ਪੱਛਮੀ ਬੰਗਾਲ ‘ਚ ਸਿੱਖ ਦੀ ਕੁੱਟਮਾਰ ਤੇ ਪੱਗ ਲਾਹੁਣ ਖਿਲਾਫ ਰੋਹ ਭਖਿਆ

ਕੋਲਕਾਤਾ: ਪੱਛਮੀ ਬੰਗਾਲ ਦੇ ਹਾਵੜਾ ਵਿਚ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਸਿੱਖ ਮੁਲਾਜ਼ਮ ਦੀ ਪੁਲਿਸ ਵਲੋਂ ਕੁੱਟਮਾਰ ਅਤੇ ਪੱਗ ਲਾਹੁਣ ਖਿਲਾਫ ਸਿੱਖਾਂ ਵਿਚ ਭਾਰੀ ਰੋਸ ਹੈ। ਪੁਲਿਸ ਦੀ ਇਸ ਕਾਰਵਾਈ ਵਿਰੁੱਧ ਸਿੱਖ ਭਾਈਚਾਰੇ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਘਟਨਾ ‘ਤੇ ਜਵਾਬ ਮੰਗਿਆ।

ਦੱਸਣਯੋਗ ਹੈ ਕਿ ਭਾਜਪਾ ਦੀ ਯੁਵਾ ਮੋਰਚਾ ਰੈਲੀ ਦੌਰਾਨ ਸੂਬਾ ਪੁਲਿਸ ਨੇ 43 ਵਰ੍ਹਿਆਂ ਦੇ ਸਿੱਖ ਬਲਵਿੰਦਰ ਸਿੰਘ ਤੋਂ ਲੋਡਿਡ ਪਿਸਤੌਲ ਬਰਾਮਦ ਕੀਤਾ ਸੀ। ਇਹ ਸਿੱਖ ਭਾਜਪਾ ਆਗੂ ਦੀ ਸੁਰੱਖਿਆ ਵਿਚ ਤਾਇਨਾਤ ਸੀ। ਇਸ ਪਿੱਛੋਂ ਪੁਲਿਸ ਨੇ ਉਸ ਦੀ ਖਿੱਚਧੂਹ ਕੀਤੀ। ਇਸ ਘਟਨਾ ਨੇ ਉਦੋਂ ਧਿਆਨ ਖਿੱਚਿਆ ਜਦੋਂ ਕ੍ਰਿਕਟਰ ਹਰਭਜਨ ਸਿੰਘ ਨੇ ਟਵਿੱਟਰ ”ੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਟੈਗ ਕਰਦਿਆਂ ਲਿਖਿਆ ਕਿ ਕ੍ਰਿਪਾ ਕਰਕੇ ਇਸ ਮਾਮਲੇ ਦੀ ਜਾਂਚ ਕਰਵਾਓ। ਇਹ ਬਿਲਕੁਲ ਮਨਜ਼ੂਰ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਨਿੰਦਾ ਕਰਦਿਆਂ ਆਖਿਆ ਕਿ ਸਿੱਖ ਸੁਰੱਖਿਆ ਕਰਮੀ ਦੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਨੇ ਪੂਰੇ ਸਿੱਖ ਜਗਤ ‘ਚ ਰੋਸ ਪੈਦਾ ਕੀਤਾ ਹੈ। ਉਨ੍ਹਾਂ ਆਖਿਆ ਕਿ ਕਿਸੇ ਸਿੱਖ ਦੀ ਦਸਤਾਰ ਦੀ ਬੇਅਦਬੀ ਪੂਰੇ ਦੇਸ਼ ਦੀ ਬੇਅਦਬੀ ਹੈ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਹਰ ਸੂਬੇ ‘ਚ ਸਿੱਖਾਂ ਦੀ ਸੁਰੱਖਿਆ ਤੇ ਚਿੰਨ੍ਹਾਂ ਦਾ ਸਤਿਕਾਰ ਲਾਜ਼ਮੀ ਬਣਾਉਣ ਲਈ ਠੋਸ ਕਦਮ ਚੁੱਕਣ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੋਲਕਾਤਾ ਵਿਚ ਸਿੱਖ ਦੀ ਦਸਤਾਰ ਲਾਹ ਕੇ ਵਾਲਾਂ ਤੋਂ ਫੜ ਕੇ ਖਿੱਚ-ਧੂਹ ਕੀਤੇ ਜਾਣ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਆਖਿਆ ਕਿ ਇਸ ਘਟਨਾ ਪਿੱਛੇ ਜ਼ਿੰਮੇਵਾਰ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ। ਸ੍ਰੀ ਸਿਰਸਾ ਨੇ ਕਿਹਾ ਕਿ ਕੋਲਕਾਤਾ ਵਿਚ ਬਲਵਿੰਦਰ ਸਿੰਘ ਦੀ ਪੱਗ ਲਾਹੁਣੀ ਸ਼ਰਮਨਾਕ ਕਾਰਾ ਹੈ। ਇਸ ਘਟਨਾ ਨੇ ਪੂਰੀ ਦੁਨੀਆਂ ਦੇ ਸਿੱਖਾਂ ਦੇ ਹਿਰਦਿਆਂ ਨੂੰ ਸੱਟ ਮਾਰੀ ਹੈ। ਉਨ੍ਹਾਂ ਮਮਤਾ ਬੈਨਰਜੀ ਨੂੰ ਦਸਤਾਰ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਦਸਤਾਰ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਉਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਵਿਅਕਤੀ ਨਾਲ ਕੀਤੇ ‘ਅਪਮਾਨਜਨਕ ਵਿਵਹਾਰ’ ਉਤੇ ਦੁੱਖ ਪ੍ਰਗਟਾਉਂਦਿਆਂ ਪੱਛਮੀ ਬੰਗਾਲ ਦੀ ਹਮਰੁਤਬਾ ਮਮਤਾ ਬੈਨਰਜੀ ਨੂੰ ਅਪੀਲ ਕੀਤੀ ਹੈ ਕਿ ਸਬੰਧਤ ਪੁਲਿਸ ਮੁਲਾਜ਼ਮ ਖਿਲਾਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਸਖਤ ਕਾਰਵਾਈ ਕੀਤੀ ਜਾਵੇ।
ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਸਿੱਖ ਉਤੇ ਹੋਏ ਹਮਲੇ ਤੇ ਉਸ ਦੀ ਦਸਤਾਰ ਦੀ ਬੇਅਦਬੀ ਦੇ ਮਾਮਲੇ ‘ਚ ਦਿੱਲੀ ਭਾਜਪਾ ਦੇ ਇਕ ਨੇਤਾ ਵਲੋਂ ਕੀਤੀ ਸ਼ਿਕਾਇਤ ‘ਤੇ ਨੋਟਿਸ ਲਿਆ ਹੈ। ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰਪਾਲ ਸਿੰਘ ਬੱਗਾ ਨੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਆਤਿਫ ਰਸ਼ੀਦ ਨੂੰ ਚਿੱਠੀ ਲਿਖ ਕੇ ਇਸ ਮਾਮਲੇ ‘ਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਰਸ਼ੀਦ ਨੇ ਟਵੀਟ ਕੀਤਾ ਕਿ ਘੱਟ ਗਿਣਤੀ ਕਮਿਸ਼ਨ ਦਾ ਮੈਂਬਰ ਹੋਣ ਦੇ ਨਾਤੇ ਇਸ ਸ਼ਿਕਾਇਤ ਨੂੰ ਤੁਰਤ ਧਿਆਨ ‘ਚ ਲਿਆਂਦਾ ਹੈ।
_____________________________________________
ਰਾਜਪਾਲ ਵਲੋਂ ਸਿੱਖ ਵਫਦ ਨੂੰ ਕਾਰਵਾਈ ਦਾ ਭਰੋਸਾ
ਕੋਲਕਾਤਾ: ਪੱਛਮੀ ਬੰਗਾਲ ਵਿਚ ਰੋਸ ਮਾਰਚ ਦੌਰਾਨ ਭਾਜਪਾ ਆਗੂ ਦੇ ਸਿੱਖ ਸੁਰੱਖਿਆ ਗਾਰਡ ਦੀ ਧੂਹ-ਘੜੀਸ ਅਤੇ ਗ੍ਰਿਫਤਾਰੀ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਵਫਦ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਰਾਜਪਾਲ ਜਗਦੀਪ ਧਨਖੜ ਨੇ ਕਿਹਾ ਕਿ ਪੁਲਿਸ ਵਲੋਂ ਸਿੱਖ ਦੀ ਪੱਗ ਖਿੱਚਣਾ ‘ਬੇਅਦਬੀ’ ਦਾ ਮਾਮਲਾ ਹੈ। ਉਨ੍ਹਾਂ ਵਫਦ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਇਸ ਘਟਨਾ ਕਾਰਨ ‘ਡੂੰਘੀ ਠੇਸ’ ਪੁੱਜੀ ਹੈ। ਰਾਜਪਾਲ ਨੇ ਟਵਿੱਟਰ ਉਤੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਾਲੇ ਵਫਦ ਨੇ ਸਿੱਖ ਦਸਤਾਰ ਬੇਅਦਬੀ ਮਾਮਲੇ ਸਬੰਧੀ ਪੱਤਰ ਸੌਂਪਿਆ ਅਤੇ ਬਲਵਿੰਦਰ ਸਿੰਘ ਲਈ ਨਿਆਂ ਦੀ ਮੰਗ ਕੀਤੀ। ਧਨਖੜ ਨੇ ਕਿਹਾ ਕਿ ਪੁਲਿਸ ਬਲ ਦੀ ਦੁਰਵਰਤੋਂ ਕੀਤੀ ਗਈ ਹੈ।
___________________________________________
‘ਮਾਮਲੇ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼’
ਕੋਲਕਾਤਾ: ਪੱਛਮੀ ਬੰਗਾਲ ਸਰਕਾਰ ਨੇ ਕਿਹਾ ਕਿ ਇਕ ਸਿਆਸੀ ਪਾਰਟੀ ਵਲੋਂ ਆਪਣੇ ‘ਸੌੜੇ ਪੱਖਪਾਤੀ ਹਿੱਤਾਂ’ ਦੀ ਪੂਰਤੀ ਲਈ ਪਿਛਲੇ ਹਫਤੇ ਸਿੱਖ ਵਿਅਕਤੀ ਦੀ ਪੁਲਿਸ ਨਾਲ ਝੜਪ ਦੌਰਾਨ ਪੱਗ ਉਤਰ ਜਾਣ ਦੀ ਵਾਪਰੀ ਘਟਨਾ ਨੂੰ ਜਾਣਬੁਝ ਕੇ ‘ਫਿਰਕੂ ਰੰਗਤ’ ਦਿੱਤੀ ਜਾ ਰਹੀ ਹੈ। ਸੂਬੇ ਦੇ ਗ੍ਰਹਿ ਵਿਭਾਗ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਵਲੋਂ ਸਕੱਤਰੇਤ ਵਲ ਕੀਤੇ ਮਾਰਚ ਦੌਰਾਨ ਇਕ ਵਿਅਕਤੀ ਨੂੰ ਕਾਨੂੰਨ ਅਨੁਸਾਰ ਗੈਰਕਾਨੂੰਨੀ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਵਿਭਾਗ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, ”ਪੱਛਮੀ ਬੰਗਾਲ ਵਿਚ ਸਾਡੇ ਸਿੱਖ ਭੈਣ-ਭਰਾ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿੰਦੇ ਹਨ, ਅਤੇ ਸਾਡੇ ਵਲੋਂ ਉਨ੍ਹਾਂ ਦੇ ਧਰਮ ਅਤੇ ਰਵਾਇਤਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ।