ਦੋ ਸਾਜ਼ਿਸ਼ਾਂ ਅਤੇ ਇਕ ਦਾਹ-ਸਸਕਾਰ-2

ਸੰਸਾਰ ਪ੍ਰਸਿੱਧ ਲੇਖਕਾ ਅਤੇ ਕਾਰਕੁਨ ਅਰੁੰਧਤੀ ਰਾਏ ਨੇ ਆਪਣੇ ਇਸ ਲੇਖ ਵਿਚ ਹਾਥਰਸ (ਉਤਰ ਪ੍ਰਦੇਸ਼) ਵਿਚ ਜਬਰ ਜਨਾਹ ਦੀ ਹੋਈ ਵਾਰਦਾਤ, ਚਿਰਾਂ ਤੋਂ ਚੱਲਦੇ ਬਾਬਰੀ ਮਸਜਿਦ ਕੇਸ ਅਤੇ ਇਸ ਸਾਲ ਦੇ ਆਰੰਭ ਵਿਚ ਹੋਏ ਦਿੱਲੀ ਦੰਗਿਆਂ ਬਾਰੇ ਕੁਝ ਅਣਕਹੀਆਂ ਅਤੇ ਅਣਛੋਹੀਆਂ ਗੱਲਾਂ ਸਾਂਝੀਆਂ ਹਨ। ਇਸ ਲੰਮੇ ਲੇਖ ਦੀ ਦੂਜੀ ਅਤੇ ਆਖਰੀ ਕਿਸ਼ਤ ਪੇਸ਼ ਹੈ। ਇਸ ਲੇਖ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

-ਸੰਪਾਦਕ
ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਵਿਦਿਆਰਥੀ ਆਗੂ ਉਮਰ ਖਾਲਿਦ ਖਿਲਾਫ ਇਕੱਠੇ ਕੀਤੇ ਇਹਨਾਂ ਦਸ ਲੱਖ ਪੰਨਿਆਂ ‘ਚ ਜਾਫਰਾਬਾਦ ਮੈਟਰੋ ਸਟੇਸ਼ਨ ਦਾ ਸੀ.ਸੀ.ਟੀ.ਵੀ. ਫੁਟੇਜ ਸ਼ਾਮਿਲ ਨਹੀਂ ਹੈ, ਜਿੱਥੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਖਤਰਨਾਕ ਸਾਜ਼ਿਸ਼ਾਂ ਰਚੀਆਂ ਅਤੇ ਭੜਕਾਊ ਗੱਲਾਂ ਕੀਤੀਆਂ। 25 ਫਰਵਰੀ ਨੂੰ, ਜਦ ਹਿੰਸਾ ਹੋ ਰਹੀ ਸੀ, ਕਾਰਕੁਨਾਂ ਨੇ ਦਿੱਲੀ ਹਾਈਕੋਰਟ ਨੂੰ ਅਪੀਲ ਕੀਤੀ ਸੀ ਕਿ ਇਸ ਫੁਟੇਜ ਨੂੰ ਮਹਿਫੂਜ਼ ਰੱਖਿਆ ਜਾਵੇ; ਲੇਕਿਨ ਇਹ ਫੁਟੇਜ ਡਿਲੀਟ ਕਰ ਦਿੱਤੀ ਗਈ ਹੈ, ਤੇ ਇਸ ਦਾ ਕਿਸੇ ਨੂੰ ਨਹੀਂ ਪਤਾ। ਉਮਰ ਖਾਲਿਦ ਹਾਲ ਹੀ ਵਿਚ ਗ੍ਰਿਫਤਾਰ ਕੀਤੇ ਸੈਂਕੜੇ ਮੁਸਲਮਾਨਾਂ ਨਾਲ ਜੇਲ੍ਹ ਵਿਚ ਬੰਦ ਹੈ, ਜਿਹਨਾਂ ਉਪਰ ਯੂ.ਏ.ਪੀ.ਏ. ਤਹਿਤ ਹੱਤਿਆ, ਕਤਲ ਦੀ ਸਾਜ਼ਿਸ਼ ਅਤੇ ਦੰਗੇ-ਫਸਾਦ ਕਰਾਉਣ ਦਾ ਇਲਜ਼ਾਮ ਹੈ। ਦਸ ਲੱਖ ਪੰਨਿਆਂ ਦਾ ‘ਸਬੂਤ’ ਦੇਖਣ ਵਿਚ ਅਦਾਲਤਾਂ ਅਤੇ ਵਕੀਲਾਂ ਨੂੰ ਕਿੰਨਾ ਵਕਤ ਲੱਗੇਗਾ?
ਜਿਸ ਤਰ੍ਹਾਂ ਜ਼ਾਹਿਰ ਹੋਇਆ ਕਿ ਬਾਬਰੀ ਮਸਜਿਦ ਨੇ ਖੁਦ ਨੂੰ ਆਪ ਹੀ ਤਬਾਹ ਕਰ ਲਿਆ ਸੀ, ਉਸੇ ਤਰ੍ਹਾਂ, 2020 ਦਿੱਲੀ ਕਤਲੇਆਮ ਦੀ ਪੁਲਿਸ ਦੀ ਕਹਾਣੀ ਵਿਚ ਮੁਸਲਮਾਨਾਂ ਨੇ ਖੁਦ ਹੀ ਆਪਣੇ ਕਤਲਾਂ ਦੀ ਸਾਜ਼ਿਸ਼ ਰਚੀ, ਖੁਦ ਆਪਣੀਆਂ ਮਸਜਿਦਾਂ ਜਲਾਈਆਂ, ਖੁਦ ਹੀ ਆਪਣੇ ਘਰ ਤਬਾਹ ਕੀਤੇ, ਆਪਣੇ ਬੱਚਿਆਂ ਨੂੰ ਯਤੀਮ ਬਣਾਇਆ; ਤੇ ਇਹ ਸਭ ਕੀਤਾ ਗਿਆ ਡੋਨਾਲਡ ਟਰੰਪ ਨੂੰ ਦਿਖਾਉਣ ਲਈ ਕਿ ਭਾਰਤ ਵਿਚ ਉਨ੍ਹਾਂ ਦੇ ਦਿਨ ਕਿੰਨੀ ਮੁਸੀਬਤ ਵਿਚੋਂ ਗੁਜ਼ਰ ਰਹੇ ਹਨ!
ਆਪਣੇ ਕੇਸ ਨੂੰ ਮਜ਼ਬੂਤ ਬਣਾਉਣ ਲਈ ਪੁਲਿਸ ਨੇ ਆਪਣੀ ਚਾਰਜਸ਼ੀਟ ਵਿਚ ਵ੍ਹੱਟਸਐਪ ਉਪਰ ਹੋਈ ਗੱਲਬਾਤ ਦੇ ਹਜ਼ਾਰਾਂ ਪੰਨੇ ਜੋੜੇ ਹਨ। ਇਹ ਗੱਲਬਾਤ ਵਿਦਿਆਰਥੀਆਂ ਅਤੇ ਕਾਰਕੁਨਾਂ ਅਤੇ ਕਾਰਕੁਨਾਂ ਦੇ ਸਹਾਇਤਾ ਸਮੂਹਾਂ ਦਰਮਿਆਨ ਚੱਲੀ ਸੀ ਜੋ ਦਿੱਲੀ ਵਿਚ ਸ਼ੁਰੂ ਹੋਏ ਅੰਦੋਲਨਾਂ ਅਤੇ ਸ਼ਾਂਤਮਈ ਧਰਨਿਆਂ ਵਾਲੀਆਂ ਬੇਸ਼ੁਮਾਰ ਥਾਵਾਂ ਨੂੰ ਮਦਦ ਪਹੁੰਚਾਉਣ ਅਤੇ ਉਨ੍ਹਾਂ ਵਿਚਾਲੇ ਤਾਲਮੇਲ ਬਣਾਉਣ ਦਾ ਯਤਨ ਕਰ ਰਹੇ ਸਨ। ਇਸ ਗੱਲਬਾਤ ਤੇ ਉਨ੍ਹਾਂ ਵ੍ਹੱਟਸਐਪ ਗਰੁਪਾਂ ਵਿਚ ਹੋਣ ਵਾਲੀ ਗੱਲਬਾਤ ਵਿਚ ਜ਼ਮੀਨ-ਆਸਮਾਨ ਦਾ ਫਰਕ ਹੈ ਜੋ ‘ਕੱਟੜ ਹਿੰਦੂ ਏਕਤਾ’ ਨਾਮ ਨਾਲ ਚਲਾਏ ਜਾਂਦੇ ਹਨ। ਇਹਨਾਂ ਦੂਜੇ ਕਿਸਮ ਦੇ ਗਰੁਪਾਂ ਵਿਚ ਲੋਕ ਸੱਚੀਮੁੱਚੀ ਮੁਸਲਮਾਨਾਂ ਨੂੰ ਮਾਰਨ ਬਾਰੇ ਵੱਧ-ਚੜ੍ਹ ਕੇ ਗੱਲਾਂ ਕਰਦੇ ਹਨ, ਤੇ ਖੁੱਲ੍ਹੇਆਮ ਭਾਜਪਾ ਆਗੂਆਂ ਦੀਆਂ ਤਾਰੀਫਾਂ ਕਰਦੇ ਹਨ। ਉਹ ਇਕ ਵੱਖਰੀ ਚਾਰਜਸ਼ੀਟ ਦਾ ਹਿੱਸਾ ਹੈ।
ਵਿਦਿਆਰਥੀਆਂ-ਕਾਰਕੁਨਾਂ ਦੀ ਗੱਲਬਾਤ ਜ਼ਿਆਦਾਤਰ, ਜੋਸ਼ੋ-ਖਰੋਸ਼ ਅਤੇ ਮਕਸਦ ਨਾਲ ਭਰੀ ਹੈ, ਜਿਵੇਂ ਜਾਇਜ਼ ਗੁੱਸੇ ਦੇ ਅਹਿਸਾਸ ਨਾਲ ਭਰੇ ਨੌਜਵਾਨ ਲੋਕਾਂ ਵਿਚ ਹੁੰਦੀ ਹੀ ਹੈ। ਇਹਨਾਂ ਨੂੰ ਪੜ੍ਹਨਾ ਤਾਕਤ ਦੇਣ ਵਾਲਾ ਹੈ। ਇਹ ਤੁਹਾਨੂੰ ਕੋਵਿਡ ਤੋਂ ਪਹਿਲੇ ਉਨ੍ਹਾਂ ਤੂਫਾਨੀ ਦਿਨਾਂ ਵਿਚ ਵਾਪਸ ਲੈ ਜਾਂਦਾ ਹੈ, ਜਦ ਨੌਜਵਾਨ ਪੀੜ੍ਹੀ ਨੂੰ ਆਪਣੇ ਪੈਰਾਂ ਉਪਰ ਅੱਗੇ ਵੱਧਦੇ ਦੇਖਣਾ ਕਿੰਨਾ ਉਤਸ਼ਾਹ ਨਾਲ ਭਰ ਦੇਣ ਵਾਲਾ ਸੀ। ਉਸ ਗੱਲਬਾਤ ਵਿਚ ਅਸੀਂ ਦੇਖਦੇ ਹਾਂ ਕਿ ਕਈ ਵਾਰ, ਜ਼ਿਆਦਾ ਅਨੁਭਵ ਵਾਲੇ ਕਾਰਕੁਨਾਂ ਨੇ ਦਖਲ ਦੇ ਕੇ ਉਨ੍ਹਾਂ ਨੂੰ ਖਬਰਦਾਰ ਕੀਤਾ ਕਿ ਉਨ੍ਹਾਂ ਨੂੰ ਸ਼ਾਂਤੀ ਅਤੇ ਸਬਰ ਤੋਂ ਕੰਮ ਲੈਣ ਦੀ ਜ਼ਰੂਰਤ ਹੈ। ਉਹ ਬਹਿਸਾਂ ਕਰਦੇ, ਮਾਮੂਲੀ ਤਰੀਕਿਆਂ ਨਾਲ ਲੜਦੇ-ਝਗੜਦੇ – ਲੇਕਿਨ ਜਮਹੂਰੀ ਹੋਣ ਦਾ ਮਤਲਬ ਇਹ ਵੀ ਤਾਂ ਹੁੰਦਾ ਹੈ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਹਨਾਂ ਸਾਰੀਆਂ ਗੱਲਾਂ ‘ਚ ਵਿਵਾਦ ਦਾ ਮੁੱਦਾ ਇਹ ਸੀ ਕਿ ਸ਼ਾਹੀਨ ਬਾਗ਼ ਦੀਆਂ ਹਜ਼ਾਰਾਂ ਔਰਤਾਂ ਦੇ ਅੰਦੋਲਨ ਦੀ ਸ਼ਾਨਦਾਰ ਕਾਮਯਾਬੀ ਨੂੰ ਹੋਰ ਥਾਵਾਂ ਉਪਰ ਦੁਹਰਾਇਆ ਜਾਵੇ ਜਾਂ ਨਹੀਂ।
ਇਹਨਾਂ ਔਰਤਾਂ ਨੇ ਕੰਬਣੀ ਛੇੜਨ ਵਾਲੀ ਠੰਢ ਵਿਚ ਹਫਤਿਆਂ ਤਕ ਮੁੱਖ ਸੜਕ ਉਪਰ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਸੀ ਜਿਸ ਨਾਲ ਹਲਚਲ ਤਾਂ ਮੱਚੀ ਲੇਕਿਨ ਜਿਸ ਨਾਲ ਉਨ੍ਹਾਂ ਉਪਰ ਅਤੇ ਉਨ੍ਹਾਂ ਦੇ ਮਕਸਦ ਵਲ ਲੋਕਾਂ ਦਾ ਧਿਆਨ ਵੀ ਖਿੱਚਿਆ ਗਿਆ ਸੀ। ਸ਼ਾਹੀਨ ਬਾਗ ਦੀ ਦਾਦੀ ਬਿਲਕਿਸ ਬਾਨੋ ਨੂੰ ‘ਟਾਈਮ’ ਰਸਾਲੇ ਦੀ 2020 ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿਚ ਜਗ੍ਹਾ ਮਿਲੀ ਹੈ (ਕੋਈ ਗਲਤਫਹਿਮੀ ਨਾ ਹੋਵੇ, 19 ਸਾਲ ਦੀ ਉਹ ਦੂਜੀ ਬਿਲਕਿਸ ਬਾਨੋ ਗੁਜਰਾਤ ਦੀ ਸੀ ਜੋ 2002 ਵਿਚ ਹੋਏ ਮੁਸਲਮਾਨਾਂ ਦੇ ਕਤਲੇਆਮ ਵਿਚ ਬਚ ਗਈ ਸੀ, ਜਦ ਨਰਿੰਦਰ ਮੋਦੀ ਗੁਜਰਾਤ ਰਾਜ ਦਾ ਮੁੱਖ ਮੰਤਰੀ ਸੀ। ਉਸ ਬਿਲਕਿਸ ਨੇ ਆਪਣੇ ਪਰਿਵਾਰ ਦੇ 14 ਲੋਕਾਂ ਨੂੰ ਬੈਸਟ ਬੇਕਰੀ ਕਤਲੇਆਮ ਵਿਚ ਮਾਰੇ ਜਾਂਦੇ ਦੇਖਿਆ ਸੀ ਜਿਹਨਾਂ ਵਿਚ ਉਸ ਦੀ ਤਿੰਨ ਸਾਲ ਦੀ ਧੀ ਨੂੰ ਹਥਿਆਰਬੰਦ ਹਿੰਦੂਆਂ ਦੇ ਫਸਾਦੀ ਹਜੂਮ ਨੇ ਕਤਲ ਕਰ ਦਿੱਤਾ ਸੀ। ਬਿਲਕਿਸ ਗਰਭਵਤੀ ਸੀ ਅਤੇ ਉਸ ਦਾ ਸਮੂਹਿਕ ਬਲਾਤਕਾਰ ਹੋਇਆ ਸੀ)।
ਦਿੱਲੀ ਵਿਚ ਕਾਰਕੁਨਾਂ ਦੀ ਵ੍ਹੱਟਸਐਪ ਗੱਲਬਾਤ ਵਿਚ ਲੋਕਾਂ ‘ਚ ਇਸ ਬਾਰੇ ਮਤਭੇਦ ਸੀ ਕਿ ਪੂਰਬ-ਉਤਰੀ ਦਿੱਲੀ ਵਿਚ ਚੱਕਾ ਜਾਮ ਕੀਤਾ ਜਾਵੇ ਜਾਂ ਨਹੀਂ। ਚੱਕਾ ਜਾਮ ਦੀ ਯੋਜਨਾ ਬਣਾਉਣਾ ਕੋਈ ਨਵੀਂ ਗੱਲ ਨਹੀਂ ਹੈ – ਕਿਸਾਨਾਂ ਨੇ ਕਿੰਨੀ ਵਾਰ ਚੱਕਾ ਜਾਮ ਕੀਤਾ ਹੈ। ਅੱਜ ਦੀ ਤਾਰੀਕ ‘ਚ ਪੰਜਾਬ ਅਤੇ ਹਰਿਆਣਾ ‘ਚ ਕਿਸਾਨਾਂ ਨੇ ਚੱਕਾ ਜਾਮ ਕੀਤਾ ਹੋਇਆ ਹੈ। ਉਹ ਹਾਲ ਹੀ ਵਿਚ ਪਾਸ ਕੀਤੇ ਬਿਲਾਂ ਦਾ ਵਿਰੋਧ ਕਰ ਰਹੇ ਹਨ ਜਿਹਨਾਂ ਵਿਚ ਭਾਰਤੀ ਖੇਤੀ ਦਾ ਕਾਰਪੋਰੇਟੀਕਰਨ ਹੋ ਜਾਵੇਗਾ, ਤੇ ਛੋਟੇ ਕਿਸਾਨਾਂ ਦੀ ਹੋਂਦ ਹੀ ਖਤਰੇ ਵਿਚ ਪੈ ਜਾਵੇਗੀ।
ਦਿੱਲੀ ਅੰਦੋਲਨ ਦੇ ਮਾਮਲੇ ‘ਚ ਇਹਨਾਂ ਚੈਟ ਗਰੁਪਾਂ ਵਿਚ ਕੁਝ ਕਾਰਕੁਨਾਂ ਨੇ ਦਲੀਲ ਦਿੱਤੀ ਕਿ ਚੱਕਾ ਜਾਮ ਦਾ ਉਲਟਾ ਅਸਰ ਪਵੇਗਾ। ਕੁਝ ਹੀ ਹਫਤੇ ਪਹਿਲਾਂ ਦਿੱਲੀ ਚੋਣਾਂ ਵਿਚ ਹਾਰ ਦੇ ਅਪਮਾਨ ਨਾਲ ਉਬਲ ਰਹੇ ਭਾਜਪਾ ਆਗੂਆਂ ਦੀਆਂ ਖੁੱਲ੍ਹੀਆਂ ਧਮਕੀਆਂ ਦੇ ਮਾਹੌਲ ਵਿਚ, ਕੁਝ ਸਥਾਨਕ ਕਾਰਕੁਨਾਂ ਨੂੰ ਡਰ ਸੀ ਕਿ ਚੱਕਾ ਜਾਮ ਕਰਨ ਨਾਲ ਗੁੱਸਾ ਭੜਕ ਸਕਦਾ ਹੈ ਜਿਸ ਵਿਚ ਹਿੰਸਾ ਦਾ ਰੁਖ ਉਨ੍ਹਾਂ ਦੇ ਭਾਈਚਾਰਿਆਂ ਵਲ ਮੁੜ ਸਕਦਾ ਹੈ। ਉਹ ਜਾਣਦੇ ਸਨ ਕਿ ਕਿਸਾਨਾਂ, ਗੁੱਜਰਾਂ ਜਾਂ ਇੱਥੋਂ ਤੱਕ ਕਿ ਦਲਿਤਾਂ ਵਲੋਂ ਚੱਕਾ ਜਾਮ ਕਰਨਾ ਇਕ ਗੱਲ ਹੈ, ਲੇਕਿਨ ਮੁਸਲਮਾਨਾਂ ਵਲੋਂ ਚੱਕਾ ਜਾਮ ਕਰਨਾ ਬਿਲਕੁਲ ਹੋਰ ਗੱਲ ਹੈ।
ਇਹੀ ਅੱਜ ਦੇ ਭਾਰਤ ਦੀ ਹਕੀਕਤ ਹੈ। ਦੂਜਿਆਂ ਨੇ ਦਲੀਲ ਦਿੱਤੀ ਕਿ ਜਦ ਤਕ ਚੱਕਾ ਜਾਮ ਨਹੀਂ ਕੀਤਾ ਜਾਵੇਗਾ ਅਤੇ ਸ਼ਹਿਰ ਨੂੰ ਆਪਣੇ ਹਾਲਾਤ ਉਪਰ ਗੌਰ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ, ਉਦੋਂ ਤਕ ਲੋਕ ਅੰਦੋਲਨਕਾਰੀਆਂ ਨੂੰ ਅਣਡਿੱਠ ਕਰਦੇ ਰਹਿਣਗੇ; ਜਿਵੇਂ ਬਾਅਦ ਵਿਚ ਹੋਇਆ, ਕੁਝ ਜਗਾ੍ਹ ‘ਤੇ ਸੜਕਾਂ ਜਾਮ ਕੀਤੀਆਂ ਗਈਆਂ। ਜਿਵੇਂ ਅੰਦੇਸ਼ਾ ਜ਼ਾਹਿਰ ਕੀਤਾ ਗਿਆ ਸੀ, ਹਿੰਸਕ ਨਾਅਰੇ ਲਾਉਂਦੇ ਹਥਿਆਰਬੰਦ ਹਿੰਦੂ ਹਜੂਮ ਨੂੰ ਉਹ ਮੌਕਾ ਮਿਲ ਗਿਆ, ਜਿਸ ਦੀ ਉਹ ਤਾਕ ਵਿਚ ਸਨ।
ਅਗਲੇ ਕੁਝ ਦਿਨਾਂ ਤੱਕ, ਉਨ੍ਹਾਂ ਨੇ ਜਿਸ ਤਰ੍ਹਾਂ ਦੀ ਕਰੂਰਤਾ ਦਿਖਾਈ, ਉਸ ਨਾਲ ਅਸੀਂ ਸਾਰੇ ਸੁੰਨ ਹੋ ਗਏ। ਵੀਡੀਓ ਵਿਚ ਦੇਖਿਆ ਗਿਆ ਕਿ ਉਨ੍ਹਾਂ ਨੂੰ ਪੁਲਿਸ ਦੀ ਖੁੱਲ੍ਹੀ ਹਮਾਇਤ ਹਾਸਲ ਸੀ। ਮੁਸਲਮਾਨਾਂ ਨੇ ਜਵਾਬ ਦਿੱਤਾ। ਦੋਹਾਂ ਪਾਸਿਆਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ, ਲੇਕਿਨ ਇਸ ਵਿਚ ਬਰਾਬਰੀ ਕੋਈ ਨਹੀਂ ਸੀ। ਹਿੰਸਾ ਭੜਕਾਉਣ ਅਤੇ ਫੈਲਣ ਦੀ ਖੁੱਲ੍ਹ ਦਿੱਤੀ ਗਈ। ਅਸੀਂ ਬੇਵਿਸ਼ਵਾਸੀ ਨਾਲ ਦੇਖਿਆ ਕਿ ਪੁਲਿਸ ਨੇ ਸੜਕ ਉਪਰ ਡਿਗੇ ਗੰਭੀਰ ਜ਼ਖਮੀ ਨੌਜਵਾਨ ਮੁਸਲਮਾਨਾਂ ਨੂੰ ਘੇਰ ਕੇ ਉਨ੍ਹਾਂ ਨੂੰ ਰਾਸ਼ਟਰੀ ਗੀਤ ਗਾਉਣ ਲਈ ਮਜਬੂਰ ਕੀਤਾ। ਉਨ੍ਹਾਂ ਵਿਚੋਂ ਇਕ ਨੌਜਵਾਨ ਫੈਜ਼ਾਨ ਦੀ ਛੇਤੀ ਹੀ ਮੌਤ ਹੋ ਗਈ। ਸੰਕਟ ਵਿਚ ਘਿਰੇ, ਡਰੇ ਹੋਏ ਲੋਕਾਂ ਦੀਆਂ ਸੈਂਕੜੇ ਕਾਲਾਂ ਪੁਲਿਸ ਨੇ ਨਜ਼ਰਅੰਦਾਜ਼ ਕਰ ਦਿੱਤੀਆਂ।
ਜਦ ਅੱਗਜ਼ਨੀ ਅਤੇ ਕਤਲਾਂ ਦਾ ਸਿਲਸਿਲਾ ਥੰਮ੍ਹ ਗਿਆ, ਤੇ ਆਖਿਰਕਾਰ ਜਦ ਸੈਂਕੜੇ ਸ਼ਿਕਾਇਤਾਂ ਸੁਣਨ ਦੀ ਵਾਰੀ ਆਈ ਤਾਂ ਪੀੜਤਾਂ ਦਾ ਬਿਆਨ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ‘ਚੋਂ ਹਮਲਾਵਰਾਂ ਦੇ ਨਾਮ ਅਤੇ ਉਨ੍ਹਾਂ ਦੀ ਸ਼ਨਾਖਤ ਹਟਾ ਦੇਣ, ਤੇ ਬੰਦੂਕਾਂ ਅਤੇ ਤਲਵਾਰਾਂ ਲਹਿਰਾਉਣ ਵਾਲੇ ਹਜੂਮ ਦੇ ਫਿਰਕੂ ਨਾਅਰੇ ਕੱਢ ਦੇਣ ਲਈ ਮਜਬੂਰ ਕੀਤਾ। ਵੱਖ ਵੱਖ ਲੋਕਾਂ ਦੀਆਂ ਵਿਸ਼ੇਸ਼ ਸ਼ਿਕਾਇਤਾਂ ਨੂੰ ਸਾਰਿਆਂ ਦੀਆਂ ਆਮ ਸ਼ਿਕਾਇਤਾਂ ਵਿਚ ਬਦਲ ਦਿੱਤਾ ਗਿਆ ਜਿਸ ਵਿਚ ਸਭ ਕੁਝ ਅੱਧ-ਅਧੂਰਾ ਸੀ ਅਤੇ ਕਸੂਰਵਾਰਾਂ ਨੂੰ ਬਚਾਉਣ ਵਾਲਾ ਸੀ (ਨਫਰਤ ਨਾਲ ਅੰਜਾਮ ਦਿੱਤੇ ਗਏ ਜੁਰਮਾਂ ਵਿਚੋਂ ਨਫਰਤ ਦੀ ਗੱਲ ਕੱਟ ਕੇ ਹਟਾ ਦਿੱਤੀ ਗਈ)।
ਇਕ ਵ੍ਹੱਟਸਐਪ ਚੈਟ ਵਿਚ ਪੂਰਬ-ਉਤਰੀ ਦਿੱਲੀ ਵਿਚ ਰਹਿਣ ਵਾਲੇ ਇਕ ਖਾਸ ਮੁਸਲਮਾਨ ਕਾਰਕੁਨ ਨੇ ਚੱਕਾ ਜਾਮ ਦੇ ਖਿਲਾਫ ਵਾਰ-ਵਾਰ ਆਪਣੀ ਰਾਇ ਜ਼ਾਹਿਰ ਕੀਤੀ ਸੀ। ਆਖਿਰਕਾਰ ਗਰੁਪ ਛੱਡਣ ਤੋਂ ਪਹਿਲਾਂ ਉਸ ਨੇ ਆਪਣਾ ਆਖਰੀ, ਕੁੜੱਤਣ ਭਰਿਆ ਸੰਦੇਸ਼ ਗਰੁਪ ਵਿਚ ਪਾਇਆ। ਇਹੀ ਉਹ ਸੰਦੇਸ਼ ਹੈ ਜਿਸ ਨੂੰ ਚੁੱਕ ਕੇ ਪੁਲਿਸ ਅਤੇ ਮੀਡੀਆ ਨੇ ਆਪਣੀ ਗੰਦੀ ਖੇਡ ਖੇਡਣੀ ਸ਼ੁਰੂ ਕੀਤੀ, ਤੇ ਪੂਰੇ ਗਰੁਪ ਨੂੰ ਬਦਨਾਮ ਕਰਨ ‘ਚ ਜੁੱਟ ਗਈ। ਇਸ ਗਰੁਪ ਜਿਸ ਵਿਚ ਭਾਰਤ ਦੇ ਸਭ ਤੋਂ ਸਨਮਾਨਿਤ ਕਾਰਕੁਨ, ਟੀਚਰ, ਫਿਲਮਸਾਜ਼ ਸ਼ਾਮਿਲ ਹਨ, ਨੂੰ ਜਾਨਲੇਵਾ ਇਰਾਦਿਆਂ ਵਾਲੇ ਹਿੰਸਕ ਸਾਜ਼ਿਸ਼ ਕਰਤਾਵਾਂ ਦੇ ਰੂਪ ‘ਚ ਪੇਸ਼ ਕੀਤਾ ਗਿਆ। ਇਸ ਤੋਂ ਬੇਤੁਕੀ ਗੱਲ ਹੋਰ ਕੋਈ ਹੋ ਸਕਦੀ ਹੈ?
ਲੇਕਿਨ ਇਹ ਸਾਬਤ ਕਰਨ ‘ਚ ਉਨ੍ਹਾਂ ਨੂੰ ਵਰ੍ਹੇ ਲੱਗ ਜਾਣਗੇ ਕਿ ਉਹ ਬੇਗੁਨਾਹ ਹਨ। ਉਦੋਂ ਤਕ ਸੰਭਵ ਹੈ, ਉਨ੍ਹਾਂ ਨੂੰ ਜੇਲ੍ਹ ਵਿਚ ਸੜਨਾ ਪਵੇ, ਉਨ੍ਹਾਂ ਦੀਆਂ ਜ਼ਿੰਦਗੀਆਂ ਪੂਰੀ ਤਰ੍ਹਾਂ ਤਬਾਹ ਹੋ ਜਾਣ, ਜਦਕਿ ਅਸਲ ਕਾਤਲ ਅਤੇ ਹਿੰਸਾ ਭੜਕਾਉਣ ਵਾਲੇ ਸੜਕਾਂ ਉਪਰ ਆਜ਼ਾਦੀ ਨਾਲ ਘੁੰਮਦੇ ਰਹਿਣਗੇ, ਤੇ ਚੋਣਾਂ ਜਿੱਤਦੇ ਰਹਿਣਗੇ। ਇਹ ਪੂਰਾ ਅਮਲ ਹੀ ਇਕ ਸਜ਼ਾ ਹੈ।
ਇਸ ਦੌਰਾਨ, ਬਹੁਤ ਸਾਰੀਆਂ ਆਜ਼ਾਦ ਮੀਡੀਆ ਰਿਪੋਰਟਾਂ, ਸਿਟੀਜ਼ਨਜ਼ ਤੱਥ ਖੋਜ ਰਿਪੋਰਟਾਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਦਿੱਲੀ ਪੁਲਿਸ ਨੂੰ ਪੂਰਬ-ਉਤਰੀ ਦਿੱਲੀ ਵਿਚ ਹੋਈ ਹਿੰਸਾ ਵਿਚ ਭਾਈਵਾਲ ਕਰਾਰ ਦਿੱਤਾ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਸਭ ਤੋਂ ਝੰਜੋੜਨ ਵਾਲੀਆਂ ਵੀਡੀਓ ਦੇਖਣ ਅਤੇ ਉਨ੍ਹਾਂ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਅਗਸਤ 2020 ਵਿਚ ਜਾਰੀ ਆਪਣੀ ਰਿਪੋਰਟ ਵਿਚ ਕਿਹਾ ਕਿ ਦਿੱਲੀ ਪੁਲਿਸ ਅੰਦੋਲਨਕਾਰੀਆਂ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਨੂੰ ਤਸੀਹੇ ਦੇਣ ਅਤੇ ਹਜੂਮ ਨਾਲ ਮਿਲੀਭੁਗਤ ਦੀ ਦੋਸ਼ੀ ਹੈ। ਉਦੋਂ ਤੋਂ ਲੈ ਕੇ ਐਮਨੈਸਟੀ ਉਪਰ ਵਿਤੀ ਗੜਬੜਾਂ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ, ਤੇ ਉਸ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਹਨ। ਉਸ ਨੂੰ ਭਾਰਤ ਵਿਚ ਆਪਣਾ ਦਫਤਰ ਬੰਦ ਕਰਨਾ ਪਿਆ ਅਤੇ ਇੱਥੇ ਕੰਮ ਕਰਨ ਵਾਲੇ ਸਾਰੇ 150 ਲੋਕਾਂ ਨੂੰ ਆਪਣੀ ਨੌਕਰੀ ਗਵਾਉਣੀ ਪਈ ਹੈ।
ਜਦ ਹਾਲਾਤ ਸੰਗੀਨ ਹੋਣ ਲੱਗਦੇ ਹਨ ਤਾਂ ਕੌਮਾਂਤਰੀ ਨਿਗਰਾਨ ਸਭ ਤੋਂ ਪਹਿਲਾਂ ਚਲੇ ਜਾਂਦੇ ਹਨ ਜਾਂ ਉਨ੍ਹਾਂ ਨੂੰ ਨਿਕਲ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਕਿੰਨੇ ਮੁਲਕਾਂ ਵਿਚ ਅਸੀਂ ਇਹ ਪਹਿਲਾਂ ਵੀ ਹੁੰਦਾ ਦੇਖ ਚੁੱਕੇ ਹਾਂ? ਜ਼ਰਾ ਸੋਚੋ। ਜਾਂ ਫਿਰ ਗੂਗਲ ਸਰਚ ਕਰ ਲਓ।
ਭਾਰਤ ਨੂੰ ਯੂ.ਐਨ. ਸਲਾਮਤੀ ਕੌਂਸਲ ਵਿਚ ਜਗ੍ਹਾ ਮਿਲਣੀ ਚਾਹੀਦੀ ਹੈ, ਦੁਨੀਆ ਦੇ ਮਾਮਲੇ ਤੈਅ ਕਰਨ ਦੇ ਹੱਕ ਵਿਚ ਹਿੱਸੇਦਾਰੀ ਮਿਲਣੀ ਚਾਹੀਦੀ ਹੈ; ਲੇਕਿਨ ਇਹ ਦੁਨੀਆ ਦੇ ਉਨ੍ਹਾਂ ਮੁਲਕਾਂ ਵਿਚੋਂ ਵੀ ਇਕ ਹੋਣਾ ਚਾਹੁੰਦਾ ਹੈ ਜੋ ਟਾਰਚਰ ਦੇ ਖਿਲਾਫ ਕੌਮਾਂਤਰੀ ਇਕਰਾਰਨਾਮੇ ਉਪਰ ਦਸਤਖਤ ਨਹੀਂ ਕਰਨਗੇ। ਇਹ ਇਕ-ਪਾਰਟੀ ਲੋਕਤੰਤਰ (ਇਕ ਵਿਡੰਬਨਾ ਜਾਂ ਵਿਰੋਧਾਭਾਸ) ਬਣਨਾ ਚਾਹੁੰਦਾ ਹੈ, ਤਮਾਮ ਜਵਾਬਦੇਹੀਆਂ ਤੋਂ ਮੁਕਤ।
ਪੁਲਿਸ ਨੇ 2020 ਦਿੱਲੀ ਸਾਜ਼ਿਸ਼ ਦੀ ਜੋ ਬੇਤੁਕੀ ਕਹਾਣੀ ਘੜੀ ਹੈ, ਤੇ ਉਨੀ ਹੀ ਬੇਤੁਕੀ 2018 ਦੀ ਭੀਮਾ-ਕੋਰੇਗਾਓਂ ਸਾਜ਼ਿਸ਼ ਦੀ ਕਹਾਣੀ ਸੀ (ਬੇਤੁਕਾ ਹੋਣਾ ਧਮਕੀਆਂ ਤੇ ਅਪਮਾਨ ਦਾ ਹਿੱਸਾ ਹੈ)। ਉਸ ਦਾ ਇਰਾਦਾ ਕਾਰਕੁਨਾਂ, ਵਿਦਿਆਰਥੀਆਂ, ਵਕੀਲਾਂ, ਲੇਖਕਾਂ, ਕਵੀਆਂ, ਪ੍ਰੋਫੈਸਰਾਂ, ਮਜ਼ਦੂਰ ਯੂਨੀਅਨ ਦੇ ਕਾਰਕੁਨਾਂ ਅਤੇ ਨਾਫਰਮਾਨੀ ਕਰਨ ਵਾਲੇ ਐਨ.ਜੀ.ਓਜ਼ ਨੂੰ ਗ੍ਰਿਫਤ ਵਿਚ ਲੈਣਾ ਅਤੇ ਜੇਲ੍ਹ ਭੇਜਣਾ ਹੈ। ਇਸ ਦਾ ਇਰਾਦਾ ਸਿਰਫ ਅਤੀਤ ਅਤੇ ਵਰਤਮਾਨ ਦੀਆਂ ਦਹਿਸ਼ਤਾਂ ਦਾ ਨਾਮੋ-ਨਿਸ਼ਾਨ ਮਿਟਾਣਾ ਹੀ ਨਹੀਂ ਹੈ ਸਗੋਂ ਆਉਣ ਵਾਲੇ ਵਕਤ ਦੇ ਲਈ ਰਾਹ ਪੱਧਰਾ ਕਰਨਾ ਵੀ ਹੈ।
ਮੇਰਾ ਅੰਦਾਜ਼ਾ ਹੈ ਕਿ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਅਸੀਂ ਦਸ ਲੱਖ ਪੰਨਿਆਂ ਦੇ ਸਬੂਤ ਇਕੱਠੇ ਕਰਨ ਦੀਆਂ ਕਵਾਇਦਾਂ ਅਤੇ 2000 ਪੰਨਿਆਂ ਦੇ ਅਦਾਲਤੀ ਫੈਸਲਿਆਂ ਦੇ ਲਈ ਸ਼ੁਕਰਗੁਜ਼ਾਰ ਬਣੀਏ। ਕਿਉਂਕਿ ਇਹ ਇਸ ਦੇ ਸਬੂਤ ਹਨ ਕਿ ਲੋਕਤੰਤਰ ਦੀ ਲਾਸ਼ ਅਜੇ ਵੀ ਘੜੀਸੀ ਜਾ ਰਹੀ ਹੈ। ਹਾਥਰਸ ਦੀ ਉਸ ਮਾਰ ਦਿੱਤੀ ਗਈ ਲੜਕੀ ਦੇ ਉਲਟ, ਅਜੇ ਉਸ ਦਾ ਦਾਹ-ਸੰਸਕਾਰ ਨਹੀਂ ਹੋਇਆ ਹੈ। ਲਾਸ਼ ਦੇ ਰੂਪ ‘ਚ ਵੀ ਉਹ ਆਪਣਾ ਤਾਣ ਲਾ ਰਹੀ ਹੈ, ਇਸ ਨਾਲ ਚੀਜ਼ਾਂ ਦੀ ਰਫਤਾਰ ਮੱਠੀ ਪੈ ਗਈ ਹੈ। ਉਹ ਦਿਨ ਦੂਰ ਨਹੀਂ, ਜਦ ਇਸ ਨੂੰ ਟਿਕਾਣੇ ਲਗਾ ਦਿੱਤਾ ਜਾਵੇਗਾ ਅਤੇ ਫਿਰ ਚੀਜ਼ਾਂ ਰਫਤਾਰ ਫੜਨਗੀਆਂ। ਸਾਡੇ ਉਪਰ ਜੋ ਲੋਕ ਹਕੂਮਤ ਕਰ ਰਹੇ ਹਨ, ਉਨ੍ਹਾਂ ਦਾ ਅਣਕਿਹਾ ਨਾਅਰਾ ਸ਼ਾਇਦ ਇਹ ਹੋ ਸਕਦਾ ਹੈ – ਇਕ ਧੱਕਾ ਹੋਰ ਦਿਓ, ਲੋਕਤੰਤਰ ਨੂੰ ਖਤਮ ਕਰੋ।
ਜਦ ਉਹ ਦਿਨ ਆਵੇਗਾ ਤਾਂ ਹਿਰਾਸਤ ਵਿਚ ਸਾਲਾਨਾ 1700 ਕਤਲ ਸਾਡੇ ਹਾਲੀਆ, ਗੌਰਵਮਈ ਅਤੀਤ ਦੀ ਖੁਸ਼ਨੁਮਾ ਯਾਦ ਲੱਗਣ ਲੱਗ ਜਾਣਗੇ; ਲੇਕਿਨ ਸਾਨੂੰ ਇਸ ਨਿੱਕੀ ਜਿਹੀ ਗੱਲ ਦੀ ਕੋਈ ਪ੍ਰਵਾਹ ਨਹੀਂ। ਅਸੀਂ ਤਾਂ ਬੱਸ, ਉਨ੍ਹਾਂ ਲੋਕਾਂ ਨੂੰ ਵੋਟ ਪਾਉਂਦੇ ਰਹੀਏ ਜਿਹੜੇ ਸਾਨੂੰ ਬਦਹਾਲੀ ਤੇ ਯੁੱਧ ਵਲ ਲਿਜਾ ਰਹੇ ਹਨ, ਜੋ ਸਾਨੂੰ ਲੀਰੋ ਲੀਰ ਕਰ ਰਹੇ ਹਨ। ਘੱਟੋ-ਘੱਟ ਉਹ ਸਾਡੇ ਲਈ ਮਹਾਂ ਮੰਦਿਰ ਤਾਂ ਬਣਾ ਰਹੇ ਹਨ। ਇਹ ਕਿਤੇ ਛੋਟੀ ਗੱਲ ਹੈ!
(ਸਮਾਪਤ)