ਦੋਹੇ ਦਾ ਉਸਤਾਦ ਕਵੀ-ਬਲਬੀਰ ਸਿੰਘ ਡੁਮੇਲੀ

ਪ੍ਰੋ. ਨਿਰੰਜਨ ਸਿੰਘ ਢੇਸੀ
ਦੋਹਾ ਅਕਾਰ ਦੇ ਪੱਖ ਤੋਂ ਸਭ ਤੋਂ ਛੋਟਾ ਕਾਵਿ ਰੂਪ ਹੈ। ਪਹਿਲੀ ਸਤਰ ਵਿਚ ਜਗਿਆਸਾ ਦਾ ਆਗਾਜ਼ ਹੁੰਦਾ ਹੈ ਤੇ ਦੂਜੀ ਸਤਰ ਵਿਚ ਅਰਥਾਂ ਦਾ ਵਿਸਫੋਟ ਹੁੰਦਾ ਹੈ। ਪੰਜਾਬੀ ਸਾਹਿਤ ਨੂੰ ਵਾਚਦਿਆਂ ਇਹ ਤੱਥ ਸਾਹਮਣੇ ਆਏ ਹਨ ਕਿ ਲੋਕ ਗੀਤਾਂ ਵਿਚ ਵੀ ਦੋਹੇ ਕਹੇ ਜਾਂਦੇ ਸਨ। ਵਿਆਹ ਦੇ ਵੇਲੇ ਲਾੜੇ ਨੂੰ ਦੋਹੇ ਸੁਣਾਉਣ ਲਈ ਕਿਹਾ ਜਾਂਦਾ ਸੀ। ਜੇ ਨਾ ਸੁਣਾ ਸਕੇ ਤਾਂ ਹਾਰਿਆ ਮੰਨਿਆ ਜਾਂਦਾ ਸੀ। ਆਦਿ ਬਾਣੀ ਕਾਰ ਬਾਬਾ ਫਰੀਦ ਜੀ ਦੇ ਵੀ ਦੋਹੇ ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹਨ, ਜਿਨ੍ਹਾਂ ਦੀ ਵਜ੍ਹਾ ਕਰਕੇ ਬਾਬਾ ਫਰੀਦ ਸਾਡੇ ਮਨ ਮੰਦਿਰ ਵਿਚ ਬੈਠੇ ਹਨ।

ਸਾਡੇ ਗੁਰੂ ਸਾਹਿਬਾਨ ਨੇ ਵੀ ਇਸ ਪੁਰਾਤਨ ਕਾਵਿ ਸ਼ੈਲੀ ਨੂੰ ਜੀਵਤ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਵਿਚ ਕੁਝ ਦੋਹੇ ਦਰਜ ਕੀਤੇ ਹਨ। ਆਧੁਨਿਕ ਸਮੇਂ ਵਿਚ ਬਹੁਤ ਘੱਟ ਕਵੀਆਂ ਨੇ ਇਸ ਕਾਵਿ ਰੂਪ ਨੂੰ ਆਪਣੀ ਸਿਰਜਣਾ ਦਾ ਮਾਧਿਅਮ ਬਣਾਇਆ ਹੈ। ਕਾਰਨ ਇਹ ਹੈ ਕਿ ਇਸ ਕਾਵਿ ਰੂਪ ਲਈ ਖਿਆਲ ਦੇ ਨਾਲ ਚਿੰਤਨ ਤੇ ਤੋਲ ਤੁਕਾਂਤ ਦਾ ਪੂਰਾ ਖਿਆਲ ਰੱਖਣਾ ਪੈਂਦਾ ਹੈ। ਦੋਹੇ ਵਿਚ ਆਮ ਤੌਰ ‘ਤੇ ਅਟੱਲ ਸੱਚਾਈ ਕਿਸੇ ਵੱਡੀ ਸਮੱਸਿਆ ਤੇ ਕਿਸੇ ਗਿਆਨ ਦਾ ਗਹਿਰਾਈ ਤੇ ਘਣਤਾ ਵਿਚ ਵਿਖਿਆਨ ਹੁੰਦਾ ਹੈ। ਦੋਹਾ ਅਸਲ ਵਿਚ ਦੋਹਰੇ ਦਾ ਹੀ ਸੰਖੇਪ ਰੂਪ ਹੁੰਦਾ ਹੈ।
ਬਲਵੀਰ ਸਿੰਘ ਡੁਮੇਲੀ ਵਿਚਾਰਧਾਰਕ ਤੌਰ ‘ਤੇ ਬੜੀ ਸਾਫ ਦ੍ਰਿਸ਼ਟੀ ਦਾ ਮਾਲਕ ਹੈ। ਉਸ ਨੇ ਇਸ ਕਾਵਿ ਰੂਪ ਸ਼ੈਲੀ ਵਿਚ ਪੂਰੀ ਪੁਸਤਕ ਹੀ ਪਾਠਕ ਦੀ ਨਜ਼ਰ ਕੀਤੀ ਹੈ। ਦੋਹੇ ਕਾਵਿ ਰੂਪ ਨਾਲ ਉਸ ਦਾ ਭਾਵਨਾਤਮਕ ਲਗਾਉ ਹੈ। ਦੋਹੇ ਦੀ ਰਚਨਾ ਕੀਤੇ ਬਿਨਾ ਉਸ ਨੂੰ ਨੀਂਦ ਨਹੀਂ ਆਉਂਦੀ। ਦੋਹੇ ਕਾਵਿ ਰੂਪ ਨਾਲ ਉਸ ਦਾ ਲਗਾਉ ਸਮਝ ਆਉਂਦਾ ਹੈ, ਕਿਉਂਕਿ ਉਹ ਜ਼ਿੰਦਗੀ ਬਾਰੇ ਸੰਜੀਦਗੀ ਭਰੇ ਸਵਾਲ ਖੜ੍ਹੇ ਕਰਦਾ ਹੈ। ਸਮੁੱਚੀ ਕਾਇਨਾਤ ਬਾਰੇ ਵਿਚਾਰਧਾਰਕ ਤੌਰ ‘ਤੇ ਸੋਚਦਾ ਹੈ। ਪੁਸਤਕ ਦਾ ਸਿਰਲੇਖ ‘ਮੈਂ ਮਿੱਟੀ ਦਾ ਰੂਪ’ ਅਸਲ ਵਿਚ ਇਕ ਦੋਹੇ ਦਾ ਹੀ ਵਾਕੰਸ਼ ਹੈ। ਮਿੱਟੀ ਦੀ ਮਨੁੱਖੀ ਜੀਵਨ ਵਿਚ ਹੀ ਨਹੀਂ, ਸਮੁੱਚੀ ਕਾਇਨਾਤ ਵਿਚ ਹੀ ਸਾਰਥਕਤਾ ਨਜ਼ਰ ਆਉਦੀਂ ਹੈ। ਮਿੱਟੀ ਨਾ ਹੁੰਦੀ ਤਾਂ ਧਰਤੀ ਵੀ ਨਹੀਂ ਸੀ ਹੋਣੀ। ਮਿੱਟੀ ਹੀ ਹੈ, ਜੋ ਪੌਣ ਪਾਣੀ ਤੇ ਤਪਸ਼ ਦੇ ਸੰਜੋਗ ਨਾਲ ਜੀਵਨ ਸਿਰਜਦੀ ਹੈ। ਬਾਬਾ ਸ਼ੇਖ ਫਰੀਦ ਜੀ ਵੀ ਮਨੁੱਖ ਤੇ ਮਿੱਟੀ ਦੇ ਸਬੰਧ ਵਿਚ ਕਥਨ ਕਰਦੇ ਹਨ ਕਿ ਮਿੱਟੀ ਹੀ ਹਰ ਵਸਤੂ ਦਾ ਮੂਲ ਹੈ। ਮਿੱਟੀ ਨੂੰ ਕਦੇ ਵੀ ਨਫਰਤ ਨਹੀਂ ਕਰਨੀ ਚਾਹੀਦੀ। ਮਿੱਟੀ ਨੂੰ ਆਧਾਰ ਬਣਾ ਕੇ ਮਨੁੱਖ ਨੂੰ ਹੰਕਾਰ ਤੇ ਨਫਰਤ ਤੋਂ ਮੁਕਤ ਹੋਣ ਲਈ ਪ੍ਰੇਰਿਤ ਕਰਦਿਆਂ ਆਖਦੇ ਹਨ,
ਫਰੀਦ ਖਾਕੁ ਨ ਨਿੰਦੀਐ ਖਾਕੁ ਜੇਡੁ ਨ ਕੋਇ॥
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ॥
ਆਮ ਤੌਰ ‘ਤੇ ਵਿਚਾਰ ਦਾ ਸਮੇਂ ਤੇ ਸਥਾਨ ਨਾਲ ਬੱਝਾ ਹੋਣਾ ਹੀ ਵਿਸ਼ਵ ਵਿਆਪੀ ਹੁੰਦਾ ਹੈ। ਮਾਟੀ ਕੋ ਪੁਤਰਾ ਕੇਸੈ ਨਚਤ ਹੈ ਤੇ ਮਾਟੀ ਖੁਦੀ ਕਰੇਂਦੀ ਯਾਰ ਮਾਟੀ ਖੁਦੀ ਕਰੇਂਦੀ ਵਰਗੇ ਵਿਚਾਰ ਵੀ ਮਿੱਟੀ ਦੀ ਪਰਪੱਕਤਾ ਨੂੰ ਦਰਸਾਉਂਦੇ ਹਨ ਅਤੇ ਜ਼ਿੰਦਗੀ ਨੂੰ ਨਿਮਰਤਾ ਨਾਲ ਜਿਉਣ ਤੇ ਮੌਤ ਨੂੰ ਚੇਤੇ ਵਿਚ ਰੱਖਣ ਲਈ ਪ੍ਰੇਰਿਤ ਕਰਦੇ ਹਨ।
ਬਲਵੀਰ ਸਿੰਘ ਡੁਮੇਲੀ ਚਿੰਤਨ ਦਾ ਵਿਲੱਖਣ ਪੱਖ ਪੇਸ਼ ਕਰਦਿਆਂ ਇਹ ਪਰਗਟ ਕਰਦਾ ਹੈ ਕਿ ਮਿੱਟੀ ਹੀ ਜੀਵਨ ਦੀ ਸਿਰਜਕ ਹੈ,
ਮੈਂ ਮਿੱਟੀ ਦਾ ਰੂਪ ਹਾਂ, ਮਿੱਟੀ ਮੇਰੀ ਜਾਨ,
ਮਿੱਟੀ ਮਿੱਟੀ ਢਾਲਦੀ, ਮਿੱਟੀ ਦਾ ਇਨਸਾਨ।
ਇਸ ਦੋਹੇ ਵਿਚ ਹੀ ਨਹੀਂ, ਹੋਰ ਦੋਹਿਆਂ ਵਿਚ ਵੀ ਮਿੱਟੀ ਦੀ ਸਿਰਜਕ ਸ਼ਕਤੀ ਨੂੰ ਸਕਾਰਾਤਮਕ ਰੂਪ ਵਿਚ ਪੇਸ਼ ਕੀਤਾ ਗਿਆ ਹੈ,
ਮਿੱਟੀ ਮਿੱਟੀ ਆਖ ਕੇ, ਕਿਉ ਕਰਦੈਂ ਬਦਨਾਮ।
ਮਿੱਟੀ ਨਾਲ ਹੀ ਮਹਿਕਦੇ, ਫੁੱਲ ਫਲ ਰੁੱਖ ਇਨਸਾਨ।
ਕਵੀ ਦਾ ਮੱਤ ਹੈ ਕਿ ਸਮੁੱਚੀ ਜੈਵਿਕ ਹੋਂਦ ਮਿੱਟੀ ਦਾ ਹੀ ਰੂਪਾਂਤਰ ਹੈ,
ਮਿੱਟੀ ਮਿੱਟੀ ਆਖ ਨਾ, ਮਿੱਟੀ ਨਹੀਂ ਬੇਜਾਨ।
ਮਿੱਟੀ ‘ਚੋਂ ਹੀ ਉਪਜਦੇ, ਰੁੱਖ ਪੰਛੀ ਇਨਸਾਨ।
ਗੁਰਮਤਿ ਚਿੰਤਨ ਦੇ ਅਧਿਆਤਮਕ ਤੇ ਵਿਗਿਆਨਕ ਪੱਖ ਤੋਂ ਇਹ ਅਟੱਲ ਸੱਚਾਈ ਹੈ ਕਿ ਸਮੁੱਚੀ ਸਿਰਜਣਾ ਦੀ ਆਧਾਰ ਸ਼ਿਲਾ ਮਿੱਟੀ ਹੀ ਹੈ। ਜਦੋਂ ਛੋਟਾ ਬੀਜ ਮਿੱਟੀ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਪਾਣੀ ਹਵਾ ਤੇ ਅਗਨੀ ਦੇ ਸੰਜੋਗ ਨਾਲ ਅਦੁੱਤੀ ਸਰੂਪ ਸਾਕਾਰ ਹੁੰਦਾ ਹੈ,
ਬੀਅ ਮਿੱਟੀ ਵਿਚ ਸੌ ਗਿਆ, ਲੈ ਕੇ ਬੁੱਧ ਬਿਬੇਕ।
ਫੁੱਲ ਬਣ ਕੇ ਫਿਰ ਮਿਲਿਆ, ਲੈ ਕੇ ਰੰਗ ਅਨੇਕ।
ਕਵੀ ਦਾ ਸੰਕੇਤ ਹੈ ਕਿ ਮਿੱਟੀ ਦੀ ਛੋਹ ਨਾਲ ਹੀ ਬੀਜ ਬੂਟੇ ਵਿਚ ਬਦਲਦਾ ਹੈ। ਉਹ ਰੰਗਾਂ ਦੀ ਵੰਨ-ਸੁਵੰਨਤਾ ਅਤੇ ਖੁਸ਼ਬੂ ਲੈ ਕੇ ਪਰਗਟ ਹੁੰਦਾ ਹੈ, ਜੋ ਅਰੂਪ ਹੈ ਤੇ ਨਿਰਾਕਾਰ ਹੈ। ਕਵੀ ਨਿਰ ਅਕਾਰ ਦੀ ਹੋਂਦ ਨੂੰ ਮਹਿਸੂਸ ਕਰਦਿਆਂ ਲਿਖਦਾ ਹੈ,
ਚਾਰ ਚੁਫੇਰੇ ਤੱਕਿਆ, ਕੋਈ ਨਹੀਂ ਹੈ ਪਾਸ।
ਫਿਰ ਵੀ ਤੇਰੀ ਹੋਂਦ ਦਾ, ਹੁੰਦਾ ਹੈ ਅਹਿਸਾਸ।
ਕਵੀ ਵਾਤਾਵਰਣ ਦੀ ਮਲੀਨਤਾ ਬਾਰੇ ਵੀ ਚਿੰਤਤ ਹੈ। ਮਨੁੱਖ ਬੇਥਵੇ ਵਿਕਾਸ ਨਾਲ ਵਿਨਾਸ਼ ਹੀ ਸਿਰਜ ਰਿਹਾ ਹੈ। ਮਨੁੱਖ ਦੀਆਂ ਆਪਹੁਦਰੀਆਂ ਨੇ ਉਸ ਨੂੰ ਕੁਰਾਹੇ ਪਾ ਦਿੱਤਾ ਹੈ। ਉਸ ਦੇ ਪੁੱਠੇ ਪੈਰੀਂ ਤੁਰਨ ਨਾਲ ਚੁਣੌਤੀਆਂ ਪੈਦਾ ਹੋ ਗਈਆਂ ਹਨ,
ਦਰਵੇਸ਼ ਜਿਹੇ ਰੁੱਖ ਵੱਢ ਨਾ, ਮੰਗਣ ਸਭ ਦੀ ਖੈਰ।
ਨਾ ਕੋਈ ਮਨ ਮਲਾਲ ਹੈ, ਨਾ ਕੋਈ ਮਨ ਵੈਰ।
ਕਵੀ ਕੁਦਰਤ ਦੇ ਸੋਮਿਆਂ ਦੀ ਸਰਬ ਵਿਆਪਕਤਾ ਨੂੰ ਮਹਿਸੂਸ ਕਰਦਿਆਂ ਲਿਖਦਾ ਹੈ,
ਚਿੜੀਆਂ ਨਾ ਸੀ ਚਹਿਕਣਾਂ, ਨਾ ਸੀ ਨੱਚਣੇ ਮੋਰ।
ਜੇ ਨਾ ਸੂਰਜ ਕੇਰਦਾ, ਚਾਨਣ ਦੀ ਇਕ ਪੋਰ।
ਕਵੀ ਦੀ ਪਹੁੰਚ ਬ੍ਰਹਿਮੰਡੀ ਹੈ, ਬ੍ਰਹਿਮੰਡੀ ਚੇਤਨਾ ਨਾਲੋਂ ਟੁੱਟਣ ਕਰਕੇ ਮਨੁੱਖ ਦੇ ਨੈਣ ਨਕਸ਼ ਕਰੂਪ ਹੋ ਗਏ ਹਨ। ਅਕਾਲ ਪੁਰਖ ਨੇ ਸਾਰੀਆਂ ਦਾਤਾਂ ਦੀ ਬਖਸ਼ਿਸ਼ ਸਾਰਿਆਂ ਨੂੰ ਦਿੱਤੀ ਹੈ, ਪਰ ਮਨੁੱਖ ਆਪ ਹੀ ਕੁਰਾਹੇ ਪੈ ਗਿਆ ਹੈ,
ਸਾਂਝੇ ਧਰਤ ਅਕਾਸ਼ ਨੇ, ਸਾਂਝੇ ਸਾਗਰ ਪੌਣ।
ਗਾਫਲ ਗਾਵੇ ਹਰ ਸਮੇਂ, ਤੇਰ ਮੇਰ ਦੇ ਗੌਣ।
ਅੱਜ ਸਾਰੇ ਰਿਸ਼ਤੇ ਨਾਤੇ ਖੁਦਗਰਜ਼ੀ ਦੀ ਲਾਲਸਾ ਵਿਚ ਖੇਰੂੰ ਖੇਰੂੰ ਹੋ ਰਹੇ ਹਨ। ਕਵੀ ਟੁੱਟਦੇ ਰਿਸ਼ਤਿਆਂ ਨੂੰ ਵੇਖ ਕੇ ਚਿੰਤਿਤ ਹੁੰਦਾ ਲਿਖਦਾ ਹੈ,
ਸੱਚੇ ਰਿਸ਼ਤੇ ਤੋੜਦਾ, ਬੇਰਹਿਮੀ ਦੇ ਨਾਲ।
ਮਾਇਆ ਵਿਚੋਂ ਆਦਮੀ, ਕਰਦਾ ਸੁੱਖ ਦੀ ਭਾਲ।
ਅਧਿਆਤਮਕ ਹੋਣ ਦਾ ਭਰਮ ਪਾਲੀ ਬੈਠੇ ਦਾਅਵੇਦਾਰਾਂ ਵਿਚ ਦੋਗਲਾਪਨ ਆ ਗਿਆ ਹੈ। ਕਵੀ ਕੂੜ ਕਬਾੜ ਦਾ ਸ਼ਿਕਾਰ ਹੋਏ ਅਖੌਤੀ ਧਾਰਮਿਕ ਪ੍ਰਚਾਰਕਾਂ ਉਤੇ ਵਿਅੰਗ ਕਰਦਿਆਂ ਲਿਖਦਾ ਹੈ,
ਸੁੰਦਰ ਚੋਲੇ ਪਹਿਨ ਕੇ, ਕਰਦੇ ਨੇ ਪ੍ਰਚਾਰ।
ਜੀਕਣ ਬਗਲੇ ਝੀਲ ‘ਤੇ ਕਰਦੇ ਫਿਰਨ ਸ਼ਿਕਾਰ।

ਬਾਬਾ ਆ ਕੇ ਵੇਖ ਲੈ, ਦਰਵੇਸ਼ਾਂ ਦਾ ਹਾਲ।
ਲਾਲੋ ਪੈਰੀਂ ਰੋਲਿਆ, ਬਹਿੰਦੇ ਭਾਗੋ ਨਾਲ।
ਕਵੀ ਇਤਿਹਾਸਕ ਹਵਾਲਾ ਦੇ ਕੇ ਇਹ ਇੰਕਸ਼ਾਫ ਕਰਦਾ ਹੈ ਕਿ ਧਾਰਮਿਕ ਕੇਂਦਰਾਂ ਉਤੇ ਅਜਿਹੇ ਲੋਕ ਕਾਬਜ਼ ਹੋ ਗਏ ਹਨ, ਜਿਨ੍ਹਾਂ ਨੂੰ ਧਰਮ ਦੀ ਕੋਈ ਸੋਝੀ ਨਹੀਂ ਹੈ। ਅਜਿਹੇ ਲੋਕਾਂ ਨੇ ਧਰਮ ਦਾ ਵਿਪਾਰ ਕਰਨਾ ਵਿੱਢ ਲਿਆ ਹੈ। ਉਸ ਦਾ ਵਿਚਾਰ ਹੈ ਕਿ ਧਰਮ ਦੇ ਅਖੌਤੀ ਕੇਂਦਰ ਮੰਡੀ ਦਾ ਰੂਪ ਧਾਰਨ ਕਰ ਚੁਕੇ ਹਨ। ਅਧਿਆਤਮਕ ਚਿੰਤਨ ਅਲੋਪ ਹੋ ਗਿਆ ਹੈ। ਅਜਿਹੀ ਮਨ ਆਈ ਬਿਰਤੀ ਬਾਰੇ ਕਵੀ ਕੋਲ ਵਿਅੰਗ ਦੀ ਤਿੱਖੀ ਧਾਰ ਵਾਲੇ ਸ਼ਬਦ ਹਨ,
ਬਾਬਾ ਤੇਰੀ ਧਰਮਸ਼ਾਲ, ਬਣ ਗਈ ਇਕ ਵਪਾਰ।
ਜਿਨ੍ਹਾਂ ਦੇ ਹੱਥ ਡੋਰ ਹੈ, ਜਾਣਨ ਨਾ ਤੱਤ ਸਾਰ।
ਆਧੁਨਿਕਤਾ ਤੇ ਬਾਜ਼ਾਰੀ ਸਭਿਅਤਾ ਦੇ ਅਸਰ ਹੇਠ ਪਲ ਰਹੀ ਸਰਮਾਏਦਾਰੀ ਬੇਕਿਰਕ ਤੇ ਪ੍ਰਦੁਸ਼ਿਤ ਹੋ ਗਈ ਹੈ। ਬਲਵੀਰ ਸਿੰਘ ਇਹ ਸ਼ਿੱਦਤ ਨਾਲ ਅਨੁਭਵ ਕਰਦਾ ਹੈ ਕਿ ਅਖੌਤੀ ਆਧੁਨਿਕਤਾ ਤੇ ਮਸ਼ੀਨੀਕਰਨ ਨੇ ਮਨੁੱਖੀ ਰਿਸ਼ਤਿਆਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ,
ਕੀਤੇ ਅਜ ਤਕਨੀਕ ਨੇ, ਕੈਸੇ ਕੰਮ ਹਜ਼ੂਰ।
ਬੰਦਿਉਂ ਬੰਦਾ ਹੋ ਗਿਆ, ਲੱਖਾਂ ਕੋਹਾਂ ਦੂਰ।

ਸਮੁੱਚੀ ਕੁਦਰਤ ਮਨੁੱਖ ਦੀਆਂ ਕਰਤੂਤਾਂ ਤੋਂ ਪ੍ਰੇਸ਼ਾਨ ਹੈ,
ਪੰਛੀ ਰੁੱਖ ‘ਤੇ ਬੈਠ ਕੇ, ਕਰਦੇ ਸੀ ਗੱਲਬਾਤ।
ਬੰਦੇ ਜ਼ਹਿਰਾਂ ਘੋਲਦੇ ਪੌਣਾਂ ਵਿਚ ਦਿਨ ਰਾਤ।
ਤਕਨੀਕ ਨੇ ਮਨੁੱਖ ਨੂੰ ਗੁਲਾਮ ਬਣਾ ਕੇ ਇਕੱਲਾ ਕਰ ਦਿੱਤਾ ਹੈ। ਪਰਿਵਾਰ ਵਿਚ ਇਕੱਠੇ ਬੈਠਣ ਦੀ ਥਾਂ, ਹਰ ਜੀਅ ਨੇ ਆਪਣੀ ਆਪਣੀ ਨੁੱਕਰ ਮੱਲੀ ਹੋਈ ਹੈ। ਮਾਨਸਿਕ ਗਰੀਬੀ ਦਾ ਸ਼ਿਕਾਰ ਹੋਣ ਕਰਕੇ ਬੰਦਾ ਬੰਦੇ ਤੋਂ ਦੂਰ ਹੋ ਗਿਆ ਹੈ। ਭਾਈਚਾਰਾ ਤਿੜਕ ਗਿਆ ਹੈ। ਸਭਿਆਚਾਰਕ, ਸਮਾਜਕ ਤੇ ਪਰਿਵਾਰਕ ਗਰੀਬੀ ਦੀ ਅਮਰ ਵੇਲ ਨੇ ਲਪੇਟੇ ਮਾਰ ਲਏ ਹਨ। ਸਮਾਂ ਏਨਾ ਵਿਕਰਾਲ ਹੋ ਗਿਆ ਹੈ ਕਿ ਪਿਛਾਂਹ ਮੁੜਿਆ ਨਹੀਂ ਜਾ ਸਕਦਾ। ਅੱਗੇ ਅੱਗ ਤੇ ਪਿੱਛੇ ਹੜ੍ਹ ਦਾ ਪਾਣੀ ਵਾਲੀ ਸਥਿਤੀ ਹੋ ਗਈ ਹੈ। ਤਕਨੀਕ ਦੇ ਮਨੁੱਖ ਨੂੰ ਲਾਭ ਵੀ ਹੋਏ ਹਨ, ਪਰ ਇਸ ਦੀ ਵਰਤੋਂ ਤਰਕਹੀਣ ਹੋ ਗਈ ਹੈ। ਹਰ ਨਵੀਂ ਪ੍ਰਾਪਤੀ ਦੀ ਵਾਜਬ ਵਰਤੋਂ ਹੀ ਮਨੁੱਖ ਨੂੰ ਲੀਹ ਉਤੇ ਰੱਖ ਸਕਦੀ ਹੈ। ਲੀਹੋਂ ਲੱਥੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ ਹੁੰਦੀ ਹੈ। ਮਨੁੱਖ ਸਮੇਂ ਦਾ ਮਾਲਕ ਨਹੀਂ ਰਿਹਾ, ਸਗੋਂ ਇਸ ਦੀ ਗੁਲਾਮੀ ਭੋਗ ਰਿਹਾ ਹੈ। ਮਨੁੱਖ ਭਾਵਨਾ ਦੀ ਮੰਡੀ ਦਾ ਮਾਲ ਬਣ ਗਿਆ ਹੈ,
ਇਹ ਮੰਡੀ ਹੈ ਮੁੱਲ ਦੀ, ਮੁੱਲ ਦੀ ਹੈ ਹਰ ਬਾਤ।
ਤੋਲਾ ਤੋਲਾ ਦਿਨ ਵਿੱਕੇ, ਰੱਤੀ ਰੱਤੀ ਰਾਤ।
ਰਿਸ਼ਤਿਆਂ ਦੀ ਸਾਰਥਕਤਾ ਦੀ ਥਾਂ ਲਾਲਸਾ ਦੀ ਮਾਨਸਿਕਤਾ ਨੇ ਲੈ ਲਈ ਹੈ। ਬ੍ਰਹਿਮੰਡੀ ਦਾਤਾਂ ਦੀ ਪਛਾਣ ਭੁਲਾ ਕੇ ਮਨੁੱਖ ਲਾਲਸਾ ਵਿਚ ਗੁਆਚ ਗਿਆ ਹੈ। ਉਹ ਨਿਤਾਣਾਂ ਹੋ ਕੇ ਵਸਤੂ ਦਾ ਰੂਪ ਧਾਰ ਗਿਆ ਹੈ। ਉਸ ਦੇ ਜਿਉਂਦੇ ਹੋਣ ਦੇ ਚਿੰਨ ਅਲੋਪ ਹੋ ਗਏ ਹਨ,
ਕੈਸਾ ਝੱਖੜ ਝੁਲਿਆ, ਮਾਲੀ ਨੈਣੀਂ ਨੀਰ।
ਕਲੀਆਂ ਫੁੱਲ ਰੁਲ ਗਏ, ਕੌਣ ਬੰਧਾਵੇ ਧੀਰ।
ਬੰਦਾ ਮਸ਼ੀਨੀਕਰਨ ਹੋਣ ਕਰਕੇ ਆਪਣੇ ਆਪ ਦੀ ਪੜਚੋਲ ਕਰਨ ਦੇ ਸਮਰੱਥ ਨਹੀਂ ਰਿਹਾ। ਆਪਣੀ ਜੀਵਨ ਨਈਆ ਦਾ ਚੱਪੂ ਕਿਸੇ ਦੂਜੇ ਦੇ ਹੱਥ ਦੇ ਚੁਕਾ ਹੈ,
ਹੁਣ ਬਿਨ ਗੋਤੇ ਖਾਣ ਦੇ, ਚਾਰਾ ਨਾ ਹੀ ਹੋਰ।
ਜਿਸ ਕਿਸ਼ਤੀ ਵਿਚ ਬਹਿ ਗਿਉਂ, ਉਸ ਦੇ ਮਾਂਝੀ ਚੋਰ।
ਬੇਸ਼ੱਕ ਸਮਾਂ ਕਾਫੀ ਬਦਲ ਗਿਆ ਹੈ, ਪਰ ਔਰਤ ਅਜੇ ਤੱਕ ਵੀ ਸਮਾਜ ਦਾ ਨਖਿੱਧ ਤੇ ਕਮਜ਼ੋਰ ਅੰਗ ਸਮਝੀ ਜਾਂਦੀ ਹੈ। ਮਰਦ ਪ੍ਰਧਾਨ ਸਮਾਜ ਨੇ ਉਸ ਨੂੰ ਮਾਣਯੋਗ ਥਾਂ ਨਹੀਂ ਦਿੱਤੀ। ਹਿੰਦੂ ਮਿੱਥ ਅਨੁਸਾਰ ਉਹ ਪਾਪਾਂ ਦਾ ਮੂਲ ਸਮਝੀ ਜਾਂਦੀ ਹੈ। ਮਰਦ ਦੀਆਂ ਕਰਤੂਤਾਂ ਦਾ ਸਿੱਟਾ ਵੀ ਉਸ ਦੇ ਸਿਰ ਹੀ ਮੜ੍ਹਿਆ ਜਾਂਦਾ ਹੈ। ਸਿੱਖਾਂ ਵਿਚ ਗੁਰੂ ਨਾਨਕ ਦੇ ਪੈਗਾਮ ਦੇ ਬਾਵਜੂਦ ਉਸ ਨੂੰ ਬਰਾਬਰੀ ਦਾ ਦਰਜਾ ਨਹੀਂ ਦਿੱਤਾ ਗਿਆ। ਬਲਵੀਰ ਸਿੰਘ ਡੁਮੇਲੀ ਨੇ ਔਰਤ ਦੀ ਮਨੁੱਖੀ ਸਮਾਜ ਵਿਚ ਸਾਰਥਕਤਾ ਨੂੰ ਪਛਾਣਿਆ ਹੈ। ਉਹ ਔਰਤ ਦੇ ਹਰ ਰੂਪ ਨੂੰ ਆਦਰ ਨਾਲ ਦੇਖਦਾ ਹੈ। ਉਹ ਧੀਆਂ ਤੇ ਰੁੱਖਾਂ ਨੂੰ ਮਨੁੱਖੀ ਜ਼ਿੰਦਗੀ ਦੇ ਸੰਚਾਲਕ ਸਮਝਦਾ ਹੈ। ਰੁੱਖਾਂ ਬਿਨਾ ਜੀਵਨ ਸੰਭਵ ਨਹੀਂ। ਧੀਆਂ ਬਿਨਾ ਜ਼ਿੰਦਗੀ ਵਿਚ ਸਲੀਕਾ ਨਹੀਂ, ਨਾ ਹੀ ਜ਼ਿੰਦਗੀ ਦੀ ਲਗਾਤਾਰਤਾ ਤੇ ਨਿਰੰਤਰਤਾ ਹੈ। ਉਹ ਲਿਖਦਾ ਹੈ,
ਧੀਆਂ ਟੱਬਰ ਬੰਨਦੀਆਂ, ਧਰਤੀ ਬੰਨਣ ਰੁੱਖ।
ਧੀਆਂ ਤੇ ਰੁੱਖ ਸਾਂਭੀਏ, ਫਿਰ ਨਾ ਰਹਿਣੇ ਦੁੱਖ।
ਧੀਆਂ ਨੇ ਹੀ ਇਕ ਦਿਨ ਭੈਣਾਂ, ਪਤਨੀਆਂ ਤੇ ਮਾਂਵਾਂ ਬਣਨਾ ਹੁੰਦਾ ਹੈ। ਮਾਂ ਕਰਕੇ ਜੀਵਨ ਵਿਚ ਸਾਰਥਕਤਾ ਆਉਂਦੀ ਹੈ। ਮਾਂ ਜੀਵਨ ਦਾ ਮੂਲ ਹੈ। ਮਾਂ ਹਮੇਸ਼ਾ ਹੀ ਸਭਨਾਂ ਦੀ ਖੈਰ ਮੰਗਦੀ ਹੈ। ਮਾਂ ਦੇ ਪੈਰ ਮੰਦਿਰ ਤੋਂ ਵੱਧ ਪਵਿੱਤਰ ਹੁੰਦੇ ਹਨ-ਇਹ ਬਲਵੀਰ ਸਿੰਘ ਡੁਮੇਲੀ ਦਾ ਮੰਨਣਾ ਹੈ,
ਜੰਨਤ ਮੰਦਿਰ ਵਿਚ ਨਹੀਂ, ਜੰਨਤ ਮਾਂ ਦੇ ਪੈਰ।
ਤੁਰ ਕੇ ਮੰਦਿਰ ਜਾਂਵਦੀ, ਸਭ ਦੀ ਮੰਗਣ ਖੈਰ।
ਉਹ ਔਰਤ ਬਾਰੇ ਹੋਰ ਕਠੋਰ ਯਥਾਰਥ ਨੂੰ ਸਮਝਦਾ ਹੈ ਕਿ ਔਰਤ ਦੇ ਜੀਵਨ ਵਿਚ ਤਲਖ ਹਕੀਕਤਾਂ ਹਮੇਸ਼ਾ ਹੀ ਰਹਿੰਦੀਆਂ ਹਨ। ਇਥੋਂ ਤੱਕ ਕਿ ਆਜ਼ਾਦੀ ਤੇ ਬਰਾਬਰੀ ਦਾ ਹੋਕਾ ਦੇਣ ਵਾਲਿਆਂ ਦੇ ਮਨਾਂ ਵਿਚ ਵੀ ਔਰਤ ਦਾ ਦਰਜਾ ਬਰਾਬਰੀ ਵਾਲਾ ਨਹੀਂ ਹੈ। ਬਲਵੀਰ ਸਿੰਘ ਡੁਮੇਲੀ ਤਾਂ ਆਗੂਆਂ ਤੇ ਕਾਨੂੰਨ ਘਾੜਿਆਂ ਦੀ ਔਰਤ ਦੀ ਸੁਰੱਖਿਆ ਲਈ ਰੋਗੀ ਮਾਨਸਿਕਤਾ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ,
ਆਗੂ ਕੌਮ ਆਜ਼ਾਦ ਦੇ, ਕਹਿੰਦੇ ਸਭ ਕੁਝ ਠੀਕ।
ਪਰ ਔਰਤ ਅੰਦਰ ਰਹੇ, ਸੂਰਜ ਨਿਕਲਣ ਤੀਕ।
ਔਰਤ ਹੋ ਕੇ ਕੰਡਿਆਂ ਉਤੇ ਤੁਰਨ ਦੇ ਬਰਾਬਰ ਹੈ। ਜੋਗੀਆਂ ਤੇ ਬ੍ਰਾਹਮਣਾਂ ਵਿਚ ਔਰਤ ਨੂੰ ਬਹੁਤ ਘਿਨਾਉਣਾ ਦਰਜਾ ਦਿੱਤਾ ਜਾਂਦਾ ਰਿਹਾ ਹੈ। ਇਥੋਂ ਤੱਕ ਕਿ ਆਧੁਨਿਕ ਯੁੱਗ ਵਿਚ ਵੀ ਉਸ ਨਾਲ ਨਿਆਂ ਨਹੀਂ ਕੀਤਾ ਜਾਂਦਾ। ਮੰਨੂੰ ਸਿਮਰਤੀ ਅਨੁਸਾਰ ਤਾਂ ਇਥੋਂ ਤੱਕ ਫਤਵਾ ਦਿੱਤਾ ਹੈ ਕਿ ਔਰਤ ਦੀ ਮੁਕਤੀ ਉਦੋਂ ਤੱਕ ਨਹੀਂ ਹੋ ਸਕਦੀ, ਜਦੋਂ ਤੱਕ ਉਹ ਮਰਦ ਬਣ ਕੇ ਜਨਮ ਨਹੀਂ ਲੈ ਲੈਂਦੀ। ਮੁਸਲਿਮ ਸਮਾਜ ਵਿਚ ਤਿੰਨ ਤਲਾਕ ਵਰਗੇ ਰਵਾਇਤੀ ਕਾਇਦੇ ਅਜੇ ਵੀ ਨਿਭਾਏ ਜਾਂਦੇ ਹਨ। ਹਰ ਮਸਲੇ ਦੇ ਹੱਲ ਲਈ ਔਰਤ ਨੂੰ ਹੀ ਕੁਰਬਾਨੀ ਦੇਣੀ ਪੈਂਦੀ ਹੈ। ਸਮਾਜ ਵਿਚ ਵਿਚਰਦਿਆਂ ਉਸ ਨੂੰ ਮਰਦ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਕਵੀ ਔਰਤ ਦੇ ਦੁੱਖ ਨੂੰ ਮਹਿਸੂਸ ਕਰਦਿਆਂ ਰੱਬ ਨੂੰ ਵੀ ਨਹੀਂ ਬਖਸ਼ਦਾ,
ਰੱਬਾ ਤੂੰ ਕੀ ਜਾਣਦੈ, ਕੀ ਔਰਤ ਦੇ ਲੇਖ।
ਇਕ ਔਰਤ ਦੀ ਕੁੱਖ ਵਿਚ, ਔਰਤ ਬਣ ਕੇ ਵੇਖ।
ਰਾਜਸੀ ਸੱਤਾ ‘ਤੇ ਕਾਬਜ਼ ਧਿਰਾਂ ਦੀਆਂ ਮਨਮਾਨੀਆਂ ਬਾਰੇ ਵੀ ਕਵੀ ਚੇਤੰਨ ਹੈ। ਨਾਹਰੇ ਹੋਰ ਹਨ, ਹਕੀਕਤ ਕੁਝ ਹੋਰ ਹੈ। ਹਿੰਸਾ ਰੋਕਣ ਦੀਆਂ ਗੱਲਾਂ ਕਰਦੇ ਹਨ, ਪਰ ਆਪ ਉਹ ਹਰ ਤਰ੍ਹਾਂ ਦੀ ਹਿੰਸਾ ਕਰਦੇ ਹਨ। ਪਤਾ ਨਹੀਂ ਬਲਵੀਰ ਨੇ ਇਹ ਦੋਹਾ ਕਦੋਂ ਲਿਖਿਆ ਹੋਵੇਗਾ, ਪਰ ਅੱਜ ਵੀ ਭਾਰਤੀ ਵਿਵਸਥਾ ਦੇ ਕਰੂਪ ਚਿਹਰੇ ਨੂੰ ਨੰਗਿਆਂ ਕਰਨ ਵਾਲਾ ਹੈ,
ਹਿੰਸਾ ਰੋਕਣ ਵਾਸਤੇ, ਕਰਦੇ ਜੋ ਪ੍ਰਚਾਰ।
ਖੱਲਾਂ ਨਾਲ ਸਜਾ ਰਹੇ, ਘਰ ਦੀ ਹਰ ਦੀਵਾਰ।
ਕਵੀ ਪਾਰਦਰਸ਼ੀ ਦ੍ਰਿਸ਼ਟੀ ਰਾਹੀਂ ਰਾਜਸੀ ਵਿਖਾਵੇ ਦੀ ਚਿੱਟੀ ਚਾਦਰ ਥੱਲੇ ਲੁਕੀ ਹੋਈ ਕਰੂਪਤਾ ਨੂੰ ਬੇਬਾਕੀ ਨਾਲ ਨੰਗਿਆਂ ਕਰਦਾ ਹੈ। ਵਿਖਾਵੇ ਦੇ ਵਿਕਾਸ ਥੱਲੇ ਲੁਕੀਆਂ ਹੋਈਆਂ ਤਲਖ ਹਕੀਕਤਾਂ ਨੂੰ ਜਾਣਦਾ ਅਤੇ ਪਛਣਦਾ ਹੈ ਤੇ ਪੇਸ਼ ਕਰਦਾ ਹੈ,
ਮੁਲਕ ਤਰੱਕੀ ਕਰ ਗਿਆ, ਲੱਭੇ ਕਿਤਨੇ ਸੁੱਖ।
ਬੱਚੇ ਪੱਥਰ ਤੋੜਦੇ, ਤੋੜੇ ਫੁੱਲ ਮਨੁੱਖ।
ਸਮੁੱਚੇ ਉਸਾਰ ਵਿਚ ਜੋ ਮਲੀਨਤਾ ਪਨਪ ਗਈ ਹੈ, ਕਵੀ ਉਸ ਬਾਰੇ ਚਿੰਤਿਤ ਹੈ। ਸਮਾਜ, ਰਾਜ, ਸਭਿਆਚਾਰ, ਭਾਈਚਾਰੇ ਦੀ ਤਸਵੀਰ ਉਤੇ ਕਾਲੇ ਧੱਬੇ ਹਨ। ਧਰਮ ਵੀ ਵਿਖਾਵੇ ਤੇ ਪਖੰਡਤਾ ਦਾ ਸ਼ਿਕਾਰ ਹੋ ਗਿਆ ਹੈ, ਧਰਮ ਦਾ ਸਹਿਜ ਅਤੇ ਸੁਹਜ ਨਾਲੋਂ ਨਾਤਾ ਟੁੱਟ ਗਿਆ ਹੈ। ਧਰਮ ਦੀ ਸਹੀ ਦਿਸ਼ਾ ਤੇ ਦਸ਼ਾ ਦਾ ਸੰਤੁਲਨ ਵਿਗੜ ਗਿਆ ਹੈ। ਕਵੀ ਆਪਣੇ ਧੁਰ ਅੰਦਰ ਤੱਕ ਇਹ ਵਿਗੜਿਆ ਸੰਤੁਲਨ ਮਹਿਸੂਸ ਕਰਦਾ ਹੈ ਤੇ ਲਿਖਦਾ ਹੈ,
ਮੰਦਿਰੀਂ ਵੱਜਣ ਟੱਲੀਆਂ, ਮਸਜਿਦ ਵਿਚ ਆਜ਼ਾਨ।
ਫਿਰ ਵੀ ਥਾਂ ਥਾਂ ਹੋ ਰਹੇ, ਬੰਦੇ ਲਹੂ ਲੁਹਾਣ।
ਕਵੀ ਅੰਦਰਲੀ ਨਫਰਤ ਨੂੰ ਖਤਮ ਕਰਨ ਦੇ ਸੰਕੇਤ ਦਿੰਦਿਆਂ ਲਿਖਦਾ ਹੈ,
ਰਾਵਣ ਰਾਵਣ ਆਖ ਕੇ, ਅੱਗ ਲਗਾਵੇ ਨਿੱਤ।
ਅੰਦਰੋਂ ਤੈਨੂੰ ਸਾੜਦਾ, ਉਸ ਰਾਵਣ ਨੂੰ ਜਿੱਤ।
ਕਵੀ ਨੂੰ ਨਜ਼ਰ ਆ ਰਿਹਾ ਹੈ ਕਿ ਮਨੁੱਖ ਦੋਹਰਾ ਜੀਵਨ ਜਿਉਣ ਕਰਕੇ ਹੀ ਕੁਰਾਹੇ ਪੈ ਗਿਆ ਹੈ, ਪਰਮਾਰਥ ਤੇ ਪਦਾਰਥ ਵਿਚਲਾ ਰਿਸ਼ਤਾ ਖੇਰੂੰ ਖੇਰੂੰ ਹੋ ਗਿਆ ਹੈ। ਸੁਰਤ, ਮੱਤ ਤੇ ਬੁੱਧ ਵਿਚਲੀ ਸਾਰਥਕਤਾ ਕਬੁੱਧ ਦੇ ਹਨੇਰੇ ਵਿਚ ਗਵਾਚ ਗਈ ਹੈ। ਕਵੀ ਸ਼ਬਦ ਸ਼ਕਤੀਆਂ ਨੂੰ ਕਲਾ ਦਾ ਮਾਧਿਅਮ ਬਣਾਉਣਾ ਜਾਣਦਾ ਹੈ। ਬੰਦੇ ਅੰਦਰਲੇ ਦੋਗਲੇਪਨ ਨੂੰ ਸਹੀ ਸ਼ਬਦਾਂ ਵਿਚ ਬਿਆਨ ਕਰਨ ਦੀ ਕਾਬਲੀਅਤ ਰੱਖਦਾ ਹੈ। ਉਹ ਲਿਖਦਾ ਹੈ,
ਘੁੱਟ ਕੇ ਪਾਵੇ ਜੱਫੀਆਂ, ਮਾਰੇ ਤਿਰਛੇ ਤੀਰ।
ਹਰ ਥਾਂ ਠਿੱਬੀ ਲਾ ਰਿਹੈ, ਉਂਜ ਕਹਿੰਦਾ ਹੈ ਵੀਰ।
ਕਵੀ ਅੱਜ ਥਾਂ ਥਾਂ ਝੂਠੇ ਬਾਬਾਵਾਦ ਦੇ ਫੈਲਾਅ ਬਾਰੇ ਵੀ ਸੁਚੇਤ ਹੈ ਤੇ ਜਾਣਦਾ ਹੈ ਕਿ ਇਹ ਅੱਜ ਦੇ ਅਖੌਤੀ ਧਾਰਮਿਕ ਆਗੂਆਂ ਦੇ ਪੱਲੇ ਕੁਝ ਵੀ ਨਹੀਂ, ਭੋਲੀ ਭਾਲੀ ਜਨਤਾ ਨੂੰ ਪਿਛੇ ਲਾਈ ਫਿਰਦੇ ਹਨ। ਉਹ ਇਨ੍ਹਾਂ ਦੀ ਅੰਦਰਲੀ ਦਸ਼ਾ ਨੂੰ ਜਾਣਦਾ ਹੈ ਤੇ ਲਿਖਦਾ ਹੈ,
ਕਿਤਨੇ ਸੁੰਦਰ ਮੁਖੜੇ, ਕਿਤਨੇ ਸੁੰਦਰ ਭੇਸ।
ਸੀਰਤ ਹੈ ਸ਼ੈਤਾਨ ਦੀ, ਬਾਹਰੋਂ ਨੇ ਦਰਵੇਸ਼।

ਇਸੇ ਹੀ ਖਿਆਲ ਦੀ ਪ੍ਰੋੜਤਾ ਕਰਦਾ ਹੈ,
ਸੋਨੇ ਰੰਗੇ ਖੰਭ ਨੇ, ਚਾਂਦੀ ਰੰਗੇ ਪੈਰ।
ਮਨ ਵਿਚ ਹੈ ਈਰਖਾ, ਉਂਜ ਲਗਦਾ ਨਿਰਵੈਰ।
ਵਿਅੰਗ ਬਲਵੀਰ ਸਿੰਘ ਦੀ ਰਚਨਾ ਵਿਚ ਵਿਆਪਕ ਰੂਪ ਵਿਚ ਮੌਜੂਦ ਹੈ। ਵਿਅੰਗ ਦੋਹੇ ਵਰਗੀ ਰਚਨਾ ਲਈ ਕਲਾਤਮਕ ਸਾਧਨ ਹੈ। ਬਲਵੀਰ ਸਿੰਘ ਡੁਮੇਲੀ ਨੇ ਦੋਹੇ ਕਾਵਿ ਰੂਪ ਨਾਲ ਨਿਆਂ ਕਰਦਿਆਂ ਇਸ ਦੀਆਂ ਬੰਦਿਸ਼ਾਂ ਨੂੰ ਬਾਖੂਬੀ ਨਿਭਾਇਆ ਹੈ। ਉਸ ਨੇ ਪ੍ਰਤੀਕਾਂ ਤੇ ਸੰਕੇਤਾਂ ਰਾਹੀਂ ਆਪਣੀ ਕਲਾ ਨੂੰ ਸ਼ਿੰਗਾਰਿਆ ਹੈ। ਉਸ ਦੀ ਸੂਝ-ਬੂਝ ਦੋਹੇ ਕਾਵਿ ਰੂਪ ਦੇ ਅਨੁਕੂਲ ਹੈ। ਉਸ ਦੀ ਰਚਨਾ ਵਿਚ ਸੱਤ ਬਚਨੀ ਤੇ ਭੋਲਾਪਨ ਹੈ। ਹਰ ਸ਼ਬਦ ਗਹਿਰੇ ਤੇ ਘਣਤਾ ਵਾਲੇ ਅਰਥ ਰੱਖਦਾ ਹੈ। ਉਹ ਮਨੁੱਖੀ ਅਕਲ ਦੀ ਪੁਰਜਾ ਪੁਰਜਾ ਹੋਈ ਦਸ਼ਾ ਨੂੰ ਸਾਰਥਕ ਸੇਧ ਅਪਨਾਉਣ ਲਈ ਪੈਗਾਮ ਦੇਣ ਵਿਚ ਸਫਲ ਹੈ। ਉਸ ਦੀ ਕਲਾ ਸਾਰਥਕ ਅਰਥਾਂ ਦਾ ਸੰਚਾਰ ਕਰਦੀ ਹੈ। ਉਸ ਦੀ ਤੀਜੀ ਅੱਖ ਹਨੇਰੀ ਗੁਫਾ ਵਿਚ ਦੇਖਣ ਦੇ ਸਮਰੱਥ ਹੈ। ਉਸ ਦੇ ਦੋਹਿਆਂ ਨੂੰ ਪੜ੍ਹਦਿਆਂ ਮੈਨੂੰ ਉਸ ਦੀ ਕਲਾ ਉਤੇ ਫਖਰ ਮਹਿਸੂਸ ਹੁੰਦਾ ਹੈ। ਬਲਵੀਰ ਸਿੰਘ ਡੁਮੇਲੀ ਦੋਹੇ ਦੀ ਬੰਦਿਸ਼ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਨਿਭਾਉਂਦਾ ਹੈ। ਦੋਹੇ ਵਰਗੀ ਛੋਟੀ ਕਾਵਿ ਵਿਧਾ ਰਾਹੀਂ ਮੁਕੰਮਲ ਖਿਆਲ ਨੂੰ ਪਰਗਟ ਕਰਨਾ ਮੁਸ਼ਕਿਲ ਹੁੰਦਾ ਹੈ। ਕਵੀ ਇਸ ਵਿਧਾ ਨੂੰ ਨਿਭਾਉਣ ਵਿਚ ਸਹੀ ਉਤਰਿਆ ਹੈ। ਉਹ ਜ਼ਿੰਦਗੀ ਦੇ ਖੂਬਸੂਰਤ ਨਕਸ਼ਾ ਨੂੰ ਪਿਆਰ ਕਰਨ ਵਾਲਾ ਕਵੀ ਹੈ। ਉਹ ਦੋਹੇ ਕਾਵਿ ਰਾਹੀਂ ਆਪਣੀ ਗੱਲ ਕਹਿਣ ਵਿਚ ਸਫਲ ਹੋਇਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਬਲਵੀਰ ਸਿੰਘ ਡੁਮੇਲੀ ਇਸ ਕਾਵਿ ਕਲਾ ਨੂੰ ਹੋਰ ਅਗਾਂਹ ਲੈ ਕੇ ਜਾਵੇਗਾ।