ਲਾਪਤਾ ਪਾਵਨ ਸਰੂਪ: ਸਿੱਖ ਜਥੇਬੰਦੀਆਂ ਨੇ ਲੌਂਗੋਵਾਲ ਦੀ ਘੇਰਾਬੰਦੀ ਕੀਤੀ

ਅੰਮ੍ਰਿਤਸਰ: ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਖਿਲਾਫ ਸੰਗਤ ਦਾ ਰੋਹ ਲਗਾਤਾਰ ਵਧ ਰਿਹਾ ਹੈ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਮੌਕੇ ਉਸ ਵੇਲੇ ਰੌਲਾ ਪੈ ਗਿਆ ਜਦੋਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਮਾਗਮ ‘ਚ ਸ਼ਾਮਲ ਹੋ ਕੇ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ। ਇਸ ਮਾਮਲੇ ‘ਤੇ ਕੁਝ ਸਮਾਂ ਦੋਵਾਂ ਧਿਰਾਂ ਵਿਚਾਲੇ ਤਲਖਕਲਾਮੀ ਵੀ ਹੋਈ।

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਅੰਤ੍ਰਿੰਗ ਕਮੇਟੀ ਨੂੰ 19 ਮਈ 2016 ਨੂੰ ਪਬਲੀਕੇਸ਼ਨ ਵਿਭਾਗ ‘ਚ ਸ਼ਾਰਟ ਸਰਕਟ ਕਾਰਨ ਵਾਪਰੀ ਘਟਨਾ ਦੇ ਪਸ਼ਚਾਤਾਪ ਵਜੋਂ ਅਖੰਡ ਪਾਠ ਕਰਵਾਉਣ ਦੇ ਨਾਲ-ਨਾਲ ਤਿੰਨ ਝਾੜੂ ਮਾਰਨ ਦੀ ਤਨਖਾਹ ਲਾਈ ਗਈ ਸੀ।
ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ‘ਤੇ ਇਕ ਮਹੀਨੇ ਵਾਸਤੇ ਕਿਸੇ ਵੀ ਜਨਤਕ ਸਮਾਗਮ ਵਿਚ ਬੋਲਣ ‘ਤੇ ਰੋਕ ਲਾਈ ਗਈ ਹੈ। ਇਸ ਸਬੰਧੀ ਸਕੱਤਰੇਤ ਵਲੋਂ 18 ਸਤੰਬਰ ਨੂੰ ਜਾਰੀ ਆਦੇਸ਼ ਬਾਰੇ ਸਪੱਸ਼ਟ ਕੀਤਾ ਗਿਆ ਹੈ ਕਿ ਸ੍ਰੀ ਲੌਂਗੋਵਾਲ ਸਮੇਤ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ 18 ਸਤੰਬਰ ਤੋਂ 17 ਅਕਤੂਬਰ ਤੱਕ ਇਕ ਮਹੀਨਾ ਕਿਸੇ ਵੀ ਜਨਤਕ ਸਮਾਗਮ ‘ਚ ਬੋਲਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ‘ਚ ਬੋਲਣ ਦੀ ਛੋਟ ਦਿੱਤੀ ਗਈ ਸੀ।
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਗੁਰਦੁਆਰਾ ਝੰਡੇ ਬੁੰਗੇ ਵਿਖੇ ਭਾਈ ਜਿੰਦਾ ਅਤੇ ਸੁੱਖਾ ਦੀ ਬਰਸੀ ਸਬੰਧੀ ਅਖੰਡ ਪਾਠ ਦੇ ਭੋਗ ਪਾਏ ਗਏ। ਇਨ੍ਹਾਂ ਦੋਵਾਂ ਸਿੱਖ ਨੌਜਵਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਉਤੇ ਕੀਤੇ ਗਏ ਫੌਜੀ ਹਮਲੇ ਦੇ ਰੋਸ ਵਜੋਂ ਫੌਜ ਦੀ ਅਗਵਾਈ ਕਰਨ ਵਾਲੇ ਜਨਰਲ ਵੈਦਿਆ ਨੂੰ ਮਾਰ ਦਿੱਤਾ ਸੀ। ਬਰਸੀ ਮੌਕੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਵਲੋਂ ਵੱਖ-ਵੱਖ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।
ਸ੍ਰੀ ਅਖੰਡ ਪਾਠ ਦੇ ਭੋਗ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਅਹੁਦੇਦਾਰਾਂ ਸਮੇਤ ਅੰਤ੍ਰਿੰਗ ਕਮੇਟੀ ਦੇ ਮੈਂਬਰ ਤੇ ਅਧਿਕਾਰੀ ਵੀ ਸਮਾਗਮ ‘ਚ ਪੁੱਜ ਗਏ। ਅਕਾਲ ਫੈਡਰੇਸ਼ਨ ਦੇ ਭਾਈ ਨਾਰਾਇਣ ਸਿੰਘ ਚੌੜਾ ਨੇ ਸ੍ਰੀ ਲੌਂਗੋਵਾਲ ਦੇ ਸਮਾਗਮ ‘ਚ ਪੁੱਜਣ ਉਤੇ ਇਤਰਾਜ਼ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖਤ ਵਲੋਂ ਲਾਈ ਤਨਖਾਹ ਤਹਿਤ ਉਨ੍ਹਾਂ ‘ਤੇ ਇਕ ਮਹੀਨੇ ਵਾਸਤੇ ਕਿਸੇ ਵੀ ਸਮਾਗਮ ‘ਚ ਸ਼ਾਮਲ ਹੋਣ ਉਤੇ ਰੋਕ ਹੈ। ਇਸ ਲਈ ਉਨ੍ਹਾਂ ਦੀ ਸ਼ਮੂਲੀਅਤ ਹੁਕਮਾਂ ਦੀ ਉਲੰਘਣਾ ਹੈ। ਮੌਕੇ ‘ਤੇ ਹਾਜ਼ਰ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਵੀ ਇਸ ਦਾ ਸਮਰਥਨ ਕੀਤਾ।
ਦੂਜੇ ਪਾਸੇ ਸ੍ਰੀ ਲੌਂਗੋਵਾਲ ਤੇ ਉਨ੍ਹਾਂ ਦੇ ਸਮਰਥਕਾਂ ਨੇ ਇਸ ਦਾ ਵਿਰੋਧ ਕਰਦਿਆਂ ਆਖਿਆ ਕਿ ਤਨਖਾਹ ਤਹਿਤ ਇਕ ਮਹੀਨਾ ਸਮਾਗਮਾਂ ਵਿਚ ਨਾ ਬੋਲਣ ਲਈ ਆਖਿਆ ਹੈ, ਸ਼ਮੂਲੀਅਤ ਉਤੇ ਰੋਕ ਨਹੀਂ ਲਾਈ ਗਈ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਇਸ ਮਾਮਲੇ ‘ਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲੋਂ ਸਥਿਤੀ ਸਪੱਸ਼ਟ ਕੀਤੀ ਜਾਵੇਗੀ, ਜਿਸ ਮਗਰੋਂ ਮਾਮਲਾ ਸ਼ਾਂਤ ਹੋ ਗਿਆ।
__________________________________
ਲੌਂਗੋਵਾਲ ਨੇ ਸਿੱਖ ਜਥੇਬੰਦੀਆਂ ਤੱਕ ਪਹੁੰਚ ਕੀਤੀ
ਅੰਮ੍ਰਿਤਸਰ: ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਸੰਸਥਾਵਾਂ, ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਦੀ ਰਾਏ ਨੂੰ ਇਕਮਤ ਕਰਨ ਵਾਸਤੇ ਜਥੇਬੰਦੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਭਾਈ ਲੌਂਗੋਵਾਲ ਨੇ ਪੰਥਕ ਮਸਲਿਆਂ ਨੂੰ ਲੈ ਕੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਨਾਲ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਮਹਿਤਾ ਵਿਚ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਕਮੇਟੀ ਪ੍ਰਧਾਨ ਲੌਂਗੋਵਾਲ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਇਸ ਸਬੰਧੀ ਸ੍ਰੀ ਲੌਂਗੋਵਾਲ ਨੇ ਦੱਸਿਆ ਕਿ ਪੰਥਕ ਸ਼ਖ਼ਸੀਅਤਾਂ ਨਾਲ ਵਿਚਾਰ ਚਰਚਾ ਦਾ ਮੰਤਵ ਕੌਮ ਦੀ ਚੜ੍ਹਦੀ ਕਲਾ ਲਈ ਸਮੂਹਿਕ ਯਤਨ ਕਰਨਾ ਹੈ।