ਜਗਿਆਸਾ ਦੀ ਜੋਤ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਬੋਲਾਂ ਦੇ ਬੋਲ ਸੁਣਾਏ ਸਨ ਕਿ ਕਈ ਵਾਰ ਇਕ ਹੀ ਬੋਲ ਮਨੁੱਖੀ ਸਮੁੱਚਤਾ ਨੂੰ ਬਦਲ ਦਿੰਦਾ ਤੇ ਇਕ ਹੀ ਬੋਲ ਕੁਰਾਹੇ ਪਾਉਂਦਾ; ਇਕ ਹੀ ਬੋਲ ਕਾਇਆ-ਕਲਪ ਤੇ ਇਕ ਹੀ ਬੋਲ ਬਰਬਾਦੀ; ਇਕ ਹੀ ਬੋਲ ਅੱਗ ਦੇ ਭਾਂਬੜ ਅਤੇ ਇਕ ਹੀ ਬੋਲ ਪਾਣੀ ਦੀਆਂ ਫੁਹਾਰਾਂ।

ਇਕ ਹੀ ਬੋਲ ਰਿਸ਼ਤਿਆਂ ਵਿਚਲੀ ਤ੍ਰੇੜ ਅਤੇ ਇਕ ਹੀ ਬੋਲ ਸਬੰਧਾਂ ਦੀ ਭਰਪਾਈ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਜਗਿਆਸਾ ਦੀ ਜਾਗ ਲਾਉਣ ਦੀ ਨਸੀਹਤ ਕੀਤੀ ਹੈ। ਉਹ ਕਹਿੰਦੇ ਹਨ ਕਿ ਜਗਿਆਸਾ ਜਿਉਂਦੀ ਤਾਂ ਬੰਦਾ ਜਿਉਂਦਾ। ‘ਕੇਰਾਂ ਜਗਿਆਸਾ ਮਰ ਜਾਵੇ ਤਾਂ ਵਿਅਕਤੀਤਵ ਦਾ ਵਿਕਾਸ ਰੁਕ ਜਾਂਦਾ। ਜਗਿਆਸਾ ਜਦ ਵਿਅਕਤੀ ਵਿਚ ਪੈਦਾ ਹੁੰਦੀ ਤਾਂ ਵਿਅਕਤੀ ਪੂਰਨ ਰੂਪ ਵਿਚ ਬਦਲ ਜਾਂਦਾ, ਕਿਉਂਕਿ ਜਗਿਆਸਾ ਹੀ ਬਦਲਾਅ ਦਾ ਸ਼ੁਭ-ਅਰੰਭ ਹੁੰਦਾ। ਡਾ. ਭੰਡਾਲ ਕਹਿੰਦੇ ਹਨ, “ਜਗਿਆਸਾ, ਗਿਆਨ ਦੀ ਹੋਵੇ ਜਾਂ ਧਿਆਨ ਦੀ, ਸ਼ਬਦਾਂ ਦੀ ਹੋਵੇ ਜਾਂ ਸਿਆਣਪ ਦੀ, ਜਾਗਰੂਕਤਾ ਦੀ ਹੋਵੇ ਜਾਂ ਜਜ਼ਬਾਤ ਦੀ ਅਤੇ ਜਰੂਰਤਾਂ ਦੀ ਹੋਵੇ ਜਾਂ ਜੋਖਮ ਦੀ-ਹਰੇਕ ਕਿਸਮ ਦੀ ਜਗਿਆਸਾ ਹੀ ਜ਼ਿੰਦਗੀ ਨੂੰ ਨਿਰਧਾਰਤ ਤੇ ਪਰਿਭਾਸ਼ਤ ਕਰਨ ਲਈ ਬਹੁਤ ਅਹਿਮ।” ਉਨ੍ਹਾਂ ਸੁਚੇਤ ਕੀਤਾ ਹੈ ਕਿ ਜਗਿਆਸੂ ਬਣੋ, ਪਰ ਕਦੇ ਵੀ ਭਿੱਕਸ਼ੂ ਨਾ ਬਣੋ, ਕਿਉਂਕਿ ਜਗਿਆਸਾ ਨਵੀਆਂ ਕਿਰਨਾਂ ਨੂੰ ਮਸਤਕ ਵਿਸ਼ਾਲਤਾ ਦੇ ਨਾਮ ਕਰਦੀ, ਜਦੋਂ ਕਿ ਭਿੱਕਸ਼ੂ ਬਣ ਕੇ ਹੱਥ ਵਿਚ ਤਸਲੀ ਅਤੇ ਮੋਢੇ ‘ਤੇ ਬਗਲੀ ਪਾ ਕੇ ਦਰ-ਬ-ਦਰ ਭਟਕਣਾ ਪੈਂਦਾ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਜਗਿਆਸਾ ਕਿਸੇ ਵਸਤੂ, ਵਰਤਾਰਾ, ਵਿਲੱਖਣਤਾ, ਵਿਹਾਰ, ਵਿਅਕਤੀ, ਵਿਚਾਰ ਜਾਂ ਵਰਤਾਰੇ ਨੂੰ ਸਮਝਣ, ਸੋਚਣ ਅਤੇ ਇਸ ਦੀਆਂ ਪਰਤਾਂ ਨੂੰ ਉਘਾੜਨ ਦੀ ਤਾਂਘ।
ਜਗਿਆਸਾ, ਆਲੇ-ਦੁਆਲੇ ਨੂੰ ਨਿਹਾਰਨ, ਇਸ ਦੀਆਂ ਝੀਤਾਂ ਵਿਚੋਂ ਕੁਝ ਨਵੇਂ, ਨਰੋਏ, ਨਿਵੇਕਲੇ ਤੇ ਨਿੱਗਰ ਨੂੰ ਜਾਚਣ ਅਤੇ ਨਵੀਆਂ ਤਰਜੀਹਾਂ ਤੇ ਤਦਬੀਰਾਂ ਵਿਚੋਂ ਵਿਸਥਾਰਨ ਦੀ ਲੋਚਾ।
ਜਗਿਆਸਾ, ਮਨੁੱਖ ਵਿਚੋਂ ਮਾਨਵਤਾ ਨੂੰ ਲੱਭਣ, ਮਨੁੱਖੀ ਬਿਰਤੀਆਂ ਨੂੰ ਤਲਾਸ਼ਣ ਜਾਂ ਮਨੁੱਖ ਦੇ ਅਮਾਨਵੀ ਵਰਤਾਰਿਆਂ ਨੂੰ ਸਮਝ ਕੇ ਇਨ੍ਹਾਂ ਤੋਂ ਦੂਰੀ ਬਣਾਉਣ ਦਾ ਤਰੀਕਾ।
ਜਗਿਆਸਾ, ਮਨੁੱਖੀ ਸੋਚ ਦਾ ਉਹ ਹਿੱਸਾ, ਜਿਸ ਵਿਚੋਂ ਨਵੀਆਂ ਸੋਚਾਂ, ਸੰਭਾਵਨਾਵਾਂ, ਸੁਪਨਿਆਂ ਅਤੇ ਸਫਲਤਾਵਾਂ ਨੂੰ ਆਪਣੇ ਨਾਮ ਕਰਨ ਦਾ ਹੌਂਸਲਾ ਅਤੇ ਹੱਠ ਪੈਦਾ ਹੁੰਦਾ।
ਜਗਿਆਸਾ, ਸਮਰੱਥਾ ਤੇ ਸਾਧਨਾ, ਸਿਰੜ ਤੇ ਸਮਰਪਣ ਅਤੇ ਸੇਧ ਤੇ ਸਫਰ ਨੂੰ ਨਵੀਂ ਉਡਾਣ ਦੇਣ ਦਾ ਨਾਮ, ਜਿਸ ਵਿਚੋਂ ਹੁੰਦੀ ਬਹੁਤ ਸਾਰੀਆਂ ਧਰਾਤਲਾਂ ਦੀ ਨਿਸ਼ਾਨਦੇਹੀ।
ਜਗਿਆਸਾ, ਜੱਗ ਨੂੰ ਨੀਝ ਨਾਲ ਨਿਹਾਰਨਾ, ਜੀਵ ਸੰਸਾਰ ਵਿਚਲੀਆਂ ਵਿਲੱਖਣਤਾਵਾਂ ਅਤੇ ਵਿਭਿੰਨਤਾਵਾਂ ਨੂੰ ਵਿਚਾਰਨ ਅਤੇ ਇਸ ਦੀਆਂ ਤਹਿਆਂ ਫਰੋਲਣ ਦਾ ਕਰਮ।
ਜਗਿਆਸਾ ਸਮੇਂ ਦਾ ਹਾਣੀ ਹੋਣਾ, ਸਮਰੱਥਾ ਨੂੰ ਵਧਾਉਣਾ ਅਤੇ ਨਵੀਆਂ ਪੈੜਾਂ ਦੀ ਸਿਰਜਣਾ ਦਾ ਨਾਮ। ਖੁਦ ਵਿਚੋਂ ਖੁਦਾਈ ਨੂੰ ਰੁਸ਼ਨਾਉਣ ਅਤੇ ਚਮਕਾਉਣ ਦੀ ਲੋਚਾ।
ਜਗਿਆਸਾ, ਜਜ਼ਬਾਤ ਨੂੰ ਜਜ਼ਬ ਕਰ ਕੇ, ਇਸ ਦੀ ਝੀਤ ਵਿਚੋਂ ਨਵੀਆਂ ਰਾਹਾਂ ਤੇ ਪੈੜਾਂ ਦੀ ਨਿਸ਼ਾਨਦੇਹੀ ਕਰਨਾ, ਜਿਨ੍ਹਾਂ ਨਾਲ ਮਨੁੱਖਤਾ ਦਾ ਮੁਹਾਂਦਰਾ ਰੁਸ਼ਨਾਇਆ ਜਾ ਸਕੇ।
ਜਗਿਆਸਾ ਹੀ ਜਨਮਦੀ ਏ ਜੋਗੀਆਂ ਵਿਚ ਜੋਗ ਕਮਾਉਣ ਦੀ ਬਿਰਤੀ। ਖੁਦ ਦੀ ਤਲਾਸ਼ ਵਿਚ ਜੰਗਲ ਬੇਲਿਆਂ ਨੂੰ ਗਾਹੁਣਾ। ਇਸ ਜਗਿਆਸਾ ਦੀ ਪੂਰਤੀ, ਜੀਵਨ ਭਰ ਦਾ ਜੋਗ ਕਮਾਉਣ ਨਾਲ ਹੀ ਨੇਪਰੇ ਚੜ੍ਹਦੀ।
ਜਗਿਆਸਾ ਜੁਝਾਰੂਆਂ, ਜੰਗਜੂਆਂ ਦੀ ਅਮਾਨਤ। ਜਜ਼ਬਾਤ ਤੇ ਜਜ਼ਬਿਆਂ ਨਾਲ ਭਰਪੂਰ। ਜ਼ਬਤ ਵਿਚ ਰਹਿ ਕੇ ਨਵੀਆਂ ਰਹਿਤਲਾਂ ਨੂੰ ਆਪਣੀ ਸੋਚ ਦੇ ਨਾਮ ਲਾਉਣ ਦਾ ਕਰਮ। ਰਹਿਤਲਾਂ, ਜਿਨ੍ਹਾਂ ਵਿਚੋਂ ਸੁਰਖ ਸਵੇਰਿਆਂ ਦਾ ਜਨਮ ਹੁੰਦਾ।
ਜਗਿਆਸਾ, ਜਨਮਜਾਤ ਹੁੰਦੀ। ਨਵ-ਜਨਮੇ ਬੱਚੇ ਦੇ ਮਨ ਵਿਚ ਖਾਣ ਪੀਣ ਦੀ ਜਗਿਆਸਾ। ਨਵਾਂ ਸਿੱਖਣ ਤੇ ਕੁਝ ਅਵੱਲਾ ਕਰਨ ਦੀ ਲੋਚਾ। ਇਸ ਜਗਿਆਸਾ ਕਾਰਨ ਕਈ ਵਾਰ ਅਣਭੋਲ ਬੱਚਾ ਸੱਟਾਂ ਵੀ ਲਵਾ ਬਹਿੰਦਾ ਜਾਂ ਹੋਰ ਵੀ ਨੁਕਸਾਨ ਹੁੰਦਾ, ਪਰ ਬੱਚੇ ਦੇ ਮਨ ਵਿਚਲੀ ਜਗਿਆਸਾ ਕਦੇ ਮੱਠੀ ਨਹੀਂ ਪੈਂਦੀ। ਉਹ ਹਰਦਮ ਕੁਝ ਨਾ ਕੁਝ ਨਵਾਂ ਸਿੱਖਣ ਅਤੇ ਸਮਝਣ ਲਈ ਉਤਾਵਲਾ ਹੀ ਰਹਿੰਦਾ। ਕਈ ਵਾਰ ਮਾਸੂਮ ਬੱਚੇ ਦਾ ਤਵੇ ‘ਤੇ ਹੱਥ ਧਰਨਾ, ਬਲਦੇ ਦੀਵੇ ਦੀ ਲਾਟ ਨੂੰ ਪਕੜਨਾ ਜਾਂ ਕਿਸੇ ਜ਼ਹਿਰੀਲੀ ਚੀਜ਼ ਨੂੰ ਚੱਖਣਾ, ਆਦਿ ਦਰਅਸਲ ਉਸ ਦੀ ਜਗਿਆਸਾ ਦਾ ਇਕ ਰੂਪ ਹੁੰਦਾ ਅਤੇ ਅਜਿਹੀ ਜਗਿਆਸਾ, ਨਾ-ਸਮਝੀ ਕਾਰਨ ਕਈ ਵਾਰ ਘਾਤਕ ਵੀ ਹੁੰਦੀ।
ਜਗਿਆਸਾ ਜਿਉਂਦੀ ਤਾਂ ਬੰਦਾ ਜਿਉਂਦਾ। ਉਸ ਦੇ ਮਨ ਵਿਚ ਕੁਝ ਨਵਾਂ ਸਿੱਖਣ, ਕਰਨ ਅਤੇ ਵਿਚਾਰਾਂ ਦੀ ਨਿਰੰਤਰਤਾ ਜਾਰੀ ਰਹਿੰਦੀ ਤਾਂ ਮਨੁੱਖ ਸਮੇਂ ਨਾਲ ਮੋਢਾ ਮਿਲਾ ਕੇ ਚੱਲਣ ਦੇ ਸਮਰੱਥ ਹੁੰਦਾ। ਵਰਨਾ ਮਨੁੱਖ ਬਹੁਤ ਪੱਛੜ ਜਾਂਦਾ। ਜੀਵਨ ਵਿਚ ਆਪਣੇ ਆਪ ਦਾ ਨਵੀਨੀਕਰਨ ਦਰਅਸਲ ਮਨੁੱਖ ਦੇ ਵਿਸਥਾਰ ਦਾ ਇਕ ਹੀ ਰੂਪ। ਇਹ ਜਿਉਂਦੇ, ਜਾਗਦੇ ਅਤੇ ਸੁਚੇਤ ਮਨੁੱਖ ਦਾ ਪਹਿਲਾ ਕਰਮ ਅਤੇ ਉਦਮ। ਕਦਰਾਂ-ਕੀਮਤਾਂ ‘ਤੇ ਪਹਿਰਾ ਦਿੰਦਿਆਂ ਜਦ ਅਸੀਂ ਨਵੀਂ ਤਕਨਾਲੌਜੀ, ਲੋੜਾਂ ਅਤੇ ਸਿਸਟਮ ਨੂੰ ਸਮਝ ਕੇ ਇਸ ਦੀ ਸਹੀ ਵਰਤੋਂ ਨੂੰ ਆਪਣੀ ਜੀਵਨ-ਜਾਚ ਬਣਾਂਵਾਂਗੇ ਤਾਂ ਅਸੀਂ ਪਿਛਲੱਗ ਕਹਾਉਣ ਤੋਂ ਬਚੇ ਰਹਾਂਗੇ।
ਜਗਿਆਸਾ ਹਰ ਮਨੁੱਖ ਦਾ ਸਭ ਤੋਂ ਉਤਮ ਅਤੇ ਸੁੱਚਮ ਗੁਣ। ਇਸ ਗੁਣ ਸਦਕਾ ਹੀ ਮਨੁੱਖ ਨੂੰ ਦੂਜੇ ਕੋਲੋਂ ਵਖਰਿਆਇਆ ਜਾ ਸਕਦਾ। ਜਗਿਆਸੂ ਲੋਕ ਹੀ ਸਮਿਆਂ ਦੀਆਂ ਨਵੀਆਂ ਚੁਣੌਤੀਆਂ, ਮਜਬੂਰੀਆਂ, ਮੁਸ਼ਕਿਲਾਂ ਅਤੇ ਮੁਸੀਬਤਾਂ ਨੂੰ ਸਮਝ ਕੇ ਇਸ ਦੇ ਉਪਾਅ ਲਈ ਸਾਜ਼ਗਾਰ ਹੱਲ ਜਰੂਰ ਤਲਾਸ਼ਦੇ, ਕਿਉਂਕਿ ਵਕਤ ਦੇ ਬਦਲਣ ਨਾਲ ਬਹੁਤ ਕੁਝ ਬਦਲਦਾ ਹੈ। ਇਨ੍ਹਾਂ ਬਦਲਾਵਾਂ ਵਿਚ ਮਨੁੱਖ ਦਾ ਬਦਲਣਾ ਅਤੇ ਬਦਲਦੇ ਹਾਲਾਤਾਂ ਅਨੁਸਾਰ ਖੁਦ ਨੂੰ ਢਾਲਣਾ, ਪ੍ਰਗਤੀ ਦਾ ਸੂਚਕ ਹੁੰਦਾ।
ਜਗਿਆਸਾ, ਗਿਆਨ ਦੀ ਹੋਵੇ ਜਾਂ ਧਿਆਨ ਦੀ, ਸ਼ਬਦਾਂ ਦੀ ਹੋਵੇ ਜਾਂ ਸਿਆਣਪ ਦੀ, ਜਾਗਰੂਕਤਾ ਦੀ ਹੋਵੇ ਜਾਂ ਜਜ਼ਬਾਤ ਦੀ ਅਤੇ ਜਰੂਰਤਾਂ ਦੀ ਹੋਵੇ ਜਾਂ ਜੋਖਮ ਦੀ-ਹਰੇਕ ਕਿਸਮ ਦੀ ਜਗਿਆਸਾ ਹੀ ਜ਼ਿੰਦਗੀ ਨੂੰ ਨਿਰਧਾਰਤ ਤੇ ਪਰਿਭਾਸ਼ਤ ਕਰਨ ਲਈ ਬਹੁਤ ਅਹਿਮ।
ਜਗਿਆਸਾ, ਸਿਰਫ ਜਾਗਦੇ ਮਨੁੱਖਾਂ ਦੀ ਵਿਸ਼ੇਸ਼ਤਾ। ਸੁੱਤੇ ਹੋਏ ਲੋਕਾਂ ਨੂੰ ਤਾਂ ਜਗਿਆਸਾ ਦਾ ਪਤਾ ਹੀ ਨਹੀਂ। ਸੋ ਜਗਿਆਸਾ ਦਾ ਜਾਗ ਲਾਉਣ ਲਈ ਕੁਝ ਉਦਮੀ ਤੇ ਕਰਮਯੋਗੀ ਆਪਣੇ ਜੀਵਨ ਨੂੰ ਮਾਨਵਤਾ ਦੇ ਨਾਮ ਲਾਉਂਦੇ। ਜਦ ਮਨੁੱਖ ਨੂੰ ਆਪਣੇ ਆਦਰਸ਼ਾਂ, ਅਮਲਾਂ, ਅਸੂਲਾਂ, ਫਰਜ਼ਾਂ ਅਤੇ ਹੱਕਾਂ ਪ੍ਰਤੀ ਚੇਤਨਾ ਹੋਵੇਗੀ ਤਾਂ ਉਸ ਨੂੰ ਕੋਈ ਵਰਗਲਾ ਨਹੀਂ ਸਕਦਾ।
ਜਗਿਆਸਾ ਕਈ ਵਾਰ ਨੁਕਸਾਨ ਦੇਹ। ਨੌਜਵਾਨ ਪੀੜ੍ਹੀ ਦਾ ਨਸ਼ਿਆਂ ਪ੍ਰਤੀ ਰੁਝਾਨ, ਸਭ ਤੋਂ ਪਹਿਲਾਂ ਜਗਿਆਸਾ ਵਿਚੋਂ ਹੀ ਪੈਦਾ ਹੁੰਦਾ ਕਿ ਨਸ਼ਾ ਲੈਣ ਨਾਲ ਕੀ ਹੁੰਦਾ ਏ? ਇਸ ਪਿਛੋਂ ਉਹ ਨਸ਼ਿਆਂ ਦੀ ਦਲਦਲ ਵਿਚ ਅਜਿਹੇ ਗ੍ਰਸਤ ਹੋ ਜਾਂਦੇ ਕਿ ਉਨ੍ਹਾਂ ਦੀ ਜੀਵਨ-ਪਗਡੰਡੀ, ਸਿਵਿਆਂ ਨੂੰ ਜਾਂਦਾ ਰਾਹ ਬਣ ਜਾਂਦੀ। ਅਜਿਹੀ ਜਗਿਆਸਾ ਮਨ ਵਿਚ ਪੈਦਾ ਕਰਨ ਤੋਂ ਪਹਿਲਾਂ ਜਗਿਆਸਾ ਦੇ ਰੂਪ, ਰੰਗ, ਸੁਭਾਅ, ਪਰਤਾਂ ਨੂੰ ਫਰੋਲਣ ਅਤੇ ਇਸ ਦੇ ਸਿੱਟਿਆਂ ਨੂੰ ਸਮਝਣ ਦੀ ਸੋਝੀ ਜਰੂਰੀ ਹੈ।
ਜਗਿਆਸਾ ਹੀ ਮਨ ਵਿਚ ਪੈਦਾ ਹੋਈ ਸੀ ਕਿ ਬਾਬੇ ਨਾਨਕ ਨੇ ਉਦਾਸੀਆਂ ਨੂੰ ਜੀਵਨ ਦਾ ਮਕਸਦ ਬਣਾਇਆ ਤਾਂ ਕਿ ਉਹ ਆਪਣੇ ਮਨ ਵਿਚ ਉਪਜੀ ਜਗਿਆਸਾ ਦਾ, ਲੋਕਾਈ ਦੇ ਮਨਾਂ ਵਿਚ ਜਾਗ ਲਾ, ਉਨ੍ਹਾਂ ਦੀਆਂ ਸੁੱਤੀਆਂ ਚੇਤਨਾਵਾਂ ਨੂੰ ਜਗਾਉਣ ਅਤੇ ਉਨ੍ਹਾਂ ਦੇ ਦੁੱਖਾਂ ਦੇ ਨਿਵਾਰਨ ਲਈ ਦਵਾ ਬਣ ਸਕਣ।
ਜਗਿਆਸਾ, ਖੋਜੀਆਂ, ਵਿਗਿਆਨੀਆਂ, ਕਲਾਕਾਰਾਂ, ਕਵੀਆਂ, ਕਲਮਕਾਰਾਂ ਅਤੇ ਕਿਰਤੀਆਂ ਦਾ ਸਭ ਤੋਂ ਸੁੰਦਰ ਅਤੇ ਸਾਰਥਕ ਹਥਿਆਰ, ਕਿਉਂਕਿ ਉਨ੍ਹਾਂ ਦੀ ਜਗਿਆਸਾ ਹੀ ਨਵੀਆਂ ਖੋਜਾਂ, ਪ੍ਰਾਪਤੀਆਂ, ਕੀਰਤੀਆਂ, ਕਿਰਤਾਂ ਤੇ ਕਲਾਵਾਂ ਨੂੰ ਜਨਮ ਦਿੰਦੀ, ਜਿਨ੍ਹਾਂ ‘ਤੇ ਮਨੁੱਖ ਨੂੰ ਮਾਣ ਹੁੰਦਾ। ਇਹ ਅਗਲੀਆਂ ਨਸਲਾਂ ਲਈ ਪ੍ਰੇਰਨਾ ਵੀ ਬਣਦੀਆਂ, ਕਿਉਂਕਿ ਅਜਿਹੇ ਲੋਕ ਹੀ ਰੋਲ ਮਾਡਲ ਬਣ ਕੇ, ਲੋਕ-ਸੋਚਾਂ ਤੇ ਸੁਪਨਿਆਂ ਨੂੰ ਪ੍ਰਭਾਵਤ ਕਰਦੇ। ਉਨ੍ਹਾਂ ਦੇ ਮਨ ਵਿਚ ਕੁਝ ਨਵਾਂ ਕਰਨ ਅਤੇ ਸਿਰਜਣ ਦਾ ਸੁਹਜ ਪੈਦਾ ਹੁੰਦਾ।
ਜਗਿਆਸਾ, ਅਚਨਚੇਤੀ ਆਫਤ ਦੇ ਮੌਕੇ ‘ਤੇ ਸਭ ਤੋਂ ਸਾਜ਼ਗਾਰ, ਕਿਉਂਕਿ ਨਵੀਆਂ ਚੁਣੌਤੀਆਂ ‘ਤੇ ਕਾਬੂ ਪਾਉਣ ਲਈ ਜਗਿਆਸੂ ਹੀ ਕਿਸੇ ਕਸ਼ਟ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ, ਸਮਝਣ ਅਤੇ ਅਲਾਮਤਾਂ ਨਾਲ ਨਜਿੱਠਣ ਲਈ ਸਹੀ ਤੇ ਸਿੱਕੇਬੰਦ ਹੱਲ ਤਲਾਸ਼ਣ ਵਿਚ ਮਦਦਗਾਰ ਸਾਬਤ ਹੁੰਦੇ।
ਜਗਿਆਸਾ ਨੂੰ ਜਦ ਜ਼ਰਬ ਦਿੱਤੀ ਜਾਂਦੀ, ਹਲੂਣਿਆ ਜਾਂਦਾ ਜਾਂ ਕਿਸੇ ਦੀਆਂ ਸੁੱਤੀਆਂ ਕਲਾਂ ਨੂੰ ਜਗਾਇਆ ਜਾਂਦਾ ਤਾਂ ਇਹ ਕ੍ਰਿਸ਼ਮੇ ਕਰਦੀ। ਇਹ ਜਗਿਆਸਾ ਹੀ ਸੀ, ਜਿਸ ਕਾਰਨ ਨਿਊਟਨ ਨੇ ਡਿੱਗ ਰਹੇ ਅੰਬ ਨੂੰ ਦੇਖ ਕੇ ਗੁਰੂਤਾ ਦੇ ਸਿਧਾਂਤ, ਵਿਗਿਆਨ ਦੀ ਝੋਲੀ ਪਾਏ।
ਜਗਿਆਸਾ ਦਰਅਸਲ ਕਿਉਂ, ਕੀ, ਕਿਵੇਂ, ਕਿਸ ਤਰਾਂ, ਕੀਕਣ, ਕਿੰਜ ਆਦਿ ਪ੍ਰਸ਼ਨਾਂ ਤੋਂ ਪੈਦਾ ਹੁੰਦੀ, ਜਿਹੜੇ ਕਿਸੇ ਵਿਅਕਤੀ ਦੇ ਮਨ ਵਿਚ ਕਿਸੇ ਵਰਤਾਰੇ, ਵਿਹਾਰ ਜਾਂ ਕਿਰਿਆ ਨੂੰ ਦੇਖ ਕੇ ਪੈਦਾ ਹੁੰਦੇ। ਇਸ ਲਈ ਜਗਿਆਸੂ ਬਣਨ ਲਈ ਜਰੂਰੀ ਹੈ ਕਿ ਬੰਦੇ ਦੇ ਮਨ ਵਿਚ ਪ੍ਰਸ਼ਨ ਜਰੂਰ ਪੈਦਾ ਹੋਣ ਕਿ ਅਜਿਹਾ ਕਿਉਂ ਹੋ ਰਿਹਾ ਏ, ਕੀ ਹੋ ਰਿਹਾ ਏ, ਕੌਣ ਕਰ ਰਿਹਾ ਏ, ਕੀ ਕਾਰਨ ਹਨ ਅਤੇ ਇਸ ਦੀਆਂ ਕੀ ਸੰਭਾਵਨਾਵਾਂ, ਸੀਮਾਵਾਂ ਅਤੇ ਸਾਰਥਿਕਤਾਵਾਂ ਹਨ? ਇਕ ਪਰਤ ਫਰੋਲਣ ਪਿਛੋਂ ਪਰਤ ਦਰ ਪਰਤ ਬਹੁਤ ਸਾਰੇ ਪ੍ਰਸ਼ਨ ਸਮਝ ਵੀ ਆ ਜਾਂਦੇ ਹਨ, ਪਰ ਕਈ ਵਾਰ ਕੁਝ ਨਵੇਂ ਪ੍ਰਸ਼ਨ ਵੀ ਪੈਦਾ ਹੋ ਜਾਂਦੇ ਨੇ। ਇਸ ਲਈ ਖੋਜ, ਵਿਕਾਸ ਤੇ ਵਿਸਥਾਰ ਇਕ ਬਿੰਦੂ ‘ਤੇ ਕਦੇ ਵੀ ਖਤਮ ਨਹੀਂ ਹੁੰਦੇ, ਸਗੋਂ ਇਕ ਪੜਾਅ ਪਿਛੋਂ ਹੋਰ ਦਿਸਹੱਦਿਆਂ ਦੀ ਨਿਸ਼ਾਨਦੇਹੀ ਹੋ ਜਾਂਦੀ, ਜਿਨ੍ਹਾਂ ਨੂੰ ਪ੍ਰਾਪਤ ਕਰਨ ਦੀ ਜਗਿਆਸਾ ਮਨ ਵਿਚ ਪੈਦਾ ਹੁੰਦੀ। ਇਸੇ ਲਈ ਕਲਾ, ਵਿਗਿਆਨ ਸਮੇਤ ਸਾਰੇ ਖੇਤਰਾਂ ਵਿਚ ਵਿਕਾਸ ਦੀ ਪ੍ਰਕ੍ਰਿਆ ਨਿਰੰਤਰ ਜਾਰੀ ਹੈ।
ਜਗਿਆਸਾ ਕਾਰਨ ਹੀ ਬੱਚੇ, ਵੱਡਿਆਂ ਕੋਲੋਂ ਹਮੇਸ਼ਾ ਸਵਾਲ ਪੁੱਛਦੇ ਨੇ। ਇਨ੍ਹਾਂ ਦੇ ਸਹੀ ਜਵਾਬਾਂ ਵਿਚੋਂ ਬੱਚਾ ਬਹੁਤ ਕੁਝ ਸਿੱਖਦਾ ਅਤੇ ਅਚੇਤ ਤੇ ਸੁਚੇਤ ਰੂਪ ਵਿਚ ਆਪਣੀ ਸਮਝ ਅਤੇ ਸੋਚ ਨੂੰ ਵਿਸ਼ਾਲਦਾ ਹੈ। ਬੱਚਾ ਜਦ ਪ੍ਰਸ਼ਨ ਪੁੱਛੇ ਤਾਂ ਕਦੇ ਵੀ ਝਿੜਕੋ ਨਾ। ਸਗੋਂ ਆਪਣੀ ਸੋਝੀ ਮੁਤਾਬਕ ਇਸ ਦੀ ਵਿਆਖਿਆ ਕਰੋ। ਬੱਚਾ ਜ਼ਿਆਦਾ ਸਿਆਣਾ ਅਤੇ ਸਮਝਦਾਰ ਹੋਵੇਗਾ। ਸਭ ਤੋਂ ਅਹਿਮ ਹੈ ਕਿ ਉਸ ਦੀ ਜਗਿਆਸਾ ਜਿਉਂਦੀ ਰਹੇਗੀ। ‘ਕੇਰਾਂ ਜਗਿਆਸਾ ਮਰ ਜਾਵੇ ਤਾਂ ਵਿਅਕਤੀਤੱਵ ਦਾ ਵਿਕਾਸ ਰੁਕ ਜਾਂਦਾ। ਇਹੀ ਵਰਤਾਰਾ ਅਧਿਆਪਕ ਅਤੇ ਵਿਦਿਆਰਥੀ ਦੇ ਸਬੰਧਾਂ ਨੂੰ ਸੁਚੱਜਤਾ ਜਾਂ ਕੁਚੱਜਤਾ ਦੇ ਸਕਦਾ। ਇਹ ਨਿਰੋਲ ਅਧਿਆਪਕ ‘ਤੇ ਨਿਰਭਰ ਏ ਕਿ ਉਸ ਨੇ ਆਪਣੇ ਵਿਦਿਆਰਥੀ ਦੇ ਪ੍ਰਸ਼ਨਾਂ ਦਾ ਜਵਾਬ ਦੇਣਾ ਏ ਜਾਂ ਝਿੜਕ ਕੇ ਬਿਠਾਉਣਾ ਹੈ? ਉਨ੍ਹਾਂ ਨੂੰ ਪ੍ਰਸ਼ਨ ਪੁੱਛਣ ਲਈ ਉਤਸ਼ਾਹਿਤ ਜਾਂ ਨਿਰਉਤਸ਼ਾਹਿਤ ਕਰਨਾ ਏ? ਇਸੇ ਲਈ ਕੁਝ ਅਧਿਆਪਕ ਵਿਦਿਆਰਥੀਆਂ ਦੇ ਚੇਤਿਆਂ ਵਿਚ ਪਿਆਰ ਨਾਲ ਯਾਦ ਕੀਤੇ ਜਾਂਦੇ, ਜਦੋਂ ਕਿ ਕੁਝ ਨਫਰਤ ਦੇ ਪਾਤਰ ਹੁੰਦੇ।
ਜਗਿਆਸਾ ਜਦ ਜਖਮੀ ਹੁੰਦੀ ਤਾਂ ਬੰਦਾ ਤੜਫੜਾਉਂਦਾ। ਇਸ ਦੀ ਚੀਸ ਨਾਲ ਬਹੁਤ ਕੁਝ ਅਜਿਹਾ ਤਹਿਸ਼-ਨਹਿਸ਼ ਹੋ ਜਾਂਦਾ, ਜਿਸ ਨੇ ਸਿਰਜਣਾ ਦੇ ਮਾਰਗ ਵਿਚੋਂ ਮਾਣਕ-ਮੋਤੀਆਂ ਦੀ ਖੇਤੀ ਕਰਨੀ ਹੁੰਦੀ ਆ।
ਜਗਿਆਸਾ, ਜ਼ਰੂਰਤ ਵਿਚੋਂ ਵੀ ਪੈਦਾ ਹੁੰਦੀ, ਕਿਉਂਕਿ ਲੋੜ ਕਾਢ ਦੀ ਮਾਂ ਹੁੰਦੀ ਹੈ। ਇਸ ਲਈ ਜਦ ਜਗਿਆਸਾ ਵਿਚੋਂ ਜ਼ਰੂਰਤ ਪੂਰਤੀ ਦਾ ਅਹਿਸਾਸ ਹੁੰਦਾ ਤਾਂ ਜਗਿਆਸਾ ਆਪਣੇ ਫਰਜ਼ ਪੂਰਤੀ ਨਾਲ ਨਸ਼ਿਆ ਜਾਂਦੀ।
ਜਗਿਆਸਾ ਨੂੰ ਕਦੇ ਵੀ ਨਾ ਰੋਕੋ, ਸਦਾ ਜਾਰੀ ਰੱਖੋ। ਕਿਸੇ ਮੋੜ, ਚੁਰਸਤੇ ਜਾਂ ਭੁੱਲ-ਭੁਲੱਈਆਂ ਵਿਚ ਕਦੇ ਵੀ ਨਾ ਗਵਾਚੋ, ਸਗੋਂ ਆਪਣੀ ਸੋਚ ਵਿਚਲੀ ਪਾਕੀਜ਼ਗੀ, ਪੁਖਤਗੀ ਅਤੇ ਪਕਿਆਈ ਨੂੰ ਕਾਇਮ ਰੱਖਦਿਆਂ, ਰਾਹਾਂ ਨੂੰ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕਰੋ। ਰੁਕਾਵਟ ਜੀਵਨ ਨਹੀਂ, ਸਗੋਂ ਨਿਰੰਤਰਤਾ ਹੀ ਜ਼ਿੰਦਗੀ ਦਾ ਨਾਮ ਹੈ।
ਜਗਿਆਸਾ ਕਦੇ ਜੰਗਾਲੀ ਨਹੀਂ ਜਾਂਦੀ। ਸਦਾ ਤਾਜ਼ਗੀ ਭਰਪੂਰ, ਸਾਫ, ਸਪਾਟ, ਸਪੱਸ਼ਟ ਜਾਂ ਲਿਸ਼ਕਵੀਂ ਆਭਾ ਵਾਲੀ। ਇਸ ਦੀ ਲਿਸਕੋਰ ਨੂੰ ਆਪਣੇ ਅੰਤਰੀਵ ਵਿਚ ਉਤਾਰੋ, ਤੁਹਾਨੂੰ ਖੁਦ ਵਿਚੋਂ ਖੁਦ ਨੂੰ ਵਿਸਥਾਰਨ ਅਤੇ ਉਭਾਰਨ ਦਾ ਸੁਨਹਿਰੀ ਮੌਕਾ ਮਿਲੇਗਾ।
ਜਗਿਆਸਾ, ਜਿੰ.ਦਗੀ ਨੂੰ ਸਮਝਣ ਅਤੇ ਇਸ ਦੇ ਮੂਲ ਨੂੰ ਜਾਣਨਾ। ਇਸ ਦੀ ਸਮਰੂਪਤਾ ਅਤੇ ਸਦੀਵਤਾ ਨਾਲ ਸਬੰਧਤ ਪ੍ਰਸ਼ਨਾਂ ਨੂੰ ਸੁਲਝਾਉਣ ਲਈ ਧਰਮੀ ਲੋਕ, ਜੀਵਨ ਨੂੰ ਦਾਅ ‘ਤੇ ਲਾਉਂਦੇ। ਇਸ ਦੀਆਂ ਗੁੱਝੀਆਂ ਗੁੰਝਲਾਂ, ਰਹਿਮਤਾਂ ਅਤੇ ਰਹੱਸਾਂ ਨੂੰ ਸਮਝਣ ਲਈ ਵੱਖੋ-ਵੱਖਰੇ ਧਰਮ। ਇਨ੍ਹਾਂ ਨੂੰ ਸਮਝਾਉਣ ਤੇ ਅਪਨਾਉਣ ਲਈ ਆਪੋ ਆਪਣੀਆਂ ਪਰੰਪਰਾਵਾਂ ਅਤੇ ਮਰਿਆਦਾਵਾਂ ਚਲਾਉਂਦੇ।
ਜਗਿਆਸਾ ਹੀ ਭਵਿੱਖ ਨੂੰ ਨਿਸ਼ਚਿਤ ਕਰਦੀ, ਕਿਉਂਂਕਿ ਜਗਿਆਸਾ ਵਿਚਲਾ ਦ੍ਰਿਸ਼ਟੀਕੋਣ, ਦਿੱਖ, ਸਿਧਾਂਤ ਅਤੇ ਸਮਝ ਭਵਿੱਖ ਨੂੰ ਵਿਊਂਤਣ ਅਤੇ ਉਸਾਰਨ ਵਿਚ ਅਹਿਮ।
ਜਗਿਆਸਾ ਜਦ ਵਿਅਕਤੀ ਵਿਚ ਪੈਦਾ ਹੁੰਦੀ ਤਾਂ ਵਿਅਕਤੀ ਪੂਰਨ ਰੂਪ ਵਿਚ ਬਦਲ ਜਾਂਦਾ, ਕਿਉਂਕਿ ਜਗਿਆਸਾ ਹੀ ਬਦਲਾਅ ਦਾ ਸ਼ੁਭ-ਅਰੰਭ ਹੁੰਦਾ।
ਜਗਿਆਸਾ, ਇਕ ਚਿੱਣਗ। ਮਹਾਨ ਵਿਚਾਰ, ਵੱਡੀਆਂ ਖੋਜਾਂ ਅਤੇ ਨਵੇਂ ਸਿਧਾਂਤ ਸਿਰਜਣ ਲਈ ਪ੍ਰਮੁੱਖ। ਇਸ ਚੰਗਿਆੜੀ ਨੂੰ ਕਦੇ ਨਾ ਬੁਝਾਓ ਅਤੇ ਨਾ ਹੀ ਇਸ ‘ਤੇ ਪਾਣੀ ਪਾਓ।
ਜਗਿਆਸਾ ਖੁਸ਼ੀ, ਖੇੜੇ, ਖੁਸ਼ਹਾਲੀ, ਖਬਤ ਅਤੇ ਖੈਰੀਅਤ ਦੀ ਖੈਰ-ਖੁਆਹ। ਅੰਤਰੀਵੀ ਹੁਲਾਸ, ਆਸ, ਸਕੂਨ, ਸਹਿਜ, ਸੁਹਜਤਾ ਅਤੇ ਸੁਖਨਤਾ ਦਾ ਆਧਾਰ ਅਤੇ ਅਪਣੱਤ ਭਰਪੂਰ ਖੁਦ ਨਾਲ ਪਿਆਰ।
ਜਗਿਆਸਾ ਵਿਚ ਕਦੇ ਡਰ ਨਾ ਪੈਦਾ ਕਰੋ, ਸਗੋਂ ਇਸ ਨੂੰ ਆਪਣੀ ਅਮਾਨਤ ਅਤੇ ਅੰਤਰੀਵਤਾ ਬਣਾਓ। ਇਹ ਅਮੀਰੀ ਗੁਣ, ਜੋ ਮਨੁੱਖ ਨੂੰ ਦੂਸਰਿਆਂ ਤੋਂ ਵੱਖ ਕਰਦਾ। ਜਗਿਆਸੂ, ਆਮ ਲੋਕਾਂ ਨਾਲੋਂ ਜ਼ਿਆਦਾ ਸੂਖਮ, ਸੰਵੇਦਨਸ਼ੀਲ ਅਤੇ ਤੀਖਣ ਬੁੱਧੀ ਦੇ ਮਾਲਕ।
ਜਗਿਆਸਾ ਇਕ ਪੁਲ ਜਿਹੀ, ਜੋ ਬਹੁਤ ਸਾਰੇ ਮਾਰਗਾਂ ਨੂੰ ਜੋੜਦੀ। ਨਵੀਆਂ ਸੰਭਾਵਨਾਵਾਂ ਪੈਦਾ ਕਰਦੀ ਅਤੇ ਨਿਵੇਕਲੀਆਂ ਪ੍ਰਾਪਤੀਆਂ ਲਈ ਮਾਰਗ ਸਿਰਜਦੀ। ਇਹ ਕਦੇ ਵੀ ਦੀਵਾਰ ਨਹੀਂ ਹੁੰਦੀ, ਜੋ ਪ੍ਰਗਤੀ ਦਾ ਰੋੜਾ ਬਣੇ।
ਜਗਿਆਸੂ ਲੋਕ ਨਿਰਸੁਆਰਥੀ ਅਤੇ ਨਿਆਰੇ, ਜੋ ਮਨੁੱਖਤਾ ਦੇ ਭਲੇ ਲਈ ਅਜਿਹੀਆਂ ਸੰਦਲੀ ਪੈੜਾਂ ਸਿਰਜਦੇ, ਜਿਨ੍ਹਾਂ ਨਾਲ ਸਿਰਜੇ ਇਤਿਹਾਸ ਨੂੰ ਆਪਣੀ ਅਹਿਮੀਅਤ ਅਤੇ ਹੈਸੀਅਤ ‘ਤੇ ਸਦਾ ਨਾਜ਼ ਰਹਿੰਦਾ।
ਜਗਿਆਸਾ, ਅੰਬਰ ਵਿਚਲੇ ਤਾਰਿਆਂ ਨੂੰ ਨਿਹਾਰਨਾ ਹੁੰਦਾ, ਨਾ ਕਿ ਆਪਣੇ ਪੈਰਾਂ ਵੱਲ ਹੀ ਝਾਕੀ ਜਾਣਾ। ਜਗਿਆਸਾ ਪਿੱਛਲਖੁਰੀ ਨਹੀਂ ਹੁੰਦੀ, ਇਹ ਅਗਲੇ ਸਫਰ ਦੀ ਤਿਆਰੀ ਅਤੇ ਤਾਜ਼ਗੀ ਹੁੰਦੀ। ਦਰਅਸਲ ਜਗਿਆਸਾ ਵਚਿੱਤਰਤਾ ਵਿਚੋਂ ਹੀ ਪੈਦਾ ਹੁੰਦੀ।
ਜਗਿਆਸਾ ਵਪਾਰ, ਰਾਜਨੀਤੀ, ਵਿਦਿਆ, ਸਿਹਤ, ਆਦਿ ਜੀਵਨ ਦੇ ਹਰ ਖੇਤਰ ਵਿਚ ਹਾਜ਼ਰ-ਨਾਜ਼ਰ। ਆਧੁਨਿਕ ਵਪਾਰ ਦੇ ਰੂਪਾਂ, ਪੜ੍ਹਾਈ ਦੇ ਤਰੀਕੇ, ਮੀਡੀਆ ‘ਚ ਆਇਆ ਇਨਕਲਾਬ ਜਾਂ ਮਾਡਰਨ ਤਕਨਾਲੌਜੀ ਵਿਚਲਾ ਅਥਾਹ ਵਿਸਥਾਰ, ਜਗਿਆਸਾ ਵਿਚੋਂ ਹੀ ਪੈਦਾ ਹੋਇਆ।
ਜਗਿਆਸਾ ਤਾਂ ਇਹ ਵੀ ਰਹਿੰਦੀ ਕਿ ਮੇਰੇ ਦੋਸਤ ਕੌਣ ਨੇ? ਕਿਹੜੇ ਸੱਚੇ ਤੇ ਕਿਹੜੇ ਫਰੇਬੀ? ਮੇਰੇ ਲਈ ਉਹ ਕੀ ਕਰ ਸਕਦੇ ਅਤੇ ਮੈਂ ਉਨ੍ਹਾਂ ਲਈ ਕੀ ਕਰ ਸਕਦਾਂ? ਦੋਸਤੀ ਨੂੰ ਨਿੱਜੀ ਮੁਫਾਦ ਜਾਂ ਸਰਬੱਤ ਦੇ ਭਲੇ ਲਈ ਕਿਵੇਂ ਵਰਤਿਆ ਜਾ ਸਕਦਾ? ਜਗਿਆਸੂ ਕੁਝ ਪਲ ਲਈ ਮੂਰਖ ਬਣ ਸਕਦਾ, ਪਰ ਜਗਿਆਸੂ ਨਾ ਹੋਣਾ ਤਾਂ ਸਦਾ ਲਈ ਮੂਰਖ ਬਣਨਾ ਹੁੰਦਾ।
ਜਗਿਆਸਾ, ਨਿੱਜੀ ਜਾਇਦਾਦ। ਮਨੁੱਖ ਦਾ ਹਾਸਲ, ਜਿਸ ਨੂੰ ਕੋਈ ਨਹੀਂ ਵੰਡਾ ਸਕਦਾ। ਨਾ ਹੀ ਇਸ ਦੀ ਬੋਲੀ ਲੱਗਦੀ, ਨਾ ਖਰੀਦੀ ਜਾ ਸਕਦੀ। ਕੋਈ ਹਾਕਮ ਇਸ ‘ਤੇ ਆਪਣੀ ਅਜਾਰੇਦਾਰੀ ਨਹੀਂ ਕਾਇਮ ਕਰ ਸਕਦਾ? ਮਨੁੱਖ ਦੇ ਮਨ ਵਿਚ ਪੈਦਾ ਹੋ ਰਹੀਆਂ ਸੋਚਾਂ, ਸੁਪਨਿਆਂ ਅਤੇ ਮਾਨਵੀ ਬਿਰਤੀਆਂ ਨੂੰ ਕਿਹੜੀਆਂ, ਜੰਜ਼ੀਰਾਂ, ਜੇਲਾਂ, ਜ਼ਬਰ ਜਾਂ ਜਬਰਦਸਤੀ ਦਬਾਇਆ ਜਾਂ ਜ਼ਬਤ ਕੀਤਾ ਜਾ ਸਕਦਾ? ਕਾਲ ਕੋਠੜੀ ਵਿਚ ਰਹਿੰਦੇ ਜਗਿਆਸੂ ਲੋਕ ਵੀ ਆਪਣੇ ਮਨ ਦੇ ਅੰਬਰਾਂ ਨੂੰ ਗਾਹੁੰਦੇ, ਨਰੋਈਆਂ ਸੁਪਨ-ਧਰਤੀਆਂ ਦੀ ਟੋਹ ਲਾਉਂਦੇ। ਇਨ੍ਹਾਂ ਨੂੰ ਮਨ ਦੀਆਂ ਸੂਖਮ ਸੋਚਾਂ ਦੇ ਨਾਮ ਲਾ, ਸਕੂਨ ਅਤੇ ਸਬਰ-ਸਬੂਰੀ ਅਵਚੇਤਨ ਦੇ ਨਾਮ ਕਰਦੇ। ਬਾਬਰ ਦੀ ਜੇਲ੍ਹ, ਬਾਬਾ ਨਾਨਕ ਦੀ ਜਗਿਆਸਾ ਨੂੰ ਖਤਮ ਨਾ ਕਰ ਸਕੀ। ਫਾਂਸੀ ਨੂੰ ਉਡੀਕਦਾ ਭਗਤ ਸਿੰਘ ਆਖਰੀ ਰਾਤ ਵੀ ਕਿਤਾਬ ਪੜ੍ਹਨ ਵਿਚ ਮਸ਼ਰੂਫ ਸੀ, ਕਿਉਂਕਿ ਉਸ ਨੇ ਚੰਗੇਰਾ ਪੜ੍ਹਨ ਦੀ ਜਗਿਆਸਾ, ਆਖਰੀ ਸਾਹ ਤੀਕ ਕਾਇਮ ਰੱਖੀ।
ਜਗਿਆਸਾ ਨੂੰ ਕਦੇ ਵੀ ਜਹਾਲਤ, ਜੁਲਮ, ਜ਼ਬਰ, ਜੋਖਮ ਜਾਂ ਜਖਮ ਨਾ ਬਣਾਓ, ਕਿਉਂਕਿ ਜਗਿਆਸਾ ਵਿਚੋਂ ਹੀ ਜੀਵਨ ਦੀ ਉਤਪਤੀ ਹੁੰਦੀ ਹੈ। ਨਕਾਰਾਤਮਕ ਜਗਿਆਸਾ ਮਰਨ ਮਿੱਟੀ ਢੋਣ ਲਈ ਮਜਬੂਰ ਹੁੰਦੀ। ਅਜਿਹੀ ਜਗਿਆਸਾ ਪਾਲਣ ਵਾਲੇ ਲੋਕ ਜਲਦੀ ਹੀ ਲੋਕ-ਚੇਤਿਆਂ ਵਿਚ ਨਫਰਤ ਦੇ ਪਾਤਰ ਬਣ ਜਾਂਦੇ।
ਜਗਿਆਸਾ ਜਰੂਰੀ ਹੈ ਸਾਹਾਂ ਦੀ ਸੁੱਚਮਤਾ ਤੇ ਸਦੀਵਤਾ ਲਈ, ਸਥਿਰਤਾ ਤੇ ਸੰਜੀਵਨੀ ਲਈ, ਸਪੱਸ਼ਟਤਾ ਤੇ ਸੰਖੇਪਤਾ ਲਈ ਅਤੇ ਸੁਪਨੇ ਤੇ ਸੰਪੂਰਨਤਾ ਲਈ, ਕਿਉਂਕਿ ਜਗਿਆਸਾ ਨਾਲ ਹੀ ਜੀਵਨ ਜੋਤ ਜਗਦੀ।
ਜਗਿਆਸਾ ਕਦੇ ਵੀ ਜਕੜੀ ਨਹੀਂ ਜਾ ਸਕਦੀ ਅਤੇ ਨਾ ਹੀ ਬੇਪਤੀ ਜਾਂ ਬੇਪ੍ਰਤੀਤੀ ਕੀਤੀ ਜਾ ਸਕਦੀ। ਇਸ ਨੇ ਤੂਫਾਨਾਂ, ਝੱਖੜਾਂ, ਹਨੇਰੀਆਂ, ਕਹਿਰਾਂ ਅਤੇ ਕੁਰੱਖਤ ਸਮਿਆਂ ਵਿਚ ਸਦਾ ਚਿਰੰਜੀਵ ਰਹਿਣਾ ਅਤੇ ਰਹੀ ਏ। ਨਿਰਮੂਲ ਨੇ ਹਾਕਮਾਂ ਦੇ ਦਾਅਵੇ ਕਿ ਜਗਿਆਸਾ ਨੂੰ ਸੂਲੀ ‘ਤੇ ਚਾੜ੍ਹਿਆ ਜਾ ਸਕਦਾ। ਸੁਕਰਾਤ ਅਤੇ ਗੈਲੀਲੀਓ ਮਰ ਕੇ ਵੀ ਤਹਿਜ਼ੀਬ ਦੇ ਵਰਕਿਆਂ ਵਿਚ ਜਿਉਂਦੇ ਨੇ, ਜਦੋਂ ਕਿ ਉਨ੍ਹਾਂ ਨੂੰ ਫਾਂਸੀ ਚੜ੍ਹਾਉਣ ਵਾਲੇ ਕਿਸੇ ਨੂੰ ਯਾਦ ਨਹੀਂ।
ਜਗਿਆਸੂਆਂ ਦੇ ਹਿੱਸੇ ਅਕਸਰ ਹੀ ਬੇਹੀਆਂ ਮਰਿਆਦਾਵਾਂ ਨੂੰ ਤੋੜਨ, ਬੇਹੁਦਾ ਪਰੰਪਰਾਵਾਂ ਨੂੰ ਭੰਡਣ, ਬੇਲੋੜੇ ਰਸਮੋ-ਰਿਵਾਜਾਂ ਨੂੰ ਨਿੰਦਣ ਅਤੇ ਵਹਿਮਾਂ ਭਰਮਾਂ, ਜਾਦੂ-ਟੂਣਿਆਂ ਨੂੰ ਨਕਾਰਨ ਦੇ ਦੋਸ਼ ਲਾ ਕੇ ਦੰਡ ਦਿੱਤੇ ਜਾਂਦੇ ਨੇ, ਪਰ ਉਹ ਜਗਿਆਸਾ ਦੀ ਜ਼ਿੰਦਾਦਿਲੀ ਸਦਕਾ ਜ਼ਿੰਦਗੀ ਨੂੰ ਠੋਕਰ ਮਾਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੇ।
ਜਗਿਆਸੂ ਬਣੋ, ਪਰ ਕਦੇ ਵੀ ਭਿੱਕਸ਼ੂ ਨਾ ਬਣੋ, ਕਿਉਂਕਿ ਜਗਿਆਸਾ ਨਵੀਆਂ ਕਿਰਨਾਂ ਨੂੰ ਮਸਤਕ ਵਿਸ਼ਾਲਤਾ ਦੇ ਨਾਮ ਕਰਦੀ, ਜਦੋਂ ਕਿ ਭਿੱਕਸ਼ੂ ਬਣ ਕੇ ਹੱਥ ਵਿਚ ਤਸਲੀ ਅਤੇ ਮੋਢੇ ‘ਤੇ ਬਗਲੀ ਪਾ ਕੇ ਦਰ-ਬ-ਦਰ ਭਟਕਣਾ ਪੈਂਦਾ।
ਜਗਿਆਸਾ ਕਦੇ ਵੀ ਜਾਹਲ ਨਹੀਂ ਹੁੰਦੀ। ਇਹ ਤਾਂ ਜ਼ਿੰਦਗੀ ਦਾ ਸੁੱਚਾ ਸਰੂਪ ਸਿਰਜਣ ਲਈ ਸਭ ਤੋਂ ਸੁਚੱਜਾ ਤੇ ਸਾਰਥਕ ਸਾਧਨ। ਇਸ ਨਾਲ ਸਰੀਰਕ ਅਤੇ ਮਾਨਸਿਕ ਪੱਧਰ ‘ਤੇ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਜਾ ਸਕਦਾ।
ਜਗਿਆਸੂ ਹੀ ਸੰਸਾਰ, ਸਮਾਜ, ਸੰਸਥਾਵਾਂ, ਸਰੋਕਾਰਾਂ, ਸੁਪਨਿਆਂ ਅਤੇ ਸਫਲਤਾਵਾਂ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਉਂਦੇ। ਨਵੀਆਂ ਤਰਜੀਹਾਂ ਅਤੇ ਤਦਬੀਰਾਂ ਨਾਲ ਇਸ ਦੀਆਂ ਬਿਰਤੀਆਂ ਨੂੰ ਬਹੁਲਤਾ ਦਾ ਨਾਮ ਦਿੰਦੇ।
ਜਗਿਆਸਾ ਨੂੰ ਜੋਤ ਬਣਾਓ, ਜੋ ਚਾਨਣ ਦਾ ਵਣਜ ਕਰੇ। ਹਨੇਰੀਆਂ ਰਾਤਾਂ ਨੂੰ ਰੁਸ਼ਨਾਵੇ। ਸਰਘੀਆਂ ਦੀ ਜਨਮਦਾਤੀ ਹੋਵੇ। ਸੁੰਨੇ ਬਨੇਰਿਆਂ ‘ਤੇ ਦੀਵਿਆਂ ਦੀਆਂ ਡਾਰਾਂ ਬਣ ਕੇ ਵਿਹੜਿਆਂ ਨੂੰ ਰੌਸ਼ਨੀ ਨਾਲ ਓਤਪੋਤ ਕਰਨ ਦੇ ਕਾਬਲ ਹੋਵੇ। ਜਦ ਓਝੜ ਰਾਹਾਂ ਵਿਚ ਚਾਨਣ ਦਾ ਛਿੜਕਾਓ ਹੁੰਦਾ ਤਾਂ ਮੰਜ਼ਿਲਾਂ ਦੇ ਸਿਰਨਾਵੇਂ ਰਾਹੀਆਂ ਦੇ ਮੱਥਿਆਂ ਵਿਚ ਲਿਸ਼ਕਦੇ। ਉਨ੍ਹਾਂ ਨੂੰ ਨਿਵੇਕਲੇ ਦਿਸਹੱਦਿਆਂ ਨੂੰ ਸ਼ਿਲਾਲੇਖ ਬਣਾਉਣ ਵਿਚ ਮਾਣ ਮਹਿਸੂਸ ਹੁੰਦਾ।
ਜਗਿਆਸਾ ਨੂੰ ਜਨੂਨ ਬਣਾਓ, ਜੋ ਚੰਗੇਰਾ ਕਰਨ ਦਾ ਵਲਵਲਾ ਪੈਦਾ ਕਰੇ। ਕਿਸੇ ਬੇ-ਅੱਖਰੇ ਦੇ ਮਨ ਵਿਚ ਸ਼ਬਦ ਜੋਤ ਜਗਾਈ ਜਾਵੇ। ਭੁੱਖੇ ਪੇਟ ਨੂੰ ਟੁੱਕਰ ਮਿਲੇ। ਅੰਬਰ ਦੀ ਛੱਤ ਹੇਠ ਸੌਣ ਵਾਲਿਆਂ ਨੂੰ ਸ਼ਤੀਰਾਂ ਤੇ ਬਾਲਿਆਂ ਦੀ ਛੱਤ ਮਿਲੇ। ਪੱਥਰਾਂ ਦੇ ਸ਼ਹਿਰ ਵਿਚ ਰਹਿਣ ਵਾਲੇ ਪੱਥਰਾਂ ਜਿਹੇ ਲੋਕਾਂ ਵਿਚ ਫੁੱਲਾਂ ਜਿਹੀ ਕੋਮਲਤਾ, ਮਾਸੂਮੀਅਤ, ਰੰਗਤ ਅਤੇ ਮਹਿਕ-ਲਬਰੇਜ਼ੀ ਪੈਦਾ ਹੋ ਸਕੇ, ਜਿਸ ਸਦਕਾ ਧਰਮ ਕਦੇ ਵੀ ਅਧਰਮ ਨਾ ਬਣੇ। ਬੰਦੇ ਵਿਚ ਬੰਦਿਆਈ, ਚੰਗਿਆਈ ਤੇ ਭਲਿਆਈ ਦਾ ਭਰਮਣ ਸਦੀਵੀ ਜਾਰੀ ਰਹੇ।