ਕਰੋਨਾ ਵਾਇਰਸ ਮਹਾਮਾਰੀ ਦਾ ਤੋੜ ਲੱਭਣ ਦੀ ਆਸ ਨੂੰ ਬੂਰ ਪਿਆ

ਨਵੀਂ ਦਿੱਲੀ: ਕਰੋਨਾ ਮਹਾਮਾਰੀ ਦਾ ਤੋੜ ਲੱਭਣ ਵਿਚ ਪੂਰੇ ਦੁਨੀਆਂ ਵਿਗਿਆਨੀ ਦਿਨ-ਰਾਤ ਇਕ ਕਰ ਰਹੇ ਹਨ। ਇਹ ਗੱਲ ਹੁਣ ਸਪਸ਼ਟ ਹੋ ਚੁੱਕੀ ਹੈ ਕਿ ਕਰੋਨਾ ਵੈਕਸੀਨ ਹੀ ਇਸ ਮਹਾਮਾਰੀ ਦਾ ਮੂੰਹ ਮੋੜ ਸਕਦੀ ਹੈ। ਇਸ ਲਈ ਵਿਗਿਆਨੀਆਂ ਨੇ ਇਸ ਸਾਲ ਦੇ ਅੰਤ ਤੱਕ ਵੈਕਸੀਨ ਮਾਰਕੀਟ ਵਿਚ ਉਤਾਰਨ ਬਾਰੇ ਪੁਖਤਾ ਦਾਅਵੇ ਕੀਤੇ ਹਨ। ਰਾਹਤ ਦੇਣ ਵਾਲੀਆਂ ਖਬਰਾਂ ਇਹ ਆ ਰਹੀਆਂ ਹਨ ਕਿ ਕਰੋਨਾ ਸਬੰਧੀ ਅਨੇਕਾਂ ਦੇਸ਼ਾਂ ਵਿਚ ਟੀਕੇ ਤਿਆਰ ਕਰਨ ਸਬੰਧੀ ਜੋ ਤਜਰਬੇ ਹੋ ਰਹੇ ਹਨ, ਉਹ ਸਾਰੇ ਆਖਰੀ ਪੜਾਅ ਉਤੇ ਪੁੱਜ ਗਏ ਹਨ।

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਪਿਛਲੇ ਮਹੀਨੇ ਰਾਜ ਸਭਾ ਵਿਚ ਇਹ ਦੱਸਿਆ ਸੀ ਕਿ ਇਸ ਸਮੇਂ ਭਾਰਤ ਦੀਆਂ 30 ਤੋਂ ਵੱਧ ਕੰਪਨੀਆਂ ਦੇ ਟਰਾਇਲ ਜਾਰੀ ਹਨ ਜਿਹੜੀਆਂ ਕਿ ਵਿਦੇਸ਼ੀ ਕੰਪਨੀਆਂ ਨਾਲ ਮਿਲ ਕੇ ਇਸ ਕੰਮ ਵਿਚ ਲੱਗੀਆਂ ਹੋਈਆਂ ਹਨ। ਉਦਾਹਰਨ ਦੇ ਤੌਰ ‘ਤੇ ਕੋਵਿਡਮਿਲਡ ਟੀਕਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਬਾਰੇ ਪੂਨੇ ਦੀ ਸੀਰਮ ਇੰਸਟੀਚਿਊਟ ਦਾ ਆਕਸਫੋਰਡ ਯੂਨੀਵਰਸਿਟੀ ਦੀ ਜੀਨਰ ਇੰਸਟੀਚਿਊਟ ਅਤੇ ਆਸਟਰਾ ਜੈਨੀਕਾ ਨਾਲ ਸਮਝੌਤਾ ਹੈ।
ਤੀਜੇ ਪੜਾਅ ‘ਤੇ ਇੰਗਲੈਂਡ ਵਿਚ ਇਕ ਵਿਅਕਤੀ ਉਤੇ ਇਸ ਦੇ ਪਏ ਮਾੜੇ ਪ੍ਰਭਾਵ ਤੋਂ ਬਾਅਦ ਇਸ ਦੇ ਤਜਰਬਿਆਂ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਦੁਬਾਰਾ ਇਨ੍ਹਾਂ ਨੂੰ ਸ਼ੁਰੂ ਕੀਤਾ ਗਿਆ ਹੈ ਅਤੇ ਪੂਨਾ ਦੀ ਸੀਰਮ ਇੰਸਟੀਚਿਊਟ ਨੇ ਵੀ ਮੁੜ ਇਸ ਸਬੰਧੀ ਤਜਰਬੇ ਸ਼ੁਰੂ ਕਰ ਦਿੱਤੇ ਹਨ। ਭਾਰਤ ਵਿਚ ਵੀ ਇਹ ਤਜਰਬੇ ਤੀਜੇ ਪੜਾਅ ‘ਤੇ ਪੁੱਜ ਗਏ ਹਨ। ਭਾਰਤ ਦਾ ਸਿਹਤ ਮੰਤਰਾਲਾ ਇਸ ਸਬੰਧੀ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨਾਲ ਪੂਰੇ ਸੰਪਰਕ ਵਿਚ ਹੈ। ਇਸੇ ਤਰ੍ਹਾਂ ਰੂਸ ਵਲੋਂ ਤਿਆਰ ਕੀਤੇ ਸਪੁਤਨਿਕ ਨਾਂ ਦੇ ਟੀਕੇ ਨੂੰ ਉਸ ਦੇਸ਼ ਦੇ ਲੱਖਾਂ ਲੋਕਾਂ ਨੂੰ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਇਨ੍ਹਾਂ ਨਤੀਜਿਆਂ ਨੇ ਦੁਨੀਆਂ ਭਰ ਵਿਚ ਵੱਡੀ ਆਸ ਪੈਦਾ ਕੀਤੀ ਹੈ। ਭਾਰਤ ਨੇ ਵੀ ਸਪੁਤਨਿਕ ਦੀਆਂ 10 ਕਰੋੜ ਡੋਜ਼ਾਂ (ਖੁਰਾਕਾਂ) ਮੰਗਵਾਉਣ ਲਈ ਕਰਾਰ ਕੀਤਾ ਹੈ।
ਡਾ: ਰੈਡੀ’ਸ ਲੈਬ ਵਿਚ ਵੀ ਇਸ ਟੀਕੇ ਦੀਆਂ ਖੁਰਾਕਾਂ ਨੂੰ ਤਿਆਰ ਕਰਨ ਦੇ ਪੂਰੇ ਪ੍ਰਬੰਧ ਕਰ ਲਏ ਗਏ ਹਨ। ਚੰਡੀਗੜ੍ਹ ਪੀ.ਜੀ.ਆਈ. ਵਿਚ ਵੀ ਆਕਸਫੋਰਡ ਯੂਨੀਵਰਸਿਟੀ ਦੇ ਟੀਕੇ ਦਾ ਟਰਾਇਲ ਤੀਸਰੇ ਪੜਾਅ ਉਤੇ ਪੁੱਜ ਗਿਆ ਹੈ ਅਤੇ ਇਸ ਦੇ ਚੰਗੇ ਨਤੀਜੇ ਮਿਲਣ ਦੀ ਆਸ ਕੀਤੀ ਜਾ ਰਹੀ ਹੈ। ਅਮਰੀਕਾ ਦੀ ਜਾਨਸਨ ਐਂਡ ਜਾਨਸਨ ਕੰਪਨੀ ਨੇ 60 ਹਜ਼ਾਰ ਲੋਕਾਂ ‘ਤੇ ਸਫਲ ਟਰਾਇਲ ਤੋਂ ਬਾਅਦ ਲੋਕਾਂ ਉਤੇ ਕਲੀਨੀਕਲ ਟਰਾਇਲ ਸ਼ੁਰੂ ਕਰ ਦਿੱਤੇ ਹਨ।
ਭਾਰਤ ਨਾਲ ਵੀ ਇਸ ਕੰਪਨੀ ਨੇ ਖੁਰਾਕਾਂ ਦੇਣ ਦਾ ਸਮਝੌਤਾ ਕੀਤਾ ਹੈ। ਕੇਂਦਰੀ ਸਿਹਤ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਅਗਲੇ ਸਾਲ ਜੁਲਾਈ ਤੱਕ 25 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾ ਸਕੇਗਾ। ਇਸ ਸਬੰਧੀ ਸੂਬਿਆਂ ਨੂੰ ਸੂਚੀਆਂ ਤਿਆਰ ਕਰਨ ਨੂੰ ਕਿਹਾ ਗਿਆ ਹੈ। ਤਰਤੀਬਵਾਰ ਪਹਿਲਾਂ ਇਹ ਟੀਕਾ ਸਿਹਤ ਕਰਮਚਾਰੀਆਂ ਨੂੰ ਲਗਾਇਆ ਜਾਏਗਾ। ਉਸ ਤੋਂ ਬਾਅਦ ਮਰੀਜ਼ਾਂ ਦੀ ਹਾਲਤ ਨੂੰ ਦੇਖ ਕੇ ਇਸ ਦੀ ਵਰਤੋਂ ਕੀਤੀ ਜਾਏਗੀ। ਉਸ ਤੋਂ ਬਾਅਦ ਇਹ ਆਮ ਲੋਕਾਂ ਦੀ ਪਹੁੰਚ ਵਿਚ ਆ ਜਾਏਗਾ। ਦੁਨੀਆਂ ਭਰ ਵਿਚ ਕੀਤੇ ਗਏ ਇਹ ਸਾਰੇ ਤਜਰਬੇ ਹੁਣ ਸਫਲਤਾ ਦੇ ਨੇੜੇ ਪੁੱਜ ਗਏ ਹਨ।