ ਜੋ ਪਹਿਲਾਂ ਮਸਾਂ 15 ਹਜ਼ਾਰ ਗੱਠ ਹੀ ਹੁੰਦੀ ਸੀ। ਵਪਾਰੀ ਤਬਕਾ ਵੀ ਇਸ ਤਰ੍ਹਾਂ ਦੇ ਮਾਹੌਲ ਵਿਚ ਸਸਤੇ ਭਾਅ ਉਤੇ ਨਰਮਾ ਖਰੀਦਣ ਦਾ ਲਾਲਚ ਦਿਖਾ ਰਿਹਾ ਹੈ। ਭਾਰਤੀ ਕਪਾਹ ਨਿਗਮ ਨੇ ਪਿਛਲੇ ਵਰ੍ਹੇ ਪੰਜਾਬ ਵਿਚੋਂ 35 ਫੀਸਦੀ ਖਰੀਦ ਕੀਤੀ ਸੀ। ਕਿਸਾਨ ਅੰਦੋਲਨ ਕਰਕੇ ਕੇਂਦਰ ਸਰਕਾਰ ਨੇ ਕਪਾਹ ਨਿਗਮ ਨੂੰ ਇਸ ਵਾਰ 80 ਫੀਸਦੀ ਨਰਮਾ ਖਰੀਦਣ ਲਈ ਕਿਹਾ ਹੈ। ਕਪਾਹ ਨਿਗਮ ਇਨ੍ਹਾਂ ਦਿਨਾਂ ਵਿਚ ਦੱਖਣੀ ਭਾਰਤ ‘ਚੋਂ ਫਸਲ ਖਰੀਦਣ ਨੂੰ ਤਰਜੀਹ ਦਿੰਦਾ ਰਿਹਾ ਹੈ। ਕਿਸਾਨਾਂ ਦੇ ਗੁੱਸੇ ਕਰਕੇ ਕਪਾਹ ਨਿਗਮ ਨੂੰ ਰਵੱਈਆ ਨਰਮ ਰੱਖਣ ਦੀ ਹਦਾਇਤ ਕੀਤੀ ਗਈ ਹੈ।
ਭਾਰਤੀ ਕਪਾਹ ਨਿਗਮ ਦਾ ਕਹਿਣਾ ਹੈ ਕਿ ਪਹਿਲੀ ਚੁਗਾਈ ਦੀ ਫਸਲ ਮੰਡੀਆਂ ਵਿਚ ਆ ਰਹੀ ਹੈ ਜਿਸ ਵਿਚ ਨਮੀ ਦੀ ਮਾਤਰਾ 20 ਫੀਸਦੀ ਤੱਕ ਹੈ। ਉਨ੍ਹਾਂ ਵੱਲੋਂ 12 ਫੀਸਦੀ ਨਮੀ ਵਾਲੀ ਫਸਲ ਖਰੀਦੀ ਜਾ ਰਹੀ ਹੈ। ਕਪਾਹ ਨਿਗਮ ਨੇ 11 ਮੰਡੀਆਂ ਵਿਚ ਖਰੀਦ ਸ਼ੁਰੂ ਕੀਤੀ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ 15 ਅਕਤੂਬਰ ਮਗਰੋਂ ਫਸਲ ਵਿਚ ਨਮੀ ਘੱਟ ਜਾਵੇਗੀ ਅਤੇ ਨਿਗਮ ਤਰਫੋਂ ਖਰੀਦ ਤੇਜ਼ ਕਰ ਦਿੱਤੀ ਜਾਵੇਗੀ।
_______________________________________________

ਬਾਜਵਾ ਨੇ ਮੋਦੀ ਦੇ ਕੰਨੀਂ ਪਾਇਆ ਗੰਨਾ ਕਾਸ਼ਤਕਾਰਾਂ ਦਾ ਦਰਦ
ਚੰਡੀਗੜ੍ਹ: ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਗੰਨਾ ਕਿਸਾਨਾਂ ਦਾ ਮਸਲਾ ਚੁੱਕਿਆ ਗਿਆ ਹੈ। ਉਨ੍ਹਾਂ ਚਿੱਠੀ ‘ਚ ਲਿਖਿਆ ਕਿ ਮੈਂ ਆਪ ਦਾ ਧਿਆਨ ਗੰਨਾ ਮਿੱਲ ਮਾਲਕਾਂ ਵੱਲ ਗੰਨਾ ਉਤਪਾਦਕਾਂ ਦੇ ਵੱਡੇ ਬਕਾਏ ਵੱਲ ਦਿਵਾਉਣਾ ਚਾਹੁੰਦਾ ਹਾਂ।
ਲੋਕ ਸਭਾ ਵਿਚ ਪੇਸ਼ ਕੀਤੇ ਅੰਕੜਿਆਂ ਮੁਤਾਬਕ 2016-17 ਦੇ ਸੀਜ਼ਨ ਤੋਂ ਲੈ ਕੇ ਤਕਰੀਬਨ 15,683 ਕਰੋੜ ਰੁਪਏ ਅਜੇ ਤੱਕ ਬਕਾਇਆ ਖੜ੍ਹੇ ਹਨ, ਜੋ 2016-17 ਸੀਜ਼ਨ ਦੇ 1899 ਕਰੋੜ ਰੁਪਏ, 2017-18 ਸੀਜ਼ਨ ਦੇ 242 ਕਰੋੜ ਰੁਪਏ, 2018-19 ਸੀਜ਼ਨ ਦੇ 548 ਕਰੋੜ ਰੁਪਏ ਤੇ 2019-20 ਸੀਜ਼ਨ ਦੇ 12, 994 ਕਰੋੜ ਰੁਪਏ ਬਕਾਇਆ ਹਨ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲੀ ਪਾਲਣ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਆਪਣੇ ਘਰੇਲੂ ਖਰਚਿਆਂ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਲਿਖਿਆ ਕਿ ਖੰਡ ਉਤਪਾਦਨ ਦੀ ਲਾਗਤ ਪੰਜਾਬ ਵਿਚ ਲਗਭਗ 3800 ਰੁਪਏ ਪ੍ਰਤੀ ਕੁਇੰਟਲ ਹੈ। ਇਸ ਲਈ ਮੈਂ ਇਹ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਖੰਡ ਦੀ ਐਮ.ਐਸ਼ਪੀ. ਨੂੰ ਵਧਾ ਕੇ 3800 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਗੰਨੇ ਦੀਆਂ ਅਦਾਇਗੀਆਂ ਮਿਲ ਸਕਣ।