ਪੰਜਾਬ ਵਿਚ ਨਹੀਂ ਰੁਕਿਆ ਪਰਾਲੀ ਫੂਕਣ ਦਾ ਸਿਲਸਲਾ

ਚੰਡੀਗੜ੍ਹ: ਪੰਜਾਬ ਵਿਚ ਪਰਾਲੀ ਸਾੜਨ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। ਹੁਣ ਤੱਕ ਦੋ ਹਜ਼ਾਰ ਦੇ ਕਰੀਬ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ‘ਚੋਂ 659 ਕੇਸਾਂ ਨੂੰ ਸਹੀ ਪਾਏ ਜਾਣ ਮਗਰੋਂ ਸਾਢੇ 13 ਲੱਖ ਰੁਪਏ ਦਾ ਵਾਤਾਵਰਨ ਮੁਆਵਜ਼ਾ ਥੋਪਿਆ ਗਿਆ ਹੈ। ਅੱਗ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਕਿਸਾਨਾਂ ਨੂੰ ਮੁਆਵਜ਼ਾ ਭਰਨ ਦੇ ਚਲਾਨ ਭੇਜੇ ਜਾਣ ਲੱਗੇ ਹਨ।

ਦੱਸਣਯੋਗ ਹੈ ਕਿ ਹਰ ਸਾਲ ਹੀ ਪੰਜਾਬ ਅੰਦਰ ਅਕਤੂਬਰ-ਨਵੰਬਰ ਮਹੀਨੇ ਦੌਰਾਨ ਝੋਨੇ ਦੀ ਵਾਢੀ ਮਗਰੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ, ਇਸ ਵਾਰ ਵੀ ਅਜਿਹੀਆਂ ਘਟਨਾਵਾਂ ਨਾਲ ਹਵਾ ਦਾ ਗੁਣਵੱਤਾ ਸੂਚਕ ਅੰਕ ਡਗਮਗਾਉਣਾ ਸ਼ੁਰੂ ਹੋ ਗਿਆ ਹੈ। ਵੇਰਵਿਆਂ ਮੁਤਾਬਕ ਐਤਕੀਂ ਝੋਨੇ ਦੀ ਵਾਢੀ ਦੇ ਆਰੰਭਲੇ ਦੌਰ ਦੌਰਾਨ ਹੀ ਹੁਣ ਤੱਕ ਪਰਾਲੀ ਸਾੜਨ ਦੇ 1,926 ਕੇਸਾਂ ਦੀ ਸ਼ਨਾਖਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ 1,926 ਕੇਸਾਂ ‘ਚੋਂ 659 ਕੇਸ ਅਜਿਹੇ ਪਾਏ ਗਏ ਹਨ, ਜਿਥੇ ਸੱਚਮੁੱਚ ਹੀ ਪਰਾਲੀ ਸਾੜੀ ਗਈ ਹੈ। ਬਹੁਤ ਸਾਰੇ ਕੇਸਾਂ ਦੀ ਤਫਤੀਸ਼ ਚੱਲ ਰਹੀ ਵੀ ਦੱਸੀ ਜਾ ਰਹੀ ਹੈ, ਉਂਜ 500 ਤੋਂ ਵੱਧ ਅਜਿਹੇ ਕੇਸ ਵੀ ਸਾਹਮਣੇ ਆਏ ਹਨ ਜਿਥੇ ਅੱਗ ਲੱਗਣ ਦੀ ਘਟਨਾਵਾਂ ਵਾਪਰੇ ਬਗੈਰ ਸੈਟੇਲਾਈਟ ਸਿਸਟਮ ‘ਚ ਦਰਜ ਹੋ ਗਈਆਂ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਕੋਲ ਅੱਗ ਦੀਆਂ ਇਹ ਘਟਨਾਵਾਂ ਨਾਸਾ ਦੇ ਸੈਟੇਲਾਈਟ ਸਿਸਟਮ ਜ਼ਰੀਏ ਸਾਹਮਣੇ ਆ ਰਹੀਆਂ ਹਨ।
ਹੁਣ ਤੱਕ ਪੁਖਤਾ ਤੌਰ ‘ਤੇ ਅੱਗ ਦੀਆਂ ਸਾਹਮਣੇ ਆਈਆਂ 659 ਘਟਨਾਵਾਂ ‘ਚ ਵੱਖ ਵੱਖ ਕਿਸਾਨਾਂ ਨੂੰ 13 ਲੱਖ 40 ਹਜ਼ਾਰ ਰੁਪਏ ਦਾ ਵਾਤਾਵਰਨ ਮੁਆਵਜ਼ਾ ਲਾਇਆ ਜਾ ਚੁੱਕਿਆ ਹੈ ਤੇ ਅਜਿਹੇ ‘ਮੁਆਵਜ਼ੇ-ਕਮ-ਜੁਰਮਾਨੇ’ ਦੀ ਅਦਾਇਗੀ ਲਈ ਜ਼ਿੰਮੇਵਾਰ ਕਿਸਾਨਾਂ ਨੂੰ ਚਲਾਨ ਭੇਜੇ ਜਾ ਰਹੇ ਹਨ।
______________________________________
ਅਗਸਤ ਦੇ ਮੁਕਾਬਲੇ ਸਤੰਬਰ ‘ਚ ਹਵਾ ਗੁਣਵੱਤਾ ਖਰਾਬ ਹੋਈ
ਲੁਧਿਆਣਾ: ਪੰਜਾਬ ਅੰਦਰ ਅਗਸਤ ਮਹੀਨੇ ਦੇ ਮੁਕਾਬਲੇ ਸਤੰਬਰ ਮਹੀਨੇ ‘ਚ ਹਵਾ ਗੁਣਵੱਤਾ ਖਰਾਬ ਹੋਈ ਹੈ, ਜਿਸ ਦਾ ਖੁਲਾਸਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਸਤੰਬਰ ਮਹੀਨੇ ‘ਚ ਪੰਜਾਬ ਦੇ 6 ਵੱਡੇ ਸ਼ਹਿਰਾਂ ‘ਚ ਮਾਪੀ ਹਵਾ ਗੁਣਵੱਤਾ ਤੋਂ ਹੋਇਆ ਹੈ। ਸਤੰਬਰ ਮਹੀਨੇ ‘ਚ ਹਵਾ ਗੁਣਵੱਤਾ ਸਭ ਤੋਂ ਵੱਧ ਮੰਡੀ ਗੋਬਿੰਦਗੜ੍ਹ ‘ਚ 126 ਤੇ ਸਭ ਤੋਂ ਘੱਟ ਲੁਧਿਆਣਾ ‘ਚ 73 ਰਹੀ। ਅਗਸਤ ਮਹੀਨੇ ‘ਚ ਹਵਾ ਗੁਣਵੱਤਾ ਸਭ ਤੋਂ ਵੱਧ ਅੰਮ੍ਰਿਤਸਰ ‘ਚ 54 ਤੇ ਸਭ ਤੋਂ ਘੱਟ ਪਟਿਆਲਾ ‘ਚ 51 ਰਹੀ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਪੰਜਾਬ ਦੇ 6 ਸ਼ਹਿਰਾਂ ਵਿਚਲੇ ਆਪਣੇ ਹਵਾ ਗੁਣਵੱਤਾ ਮਾਪਣ ਵਾਲੇ ਯੰਤਰਾਂ ਰਾਹੀਂ ਸਤੰਬਰ ਮਹੀਨੇ ‘ਚ ਹਵਾ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ। ਸਤੰਬਰ ਮਹੀਨੇ ਅੰਦਰ ਜਲੰਧਰ ‘ਚ ਹਵਾ ਗੁਣਵੱਤਾ ਤਸੱਲੀਬਖਸ਼ 78, ਪਟਿਆਲਾ ‘ਚ ਤਸੱਲੀਬਖਸ਼ 80, ਮੰਡੀ ਗੋਬਿੰਦਗੜ੍ਹ ‘ਚ ਦਰਮਿਆਨੀ 126, ਲੁਧਿਆਣਾ ‘ਚ ਤਸੱਲੀਬਖਸ਼ 73, ਖੰਨਾ ‘ਚ ਤਸੱਲੀਬਖਸ਼ 84 ਤੇ ਅੰਮ੍ਰਿਤਸਰ ‘ਚ ਤਸੱਲੀਬਖਸ਼ 84 ਦਰਜ ਕੀਤੀ ਗਈ। ਅਗਸਤ ਮਹੀਨੇ ‘ਚ ਜਲੰਧਰ ‘ਚ ਹਵਾ ਗੁਣਵੱਤਾ ਚੰਗੀ 50, ਪਟਿਆਲਾ ‘ਚ ਚੰਗੀ 41, ਮੰਡੀ ਗੋਬਿੰਦਗੜ੍ਹ ‘ਚ ਤਸੱਲੀਬਖਸ਼ 53, ਲੁਧਿਆਣਾ ‘ਚ ਚੰਗੀ 50, ਖੰਨਾ ਵਿਚ ਤਸੱਲੀਬਖਸ਼ 51 ਤੇ ਅੰਮ੍ਰਿਤਸਰ ‘ਚ ਤਸੱਲੀਬਖਸ਼ 54 ਦਰਜ ਕੀਤੀ ਗਈ ਸੀ।